ਤੁਰਦਿਆਂ ਦੇ ਨਾਲ ਤੁਰਦੇ . . .

ਹਰ ਬੰਦਾ ਆਪਣੇ ਜੀਵਨ ਵਿਚ ਆਰਾਮ ਚਾਹੁੰਦਾ ਹੈ/ ਸੁੱਖ ਚਾਹੁੰਦਾ ਹੈ। ਪਰ, ਤਬਦੀਲੀ ਨੂੰ ਕੋਈ ਵੀ ਬੰਦਾ ਸਹਿਜੇ ਹੀ ਸਵੀਕਾਰ ਨਹੀਂ ਕਰਨਾ ਚਾਹੁੰਦਾ। ਅਸਲ ਵਿਚ ਤਬਦੀਲੀ ਆਉਣ ਨਾਲ ਸੁੱਖ- ਆਰਾਮ ਖ਼ਤਮ ਹੁੰਦਾ ਹੈ/ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਮਨੁੱਖ ਕਿਸੇ ਪ੍ਰਕਾਰ ਦੀ ਤਬਦੀਲੀ ਨੂੰ ਮੁੱਢੋਂ ਹੀ ਪ੍ਰਵਾਨ ਨਹੀਂ ਕਰਦਾ।

ਖ਼ੈਰ! ਇਹ ਵਿਸ਼ਾ ਤਾਂ ਮਨੋਵਿਗਿਆਨ ਨਾਲ ਸੰਬੰਧਤ ਵਿਸ਼ਾ ਹੈ। ਇਸ ਬਾਰੇ ਹੋਰ ਗੁੜ੍ਹ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਹਨ। ਪਰ, ਸਾਡੇ ਅੱਜ ਦੇ ਲੇਖ ਦਾ ਮੂਲ ਭਾਵ ‘ਮਨੁੱਖੀ ਜੀਵਨ ਵਿਚ ਹੁੰਦੀ ਤਬਦੀਲੀ’ ਵਿਸ਼ੇ ਨਾਲ ਸੰਬੰਧਤ ਹੈ।

ਮਨੁੱਖ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਜੀਵਨ ਚੱਲ ਰਿਹਾ ਹੈ/ ਸਦਾ ਇਸੇ ਤਰ੍ਹਾਂ ਚੱਲਦਾ ਰਹੇ। ਪਰ, ਅਜਿਹਾ ਨਹੀਂ ਹੁੰਦਾ। ਜੀਵਨ ਵਿਚ ਬਦਲਾਓ ਲਾਜ਼ਮੀ ਹੁੰਦੇ ਹਨ। ਇਹ ਕੁਦਰਤੀ ਨਿਯਮ ਹਨ। ਇਸ ਨੂੰ ਬਦਲਿਆ ਨਹੀਂ ਜਾ ਸਕਦਾ।

ਹਾਂ, ਇੱਕ ਗੱਲ ਯਕੀਨੀ ਹੈ ਕਿ ਉੱਦਮ ਸਦਕਾ ਹੋਈ ਤਬਦੀਲੀ ਮਨੁੱਖੀ ਜੀਵਨ ਵਿਚ ਸੁੱਖ ਲੈ ਕੇ ਆਉਂਦੀ ਹੈ ਅਤੇ ਆਪ- ਮੂਹਰੇ ਹੋਈ ਤਬਦੀਲੀ ਸਦਾ ਹੀ ਦੁੱਖਾਂ ਦਾ ਕਾਰਣ ਬਣਦੀ ਹੈ।
ਮਨੁੱਖੀ ਮਨ ਅੰਦਰ ਅਜਿਹਾ ਡਰ ਹੈ ਕਿ ਉਹ ਤਬਦੀਲੀ/ ਬਦਲਾਓ ਨੂੰ ਮੁੱਢੋਂ ਹੀ ਸਵੀਕਾਰ ਨਹੀਂ ਕਰਦਾ। ਖ਼ਬਰੇ! ਇਸੇ ਕਰਕੇ ਬਹੁਤ ਸਾਰੇ ਲੋਕ ਉਮਰ ਦੇ ਵੱਧਣ ਕਾਰਣ ਤਨਾਓ ਵਿਚ ਰਹਿੰਦੇ ਹਨ। ਵਾਲ ਰੰਗਦੇ ਹਨ ਤਾਂ ਕਿ ਵੱਧਦੀ ਉਮਰ ਦਾ ਪਤਾ ਨਾ ਲੱਗੇ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਉਦਾਹਰਣ ਦਿੱਤੇ ਜਾ ਸਕਦੇ ਹਨ ਜਿੱਥੇ ਮਨੁੱਖ, ਤਬਦੀਲੀ ਨੂੰ ਛੁਪਾਉਣ ਲਈ ਯਤਨ ਕਰਦਾ ਵੇਖਿਆ ਜਾ ਸਕਦਾ ਹੈ।

ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿਚ ਕਿਹਾ ਹੈ, ‘ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ।’ ਭਾਵ ਇਸ ਸੰਸਾਰ ਦਾ ਮੂਲ ਮੰਤਰ ਬਦਲਾਓ ਵਿਚ ਲੁਕਿਆ ਹੋਇਆ ਹੈ। ਪਰ, ਬੰਦਾ ਇਸ ਹਕੀਕਤ ਨੂੰ ਮੰਨਣ ਲਈ ਤਿਆਰ ਨਹੀਂ। ਉਹ ਚਾਹੁੰਦਾ ਹੈ ਕਿ ਵਕਤ ਦਾ ਪਹੀਆ ਸਦਾ ਇਉਂ ਹੀ ਚੱਲਦਾ ਰਹੇ ਅਤੇ ਜੀਵਨ ਵਿਚ ਕੋਈ ਤਬਦੀਲੀ ਨਾ ਹੋਵੇ।

ਇਸੇ ਕਰਕੇ ਸਮਾਜ ਵਿਚ ਰਹਿੰਦੇ ਬਹੁਤ ਸਾਰੇ ਲੋਕ ਆਪਣੇ ਜੀਵਨ ਵਿਚ ਕਦੇ ਕੋਈ ਯਤਨ ਨਹੀਂ ਕਰਦੇ। ਇੱਕੋ ਥਾਂ ‘ਤੇ/ ਇੱਕੋ ਜਿਹੀ ਅਵਸਥਾ ਵਿਚ ਜੀਵਨ ਜੀਉਂਦੇ ਰਹਿੰਦੇ ਹਨ। ਪਰ, ਜਿਹੜੇ ਮਨੁੱਖ ਤਬਦੀਲੀ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ; ਉਹ ਸੁਖੀ ਜੀਵਨ ਬਤੀਤ ਕਰਦੇ ਹਨ। ਮਨੁੱਖੀ ਮਨ ਦੀ ਇਸੇ ਅਵਸਥਾ ਨੂੰ ਬਿਆਨ ਕਰਦਿਆਂ ਜਨਾਬ ਰਾਬਿੰਦਰ ਮਸਰੂਰ ਹੁਰਾਂ ਦਾ ਇੱਕ ਸ਼ੇਅਰ ਹੈ;

‘ਤੁਰਦਿਆਂ ਦੇ ਨਾਲ ਤੁਰਦੇ ਤਾਂ ਕਿਤੇ ਤਾਂ ਪਹੁੰਚਦੇ।
ਬਿਨ ਤੁਰੇ ਜੋ ਪਹੁੰਚਣਾ, ਚਾਹੁੰਦੇ ਸੀ ਸੜਕਾਂ ਹੋ ਗਏ।’ (ਰਾਬਿੰਦਰ ਮਸਰੂਰ)

ਸਮਾਂ ਦੇ ਨਾਲ ਤੁਰਦਿਆਂ ਹੋਇਆ ਮਨੁੱਖ ਕਾਮਯਾਬੀ ਦੀ ਸਿਖ਼ਰ ਨੂੰ ਛੂਹੰਦੇ ਹਨ ਪਰ ਇੱਕੋ ਥਾਵੇਂ ਬੈਠੇ ਮਨੁੱਖ ਅਸਫ਼ਲਤਾ ਦਾ ਮੂੰਹ ਵੇਹਿੰਦੇ ਹੀ ਮਰ- ਖੱਪ ਜਾਂਦੇ ਹਨ। ਇਸ ਕਥਨ ਵਿਚ ਰਤਾ ਭਰ ਨੂੰ ਝੂਠ ਨਹੀਂ ਹੈ।

ਗੁਰੂ ਗੰਰਥ ਸਾਹਿਬ ਜੀ ਦੀ ਬਾਣੀ ਵਿਚ ਵੀ ਕਿਹਾ ਗਿਆ ਹੈ ਕਿ ਜਿਹੜਾ ਮਨੁੱਖ ਵਕਤ ਦੀ ਚਾਲ ਨੂੰ ਸਮਝ ਲੈਂਦਾ ਹੈ/ ਪਛਾਣ ਲੈਂਦਾ ਹੈ ਉਹੀ ਬੰਦਾ ਅਸਲ ਅਰਥਾਂ ਵਿਚ ਬੰਦਾ ਕਹਾਉਣ ਦਾ ਹੱਕਦਾਰ ਹੈ;

‘ਵਖ਼ਤ ਵਿਚਾਰੇ ਸੋ ਬੰਦਾ ਹੋਇ॥’ (ਗੁਰੂ ਗੰਰਥ ਸਾਹਿਬ ਜੀ)

ਉਹੀ ਬੰਦਾ ਅਸਲ ਅਰਥਾਂ ਵਿਚ ਸੰਪੂਰਨ ਮਨੁੱਖਤਾ ਦੀ ਕਸੌਟੀ ਤੇ ਖ਼ਰਾ ਉਤਰਦਾ ਹੈ ਜਿਹੜਾ ਵਕਤ ਦੀ ਨਬਜ਼ ਨੂੰ ਸਹੀ ਢੰਗ ਨਾਲ ਫੜਨਾ ਜਾਣ ਜਾਂਦਾ ਹੈ/ ਸਮਝ ਲੈਂਦਾ ਹੈ। ਜਿਹੜਾ ਬੰਦਾ ਇਸ ਸੱਚਾਈ ਨੂੰ ਅੱਖੋਂ- ਪਰੋਖੇ ਕਰਦਾ ਹੈ ਉਹ ਬੰਦਾ ਪੂਰਾ ਜੀਵਨ ਪਛਤਾਉਂਦਾ ਰਹਿੰਦਾ ਹੈ। ਪਰ, ਲੰਘਿਆ ਵਕਤ ਮੁੜ ਕਦੇ ਵਾਪਸ ਨਹੀਂ ਆਉਂਦਾ। ਉਸ ਵਕਤ ਸਿਵਾਏ ਪਛਤਾਵੇ ਦੇ ਹੰਝੂਆਂ ਤੋਂ ਕੁਝ ਵੀ ਪੱਲੇ ਨਹੀਂ ਪੈਂਦਾ।

ਇਸ ਕਰਕੇ ਨਵੀਂਆਂ ਰਾਹਾਂ ਦੇ ਮੁਸਾਫ਼ਰ ਬਣਦੇ ਰਹਿਣਾ ਚਾਹੀਦਾ ਹੈ। ਹਾਂ, ਕਦੇ- ਕਦਾਈਂ ਨਵੀਂਆਂ ਰਾਹਵਾਂ ਉੱਪਰ ਵੀ ਅਸਫ਼ਲਤਾ ਮਿਲ ਜਾਂਦੀ ਹੈ ਪਰ, ਇਹ ਅਸਫ਼ਲਤਾ ਸਥਾਈ ਨਹੀਂ ਹੁੰਦੀ; ਕਿਉਂਕਿ ਤੁਰਨ ਦਾ ਸ਼ੌਕੀਨ ਯਾਤਰੂ ਫਿਰ ਤੋਂ ਨਵੀਂ ਰਾਹ ਦੀ ਭਾਲ ਸ਼ੁਰੁ ਕਰ ਦਿੰਦਾ ਹੈ। ਇੱਕ ਰਾਹ ਦੀ ਅਸਫ਼ਲਤਾ ਉਸਨੂੰ ਆਪਣੇ ਨਿਸ਼ਚੇ ਤੋਂ ਡੋਲ ਨਹੀਂ ਸਕਦੀ। ਉਹ ਮੁੜ ਨਵੀਂ ਰਾਹ ਉੱਪਰ ਤੁਰਨ ਦਾ ਹੀਆ ਕਰਨ ਲੱਗਦਾ ਹੈ।

ਸੰਸਾਰ ਵਿਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮੌਜੂਦ ਹਨ ਜਦੋਂ ਕਿਸੇ ਮਨੁੱਖ ਨੇ ਆਪਣੀ ਰਾਹ ਨੂੰ ਬਦਲਿਆ ਤੇ ਉਸਨੂੰ ਅਸਫ਼ਲਤਾ ਦਾ ਮੂੰਹ ਵੇਖਣਾ ਪਿਆ ਪਰ, ਉਸਨੇ ਹਾਰ ਨਹੀਂ ਮੰਨੀ ਅਤੇ ਸਫ਼ਲ ਹੋ ਕੇ ਦੁਨੀਆਂ ਲਈ ਪ੍ਰੇਰਣਾਸ੍ਰੋਤ ਬਣਿਆ।

ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਜੀਵਨ ਵਿਚ ਅੱਗੇ ਵੱਧਣ ਲਈ ਮਨੁੱਖ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਦੁੱਖ- ਸੁੱਖ ਮਨੁੱਖੀ ਜੀਵਨ ਦਾ ਹਿੱਸਾ ਹਨ। ਇਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਹਨਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜੀਵਨ ਵਿਚ ਹੋਏ ਪਰਿਵਰਤਨ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦੀ ਹੈ ਕਿਉਂਕਿ ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>