ਆਪਣੀ ਮਾਂ

ਖੇਤਾਂ ਚੋਂ ਫੇਰਾ ਮਾਰ ਕੇ , ਲੱਕੜ ਦੇ ਵੱਡੇ ਗੇਟ ਆਲੀ ਬੁੱਰਜੀ ਦੀ ਨੁੱਕਰ ਨਾਲ ਜੁੱਤੀ ਨੂੰ ਰਗੜ੍ ਕੇ ਲੱਗੀ ਗਿੱਲੀ ਮਿੱਟੀ ਪੂੰਝਦਿਆਂ ਬਲਵੰਤ ਸਿੰਘ ਹਜੇ ਘਰ ਵੜਿਆ ਹੀ ਸੀ ਕਿ ਚੌਕੇਂ ਵਿਚ ਬੈਠੀ ਉਸਦੀ ਘਰਵਾਲੀ ਮਹਿੰਦਰ ਕੌਰ ਨੇ ਹਾਂਕ ਮਾਰ ਲਈ ,”ਸੁਣਦੇ ਓ, ਜਰਾ ਉਰੇ ਆਇਓ, ਜਰੂਰੀ ਗੱਲ ਵਾ,, ਨਾਲੇ ਜੀਤਾ ਤੁਹਾਡਾ ਮੋਟਰਸ਼ੈਕਲ ਸਕੂਲੇ ਲੈ ਗਿਆ ਜੇ !” ਬਲਵੰਤ ਸਿੰਘ ਅੱਧਖੜ੍ਹ ਉਮਰ ਦਾ ਮੇਹਨਤੀ ਕਿਸਾਨ ਸੀ, ਜਿਸ ਕੋਲ ਪਿਓ ਪਿਤਰਾਂ ਦੀ ਥੋੜੀ ਕੁ ਗੁਜਾਰੇ ਜੋਗੀ ਹਿੱਸੇ ਆਉਂਦੀ ੩ ਕਿਲੇ ਜਮੀਨ ਸੀ, ਕੁਝ ਉਸ ਨੇ ਗਹਿਣੇ ਰੱਖ, ਪਿਛਲੇ ਸਾਲ ਧੀ ਰਾਜੀਂ ਦਾ ਵਿਆਹ ਕੀਤਾ ਸੀ।  ਰਿਸ਼ਤਾ ਚੰਗਾ ਹੋਣ ਕਾਰਨ ਝੱਟਪੱਟ ਵਿਆਹ ਕਰਨਾ ਹੀ ਉੱਚਿਤ ਸਮਝਿਆ ਸੀ, ਓਸ ਨੇ । ਉਸਦਾ ਇੱਕਲੌਤਾ ਪੁੱਤਰ ਹਰਜੀਤ ਸਿੰਘ ਮੁੱਛ ਫੁੱਟ ਗੱਭਰੂ ਸੀ ਜੋ ਬਾਰਵੀਂ ਜਮਾਤ ਵਿੱਚ ਨਾਲਦੇ ਪਿੰਡ ਵਾਲੇ ਸਕੂਲ ਵਿੱਚ ਪੜਦਾ ਸੀ, ਸੁੱਖਾਂ ਲੱਧਾ ਤੇ ਦੇਰ ਪਿੱਛੋਂ ਜੰਮਿਆਂ ਹੋਣ ਕਾਰਨ ਬਲਵੰਤ ਸਿੰਘ ਨੇ ਕਰਜੇ ਵਾਲੀ ਪੰਡ ਦੀ ਫਿਕਰ ਤੋਂ ਬਾਹਰ ਜਾ ਕੇ ਬੜੇ ਲਾਡਾਂ ਚਾਵਾਂ ਸੰਗ ਜੀਤੇ ਨੂੰ ਪਾਲਿਆ ਸੀ, ਹਿੰਮਤੀ ਬਹੁਤ ਸੀ ਪਰ ਭਾਰੀ ਜਿੰਮੇਵਾਰੀਆਂ ਨੇ ਥੋੜਾ ਉਮਰੋ ਪਹਿਲਾਂ ਬੁੱਢਾ ਕਰ ਛੱਡਿਆ ਸੀ।

ਵੱਟਲ ਜਿਹੇ ਚਾਦਰੇ ਨੂੰ ਸੰਭਾਲਦੇ ਉਹ ਪੀੜੀ ਤੇ ਬੈਠਦਿਆਂ ਹੀ ਬੋਲਿਆ, ” ਹੁਣ ਦੱਸ ਜੀਤੇ ਦੀ ਮਾਂ ? ਕਿਹੜ੍ਹੀ ਜਰੂਰੀ ਗੱਲ ਵਾ, ਜੋ ਤੈਂ ਕਰਨੀ ਵਾਂ! ਨਾਲੇ ਰੋਟੀ ਟੁੱਕ ਪਾਦੇ,  ਮਹਿੰਦਰ ਕੌਰ ਨੇ ਰੋਟੀ ਪਾਓਂਦਿਆਂ ਕਿਹਾ,,ਕੁਝ ਦਿਨਾਂ ਤੋਂ ਮੈਨੂੰ ਜੀਤੇ ਦੇ ਰੌਂਅ ਬਦਲੇ ਬਦਲੇ ਲੱਗਦੇ ਨੇ? ਬਲਵੰਤ ਸਿੰਘ ਨੇ ਗੱਲ ਹਾਸੇ ਨਾਲ ਟਾਲਦਿਆਂ ਕਿਹਾ, ” ਓ ਤੂੰ ਚਿੰਤਾਂ ਨਾ ਕਰ ਭਾਗਵਾਨੇ, ਮੁੰਡਾ ਜਵਾਨ ਤੇ ਸਿਆਣਾ ਹੋ ਰਿਹਾ ਵਾ, ਇਹੋ ਜਿਹੇ ਰੌਂਅ ਆਉਂਦੇ ਜਾਂਦੇ ਰਹਿੰਦੇ ਨੇ, ਤੂੰ ਬਾਹਲੀ ਚਿੰਤਾ ਨਾ ਕਰਿਆ ਕਰ। “  ਮਹਿੰਦਰ ਕੌਰ ਨੇ ਫੇਰ ਕਿਹਾ, ਨਹੀਂ ਜੀ, ਚਿੰਤਾ ਆਲੀ ਈ ਗੱਲ ਆ,, ਰਾਤ ਨੂੰ  ਜੀਤੇ ਨੇ ਮੈਥੋਂ ਦਸ ਹਜਾਰ ਰੁਪਏ ਮੰਗੇ ਸੀ, ਅੱਗੇ ਦਸ ਵੀਹ ਰੁਪਏ ਹੀ ਮੰਗਦਾ ਸੀ, ਅੱਜ ਦਸ ਹਜਾਰ ?,,,ਕਹਿੰਦਾ ਸੀ ਕੋਈ ਆਈਲਸ ਦਾ ਟੈਸਟ ਦੇਣਾ ਵਾ, ਕਹਿੰਦਾ ਸੀ ਸਕੂਲ ਦੀ ਨਾਲ ਲੱਗਦੀ ਕੋਠੀ ਆਲੇ ਸ਼ਾਹਾਂ ਦੇ ਮੁੰਡੇ ਪ੍ਰਿੰਸ ਤੇ ਹੋਰ ਵੀ ਜਮਾਤ ਦੇ ਮੁੰਡੇ ਦੇ ਰਹੇ ਨੇ ਏਹ ਟੈਸਟ, ਮੈਨੂੰ ਤਾਂ ਨਾਓਂ ਈ ਨੀ ਆਉਂਦਾ ਇਸ ਖਸਮਾਂ ਨੂੰ ਖਾਣੇ ਟੈਸਟ ਦਾ?, ਪਤਾਂ ਨਹੀ ਕਿਹੜੀ ਬਿਮਾਰੀ ਆਲਾ ਵਾ ਏਹ ਟੈਸਟ ?, ਮਹਿੰਦਰ ਕੌਰ ਇਕੋ ਸਾਹ ਹੀ ਕਿੰਨਾ ਕੁਝ ਬੋਲ ਗਈ, ਬਲਵੰਤ ਸਿੰਘ ਭਮੱਤਰ ਜਿਹਾ ਗਿਆ, ਉਹ ਪੜਿਆ ਭਾਵੇਂ ਜਿਆਦਾ ਨਹੀ ਸੀ ਪਰ ਸੂਝ ਉਸ ਨੂੰ ਕਾਫੀ ਸੀ,ਅਕਸਰ ਬੰਦਿਆਂ ਚ ਉੱਠਦੇ ਬੈਠਦੇ ਆਈਲਟਸ ਵਾਲੇ ਟੈਸਟ ਦੀ ਗੱਲ ਹੁੰਦੀ ਸੀ।  ਘਰਵਾਲੀ ਦੀਆਂ ਸਭ ਗੱਲਾਂ ਵਾਅ ਵਰੋਲੇ ਵਾਂਗ ਉਸ ਦੇ ਸਿਰ ਉਪਰੋਂ ਇਕਦਮ ਲੰਘ ਗਈਆਂ । ਫੇਰ ਵੀ ਬਲਵੰਤ ਸਿੰਘ ਨੇ ਹਿੰਮਤ ਕਰਕੇ ਆਪਣੇ ਆਪ ਨੂੰ ਸੰਭਾਲਦੇ ਕਿਹਾ, ” ਤੂੰ ਉਨੂੰ ਪਿਆਰ ਨਾਲ ਸਮਝਾਵੀਂ, ਤੇਰੀ ਗੱਲ ਵਾਹਵਾ ਮੰਨਦਾ ਵਾ, ਮੈਨੂੰ ਪੂਰਾ ਵਿਸ਼ਵਾਸ਼ ਆ, ਆਪਣੀ ਮਾਂ ਦੀ ਗੱਲ ਜਰੂਰ ਮੰਨੂਗਾ “  ਮਹਿੰਦਰ ਕੌਰ ਫੇਰ ਬੋਲੀ, ’’ ਮੇਰੀ ਮੰਨਦਾ ਨੀਂ ਤੇ ਤੁਹਾਨੂੰ ਡਰਦਾ ਦੱਸਦਾ ਨੀਂ, ਦੱਸੋ ਭਲਾ! ਮੈਂ ਕੀ ਕਰਾਂ ? ਪੁੱਤ ਕਹਿੰਦਾ ਬਾਪੂ ਤੇਰੀ ਗੱਲ ਮੰਨੂਗਾ, ਬਾਪ ਕਹਿੰਦਾ ਮੁੰਡਾ ਤੇਰੀ ਗੱਲ ਮੰਨੂੰਗਾ,,ਦੋਹਾਂ ਪੁੜਾਂ ਚ ਮੈਂ ਹੀ ਪਿਸੂੰਗੀ ਹੁਣ, ਮੇਰੇ ਤਾਂ ਨਾ ਆਖੇ ਲੱਗਦਾ ਨਾ ਰੀਝ ਨਾਲ ਪੱਠਾ-ਦੱਥਾ ਪਾਉਂਦਾ ਡੰਗਰਾਂ ਨੂੰ, ਨਾ ਰੋਟੀ ਖਾਂਦਾ ਰੱਜ ਕੇ, ਕੋਈ ਕੰਮ ਦੱਸੋ ਮੂੰਹ ਵਿੰਗਾ ਕਰ ਲੈਂਦਾ ਹੈ, ਸਾਮ ਨੂੰ ਦੇਰ ਨਾਲ ਘਰ ਮੁੜਦਾ, ਬੱਸ ਫੋਨ ਤੇ ਲੱਗਾ ਰਹਿੰਦਾ ਯਾਰਾਂ ਨਾਲ।  ਬਲਵੰਤ ਸਿੰਘ ਨੇ ਕਿਹਾ, ” ਚਿੰਤਾ ਨਾ ਕਰ ਤੂੰ, ਮੈਂ ਸਾਮ ਨੂੰ ਗੱਲ ਕਰਦਾ ਵਾ, ਉਹਦੇ ਨਾਲ।” ਮਹਿੰਦਰ ਕੌਰ ਨੂੰ ਹੁਣ ਜਰਾ ਕੁ ਸਬਰ ਸ਼ਾਂਤੀ ਮਿਲੀ।

ਮਹਿੰਦਰ ਕੌਰ ਬੜੀ ਪਰੇਸ਼ਾਨ ਸੀ ਕਿ ਉਨਾਂ ਦਾ ਸਾਊ ਪੁੱਤ ਜੋ ਕਦੇ ਕਿਸੇ ਚੀਜ਼ ਲਈ ਜਿੱਦ ਨਹੀ ਕਰਦਾ ਸੀ, ਖੌਰੇ ਕਿਹੜੇ ਚੰਦਰੇ ਦੀ ਬਹਿਣੀ ਬਹਿ ਗਿਆ ਸੀ।

ਸ਼ਾਮ ਹੋਈ ਤੇ ਘੁਸਮੁਸੇ ਜਿਹੇ ਚ ਬਲਵੰਤ ਸਿੰਘ ਦਾ ਮਾਂ-ਪੁੱਤ ਨੂੰ ਚੌਂਕੇ ਵਿੱਚ ਹੱਸਦਿਆਂ ਤੇ ਰੋਟੀ ਖਾਂਦੇ ਦੇਖ ਜੇਰਾ ਹੀ ਨਾ ਪਿਆ ਕਿ ਉਹਨਾਂ ਵੱਲ ਜਾਵੇ ਤੇ ਉਨਾਂ ਦੇ ਚੇਹਰੇ ਮੁਰਝਾ ਨਾ ਜਾਵਣ। ਬਲਵੰਤ ਸਿੰਘ ਖੇਤਾਂ ਤੋਂ ਅੱਜ ਜਰਾ ਲੇਟ ਆਇਆ। ਸਾਇਦ ਆਉਣ ਵਾਲੀ ਕਿਸੇ ਭਵਿਖੀ ਹਨੇਰੀ ਨੂੰ ਕਿਆਸਦਾ ਉਹ ਉਦਾਸ ਸੀ ਤੇ ਚੁੱਪ ਚਾਪ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ। ਕਮਰੇ ਵਿੱਚ ਛੱਤ ਵੱਲ ਵੇਖਦਾ ਉਹ ਜੀਤੇ ਨੂੰ ਸਮਝਾਵਣ ਦਾ ਰਾਹ ਤਲਾਸ਼ ਰਿਹਾ ਸੀ। ਜੀਤਾ ਆਇਆ ਤੇ ਰੋਟੀ ਵਾਲਾ ਥਾਲ ਰੱਖਦਾ ਬੋਲਿਆ, ’’ਬਾਪੂ ਰੋਟੀ ਖਾ ਲੈ  ।’’ ਬਲਵੰਤ ਸਿੰਘ ਨੇ ਜੀਤੇ ਨੂੰ ਕਿਹਾ,”ਤੈਂ ਆਪਦੀ ਬੇਬੇ ਤੋਂ ਦਸ ਹਜਾਰ ਰੁਪਏ ਮੰਗੇ ਸੀ ,ਕੋਈ ਆਈਲਸ ਦਾ ਪੇਪਰ ਦੇਣਾ।” ” ਹਾਂ, ਏਹ ਵਿਦੇਸ਼ ਜਾਣ ਲਈ ਪੇਪਰ ਹੁੰਦਾ ਵਾ, ਬਾਪੂ, ਮੈਂ ਤਾਂ ਬਾਹਰਲੇ ਦੇਸ਼ ਹੀ ਜਾਣਾ ਵਾ! ਬਸ! ” ਜੀਤੇ ਨੇ ਜੁਆਬ ਦਿੱਤਾ, ਉਸਦੀਆਂ ਅੱਖਾਂ ਵਿੱਚ ਇਕ ਚਮਕ ਝਲਕਦੀ ਪਈ ਸੀ। ਬਾਹਰ ਜਾਣ ਬਾਰੇ ਸੁਣਦੇ ਸਾਰ ਹੀ ਬਲਵੰਤ ਸਿੰਘ ਦਾ ਦਿਲ ਬਹਿ ਜਿਹਾ ਗਿਆ, ਚੇਹਰਾ ਫੱਕਾ ਤੇ ਦਿਮਾਗ ਸੁੰਨ ਹੋ ਗਿਆ ਸੀ। ਉਸਦੇ ਮੂੰਹੋਂ ਏਨਾ ਹੀ ਨਿਕਲਿਆ,’’ ਪਰ ਪੁੱਤ! ਇੰਨੇ ਪੈਸੇ ਕਿੱਥੋਂ ? “,, ਪਰ ਲਾਗੇ ਜੀਤਾ ਨਹੀ ਸੀ, ਉਹ ਕਦੋਂ ਦਾ ਕਮਰੇ ਚੋਂ ਬਾਹਰ ਚਲਾ ਗਿਆ ਸੀ। ਜੀਤੇ ਨੂੰ ਕੁਝ ਦਿਨ ਪਹਿਲਾਂ ਹੀ ਆਪਣੇ ਜਮਾਤੀ ਪ੍ਰਿੰਸ ਤੋਂ ਪਤਾ ਲਗਾ ਸੀ ਕਿ ਪੈਸੇ ਜਿਆਦਾ ਭਰਨ ਨਾਲ ਬਿਨਾ ਆਈਲੈਟਸ ਤੋਂ ਵੀ ਬਾਹਰ ਦਾ ਸਟਡੀ ਵੀਜਾ ਲੱਗ ਜਾਂਦਾ ਹੈ, , ਜੀਤੇ ਦਾ ਦਿਮਾਗ ਜਿਆਦਾ ਪੈਸੇ ਵਾਲੀ ਘੁੰਮਣਘੇਰੀ ਵਿੱਚ ਸੀ ।

ਰਾਤ ਨੂੰ ਮੰਜੇ ਤੇ ਪਿਆ ਬਲਵੰਤ ਸਿੰਘ ਉੱਸਲ ਵੱਟ ਭੰਨਦਾ ਬੱਸ ਜੀਤੇ ਨੂੰ ਸਮਝਾਵਣ ਬਾਰੇ ਹੀ ਸੋਚ ਰਿਹਾ ਸੀ ਕਿ ਮਹਿੰਦਰ ਕੌਰ ਕਮਰੇ ਅੰਦਰ ਦਾਖਲ ਹੋਈ ਮੰਜੇ ਬਿਸਤਰੇ ਸੰਵਾਰਦੀ ਬੋਲੀ,” ਹੋਈ ਜੀਤੇ ਨਾਲ ਕੋਈ ਗੱਲ, ਚੰਦਰਾ ਆਈਲਸ ਦਾ ਟੈਸਟ ਕੀ ਹੁੰਦਾ, ਦਸ ਹਜਾਰ ਦੀ ਜਿੱਦ ਛੱਡੀ ਓਸ ਨੇ, । ” ਉਹ ਇਕੋ ਸਾਹ ਕਿੰਨੇ ਹੀ ਸਵਾਲ ਕਰ ਗਈ।  ਬਲਵੰਤ ਸਿੰਘ ਕੋਲੋਂ ਉਸ ਦਾ ਕਿਸੇ ਗੱਲ ਦਾ ਜੁਆਬ ਦੇ ਨਾ ਹੋਇਆ, ਖਬਰੇ! ਉਹ ਮਹਿੰਦਰ ਕੌਰ ਨੂੰ ਕਿਸੇ ਗਹਿਰ ਗੰਭੀਰ ਚਿੰਤਾ ਤੇ ਦੁੱਖੀ ਹੋਣ ਤੋਂ ਬਚਾਉਣਾਂ ਚਾਹੁੰਦਾ ਸੀ। ਇਸ ਲਈ ਮਾੜੀ ਮੋਟੀ ਹੂੰ! ਹਾਂ! ਕਰ ਉਸ ਨੇ ਚੁੱਪ ਵੱਟਣੀ ਹੀ ਬੇਹਤਰ ਸਮਝੀ।  ਬਲਵੰਤ ਸਿੰਘ ਦੀ ਹਿੱਕ ਵਿੱਚ ਕੋਈ ਮੱਠੀ-ਮੱਠੀ ਜਿਹੀ ਪੀੜ-ਚੀਸ ਉੱਠ ਰਹੀ ਸੀ ਪਰ ਉਹ ਕਿਸੇ ਤਰਾਂ ਪਾਣੀ ਦੇ ਦੋ ਘੁੱਟ ਪੀ ਕੇ ਸੌਂ ਗਿਆ।

ਜਮੀਨ ਭਾਵੇਂ ਥੋੜ੍ਹੀ ਸੀ, ਪਰ ਬਲਵੰਤ ਸਿੰਘ ਨੂੰ ਮਾਂ ਬਰਾਬਰ ਲੱਗਦੀ ਸੀ, ਏਨਾਂ ਖੇਤਾਂ ਵਿੱਚ ਹੀ ਬਲਵੰਤ ਸਿੰਘ ਭੱਜਦਾ-ਨੱਠਦਾ, ਖੇਲਾਂ ਵਿੱਚ ਡਿੱਗਦਾ-ਉਠਦਾ ਉਸਦਾ ਬਚਪਨ ਲੰਘਿਆ ਸੀ, ਤੇ ਫੇਰ ਜਵਾਨੀ ਹੰਢੀ ਸੀ, ਖੇਤਾਂ ਨਾਲ ਉਸਦੀ ਇੱਕ ਭਾਵਨਾਤਮਕ ਸਾਂਝ ਸੀ, ਉਹ ਇਨਾਂ ਤੋਂ ਇੱਕ ਇਨਸਾਨੀ ਤੇ ਤਗੜਾ ਸਾਥ ਜਿਹਾ ਮਹਿਸੂਸਦਾ ਸੀ। ਖੇਤਾਂ ਵਿੱਚ ਵੱਟ ਤੇ ਬੈਠਾ ਉਹ ਮਾਂ ਦੀ ਬੁੱਕਲ ਵਿੱਚ ਬੈਠਾ ਮਹਿਸੂਸ ਕਰਦਾ ਸੀ। ਖੇਤਾਂ ਚ ਜਾ ਕੇ ਕਿੰਨਾ ਹੀ ਚਿਰ ਲਹਿ ਲਹਾਉਂਦੀਆਂ ਫਸਲਾਂ ਦੇਖ ਬੜਾ ਖੁਸ਼ ਹੁੰਦਾ ਸੀ, ਚਾਅ ਚੜਿਆ ਰਹਿੰਦਾ ਸੀ, ਜੋ ਦੇਸੀ ਦੀ ਬੋਤਲ ਵਰਗਾ ਸਰੂਰਦਾ ਸੀ। ਬੰਬੀ ਦਾ ਦੁੱਧ ਚਿੱਟਾ ਕਲ-ਕਲ ਕਰਦਾ ਪਾਣੀ, ਖਾਲਾਂ ਚੋਂ ਸੱਪ ਬਣ ਦੌੜਦੇ ਪਾਣੀ ਦੇ ਨਾਲ ਨਾਲ ਤੁਰਨਾ ਬੜਾ ਵਧੀਆ ਲੱਗਦਾ। ਆਲੇ ਦੁਆਲੇ ਲੱਗੇ ਰੁੱਖਾਂ ਦਾ ਸਾਥ ਤੇ ਛਾਂ, ਖੜ ਖੜ ਕਰਦੇ ਪੱਤੇ ਦੀ ਅਵਾਜ ਉਸ ਨੂੰ ਸਾਥੀ ਜਿਹੀ ਲੱਗਦੇ, ਇਹ ਸਭ ਕੁਦਰਤੀ ਨਜਾਰੇ ਉਸਨੂੰ ਬਹਿਸ਼ਤੀ ਸੁੱਖ ਵਰਗੇ ਲੱਗਦੇ ਸਨ ਜੋ ਉਸ ਦੇ ਦਿਲੋ-ਦਿਮਾਗ ਤੇ ਰੂਹੋ-ਰਵਾਂ ਦੀ ਤਾਜਗੀ ਦਾ ਕਾਰਨ ਸੀ। ਕਈ ਵਾਰ ਤਾਂ ਉਹ ਆਪਣੀ ਇਸ ਨਿੱਕੀ-ਜਿਹੀ ਬਹਿਸ਼ਤ ਦੀ ਗੋਦ ਵਿੱਚ ਬੈਠਾ ਰੋਟੀ-ਪਾਣੀ ਵੀ ਭੁੱਲ ਜਾਂਦਾ ਤੇ ਘਰ ਵੀ ਦੁਪਹਿਰਾਂ ਲੰਘਾ ਕੇ ਬਹੁੜਦਾ ਸੀ। ਸਾਇਦ ਇਹ ਸਭ ਸੁਭਾਅ ਤੇ ਗੁਣ ਉਸ ਨੂੰ ਵਿਰਾਸਤ ਵਿੱਚ ਮਿਲੀ ਸੀ, ਤੇ ਨਾਲ ਹੀ ਇੱਕ ਪੰਡ ਕਰਜੇ ਦੀ ਵੀ ਮਿਲੀ ਸੀ ਜੋ ਥੋੜੀ ਹੌਲੀ ਤਾਂ ਉਸ ਕਰ ਦਿੱਤੀ ਸੀ, ਮੇਹਨਤ ਸੰਗ। ਪਰ ਉਹ ਨਹੀ ਚਾਹੁੰਦਾ ਸੀ ਕਿ ਇਹੋ ਪੰਡ ਵਿਰਾਸਤ ਵਿੱਚ ਅੱਗੇ ਉਸ ਦੇ ਪੁੱਤ ਜੀਤੇ ਨੂੰ ਮਿਲੇ। ਪਿੰਡ ਵਾਲੇ ਜਦ ਉਸ ਨੂੰ ਉਸਦੇ ਬਾਪ ਨਾਜਰ ਸਿੰਘ ਦੀ ਕਾਪੀ ਕਹਿੰਦੇ ਸਨ, ਤਾਂ ਇਹ ਸੁਣ ਉਹ ਮਾਣ ਨਾਲ ਭਰ ਜਾਂਦਾ ਸੀ।

ਅੱਜ ਸਵੇਰੇ ਬਲਵੰਤ ਸਿੰਘ ਕਾਫੀ ਦਿਨ ਚੜੇ ਉੱਠਿਆ।  ਅਨਮੰਨੇ ਜਿਹੇ ਮਨ ਨਾਲ ਚਾਹ ਪ੍ਰਸਾਦਾ ਛੱਕ ਉਹ ਬਿਨਾ ਕਿਸੇ ਨੂੰ ਦੱਸਿਆਂ ਖੇਤਾਂ ਨੂੰ ਚਲਾ ਗਿਆ। ਸਾਰਾ ਦਿਨ ਖੇਤਾਂ ਵਿਚ ਰਿਹਾ, ਕਦੇ ਖੇਤਾਂ ਦੀਆਂ ਵੱਟਾਂ ਤੇ ਬੈਠਦਾ ਤੇ ਮਿੱਟੀ ਦੀਆਂ ਮੁੱਠਾਂ ਭਰ ਭਰ ਕੇ ਨੀਝ ਲਾ ਕੇ ਖੇਤਾਂ ਵੱਲੇ ਤੱਕਦਾ। ਕਦੇ ਰੁੱਖਾਂ ਦੀ ਛਾਂਵਾਂ ਹੇਠ ਬੈਠ ਜਾਂਦਾ। ਦੁਪਹਿਰ ਦੀ ਰੋਟੀ ਵੀ ਖਾਣ ਘਰ ਨੂੰ ਨਾ ਗਿਆ। ਅੱਜ ਉਹ ਆਪਣੇ ਆਪ ਨੂੰ ਬੁੱਢਾ, ਕਮਜੋਰ ਤੇ ਕਿਸਮਤ ਹੱਥੋਂ ਹਾਰਿਆ ਮਹਿਸੂਸ ਰਿਹਾ ਸੀ। ਉਸ ਨੂੰ ਕਿਸੇ ਅਣਕਿਆਸੀ ਹਨੇਰੀ ਦਾ ਉਸ ਦੀ ਹੱਥੀਂ ਬਣਾਈਂ ਬਹਿਸ਼ਤ ਨੂੰ ਵੀਰਾਨ ਕਰਨ ਦਾ ਚਿੰਤਾ ਤੇ ਭੈਅ ਜਿਹਾ ਸਤਾ ਰਿਹਾ ਸੀ।

ਬਲਵੰਤ ਸਿੰਘ ਆਥਣੇ ਨੂੰ ਘਰ ਪੁੱਜਾ ਤਾਂ ਸਰੀਰ ਨੂੰ ਧੂੰਹਦਾ ਤੇ ਪਰੇਸਾਨ, ਉਦਾਸ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ, ਮਹਿੰਦਰ ਕੌਰ ਕੋਲੋ ਰਿਹਾ ਨਾ ਗਿਆ ਤਾਂ ਉਸਨੇ ਬਲਵੰਤ ਸਿੰਘ ਨੂੰ ਪਰੇਸਾਨੀ ਦਾ ਕਾਰਨ ਪੁੱਛਿਆ, ਬਲਵੰਤ ਸਿੰਘ ਨੇ ਸਾਰੀ ਗੱਲ ਦੱਸੀ। ਮਹਿੰਦਰ ਕੌਰ ਬੋਲੀ,’’ ਆਉਣ ਦਿਓ ਘਰ ਮੈਂ ਸਮਝਾਵਾਂਗੀ ਉਹਨੂੰ,ਆਪਣੀ ਮਾਂ ਦੀ ਗੱਲ ਜੀਤਾ ਜਰੂਰ ਮੰਨੂਗਾ।’’

ਘਰ ਆਏ ਜੀਤੇ ਨੂੰ ਮਹਿੰਦਰ ਕੌਰ ਨੇ ਅਵਾਜ ਮਾਰੀ ਤੇ ਸਮਝਾਇਆ ਪੁੱਤ ਤੂੰ ਵਿਦੇਸ਼ ਜਾਣ ਦੀ ਜਿੱਦ ਛੱਡ ਦੇ, ਦੇਖ ਤੇਰਾ ਬਾਪੂ ਖੇਤਾਂ ਵਿੱਚ ਕਿੰਨੀ ਮੇਹਨਤ ਕਰਦਾ ਵਾ, ਤੂੰ ਵੀ ਆਪਣੇ ਬਾਪੂ ਦਾ ਹੱਥ ਵਟਾਇਆ ਕਰ ਤੇ ਘਰ ਦੇ ਹਾਲਾਤ ਤੇ ਸਾਡੀ ਮਜਬੂਰੀ ਨੂੰ ਸਮਝ, ਦੇਖ ਪੁੱਤ ਬੇਗਾਨੇ ਪੱਕੇ ਦੇਖ ਕੇ ਆਪਣੇ ਕੱਚੇ ਨਹੀਂ ਢਾਹੀਦੇ, ਬਾਹਰ ਜਾਣ ਤੇ ਲੱਖਾਂ ਰੁਪਏ ਖਰਚ ਆਉੱਦੇ ਨੇ ਤੇਰਾ ਬਾਪੂ ਰਾਤ-ਦਿਨ ਖੇਤਾਂ ਚ ਮੇਹਨਤ ਕਰਦਾ ਹੈ, ਏਨਾ ਪੈਸਾ ਕਿੱਥੋਂ ਲਿਆਊਗਾ, ਛੋਟੇ ਮੋਟੇ ਖਰਚਾਂ ਲਈ ਹਰ ਵਾਰ ਆੜਤੀਆਂ ਦੇ ਹੱਥ ਅੱਡਣਾ ਪੈਂਦਾ ਹੈ, ਤੂੰ ਤਾਂ ਆਪ ਸਿਆਣਾਂ ਹੈਂ, ਦੇਖ ਮੇਰਾ ਛਿੰਦਾ ਪੁੱਤ! ਜਿੱਦ ਛੱਡ ਦੇ ਖਸਮਾਂ ਨੂੰ ਖਾਣੇ ਆਈਲਸ ਦੇ ਪੇਪਰ ਦੀ,, ਤੂੰ ਆਪਣੀ ਮਾਂ ਦੀ ਗੱਲ ਨਹੀ ਮੰਨੇਗਾ ? ਜੀਤੇ ਜਿੱਦ ਤੇ ਪੱਕਾ ਤੇ ਅਡੋਲ ਖੜਾ ਸੀ, ਮਾਂ ਦੇ ਹਾੜਿਆਂ- ਤਰਲਿਆਂ ਦਾ ਜੀਤੇ ਤੇ ਕੋਈ ਅਸਰ ਨਾ ਹੁੰਦਾ ਵੇਖ, ਬਲਵੰਤ ਸਿੰਘ ਦਾ ਗੱਚ ਭਰ-ਭਰ ਜਾ ਰਿਹਾ ਸੀ।

ਜੀਤਾ ਜੋ ਕਦੇ ਨਹੀ ਬੋਲਿਆ ਸੀ ਅੱਜ ਆਪਣੀ ਮਾਂ ਦੇ ਅੱਗੇ ਬੋਲ ਹੀ ਪਿਆ, ” ਹੂੰ, ਬੇਬੇ ਮੇਰੀ ਸੁਣ ਗੱਲ,,ਮੈਂ ਤਾਂ ਬਾਹਰ ਹੀ ਜਾਣਾ ਵਾ ਚਾਹੇ ਜਮੀਨ ਵੇਚੋ ਜਾਂ ਗਹਿਣੇ ਪਾਓ, ਨਾਲੇ ਇਸ ਡੇਢ ਕਿੱਲੇ ਚੋਂ ਬਚਦਾ ਵੀ ਕੀ ਹੈ, ਨਾ ਕਰਜ ਬੰਨੇ ਲੱਗਦਾ ਹੈ ਨਾ ਪਹਿਲੀ ਗਈ ਜਮੀਨ ਮੁੜਦੀ ਹੈ, ਹੋਰ ਤਾਂ ਹੋਰ ਭੈਣ ਦੇ ਵਿਆਹ ਤੇ ਅੱਧੀ ਗਈ ਸੀ ਤੇ ਬਾਕੀ ਤਾਂ ਮੇਰੀ ਹੀ ਹੈ ਹੋਰ ਕਿਸ ਦੀ ਹੈ, ਇਸ ਨੂੰ ਤੁਸੀਂ ਵੇਚ ਦਿਓ ਤੇ ਮੈਨੂੰ ਬਾਹਰ ਭੇਜ ਦੇਵੋ, ਮੈਂ ਖੂਬ ਕਮਾਈ ਕਰੂੰਗਾਂ ਤੇ ਆਪਾਂ ਪਹਿਲੀ ਜਮੀਨ ਵੀ ਵਾਪਸ ਲੈ ਲਵਾਂਗੇ ਤੇ ਕਰਜ ਵੀ ਮੋੜ ਹੋਜੂ ।” ਏਨਾ ਕਹਿ ਜੀਤਾ ਘਰੋਂ ਬਾਹਰ ਚਲਾ ਗਿਆ। ’’ ਜੀਤੇ, ਵੇ ਜੀਤੇ ” ਮਾਂ ਮਗਰ ਗਈ ਪਰ ਉਸ ਨੇ ਇੱਕ ਨਾ ਸੁਣੀ।

ਜੀਤੇ ਦਾ ਇੱਕ ਇੱਕ ਬੋਲ ਬਲਵੰਤ ਸਿੰਘ ਦੇ ਸੀਨੇ ਛੁੱਰੀ ਬਣ  ਚੁੱਬ ਰਿਹਾ ਸੀ, ਪਿਓ ਗੁੱਠੇ ਲੱਗ ਰੋ ਰਿਹਾ ਸੀ, ਮਹਿੰਦਰ ਕੌਰ ਨੂੰ ਕਹਿ ਰਿਹਾ ਸੀ, ਤੂੰ ਸੁਣਿਆ ਜੀਤੇ ਦੀ ਮਾਂ ਜੀਤਾ ਖੇਤ ਵੇਚਣ ਨੂੰ ਕਹਿੰਦਾ, ਤੈਨੂੰ ਪਤਾ ਮੈਂ ਖੇਤਾਂ ਨੂੰ ਮਾਂ ਵਾਂਗ ਪੂਜਦਾ ਵਾ, ਤੈਨੂੰ ਪਤਾ ਮੈਂ ਕਿੱਦਾਂ ਜਮੀਨ ਬਚਾ-ਬਚਾ ਕੇ ਰੱਖੀ ਹੈ, ਏਹੋ ਮੇਰਾ ਇੱਕੋ ਇੱਕ ਸਹਾਰਾ ਹੈ ਤੇ ਜੀਤਾ ਕਹਿੰਦਾ ਜਮੀਨ ਵੇਚ ਦੇਵੋ, ਜਮੀਨ ਕਿਸਾਨ ਦੀ ਮਾਂ ਹੁੰਦੀ ਹੈ, ਜੇ ਖੇਤ ਵਿਕ ਗਏ ਤਾਂ ਮੈਂ ਮਰ ਜਾਵਾਂਗਾ,,, ਜੀਤੇ ਦੀ ਮਾਂ, ਜੇ ਖੇਤ ਵਿਕ ਗਏ ਤਾਂ ਮੈਂ ਮਰ ਜਾਵਾਂਗਾ,,, ਤੇ ਮਹਿੰਦਰ ਕੌਰ ਉਸ ਨੂੰ ਧਰਵਾਸ ਦੇ ਰਹੀ ਸੀ ’’ਤੁਸੀਂ ਰੋਵੋ ਨਾ, ਮੈਂ ਸਮਝਾਵਾਂਗੀ, ਤੁਸੀਂ ਵੇਖਿਓ ,ਆਪਣੀ ਮਾਂ ਦੀ ਜਰੂਰ ਮੰਨੂੰਗਾ ।’’ ਬਲਵੰਤ ਸਿੰਘ ਦੇ ਸੀਨੇ ਇੱਕ ਤਿੱਖੀ ਚੀਸ ਉੱਠੀ ਤੇ ਨਾਲ ਹੀ ਉਹ ਮੰਜੇ ਤੇ ਡਿੱਗ ਪਿਆ, ਮਹਿੰਦਰ ਕੌਰ ਘਬਰਾ ਗਈ, ’’ ਜੀਤੇ ਦੇ ਬਾਪੂ, ਜੀਤੇ ਦੇ ਬਾਪੂ ’’ ਬਲਵੰਤ ਸਿੰਘ ਦੇ ਪਾਣੀ ਦਾ ਇਸ਼ਾਰਾ ਕਰਨ ਤੇ ਮਹਿੰਦਰ ਕੌਰ ਨੇ ਪਾਣੀ ਪਿਲਾਇਆ ਹੌਲੀ ਹੌਲੀ ਬਲਵੰਤ ਸਿੰਘ ਨੂੰ ਨੀਂਦ ਆ ਗਈ। ਮਾਂ ਉਡੀਕ-ਉਡੀਕ ਲੰਮੇ ਪੈ ਗਈ। ਸੋਚ ਰਹੀ ਸੀ, ਜੀਤਾ ਆਉੱਦਾ ਤਾਂ ਡਾਕਟਾਰ ਸਾਹਿਬ ਤੋਂ ਆਪਣੇ ਬਾਪੂ ਲਈ ਦਵਾਈ ਲਿਆਂਉਣ ਬਾਰੇ ਕਹਾਂਗੀ। ਹਨੇਰਾ ਕਾਫੀ ਹੋ ਗਿਆ ਸੀ, ਮਾਂ ਨੂੰ ਫਿਕਰ ਸਤਾ ਰਿਹਾ ਸੀ ਕਿ ਕਿਤੇ ਜਵਾਨ ਜਹਾਨ ਮੁੰਡਾ ਗੁੱਸੇ ਚ ਕੁਝ ਕਰ ਨਾ ਬਵੇ। ਫਿਕਰ ਮਾਂ ਨੂੰ ਸੌਣ ਨਹੀ ਦੇ ਰਿਹਾ ਸੀ। ਮਾਂ ਨੇ ਜੀਤੇ ਦੇ ਕਮਰੇ ਚ ਵੇਖਿਆ ਤਾਂ ਜੀਤਾ ਸੁੱਤਾ ਪਿਆ ਸੀ। ਪਤਾ ਹੀ ਨਹੀ ਲੱਗਾ ਕਦੋਂ ਘਰ ਆ ਕੇ ਸੌਂ ਗਿਆ ਸੀ। ਮਾਂ ਨੇ ਉਸ ਨੂੰ ਜਗਾਉਣ ਦੀ ਹਿੰਮਤ ਹੀ ਨਾ ਕੀਤੀ। ਸੋਚਿਆ ਸਵੇਰੇ ਗੱਲ ਕਰਾਂਗੀ।

ਅੱਜ ਮਹਿੰਦਰ ਕੌਰ ਦੀ ਤੜਕ ਸਾਰ ਹੀ ਨੀਂਦ ਖੁੱਲ ਗਈ ਸੀ, ਰਾਤ ਦੀ ਨੀਂਦ ਵੀ ਕੇਹੜੀ ਆਈ ਸੀ, ਨਾਲ ਦੇ ਮੰਜੇ ਤੇ ਬਲਵੰਤ ਸਿੰਘ ਨੂੰ ਲੰਮਾ ਪਿਆ ਨਾ ਦੇਖ , ਹੈਰਾਨ ਹੋ ਗਈ ਕਿ ਏਨੀ ਤੜਕੇ-ਤੜਕੇ ਜੀਤੇ ਦਾ ਬਾਪੂ ਕਿੱਥੇ ਚਲਾ ਗਿਆ, ਉਹ ਤਾਂ ਵੱਡਾ ਦਿਨ ਚੜੇ ਉੱਠਦਾ ਸੀ, ਪਰ ਅੱਜ,,,,?? ਉਸ ਨੇ ਵੇਹੜੇ ਵਿੱਚ ਵੇਖਿਆ ਪਰ ਕੋਈ ਨਾ ਮਿਲਿਆ, ਫੇਰ ਬਾਹਰ ਗਲੀ ਦੇ ਦੋਵੇਂ ਪਾਸੇ ਵੇਖਿਆ ਪਰ ਕੋਈ ਨਹੀ ਸੀ, ਫੇਰ ਜੀਤੇ ਨੂੰ ਅਵਾਜ਼ਾਂ ਮਾਰੀਆਂ, ’’ਜੀਤਿਆ, ਵੇ ਜੀਤਿਆ, ਤੇਰਾ ਬਾਪੂ, ਤੇਰਾ ਬਾਪੂ ਕਿੱਥੇ ਵਾ ??’’’ ਜੀਤੇ ਦੌੜ ਕੇ ਬਾਹਰ ਆਇਆ, ਦੋਵੇਂ ਮਾਂ ਪੁੱਤ ਕਾਹਲੀ-ਕਾਹਲੀ ਖੇਤਾਂ ਵੱਲੇ ਚੱਲ ਪਏ, ਰਸਤੇ ਵਿੱਚ ਉਨਾਂ ਨੂੰ ਬਲਵੰਤ ਸਿੰਘ ਦੀ ਚਾਦਰ ਮਿਲੀ, ਥੋੜੀ ਹੀ ਦੂਰੀ ਤੇ ਖੇਤਾਂ ਵਾਲੇ ਕੱਚੇ ਪਹੇ ਉੱਤੇ ਬਲਵੰਤ ਸਿੰਘ ਦੀ ਜੁੱਤੀ ਵੀ ਮਿਲੀ,, ਦੋਵੇਂ ਡਾਹਢੇ ਘਬਰਾਏ ਤੇ ਪਰੇਸ਼ਾਨ ਕਾਹਲੀ-ਕਾਹਲੀ ਖੇਤ ਪਹੁੰਚੇ ਤਾਂ ਖੇਤ ਵਿੱਚਲਾ ਦ੍ਰਿਸ਼ ਦੇਖ ਉਨਾਂ ਦੇ ਹੋਸ਼ ਉੱਡ ਗਏ, ਮਹਿੰਦਰ ਕੌਰ ਦੀਆਂ ਡਾਢਾਂ ਨਿਕਲ ਗਈਆਂ, ਹਾਏ ਵੇ ਰੱਬਾ, ਹਾਏ ਵੇ ਰੱਬਾ, ਜੀਤੇ ਦੇ ਬਾਪੂ ? ਜੀਤੇ ਦੇ ਬਾਪੂ ? ਜੀਤਾ ਵੀ ਭੱਜ ਪਿਆ, ਬਾਪੂ,,? ਬਾਪੂ,,?? ਬਲਵੰਤ ਸਿੰਘ ਖੇਤਾਂ ਦੇ ਵਿਚਕਾਰ ਮੂਧੜੇ-ਮੂੰਹ ਅਡੋਲ-ਅਹਿੱਲ ਪਿਆ ਸੀ, ਦੋਵੇਂ ਮਾਂ-ਪੁੱਤ ਬਲਵੰਤ ਸਿੰਘ ਨੂੰ ਹਿਲਾ ਕੇ ਉਠਾ ਰਹੇ ਸਨ, ਪਰ ਉਸ ਦੇ ਸਰੀਰ ਵਿੱਚ ਕੋਈ ਹਰਕਤ ਜਾਂ ਹਿੱਲ-ਜੁੱਲ ਨਹੀ ਸੀ, ਮਿੱਟੀ ਵਾਂਗ ਠੰਢਾ ਹੋ ਚੁੱਕਾ ਸੀ। ਉਸ ਦੀਆਂ ਅੱਖਾਂ ਵੀ ਖੁੱਲੀਆਂ ਸਨ, ਦੋਵੇਂ ਮੁੱਠਾਂ ਵਿੱਚ ਮਜਬੂਤੀ ਨਾਲ ਖੇਤ ਦੀ ਮਿੱਟੀ ਪਕੜੀ ਹੋਈ ਸੀ,  ਉਸ ਦੀਆਂ ਦੋਵੇਂ ਬਾਹਵਾਂ ਪੂਰੀਆਂ ਖੁੱਲੀਆਂ ਹੋਈਆਂ ਸਨ ਤੇ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਬੱਚਾ ਲੰਮੀ ਥਕਾਨ ਪਿੱਛੋਂ ਆਪਣੀ ਮਾਂ ਦੇ ਕਲਾਵੇ ਤੇ ਬੁੱਕਲ ਦਾ ਨਿੱਘ ਮਾਣ ਰਿਹਾ ਹੋਵੇ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>