ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਹੀ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਇਕੱਤਰਤਾ, ਇਸ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ। 21 ਫਰਵਰੀ ਨੂੰ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਕਾਰਨ, ਇਸ ਵਿੱਚ ਮਾਂ ਬੋਲੀ ਪੰਜਾਬੀ ਤੇ ਵਿਸ਼ੇਸ਼ ਚਰਚਾ ਕੀਤੀ ਗਈ।

dr poonam addressing the audiance-cwca feb,2020.resized

ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ ਸਭ ਨੂੰ ‘ਜੀ ਆਇਆਂ’ ਕਹਿੰਦੇ ਹੋਏ, ਹਾਲ ਹੀ ਵਿੱਚ ਤੁਰ ਗਏ, ਮਾਂ ਬੋਲੀ ਦੇ ਦੋ ਮਹਾਂਰਥੀਆਂ- ਮੈਡਮ ਦਲੀਪ ਕੌਰ ਟਿਵਾਣਾ ਤੇ ਬਾਪੂ ਜਸਵੰਤ ਸਿੰਘ ਕੰਵਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਹਨਾਂ ਦੀ ਸਾਹਿਤ ਨੂੰ ਵੱਡੀ ਦੇਣ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ- ਕੰਵਲ ਸਾਹਿਬ ਨੇ ਆਪਣੀਆਂ ਲਿਖਤਾਂ ਵਿੱਚ ਹਮੇਸ਼ਾ ਲੋਕ ਲਹਿਰਾਂ ਤੇ ਲੋਕ ਹਿੱਤਾਂ ਦੀ ਗੱਲ ਕੀਤੀ ਹੈ। ਮੈਡਮ ਦਲੀਪ ਕੌਰ ਟਿਵਾਣਾ ਨੂੰ ਆਪਣੇ ਰੋਲ ਮਾਡਲ ਦੱਸਦੇ ਹੋਏ, ਆਪਣੀ ਪਹਿਲੀ ਵਾਰਤਕ ਦੀ ਪੁਸਤਕ ਤੇ, ਉਹਨਾਂ ਵਲੋਂ ਆਈ ਚਿੱਠੀ ਬਾਰੇ ਵੀ ਦੱਸਿਆ। ਮੈਡਮ ਟਿਵਾਣਾ ਦੇ ਵਿਦਿਆਰਥੀ ਤੇ ਕੁਲੀਗ ਰਹੇ, ਡਾ. ਬਲਵਿੰਦਰ ਕੌਰ ਬਰਾੜ ਨੇ ਕਿਹਾ ਕਿ- ‘ਲੇਖਕ ਅੱਖਰਾਂ ਦੀਆਂ ਪਗਡੰਡੀਆਂ ਤੋਂ ਲੰਘ ਕੇ ਇੱਕ ਪਿੰਡ ਵਸਾ ਲੈਂਦੇ ਹਨ। ਟਿਵਾਣਾ ਮੈਡਮ ਮੇਰੀ ਜ਼ਿੰਦਗੀ ਦੀ ਪਿਘਲਦੀ ਹੋਈ ਮੋਮਬੱਤੀ ਦੇ ਚਸ਼ਮਦੀਦ ਗਵਾਹ ਸਨ ਤੇ ਸਾਡੇ ਦੁੱਖਾਂ ਸੁੱਖਾਂ ਦੀ ਸਾਂਝ ਮਾਵਾਂ ਧੀਆਂ ਵਾਲੀ ਸੀ। ਉਹਨਾਂ ਦੇ ਨਾਵਲਾਂ ਦੇ ਔਰਤ ਪਾਤਰਾਂ ਵਿਚੋਂ ਉਹਨਾਂ ਦਾ ਆਪਾ ਝਲਕਦਾ ਦਿਖਾਈ ਦਿੰਦਾ ਹੈ’। ਗੁਰਚਰਨ ਥਿੰਦ ਨੇ ਵੀ ਕੱਝ ਯਾਦਾਂ ਸਾਂਝੇ ਕਰਦਿਆਂ ਕਿਹਾ ਕਿ- ਇੱਕ ਵਾਰੀ ਮੈਂ ਕੰਵਲ ਸਾਹਿਬ ਨੂੰ ਕਿਹਾ-‘ਮੈਂ ਤੁਹਾਨੂੰ ਬਹੁਤ ਪੜ੍ਹਿਆ ਹੈ’ ਤਾਂ ਉਨ੍ਹਾਂ ਜਵਾਬ ਦਿੱਤਾ- ‘ਮੈਂਨੂੰ ਨਹੀਂ ਤੂੰ ਆਪਣੇ ਆਪ ਨੂੰ ਪੜ੍ਹਿਆ ਹੈ!’ ਸਭਾ ਵਲੋਂ ਇਹਨਾਂ ਸਮੇਤ ਤੁਰ ਗਏ ਕੁੱਝ ਹੋਰ ਨਾਮਵਰ ਸਾਹਿਤਕਾਰਾਂ ਨੂੰ ਵੀ ਸ਼ਰਧਾਂਜਲੀ ਅਰਪਣ ਕੀਤੀ ਗਈ।

audiance pic 2- cwca feb,2020.resized

ਮਾਤ ਭਾਸ਼ਾ ਦਿਵਸ ਦੀ ਗੱਲ ਕਰਦਿਆਂ, ਗੁਰਚਰਨ ਥਿੰਦ ਨੇ ਇਸ ਦੇ ਪਿਛੋਕੜ ਤੇ ਝਾਤ ਪੁਆਈ। ਉਹਨਾਂ ਦੱਸਿਆ ਕਿ-ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਤੇ ਇਸ ਲਈ ਕੁਰਬਾਨ ਹੋਣ ਵਾਲੇ, ਬੰਗਾਲੀ ਲੋਕ ਹਨ। ਕਿਸੇ ਕੌਮ ਦੀ ਮਾਂ ਬੋਲੀ ਉਸਦੇ ਲਹੂ ਮਾਸ ਵਿੱਚ ਰਚੀ ਹੋਈ ਹੁੰਦੀ ਹੈ। ਪੰਜਾਬੀ ਲਈ ਭਵਿੱਖ ਬਾਣੀ ਕੀਤੀ ਜਾ ਰਹੀ ਹੈ ਕਿ- ਇਸ ਦੀ ਉਮਰ ਮਸਾਂ 50 ਕੁ ਸਾਲ ਹੀ ਹੈ ਭਾਵੇਂ ਕਿ ਕੈਨੇਡਾ ਵਿੱਚ ਇਸ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਮੁਤਾਬਕ, ਇਸ ਨੂੰ ਤੀਸਰਾ ਸਥਾਨ ਹਾਸਲ ਹੈ। ਉਹਨਾਂ ਆਪਣੇ ਇੰਡੀਆ ਤੇ ਪਾਕਿਸਤਾਨ ਦੀ ਯਾਤਰਾ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ- ਦੋਹਾਂ ਪੰਜਾਬਾਂ ਵਿੱਚ ਹੀ ਪੰਜਾਬੀ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ ਜਿਸ ਲਈ ਲੋਕ ਜੱਦੋ ਜਹਿਦ ਕਰ ਰਹੇ ਹਨ। ਗੁਰਦੀਸ਼ ਕੌਰ ਗਰੇਵਾਲ ਨੇ ਵੀ ਕਿਹਾ ਕਿ- ਮਾਂ ਬੋਲੀ ਨੂੰ ਜ਼ਿੰਦਾ ਰੱਖਣ ਲਈ ਘਰਾਂ ਵਿੱਚ ਆਪਣੇ ਗਰੈਂਡ ਚਿਲਡਰਨ ਨਾਲ ਪੰਜਾਬੀ ਬੋਲਣੀ ਤੇ ਉਹਨਾਂ ਨੂੰ ਇਸ ਬੋਲੀ ਨਾਲ ਜੋੜਨਾ- ਸਾਡੀ ਜ਼ਿੰਮੇਵਾਰੀ ਹੈ। ਗੁਰੂ ਘਰਾਂ ਤੇ ਜੈਂਸਿਸ ਸੈਂਟਰ ਵਿਖੇ ਚਲ ਰਹੀਆਂ ਪੰਜਾਬੀ ਦੀਆਂ ਫਰੀ ਕਲਾਸਾਂ ਬਾਰੇ ਜਾਣਕਾਰੀ ਦੇਣ ਉਪਰੰਤ- ਉਹਨਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ 21 ਮਾਰਚ ਨੂੰ ਵਾਈਟਹੌਰਨ ਵਿਖੇ, ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲੇ ਦੇ ਸਮਾਗਮ ਦੀ ਸੂਚਨਾ ਦਿੱਤੀ ਤੇ ਸਮੂਹ ਮੈਂਬਰਾਂ ਨੂੰ ਆਪਣੇ ਪੋਤੇ- ਪੋਤੀਆਂ ਦੋਹਤੇ- ਦੋਹਤੀਆਂ ਸਮੇਤ ਸਮਾਗਮ ਤੇ ਆਉਣ ਲਈ ਕਿਹਾ। ਸਭਾ ਦੇ ਪ੍ਰਧਾਨ, ਮੈਡਮ ਬਰਾੜ ਨੇ ਵੀ ਮਾਂ ਬੋਲੀ ਦੀ ਗੱਲ ਕਰਦਿਆਂ ਕਿਹਾ ਕਿ-ਆਪਾਂ ਬੱਚਿਆਂ ਨੂੰ ਬੋਲਣੀ ਸਮਝਣੀ ਹੀ ਨਹੀਂ ਸਗੋਂ ਲਿਖਣੀ ਪੜ੍ਹਨੀ ਵੀ ਸਿਖਾਉਣੀ ਹੈ। ਉਹਨਾਂ ਯੰਗਸਤਾਨ ਵਲੋਂ 22 ਫਰਵਰੀ ਨੂੰ ਫਾਲਕਿਨਰਿੱਜ ਵਿਖੇ ਹੋ ਰਹੇ, ਭਾਸ਼ਾ ਦਿਵਸ ਦੇ ਸਮਾਗਮ ਦੀ ਸੂਚਨਾ ਦਿੱਤੀ ਤੇ ਆਪਣੇ ਬੱਚਿਆਂ ਸਮੇਤ ਪਹੁੰਚਣ ਦੀ ਸਭ ਨੂੰ ਤਾਕੀਦ ਕੀਤੀ ਤਾਂ ਕਿ ਦੂਸਰੇ ਬੱਚਿਆਂ ਨੂੰ ਸਟੇਜ ਤੇ ਬੋਲਦੇ ਦੇਖ ਕੇ, ਸਾਡੇ ਬੱਚਿਆਂ ਨੂੰ ਵੀ ਉਤਸ਼ਾਹ ਮਿਲੇ।

jasmel kaur singing the song-cwca fed,2020.resized

ਇਹਨਾਂ ਮੁਲਕਾਂ ਵਿੱਚ ‘ਸਟਰੈਸ’ ਦੇ ਵਾਧੇ ਤੇ ਚਿੰਤਾ ਕਰਦਿਆਂ ਗੁਰਦੀਸ਼ ਕੌਰ ਨੇ, ਉਚੇਚੇ ਤੌਰ ਤੇ ਪਹੁੰਚੀ, ਸਭਾ ਦੀ ਮੈਂਬਰ ਡਾ. ਪੂਨਮ ਨੂੰ, ਇਸ ਵਿਸ਼ੇ ਤੇ ਚਾਨਣਾ ਪਾਉਣ ਦੀ ਬੇਨਤੀ ਕੀਤੀ। ਡਾ. ਪੂਨਮ ਨ ‘ਸਟਰੈਸ’ ਘਟਾਉਣ ਦੇ ਕੁੱਝ ਸਰਲ ਉਪਾਅ ਦੱਸੇ ਜਿਵੇਂ- ਉਮੀਦਾਂ ਦਾ ਦਾਇਰਾ ਘਟਾਓ- ਕਿਉਂਕਿ ਜਦੋਂ ਇਹ ਪੂਰੀਆਂ ਨਹੀਂ ਹੁੰਦੀਆਂ ਤਾਂ ਮਨ ਤੇ ਬੋਝ ਪੈਂਦਾ ਹੈ ਤੇ ਤਨਾਉ ਪੈਦਾ ਹੁੰਦਾ ਹੈ। ਬਾਹਰ ਨਿਕਲਣ ਦਾ ਬਹਾਨਾ ਲੱਭੋ। ਕਿਸੇ ਪਾਰਕ ‘ਚ ਸੈਰ ਕਰਨ ਜਾਓ, ਯੋਗਾ ਕਰੋ ਤਾਂ ਕਿ ਸਰੀਰ ਚੁਸਤ ਤੇ ਤੰਦਰੁਸਤ ਰਹੇ। ਉਹਨਾਂ ਸਭਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ- ਇਸ ਦੀ ਮੀਟਿੰਗ ਵਿੱਚ ਆ ਕੇ ਕਿਵੇਂ ਸਾਰੇ ਤਰੋ ਤਾਜ਼ਾ ਹੋ ਜਾਂਦੇ ਹੋ। ਮੋਟਾਪਾ ਨਾ ਆਉਣ ਦਿਓ। ਸਾਦੀ ਪੌਸ਼ਟਿਕ ਖੁਰਾਕ ਤੇ ਕਸਰਤ ਦੋਵੇਂ ਜਰੂਰੀ ਹਨ। ਵਰਤਮਾਨ ਦੇ ਪਲਾਂ ਦਾ ਆਨੰਦ ਮਾਣੋ। ਨਿਸ਼ਕਾਮ ਸੇਵਾ ਜਾਂ ਕੋਈ ਵੀ ਵੋਲੰਟੀਅਰ ਕਾਰਜ ਕਰਨ ਨਾਲ, ਸਾਡੇ ਅੰਦਰ ‘ਹੈਪੀ ਹਾਰਮੋਨਜ਼’ ਪੈਦਾ ਹੁੰਦੇ ਹਨ। ਘਰ ਦਾ ਕੰਮ ਖੁਸ਼ੀ ਨਾਲ ਕਰਕੇ, ਅਸੀਂ ਆਪਣੇ ਘਰਾਂ ਵਿੱਚ ਵੀ ਸੇਵਾ ਕਰ ਸਕਦੇ ਹਾਂ। ਕੁੱਝ ਸਮਾਂ ਪ੍ਰਭੂ ਦੀ ਯਾਦ ਵਿੱਚ ਜੁੜਨ ਜਾਂ ਸਿਮਰਨ ਕਰਨ ਨਾਲ ਵੀ ‘ਸਟਰੈਸ’ ਘਟਾਇਆ ਜਾ ਸਕਦਾ ਹੈ। ਖੁਰਾਕ ਵਿੱਚ ਉਹਨਾਂ ਮੱਛੀ ਜਾਂ ‘ਓਮੇਗਾ 3’ ਦੇ ਕੈਪਸੂਲ ਜਾ ‘ਫਲੈਕਸੀਡਜ਼’ (ਅਲਸੀ), ਦਹੀਂ, ਕੀਫਿਰ, ਤੇ ਖਮੀਰਿਆ ਹੋਇਆ ਭੋਜਨ ਲੈਣ ਦੀ ਸਲਾਹ ਦਿੱਤੀ। ਅਖੀਰ ਵਿੱਚ ਉਹਨਾਂ ਨੇ ‘ਬੌਡੀ ਸਕੈਨ ਮੈਡੀਟੇਸ਼ਨ’ ਦਾ ਪ੍ਰੈਕਟੀਕਲ ਵੀ ਕਰਵਾਇਆ। ਭਰਪੂਰ ਤਾੜੀਆਂ ਨਾਲ ਡਾ. ਪੂਨਮ ਦਾ ਧੰਨਵਾਦ ਕੀਤਾ ਗਿਆ।
ਰਚਨਾਵਾਂ ਦੇ ਦੌਰ ਤੋਂ ਪਹਿਲਾਂ, ਸਕੱਤਰ ਨੇ ਨਵੇਂ ਆਏ 6 ਮੈਂਬਰਾਂ ਦਾ ਸੁਆਗਤ ਕੀਤਾ ਤੇ ਉਹਨਾ ਨੂੰ ਆਪਣੀ ਜਾਣ ਪਛਾਣ ਦੇਣ ਲਈ ਕਿਹਾ। ਜਸਮੇਲ ਕੌਰ ਨੇ ਦੱਸਿਆ ਕਿ ਉਹ ਇੰਡੀਆ ਵਿੱਚ ਯੋਗਾ ਸਿਖਾਉਂਦੇ ਰਹੇ ਹਨ ਤੇ ਨਾਲ ਹੀ ਉਹਨਾਂ ਬਹੁਤ ਹੀ ਸੁਰੀਲੀ ਆਵਾਜ਼ ਵਿਚ ਲੋਕ ਗੀਤ ਵੀ ਸੁਣਾਇਆ। ਮਨਜੀਤ ਕੌਰ ਨੇ ਘੋੜੀ ਸੁਣਾਈ। ਬਲਵਿੰਦਰ ਕੌਰ ਨਰਵਾਲ ਦੀ ਬੇਟੀ ਸਵਰਾਜ ਨੇ ‘ਜੁੱਤੀ ਕਸੂਰੀ’ ਗੀਤ ਦੀਆਂ ਕੁੱਝ ਸਤਰਾਂ ਤਰੰਨਮ ‘ਚ ਸੁਣਾਈਆਂ- ਜਦ ਕਿ ਬਾਕੀ ਨਵੇਂ ਮੈਂਬਰਾਂ, ਬਲਜਿੰਦਰ ਕੌਰ, ਮਨਜੀਤ ਕੌਰ, ਹਰਜਿੰਦਰ ਕੌਰ ਨੇ ਅਗਲੀ ਮੀਟਿੰਗ ਵਿੱਚ ਸੁਨਾਉਣ ਦਾ ਵਾਇਦਾ ਕੀਤਾ। ਗੁਰਜੀਤ ਵੈਦਵਾਨ ਨੇ ਚਿੰਤਾ ਦੂਰ ਕਰਨ ਲਈ, ਪ੍ਰਮਾਤਮਾ ਦੀ ਯਾਦ ਵਿੱਚ ਜੁੜਨ ਦੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ। ਹਰਚਰਨ ਬਾਸੀ ਨੇ ‘ਪਿਆਰਾਂ ਦੇ ਦਿਨ’ ਦੀ ਆਪਣੀ ਲਿਖੀ ਕਵਿਤਾ, ਜਸਮਿੰਦਰ ਬਰਾੜ ਨੇ ਧਾਰਮਿਕ ਗੀਤ, ਬਲਜੀਤ ਕੌਰ ਨੇ ਲੋਕ ਗੀਤ, ਸਤਵਿੰਦਰ ਫਰਵਾਹਾ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਤੇ ਸ਼ਰਨਜੀਤ ਸੋਹੀ ਨੇ ਲੰਬੀ ਹੇਕ ਵਾਲਾ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਗਿਆਨ ਕੌਰ ਨੇ ਭਗਤ ਕਬੀਰ ਜੀ ਦਾ ਸ਼ਬਦ ‘ਦੀਨ ਦਇਆਲ ਭਰੋਸੈ ਤੇਰੇ’ ਸੁਣਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਅੰਤ ਤੇ ਅਮਰਜੀਤ ਸੱਗੂ, ਸੁਰਜੀਤ ਢਿੱਲੋਂ ਤੇ ਹਰਬੰਸ ਪੇਲੀਆ ਨੇ ਰਲ਼ ਕੇ ਇੱਕ ਲੋਕ ਗੀਤ ਤੇ ਦੂਜਾ ‘ਕੰਜੂਸ ਪੱਲੇ ਪੈ ਗਿਆ’ ਸੁਣਾ ਕੇ ਹਾਸ ਰਸ ਬਿਖੇਰ ਦਿੱਤਾ।

ਸਮਾਪਤੀ ਤੇ ਬਰਾੜ ਮੈਡਮ ਨੇ ਸਭ ਦਾ ਧੰਨਵਾਦ ਕੀਤਾ। ਬਰੇਕ ਦੌਰਾਨ ਸ਼ਰਨਜੀਤ ਸਿੱਧੂ ਵਲੋਂ ਆਪਣੇ ਦਿਉਰ ਦੇ ਪੋਤਰੇ ਦੀ ਖੁਸ਼ੀ ਵਿੱਚ ਲਿਆਂਦੀਆਂ ਮਿਠਾਈਆਂ ਤੇ ਸਨੈਕਸ ਦਾ ਸਭ ਨੇ ਆਨੰਦ ਮਾਣਿਆਂ ਤੇ ਉਸ ਨੂੰ ਵਧਾਈ ਦਿੱਤੀ। ਸੋ ਇਸ ਤਰ੍ਹਾਂ ਇਹ ਮੀਟਿੰਗ ਸਾਰਥਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>