ਮਨੁੱਖ ਦਾ ਅਸਲੀ ਘਰ

ਦਸ ਸਾਲਾਂ ਦੇ ਮਨਿਦੰਰ ਦੀ ਮਾਂ ਕੈਂਸਰ ਨਾਲ ਜੂਝਦੀ ਅਖੀਰ ਮੌਤ ਹੱਥੋਂ ਹਾਰ ਗਈ। ਪਿਤਾ ਗੁਰਨਾਮ ਸਿਉਂ ਫੌਜ ਵਿੱਚ ਹੋਣ ਕਰਕੇ ਦਾਦੀ ਨੇ ਹੀ ਉਸ ਨੂੰ ਪਾਲਿਆ ਸੀ। ਮਨਿਦੰਰ ਦੇ ਦਾਦਾ ਜੀ 1965 ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ । ਦਾਦੀ ਦੇ ਤੁਰ ਜਾਣ ਬਾਅਦ ਉਸ ਦਾ ਪਿਤਾ ਸੂਬੇਦਾਰ ਰਟਾਇਰ ਹੋ ਕੇ ਪਿੰਡ ਆ ਗਿਆ ਸੀ। ਨਿਤਨੇਮੀ ਨੇਕਦਿੱਲ ਸੂਬੇਦਾਰ ਗੁਰਨਾਮ ਸਿੰਉਂ ਪਿੰਡ ਦੀ ਭਲਾਈ ਦੇ ਹਰ ਸਾਂਝੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦਾ। ਪੂਰੇ ਪਿੰਡ ਵਿੱਚ ਉਸ ਦਾ ਮਾਣ ਸਤਿਕਾਰ ਸੀ।
ਅੱਜ ਜਦੋਂ ਖੇਤ ਵੱਲ ਜਾ ਰਿਹਾ ਸੀ, ਰਸਤੇ ਵਿੱਚ ਸ਼ਮਸ਼ਾਨ ਘਾਟ ਨੂੰ ਜਾਂਦੀ ਪਹੀ ਦੇ ਮੋੜ ਉਤੇ ਲੋਕਾਂ ਦੀ ਭੀੜ ਜੁੜੀ ਹੋਈ ਸੀ। ਪਿੰਡ ਦੀ ਨੌਜੁਆਨ ਸਭਾ ਦੇ ਲੜਕੇ ਤੇ ਮੋਹਤਬਰ ਉਥੇ ਲੱਕੜੀ ਦੇ ਫੱਟੇ ਦਾ ਬੈਨਰ ਲਾ ਰਹੇ ਸਨ। ਜਿਸ ਉਪਰ ਲਿਖਿਆ ਸੀ,”ਮਨੁੱਖ ਦਾ ਅਸਲੀ ਘਰ” ਇੱਧਰ ਹੈ! ਤਾਇਆ,”ਸਹੀ ਲਿਖਿਆ” ? ਕੋਲ ਖੜ੍ਹਾ ਇੱਕ ਨੌਜੁਆਨ ਬੋਲਿਆ ! ਕਾਕਾ,”ਨਵੀਂ ਤੇ ਪੁਰਾਣੀ ਪੀੜ੍ਹੀ ‘ਚ ਫਰਕ ਤਾਂ ਹੁੰਦਾ ਈ ਏ”! ਵੈਸੇ,”ਮੇਰੇ ਖਿਆਲ਼ ‘ਚ ਜੇ ਮਰਨ ਵਾਲੇ ਪ੍ਰਾਣੀ ਦੀ ਜੀਵਨੀ ਲਿਖੀ ਜਾਵੇ ਤਾਂ,ਹੋਰ ਨੀ ਵਧੀਆ”! ਤਾਇਆ,”ਮਾੜੇ ਬੰਦੇ ਦੀ ਜੀਵਨੀ ਕਿਤੇ ਪੜ੍ਨੇ ਨਾ ਪਾਦੇ!” ਪੁੱਤਰਾ ਜੇ ਸਚਾਈ ਹੋਈ ਤਾਂ ਪੁਆੜ੍ਹੇ ਕਾਹਦੇ,ਨਾਲੇ ਚੰਗੇ ਤੋ ਸਿੱਖਿਆ ਮਾੜੇ ਤੋਂ ਨਸੀਹਤ ਮਿਲਜੂ”? ਉਹ ਲਾ ਜਬਾਬ ਹੋ ਗਿਆ!ਬਾਬਾ,ਸਿਵਿਆਂ ਵਾਲਾ ਨਲਕਾ ਘਿਚ ਘਿਚ ਕਰਦਾ,ਨਾਲੇ ਪਿਛਲੀ ਕੰਧ ਵੀ ਟੇਢੀ ਜਿਹੀ ਆ, ਦੂਰ ਖੜ੍ਹੇ ਨੌਜੁਆਨ ਨੇ ਗੱਲ ਦਾ ਰੁੱਖ ਬਦਲਿਆ! ਪੁੱਤਰਾ,”ਕੋਈ ਗੱਲ ਨੀ ਮੇਰੀ ਪੈਨਸ਼ਨ ਰੁੱਕੀ ਆ,ਕੇਰਾਂ ਆ ਲੈਣ ਦੇ,ਆਪਾਂ ਟੂਟੀਆਂ ਤੇ ਫੁੱਲ ਬੂਟੇ ਲਾ ਕੇ ਕਸਰਾਂ ਕੱਢ ਦਾ ਗੇ”! ਗੁਰਨਾਮ ਸਿਉਂ ਦੀ ਅਵਾਜ਼ ‘ਚ ਫੌਜੀਆਂ ਵਾਲੀ ਬੜ੍ਹਕ ਸੀ। “ਬੱਲੇ ਤਾਇਆ ਬੱਲੇ, ਵੇਖਿਆ ਤਾਏ ਦਾ ਦਿੱਲ”, ਫੱਟੇ ਵਿੱਚ ਕਿੱਲ ਠੋਕਦਾ, ਨੌਜੁਆਨ ਕਹਿ ਰਿਹਾ ਸੀ। ਅਗਲੇ ਸਾਲ ਚੜ੍ਹਦੇ ਹੀ ਗੁਰਨਾਮ ਸਿੰਉਂ ਨੇ ਪਿੰਡ ਦੇ ਸਿਵਿਆਂ ਨੂੰ ਪਾਰਕ ਦਾ ਰੂਪ ਚਾੜ੍ਹ ਦਿੱਤਾ ਸੀ। ਜਿਥੇ ਦਿੱਨ ਵੇਲੇ ਡਰ ਲਗਦਾ ਸੀ, ਉਥੇ ਹੁਣ ਲੋਕੀ ਬੈਠ ਕੇ ਤਾਸ਼ ਖੇਡਦੇ ਸਨ।ਪਿੰਡ ਵਾਸੀਆਂ ਨੇ “ਮਨੁੱਖ ਦਾ ਅਸਲੀ ਘਰ” ਨਾਂ ਦੇ ਫੱਟੇ ਥੱਲੇ ” ਗੁਰਨਾਮ ਸਿੰਘ” ਨੇ ਸੇਵਾ ਕਰਾਈ ਨਾਂ ਦੀ ਤਖਤੀ ਵੀ ਜੜ੍ਹ ਦਿੱਤੀ। ਘੜੀ ਦੀ ਸੂਈ ਦੇ ਨਾਲ ਨਾਲ ਦਿੱਨ, ਮਹੀਨੇ ਅਤੇ ਰੁੱਤਾਂ ਵੀ ਬਦਲ ਗਈਆਂ। ਮਨਿੰਦਰ ਨੇ ਚੰਡੀਗੜ੍ਹ ਵਿੱਚ ਵਕਾਲਤ ਦੀ ਪੜ੍ਹਾਈ ਕਰਕੇ ਉਥੇ ਹੀ ਸਰਵਿਸ ਸ਼ੁਰੂ ਕਰ ਲਈ ਸੀ। ਉਹ ਪਿੰਡ ਕਦੇ ਕਦਾਈ ਗੇੜਾ ਮਾਰਦਾ! ਬੁਢਾਪੇ ਵੱਲ ਵਹਿ ਰਹੀ ਗੁਰਨਾਮ ਸਿੰਉਂ ਦੀ ਜਿੰਦਗੀ ਦੀ ਰਫਤਾਰ ਮੱਠੀ ਪੈਣੀ ਸ਼ੁਰੂ ਹੋ ਗਈ। ਵੱਧਦੀ ਉਮਰ ਦੇ ਨਾਲ ਉਸ ਨੂੰ ਇੱਕਲਤਾ ਦੀ ਮਾਯੂਸੀ ਵੀ ਸਤਾਉਣ ਲੱਗ ਪਈ ਸੀ। ਦੁਨੀਆਂ ਵਿੱਚ ਸ਼ੁਰੂ ਹੋਈ ਕਰੋਨਾ ਨਾਂ ਦੀ ਮਹਾਂਮਾਰੀ ਦੀਆਂ ਖਬਰਾਂ ਸੁਣ ਕੇ ਉਸ ਦਾ ਮਨ ਡੋਲ ਜਾਦਾਂ। ਬੇਟਾ,”ਹੁਣ ਤੇਰੇ ਬਿਨ੍ਹਾਂ ਦਿੱਲ ਨਹੀ ਲਗਦਾ”! ਇਹ ਬੋਲ ਫੋਨ ਤੇ ਅੱਜ ਮਨਿੰਦਰ ਨੂੰ ਉਸ ਨੇ ਭਰੇ ਮਨ ਨਾਲ ਕਹੇ ਸਨ। ਘਬਰਾਓ ਨਾ ਡੈਡੀ ਜੀ, ਮੈਂ,”ਜਲਦੀ ਹੀ ਆਪਣੇ ਕੋਲ ਲੈ ਜਾਵਾਂਗਾ”। ਲੋਹੜੀ ਦੀਆਂ ਛੁੱਟੀਆਂ ਆਈਆਂ ਮਨਿੰਦਰ ਆ ਕੇ ਡੈਡੀ ਨੂੰ ਚੰਡੀਗੜ੍ਹ ਲੈ ਗਿਆ। ਹੁਣ ਗੁਰਨਾਮ ਸਿਉਂ ਹੌਸਲੇ ਵਿੱਚ ਰਹਿੰਦਾ। ਦਿੱਨ ਵੇਲੇ ਉਹ ਘਰ ਦੇ ਸਾਹਮਣੇ ਬਣੇ ਗਾਰਡਨ ‘ਚ ਜਾ ਬਹਿੰਦਾ ਤੇ ਅਖਬਾਰ,ਖਬਰਾਂ ਪੜ੍ਹ ਸੁਣ ਕੇ ਦਿਹਾੜ੍ਹੀ ਲੰਘਾ ਲੈਂਦਾ ਸੀ। “ਨਮਸਕਾਰ”, ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਨੇ ਚਾਈਨਾ ਤੋਂ ਬਾਅਦ ਯੌਰਪ,ਅਮਰੀਕਾ ਵੱਲ ਰੁੱਖ ਕਰ ਲਿਆ ਹੈ। ਇੱਟਲੀ, ਸਪੇਨ, ਫਰਾਂਸ ਅਤੇ ਅਮਰੀਕਾ ਜਿਹੇ ਵਿਕਸਤ ਦੇਸ਼ਾਂ ਵਿੱਚ ਅਣਗਿਣਤ ਮੌਤਾਂ ਹੋ ਚੁੱਕੀਆਂ ਹਨ। ਯੌਰਪ ਦੀਆਂ ਸਰਕਾਰਾਂ ਨੇ 15 ਦਿਨਾਂ ਲਈ ਲੌਕਡਾਊਨ ਕਰ ਦਿੱਤਾ ਹੈ। ਸਭ ਲੋਕਾਂ ਨੂੰ 24 ਘੰਟੇ ਘਰਾਂ ਅੰਦਰ ਰਹਿਣ ਦੀ ਤਾਕੀਦ ਕੀਤੀ ਹੈ। ਹੁਣ ਇਸ ਬੀਮਾਰੀ ਦੇ ਲੱਛਣ ਭਾਰਤ ਵਿੱਚ ਵੀ ਪਾਏ ਜਾ ਰਹੇ ਹਨ। ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਹਰ ਸੰਭਵ ਕੋਸ਼ਿਸ ਕਰ ਰਹੀ ਹੈ”। ਟੀਵੀ ਪ੍ਰਜੈਂਟਰ ਫਟਾ ਫਟ ਬੋਲੀ ਜਾ ਰਹੀ ਸੀ। ਡੈਡੀ ਜੀ,”ਮੈਂ ਅਰਾਮ ਕਰਨਾ ਏ”! ਕਹਿ ਕੇ ਮਨਿਦੰਰ ਕੰਮ ਤੋਂ ਆਉਦਾ ਹੀ ਸਿੱਧਾ ਕਮਰੇ ਵਿੱਚ ਚਲਿਆ ਗਿਆ। ਖੰਘ ਦੇ ਨਾਲ ਨਾਲ ਉਸ ਦਾ ਸਰੀਰ ਵੀ ਭੱਖ ਰਿਹਾ ਸੀ। ਗੁਰਨਾਮ ਸਿਉਂ ਰਾਤ ਭਰ ਪੁੱਤ ਦੇ ਫਿਕਰ ਵਿੱਚ ਡੁੱਬਿਆ ਰਿਹਾ। ਮਨਿਦੰਰ ਨੇ ਪੂਰੀ ਰਾਤ ਖੰਘਦਿਆਂ ਲੰਘਾਈ। ਸਵੇਰ ਦਾ ਚਿੱਟਾ ਦਿੱਨ ਚੜ੍ਹ ਚੁੱਕਿਆ ਸੀ। ਗੁਰਨਾਮ ਸਿਉਂ ਨੇ ਬੈਚੇਨੀ ਵਿੱਚ ਜਾ ਦਰਵਾਜ਼ਾ ਖੋਲਿਆ,ਅੱਗੇ ਮਨਿੰਦਰ ਹਾਲੋਂ ਬੇ ਹਾਲ ਸੀ। ਉਸ ਨੇ ਤਰੁੰਤ ਐਮਰਜੈਂਸੀ ਕਾਲ ਕਰਕੇ ਐਬੂਲੈਂਸ ਬੁਲਾ ਲਈ, ਡਾਕਟਰਾਂ ਦੀ ਟੀਮ ਆਈ ਮਨਿਦੰਰ ਨੂੰ ਚੁੱਕ ਕੇ ਹਸਪਤਾਲ ਲੈ ਗਈ। ਪੂਰਾ ਦਿੱਨ ਚੈੱਕ ਅੱਪ ਵਿੱਚ ਲੰਘ ਗਿਆ, ਰੀਪੋਰਟ ਵਿੱਚ ਕੋਰੋਨਾ ਮਹਾਂਮਾਰੀ ਦੀ ਇਨਫ਼ੈਕਸ਼ਨ ਪਾਈ ਗਈ। ਹਸਪਤਾਲ ਪ੍ਰਸ਼ਾਸ਼ਨ ਨੇ ਮਨਿੰਦਰ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ । ਅਗਲੇ ਦਿੱਨ ਪੁਲਿਸ ਤੇ ਸਿਹਤ ਅਧਕਾਰੀ ਜਾਂਚ ਲਈ ਮਨਿੰਦਰ ਦੇ ਘਰ ਆਏ। ਸੋਫੇ ਉਤੇ ਬੈਠੇ ਗੁਰਨਾਮ ਸਿਉਂ ਦਾ ਉਖੜੇ ਹੋਏ ਸਾਹਾਂ ਨਾਲ ਸਰੀਰ ਵੀ ਤਦੂੰਰ ਵਾਂਗ ਤਪ ਰਿਹਾ ਸੀ। ਡਾਕਟਰ ਬਿਨ੍ਹਾ ਦੇਰੀ ਕੀਤੇ ਐਮਰਜੈਂਸੀ ਵਾਰਡ ਵਿੱਚ ਲੈ ਗਏ। ਵੈਂਟੀਲੈਟਰ ਤੇ ਪਏ ਗੁਰਨਾਮ ਸਿਉਂ ਦੀ ਹਾਲਤ ਪਲ ਪਲ ਵਿਗੜਦੀ ਜਾ ਰਹੀ ਸੀ। ਉਹਨਾਂ ਦੀ ਹਰ ਕੋਸ਼ਿਸ਼ ਸਭ ਵਿਆਰਥ ਜਾਪਦੀ ਸੀ। ਰਾਤੀ ਨੌ ਵਜੇ ਪਏ ਦਿੱਲ ਦਾ ਦੌਰੇ ਨਾਲ, ਉਸ ਦੇ ਆਖਰੀ ਸਾਹ ਵੀ ਬੰਦ ਹੋ ਗਏ। ਪੁਲਿਸ ਤੇ ਸਿਹਤ ਵਿਭਾਗ ਦੇ ਕਰਮਚਾਰੀ ਗੁਰਨਾਮ ਸਿਉਂ ਦੀ ਮ੍ਰਿਤਕ ਦੇਹ ਨੂੰ ਪਲਾਸਟਿੱਕ ਵਿੱਚ ਲਪੇਟ ਕੇ ਸਸਕਾਰ ਲਈ ਉਸ ਦੇ ਜੱਦੀ ਪਿੰਡ ਵੱਲ ਨੂੰ ਚੱਲ ਪਏ। ਕੋਰੋਨਾ ਬੀਮਾਰੀ ਦੀ ਘਨਾਉਣੀ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਚੁੱਕੀ ਸੀ। ਪਹੁ ਫੁਟਦੀ ਹੀ ਪ੍ਰਸ਼ਾਸ਼ਨ ਐਬੂਲੈਂਸ ਲੈ ਕੇ ਪਿੰਡ ਦੀ ਸ਼ਮਸ਼ਾਨ ਘਾਟ ਵਾਲੀ ਪਹੀ ਦੇ ਮੋੜ ਤੇ ਜਾ ਪਹੁੰਚਿਆ। ਅੱਗੇ ਪਿੰਡ ਵਾਲੇ ਪਹੀ ਵਿੱਚ ਦੀਵਾਰ ਬਣੇ ਖੜੇ੍ਹ ਸਨ।

” ਅਸੀ ਪਿੰਡ ਵਿੱਚ ਸਸਕਾਰ ਨਹੀ ਹੋਣ ਦੇਵਾਂਗੇ,” “ਨਹੀ ਹੋਣ ਦੇਵਾਂਗੇ”! ਸਭ ਇੱਕੋ ਹੀ  ਰਟ ਲਾ ਰਹੇ ਸਨ । ਪ੍ਰਸ਼ਾਸ਼ਨ ਦੇ ਵਾਰ ਵਾਰ ਸਮਝਾਉਣ ਤੇ ਵੀ ਉਹ ਟੱਸ ਤੋਂ ਮੱਸ ਨਹੀ ਹੋ ਰਹੇ ਸੀ। “ਮਨੁੱਖ ਦਾ ਅਸਲੀ ਘਰ” ਦੇ ਨਿਸ਼ਾਨ ਵਾਲਾ ਲੱਕੜੀ ਦਾ ਬੈਨਰ ਪਿੰਡ ਦੇ ਲੋਕਾਂ ਵੱਲ ਮੂੰਹ ਅੱਡੀ ਝਾਕ ਰਿਹਾ ਸੀ।
**************************************
ਸ਼ਮਸ਼ਾਨ ਘਾਟ  ਦੀ ਸੇਵਾ  ਕਰਾਈ!
(ਸ. ਗੁਰਨਾਮ ਸਿੰਘ ਸੂਬੇਦਾਰ)”
ਧੰਨਵਾਦ   ਸਹਿਤ
” ਪੰਚਾਇੱਤ ਅਤੇ  ਨੌਜੁਆਨ  ਸਭਾ” ।
**************************************
ਨਾਂ ਦੀ ਥੱਲੇ ਲੱਗੀ ਤਖਤੀ ਪਲਾਸਟਿੱਕ ਵਿੱਚ ਲਿਪਟੇ ਗੁਰਨਾਮ ਸਿੰਘ ਸੂਬੇਦਾਰ ਦੀ ਆਤਮਾ ਨੂੰ ਝਜੋੜ ਰਹੀ ਸੀ। ਪਿੰਡ ਦੇ ਲੋਕਾਂ ਦੀ ਭੀੜ ਵਿੱਚੋਂ ਇਨਸਾਨੀਅਤ ਨਿੱਕਲ ਕੇ ਲਾਹਨਤਾਂ ਪਾਉਦੀ ਸਿਵਿਆਂ ਵੱਲ ਨੂੰ ਹੋ ਤੁਰੀ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>