ਹੱਕ ਲਈ ਲੜਿਆ ਸੱਚ – (ਭਾਗ-43)

ਦਰਅਸਲ ਦਿਲਪ੍ਰੀਤ ਤਾਂ ਸੰਤਾਂ ਦੀ ਸ਼ਖਸ਼ੀਅਤ ਤੋਂ ਇਹਨਾ ਪ੍ਰਭਾਵਿਤ ਹੋਇਆ ਕਿ ਉਹ ਸੰਤਾਂ ਦੇ ਸ਼ਰਧਾਲੂਆਂ ਵਿਚ ਸ਼ਾਮਲ ਹੋ ਗਿਆ। ਉਸ ਨੇ ਆਪਣੀ ਦਾੜ੍ਹੀ ਕੱਟਣੀ ਵੀ ਛੱਡ ਦਿੱਤੀ। ਇਸ ਗਲ ਦਾ ਦੀਪੀ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਦੇ ਨਾਮ ਉੱਪਰ ਘਰ ਚਿੱਠੀ ਆਈ।
“ਦੀਪੀ ਆ ਤੇਰੀ ਚਿੱਠੀ ਆਈ ਹੈ।” ਮੁਖਤਿਆਰ ਨੇ ਬਾਹਰੋਂ ਆਉਂਦਿਆ ਕਿਹਾ, “ਲੱਗਦਾ ਹੈ ਦਿਲਪ੍ਰੀਤ ਦੀ ਹੈ।”
ਦੀਪੀ ਨੇ ਹੈਰਾਨੀ ਨਾਲ ਚਿੱਠੀ ਨੂੰ ਫੜ ਲਿਆ। ਉਸ ਨੇ ਅਜੇ ਚਿੱਠੀ ਖੋਹਲੀ ਵੀ ਨਹੀਂ ਸੀ ਕਿ ਉਸ ਨੂੰ ਹਰਨਾਮ ਕੌਰ ਦੀ ਅਵਾਜ਼ ਸੁਣੀ ਜੋ ਮੁਖਤਿਆਰ ਨੂੰ ਕਹਿ ਰਹੀ ਸੀ, “ਹੁਣ ਕੁਆਰੀ ਕੰਮੀ ਚਿਠੀਆਂ ਵੀ ਆਉਣ ਲੱਗ ਪਈਆਂ, ਵਿਆਹ ਵਿਚ ਦੇਰ ਕਿਉਂ ਕਰੀ ਜਾਂਦੇ ਆਂ।”
“ਚਿੱਠੀ ਦੀ ਤਾਂ ਕੋਈ ਏਡੀ ਵੱਡੀ ਗੱਲ ਨਹੀ।” ਸੁਰਜੀਤ ਨੇ ਵਿਚੋਂ ਹੀ ਕਿਹਾ, “ਅੱਜ ਕੱਲ ਦੇ ਪੜ੍ਹੇ ਲਿਖੇ ਨਿਆਣੇ ਚਿਠੀਆਂ- ਚੁਠੀਆਂ ਇਕ ਦੂਜੇ ਨੂੰ ਲਿਖ ਹੀ ਦਿੰਦੇ ਨੇਂ, ਉਦਾਂ ਵਿਆਹ ਵੀ ਆਪਾਂ ਨੂੰ ਰੱਖ ਲੈਣਾ ਚਾਹੀਦਾ।”
“ਬੀਬੀ, ਚਿੱਠੀ ਆਉਣ ਦਾ ਫਿਕਰ ਨਾਂ ਕਰੋ।” ਮੁਖਤਿਆਰ ਨੇ ਕਿਹਾ, “ਵਿਆਹ ਤਾਂ ਇਹਨਾਂ ਦਾ ਇਕ ਦਿਨ ਹੋਣਾ ਹੀ ਹੈ।”
“ਚਿੱਠੀ ਤਾਂ ਇਕ ਪਾਸੇ, ਲੋਕਾਂ ਦੇ ਨਿਆਣੇ ਤਾਂ ਵਿਆਹ ਤੋਂ ਪਹਿਲਾਂ ਘੁੰਮਦੇ- ਫਿਰਦੇ ਵੀ ਦੇਖੇ ਨੇ।” ਸੁਰਜੀਤ ਨੇ ਕਿਹਾ, “ਬੀਜੀ, ਹੁਣ ਜ਼ਮਾਨਾ ਬਦਲ ਗਿਆ।”
“ਲੋਕੀ ਤਾਂ ਖੁੂਹ ਵਿਚ ਛਾਲ ਮਾਰਨਗੇ ਅਸੀ ਉਹਨਾਂ ਦੇ ਪਿੱਛੇ ਨਹੀ ਮਾਰਨੀ।” ਹਰਨਾਮ ਕੌਰ ਨੇ ਕਿਹਾ, “ਅੋਲੇ੍ਹ ਦਾ ਖਾਧਾ ਅਤੇ ਸਿਆਣੇ ਦੇ ਕਹੇ ਦਾ ਪਿਛੋਂ ਪਤਾ ਲੱਗਦਾ ਹੁੰਦਾ ਹੈ। ਜੋ ਮੈਂ ਕਹਿੰਦੀ ਹਾਂ ਉਹ ਗਲਤ ਨਹੀ ਹੈ।”
“ਬੀਬੀ, ਅਸੀ ਕਦੋਂ ਕਹਿੰਦੇ ਆ ਕਿ ਜੋ ਤੁਸੀ ਕਹਿ ਰਹੇ ਹੋ, ਉਹ ਗਲਤ ਹੈ।” ਮੁਖਤਿਆਰ ਨੇ ਖਿੱਝ ਕੇ ਕਿਹਾ, “ਪਰ ਤੁਹਾਡੀ ਤਾਂ ਉਹ ਹੀ ਪੁਰਾਣੀ ਆਦਤ ਰਹੀ ਬਾਤ ਦਾ ਬਤੰਗੜ ਬਣਾ ਲੈਣਾ।”      ਦੀਪੀ ਮਾਂ ਪੁਤ ਨੂੰ ਬਹਿਸਦਿਆਂ ਛੱਡ ਕੇ ਚੁੱਪ ਕਰਕੇ ਅੰਦਰ ਚਲੀ ਗਈ। ਕੁਰਸੀ ਤੇ ਬੈਠ ਕੇ ਉਸ ਨੇ ਅਰਾਮ ਨਾਲ ਚਿੱਠੀ ਖੋਲ਼੍ਹੀ। ਜਿਸ ਵਿਚ ਲਿਖਿਆ ਸੀ,
ਮੇਰੀ ਪਿਆਰੀ ਦੀਪ ਕੌਰ ਜੀ,
ਫਤਿਹ ਪ੍ਰਵਾਨ ਕਰਨੀ।
ਮੈਂ ਜਿੱਥੇ ਵੀ ਹਾਂ ਰਾਜ਼ੀ-ਖੁਸ਼ੀ ਹਾਂ। ਮੈਂ ਤੁਹਾਨੂੰ ਮਿਲਣ ਦਾ ਵਾਅਦਾ ਕੀਤਾ ਸੀ, ਪਰ ਮੇਰੇ ਕੋਲ੍ਹੋ ਆ ਨਹੀਂ ਹੋਣਾ। ਜਦੋਂ ਵੀ ਮੈਨੂੰ ਸਮਾਂ ਮਿਲਿਆ, ਮੈਂ ਮਿਲਾਂਗਾ ਜ਼ਰੂਰ। ਤਹਾਨੂੰ ਦੱਸਣਾ ਚਾਹੁੰਦਾਂ ਹਾਂ ਕਿ ਮੈਂ ਗੁਰੂ ਦਾ ਸਿੰਘ ਸਜ ਗਿਆ ਹਾਂ। ਉਮੀਦ ਹੈ ਇਹ ਸੁਣ ਕੇ ਤਹਾਨੂੰ ਖੁਸ਼ੀ ਹੋਈ ਹੋਵੇਗੀ ਅਤੇ ਇਕ ਦਿਨ ਤੁਸੀ ਵੀ ਸਿੰਘਣੀ ਸਜ ਜਾਵੋਂਗੇ,
ਪਰ ਮੇਰੇ ਦਿਲ ਵਿਚ ਤੁਹਾਡੇ ਲਈ ਪਹਿਲਾਂ ਵਾਂਗ ਹੀ ਪਿਆਰ ਹੈ। ਕਿਸੇ ਗੱਲ ਦੀ ਸ਼ੰਕਾਂ ਨਹੀ ਕਰਨਾ। ਜਿਸ ਕੰੰਮ ਲਈ ਭਾਪਾ ਜੀ ਤੁਰੇ ਹਨ, ਉਹਨਾਂ ਕੰੰਮਾ ਲਈ ਮੈਂ ਵੀ ਤੁਰਨਾ ਚਾਹੁੰਦਾ ਹਾਂ, ਹੋ ਸਕਦਾ ਹੈ ਢੰਗ ਵੱਖਰਾ ਹੋਵੇ। ਮੇਰਾ ਇਕ ਦੋਸਤ ਜੋ ਆਦਿਧਰਮੀ ਹੈ ਉਹ ਵੀ ਸਿੰਘ ਸੱਜ ਕੇ ਮੇਰਾ ਗੁਰਭਾਈ ਬਣਿਆ ਹੈ। ਮੈਂ ਨਵਾਬ ਕਪੂਰ ਸਿੰਘ ਦੀ ਕਿਤਾਬ ਪੜ੍ਹਦਾ ਹੁੰਦਾ ਸੀ ਅਤੇ ਉਹ ਡਾਕਟਰ ਅੰਬੇਦਕਰ ਦੀ। ਆਪਣੇ ਸਮਾਜ ਦੀ ਲੋਟੂ ਜਮਾਤ ਬਾਰੇ ਸ: ਕਪੂਰ ਸਿੰਘ ਜੀ ਅਤੇ ਡਾ: ਅੰਬੇਦਕਰ ਜੀ ਨੇ ਵਧੀਆ ਚਾਨਣਾ ਪਾਇਆ ਹੈ। ਇਸ ਕਰਕੇ ਸਾਡੇ ਬਹੁਤੇ ਖਿਆਲ ਇਕ ਦੂਜੇ ਨਾਲ ਮਿਲਦੇ ਹਨ। ਮੇਰੇ ਸਿੰਘ ਸਜ ਜਾਣ ਦਾ ਸਾਡੇ ਘਰ ਕਿਸੇ ਨੂੰ ਵੀ ਪਤਾ ਨਹੀ ਹੈ, ਵੈਸੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਸਮਾਂ ਮਿਲਦੇ ਹੀ ਪਿੰਡ ਦਾ ਗੇੜਾ ਕੱਢ ਆਵਾਂਗਾ। ਤਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜੁਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ। ਜੇ ਤੁਸੀ ਚਿੱਠੀ ਦਾ ਜ਼ਵਾਬ ਦੇਣਾ ਚਾਹੁੰਦੇ ਹੋ ਤਾਂ ਥੱਲੇ ਲਿਖੇ ਪਤੇ ਤੇ ਲਿਖ ਦੇਣੀ। ਮੇਰੇ ਵਲੋਂ ਆਪਣੇ ਸਾਰੇ ਪਰਿਵਾਰ ਨੂੰ ਗੁਰੂ ਫਤਿਹ ਬੁਲਾਉਣੀ।
ਆਪ ਜੀ ਦਾ,
ਦਿਲਪ੍ਰੀਤ ਸਿੰਘ।
ਦੀਪੀ ਨੇ ਚਿੱਠੀ ਪੜ੍ਹੀ ਤਾਂ ਹੈਰਾਨ ਹੀ ਰਹਿ ਗਈ। ਉਸ ਨੂੰ ਤਾਂ ਲੱਗੇ ਵੀ ਨਾ ਕਿ ਦਿਲਪ੍ਰੀਤ ਦੀ ਚਿੱਠੀ ਹੈ। ਜਦੋਂ ਉਹ ਪਹਿਲੀ ਵਾਰ ਦਿਲਪ੍ਰੀਤ ਨੂੰ ਮਿਲੀ ਸੀ, ਉਸ ਤਰਾ ਦੀ ਬੋਲੀ ਹੀ ਦਿਲਪ੍ਰੀਤ ਨੇ ਚਿੱਠੀ ਵਿਚ ਵਰਤੀ ਸੀ। ਉਸ ਨੂੰ ਇਸ ਤਰ੍ਹਾਂ ਲੱਗਾ, ਜਿਵੇ ਦਿਲਪ੍ਰੀਤ ਫਿਰ ਅਜਨਬੀ ਬਣ ਗਿਆ ਹੋਵੇ ਜਾਂ ਸਿੰਘ ਬਣ ਜਾਣ ਕਾਰਨ ਕੋਈ ਬਦਲਾਉ ਆ ਗਿਆ ਹੈ। ਚਿੱਠੀ ਫੜ੍ਹੀ ਸੋਚਾਂ ਵਿਚ ਡੁੱਬੀ ਨੂੰ ਸੁਰਜੀਤ ਨੇ ਬੁਲਾਇਆ, “ਦੀਪੀ, ਦਿਲਪ੍ਰੀਤ ਦੀ ਹੀ ਚਿੱਠੀ ਹੈ।”
“ਹਾਂ, ਜੀ।”
“ਕੀ ਲਿਖਦਾ ਹੈ।”
“ਬਸ, ਰਾਜ਼ੀ ਖੁਸ਼ੀ।”
“ਵਿਆਹ ਕਰਾਉਣ ਲਈ ਕਹਿੰਦਾ ਹੋਵੇਗਾ।” ਸੁਰਜੀਤ ਨੇ ਹਸਦੇ ਕਿਹਾ, “ਉਹਨੂੰ ਲਿਖ ਦੇ ਅਸੀਂ ਛੇਤੀ ਹੀ ਵਿਆਹ ਦੀ ਤਾਰੀਖ ਪੱਕੀ ਕਰ ਲੈਣੀ ਹੈ।”
ਦੀਪੀ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਚਿੱਠੀ ਪੜ੍ਹ ਕੇ ਉਸ ਦਾ ਦਿਲ ਬੋਲਣ ਨੂੰ ਨਹੀਂ ਸੀ ਕਰਦਾ ਸਗੋਂ ਦਿਲਪ੍ਰੀਤ ਬਾਰੇ ਸੋਚਣ ਨੂੰ ਕਰ ਰਿਹਾ ਸੀ। ਉਸ ਦੀ ਦਾਦੀ ਅਤੇ ਡੈਡੀ ਅਜੇ ਵੀ ਬਾਹਰ ਉੱਚੀ ਉੱਚੀ ਗੱਲਾਂ ਕਰ ਰਹੇ ਸਨ। ਉਸ ਨੇ ਜਸਵੰਤ ਸਿੰਘ ਕੰਵਲ ਦਾ ਲਿਖਿਆ ਨਾਵਲ ਪਾਲੀ ਚੁਕਿਆ ਅਤੇ ਚਿੱਠੀ ਉਸ ਵਿਚ ਰੱਖ ਕੇ ਚਬਾਰੇ ਦੀ ਪੌੜੀਆ ਚੜ ਗਈ। ਮੁਖਤਿਆਰ ਅਤੇ ਹਰਨਾਮ ਦੀ ਕੌਰ ਦੀ ਲੜਾਈ ਗੱਲਾਂ ਵਿਚ ਬਦਲ ਗਈ, “ਤੂੰ ਮਿੰਦੀ ਨੂੰ ਸੁਨੇਹਾ ਭੇਜਿਆ ਸੀ ਕਿ ਨਹੀ।” ਹਰਨਾਮ ਕੌਰ ਪੁੱਛ ਰਹੀ ਸੀ, “ਵਿਆਹ ਬਾਰੇ ਗੱਲ-ਬਾਤ ਕਰਨ ਲਈ।”      “ਸੁਨੇਹਾ ਤਾਂ ਦਿੱਤਾ ਸੀ।” ਮੁਖਤਿਆਰ ਨੇ ਕਿਹਾ, “ਪਤਾ ਨਹੀਂ ਉਹਨਾ ਨੂੰ ਮਿਲਿਆ ਹੈ ਜਾਂ ਨਹੀਂ।”
“ਮਿਲਿਆ ਹੁੰਦਾ ਤਾਂ ਉਹਨੀ ਜ਼ਰੂਰ ਆ ਜਾਣਾ ਸੀ।” ਕੋਲ ਬੈਠੀ ਗਿਆਨ ਕੌਰ ਨੇ ਕਿਹਾ, “ਹਰਨਾਮ ਕੌਰੇ ਤੂੰ ਵਿਆਹ ਦਾ ਬਹੁਤਾ ਫਿਕਰ ਨਾ ਕਰਿਆ ਕਰ, ਜਿਸ ਦਿਨ ਦਾ ਸੰਜੋਗ ਹੋਣਾ ਹੋਊ, ਉਸ ਦਿਨ ਆਪੇ ਹੋ ਜਾਊ।”
ਗੱਲਾਂ ਕਰ ਹੀ ਰਹੀਆਂ ਸਨ ਕਿ ਚਰਨੋ ਝੀਰੀ ਲਹੌਰੀਆ ਦੇ ਘਰੋਂ ਅੰਖਡ-ਪਾਠ ਦਾ ਲੰਗਰ ਲੈ ਕੇ ਆ ਗਈ।
“ਬੀਬੀ, ਆਹ ਰੋਟੀ ਪੁਵਾ ਲਵੋ ਲਹੌਰੀਆਂ ਨੇ ਭੇਜੀ ਹੈ।”
“ਮੁਖਤਿਆਰ ਖਾ ਤਾਂ ਆਇਆ ਸੀ।” ਹਰਨਾਮ ਕੌਰ ਰਸੋਈ ਵੱਲ ਰੋਟੀ ਲਿਜਾਂਦੀ ਕਹਿ ਰਹੀ ਸੀ।
ਹਰਨਾਮ ਕੌਰ ਰਸੋਈ ਵਿਚ ਸੁਰਜੀਤ ਨੂੰ ਰੋਟੀ ਫੜਾ ਕੇ ਆਪ ਮੁੜ ਆਈ।
ਚਰਨੋ ਨੇ ਕਿਹਾ, “ਲਹੌਰੀਆਂ ਨੇ ਤਹਾਨੂੰ ਚੁਲੇ ਨਿਉਂਦਾ ਭੇਜਿਆ ਸੀ, ਤੁਹਾਡੇ ਵਿਚੋਂ ਸਿਰਫ ਮੁਖਤਿਆਰ ਹੀ ਰੋਟੀ ਖਾ ਕੇ ਆਇਆ।”
“ਲਹੌਰੀਏ ਆਪ ਜਿਦਾਂ, ਕਿਸੇ ਦੇ ਦਿਨ ਸੁਧਾਂ ਤੇ ਜਾਂਦੇ ਆ।” ਹਰਨਾਮ ਕੌਰ ਨੇ ਕਿਹਾ, “ਉਦਾਂ ਹੀ ਅਸੀ ਗਏ।”
ਚਾਚੀ ਛੱਡ ਤੂੰ ਲਹੌਰੀਆਂ ਦੀ ਗੱਲਾਂ।” ਸੁਰਜੀਤ ਰੋਟੀ ਵਾਲੇ ਖਾਲੀ ਭਾਡੇ ਲਿਆਉਂਦੀ ਬੋਲੀ, “ਤੂੰ ਆਪਣਾ ਹਾਲ ਸੁਣਾ, ਬਹੁਤ ਚਿਰ ਬਾਅਦ ਤੂੰ ਸਾਡੇ ਘਰ ਦਾ ਗੇੜਾ ਲਾਇਆ।”
“ਮੇਰਾ ਹਾਲ ਤਾਂ ਉਹੋ ਜਿਹਾ ਹੀ ਹੈ ਕਿ ਭੰਡਾਂ ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ। ਕਿਸੇ ਦੇ ਅੰਖਡ-ਪਾਠ ਕਿਸੇ ਦੇ ਵਿਆਹ, ਮੈਂ ਇਹਨਾ ਕੰਮਾਂ ਵਿਚ ਤੁਰੀ ਰਹਿੰਦੀ ਆਂ।”
“ਚਾਚੇ ਦਾ ਕੀ ਹਾਲ ਆ”?
“ਚਾਚੇ ਦਾ ਉਹੀ ਹਾਲ, ਪਰਨਾਲਾ ਥਾਂ ਦੀ ਥਾਂ, ਡੱਫ ਕੇ ਪਿਆ ਰਹਿੰਦਾ ਆ।”
“ਤੂੰ ਆਪਣੇ ਨਾਲ ਲੈ ਕੇ ਜਾਇਆ ਕਰ।” ਗਿਆਨ ਕੌਰ ਨੇ ਕਿਹਾ, “ਤੇਰੇ ਨਾਲ ਕੰੰਮ ਨੂੰ ਹੱਥ ਪੁਵਾਇਆ ਕਰੇ।”
“ਹਾਂ, ਸਵਾਹ ਉਨੇ ਹੱਥ ਪਵਾਉਣਾ।”
“ਚਾਚੀ, ਹੁਣ ਪਿੰਡ ਵਿਚ ਕਿਸ ਦਾ ਵਿਆਹ ਆ।” ਸੁਰਜੀਤ ਨੇ ਪੁੱਛਿਆ, “ਅਸੀਂ ਵੀ ਦੀਪੀ ਦਾ ਵਿਆਹ ਛੇਤੀ ਰੱਖ ਦੇਣਾ ਆ, ਪਰ ਅਜੇ ਕਿਸੇ ਕੋਲ ਗੱਲ ਨਾ ਕਰੀਂ।”
“ਤਾਂ ਤਾਂ ਵਧਾਈਆਂ ਹੋਣ।” ਚਰਨੋ ਨੇ ਖੁਸ਼ ਹੁੰਦੀ ਕਿਹਾ, “ਦੀਪੀ ਦੀ ਮੰਗਣੀ ਬਾਰੇ ਉੱਡਦੀ ਉੱਡਦੀ ਖਬਰ ਤਾਂ ਸੁਣੀ
ਸੀ। ਹੋਰ ਦਸਾਂ, ਦੀਪੀ ਦੀ ਸਹੇਲੀ ਸਿਮਰੀ ਆ ਜਿਹੜੀ।”
“ਆਹੋ।” ਹਰਨਾਮ ਕੌਰ ਨੇ ਇਕਦਮ ਧਿਆਨ ਦੇਂਦੇ ਕਿਹਾ, “ਉਹ ਲੰਮਿਆਂ ਦੀ ਕੁੜੀ।”
“ਮੈਨੂੰ ਲੱਗਦਾ ਉਹਦਾ ਵਿਆਹ ਵੀ ਹੁਣ ਛੇਤੀ ਆਊ।” ਚਰਨੋ ਨੇ ਦੱਸਿਆ, “ਕੱਲ ਪਰਸੋਂ ਉਹਨਾ ਦੇ ਘਰ ਦੋ ਕਾਰਾਂ ਆਈਆਂ ਸਨ।”
“ਅੱਗੇ ਤਾਂ ਸਿਮਰੀ ਕਦੀ ਕਦਾਈ ਆ ਹੀ ਜਾਂਦੀ ਸੀ, ਹੁਣ ਦੇਰ ਹੋ ਗਈ ਆਈ ਨੂੰ।” ਸੁਰਜੀਤ ਨੇ ਕਿਹਾ, “ਦੀਪੀ ਵੀ ਨਹੀ ਗਈ ਉਹਨਾਂ ਦੇ ਘਰ ਵੱਲ ਨੂੰ ਨਹੀ ਤਾਂ ਸਿਮਰੀ ਨੇ ਦੱਸ ਦੇਣਾ ਸੀ।”
“ੳਦਾਂ ਤਾਂ ਸੁਰਜੀਤ ਕੁਰੇ ਵਧੀਆ, ਪਿੰਡ ਵਿਚ ਵਿਆਹ ਹੁੰਦੇ ਰਹਿਣ।” ਚਰਨੋ ਨੇ ਕਿਹਾ, “ਸਾਡੇ ਗਰੀਬਾ ਦੀਆਂ ਵੀ ਪੌਂ ਵਾਰਾਂ ਹੋ ਜਾਂਦੀਆ ਨੇ। ਹੋਰ ਸੁਣ, ਲੰਬੜਾ ਦੀ ਵੱਡੀ ਨੂੰਹ ਨੂੰ ਨਿੱਕਾ- ਨਿਆਣਾ ਹੋਣ ਵਾਲਾ ਆ।”
“ਆ ਤਾਂ ਬਹੁਤਾ ਸੋਹਣਾ ਹੋਇਆ।” ਗਿਆਨ ਕੌਰ ਨੇ ਕਿਹਾ, “ਕਿੰਨੇ ਵਰਿ੍ਹਆਂ ਬਾਅਦ ਰੱਬ ਨੇ ਭਾਗ ਲਾਏ।”
“ਕਹਿੰਦੇ ੳਸੇ ਸਿਆਣੇ ਕੋਲੋ ਦਵਾ ਖਾਧੀ, ਜਿਸ ਤੋਂ ਸੈਣੀਆਂ ਦੀ ਵਹੁਟੀ ਨੇ ਖਾਧੀ ਸੀ।” ਚਰਨੋ ਨੇ ਦੱਸਿਆ, “ਨਾਲੇ ਹੋਰ ਸਣਾਵਾਂ, ਸਿਆਲਕੋਟੀਏ ਨੇ ਆਪਣੇ ਮੁੰਡੇ ਨੂੰ ਬਾਹਰਲੇ ਮੁਲਕ ਕਿਤੇ ਭੇਜਿਆ, ਪਰ ਜ਼ਮੀਨ ਗਹਿਣੇ ਕਰਕੇ।”
“ਚੱਲ ਜੇ ਮੁੰਡਾ ਬਾਹਰ ਚਲਾ ਗਿਆ ਤਾਂ ਆਪ ਹੀ ਛੁਡਾ ਲਊ।” ਗਿਆਨ ਕੌਰ ਨੇ ਕਿਹਾ, “ਹੋਰ ਜਿੰਮੀਦਾਰ ਕਰਨ ਵੀ ਕੀ।”
“ਪਤਾ ਨਹੀ, ਬੀਰੇ ਦਾ ਭਾਪਾ ਕਹਿੰਦਾ ਸੀ ਕਿ ਅਜੇ ਬੰਬੇ ਹੀ ਬੈਠਾ ਆ।” ਚਰਨੋ ਨੇ ਕਿਹਾ, “ਚੰਗਾ ਬੀਬੀ, ਮੈਂ ਚਲਾਂ, ਲਹੌਰੀਏ ਦੇਖਦੇ ਹੋਣੇ ਆ ਰੋਟੀ ਦੇਣ ਗਈ ਹੀ ਨਹੀਂ ਮੁੜੀ, ਜਾ ਕੇ ਭਾਡਿਆਂ ਦਾ ਭੰਡੋਰ ਵੀ ਸਾਭਣਾ।”
“ਮੈਂ ਤਾਂ ਚਾਹ ਰੱਖੀ ਸੀ।” ਸੁਰਜੀਤ ਨੇ ਕਿਹਾ।
“ਨਹੀਂ ਹੁਣ ਚਾਹ ਨੀ ਪੀਣੀ।” ਚਰਨੋ ਨੇ ਹਰਨਾਮ ਕੌਰ ਨੂੰ ਕਿਹਾ, “ਚੰਗਾ ਫਿਰ ਆਵਾਂਗੀ। ਵਿਆਹ ਬਾਰੇ ਦੱਸਿਉ, ਵਿਆਹ ਆਪਾਂ ਗੱਜ-ਵੱਜ ਕੇ ਕਰਨਾ ਆ, ਬੀਬੀ, ਐਵੇ ਨਾ ਕੰਜੂਸੀ ਕਰੀਂ।”
“ਅਜੇ ਪਿੰਡ ਵਿਚ ਵਿਆਹ ਬਾਰੇ ਡੌਂਡੀ ਨਾ ਪਿਟਣ ਲੱਗ ਪਈਂ।” ਹਰਨਾਮ ਕੌਰ ਨੇ ਚਿਤਾਵਨੀ ਦਿੱਤੀ, “ਜੇ ਪਹਿਲਾਂ ਹੀ ਰੋਲਾ ਪਾ ਦਿੱਤਾ, ਫਿਰ ਤੈਨੂੰ ਮੈਂ ਸੂਟ ਨਹੀਂ ਦੇਣਾ।”
“ਮੇਰੀ ਨਹੀ ਆਦਤ ਲੋਕਾਂ ਦੇ ਘਰਾਂ ਦੇ ਪਰਦੇ ਖੋ੍ਹਲਣ ਦੀ।” ਚਰਨੋ ਤੁਰੀ ਤੁਰੀ ਜਾਂਦੀ ਕਹਿ ਰਹੀ ਸੀ, “ਅਸੀ ਤਾਂ ਸਾਰੇ ਪਿੰਡ ਦਾ ਭੇਦ ਢਿੱਡ ਵਿਚ ਰੱਖੀਦਾ ਆ।”

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>