ਬਾਬੇ ਭਾਨੇ ਦਾ ਮੋਬਾਇਲ

“ਆ ਬਈ ਭਾਨਿਆ ਬੜਾ ਕੁਵੇਲਾ ਕਰ ‘ਤਾ ਅੱਜ, ਤੇਰੇ ਬਿਨਾਂ ਵੇਖ ਲੈ ਇੱਕ ਵੀ ਸਰ ਨਹੀਂ ਬਣੀ”, ਸ਼ਿੰਦਰ ਨੇ ਭਾਨੇ ਨੂੰ ਪਿੱਪਲ ਵਾਲੇ ਥੜੇ ਦੇ ਕੋਲ ਆਉਂਦਾ ਵੇਖ ਕੇ ਕਿਹਾ।
“ਓਏ ਸ਼ਿੰਦਰਾ ਕਿੱਥੇ…ਘਰੇ ਤਾਂ ਡੰਗਰ-ਪਸ਼ੂ ਤਾਂ ਮੇਰੇ ਗਲ਼ ਪਿਆ ਐ। ਜੀਤੋ ਤਾਂ ਕੁੜੀ ਕੋਲ ਗਈ ਐ। ਚਾਰ-ਪੰਜ ਦਿਨ ਲਾ ਕੇ ਆਊਗੀ। ਪਹਿਲਾਂ ਤਾਂ ਸਾਰੇ ਰਲ ਮਿਲ ਕੇ ਕੰਮ ਕਰ ਲੈਂਦੇ ਸੀ। ਹੁਣ ਮੈਂ ‘ਕੱਲੀ ਜਾਨ…ਕਿਸੇ ਡੰਗਰ ਨੂੰ ਮੌਕ ਲੱਗ ਗਈ, ਕਿਸੇ ਨੂੰ ਕਬਜੀ, ਧਾਰਾਂ ਕੱਢਣਾ, ਸੰਨ੍ਹੀ ਕਰਨਾ, ਨਹਾਉਣਾ ਮਖਾਂ ਡੰਗਰ ਤਾਂ ਬੰਦੇ ਨੂੰ ਵੀ ਡੰਗਰ ਬਣਾ ਲੈਂਦੇ ਐ”, ਭਾਨੇ ਨੇ ਥੜ੍ਹੇ ਤੇ ਭੈਠਦਿਆਂ ਕਿਹਾ।
“ਓ ਚਲ ਕੋਈ ਨਾ ਮਾਸੀ ਨੂੰ ਵੀ ਚਾਰ ਦਿਨ ਦਮ ਲੈ ਆਉਣਦੇ। ਘਰ ਜਵਾਕਾਂ ਨੂੰ ਨਾਲ ਲਾ ਲਿਆ ਕਰ”, ਸ਼ਿੰਦਰ ਨੇ ਕਿਹਾ।
“ਲੈ ਮਖਾਂ ਜਵਾਕ ਤਾਂ ਭੜੀਮਾਂ ਨਾ ਪਾ ਦੇਣ। ਕੰਜਰਾਂ ਦਾ ਕੋਈ ਵੀ ਡੰਗਰਾਂ ਦੇ ਲਵੇ ਨਹੀਂ ਲੱਗਦਾ। ਨੂੰਹਾਂ ਤੋਂ ਚੁੱਲ੍ਹੇ ਦਾ ਕੰਮ ਤੇ ਜਵਾਕ ਨਹੀਂ ਲੋਟ ਆਉਂਦੇ ‘ਤੇ ਇੱਕ ਮੁੰਡਾ ਖੇਤ ਦਾ ਕੰਮ ਕਰਦਾ ਐ ਤੇ ਇੱਕ ਦਾ ਉਤਲਾ ਤੋਰਾ ਫੇਰਾ, ਉਨ੍ਹਾਂ ਦਾ ਤਾਂ ਉਈਂ ਪੈਰ ਘਰੇ ਨਹੀਂ ਟਿੱਕਦਾ”, ਭਾਨੇ ਨੇ ਕਿਹਾ।
“ਬਾਬਾ ਘਰੇ ਆ ਜਾ ਕੰਮ ਐ”, ਪਰਾਂ ਤੋਂ ਆ ਕੇ ਦੋ ਨਿਆਣਿਆਂ ਨੇ ਕਿਹਾ।
“ਓਏ ਕੰਜਰੋ ਮੇਰੀਆਂ ਲੱਤਾਂ ਨਾਲ ਵੀ ਵੈਰ ਐ, ਅੱਡੀ ਨਹੀਂ ਕਿਤੇ ਲੱਗਣ ਦਿੰਦੇ। ਮਗਰੀ ਹੀ ਫੌਜ ਦੇ ਫੁਕਰੇ, ਹੁਣੇ ਤਾਂ ਘਰੋਂ ਆਇਆ ਸੀ। ਵੇਖ ਲੋ ਗੋਡੇ ਦਿੱਲੀ ਤੋਂ ਬਦਲਦੇ ਐ, ਲੈ ਕੇ ਤਾਂ ਕੋਈ ਚੀਮਿਆਂ ਤੱਕ ਨਹੀਂ ਜਾਂਦਾ”, ਭਾਨੇ ਨੇ ਰੁਖੇ ਜਿਹੇ ਮਤੇ ਨਾਲ ਕਿਹਾ ਤੇ ਔਖਾ ਜਿਹਾ ਹੋ ਕੇ ਥੜੇ ਤੋਂ ਉਤਰ ਗਿਆ।
“ਲੈ ਤੇਰੇ ਉਦੋਂ ਹੀ ਮਗਰੋਂ ਸੱਦੇ ਦੇ ਸੱਦੇ ਆ ਜਾਂਦੇ ਐ, ਦੱਸ ਕੇ ਨਾ ਆਇਆ ਕਰ ਕਿੱਥੇ ਜਾਨਾ”, ਸ਼ਿੰਦਰ ਨੇ ਕਿਹਾ।
“ਕਿੱਥੇ ਲੁਕਾਂ…ਮਖਾਂ ਜਵਾਕ ‘ਜੇ ਤਾਂ ਪਤਲਾ ‘ਚੋਂ ਵੀ ਭਾਲ ਲੈਂਦੇ ਐ। ਤੂੰ ਨਹੀਂ ਜਾਣਦਾ ਇਹਨਾਂ ਨੂੰ, ਸਾਈ ਤੇ ਦਿਮਾਗ ਬਣੇ ਐ, ਸੀ ਡੀ ਆਈ ਵਾਂਗੂ ਮੇਰੇ ਸਾਰੇ ਟਿਕਾਣਿਆਂ ਦੀ ਖਬਰ ਰੱਖਦੇ ਐ। ਚਲੋ-ਚਲੋ ਦੱਸੋ ਬਾਬੇ ਤੋਂ ਕਿਹੜੀ ਮੂੰਗੀ ਦਲਾਉਣੀ ਐ”, ਕਹਿ ਕੇ ਭਾਨਾ ਜਵਾਕਾਂ ਦੇ ਅੱਗੇ ਹੋ ਤੁਰਿਆ।
ਘਰ ਪਹੁੰਚਿਆ ਤਾਂ। “ਬਾਪੂ ਕਿੱਥੇ ਸੀ ਆ ਵੇਖ ਵੱਡੀ ਸਿੰਗਲ ਨੇ ਖੁੱਲ੍ਹ ਕੇ ਸਾਰਾ ਵਿਹੜਾ ਪੱਟ ‘ਤਾ”, ਵੱਡੀ ਨੂੰਹ ਨੇ ਕਿਹਾ।
“ਲੈ ਬਈ ਬਾਪੂ ਕਿ ਨਾਲ ਤੋਪਾਂ ਚੁੱਕੀ ਫਿਰਦਾ ਐ, ਮੱਝ ਖੁੱਲ੍ਹ ਗਈ ਤਾਂ ਬੰਨ੍ਹ ਦਿਓ”, ਭਾਨੇ ਨੇ ਖੁੱਲ੍ਹੀ ਮੱਝ ਦਾ ਸੰਗਲ ਫੜਦਿਆਂ ਕਿਹਾ।
“ਬਾਪੂ ਮਾਰ ਖੰਡਾਈ ਐ, ਮਰਨਾ ਤਾਂ ਨਹੀਂ। ਟੱਕਰ ਮਾਰ ਕੇ ਕੰਧ ‘ਤ ਦੇ ਲਊ”, ਕਹਿ ਕੇ ਨੂੰਹ ਪਰਾਂ ਨੂੰ ਤੁਰ ਗਈ।
“ਬਾਪੂ ਕਿੱਥੇ ਰਹਿੰਦੇ ਐ ਗਿਆਰ੍ਹਾਂ ਵੱਜ ਗਏ, ਖੇਤ ਨਹੀਂ ਆਇਆ। ਮੈਂ ਪਾਣੀ ਛੱਡਿਆ ਹੋਇਆ ਸੀ ਵਹਾਨ ਨੂੰ। ਮਖਾਂ ਤੂੰ ਮੋਟਰ ਤੇ ਆ ਜਾਏਂਗਾ ਮੈਂ ਘਰ ਰੋਟੀ ਖਾ ਲਊ ਪਰ ਤੂੰ……ਅਜੇ ਤੱਕ ਇੱਥੇ ਹੀ ਫਿਰਦਾ ਐ, ਮੈਂ ਭੁੱਖਾ ਮਰ ਗਿਆ। ਹੁਣ ਗੁਆਂਢਿਆਂ ਦੇ ਸੀਰੀ ਨੂੰ ਖੇਤ ਖੜਾ ਕਰਕੇ ਆਇਆਂ”, ਵੱਡੇ ਮੁੰਡੇ ਨੇ ਸਾਇਕਲ ਕੰਧ ਨਾਲ ਲਾਉਂਦਿਆ ਕਿਹਾ।
“ਲੋ ਸਹੁਰੀ ਦਿਓ ਬਾਪੂ ਅਗਾਂਹ ਰੇਲ ਐ, ਹੱਡ ਤਾਂ ਊ ਮਸਾਂ ਤੁਰਦੇ ਐ। ਮੈਂ ਕੀ ਕਰਾਂ…’ਕੱਲਾ ਜਣਾ ਕਦੇ ਡੰਗਰਾਂ ਦਾ ਕਰਦਾਂ। ਮੈਂ ਕੀ ਕੁਰਸੀ ਤੇ ਬੈਠਾ ਸੀ”, ਬਾਬੇ ਭਾਨੇ ਨੇ ਰਤਾ ਹਰਖ ਨਾਲ ਕਿਹਾ।
“ਐਂ ਕਰਦੇ ਆਂ ਬਾਪੂ ਤੈਨੂੰ ਮੋਬਾਇਲ ਲੈ ਦਿੰਨੇ ਆਂ”, ਛੋਟੇ ਮੁੰਡੇ ਨੇ ਪਰਾਂ ਤੋਂ ਆਉਂਦਿਆਂ ਕਿਹਾ।
“ਹਾਂ ਜੀ ਆ ਗੱਲ ਠੀਕ ਐ। ਇੱਥੇ ਕਿਹੜਾ ਜਵਾਕ ਛੇਤੀ ਤੁਰਦੇ ਨੇ ਬਲਾਉਣ ਨੂੰ, ਪਹਿਲਾਂ ਕਰਾਇਆ ਭਾਲਦੇ ਨੇ ਕਹਿੰਦੇ ਦਸ ਰੁਪਏ ਦਿਓ ਚੀਜੀ ਖਾਣ ਨੂੰ”, ਛੋਟੀ ਨੂੰਹ ਨੇ ਆਪਣੇ ਘਰਵਾਲੇ ਦੀ ਹਾਂ ‘ਚ ਹਾਂ ਮਿਲਾਉਂਦਿਆਂ ਕਿਹਾ।
“ਓਏ ਬਸ ਕਰੋ ਆ ਲੈਟ ਆਲੇ ਛਿੱਤਰ ਜਿਹੇ ਆਬਦੇ ਕੋਲ ਹੀ ਰੱਖੋ। ਮੈਨੂੰ ਨਹੀਂ ਲੋੜ ਫੋਨ ਕਰਕੇ ਬਲਾਉਣ ਦੀ, ਬਾਪੂ ਤਾਂ ਤੁਹਾਡਾ ਹੋਕਰੇ ਤੇ ਲੱਗਿਆ ਜਦੋਂ ਦਾ ਜੰਮਿਆ”, ਭਾਨੇ ਨੇ ਕਿਹਾ। ਆਖਿਰ ਨਾ-ਨੁਕਰ ਤੋਂ ਬਾਅਦ ਬਾਪੂ ਨੂੰ ਮੋਬਾਇਲ ਲੈ ਕੇ ਦੇਣ ਦਾ ਫ਼ੈਸਲਾ ਲਿਆ ਗਿਆ। ਨੋਕੀਆ ਦਾ ਫੋਨ ਅਤੇ ਅੇਇਰਟੈਲ ਦਾ ਸਿੰਮ ਕਾਰਡ ਲਿਆਂਦਾ ਗਿਆ।
“ਓਏ ਮੁੰਡੇਓ ਆ ਖੇਡ ਜਿਹੀ ਦੇ ਮੂੰਹ ਸਿਰ ਦਾ ਮੈਨੂੰ ਤਾਂ ਨਹੀਂ ਲੱਗਦਾ ਕੋਈ”, ਭਾਨੇ ਨੇ ਛੋਟੇ ਮੁੰਡੇ ਨੂੰ ਫੋਨ ਦਿਖਾ ਕੇ ਕਿਹਾ।
“ਦੇਖ ਬਾਪੂ ਜਦੋਂ ਫੋਨ ਦੀ ਘੰਟੀ ਖੜਕੂ ਤਾਂ ਆ ਹਰਾ ਬਟਨ ਦੱਬ ਦੇਈਂ”, ਮੁੰਡੇ ਨੇ ਫੋਨ ਭਾਨੇ ਦੇ ਅੱਗੇ ਕਰਦਿਆਂ ਕਿਹਾ।
“ਫੇਰ ਤਾਂ ਖੇਤ ਆਲੇ ਮੋਟਰ ਸਟਾਟਰ ਦੇ ਵਰਗਾ ਸਾਬ-ਕਤਾਬ ਐ ਇਹਦਾ। ਉਹਦੀ ਵੀ ਹਰੀ ਜਿਹੀ ਸੁਚ ਦੱਬਦੇ ਆਂ”, ਭਾਨੇ ਨੇ ਸਿਰ ਹਲਾਉਂਦਿਆਂ ਕਿਹਾ। ਜੀਤੋ ਵੀ ਖੁਸ਼ ਹੋ ਗਈ।
“ਚਲ ਪਾਲੋ ਦੇ ਬਾਪੂ ਹੁਣ ਤਾਂ ਮੌਜ ਬਣ ਗਈ, ਕੁੜੀਆਂ ਨਾਲ ਦੁੱਖ-ਸੁੱਖ ਫੋਨ ਤੇ ਹੀ ਕਰ ਲਿਆ ਕਰੂ। ਅੱਗੇ ਮੁੰਡੇ ਕਿਹੜਾ ਛੇਤੀ ਫੋਨ ਹੱਥ ‘ਚ ਦਿੰਦੇ ਐ। ਉਹਨਾਂ ਦੇ ਆਬਦੇ ਰਾੜੇ-ਬੀੜੇ ਲੋਟ ਨਹੀਂ ਆਉਂਦੇ। ਸਾਰਾ ਦਿਨ ਆਪ ਹੀ ਕੰਨ ‘ਤੇ ਲਾਈਂ ਰੱਖਦੇ ਨੂੰ”।
“ਹੋਰ-ਹੋਰ ਘਰ ਦੀ ਚੀਜ ਆ ਫਾਇਦਾ ਹੀ ਹੋਊਗਾ”, ਭਾਨੇ ਨੇ ਕਿਹਾ। ਓ ਜੀ ਭਾਨਾ ਕਿਤੇ ਰਾਹ ‘ਚ ਹੋਇਆ ਝੱਟ ਫੋਨ ਖੜਕਿਆ ਕਰੇ, ਭਾਨਾ ਘਰ। ਖੇਤੋਂ ਮੁੰਡੇ ਨੇ ਫੋਨ ਕਰਿਆ, ਝੱਟ ਭਾਨਾ ਖੇਤ ਹੋਵੇ।
“ਇੱਕ ਤਾਂ ਸ਼ਿੰਦਰਾ ਮਖਾਂ ਆ ਫੋਨ ਦਾ ਪੰਗਾ ਈ ਐ। ਮੇਰੇ ਗਲ਼ ਤਾਂ ਮਰਿਆ ਸੱਪ ਪੈ ਗਿਆ। ਓ ਬਿੰਦ ਝੱਟ ਜਵਾਕ ਜਿਹੇ ਤਾਂ ਹਾਕ ਮਾਰਨ ਨੂੰ ਟੈਮ ਲਾ ਦਿੰਦੇ ਸੀ, ਹੁਣ ਮਖਾਂ ਮਿੰਟੇ-ਮਿੰਟੇ ਬਿਲ ਮਾਰ ਛੱਡਦੇ ਐ। ਕੱਲ੍ਹ ਵੇਖ ਜੀਤੋ ਨੇ ਕੁੜੀ ਨੂੰ ਫੋਨ ਲਾ ਲਿਆ ਸੀ ਅਜੇ ਲਾਣੇ-ਬਾਣੇ ਤੇ ਡੰਗਰ-ਪਸ਼ੂਆਂ ਦੀ ਖੈਰ ਹੀ ਪੁੱਛੀ ਸੀ ਕਿ ‘ਵਾਜ਼ ਆਉਣੋਂ ਹਟ ਗਈ ਕੁੜੀ ਦੀ। ਜੀਤੋ ਨੇ ਤਾਂ ਰੌਣ ਪਿੱਟਣ ਪਾ ਲਿਆ। ਆਖੇ ਚੰਗੀ ਭਲੀ ਬੋਲਦੀ ਕੁੜੀ ਨੂੰ ਕੀ ਹੋ ਗਿਆ, ਉਹਨੂੰ ਤਾਂ ਦੰਦਲਾਂ ਪੈ ਗਈਆਂ, ਮਸਾਂ ਜਾ ਕੇ ਮੂੰਹ ‘ਚ ਚਮਚੇ ਾ ਕੇ ਦੰਦਲ ਖੋਲ੍ਹੀ”।
“ਹੂੰ……”, ਸ਼ਿੰਦਰ ਨੇ ਹੁੰਗਾਰਾ ਭਰਿਆ।
“ਹੂੰ ਕਿ ਫੇਰ ਬਈ ਮੁੰਡੇ ਨੇ ਫੋਨ ਵੇਖਿਆ ਕਹਿੰਦਾ ਬਾਪੂ ਇਹਦੇ ‘ਚ ਤਾਂ ਪੈਸੇ ਮੁੱਕ ਗਏ, ਹੁਣ ਬੋਲੇ ਕਿੱਥੋਂ ਕੋਈ। ਸਾਰੇ ਹੱਸ-ਹੱਸ ਦੂਹਰੇ ਹੋ ਗਏ। ਜੀਤੋ ਤਾਂ ਦੂਜੇ ਦਿਨ ਗੁਰੁ ਘਰ ਦੇਗ ਕਰਵਾ ਕੇ ਆਈਬਈ ਮੇਰੀ ਕੁੜੀ ਠੀਕ ਰਹਿ ਗਈ, ਮੇਰਾ ਤਾਂ ਕਾਲਜੀ ਬੈਠ ਗਿਆ ਸੀ ਬੋਲਦੀ ਦੀ ਜੁਬਾਨ ਠਾਕੀ ਗਈ। ਆ ਤਾਂ ਛਿੱਤਰ ਨੇ ਸਿਆਪਾ ਪਾਇਆ ਈ। ਪਹਿਲਾਂ ਰਿਸ਼ਤੇਦਾਰ ਆਉਂਦੇ ਮੂੰਹ ਮੱਥੇ ਲੱਗਦੇ ਸੀ, ਅੰਗ-ਸਾਕਾਂ ਨਾਲ ਮੋਹ ਪਿਆਰ ਵੱਧਾ ਸੀ। ਰਿਸ਼ਤੇਦਾਰੀ ‘ਚ ਰਾਤ ਰਹਿੰਦੇ ਮੋਰ-ਘੂੰਗੀਆਂ ਆਲੇ ਨਵੇਂ ਵਿਛਾਣੇ ਤੇ ਪਾਸੇ ਮਾਰ-ਮਾਰ ਪੈਂਣਾ। ਹੁਣ ਵੇਖ ਲੋ ਫੋਨ ਤੇ ਹੀ ਮਾੜੀ ਜਿਹੀ ਸੁੱਖ ਸਾਂਦ ਪੁੱਛਦੇ ਐ, ਚਾਹੇ ਬੰਦਾ ਮਰ ਕੇ ਬੈਠਿਆ ਹੋਵੇ। ਮੁੱਲ ਦੀ ਗੱਲ ਕਰਦੇ ਅੇ ਆਖੇ ਪੈਸੇ ਲੱਗਦੇ ਐ। ਹੁਣ ਤਾਂ ਇਹ ਵੀ ਉਮੀਦ ਨਹੀਂ ਹੁੰਦੀ ਕਿ ਬਈ ਕੋਈ ਮਰੇ ਤੇ ਆਊਗਾ ਜਾਂ ਨਹੀਂ…ਕੀ ਪਤਾ ਫੋਨ ਤੇ ਹੀ ਲੋਕ ਮਸੋਸ ਕਰਕੇ ਸਾਰ ਦੇਣ”, ਭਾਨੇ ਨੇ ਕਿਹਾ।
“ਹਾਂ ਭਾਨਿਆ ਗੱਲ ਤਾਂ ਤੇਰੀ ਠੀਕ ਐ, ਵਿੱਚ-ਵਿੱਚ ਤਾਂ ਲੋਕ ਫੋਨ ਚੁੱਕ ਦੇ ਹੀ ਨਹੀਂ, ਨੰਬਰ ਵੇਖ ਕੇ ਪਰਾਂ ਧਰ ਦਿੰਦੇ ਐ। ਅੱਗੇ ਤਾਂ ਜਦੋਂ ਰਿਸ਼ਤੇਦਾਰੀ ‘ਚ ਸਾਰਾ ਟੱਬਰ ਮਿਲਦਾ ਸੀ। ਹੁਣ ਕਿਤੇ ਜੇ ਕਿਸੇ ਬਮਾਰ-ਠਮਾਰ ਦਾ ਪਤਾ ਲੈਣ ਵੱਗ ਜਾਈਏ ਤਾਂ ਮੂਹਰੋਂ ਅਗਲਾ ਪਤੰਦਰ ਕਹਿ ਛੱਡਦਾ ਬਈ ਆਉਣ ਦੀ ਖੇਚਲ ਕਾਹਨੂੰ ਕਰਨੀ ਸੀ ਆ ਫੋਨ ‘ਤੇ ਪਤਾ ਲੈ ਲੈਂਦੇ। ਇੱਕੋ ਹੀ ਗੱਲ ਸੀ। ਜਾਣ ਆਲੇ ਬੰਦੇ ਦੀ ਸਮਝ ਨਹੀਂ ਆਉਂਦਾ ਬਈ ਬੰਦਾ ਖੜੇ ਜਾਂ ਤਿੱਤਰ ਹੋਵੇ”, ਸ਼ਿੰਦਰ ਨੇ ਕਿਹਾ। ਇੰਨੇ ਨੂੰ ਭਾਨੇ ਦੇ ਫੋਨ ਦੀ ਬੈੱਲ ਵੱਜੀ।
“ਲੈ ਆ ਗਿਆ ਸੁਨੇਹਾ, ਹਾਕ ਮਾਰਤੀ ਫੋਨ ਨੇ”, ਕਹਿ ਕੇ ਭਾਨਾ ਫੋਨ ਸੁਣੇ ਬਿਨਾਂ ਹੀ ਤੁਰ ਪਿਆ। ਘਰੇ ਆਇਆ ਆਖਦਾ, “ਹਾਂ ਬਈ ਤੁਸੀਂ ਬੁਲਾਇਆ ਕੋਈ ਕੰਮ ਸੀ”, ਨੂੰਹ ਨੂੰ ਪੁੱਛਿਆ।
“ਨਾ ਬਾਪੂ ਜੀ ਘਰੇ ਤਾਂ ਬੁਲਾਇਆ ਨਹੀਂ”, ਨੂੰਹ ਨੇ ਕਿਹਾ। ਫਿਰ ਭਾਨੇ ਨੇ ਸੋਚਿਆ ਖੇਤੋਂ ਮੁੰਡੇ ਨੇ ਕਰਿਆ ਹੋਣਾ। ਭਾਨੇ ਨੇ ਸਾਇਕਲ ਚੁੱਕਿਆ ਵਾਹੋਂ ਵਾਹੀ ਖੇਤ ਵੱਲ ਹੋ ਤੁਰਿਆ। ਖੇਤ ਜਾ ਕੇ ਸਾਹ ਲਿਆ।
“ਮੁੰਡੇਓ ਹਾਂ ਦੱਸੋ ਕੀ ਗੱਲ ਹੋ ਗਈ, ਬੁਲਾਇਆ”, ਭਾਨੇ ਨੇ ਸਾਇਕਲ ਥਾਏਂ ਹੀ ਖੜ੍ਹਾ ਕਰਦਿਆਂ ਚੜ੍ਹੇ ਸਾਹੀਂ ਆਖਿਆ।
“ਨਾਂਹ ਬਾਪੂ ਅਸੀਂ ਤਾਂ ਬੁਲਾਇਆ ਨਹੀਂ”, ਵੱਡੇ ਮੁੰਡੇ ਨੇ ਹੈਰਾਨੀ ਨਾਲ ਕਿਹਾ।
“ਅੱਛਾ ਹੱਦ ਹੋ ਗਈ ਐ, ਵੇਖੋ ਫੋਨ ਖੜਕਿਆ ਸੀ”, ਭਾਨੇ ਨੇ ਗੀਜੇ ‘ਚੋਂ ਫੋਨ ਕੱਢ ਕੇ ਮੁੰਡੇ ਨੂੰ ਫੜਾਉਂਦਿਆਂ ਕਿਹਾ
“ਬਾਪੂ…ਐ ਤਾਂ ਕੰਪਨੀ ਆਲਿਆਂ ਦਾ ਨੰਬਰ ਐ”, ਮੁੰਡੇ ਨੇ ਹੱਸ ਕੇ ਕਿਹਾ।
“ਹੁਣ ਇਹ ਕਿਹੜੇ ਆ ਗਏ ਹੌਕਰਿਆਂ ਆਲੇ, ਇਹ ਕਿੱਥੇ ਬੁਲਾਉਂਦੇ ਐ ਮੈਨੂੰ। ਹੋਰ ਨਾ ਕੰਜਰੋਂ ਪਿੰਡ ਛੱਡਣਾ ਪੈ ਜੇ। ਮੈਂ ਨਹੀਂ ਕਿਤੇ ਜਾਂਦਾ। ਮੈਂ ਤਾਂ ਨਿਆਣਾ ਹੁੰਦਾ ਕਦੇ ਮਾਂ ਨਾਲ ਨਾਨਕੀ ਨਹੀਂ ਗਿਆ ਸੀ। ਮੇਰਾ ਤਾਂ ਉਈਂ ਨਹੀਂ ਪਿੰਡ ਬਿਨਾਂ ਜੀਅ ਲੱਗਦਾ ਕਿਤੇ”।
“ਨਹੀਂ ਬਾਪੂ ਇਹ ਤਾਂ ਉਈਂ ਹੀ ਕਰਦੇ ਹੁੰਦੇ ਐਂ, ਕੰਨ ‘ਤੇ ਲਾ ਕੇ ਵੇਖ ਲੈਂਦਾ”, ਮੁੰਡੇ ਨੇ ਕਿਹਾ।
“ਮਖਾਂ ਤੁਸੀਂ ਕਹਿ ਦੇਨੇ ਓ ਪੈਸੇ ਲੱਗਦੇ ਆ ਬੋਲਣ ਦੇ, ਮਖਾਂ ਕਾਹਨੂੰ ਖਰਚ ਕਰਨਾ”, ਭਾਨੇ ਨੇ ਮੰਜੇ ਤੇ ਪੈਂਦਿਆਂ ਕਿਹਾ।
“ਚਲ ਬਾਪੂ ਘਰੇ ਚਲੀਏ”, ਮੁੰਡੇ ਨੇ ਕਿਹਾ।
“ਬਾਪੂ ਘਸੀੜ-ਘਸੀੜ ਮਾਰਨਾ, ਮੇਰਾ ਸਾਹ ਨਾਲ ਸਾਹ ਨਹੀਂ ਰਲਿਆ ਆਉਂਦੇ ਦਾ। ਮੈਂ ਤਾਂ ਆਥਣੇ ਘਰੇ ਆਊਂਗਾ, ਬਿੰਦ ਝੱਟ ‘ਰਾਮ ਕਰਦਾ”, ਭਾਨੇ ਨੇ ਮੰਜੇ ਤੇ ਪਏ-ਪਏ ਨੇ ਕਿਹਾ। ਆਥਣੇ ਭਾਨਾ ਘਰ ਆਇਆ।
“ਬਾਪੂ ਤੇਰਾ ਫੋਨ ਦੇਈਂ ਮੇਰੇ ਆਲੇ ‘ਚ ਪੈਸੇ ਮੁੱਕ ਗਏ ਐ, ਕਿਤੇ ਕਰਨਾ”, ਵੱਡੇ ਮੁੰਡੇ ਨੇ ਕਿਹਾ।
“ਲੈ ਸ਼ੇਰਾ ਚੱਕ”, ਭਾਨੇ ਨੇ ਗੀਜੇ ‘ਚੋਂ ਫੋਨ ਕੱਢ ਕੇ ਫੜਾਉੁਂਦਿਆ ਕਿਹਾ।
“ਬਾਪੂ ਇਹ ਤਾਂ ਬੰਦ ਪਿਆ, ਚਲਦਾ ਹੀ ਨਹੀਂ ਕੀ ਹੋਇਆ ਇਹਨੂੰ, ਕਿਤੇ ਡਿੱਗਿਆ ਤਾਂ ਨਹੀਂ”, ਫੋਨ ਨੂੰ ਮੁੰਡੇ ਨੇ ਉਲਟਾਉਂਦਿਆ ਕਿਹਾ।
“ਹਾਂ ਸ਼ੇਰਾ ਪਹੀ ਤੇ ਰੇਤੇ ‘ਚ ਡਿੱਗ ਪਿਆ ਸੀ। ਊ ਤਾਂ ਰੇਤਾ ਸਾਰਾ ਹੀ ਮੋਟਰ ਦੀ ਧਾਰ ਥੱਲੇ ਲਾਹ ‘ਤਾ ਸੀ”, ਭਾਨੇ ਨੇ ਸੁਤੇ ਸੁਭਾਅ ਕਿਹਾ।
“ਓਏ ਬਾਪੂ ਤੈਨੂੰ ਕਿਹਨੇ ਕਹਿ ‘ਤਾ ਫੋਨ ਨਹਾਈਦੇ, ਪਾ ‘ਤਾ ਪਾਣੀ ਦੋ ਹਜ਼ਾਰ ‘ਚ ਬਿਨਾਂ ਗੱਲੋਂ”, ਵੱਡੇ ਮੁੰਡੇ ਨੇ ਜਰਾ ਹਰਖ ਕੇ ਕਿਹਾ।
“ਲੈ ਨਹਾਇਆ ਹੀ ਐ, ਸਿਆਣੇ ਕਹਿੰਦੇ ਐ ਬਈ ਬੰਦਾ ਖਾ ਕੇ ਪਛਤਾਏ ਨਹਾ ਕੇ ਨਾ ਪਛਤਾਏ। ਰੱਖੋ-ਰੱਖੋ ਇਹਨੂੰ ਆਬਦੇ ਕੋਲ, ਮੈਨੂੰ ਹੋਕਰੇ ਹੀ ਚੰਗੇ ਐ। ਇਹ ਕੋਈ ਚੀਜ ਆ ਜਿਹੜੀ ਧੋ ਸਵਾਰ ਕੇ ਖਰਾਬ ਹੁੰਦੀ ਐ। ਵੱਡਾ ਬਾਪੂ ਤਾਂ ਨਹੀਂ ਜਿਹਨੂੰ ਨਵ੍ਹਾ ਕੇ ਨਮੂਨਿਆ ਹੋ ਜਾਊ”, ਕਹਿ ਕੇ ਭਾਨੇ ਨੇ ਕੰਧ ਨਾਲ ਪਿਆ ਮੰਜਾ ਚੁੱਕ ਕੇ ਕੋਠੇ ਤੇ ਲਿਜਾ ਕੇ ਪੈ ਗਿਆ ‘ਤੇ ਮੁੰਡਾ ਕੇ ਫੋਨ ਨੂੰ, ਕਦੇ ਬਾਪੂ ਨੂੰ ਵੇਖਦਾ ਅੰਦਰ ਤੁਰ ਗਿਆ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>