ਹੱਕ ਲਈ ਲੜਿਆ ਸੱਚ – (ਭਾਗ-47)

ਅਜੇ ਛਾਹ ਕੁ ਵੇਲਾ ਸੀ ਕਿ ਸਿਮਰੀ ਦੀਪੀ ਦੇ ਘਰ ਆਈ। ਉਸ ਦੇ ਹੱਥ ਵਿਚ ਵਿਆਹ ਦੇ ਕਾਰਡ ਸਨ। ਸੁਰਜੀਤ ਨੇ ਉਸ ਨੂੰ ਆਉਂਦੀ ਦੇਖਿਆ ਤਾਂ ਦੀਪੀ ਨੂੰ ਅਵਾਜ਼ ਮਾਰੀ, “ਦੀਪੀ, ਦੇਖ ਅੱਜ ਤਾਂ ਸਿਮਰੀ ਆਈ ਆ।”
“ਚਾਚੀ ਜੀ, ਮੈਂ ਤਾਂ ਕਈ ਦਿਨਾਂ ਨੂੰ ਆਉਣ ਦਾ ਕਰਦੀ ਸੀ, ਪਰ ਮੇਰੇ ਤੋਂ ਆਇਆ ਹੀ ਨਹੀਂ ਗਿਆ।”
“ਧੀਏ, ਸਾਨੂੰ ਪਤਾ ਲੱਗਾ ਤੇਰਾ ਵਿਆਹ ਆ।” ਹਰਨਾਮ ਕੌਰ ਨੇ ਕਿਹਾ, “ਸੁਣਿਆ, ਮੁੰਡਾ ਬਾਹਰੋਂ ਆਇਆ ਆ।”
“ਹਾਂ ਜੀ, ਬੀਜੀ।” ਸਿਮਰੀ ਨੇ ਕਾਰਡ ਫੜਾਉਂਦਿਆ ਦੱਸਿਆ, “ਅਗਲੇ ਮਹੀਨੇ ਦੀ ਪੰਦਰਾਂ ਤਾਰੀਕ ਦਾ ਹੈ।”
ਸਿਮਰੀ ਦੀ ਅਵਾਜ਼ ਸੁਣ ਕੇ ਦੀਪੀ ਵੀ ਬਾਹਰ ਵਿਹੜੇ ਵਿਚ ਆ ਗਈ। ਸਿਮਰੀ ਨੂੰ ਦੇਖਦੀ ਬੋਲੀ, “ਆ ਗਿਆ ਤੈਨੂੰ ਮੇਰਾ ਚੇਤਾ।”
“ਮੈਨੂੰ ਤਾਂ ਆ ਹੀ ਗਿਆ ਤੇ ਤੈਨੂੰ ਆਇਆ ਹੀ ਨਾਂ।” ਸਿਮਰੀ ਨੇ ਕਿਹਾ, “ਤੈਨੂੰ ਮੇਰੇ ਰਿਸ਼ਤੇ ਹੋਣ ਦਾ ਪਤਾ ਤਾਂ ਲਗ ਹੀ ਗਿਆ ਹੋਣਾ, ਤੂੰ ਫਿਰ ਵੀ ਨਾਂ ਆਈ।”
“ਨਾਂ ਮੈਨੂੰ ਕੋਈ ਤੇਰੇ ਰਿਸ਼ਤੇ ਹੋਣ ਦਾ ਸੁਪਨਾ ਆਇਆ ਹੈ।”
“ਸਿਮਰੀ, ਉਦਾਂ ਇਕ ਦਿਨ ਦੀਪੀ ਮੈਨੂੰ ਪੁੱਛਦੀ ਸੀ ਕਿ ਮੈਂ ਸਿਮਰੀ ਦੇ ਘਰ ਜਾ ਆਵਾਂ।” ਸੁਰਜੀਤ ਨੇ ਦੱਸਿਆ, “ਮੈਂ ਹੀ ਨਹੀ ਆਉਣ ਦਿੱਤਾ।”
“ਤੁਸੀ ਕਿੳਂ ਨਹੀਂ ਆਉਣ ਦਿੱਤਾ।” ਸਿਮਰੀ ਨੇ ਹਿਰਖ ਨਾਲ ਕਿਹਾ, “ਮੈਂ ਤਾਂ ਫਿਰ ਵੀ ਤੁਹਾਡੇ ਆ ਹੀ ਜਾਂਦੀ ਹਾਂ, ਇਹ ਕਦੇ ਵੀ ਨਹੀਂ ਆਉਂਦੀ।”
“ਤੁਹਾਡੇ ਘਰ ਦੇ ਸੱਜੇ ਹੱਥ ਜਿਹੜਾ ਥੱੜਾ ਆ, ਉਹ ਹਮੇਸ਼ਾ ਮੁੰਡਿਆਂ ਨਾਲ ਭਰਿਆ ਰਹਿੰਦਾ ਆ।” ਸੁਰਜੀਤ ਨੇ ਦੱਸਿਆ, “ਜਦੋਂ ਵੀ ਤੁਹਾਡੇ ਘਰ ਨੂੰ ਜਾਈਏ ਲੰਘਨਾ ਉਥੋਂ ਦੀ ਹੀ ਪੈਂਦਾ ਹੈ, ਤੇਰੇ ਚਾਚਾ ਜੀ ਇਹ ਪਸੰਦ ਨਹੀਂ ਕਰਦੇ।”
“ਮੰਮੀ ਜੀ, ਇਹਨੇ ਕਿਹੜਾ ਸਾਨੂੰ ਆਪਣੀ ਕੁੜਮਾਈ ਤੇ ਬੁਲਾਇਆ।” ਦੀਪੀ ਨੇ ਕਿਹਾ।
“ਮੰਗਣੀ ਤਾਂ ਹੋਈ ਹੀ ਨੀਂ।” ਸਿਮਰੀ ਨੇ ਦੱਸਿਆ, “ਦੇਖਣ ਆਏ ਹੀ ਵਿਆਹ ਪੱਕਾ ਕਰਕੇ ਚਲੇ ਗਏ।”
“ਮੈਂ ਤੁਹਾਡੇ ਲਈ ਚਾਹ ਬਣਾਉਂਦੀ ਹਾਂ, ਤੁਸੀ ਬੈਠ ਕੇ ਗੱਲਾਂ ਕਰ ਲਉ।” ਇਹ ਕਹਿ ਕੇ ਸੁਰਜੀਤ ਰਸੋਈ ਵੱਲ ਨੂੰ ਚਾਹ ਬਣਾਉਣ ਚਲੀ ਗਈ। ਦੀਪੀ ਨੂੰ ਪਤਾ ਸੀ ਕੋਲ ਤਾਂ ਉਸ ਦੀ ਦਾਦੀ ਹਰਨਾਮ ਕੌਰ ਬੈਠੀ ਹੈ, ਉਸ ਦੇ ਸਾਹਮਣੇ ਤਾਂ ਦੋਨੋ ਸਹੇਲੀਆਂ ਖੁੱਲ ਕੇ ਗੱਲਾਂ ਕਰ ਨਹੀ ਸਕਦੀਆ। ਉਸ ਨੇ ਸਿਮਰੀ ਨੂੰ ਇਸ਼ਾਰਾ ਕੀਤਾ ਤੇ ਦੋਵੇ ਚੁਬਾਰੇ ਦੀਆਂ ਪੌੜੀਆਂ ਚੜ੍ਹ ਗਈਆਂ। ਚੁਬਾਰੇ ਦੇ ਮੂਹਰੇ ਛੋਟੇ ਜਿਹੇ ਬਰਾਂਡੇ ਵਿਚ ਪਏ ਮੰਜੇ ਤੇ ਬੈਠ ਗਈਆਂ। ਆਲਾ-ਦੁਆਲਾ ਬਿਲਕੁਲ ਸੁਨ-ਸਾਨ ਸੀ। ਦੀਪੀ ਦੀਆਂ ਭੈਣਾ ਤੇ ਭਰਾ ਵੀ ਉਸ ਸਮੇਂ ਪੜ੍ਹਨ ਗਏ ਹੋਏ ਸਨ। ਮੰਜੇ ਤੇ ਬੈਠਦਿਆਂ ਸਿਮਰੀ ਨੇ ਪਹਿਲਾਂ ਇਹ ਹੀ ਪੁੱਛਿਆ, “ਦਿਲਪ੍ਰੀਤ ੳਦੋਂ ਦਾ ਹੀ ਮਿਲਿਆ ਹੈ ਜਾਂ ਫਿਰ ਵੀ ਮਿਲਿਆ ਸੀ।”
“ਹਾਂ, ਮਿਲਣਾ ਕਿੱਥੇ ਸੀ।”
“ਤੁਹਾਡੇ ਵਿਆਹ ਦੀ ਕੋਈ ਉਘ-ਸੁਘ ਨਹੀ ਨਿਕਲੀ।” ਸਿਮਰੀ ਨੇ ਕਿਹਾ, “ਅੱਗੇ ਤਾਂ ਬੜਾ ਕਾਹਲਾ ਸੀ।”
“ਹੁਣ ਉਹ ਬਦਲ ਗਏ।”
“ਇਸ ਤਰ੍ਹਾਂ ਕਿਵੇ ਹੋ ਸਕਦਾ ਆ।” ਸਿਮਰੀ ਨੇ ਪੁਰਾਣਾ ਚੇਤਾ ਕਰਦਿਆ ਕਿਹਾ, “ਉਦੋਂ ਤਾਂ ਤੇਰੇ ਤੇ ਜਾਨ ਕੁਰਬਾਨ ਕਰਨ ਨੂੰ ਫਿਰਦਾ ਸੀ।”
“ਮੈਨੂੰ ਤਾਂ ਆਪ ਕੁਝ ਨਹੀ ਪਤਾ ਲੱਗਦਾ।” ਦੀਪੀ ਨੇ ਦੱਸਿਆ, “ਇਕ ਦਿਨ ਸਿਰਫ ਉਹਨਾ ਖਤ ਮਿਲਿਆ ਸੀ।”
“ਕੀ ਲਿਖਿਆ ਸੀ?”
“ਅਖੇ ਮੈਂ ਸਿੰਘ ਸਜ ਗਿਆ, ਤੂੰ ਵੀ ਪਾਠ ਕਰਿਆ ਕਰ।।”
ਸਿਮਰੀ ਨੂੰ ਇਸ ਗੱਲ ਤੇ ਹਾਸਾ ਵੀ ਆਇਆ ਤੇ ਹੈਰਾਨੀ ਵੀ। ਪਰ ਉਸ ਨੇ ਕੁਝ ਵੀ ਨਹੀਂ ਕਿਹਾ। ਦੀਪੀ ਆਪ ਹੀ ਬੋਲੀ, “ਮੇਰੇ ਕੋਲ ਹੋਣ ਤਾਂ ਮੈਂ ਚੰਗੀ ਲੜਾਈ ਕਰਾਂ।”
“ਤੂੰ ਫਿਰ ਚਿੱਠੀ ਦਾ ਕੀ ਜ਼ਵਾਬ ਦਿੱਤਾ।”
“ਮੈਂ ਲਿਖਿਆ ਚੰਗਾ ਹੋ ਗਿਆ ਤੁਸੀ ਸਿੰਘ ਸੱਜ ਗਏ, ਪਰ ਸਿੰਘ ਸਜ ਕੇ ਆਪਣੇ ਪਿਆਰ ਨੂੰ ਭੁਲਣਾ ਨਹੀਂ ਚਾਹੀਦਾ।”
“ਮੈਂ ਤਾਂ ਉਸ ਨੂੰ ਆਪਣੇ ਵਿਆਹ ਦਾ ਕਾਰਡ ਦੇਣਾ ਸੀ।”
“ਜਿਸ ਪਤੇ ਤੇ ਮੈਂ ਚਿੱਠੀ ਪਾਈ ਆ, ਉਸੇ ਪਤੇ ਤੇ ਆਪਣਾ ਕਾਰਡ ਭੇਜ ਦੇ।”
“ਵਿਆਹ ਤੇ ਆ ਜਾਵੇਗਾ।”
“ਸ਼ਾਇਦ”
ੳਦੋਂ ਹੀ ਸਰਜੀਤ ਨੇ ਦੀਪੀ ਨੂੰ ਅਵਾਜ਼ ਮਾਰੀ ਕਿ ਆ ਕੇ ਚਾਹ ਲੈ ਜਾ। ਦੀਪੀ ਪੌੜੀਆਂ ਵਿਚੋਂ ਹੀ ਚਾਹ ਫੜ੍ਹ ਕੇ ਉਹਨੀ ਪੈਰੀ ਹੀ ਮੁੜ ਆਈ। ਕਿੰਨਾ ਚਿਰ ਬੈਠੀਆਂ ਦੋਵੇ ਸਹੇਲੀਆਂ ਗੱਲਾਂ ਕਰਦੀਆਂ ਰਹੀਆਂ। ਇਕ ਵਾਰੀ ਤਾਂ ਦੀਪੀ ਦਿਲਪ੍ਰੀਤ ਦੀਆਂ ਗੱਲਾਂ ਕਰਦੀ ਕਰਦੀ ਰੋ ਵੀ ਪਈ। ਆਪਣੇ ਹੰਝੂ ਪੂੰਝਦੀ ਬੋਲੀ, “ਮੈਂ ਤਾਂ ਆਪਣਾ ਹੀ ਦੁੱਖ ਰੋਣ ਲਗ ਪਈ, ਤੈਨੂੰ ਤਾਂ ਪੁਛਿੱਆ ਆ ਹੀ ਨਹੀਂ ਕਿ ਤੇਰਾ ਸਾਥੀ ਕਿਸ ਤਰ੍ਹਾਂ ਦਾ ਆ।”
“ਮੈਂ ਉਸ ਦੇ ਬਾਰੇ ਤੈਨੂੰ ਕੀ ਦੱਸਾਂ।” ਸਿਮਰੀ ਨੇ ਦੱਸਿਆ, “ਬਸ ਅਸੀ ਤਾਂ ਇਕ ਦੂਜੇ ਦੀ ਝਾਤ ਹੀ ਮਾਰੀ ਹੈ, ਬਾਅਦ ਵਿਚ ਘਰਦਿਆਂ ਨੇ ਪੁੱਛ ਲਿਆ ਦੱਸੋ ਕਿਵੇਂ ਠੀਕ ਆ। ਮੈਂ ਵੀ ਕਹਿ ਦਿੱਤਾ ਹਾਂ ਜੀ ਤੇ ਉਸ ਨੇ ਵੀ ਕਹਿ ਦਿੱਤਾ ਠੀਕ ਆ, ਇਹ ਹੀ ਹੈ ਸਾਡੀ ਸਾਰੀ ਮੁਲਾਕਾਤ, ਤੂੰ ਆਪ ਹੀ ਅੰਦਾਜ਼ਾ ਲਾ ਲੈ ਕਿ ਉਹਦੇ ਬਾਰੇ ਕੀ ਦੱਸਾਂ।”
“ਦੇਖਣ ਨੂੰ ਕਿਵੇਂ ਲੱਗਦਾ ਹੈ।”
“ਦੇਖਣ ਨੂੰ ਜਿਦਾਂ ਦੀ ਮੈਂ ਆਂ ਉਦਾਂ ਦਾ ਉਹ।”
“ਕੋਈ ਉਹਦੇ ਨਾਲ ਗੱਲ ਤਾਂ ਕਰ ਲੈਂਦੀ।”
“ਤੇਰੇ ਮੰਮੀ ਡੈਡੀ ਫਿਰ ਵੀ ਚੰਗੇ ਆ, ਜਿਹਨਾ ਨੇ ਤੈਨੂੰ ਦਿਲਪ੍ਰੀਤ ਨਾਲ ਗੱਲਾਂ ਕਰਨ ਦਾ ਮੌਕਾ ਤਾਂ ਦਿੱਤਾ ਸੀ।” ਸਿਮਰੀ ਨੇ ਕਿਹਾ, “ਸਾਨੂੰ ਤਾਂ ਇਹ ਵੀ ਨਹੀਂ ਮਿਲਿਆ।”
“ਆਪਸ ਵਿਚ ਮਿਲਣ ਦਾ ਮੌਕਾ ਤਾਂ ਪਹਿਲਾ ਰੱਬ ਨੇ ਹੀ ਦੇ ਦਿੱਤਾ ਸੀ।” ਦੀਪੀ ਨੇ ਕਿਹਾ, “ਜਿਸ ਮੌਕੇ ਵਿਚ ਅਸੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਿਆ, ਪਹਿਚਾਨਿਆ।”
“ਦੀਪੀ, ਵੈਸੇ ਮੇਰਾ ਮੰਨ ਨਹੀ ਮੰਨਦਾ ਕਿ ਦਿਲਪ੍ਰੀਤ ਨੇ ਪਿਆਰ ਵਿਚ ਕੋਈ ਫ਼ਰਕ ਪਾਇਆ ਹੋਵੇਗਾ।” ਸਿਮਰੀ ਨੇ ਚਾਹ ਦਾ ਕੱਪ ਮੂੰਹ ਨੂੰ ਲਾਉਂਦੇ ਕਿਹਾ, “ਹੋ ਸਕਦਾ ਹੈ ਉਸ ਦੀ ਕੋਈ ਮਜ਼ਬੂਰੀ ਹੋਵੇ।”
“ਕੁਝ ਵੀ ਹੋਵੇ ਇਨਸਾਨ ਨੂੰ ਖੁੱਲ੍ਹ ਕੇ ਗੱਲ ਤਾਂ ਕਰਨੀ ਚਾਹੀਦੀ ਆ, ਕਈ ਵਾਰੀ ਜ਼ਿੰਦਗੀ ਵਿਚ ਐਸੀਆਂ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਨੇ ਜਿਹਨਾਂ ਬਾਰੇ ਅਸੀ ਚਾਹੁੰਦੇ ਹੋਏ ਵੀ ਗੱਲ ਨਹੀਂ ਕਰ ਸਕਦੇ, ਕਈ ਵਾਰੀ ਕੋਈ ਗੱਲ ਵਸੋਂ ਬਾਹਰ ਵੀ ਹੋ ਜਾਂਦੀ ਹੈ।”
“ਸਾਡੇ ਵਿਚ ਦੂਰੀ ਹੋ ਗਈ ਜਾਂ ਮਜ਼ਬੂਰੀ ਤੂੰ ਛੱਡ ਇਹਨਾ ਗੱਲਾਂ ਨੂੰ।” ਦੀਪੀ ਨੇ ਆਪਣਾ ਵਿਚਾਰ ਦਿੱਤਾ, “ਤੂੰ ਮੇਰੇ ਕੋਲੋ ਅਡਰੈਸ ਲੈ ਜਾਹ ਤੇ ਕਾਰਡ ਪਾ ਦੇ।”
“ਕਸਬੇ ਵਾਲੀ ਗੁੱਡੀ ਨੂੰ ਵੀ ਕਾਰਡ ਅਜੇ ਭੇਜਣਾ ਹੈ।”
“ਡਰੋਲੀ ਵਾਲੀ ਪਰਮਜੀਤ ਨੂੰ ਵੀ ਕਾਰਡ ਭੇਜ ਦੇਈਂ।” ਦੀਪੀ ਨੇ ਸਲਾਹ ਦਿੱਤੀ, “ਕਾਲਜ ਵਿਚ ਉਹ ਜ਼ਿਆਦਾ ਤਰ ਆਪਣੇ ਨਾਲ ਹੀ ਰਹਿੰਦੀ ਸੀ।” ਕਾਫੀ ਚਿਰ ਵਿਆਹਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਸਿਮਰੀ ਨੇ ਦਿਲਪ੍ਰੀਤ ਦਾ ਐਡਰਸ ਲੈ ਲਿਆ ਤਾਂ ਜੋ ਆਪਣੀਆਂ ਸਹੇਲੀਆਂ ਦੇ ਨਾਲ ਉਸ ਨੂੰ ਵੀ ਕਾਰਡ ਭੇਜ ਸਕੇ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>