ਹੱਕ ਲਈ ਲੜਿਆ ਸੱਚ – (ਭਾਗ-46)

ਕਣਕਾਂ ਦਾ ਰੰਗ ਥੋੜਾ ਥੋੜਾ ਸੁਨੈਹਰੀ ਹੋਣ ਲੱਗ ਪਿਆ ਸੀ। ਮੁਖਤਿਆਰ ਨਿਆਂਈ ਵਾਲੇ ਖੇਤ ਦੀ ਕਣਕ ਵੇਖ ਕੇ ਖੁਸ਼ ਹੋ ਰਿਹਾ ਸੀ ਕਿਵੇ ਭਾਰੀ ਫਸਲ ਲਹਿਰਾ ਰਹੀ ਸੀ। ਉਸ ਦਾ ਧਿਆਨ ਸਕੂਟਰ ਦੀ ਅਵਾਜ਼ ਨੇ ਆਪਣੇ ਵੱਲ ਖਿਚ ਲਿਆ, ਉਸ ਨੇ ਦੇਖਿਆਂ ਤਾਂ ਤੋਸ਼ੀ ਆ ਰਿਹਾ ਸੀ।
“ਸਤਿ ਸ੍ਰੀ ਅਕਾਲ, ਭਾਜੀ।” ਤੋਸ਼ੀ ਨੇ ਆਪਣਾ ਸਕੂਟਰ ਇਕ ਪਾਸੇ ਖੜਾ ਕਰਦੇ ਹੋਏ ਕਿਹਾ, ” ਘਰੋਂ ਪਤਾ ਲੱਗਾ ਕਿ ਆਪ ਖੇਤਾਂ ਵਿਚ ਹੋ ਤਾਂ ਮੈਂ ਇੱਥੇ ਆ ਗਿਆ।”
“ਮਿੰਦੀ ਨਹੀਂ ਆਈ।” ਮੁਖਤਿਆਰ ਨੇ ਹੱਥ ਮਿਲਾਉਂਦੇ ਪੁੱਛਿਆ, “ਸਭ ਠੀਕ- ਠਾਕ ਨੇਂ।”
“ਸਭ ਰਾਜ਼ੀ- ਖੁਸ਼ੀ ਨੇਂ।” ਤੋਸ਼ੀ ਨੇ ਕਿਹਾ, “ਮਿੰਦੀ ਅਤੇ ਕਾਕਾ ਵੀ ਆਏ ਆ, ਉਹਨਾ ਨੂੰ ਘਰ ਲਾਹ ਕੇ ਆਇਆ ਹਾਂ।”
“ਸਨੇਹਾ ਭੇਜ ਦੇਣਾ ਸੀ, ਮੈਂ ਘਰੇ ਹੀ ਆ ਜਾਣਾ ਸੀ।”
“ਮਂੈ ਜਾਣ ਕੇ ਹੀ ਤੁਹਾਡੇ ਕੋਲ ਆਇਆ ਹਾਂ।” ਤੋਸ਼ੀ ਨੇ ਕਿਹਾ, “ਕਈ ਗੱਲਾਂ ਆਪਾਂ ਅੋਰਤਾਂ ਦੇ ਸਾਹਮਣੇ ਨਹੀ ਕਰ ਸਕਦੇ।”
“ਕੋਈ ਖਾਸ ਗੱਲ ਹੈ?” ਮੁਖਤਿਆਰ ਨੇ ਹੈਰਾਨੀ ਨਾਲ ਕਿਹਾ, “ਘਰੇ ਸਭ ਸੁੱਖ-ਸਾਂਦ ਹੈ।।”
“ਦਿਲਪ੍ਰੀਤ ਬਾਰੇ ਹੀ ਗੱਲ ਕਰਨੀ ਸੀ।”
“ਗੱਲ ਤਾਂ ਮੈਂ ਵੀ ਦਿਲਪ੍ਰੀਤ ਬਾਰੇ ਕਰਨੀ ਹੈ।” ਮੁਖਤਿਆਰ ਨੇ ਦੱਸਿਆ, “ਚਲੋ ਪਹਿਲਾਂ ਤੁਸੀ ਕਰੋ ਗੱਲ।”
“ਤਹਾਨੂੰ ਪਤਾ ਤਾਂ ਲੱਗ ਹੀ ਗਿਆ ਹੈ ਕਿ ਦਿਲਪ੍ਰੀਤ ਨੇ ਵਿਆਹ ਅਟਕਾ ਦਿੱਤਾ ਹੈ।” ਤੋਸ਼ੀ ਨੇ ਕਿਹਾ, “ਇਸ ਬਾਰੇ ਤੁਹਾਡੇ ਨਾਲ ਸਲਾਹ ਹੀ ਕਰਨੀ ਆ।”
“ਦਿਲਪ੍ਰੀਤ ਨੇ ਵਿਆਹ ਕਿੳਂ ਲੰਮਲੇਟ ਕੀਤਾ ਇਹਦੇ ਬਾਰੇ ਤਾਂ ਸਾਨੂੰ ਕੁਝ ਪਤਾ ਨਹੀਂ, ਪਰ, ਮੈਨੂੰ ਦਾਲ ਵਿਚ ਕੁਝ ਕਾਲ੍ਹਾ ਕਾਲ੍ਹਾ ਜ਼ਰੂਰ ਲੱਗਦਾ ਹੈ।” ਮੁਖਤਿਆਰ ਨੇ ਆਪਣੇ ਦਿਲ ਦੀ ਗੱਲ ਕਰਦੇ ਕਿਹਾ।
“ਖੈਰ, ਇਦਾਂ ਦੀ ਵੀ ਕੋਈ ਗੱਲ ਨਹੀ।” ਤੋਸ਼ੀ ਨੇ ਆਪਣੇ ਵਲੋਂ ਸਮਝਾਦਿਆਂ ਕਿਹਾ, “ਦਰਅਸਲ ਦਿਲਪ੍ਰੀਤ ਭਿੰਡਰਾਂਵਾਲਿਆਂ ਦਾ ਚੇਲਾ ਬਣ ਗਿਆ।”
“ਇਸ ਸਮੇਂ ਤਾਂ ਉੁਹਨਾ ਦੇ ਚੇਲੇ ਦੂਰ ਦੂਰ ਤੋਂ ਬਣ ਰਹੇ ਨੇ।” ਮੁਖਤਿਆਰ ਨੇ ਕਿਹਾ, “ਪਰ ਉਹ ਕਿਸੇ ਨੂੰ ਵਿਆਹ ਕਰਾਉਣ ਤੋਂ ਤਾਂ ਨਹੀ ਰੋਕਦੇ।”
“ਜਿਥੋਂ ਤਕ ਮੈਨੂੰ ਲੱਗਦਾ ਹੈ ਕਿ ਦਿਲਪ੍ਰੀਤ।” ਤੋਸ਼ੀ ਨੇ ਕੁਝ ਅਟਕ ਕੇ ਕਿਹਾ, “ਉਹ ਮੁੰਡਿਆਂ ਨਾਲ ਰਲ ਗਿਆ।”
“ਅੱਛਾ।” ਮੁਖਤਿਆਰ ਨੇ ਹੱਕੇ-ਬੱਕੇ ਹੋ ਕੇ ਕਿਹਾ, “ਮੈਂ ਇਹਨੂੰ ਚੰਗੀ ਗਲ ਕਹਾਂ ਜਾਂ ਮਾੜੀ ਮੈਨੂੰ ਤਾਂ ਸਮਝ ਨਹੀ ਲੱਗਦੀ, ਤੁਸੀ ਦੱਸੋ ਤੁਹਾਡਾ ਕੀ ਇਰਾਦਾ ਆ।”
“ਸਾਡਾ ਤਾਂ ਇਰਾਦਾ ਇਹ ਹੀ ਹੈ ਕਿ ਕਿਸੇ ਤਰ੍ਹਾਂ ਦਿਲਪ੍ਰੀਤ ਅਤੇ ਦੀਪੀ ਦਾ ਵਿਆਹ ਹੋ ਜਾਵੇ। ਬਾਕੀ ਤੁਸੀਂ ਦੱਸੋ।”
“ਵੀਰ, ਸਾਨੂੰ ਤਾਂ ਹੁਣ ਕੁਝ ਸੋਚਣਾ ਪੈਣਾ ਆ।” ਮੁਖਤਿਆਰ ਨੇ ਉਦਾਸ ਹੋ ਕੇ ਕਿਹਾ, “ਤੁਹਾਡੇ ਕਹਿਣ ਅਨੁਸਾਰ ਜਿਸ ਰਾਹ ਤੇ ਦਿਲਪ੍ਰੀਤ ਤੁਰ ਪਿਆ, ਉੱਥੇ ਜ਼ਿੰਦਗੀ ਦੀ ਤਾਂ ਕੋਈ ਗਰੰਟੀ ਹੀ ਨਹੀ।”
“ਭਾਅ ਜੀ, ਜ਼ਿੰਦਗੀ ਦੀ ਗਰੰਟੀ ਤਾਂ ਕਿਸੇ ਰਾਹ ਉੱਪਰ ਵੀ ਨਹੀਂ ਹੁੰਦੀ।” ਤੋਸ਼ੀ ਨੇ ਗੰਭੀਰ ਹੁੰਦੇ ਕਿਹਾ, “ਫਿਰ ਵੀ ਜਿਵੇਂ ਤੁਸੀ ਠੀਕ ਸਮਝਦੇ ਹੋ, ਅਸੀ ਉਹ ਹੀ ਮੰਨਣ ਨੂੰ ਤਿਆਰ ਹਾਂ।”
“ਅਸੀਂ ਤਾਂ ਹੁਣ ਕੀ ਠੀਕ ਸਮਝਣਾ।” ਮੁਖਤਿਆਰ ਨੇ ਇਕ ਲੰਮਾ ਹਾਉਕਾ ਲੈਂਦੇ ਕਿਹਾ, “ਸੋਚਿਆ ਨਹੀਂ ਸੀ ਕਦੇ ਇਸ ਤਰ੍ਹਾਂ ਵੀ ਹੋਵੇਗੀ।”
“ਏਡੀ ਵੀ ਕੋਈ ਅਣਹੋਣੀ ਨਹੀਂ ਹੋ ਗਈ।” ਤੋਸ਼ੀ ਨੇ ਮੁਖਤਿਆਰ ਦਾ ਉਦਾਸ ਚਿਹਰਾ ਦੇਖ ਕੇ ਕਿਹਾ, “ਹੋ ਸਕਦਾ ਹੈ ਮੈਨੂੰ ਭੁਲੇਖਾ ਵੀ ਲੱਗਾ ਹੋਵੇ, ਆਪਾਂ ਰਲ ਕੇ ਦਿਲਪ੍ਰੀਤ ਨੂੰ ਮੋੜ ਵੀ ਸਕਦੇ ਹਾਂ।”
“ਭੁਲੇਖਾਂ ਤਾਂ ਤਹਾਨੂੰ ਕੀ ਲੱਗਣਾ, ਭੁਲੇਖਿਆਂ ਵਿਚ ਤਾਂ ਅਸੀਂ ਪੈ ਗਏ।” ਮੁਖਤਿਆਰ ਨੇ ਫਿਰ ਹਾਉਕਾ ਲਿਆ, “ਖੈਰ ਇਹਦੇ ਬਾਰੇ ਮੈਂ ਅਜੇ ਤਾਂ ਕੁਝ ਵੀ ਨਹੀਂ ਕਹਿ ਸਕਦਾ, ਘਰੇ ਸਲਾਹ ਕਰਕੇ ਕੋਈ ਫੈਂਸਲਾ ਦੱਸਾਂਗੇ।”
“ਤੁੁਹਾਡਾ ਕੀ ਮਤਲਵ, ਤੁਸੀਂ ਆਪਣਾ ਪਹਿਲਾ ਫ਼ੈਸਲਾ ਬਦਲ ਲਵੋਂਗੇ”
“ਮੈ ਇਹਦੇ ਬਾਰੇ ਉਹਨਾ ਚਿਰ ਕੁਝ ਨਹੀਂ ਕਹਿ ਸਕਦਾ ਜਿੰਨਾ ਚਿਰ ਆਪਣੇ ਪਰਿਵਾਰ ਨਾਲ ਸਲਾਹ ਨਹੀਂ ਕਰ ਲੈਂਦਾ।” ਮੁਖਤਿਆਰ ਨੇ ਇਕਦਮ ਆਪਣਾ ਮੂਡ ਬਦਲਦੇ ਕਿਹਾ, “ਚਲੋ ਘਰ ਨੂੰ ਚਲਦੇ ਹਾਂ, ਫਿਰ ਕੁਝ ਸੋਚਾਂਗੇ।”
ਮੁਖਤਿਆਰ ਤੋਸ਼ੀ ਦੇ ਸਕੂਟਰ ਤੇ ਬੈਠਾ ਘਰ ਨੂੰ ਜਾ ਰਿਹਾ ਸੀ। ਕਈ ਤਰ੍ਹਾਂ ਦੇ ਖਿਆਲ ਉਸ ਦੇ ਮਨ ਵਿਚ ਘੁੰਮ ਰਹੇ ਸਨ। ਦੂਹਰੀ ਰਿਸ਼ਤੇਦਾਰੀ ਨਾ ਹੁੰਦੀ ਤਾਂ ਸ਼ਾਇਦ ਮੁਖਤਿਆਰ ਅੱਜ ਹੀ ਰਿਸ਼ਤਾ ਤੌੜ ਦਿੰਦਾ, ਪਰ ਹੁਣ ਰਿਸ਼ਤਾ ਤੋੜਨ ਤੋਂ ਪਹਿਲਾਂ ਕਈ ਕੁਝ ਸੋਚਣਾ ਪੈਣਾ ਸੀ। ਖੇਤਾਂ ਤੋਂ ਘਰ ਤਕ ਜਾਂਦਿਆਂ ਉਹਨਾ ਆਪਸ ਵਿਚ ਕੋਈ ਵੀ ਗੱਲ ਨਾ ਕੀਤੀ। ਤੋਸ਼ੀ ਦੀ ਵੀ ਇਹ ਹੀ ਹਾਲਤ ਸੀ, ਸੋਚ ਰਿਹਾ ਸੀ ਕਿ ਕਿਥੇ ਅਸੀਂ ਵਿਚੋਲਗੀਰੀ ਵਿਚ ਫਸ ਗਏ। ਘਰ ਪਹੁੰਚਦਿਆ ਮੁਖਤਿਆਰ ਨੇ ਆਪਣੀਆਂ ਭਾਵਨਾਵਾਂ ਨੂੰ ਕਾਫੀ ਹੱਦ ਤਕ ਕਾਬੂ ਕਰ ਲਿਆ ਤੇ ਜਾਂਦਾ ਹੀ ਪਹਿਲਾਂ ਵਾਂਗ ਹੀ ਮਿੰਦੀ ਨਾਲ ਬੋਲਿਆ, “ਮਹਿੰਦਰ ਕੌਰ ਭੈਣ ਤਾਂ ਘਰੇ ਬੈਠੀ ਆ, ਮੈਂ ਪਰਾਹੁਣੇ ਨਾਲ ਲੜਨ ਨੂੰ ਫਿਰਦਾ ਸੀ ਕਿ ਸਾਡੀ ਭੈਣ ਨੂੰ ਲੈ ਕੇ ਹੀ ਨਹੀ ਆਇਆ।”
“ਲੈ, ਭਾਅ, ਇਦਾਂ ਮੈਂ ਪਰਾਹੁਣੇ ਨੂੰ ਇਕਲਿਆਂ ਆਉਣ ਦੇਂਦੀ ਆਂ।” ਮਿੰਦੀ ਨੇ ਮੁਖਤਿਆਰ ਨੂੰ ਮਿਲਦਿਆ ਹੱਸਦੇ ਕਿਹਾ, “ਕੁੜੀਆਂ ਬਗੈਰ ਪਰਾਹੁਣਿਆ ਦੀ ਕੀ ਇੱਜ਼ਤ।।”
“ਮਿੰਦੀ ਹਾਅ ਗੱਲ ਰਹਿਣ ਦੇ।” ਮੰਜੇ ਤੇ ਬੈਠੀ ਗਿਆਨ ਕੌਰ ਫਲ੍ਹੀਆਂ ਕੱਢਦੀ ਹੋਈ ਬੋਲੀ, “ਸਾਨੂੰ ਪਰਾਹੁਣਾ ਪਹਿਲਾਂ ਆ।”
ਬੇਸ਼ੱਕ ਸਾਰੇ ਆਪਸ ਵਿਚ ਹੱਸਦੇ ਮਜ਼ਾਕ ਕਰ ਰਹੇ ਸਨ, ਪਰ ਤੋਸ਼ੀ ਤੇ ਮੁਖਤਿਆਰ ਅੰਦਰੋ ਅੰਦਰੀ ਉਲਝਨ ਵਿਚ ਫਸੇ ਮਹਿਸੂਸ ਕਰ ਰਹੇ ਸਨ। ਚਾਹ ਪਾਣੀ ਪੀਣ ਤੋਂ ਬਾਅਦ ਤੋਸ਼ੀ ਨੇ ਮਿੰਦੀ ਨੂੰ ਕਿਹਾ, “ਚੱਲੀਏ।” ਮਿੰਦੀ ਹੈਰਾਨ ਜਿਹੀ ਹੋਈ ਤੋਸ਼ੀ ਦੇ ਮੂੰਹ ਵੱਲ ਦੇਖਣ ਲੱਗੀ ਕਿਉਂਕਿ ਉਹ ਘਰੋਂ ਤੇ ਸਲਾਹ ਕਰਕੇ ਆਏ ਸਨ ਰਾਤ ਰਹਿਣ ਲਈ, ਪਰ ਉਹ ਬੋਲੀ ਕੁਝ ਨਾ। ਸਗੋਂ ਗਿਆਨ ਕੌਰ ਨੇ ਕਿਹਾ, “ਨਾ ਚੱਲੀਏ ਕਿਉਂ, ਕੱਲ ਨੂੰ ਜਾਇਉ, ਬਹਿ ਜਾਉ ਆਰਾਮ ਨਾਲ।”
“ਨਹੀਂ, ਭੂਆ ਜੀ ਅੱਗੇ ਰਾਤ ਰਹਿ ਕੇ ਹੀ ਜਾਈਦਾ ਹੈ।” ਤੋਸ਼ੀ ਨੇ ਕਿਹਾ, “ਅੱਜ ਸਾਨੂੰ ਜਾਣਾ ਹੀ ਪੈਣਾ ਆ।”
“ਲੈ ਹਜੇ ਤਾਂ ਆਪਾਂ ਵਿਆਹ ਬਾਰੇ ਸਲਾਹਾਂ ਕਰਨੀਆ।” ਕੋਲ ਪੀੜੀ ਤੇ ਬੈਠੀ ਹਰਨਾਮ ਕੌਰ ਬੋਲੀ, “ਮੈਂ ਤਾ ਸੁਰਜੀਤ ਨੂੰ ਕਹਿੰਦੀ ਸਾਂ ਕਿ ਜਿਨਾਂ ਜਿਨਾਂ ਦੀਆਂ ਮਿਲਣੀਆਂ- ਮਨਾਉਤੀਆਂ ਕਰਨੀਆਂ ਆ, ਹੁਣ ਹੀ ਪੁੱਛ ਲੈ ਮਿੰਦੀ ਹੋਣਾ ਤੋਂ, ਤੁਸੀਂ ਤੁਰਨ ਦੀਆਂ ਵੀ ਤਿਆਰੀਆਂ ਕਰਨ ਲਗ ਪਏ।”
ਹਰਨਾਮ ਕੌਰ ਦੀਆਂ ਗੱਲਾਂ ਸੁਣ ਕੇ ਤੋਸ਼ੀ ਅਤੇ ਮੁਖਤਿਆਰ ਨੇ ਇਕ ਦੂਜੇ ਦੇ ਮੂੰਹ ਵਲ ਨੂੰ ਦੇਖਿਆ ਜਿਵੇ ਕਹਿ ਰਹੇ ਹੋਣ ਖੋਰੇ ਅਗਾਂਹ ਇਕ ਦੂਜੇ ਨਾਲ ਬੋਲਣ ਦਾ ਵੀ ਭਾਅ ਨਹੀ ਰਹਿਣਾ, ਬੀਬੀ ਮਨਾਉਤੀਆਂ ਦੀਆਂ ਗੱਲਾਂ ਕਰ ਰਹੀ ਹੈ। ਫਿਰ ਵੀ ਮੁਖਤਿਆਰ ਨੇ ਵਿਖਾਵੇ ਲਈ ਕਹਿ ਦਿੱਤਾ, “ਰੋਟੀ ਖਾ ਕੇ ਚਲੇ ਜਾਣਾ।”
“ਰੋਟੀ ਦੀ ਤਾਂ ਕੋਈ ਭੁੱਖ ਨਹੀ।” ਤੋਸ਼ੀ ਨੇ ਕਿਹਾ, “ਇਸ ਤਰ੍ਹਾਂ ਕਰਦੇ ਹਾਂ, ਫਿਰ ਕਿਸੇ ਦਿਨ ਆਵਾਂਗੇ, ਨਾਲੇ ਰੋਟੀ ਖਾਵਾਗੇ ਅਤੇ ਨਾਲੇ ਰਾਤ ਰਵਾਂਗੇ।”
ਉਹਨਾ ਦੇ ਜਾਣ ਤੋਂ ਬਾਅਦ ਜਦੋਂ ਸਾਰਾ ਟੱਬਰ ਰੋਟੀ ਖਾ ਕੇ ਸੋਣ ਲਈ ਆਪਣੇ ਥਾਉਂ ਥਾਈ ਚਲੇ ਗਏ। ਰਸੋਈ ਵਿਚ ਸੁਰਜੀਤ ਇੱਕਲੀ ਹੀ ਦੁੱਧ ਨੂੰ ਜਾਗ ਲਾ ਰਹੀ ਸੀ ਤਾਂ ਮੁਖਤਿਆਰ ਪੀੜ੍ਹੀ ਲੈ ਕੇ ਉਸ ਦੇ ਕੋਲ ਬੈਠ ਗਿਆ। ਉਸ ਨੂੰ ਦੇਖ ਕੇ ਸੁਰਜੀਤ ਨੇ ਕਿਹਾ, “ਅਜੇ ਸੌਣਾ ਨਹੀਂ।”
“ਨੀਂਦ ਹੀ ਨਹੀ ਆਈ।”
“ਬੈਠਿਆਂ ਨੂੰ ਥੋੜੀ ਨੀਂਦ ਆਉਣੀ ਆ, ਲੰਮੇ ਪਵੋਂਗੇ ਤਾਂ ਨੀਂਦ ਆਵੇਗੀ।”
“ਲੰਮਾ ਪਿਆ ਹੀ ਉੱਠ ਕੇ ਆਇਆਂ ਹਾਂ।”
“ਕਿਸੇ ਫਿਕਰ ਵਿਚ ਲਗਦੇ ਹੋ।” ਸੁਰਜੀਤ ਨੇ ਦਧੌਣੇਂ ਤੋਂ ਛਕਲ੍ਹਾ ਚੁਕੱਦੇ ਕਿਹਾ, “ਤੋਸ਼ੀ ਨੇ ਵਿਆਹ ਲਈ ਕੋਈ ਸ਼ਰਤ ਤਾਂ ਨਹੀਂ ਰੱਖ ਦਿੱਤੀ, ਕਿਉਂਕਿ ਜਦੋਂ ਤੁਸੀ ਬਾਹਰੋ ਤੋਸ਼ੀ ਨਾਲ ਆਏ ਸੀ ੳਦੋਂ ਤੋਂ ਹੀ ਤੁਹਾਡਾ ਮੂੰਹ ਉਤਰਿਆ ਹੋਇਆ ਸੀ।”
“ਸ਼ਰਤ ਤਾਂ ਇਕ ਪਾਸੇ, ਅਜੇ ਤਾਂ ਵਿਆਹ ਹੋਣ ਦਾ ਕੋਈ ਲੱਛਣ ਹੀ ਨਹੀਂ ਦਿਸ ਰਿਹਾ।”
ਸੁਰਜੀਤ ਨੇ ਆਪਣਾ ਕੰੰਮ ਕਰਨਾ ਬੰਦ ਕਰ ਦਿੱਤਾ ਅਤੇ ਲੱਕੜ ਦੀ ਫੱਟੀ ਲੈ ਕੇ ਮੁਖਤਿਆਰ ਕੋਲ ਬੈਠਦੀ ਪੁੱਛਣ ਲੱਗੀ, “ਗੱਲ ਕੀ ਹੋਈ?”
“ਮੈਨੂੰ ਲੱਗਦਾ ਦਿਲਪ੍ਰੀਤ ਖਾੜਕੂਆਂ ਨਾਲ ਰਲ੍ਹ ਗਿਆ।” ਮੁਖਤਿਆਰ ਨੇ ਹੌਲੀ ਜਿਹੀ ਕਿਹਾ, “ਤੋਸ਼ੀ ਨੇ ਇਹ ਗੱਲ ਖੁੱਲ ਕੇ ਤਾਂ ਨਹੀ ਕੀਤੀ, ਪਰ ਉਹਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਕੋਈ ਚੱਕਰ ਹੈ ਜ਼ਰੂਰ।”
“ਖਾੜਕੂਆਂ ਨਾਲ ਰਲ੍ਹ ਗਿਆ।” ਸੁਰਜੀਤ ਨੇ ਹੈਰਾਨ ਹੋ ਕੇ ਕਿਹਾ, “ਇਹ ਕਿਵੇਂ ਹੋ ਸਕਦਾ ਆ।”
“ਤਾਂਈਉਂ ਤਾਂ ਉਹ ਵਿਆਹ ਲਈ ਟਾਲ-ਮਟੋਲ ਕਰ ਰਹੇ ਆ।”
“ਜੇ ਇਹ ਹੀ ਗੱਲ ਤਾਂ ਆਪਾਂ ਹੁਣੇ ਹੀ ਤਾਈ ਜੀ ਨਾਲ ਗੱਲ ਕਰ ਲੈਂਦੇ ਹਾਂ।”
“ਤਾਈ ਵਿਚਾਰੀ ਨੇ ਕੀ ਕਹਿਣਾ। ਉਹਨੂੰ ਤਾਂ ਸਗੋਂ ਹੋਰ ਫਿਕਰ ਪੈ ਜਾਣਾ ਆ।”
ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਗਿਆਨ ਕੌਰ ਨੇ ਅਵਾਜ਼ ਮਾਰੀ, “ਸੁਰਜੀਤ, ਪਾਣੀ ਦਾ ਘੁੱਟ ਤਾਂ, ਪੁੱਤ ਫੜਾਂਈ।”
ਰਸੋਈ ਦੇ ਨਾਲ ਵਾਲੇ ਬਰਾਂਡੇ ਵਿਚ ਰੱਖੀ ਫਰਿਜ਼ ਖੋਲ੍ਹੀ ਤਾਂ ਗਿਆਨ ਕੌਰ ਨੇ ਕਿਹਾ, “ਇਹਦੇ ਵਿਚੋਂ ਨਾ ਦੇਹ, ਨਲਕੇ ਦਾ ਦੇ ਦੇ।”
ਸੁੁਰਜੀਤ ਨੇ ਫਰਿਜ਼ ਵਿਚੋਂ ਕੱਢੀ ਪਾਣੀ ਦੀ ਬੋਤਲ ਉਸੇ ਤਰ੍ਹਾਂ ਹੀ ਵਾਪਸ ਰੱਖ ਦਿੱਤੀ ਅਤੇ ਨਲਕੇ ਤੋਂ ਪਾਣੀ ਦਾ ਗਿਲਾਸ ਭਰ ਕੇ ਦੇ ਦਿੱਤਾ। ਪਾਣੀ ਫੜਨ ਲੱਗੀ ਗਿਆਨ ਕੌਰ ਬੋਲੀ, “ਕੀ ਗੱਲ ਆ ਸੁਰਜੀਤ, ਮੁਖਤਿਆਰ ਓਦਰਿਆ ਜਿਹਾ ਲੱਗਦਾ।”
“ਗੱਲ ਤਾਂ ਕੱਝ ਨਹੀ ਤਾਈ ਜੀ।” ਸੁਰਜੀਤ ਨੇ ਬਹਾਨਾ ਲਾਇਆ, “ਥੱਕੇ ਜਿਹੇ ਆ।”
“ਗੱਲ ਤਾਂ ਕੁਝ ਜ਼ਰੂਰ ਹੈ।” ਗਿਆਨ ਕੌਰ ਨੇ ਕੋਲ ਮੰਜੇ ਤੇ ਪਈ ਹਰਨਾਮ ਕੌਰ ਵੱਲ ਦੇਖਦਿਆ ਹੌਲੀ ਜਿਹੀ ਕਿਹਾ, “ਉਹਨੂੰ ਭੇਜ ਤਾਂ ਮੇਰੇ ਕੋਲ।”
ਸੁਰਜੀਤ ਦੇ ਜਾਣ ਤੋਂ ਬਾਅਦ ਹਰਨਾਮ ਕੌਰ ਨੇ ਪਾਸਾ ਬਦਲਿਆ ਤੇ ਬੋਲੀ, “ਮੁਖਤਿਆਰ ਨੂੰ ਦੀਪੀ ਦੇ ਵਿਆਹ ਦੀ ਚਿੰਤਾ ਆ, ਹੋਰ ਕੁੱਛ ਨਹੀਂ।”
“ਚਿੰਤਾ ਕਿਸ ਗੱਲ ਦੀ।” ਗਿਆਨ ਕੌਰ ਨੇ ਕਿਹਾ, “ਰਿਸ਼ਤੇਦਾਰਾਂ ਵਿਚ ਤਾਂ ਰਿਸ਼ਤਾ ਆ, ਆਪਣੇ ਬੰਦੇ ਆ, ਕਿਹੜੇ ਕਿਤੇ ਦੀਪੀ ਨੇ ਉਪਰੇ ਘਰੇ ਜਾਣਾ ਆ।”
“ਤਾਈ, ਮੈਨੂੰ ਬੁਲਾਇਆ।” ਮੁਖਤਿਆਰ ਨੇ ਆਉਂਦੇ ਹੀ ਕਿਹਾ, “ਮੈ ਤਾਂ ਸੋਚਿਆ ਤੁਸੀ ਸੌਂ ਗਏ ਹੋਵੋਗੇ।”
“ਨਿਆਣੇ ਜਾਗਦੇ ਹੋਣ ਤਾਂ, ਮਾਵਾਂ ਨੂੰ ਕਿੱਥੇ ਨੀਂਦ ਆਉਂਦੀ ਆ।” ਗਿਆਨ ਕੌਰ ਨੇ ਆਪਣੀਆਂ ਲੱਤਾਂ ਇਕੱਠੀਆਂ ਕਰਦੇ ਕਿਹਾ, “ਲੈ ਇੱਥੇ ਬਹਿ ਜਾ।”
ਮੁਖਤਿਆਰ ਮੰਜੇ ਦੇ ਇਕ ਪਾਸੇ ਹੋ ਕੇ ਬੈਠ ਗਿਆ ਤੇ ਨਾਲ ਹੀ ਸੁਰਜੀਤ ਬੈਠ ਗਈ।
“ਕਾਕਾ, ਗੱਲ ਕੀ ਆ।” ਗਿਆਨ ਕੌਰ ਨੇ ਕਿਹਾ, “ਵਿਆਹ ਦਾ ਫਿਕਰ ਨਾਂ ਕਰ, ਉਹ ਤਾਂ ਆਪਾਂ ਇਸੇ ਗਰਮੀਆਂ ਵਿਚ ਕਰ ਦੇਣਾ ਆ।”
“ਅਗਲੇ ਅਜੇ ਮੰਨਦੇ ਨਹੀਂ।” ਹਰਨਾਮ ਕੌਰ ਲੰੰਮੀ ਪਈ ਨੇ ਕਿਹਾ, “ਤੁਸੀਂ ਵਿਆਹ ਇਕੱਲਿਆਂ ਕਰ ਦੇਣਾ।”
“ਬੀਬੀ, ਉਹਨਾ ਦੀ ਵੀ ਕੋਈ ਮਜ਼ਬੂਰੀ ਆ।” ਮੁਖਤਿਆਰ ਨੇ ਕਿਹਾ।
“ਕੀ ਮਜ਼ਬੂਰੀ ਆ?” ਐਤਕੀ ਗਿਆਨ ਕੌਰ ਹਰਨਾਮ ਕੌਰ ਨਾਲੋ ਪਹਿਲਾਂ ਬੋਲ ਪਈ, “ਮੁਖਤਿਆਰ ਸਿੰਹਾਂ ਜਿਹੜੀ ਅਸਲ ਗੱਲ ਆ, ਉਹ ਦੱਸ।”
“ਦਿਲਪ੍ਰੀਤ, ਮੁੰਡਿਆਂ ਨਾਲ ਰਲ੍ਹ ਗਿਆ।” ਮੁਖਤਿਆਰ ਨੇ ਸਿਧਾ ਹੀ ਕਹਿ ਦਿੱਤਾ, “ਲਗਦਾ ਹੈ ਉਸ ਦਾ ਵਿਆਹ ਕਰਾਉਣ ਦਾ ਇਰਾਦਾ ਨਹੀਂ।”
ਮੁਖਤਿਆਰ ਦੀ ਇਹ ਗੱਲ ਸੁਣ ਕੇ ਹਰਨਾਮ ਕੌਰ ਇਕਦਮ ਉੱਠ ਕੇ ਬੈਠ ਗਈ ਅਤੇ ਬੋਲੀ, “ਮੈਂ ਤਾਂ ਬਥੇਰਾ ਕਹਿੰਦੀ ਰਹੀ ਕਿ ਕੁੜੀ ਮੰਗ ਕੇ ਵਿਆਹ ਵਿਚ ਲੰਮੇਰਾ ਸਮਾਂ ਨਹੀਂ ਪਾਈਦਾ।”
“ਜੇ ਮੁੰਡਿਆਂ ਨਾਲ ਰਲ੍ਹ ਗਿਆ, ਤਾ ਇਹਦੇ ਵਿਚ ਕੀ ਹੋ ਗਿਆ।” ਗਿਆਨ ਕੌਰ ਨੇ ਕਿਹਾ, “ਮੁੰਡੇ ਕਿਤੇ ਵਿਆਹ ਕਰਾਉਣ ਤੋਂ ਰੋਕਦੇ ਆ। ਮੈਂ ਸਵੇਰੇ ਹੀ ਜਾ ਕੇ ਮਿੰਦੀ ਨਾਲ ਗੱਲ ਕਰਕੇ ਆਵਾਂਗੀ ”
ਮੁਖਤਿਆਰ ਅਤੇ ਸੁਰਜੀਤ ਨੂੰ ਲੱਗਾ ਕਿ ਜਿਵੇ ਗਿਆਨ ਕੌਰ ਨੂੰ ਦਿਲਪ੍ਰੀਤ ਦਾ ਖਾੜਕੂਆਂ ਵਿਚ ਰਲਣ ਦਾ ਕੋਈ ਫ਼ਰਕ ਹੀ ਨਾ ਹੋਵੇ। ਸਗੋਂ ਖੁਸ਼ ਹੁੰਦੀ ਬੋਲੀ, “ਫਿਰ ਤਾਂ ਦਿਲਪ੍ਰੀਤ ਸਿੰਘ ਸਜ ਗਿਆ ਹੋਵੇਗਾ।” ਉਸ ਦੀ ਗੱਲ ਦਾ ਕਿਸੇ ਨੇ ਜ਼ਵਾਬ ਨਾ ਦਿੱਤਾ ਤਾਂ ਕਹਿਣ ਲੱਗੀ, “ਤੁਸੀ ਤਾਂ ਇਦਾਂ ਕਰਦੇ ਹੋ ਜਿਵੇ ਦਿਲਪ੍ਰੀਤ ਕੋਈ ਡਾਕੂ ਜਾਂ ਬਦਮਾਸ਼ ਬਣ ਗਿਆ ਹੋਵੇ। ਮੁੰਡੇ ਤਾਂ ਸਿਰਫ ਸਿੱਖੀ ਦਾ ਪ੍ਰਚਾਰ ਅਤੇ ਹੱਕ ਸੱਚ ਦੀ ਗੱਲ ਕਰਦੇ ਨੇ।”
“ਸਰਕਾਰ ਨਾਲ ਪੰਗਾਂ ਪਾਉਣ ਦੀਆ ਗੱਲਾਂ ਕਰਦੇ ਨੇਂ।” ਮੁਖਤਿਆਰ ਨੇ ਕਿਹਾ, “ਪੁਲੀਸ ਉਹਨਾ ਦੇ ਮਗਰ ਦੌੜੀ ਫਿਰਦੀ ਆ।”
“ਪੁੱਤ, ਇਹ ਤਾਂ ਰੱਬ ਹੀ ਜਾਣਦਾ ਹੈ ਕਿ ਉਹ ਸਰਕਾਰ ਨਾਲ ਪੰਗਾਂ ਪਾਉਂਦੇ ਆ ਜਾਂ ਸਰਕਾਰ ਉਹਨਾ ਨਾਲ ਢਿੱਡ ਅੜੀਆ ਲੈਂਦੀ ਆ।” ਗਿਆਨ ਕੌਰ ਨੇ ਕਿਹਾ, “ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਕਿ ਦਿਲਪ੍ਰੀਤ ਇਸੇ ਕਰਕੇ ਵਿਆਹ ਨਹੀਂ ਕਰਾਉਂਦਾ, ਚਲੋ ਕੁਛ ਵੀ ਹੋਵੇ ਆਪਾਂ ਮਿੰਦੀ ਹੋਰਾਂ ਨਾਲ ਬੈਠ ਕੇ ਸਾਰੀ ਗੱਲ ਕਰ ਲੈਣੀ ਆ ਪਈ ਤੁਹਾਡਾ ਇਰਾਦਾ ਕੀ ਆ।।”

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>