ਕੰਠੇ ਮਾਲਾ ਜਿਹਵਾ ਰਾਮੁ

ਆਉ! ਮਾਲਾ ਫੇਰੀਏ?

ਮਾਲਾ ਫੇਰਨਾ, ਮਾਲਾ ਨੂੰ ਹੱਥ ਵਿੱਚ ਰੱਖਣਾ, ਗਲ ਵਿੱਚ ਪਾਉਣਾ, ਗੁੱਟ ਨਾਲ ਲਪੇਟਣਾ ਆਦਿ ਕਰਮਾਂ ਨੂੰ ਪੂਰੀ ਤਰ੍ਹਾਂ ਧਾਰਮਿਕ ਕਰਮ ਮੰਨਿਆ ਗਿਆ ਹੈ ਅਤੇ ਅੱਖਾਂ ਬੰਦ ਜਾਂ ਖੋਲ੍ਹ ਕੇ ਮਾਲਾ ਫੇਰਨ ਵਾਲੇ ਵਿਅਕਤੀ ਤੋਂ ਉਕਤ ਵਿਅਕਤੀ ਦੇ ਧਾਰਮਿਕ ਜਾਂ ਸੰਤ ਸੁਭਾਉੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਮਾਲਾ ਫੇਰਨ ਜਾਂ ਮਾਲਾ ਜੱਪਣ ਨੂੰ  ਪ੍ਰਮਾਤਮਾ ਦੇ ਨਾਮ ਸਿਮਰਨ ਦਾ ਇੱਕ ਅੰਗ ਮੰਨਿਆ ਜਾਂਦਾ ਹੈ ਅਤੇ ਇਹ ਪ੍ਰੰਪਰਾ ਅੱਜ ਦੀ ਨਹੀਂ ਬਲਕਿ ਸਦੀਆਂ ਪੁਰਾਣੀ ਹੈ। ਕਿਸੇ ਨਾ ਕਿਸੇ ਰੂਪ ਵਿੱਚ ਹਰ ਧਰਮ ਵਿੱਚ ਪ੍ਰਚੱਲਿਤ ਵੀ ਹੈ। ਉੱਥੇ ਮਾਲਾ ਫੇਰਨ ਦਾ ਢੰਗ ਵੀ ਵੱਖੋ-ਵੱਖ ਹੋਣ ਦੇ ਨਾਲ ਦਿਲਚਸਪ ਵੀ ਹੈ। ਇੱਕ ਮੱਤ ਅਨੁਸਾਰ ਮਾਲਾ ਹੱਥ ਦੇ ਅੰਦਰ ਨੂੰ ਫੇਰਣੀ ਚਾਹੀਦੀ ਹੈ ਅਤੇ ਦੂਜੇ ਮੱਤ ਅਨੁਸਾਰ ਮਾਲਾ ਹੱਥ ਦੇ ਬਾਹਰ ਵੱਲ ਨੂੰ ਫੇਰਨੀ ਚਾਹੀਦੀ ਹੈ। ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਮਾਲਾ ਦੇ ਮਣਕਿਆਂ ਨੂੰ ਅੰਦਰ ਵੱਲ ਨੂੰ ਫੇਰਨਾ ਭਾਵ ਚੰਗਿਆਈਆਂ, ਸ਼ੁੱਭ-ਗੁਣਾਂ ਨੂੰ ਆਪਣੇ ਅੰਦਰ ਵੱਲ ਨੂੰ ਖਿੱਚਣਾ ਅਤੇ ਮਾਲਾ ਨੂੰ ਬਾਹਰ ਵੱਲ ਫੇਰਨ ਤੋਂ ਭਾਵ ਆਪਣੇ ਔਗੁਣਾ, ਮਨ ਦੀਆਂ ਬੁਰਿਆਈਆਂ ਨੂੰ ਬਾਹਰ ਵੱਲ ਸੁਟਣਾ। ਕੁੱਝ ਮਾਲਾਵਾਂ ਐਸੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਇੱਕ ਵੱਡਾ ਮਣਕਾ ਹੁੰਦਾ ਹੈ। ਮਾਲਾ ਦੇ ਮਣਕਿਆਂ ਦੀ ਭਾਵੇਂ ਕੋਈ ਗਿਣਤੀ ਨਿਰਧਾਰਤ ਨਹੀਂ ਕੀਤੀ ਗਈ ਅਤੇ ਮਣਕਿਆਂ ਦੀ ਵੱਖ-ਵੱਖ ਗਿਣਤੀ ਵਾਲੀਆਂ ਮਾਲਾਵਾਂ ਪ੍ਰਚੱਲਿਤ ਹਨ। ਉੱਥੇ ਮਾਲਾ ਲਈ ਵਰਤੀ ਜਾਂਦੀ ਧਾਤ ਵੀ ਕਈ ਤਰ੍ਹਾਂ ਦੀ ਹੈ। ਨਾਮ ਜਪਣ ਲਈ ਹੱਥਾਂ ਨਾਲ ਫੇਰਨ ਵਾਲੀ ਮਾਲਾ ਦੇ ਮਣਕੇ ਬਣਾਉਣ ਲਈ ਪਲਾਸਟਿਕ, ਲੋਹਾ, ਸਟੀਲ, ਲੱਕੜ ਅਤੇ ਮੋਤੀਆਂ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਕੁੱਝ ਲੋਗ ਆਪੋ ਆਪਣੇ ਮੱਤ ਅਨੁਸਾਰ ਮਾਲਾ ਫੇਰਨ ਵੇਲੇ ਮੂੰਹ ਰਾਹੀਂ ਕੋਈ ਮੰਤਰ ਉਚਾਰਦੇ ਹਨ, ਕੁੱਝ ਗੁਪਤ ਰੂਪ ਵਿੱਚ ਪ੍ਰਮਾਤਮਾ ਨੂੰ ਯਾਦ ਕਰਦੇਹ ਨ।

ਖੈਰ! ਇਹ ਇੱਕ ਲੰਮੇ ਤੋਂ ਚੱਲੀ ਆ ਰਹੀ ਅਤੇ ਮੰਨੀ ਜਾ ਚੁੱਕੀ ਧਾਰਮਿਕ ਰਵਾਇਤ ਹੈ, ਜੋ ਬਿਨ੍ਹਾਂ ਸ਼ੱਕ ਇੱਕ ਧਾਰਮਿਕ ਕਰਮਕਾਂਡ ਬਣ ਕੇ ਰਹਿ ਗਈ ਹੈ। ਅੱਜ ਮਾਲਾ ਫੇਰਨ ਵਾਲਿਆਂ ਦਾ ਹੱਥ ਵੀ ਬੇਇਮਾਨੀ ਦੀ ਕਮਾਈ ਕਰਦੇ ਹਨ, ਮਜ਼ਲੂਮਾਂ/ਗਰੀਬਾਂ ਦਾ ਖੁਨ ਚੂਸਦੇ ਹਨ, ਮਨ ਅੰਦਰੋਂ ਛਲ, ਕਪਟ ਅਤੇ ਫ਼ਰੇਬ ਨਾਲ ਭਰੇ ਹੋਏ ਹਨ। ਇਹੀ ਕਾਰਣ ਸੀ ਕਿ ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਧਾਰਮਿਕ ਪਖੰਡੀ ਲੋਕਾਂ ਦਾ ਪਾਜ ਉਘੇੜਦੇ ਹੋਏ ਬਾਣੀ ਅੰਦਰ ਫ਼ੁਰਮਾਣ ਕੀਤਾ: ‘ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਮਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨਾ ਪਾਵੈ॥’ (ਪੰਨਾ 440) ਭਾਵ: ਗਲਾਂ ਵਿੱਚ ਮਾਲਾ ਪਾ ਕੇ, ਮੱਥੇ ੳੱੁਪਰ ਤਿਲਕ ਲਗਾ ਕੇ, ਅੱਧ ਨੰਗੇ ਸਰੀਰ ਵਿੱਚ ਹੀ ਫਿਰਦੇ ਲੋਕ ਇਸ ਨੂੰ ਧਰਮ ਦੇ ਕਰਮ ਕਰਦੇ ਦੱਸ ਰਹੇ ਹਨ ਭਾਵ ਪੂਰੇ ਧਰਮੀ ਅਖਵਾਉਂਦੇ ਹਨ, ਪਰ ਜੇ ਇਨ੍ਹਾਂ ਲੋਕਾਂ ਨੂੰ ਅਸਲ ਧਰਮ ਦੇ ਕਰਮਾਂ ਦੀ ਸੋਝੀ ਆ ਜਾਵੇ, ਭਾਵ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਅਸਲ ਢੰਗ ਪਤਾ ਲੱਗ ਜਾਵੇ, ਸੱਚ ਦਾ ਗਿਆਨ ਹੋ ਜਾਵੇ ਤਦ ਇਹ ਨਿਸਚਾ ਕਰਕੇ ਮੰਨੋ ਕਿ ਇਹ ਧਰਮ ਦਾ ਅੰਗ ਨਹੀਂ ਹੈ, ਇਹ ਸਭ ਤਾਂ ਸਿਰਫ ਦਿਖਾਵਾ, ਫੋਕੇ ਕਰਮ ਹੀ ਹਨ। ਅਸਲ ਧਰਮ ਕਰਮ ਤਾਂ ਪੂਰਨ ਗੁਰੂ ਦੇ ਉਪਦੇਸ਼ ਰਾਹੀਂ ‘ਨਿਰੋਲ ਸੱਚ ਦੇ ਗਿਆਨ ਰਾਹੀਂ’ ਹੀ ਸਮਝ ਵਿੱਚ ਆਉਂਦਾ ਹੈ। ਫਿਰ ਹੀ ਸਹੀ ਰਸਤੇ ਦਾ ਪਤਾ ਲੱਗ ਸਕਦਾ ਹੈ। ਉੱਥੇ ਸ਼੍ਰੋਮਣੀ ਭਗਤ ਕਬੀਰ ਜੀ ਨੇ ਬੜੀ ਕਮਾਲ ਦੀ ਗਲ ਕਹਿ ਕੇ ਇਸਅਡੰਬਰ ਤੋਂ ਮਨੁੱਖ ਨੂੰ ਮੁਕਤ ਕਰਦਿਆਂ ਫ਼ੁਰਮਾਉਂਦੇ ਹਨ, ‘ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥1॥’ (ਪੰਨਾ 1364) ਭਾਵ ਕਿ ਮੇਰੀ ਸਿਮਰਨੀ ‘ਮੇਰੀ ਮਾਲਾ’ ਕੀ ਹੈ? ਦਾ ਜੁਆਬ ਦਿੰਦੇ ਹਨ ਕਿ ਜ਼ੁਬਾਨ/ਜੀਭ ਉੱਪਰ ਹਰ ਵੇਲੇ ਪ੍ਰਮਤਾਮਾ ਦਾ ਨਾਮ, ਪ੍ਰਭੂ ਦੀ ਯਾਦ ਹੀ ਮੇਰੀ ਮਾਲਾ ਹੈ।ਜਦ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ ਸਾਰੇ ਗਿਆਨਵਾਨ ‘ਭਗਤ’ ਇਥੇ ਹੋਏ ਗੁਜਰੇ ਹਨ, ਅਤੇ ਹੁਣ ਵੀ ਹਨ ਇਨ੍ਹਾਂ ਸਾਰਿਆਂ ਨੇ ਇਸ ਸਦੀਵੀਂ ਸੱਚ ਦੇ ਗੁਣਾਂ ਨੂੰ ਹੀ ਆਪਣੀ ਮਾਲਾ ਬਣਾਇਆ ਹੈ। ਪ੍ਰਮਾਤਮਾ ਦਾ ਨਾਮ ਹੀ ਭਗਤਾਂ ਲਈ ਅਸਲ ਸੁੱਖ ਅਤੇ ਸ਼ਾਂਤੀ ਦਾ ਕਾਰਨ ਹੈ।

ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਹੋਰ ਬਚਨ ਕਰਦੇ ਹਨ ਕਿ ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ ਨਾਮੁ ਵਿਸਾਰਿ ਮਾਇਆ ਮਦੁ ਪੀਆ ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥4॥ (ਪੰਨਾ 832) ਭਾਵ ਜਿਹੜੇ ਲੋਕ ਧਰਮ ਦਾ ਨਿਰਾ ਦਿਖਾਵਾ ਕਰਨ ਲਈ ਚਿੱਟੇ ਰੰਗ ਦਾ ਪਹਿਰਾਵਾ ਪਾ ਕੇ, ਮੱਥੇ ਉਪਰ ਤਿਲਕ ਲਗਾ ਕੇ, ਗਲਾਂ ਵਿੱਚ ਮਾਲਾ ਵੀ ਪਾਈ ਫਿਰਦੇ ਹਨ,ਵੇਦਾਂ ਦੇ ਮੰਤ੍ਰ ਪੜ੍ਹਦੇ ਹਨ ਪਰ ਇਹ ਅੰਦਰੋਂ ਕ੍ਰੋਧ ਨਾਲ ਭਰੇ ਹੀ ਨਜ਼ਰ ਆ ਰਹੇ ਹਨ, ਬਾਹਰੋਂ ਧਰਮੀਂ ਹੋਣ ਦਾ ਨਾਟਕ ਕਰਦੇ ਹਨ। ਪ੍ਰਮਾਤਮਾ ਦੇ ਅਸਲ ਸੱਚ/ਨਾਮ ਨੂੰ ਭੁੱਲ ਕੇ ਮੋਹ ਦੀ ਸ਼ਰਾਬ ਪੀਤੀ ਹੋਈ ਹੈ, ਇਸ ਕਰਕੇ ਗੁਰੂ ਦੋਂ ਬਿਨ੍ਹਾਂ ਭਗਤੀ ਨਹੀਂ ਹੋ ਸਕਦੀ ਅਤੇ ਭਗਤੀ ਤੋਂ ਬਿਨ੍ਹਾਂ ਆਤਮਕ ਅਨੰਦ ਨਹੀਂ ਮਿਲ ਸਕਦਾ।

ਪੰਜਵੇ ਨਾਨਕ ਗੁਰੂ ਅਰਜਨ ਸਾਹਿਬ ਸਹਿਸਕ੍ਰਿਤੀ ਸਲੋਕਾਂ ਵਿੱਚ ਫੁਰਮਾਉਂਦੇ ਹਨ ‘ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥ ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ॥32॥ (ਪੰਨਾ 1356)’ ਭਾਵ: ਜਿਹੜਾ ਮਨੁੱਖ ਗਲੇ ਤੋਂ ਭਾਵ ਪ੍ਰਮਾਤਮਾ ਦੇ ਨਾਮ ਦੇ ਉਚਾਰਣ ਨੂੰ ਆਪਣੇ ਗਲੇ ਦੀ ਸੁੰਦਰ ਮਾਲਾ ਬਣਾ ਲੈਂਦਾ ਹੈ, ਆਪਣੇ ਮਨ ਅੰਦਰ ਪ੍ਰਭੂ ਪ੍ਰਤੀ ਪਿਆਰ ਟਿਕਾਉਣ ਲਈ ਮਾਲਾ ਦੀ ਥੈਲੀ ਬਣਾਉਂਦਾ ਹੈ (ਹਸਤ ਊਚ-ਇੱਕ ਥੈਲਾ ਹੁੰਦਾ ਹੈ ਜਿਸ ਵਿੱਚ ਮਾਲਾ ਪਾਈ ਜਾਂਦੀ ਹੈ ਤਾਂ ਜੋ ਹਮੇਸ਼ਾਂ ਨਾਲ ਰੱਖੀ ਜਾ ਸਕੇ ਅਤੇ ਥੱਲੇ ਜਮੀਨ ਨੂੰ ਨਾ ਛੂਹੇ) ਅਤੇ ਆਪਣੀ ਜੀਭ ਨਾਲ ਅਕਾਲ ਪੁਰਖ ਦੀ ਸਿਫਤ ਸਲਾਹਦੀ ਬਾਣੀ ਉਚਾਰਦਾ ਹੈ, ਉਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ।

ਇਸੇ ਤਰ੍ਹਾਂ ਇੱਕ ਥਾਂ ਹੋਰ ਗੁਰਬਾਣੀ ਅੰਦਰ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ,
ਕੰਠੇ ਮਾਲਾ ਜਿਹਵਾ ਰਾਮੁ ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥

ਕਹਤ ਕਬੀਰ ਰਾਮ ਗੁਨ ਗਾਵਉ ॥ ਹਿੰਦੂ ਤੁਰਕ ਦੋਊ ਸਮਝਾਵਉ॥(ਪੰਨਾ 479) ਭਾਵ:ਜੀਭ ਉੱਤੇ ਰਾਮ (ਪ੍ਰਮਾਤਮਾ) ਦਾ ਸਿਮਰਨ ਹੀ ਮੇਰੇ ਗਲ ਵਿੱਚ ਮਾਲਾ ਭਾਵ ਸਿਮਰਨੀ ਹੈ। ਉਸ ਰਾਮ ਨੂੰ ਜੋ ਮੇਰੇ ਮਨ-ਤੀਰਥ ਅਤੇ ਜੀਭ/ਜ਼ੁਬਾਨ ਉੱਤੇ ਵੱਸ ਰਿਹਾ ਹੈ, ਮੈਂ ਹਜ਼ਾਰਾਂ ਨਾਮ ਲੈ ਲੈ ਕੇ ਉਸਨੂੰ ਪ੍ਰਣਾਮ ਕਰਦਾ ਹਾਂ। ਕਬੀਰ ਜੀ ਆਖਦੇ ਹਨ ਕਿ ਮੈਂ ਹਰੀ ਦੇ ਗੁਣ ਗਾਉਂਦਾ ਹਾਂ ਅਤੇ ਲੋਕਾਂ ਨੂੰ ਵੀ ਇਹੀ ਸਮਝਾਉਂਦਾ ਹਾਂ ਕਿ ਮਨ ਹੀ ਤੀਰਥ ਅਤੇ ਹੱਜ ਹੈ, ਜਿੱਥੇ ਰੱਬ ਵੱਸਦਾ ਹੈ ਅਤੇ ਉਸਦੇ ਅਨੇਕਾਂ ਨਾਮ ਹਨ।
ਸਮੁੱਚੀ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਪ੍ਰਮਾਮਤਾ ਦੀ ਯਾਦ ਨੂੰ, ਉਸਦੇ ਉਪਦੇਸ਼ਾਂ ਨੂੰ ਗੁਰੂ ਦੇ ਰਾਹੀਂ ਆਪਣੀ ਜਿੰਦਗੀ ਵਿੱਚ ਢਾਲਣਾ ਹੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ।ਬਾਹਰੀ ਤੌਰ ਤੇ ਵਿਖਾਵਾ ਕਰਨਾ ਅਤੇ ਮਾਲਾ ਨਾਲ ਸਿਮਰਨ ਕਰਨ ਨਾਲ ਗਤੀ ਨਹੀਂ ਹੋ ਸਕਦੀ, ਇਹ ਤਦ ਹੀ ਸੰਭਵ ਹੋਵੇਗਾ ਜਦੋਂ ਆਪਣੀ ਜੀਭ ਨੂੰ ਮਾਲਾ ਬਣਾ ਲਵਾਂਗੇ ਅਤੇ ਆਪਣੇ ਅੰਦਰ ਪ੍ਰਮਾਤਮਾ ਵਾਲੇ ਸ਼ੁੱਭ-ਗੁਣ ਪੈਦਾ ਕਰ ਲਾਵਾਂਗੇ। ਗੁਰੂ ਰਾਖਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>