ਹੱਕ ਲਈ ਲੜਿਆ ਸੱਚ – (ਭਾਗ-49)

ਅੱਜ ਸਿਮਰੀ ਦੇ ਘਰ ਬਹੁਤ ਚਹਿਲ-ਪਹਿਲ ਸੀ ਅਤੇ ਜਨੇਤ ਆਉਣ ਦੀ ਉਡੀਕ ਵਿਚ ਸਾਰਾ ਮੇਲ੍ਹ ਸੁਹਣੇ ਕਪੜਿਆਂ ਵਿਚ ਸਜਿਆ ਧਜÇਆ ਇਧਰ ਉਧਰ ਘੁੰਮ ਰਿਹਾ ਸੀ ਕਿ ਗੁੱਡੀ ਅਤੇ ਡਰੋਲੀ ਵਾਲੀ ਮਨਜੀਤ ਦੁੱਧ ਦਾ ਡੋਲੂ ਚੁੱਕੀ ਸਿਮਰੀ ਦੇ ਘਰ ਪੁੰਹਚ ਗਈਆਂ। ਦੁੱਧ ਦਾ ਡੋਲੂ ਇਕ ਜ਼ਨਾਨੀ ਨੂੰ ਫੜਾਉਂਦੀ ਪਰਮਜੀਤ ਬੋਲੀ, “ਸਿਮਰੀ ਕਿੱਥੇ ਆ?”
“ਉਹ ਅੰਦਰ ਆ।” ਜ਼ਨਾਨੀ ਨੇ ਇਕ ਕਮਰੇ ਵੱਲ ਇਸ਼ਾਰੇ ਕਰਦੇ ਕਿਹਾ, “ਤੁਸੀਂ ਸਿਮਰੀ ਦੀਆਂ ਸਹੇਲੀਆਂ ਹੋ।”
“ਹਾਂ ਜੀ।” ਕਹਿੰਦੀਆਂ ਹੀ ਦੋਵੇਂ ਉਸ ਕਮਰੇ ਵੱਲ ਚਲੀਆਂ ਗਈਆਂ, ਜਿੱਥੇ ਦੀਪੀ ਸਿਮਰੀ ਦੇ ਪੈਰਾਂ ਦੀਆਂ ਝਾਂਜਰਾਂ ਦੇ ਕੁੰਡੇ ਬੰਦ ਕਰ ਰਹੀ ਸੀ। ਸਿਮਰੀ ਉਹਨਾ ਨੂੰ ਦੇਖਦੀ ਹੋਈ ਬੋਲੀ, “ਹੁਣ ਆਈਆਂ, ਕੱਲ ਕਿਉਂ ਨਹੀਂ ਆਈਆਂ।”
“ਸ਼ੁਕਰ ਕਰ, ਘਰਦਿਆਂ ਨੇ ਹੁਣ ਆਉਣ ਦੇ ਦਿੱਤਾ।” ਪਰਮਜੀਤ ਨੇ ਸ਼ਿੰਗਾਰ ਵਿਚ ਸਜੀ ਹੋਈ ਸਿਮਰੀ ਨੂੰ ਜੱਫੀ ਪਾਉਂਦੇ ਕਿਹਾ, “ਰਾਤ ਕਿਹਨੇ ਰਹਿਣ ਦੇਣਾ ਸਾ।”
ਦੀਪੀ ਸਹੇਲੀਆਂ ਨੂੰ ਦੇਖ ਕੇ ਖੁਸ਼ ਹੁੰਦੀ ਕਹਿਣ ਲੱਗੀ, “ਮੈ ਤੁਹਾਡੇ ਲਈ ਚਾਹ ਲੈ ਕੇ ਆਉਂਦੀ ਹਾਂ।”
“ਚਾਹ ਤਾਂ ਅਸੀਂ ਬਾਅਦ ਵਿਚ ਪੀ ਲੈਂਦੀਆਂ ਵਾਂ।” ਗੁੱਡੀ ਨੇ ਕਿਹਾ, “ਪਹਿਲਾਂ ਤੁਹਾਡੇ ਨਾਲ ਇਕ ਗੱਲ ਕਰਨੀ ਸੀ।”
ਦੀਪੀ ਅਤੇ ਸਿਮਰੀ ਨੇ ਹੈਰਾਨ ਹੁੰਦਿਆ ਇਕ ਦੂਜੇ ਦੇ ਮੂੰਹ ਵੱਲ ਇੰਝ ਦੇਖਿਆ, ਜਿਵੇ ਪੁੱਛ ਰਹੀਆਂ ਹੋਣ ਕੀ ਗੱਲ ਹੋ ਸਕਦੀ ਆ।
ਦੋਹਾਂ ਨੇ ਪੁੱਛਿਆ, “ਕੀ ਗੱਲ ਆ?”
“ਜਦੋਂ ਅਸਾਂ ਨੇ ਤੁੁਹਾਡੇ ਪਿੰਡ ਵਾਲਾ ਮੋੜ ਕੱਟਿਆ ਤਾ ਸੱਜੇ ਪਾਸਿਉ ਇਕ ਮੋਟਰਸਾਈਕਲ ਜਮਾ ਹੀ ਸਾਡੇ ਕੋਲ ਆ ਕੇ ਰੁਕ ਗਿਆ।” ਗੁੱਡੀ ਨੇ ਕਿਹਾ, “ਦੋ ਮੁੰਡੇ ਉਸ ਉੱਪਰ ਬੈਠੇ ਸਨ।”
“ਕੌਣ ਸੀ”? ਦੀਪੀ ਨੇ ਇਕ ਦਮ ਪੁੱਛਿਆ।
“ਉਤਾਵਲੀ ਨਾਂ ਹੋ।” ਗੁੱਡੀ ਨੇ ਕਿਹਾ, “ਹੋਰ ਕੌਣ ਸਾ, ਤੇਰਾ ਰਾਝਾਂ।”
“ਦਿਲਪ੍ਰੀਤ।” ਸਿਮਰੀ ਨੇ ਪੁੱਛਿਆ।
“ਹੋਰ ਕਿਆ, ਮੈਂ ਤਾਂ ਪਹਿਲਾਂ ਪਛਾਣਿਆ ਹੀ ਨਾ, ਉਸ ਦੀ ਤਾਂ ਦਾੜ੍ਹੀ ਅੱਗੇ ਨਾਲੋ ਲੰਮੇਰੀ ਹੋਈ ਹੋਈ ਵਾ।”
“ਮੈਂਨੂੰ ਤਾਂ ਆਪ ਨਹੀਂ ਸੀ ਪਤਾ।” ਪਰਮਜੀਤ ਨੇ ਕਿਹਾ, “ਗੁੱਡੀ ਨੇ ਮੈਨੂੰ ਦੱਸਿਆ ਕਿ ਇਹ ਦੀਪੀ ਦਾ ਮੰਗੇਤਰ ਆ।”
“ਉਹ ਵਿਆਹ ਤੇ ਆਏ ਹੋਣੇ ਨੇਂ।” ਦੀਪੀ ਨੇ ਖੁਸ਼ ਹੁੰਦੇ ਕਿਹਾ, “ਕਿੱਥੇ ਆ ਹੁਣ?”
“ਆਏ ਤਾਂ ਵਿਆਹ ਤੇ ਹੀ ਨੇ।” ਗੁੱਡੀ ਨੇ ਦੱਸਿਆ, “ਪਰ ਘਰ ਆਉਣ ਤੋਂ ਡਰਦੇ ਵਾ ਕਿ ਉਹ ਕੀ ਆਖਣਗੇ ਕੌਣ ਸੂ?”
“ਗੱਲ ਤਾਂ ਉਹਨਾ ਦੀ ਠੀਕ ਆ।” ਸਿਮਰੀ ਨੇ ਸੋਚਦੇ ਕਿਹਾ, “ਮੇਰੇ ਤਾਂ ਭਰਾ ਨੇ ਮਗਰ ਪੈ ਜਾਣਾ ਆ ਕਿ ਤੂੰ ਕਿਹੜੇ ਮੁੰਡਿਆਂ ਨੂੰ ਆਪਣੇ ਵਿਆਹ ਤੇ ਸੱਦ ਲਿਆ। ਇਹ ਗੱਲ ਤਾਂ ਮਂੈ ਕਾਰਡ ਪਾਉਣ ਲੱਗੀ ਵੀ ਨਾਂ ਸੋਚੀ।”
“ਫਿਰ ਹੋਰ ਕੀ ਸੋਚ ਕੇ ਕਾਰਡ ਪਾ ਦਿੱਤਾ ਸੀ।” ਪਰਮਜੀਤ ਨੇ ਕਿਹਾ, “ਵਿਆਹ ਤੇ ਕਿਤੇ ਉਹਦਾ ਆਉਣਾ ਜ਼ਰੂਰੀ ਸੀ।”
“ਮੈ ਤਾਂ ਸੋਚਿਆ ਸੀ ਕਿ ਚੱਲ ਦੀਪੀ ਉਸ ਨੂੰ ਮਿਲ ਲਵੇਗੀ।”
“ਪਰ, ਉਹ ਹੈ ਕਿੱਥੇ ਨੇ?” ਦੀਪੀ ਨੇ ਫਿਰ ਪੁੱਛਿਆ।
“ਘਾਬਰ ਨਾ। ਚਲੇ ਨਹੀ ਗਏ, ਇੱਥੇ ਹੀ ਵਾ।” ਗੁੱਡੀ ਨੇ ਕਿਹਾ, “ਪਿੰਡ ਦੇ ਚੜ੍ਹਦੇ ਕੰਨੀ ਪੀਰ ਦੀ ਕਬਰ ਪਰ ਛਤਰਾ ਜਿਹਾ ਨਹੀਂ ਬਣਿਆ ਸੂ, ਉਧਰ ਨੂੰ ਚਲੇ ਗਏ, ਆਖਦੇ ਪਏ ਸੂ ਕਿ ਅਸੀਂ ਇੱਥੇ ਹੋਵਾਂਗੇ, ਤੁਸਾਂ ਸਿਮਰੀ ਤੇ ਦੀਪੀ ਨੂੰ ਆਖ ਦੇਣਾ ਜੇ।”
“ਸਾਡੇ ਘਰ ਆ ਜਾਣ।” ਦੀਪੀ ਨੇ ਬਿਨਾ ਸੋਚੇ ਹੀ ਕਹਿ ਦਿੱਤਾ, “ਇਦਾਂ ਲੁਕਣ ਦੀ ਕੀ ਲੋੜ ਪਈ ਆ।”
ਸਿਮਰੀ ਨੇ ਕਿਹਾ, “ਤੇਰੇ ਘਰ ਤਾਂ ਬਹੁਤ ਆ ਜਾਣਗੇ, ਤੇਰੀ ਦਾਦੀ ਨੇ ਸਿਰ ਤੇ ਪਹਾੜ ਚੁੱਕ ਲੈਣਾ ਕਿ ਵਿਆਹ ਤੋਂ ਪਹਿਲਾਂ ਪਰਾਹੁਣਾ ਘਰ ਆ ਗਿਆ।”
“ਫਿਰ ਹੋਰ ਕੀ ਕੀਤਾ ਜਾਵੇ।” ਦੀਪੀ ਨੇ ਕਿਹਾ, “ਕੁਝ ਤਾਂ ਕਰਨਾ ਹੀ ਪੈਣਾ ਆ।”
“ਮੈ ਆਪਣਾ ਭਰਾ ਬਣਾ ਕੇ ਲੈ ਆਵਾਂ।” ਪਰਮਜੀਤ ਨੇ ਕੁਝ ਸੋਚ ਕੇ ਕਿਹਾ, “ਸਾਰਿਆਂ ਨੂੰ ਦੱਸ ਦੇਣਾ ਕਿ ਪਰਮਜੀਤ ਦੇ ਭਰਾ ਵੀ ਉਹਦੇ ਨਾਲ ਵਿਆਹ ਤੇ ਆਏ ਹਨ।”
“ਲਾਵਾਂ ਉੱਤੇ ਮੇਰੇ ਘਰਦਿਆ ਨੇ ਵੀ ਆਉਣਾ ਹੈ।” ਦੀਪੀ ਨੇ ਕਿਹਾ, “ਜੇ ਉਹਨਾ ਨੇ ਪਛਾਣ ਲਿਆ।”
“ਤੇਰੇ ਮੰਮੀ ਡੈਡੀ ਨੇ ਤਾਂ ਕੁਝ ਨਹੀਂ ਕਹਿਣਾ।” ਸਿਮਰੀ ਨੇ ਕਿਹਾ, “ਤੇਰੀ ਦਾਦੀ ਦਾ ਪਤਾ ਕੁਝ ਨਹੀਂ।”
“ਜੇ ਤੈਂ ਉਸ ਨਾਲ ਦੀਪੀ ਨੂੰ ਮਿਲਵਾਉਣ ਲਈ ਹੀ ਸੱਦਿਆ ਜੇ, ਫਿਰ ਦੀਪੀ ਜਾ ਕੇ ਮਿਲ ਆਵੇ।” ਗੁੱਡੀ ਨੇ ਸੁਝਾਅ ਦਿੱਤਾ, “ਦੀਪੀ, ਜਾ ਤੂੰ ਉਸਨੂੰ ਮਿਲ ਆ।”
“ਮੈ ਇਕੱਲੀ ਕਿਵੇ ਚਲੀ ਜਾਵਾਂ?”
“ਚੱਲ, ਮੈਂ ਤੇਰੇ ਨਾਲ ਚੱਲਦੀ ਹਾਂ।” ਪਰਮਜੀਤ ਨੇ ਕਿਹਾ, “ਛੇਤੀ ਕਰ ਜੇ ਜਾਣਾ ਆ ਤਾਂ।”
ੳਦੋਂ ਹੀ ਸਿਮਰੀ ਦੀ ਬੀਬੀ ਅੰਦਰ ਆਈ ਤੇ ਬੋਲੀ, “ਕੁੜੇ, ਕੁੜੀਉ ਤੁਸੀਂ ਚਾਹ ਤਾਂ ਪੀ ਲੈਂਦੀਆਂ, ਅੰਦਰ ਆ ਕੇ ਹੀ ਬਹਿ ਗਈਆਂ।”
“ਇਹ ਕਹਿੰਦੀਆਂ ਜਨੇਤ ਦੇ ਨਾਲ ਹੀ ਪੀ ਲਵਾਂਗੀਆਂ।” ਸਿਮਰੀ ਨੇ ਆਪਣੇ ਕੋਲੋ ਹੀ ਕਹਿ ਦਿੱਤਾ।
“ਜਨੇਤ ਨੇ ਤਾਂ ਪਤਾ ਨਹੀਂ ਕਦੋਂ ਆਉਣਾ ਹੋਊ।”
“ਕੋਈ ਨਹੀਂ ਆਂਟੀ ਜੀ, ਤੁਸੀਂ ਆਪਣਾ ਕੰੰਮ ਕਰ ਲਉ।” ਗੁੱਡੀ ਨੇ ਕਿਹਾ, “ਸਾਡੀ ਚਾਹ ਦਾ ਫਿਕਰ ਨਾਂ ਕਰਨਾ।”
“ਅੱਛਾ, ਜਦੋਂ ਮਰਜ਼ੀ ਪੀ ਲਿਉ।” ਇਹ ਕਹਿੰਦੀ ਸਿਮਰੀ ਦੀ ਬੀਬੀ ਕਮਰੇ ਤੋਂ ਬਾਹਰ ਚਲੀ ਗਈ।
“ਚਲੋ, ਤੁਸੀ ਵੀ ਹੁਣ ਜਾਉ।” ਸਿਮਰੀ ਨੇ ਦੀਪੀ ਤੇ ਪਰਮਜੀਤ ਨੂੰ ਕਿਹਾ, “ਛੇਤੀ ਜਾਉ ਅਤੇ ਜਨੇਤ ਆਉਣ ਤਕ ਆ ਜਾਇਉ।”
“ਮੈਂ ਤਾਂ ਆ ਜਾਂਊ।” ਪਰਮਜੀਤ ਨੇ ਹੱਸਦੇ ਕਿਹਾ, “ਗੱਲ ਤਾਂ ਆਹ ਹੀਰ ਦੀ ਆ, ਇਹ ਆਪਣੇ ਰਾਂਝੇ ਨੂੰ ਛੱਡੂ, ਤਾਂ ਹੀ ਆਵਾਂਗੇ। ਇਹ ਕਹਿੰਦੀ ਹੋਈ ਪਰਮਜੀਤ ਦੀਪੀ ਨੂੰ ਬਾਂਹ ਤੋਂ ਖਿੱਚਦੀ ਬਾਹਰ ਲੈ ਗਈ।
ਪੀਰ ਦੀ ਕਬਰ ਵਾਲੇ ਛੱਤਰੇ ਦੇ ਥੱਲੇ ਬਣੇ ਥੱੜੇ ਤੇ ਬੈਠੇ ਦਿਲਪ੍ਰੀਤ ਨੇ ਦੂਰੋਂ ਦੇਖਿਆ ਕਿ ਦੋ ਕੁੜੀਆਂ ਉਧਰ ਹੀ ਆ ਰਹੀਆਂ ਨੇ। ਪਰਮਜੀਤ ਥੋੜਾ ਉਰੇ ਹੀ ਰੁੱਕ ਗਈ ਅਤੇ ਦੀਪੀ ਨੂੰ ਅਗਾਂਹ ਭੇਜ ਦਿੱਤਾ। ਦਿਲਪ੍ਰੀਤ ਦੀ ਸਾਬਤ ਸੂਰਤ ਸ਼ਕਲ ਦੇਖ ਕੇ ਦੀਪੀ ਦਾ ਦਿਲ ਏਨੀ ਜੋਰ ਦੀ ਧੜਕਿਆ, ਇੰਝ ਪਹਿਲੀ ਵਾਰ ਵੀ ਦੇਖ ਕੇ ਨਹੀ ਸੀ ਧੜਕਿਆ। ਦਿਲਪ੍ਰੀਤ ਦੀ ਸ਼ਖਸ਼ੀਅਤ ਵਿਚ ਇਕ ਨਵਾ ਹੀ ਉਭਾਰ ਦਿੱਸਿਆ, ਜਿਸ ਨੇ ਦੀਪੀ ਨੂੰ ਝੰਜੋੜ ਕੇ ਰੱਖ ਦਿੱਤਾ। ਘੁੰਗਰਾਲੀ ਦਾੜ੍ਹੀ ਚਿਹੜੇ ਨੂੰ ਚਾਰ ਚੰਦ ਲਾ ਰਹੀ ਸੀ। ਦੀਪੀ ਉਸ ਦੀ ਰੋਹਬ ਭਰੀ ਦਿੱਖ ਨੂੰ ਦੇਖਦੀ ਹੀ ਰਹਿ ਗਈ। ਦੀਪੀ ਨੂੰ ਦੇਖਦਿਆ ਹੀ ਦਿਲਪ੍ਰੀਤ ਉੱਠ ਖੋਲਤਾ।
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।”
“ਸਤਿ ਸ੍ਰੀ ਅਕਾਲ।” ਦੀਪੀ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਉਸ ਦੀ ਫਤਿਹ ਦਾ ਜ਼ਵਾਬ ਦਿੰਦੇ ਕਿਹਾ, “ਕੀ ਭੁੱਲ ਹੋ ਗਈ ਜਿਹੜਾ ਤੁਸੀਂ ਮੇਰੇ ਨਾਲ ਇੰਝ ਕਰਨ ਲੱਗ ਪਏ।”
ਦਿਲਪ੍ਰੀਤ ਦਾ ਦਿਲ ਤਾਂ ਕਰਦਾ ਸੀ ਕਿ ਸੋਹਣੇ ਸੂਟ ਵਿਚ ਲਿਪਟੀ ਦੀਪੀ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਮਝਾਵੇ ਕਿ ਮੈਂ ਉਸ ਨਾਲ ਕੁਝ ਵੀ ਅਜਿਹਾ ਨਹੀਂ ਕਰਦਾ ਜੋ ਉਹ ਸੋਚ ਰਹੀ ਹੈ। ਪਰ ਉਹ ਆਪਣੀ ਖਾਹਿਸ਼ ਨੂੰ ਦਬਾਉਂਦਾ ਹੋੲÇਆ ਬੋਲਿਆ, “ਦੀਪੀ, ਮਂੈ ਤਾਂ ਜਿਵੇਂ ਤੇਰੇ ਨਾਲ ਪਹਿਲਾਂ ਪਿਆਰ ਕਰਦਾ ਸੀ, ਉਸ ਤਰ੍ਹਾਂ ਹੀ ਹੁਣ ਕਰਦਾ ਹਾਂ।”
“ਫਿਰ ਤੁਸੀ ਵਿਆਹ ਤੋਂ ਕਿਉਂ ਭੱਜ ਰਹੇ ਹੋ।”
“ਭੱਜਿਆ ਨਹੀਂ ਹਾਂ, ਜਰਾ ਇੰਤਜ਼ਾਰ ਕਰਨ ਲਈ ਕਿਹਾ ਹੈ।”
“ਪਹਿਲਾਂ ਵਿਆਹ ਲਈ ਬੜੇ ਕਾਹਲੇ ਸੀ, ਹੁਣ ਇੰਤਜਾਰ ਕਰਾਉਣ ਲੱਗ ਪਏ ਹੋ।”
“ਪਹਿਲਾਂ ਤੁਸੀ ਇੰਤਜਾਰ ਕਰਾਉਂਦੇ ਸੀ, ਹੁਣ ਅਸੀਂ ਲੱਗ ਪਏ, ਗੱਲ ਤਾਂ ਇਕੋ ਹੀ ਹੈ।”
“ਇਸ ਇੰਤਜ਼ਾਰ ਦਾ ਅੰਤ ਕਦੋਂ ਹੋਣਾ ਹੈ।”
“ਉਹ ਤਾਂ ਹੁਣ ਹੋ ਵੀ ਗਿਆ।”
“ਹੈਂ ਹੋ ਗਿਆ।” ਦੀਪੀ ਨੇ ਹੈਰਾਨੀ ਨਾਲ ਕਿਹਾ, “ਉਹ ਕਦੋਂ।”
“ਤੈਹਾਨੂੰ ਨਹੀਂ ਪਤਾ। ਘਰਦਿਆਂ ਨੇ ਜੂਨ ਦਾ ਮਹੀਨਾ ਵਿਆਹ ਲਈ ਮਿਥ ਤਾਂ ਲਿਆ।”
“ਮੰਮੀ ਹੋਰੀ ਗੱਲਾਂ ਤਾ ਕਰਦੇ ਸਨ ਕਿ ਜੂਨ ਦੇ ਮਹੀਨੇ ਵਿਆਹ ਕਰ ਦੇਣਾ ਆ, ਪਰ ਮੈਂ ਸੋਚਦੀ ਸੀ ਕਿ ਵਿਚਾਰੇ ਆਪੇ ਹੀ ਕਹੀ ਜਾਂਦੇ ਨੇ ਪਤਾ ਨਹੀਂ ਤੁਹਾਡਾ ਕੀ ਖਿਆਲ ਹੋਵੇ।”
“ਵੈਸੇ ਮੇਰੇ ਖਿਆਲਾਂ ਵਿਚ ਪਹਿਲਾਂ ਨਾਲ ਵੱਡਾ ਬਦਲਾਉ ਆਇਆ ਹੈ, ਪਰ ਜ਼ਿੰਦਗੀ ਨਿਭਾਉਣ ਦਾ ਖਿਆਲ ਸਿਰਫ ਤੁਹਾਡੇ ਨਾਲ ਹੀ ਹੈ।”
ਦਿਲਪ੍ਰੀਤ ਦੀ ਵਧੀ ਹੋਈ ਦਾੜ੍ਹੀ ਨੂੰ ਦੇਖਦੇ ਦੀਪੀ ਨੇ ਕਿਹਾ, “ਬਦਲਾਉ ਤਾਂ ਤੁਹਾਡੀ ਸ਼ਖਸ਼ੀਅਤ ਵਿਚ ਵੀ ਆਇਆ ਹੈ, ਪਰ ਇਹ ਨਹੀਂ ਪਤਾ ਲਗਾ ਕਿ ਇਹ ਬਦਲਾਉ ਏਨੀ ਛੇਤੀ ਕਿਵੇਂ ਆ ਗਿਆ।”
“ਸਭ ਵਾਹਿਗੁਰੂ ਜੀ ਦੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ।”
“ਕਿੰਨੀ ਦੇਰ ਹੋ ਗਈ ਆਪਾਂ ਮਿਲਿਆਂ ਨੂੰ, ਤੁਹਾਡਾ ਦਿਲ ਨਹੀਂ ਸੀ ਕਰਦਾ ਮਿਲਣ ਨੂੰ।”
“ਮਿਲਣ ਨੂੰ ਦਿਲ ਕਰਦਾ ਸੀ ਇਸ ਲਈ ਤਾਂ ਆਇਆ ਹਾਂ।”
“ਮੈਨੂੰ ਪਤਾ ਲੱਗਾ ਕਿ ਤੁਸੀ ਕੋਈ ਕੋਰਸ ਕਰਨ ਲੱਗ ਪਏ ਹੋ, ਜਿਸ ਵਿਚ ਬਹੁਤ ਜ਼ਿਆਦਾ ਬਿਜ਼ੀ ਹੋ ਗਏ।”
ਦਿਲਪ੍ਰੀਤ ਨੂੰ ਹੁਣ ਪਤਾ ਨਹੀਂ ਸੀ ਲੱਗ ਰਿਹਾ ਕਿ ਇਸ ਗੱਲ ਦਾ ਕੀ ਜਵਾਬ ਦੇਵੇ। ਉਸ ਨੇ ਗੱਲ ਟਾਲਣ ਦੇ ਬਹਾਨੇ ਨਾਲ ਕਿਹਾ, “ਸਿਮਰਜੀਤ ਕੌਰ ਦੇ ਆਨੰਦ ਕਾਰਜ ਦਾ ਕਾਰਡ ਮਿਲਿਆ ਸੀ ਤਾਂ ਸੋਚਿਆ ਕਿ ਇਸ ਕਾਰਜ਼ ਵਿਚ ਹਾਜਰੀ ਲਵਾ ਆਈਏ ਤੇ ਨਾਲੇ ਤੁਹਾਡੇ ਵੀ ਦਰਸ਼ਨ ਹੋ ਜਾਣਗੇ।”
ਦੀਪੀ ਨੂੰ ਦਿਲਪ੍ਰੀਤ ਦੀ ਬੋਲੀ ਵੀ ਪਹਿਲਾਂ ਨਾਲੋ ਵੱਖਰੀ ਲੱਗ ਰਹੀ ਸੀ। ਜਿਸ ਨੂੰ ਦਿਲਪ੍ਰੀਤ ਚਾਮਚੜਿੱਕ ਕਿਹਾ ਕਰਦਾ ਸੀ, ਉਸ ਨੂੰ ਸਿਮਰਜੀਤ ਕੌਰ ਕਹਿਣ ਲੱਗ ਪਿਆ। ਪਰ ਉਸ ਨੇ ਇਸ ਬਾਰੇ ਕੁਝ ਨਹੀਂ ਕਿਹਾ। ਉਸ ਦੇ ਦਿਲ ਵਿਚ ਇਹ ਵਿਚਾਰ ਜ਼ਰੂਰ ਆ ਗਿਆ ਕਿ ਜੇ ਦਿਲਪ੍ਰੀਤ ਸਿਮਰੀ ਦਾ ਵਿਆਹ ਚਲੇ ਵੀ ਜਾਵੇ ਤਾਂ ਕੋਈ ਅਨਰਥ ਨਹੀ ਹੋਣ ਲੱਗਾ। ਉਸ ਦੇ ਚਿਹਰੇ ਤੋਂ ਉਹ ਬਹੁਤ ਹੀ ਸੁਲਝਿਆ ਹੋਇਆ ਅਤੇ ਸਮਝਦਾਰ ਨੋਜਵਾਨ ਲਗ ਰਿਹਾ ਸੀ। ਅਜਿਹੇ ਵਿਅਕਤੀ ਨੂੰ ਕਦੇ ਕੋਈ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖ ਸਕਦਾ। ਇਹ ਸਭ ਕੁਝ ਸੋਚ ਕੇ ਦੀਪੀ ਨੇ ਕਹਿ ਦਿੱਤਾ, “ਜੇ ਵਿਆਹ ਤੇ ਆਏ ਹੋ, ਤਾਂ ਚਲੋ ਫਿਰ ਵਿਆਹ, ਇੱਥੇ ਕਿਉਂ ਬੈਠੇ ਹੋ?”
“ਇਕ ਤਾਂ ਤੁਹਾਡੇ ਨਾਲ ਮੁਲਕਾਤ ਕਰਨੀ ਸੀ, ਦੂਸਰਾ ਇਹ ਵੀ ਸੀ ਕਿ ਮੇੇਰਾ ਅਨੰਦ ਕਾਰਜ ਵਿਚ ਸ਼ਾਮਲ ਹੋਣ ਤੇ ਕੋਈ ਝਮੇਲਾ ਨਾਂ ਹੋ ਜਾਵੇ ਕਿ ਵਿਆਹ ਤੋਂ ਪਹਿਲਾਂ ਹੀ ਸਹੁਰੇ ਪਿੰਡ ਵਿਚ ਤੁਰਿਆ ਫਿਰਦਾ ਆਂ।”
ੳਦੋਂ ਹੀ ਪਰੇ ਖੜੀ ਪਰਮਜੀਤ ਨੇ ਅਵਾਜ਼ ਮਾਰੀ, “ਦੀਪੀ ਚਲੀਏ।”
“ਆ ਜਾ ਇੱਥੇ। ਚਲੱਦੇ ਹਾਂ।”
ਪਰਮਜੀਤ ਉਹਨਾ ਦੇ ਲਾਗੇ ਆ ਕੇ ਦੀਪੀ ਦੇ ਕੋਲ ਖੜੋ੍ਹ ਗਈ। ਦੀਪੀ ਨੇ ਦਿਲਪ੍ਰੀਤ ਨੂੰ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਜਾਣ ਨਾਲ ਕੋਈ ਮੁਸ਼ਕਲ ਬਣੇਗੀ।”
ਤਿੰਨਾ ਨੇ ਮਿਲਕੇ ਇਹ ਹੀ ਸਲਾਹ ਕੀਤੀ ਕਿ ਦਿਲਪ੍ਰੀਤ ਵਿਆਹ ਵਿਚ ਸ਼ਾਮਲ ਹੋ ਜਾਵੇ। ਜੇ ਕਿਸੇ ਨੇ ਪੁੱਛ ਲਿਆ ਤਾਂ ਕਹਿਆ ਜਾਵੇਗਾ, ਕਿ ਉਹ ਪਰਮਜੀਤ ਦਾ ਭਰਾ ਹੈ। ਤਿੰਨੇ ਹੀ ਸਿਮਰੀ ਦੇ ਘਰ ਵੱਲ ਨੂੰ ਤੁਰਨ ਲੱਗੇ ਤਾਂ ਪਰਮਜੀਤ ਨੇ ਪੁੱਛ ਲਿਆ, “ਜੋ ਮੁੰਡਾ ਤੁਹਾਡੇ ਨਾਲ ਸੀ, ਉਹ ਕਿੱਥੇ ਗਿਆ?”
“ਉਹ ਨਾਲਦੇ ਪਿੰਡ ਆਪਣੀ ਮਾਸੀ ਦੇ ਕੋਲ ਗਿਆ ਹੈ, ਉਹ ਆਪਣੇ ਆਪ ਡੇਢ ਦੋ ਘੰਟੇ ਬਾਅਦ ਇਥੇ ਆ ਜਾਵੇਗਾ, ਮਂੈ ਮੁੜ ਕੇ ਉਸ ਨੂੰ ਇੱਥੇ ਹੀ ਮਿਲ ਲੈਣਾ ਹੈ।”
ਦੀਪੀ ਬੇਖੋਫ ਹੋ ਕੇ ਇੰਜ ਤੁਰੀ ਜਾ ਰਹੀ ਸੀ ਜਿਵੇ ਕਿਸ ਦੀ ਪਰਵਾਹ ਹੀ ਨਾਂ ਹੋਵੇ ਜਾਂ ਇਸ ਕਰਕੇ ਕਿ ਪਰਮਜੀਤ ਦਾ ਨਾਲ ਹੋਣਾ ਉਸ ਲਈ ਹੌਸਲਾ ਸੀ। ਸਿਮਰੀ ਦੇ ਘਰ ਪਹੁੰਚੇ ਤਾਂ ਦੇਖਿਆ ਸਭ ਚਾਹ-ਪਾਣੀ ਪੀ ਚੁੱਕੇ ਸਨ ਅਤੇ ਪੰਡਾਲ ਵਿਚ ਚਾਨਣੀ ਹੇਠ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਆਪਣੀ ਆਪਣੀ ਜਗਹ ਬੈਠ ਰਹੇ ਸਨ। ਪੰਡਾਲ ਵਿਚ ਦਾਖਲ ਹੋਣ ਤੋਂ ਪਹਿਲਾ ਦਿਲਪ੍ਰੀਤ ਨੇ ਦੀਪੀ ਅਤੇ ਪਰਮਜੀਤ ਨੂੰ ਕਿਹਾ, “ਜੇ ਤੁਸੀਂ ਮੈਨੂੰ ਹੁਣੇ ਹੀ ਸਿਮਰਜੀਤ ਕੌਰ ਨਾਲ ਮਿਲਵਾ ਦਿਉ ਤਾਂ ਚੰਗਾ ਹੋਵੇਗਾ, ਤਾਂ ਜੋ ਮਂੈ ਉਸ ਨੂੰ ਸ਼ਗਨ ਦੇ ਦੇਵਾਂ।”
ਉਹ ਉਸ ਨੂੰ ਸਿਮਰੀ ਦੇ ਕੋਲ ਲੈ ਗਈਆਂ ਜਿੱਥੇ ਉਹ ਫੇਰਿਆਂ ਤੇ ਜਾਣ ਨੂੰ ਤਿਆਰ ਖੜ੍ਹੀ ਸੀ। ਸਿਮਰੀ ਦੇ ਚਾਚੇ ਦੀ ਨੂੰਹ ਵੀ ਕੋਲ ਹੀ ਖੜ੍ਹੀ ਸੀ ਜਿਸ ਨੇ ਸਿਮਰੀ ਦੇ ਮਗਰ ਬੈਠਣਾ
ਸੀ। ਦਿਲਪ੍ਰੀਤ ਨੇ ਜਦੋਂ ਸਿਮਰੀ ਨੂੰ ਫਤਿਹ ਬੁਲਾਈ ਤਾਂ ਉਸ ਨੇ ਦਿਲਪ੍ਰੀਤ ਨੂੰ ਪਹਿਚਾਨ ਲਿਆ।
ਚਾਚੇ ਦੀ ਨੂੰਹ ਤੋਂ ਡਰਦੀ ਬੋਲੀ, “ਪਰਮਜੀਤ, ਭਰਾ ਨੂੰ ਕੁਝ ਖਿਲ਼ਾਇਆ- ਪਿਲਾਇਆ ਵੀ ਹੈ ਕਿ ਭੈਣ ਨੂੰ ਮਿਲਾਉਣ ਪਹਿਲਾਂ ਹੀ ਲੈ ਆਈ।”
“ਭੈਣ ਨੂੰ ਬਣਦਾ ਸ਼ਗਨ ਦੇਣ ਆਇਆ ਹਾਂ।” ਦਿਲਪ੍ਰੀਤ ਨੇ ਸੱਚ-ਮੁੱਚ ਹੀ ਭਰਾਵਾਂ ਵਾਂਗ ਉਸ ਨੂੰ ਜੱਫੀ ਪਾਉਂਦੇ ਅਤੇ ਸੋ ਰੁਪਏ ਦਾ ਨੋਟ ਦੇਂਦੇ ਕਿਹਾ, “ਸਿਮਰਜੀਤ ਕੌਰ ਜੀ ਇਹ ਭਾਗਾਂ ਵਾਲਾ ਦਿਨ ਤੁਹਾਡੀ ਕਿਸਮਤ ਵਿਚ ਸਾਡੇ ਨਾਲੋ ਪਹਿਲਾਂ ਆ ਗਿਆ।”
ਸਿਮਰੀ ਦੇ ਚਾਚੇ ਦੀ ਨੂੰਹ ਨੂੰ ਭਾਵੇਂ ਇਸ ਗੱਲ ਦੀ ਸਮਝ ਨਹੀਂ ਸੀ ਲੱਗੀ, ਪਰ ਸਿਮਰੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਇਸ ਗੱਲ ਦਾ ਬਿਨਾ ਕੋਈ ਉੱਤਰ ਦਿੱਤੇ ਉਹ ਲਾਵਾਂ ਲੈਣ ਲਈ ਪੰਡਾਲ ਵੱਲ ਨੂੰ ਚਲ ਪਈ।
ਲਾਵਾਂ ਦਾ ਪਾਠ ਅਜੇ ਭਾਈ ਜੀ ਨੇ ਮੁਕਾਇਆ ਹੀ ਸੀ ਕਿ ਦਿਲਪ੍ਰੀਤ ਵਾਪਸ ਜਾਣ ਲਈ ਉੱਠਿਆ ਤਾਂ ਪੰਡਾਲ ਵਿਚ ਬੈਠੇ ਮੁਖਤਿਆਰ ਦੀ ਨਜ਼ਰ ਉਸ ਤੇ ਚਲੀ ਗਈ। ਉਸ ਨੂੰ ਲੱਗਾ ਕਿ ਜਿਵੇ ਉਹ ਉਸ ਨੋਜਵਾਨ ਨੂੰ ਜਾਣਦਾ ਹੋਵੇ। ਧਿਆਨ ਨਾਲ ਉਸ ਦਾ ਚਿਹਰਾ ਦੇਖਿਆਂ ਤਾਂ ਉਸ ਨੇ ਦਿਲਪ੍ਰੀਤ ਨੂੰ ਪਹਿਚਾਣ ਲਿਆ। ਮੁਖਤਿਆਰ ਦੇ ਦਿਮਾਗ ਨੇ ਇਕਦਮ ਕੰਮ ਕੀਤਾ ਤਾਂ ਉਸ ਨੂੰ ਸਮਝਦਿਆ ਦੇਰ ਨਾ ਲੱਗੀ ਕਿ ਸਿਮਰੀ ਦੀਪੀ ਦੀ ਖਾਸ ਸਹੇਲੀ ਹੈ ਤੇ ਉਹਨਾਂ ਨੇ ਰਲ ਕੇ ਇਸ ਨੂੰ ਸੱਦਾ ਭੇਜਿਆ ਹੋਵੇਗਾ। ਮੁਖਤਿਆਰ ਵੀ ਮੱਥਾ ਟੇਕ ਕੇ ਦਿਲਪ੍ਰੀਤ ਦੇ ਮਗਰੇ ਹੀ ਤੁਰ ਪਿਆ।
ਗਲੀ ਵਿਚ ਜਾਂਦੇ ਦਿਲਪ੍ਰੀਤ ਨੂੰ ਉਸ ਨੇ ਪਿਛੋਂ ਅਵਾਜ਼ ਮਾਰੀ, “ਕਾਕਾ ਜੀ, ਮੇਰੀ ਗੱਲ ਸੁਣ ਕੇ ਜਾਣਾਂ।”
ਮੁਖਤਿਆਰ ਦੀ ਗੱਲ ਸੁਣ ਕੇ ਦਿਲਪ੍ਰੀਤ ਉੱਥੇ ਹੀ ਰੁਕ ਗਿਆ ਅਤੇ ਪਿਛੇ ਨੂੰ ਦੇਖਣ ਲੱਗਾ। ਮੁਖਤਿਆਰ ਨੂੰ ਦੇਖ ਕੇ ਉਸ ਨੇ ਆਪਣੇ ਦਿਲ ਨੂੰ ਕਿਹਾ ਕਿ ਤੇਰੇ ਨਾਲ ਤਾਂ ਉਹ ਹੀ ਗੱਲ ਹੋਈ ਕਿ ਮੂਸਾ ਭੱਜਿਆ ਮੌਤ ਤੋਂ ਤਾਂ ਮੌਤ ਮੂਹਰੇ ਖੜ੍ਹੀ, ਪਰ ਉਸ ਨੇ ਫਿਕਰ ਦਾ ਕੋਈ ਹਾਵ-ਭਾਵ ਆਪਣੇ ਚਿਹਰੇ ਨਾ ਲਿਆਂਦਾ ਸਗੋ ਬਹੁਤ ਹੀ ਆਦਰ ਨਾਲ ਫਤਿਹ ਬੁਲਾਉਂਦਾ ਮੁਖਤਿਆਰ ਦੇ ਗੋਡਿਆਂ ਵੱਲ ਨੂੰ ਝੁੱਕਿਆ।
“ਇਸ ਤਰ੍ਹਾਂ ਚੋਰੀ ਬਗੈਰ ਮਿਲੇ ਪਿੰਡ ਵਿਚੋਂ ਆ ਕੇ ਚਲੇ ਜਾਣਾ, ਤੁਹਾਡੇ ਵਰਗੇ ਪੜ੍ਹੇ ਲਿਖੇ ਨੋਜਵਾਨ ਨੂੰ ਸ਼ੋਭਾ ਨਹੀਂ ਦੇਂਦਾਂ।”
“ਮੈਂ ਤਾਂ ਤੁਹਾਡੀ ਅਤੇ ਆਪਣੀ ਇੱਜ਼ਤ ਦਾ ਖਿਆਲ ਰੱਖਦਾ ਹੋਇਆ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦੇਣਾ ਚਾਹੁੰਦਾ।”
“ਮੈਨੂੰ ਤਾਂ ਪਤਾ ਲਗ ਗਿਆ ਹੁਣ ਇਸ ਕਰਕੇ ਘਰ ਨੂੰ ਚਲੋ।”
“ਮੈਂ ਘਰ ਨਹੀਂ ਜਾ ਸਕਦਾ, ਕਿਉਂਕਿ ਮੇਰਾ ਦੋਸਤ ਬਾਹਰ ਖੇਤਾਂ ਵਿਚ ਪੀਰ ਦੀ ਕਬਰ ਤੇ ਮੇਰੀ ਉਡੀਕ ਕਰ ਰਿਹਾ ਅਤੇ ਅਸੀਂ ਹੁਣ ਛੇਤੀ ਹੀ ਚਲੇ ਜਾਣਾ ਹੈ।”
“ਤੁਹਾਡੇ ਦੋਸਤ ਨੂੰ ਵੀ ਘਰ ਹੀ ਬੁਲਾ ਲੈਂਦੇ ਹਾਂ।” ਮੁਖਤਿਆਰ ਨੇ ਕਿਹਾ, “ਮੈ ਤੁਹਾਡੇ ਨਾਲ ਦੋ-ਚਾਰ ਗੱਲਾਂ ਵੀ ਕਰਨੀਆਂ ਨੇ।”
“ਤੁਸੀ ਮੇਰੇ ਨਾਲ ਹੀ ਚੱਲ ਪਵੋ ਤੇ ਉੱਥੇ ਹੀ ਮੇਰੇ ਨਾਲ ਗੱਲਾਂ ਕਰ ਲਿਉ।” ਦਿਲਪ੍ਰੀਤ ਨੇ ਇਹ ਗੱਲ ਬਹੁਤ ਆਤਮਵਿਸ਼ਵਾਸ ਨਾਲ ਕਹੀ ਕਿਉਂਕਿ ਉਸ ਨੇ ਜੋ ਮੁਖਤਿਆਰ ਬਾਰੇ ਸੋਚਿਆ ਸੀ ਉਸ ਦੇ ਉਲਟ ਹੀ ਨਿਕਲਿਆ। ਉਸ ਨੂੰ ਤਾਂ ਡਰ ਸੀ ਕਿ ਮੁਖਤਿਆਰ ਸ਼ੱਕ ਕਰੇਗਾ ਸ਼ਾਇਦ ਮੈਂ ਦੀਪੀ ਨੂੰ ਮਿਲਣ ਪਿੰਡ ਵਿਚ ਗੇੜੇ ਮਾਰਦਾ ਹੋਵਾਂਗਾ, ਪਰ ਮੁਖਤਿਆਰ ਤਾਂ ਉਸ ਨਾਲ ਬੜੀ ਇੱਜ਼ਤ ਦਿਖਾ ਰਿਹਾ ਸੀ।
“ਭਾਪਾ ਜੀ, ਦਾ ਕੀ ਹਾਲ ਹੈ।” ਰਸਤੇ ਵਿਚ ਜਾਂਦਿਆਂ ਦਿਲਪ੍ਰੀਤ ਨੇ ਪੁੱਛਿਆ, “ਪਤਾ ਲੱਗਾ ਸੀ ਕਿ ਉਹ ਜੇਹਲ ਵਿਚ ਬਿਮਾਰ ਹੋ ਗਏ ਸਨ।”
“ਹੁਣ ਤਾਂ ਘਰ ਆ ਗਏ ਨੇਂ।” ਮੁਖਤਿਆਰ ਨੇ ਦੱਸਿਆ, “ਜੇਹਲ ਦੇ ਖਾਣੇ ਨੇ ਉਹਨਾਂ ਨੂੰ ਬਿਮਾਰ ਕਰ ਦਿੱਤਾ।”
“ਜੇਹਲਾਂ ਤਾਂ ਪੰਜਾਬੀਆਂ ਨੇ ਕਈ ਵਾਰੀ ਭਰੀਆਂ, ਪਰ ਉਹਨਾਂ ਦੇ ਹੱਕ ਉਹਨਾਂ ਨੂੰ ਫਿਰ ਵੀ ਨਾ ਮਿਲੇ।”
“ਹੌਲੀ ਹੌਲੀ ਮਿਲ ਜਾਣਗੇ।” ਮੁਖਤਿਆਰ ਨੇ ਕਿਹਾ।
“ਆਪਣੇ ਆਪ ਨਹੀਂ ਮਿਲ ਜਾਣਗੇ, ਖੋਹਣੇ ਪੈਣੇ ਨੇਂ।”
ਦਿਲਪ੍ਰੀਤ ਦੀ ਗੱਲਾਂ ਨੇ ਮੁਖਤਿਆਰ ਦਾ ਸ਼ੱਕ ਯਕੀਨ ਵਿਚ ਬਦਲ ਦਿੱਤਾ ਕਿ ਉਹ ਜਿਸ ਰਾਸਤੇ ਦੀਆਂ ਗੱਲਾਂ ਕਰ ਰਿਹਾ ਹੈ, ਉਸ ਦੇ ਹਰ ਮੋੜ ਤੇ ਖਤਰਾ ਹੈ।
ਪੀਰ ਦੀ ਕਬਰ ਤੇ ਜਿੰਦੂ ਦਿਲਪ੍ਰੀਤ ਦੀ ਉਡੀਕ ਵਿਚ ਮੋਟਰਸਾਈਕਲ ਨੂੰ ਢੋਅ ਲਾਈ ਖੜ੍ਹਾ ਸੀ। ਦਿਲਪ੍ਰੀਤ ਨੇ ਮੁਖਤਿਆਰ ਨਾਲ ਉਸ ਦੀ ਜਾਣ-ਪਹਿਚਾਣ ਕਰਾਉਂਦਿਆਂ ਕਿਹਾ, “ਇਹ ਮੇਰਾ ਦੋਸਤ ਜਿੰਦੂ ਹੈ ਅਤੇ ਮੇਰਾ ਗੁਰਭਾਈ ਵੀ, ਅਸੀ ਅੰਮ੍ਰਿਤ ਇਕੱਠਿਆਂ ਹੀ ਛੱਕਿਆ ਸੀ।”
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ।” ਜਿੰਦੂ ਨੇ ਹੱਥ ਮਿਲਾਂਦਿਆ ਕਿਹਾ, “ਇਹ…?”
“ਇਹ ਮੇਰੇ ਹੋਣ ਵਾਲੇ ਫਾਦਰ ਇਨ ਲਾਅ ਨੇ।” ਦਿਲਪ੍ਰੀਤ ਨੇ ਦੱਸਿਆ।
ਮੁਖਤਿਆਰ ਪੀਰ ਦੀ ਕਬਰ ਕੋਲ ਬਣੇ ਸੀਮੰਟ ਦੇ ਬੈਂਚ ਤੇ ਬੈਠ ਗਿਆ। ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਗੱਲ ਕਿਵੇ ਸ਼ੁਰੂ ਕਰੇ। ਦਿਲਪ੍ਰੀਤ ਨੇ ਆਪ ਹੀ ਪੁੱਛ ਲਿਆ, “ਤੁਸੀ ਕਹਿੰਦੇ ਸੀ ਕਿ ਕੁਝ ਗੱਲਾਂ ਕਰਨੀਆਂ ਨੇਂ।”
“ਤਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਜੂਨ ਦੇ ਮਹੀਨੇ ਅਸੀਂ ਤੁਹਾਡਾ ਵਿਆਹ ਰੱਖ ਦਿੱਤਾ ਹੈ।”
“ਹਾਂ ਜੀ।”
“ਕੀ ਤੁਸੀ ਉਹਨਾਂ ਮੁੰਡਿਆਂ ਵਿਚ ਸ਼ਾਮਲ ਹੋ ਗਏ ਹੋ, ਜੋ ਹੱਕ ਲੈਣ ਲਈ ਬੰਦੂਕਾਂ ਚੁੱਕੀ ਫਿਰਦੇ ਨੇਂ।”
“ਹੱਕ ਖੋਹ ਲੈਣ ਵਾਲੀ ਗੱਲ ਤੋਂ ਤਹਾਨੂੰ ਪਤਾ ਹੀ ਲਗ ਗਿਆ ਹੋਵੇਗਾ।”
“ਕੀ ਇਹ ਹੱਕ ਸ਼ਾਤੀ ਨਾਲ ਬੈਠ ਕੇ ਨਹੀਂ ਲੈ ਸਕਦੇ।” ਮੁਖਤਿਆਰ ਨੇ ਪੁੱਛਿਆ, “ਹੱਕ ਲੈਣ ਦਾ ਤਾਰੀਕਾ ਜੋ ਤੁਸੀ ਅਪਨਾਇਆ ਹੈ, ਉਹ ਪੰਜਾਬੀਆਂ ਲਈ ਘਾਤਕ ਸਿੱਧ ਨਹੀਂ ਹੋਵੇਗਾ?”
“ਜੋ ਕੁਝ ਪੰਜਾਬੀਆਂ ਨਾਲ ਸ਼ੁਰੂ ਤੋਂ ਹੁੰਦਾ ਆ ਰਿਹਾ ਹੈ ਉਸ ਜ਼ਿਆਦਾ ਘਾਤਕ ਨਹੀਂ ਹੋਵੇਗਾ।” ਦਿਲਪ੍ਰੀਤ ਨੇ ਬਿਨਾ ਸੰਕੋਚ
ਉੱਤਰ ਦਿੱਤਾ, “ਚਾਲੀ ਸਾਲ ਹੋ ਚਲੇ ਸ਼ਾਤੀ ਨਾਲ ਬੈਠ ਕੇ ਹੱਕ ਮੰਗਦਿਆਂ ਨੂੰ। ਕੀ ਮਿਲਿਆ?”
ਮੁਖਤਿਆਰ ਨੇ ਕੋਲ ਖੜ੍ਹੇ ਜਿੰਦੂ ਨੂੰ ਪੁੱਛਿਆ, “ਕਾਕਾ ਜੀ, ਤੁਹਾਡੇ ਵੀ ਇਹ ਹੀ ਵਿਚਾਰ ਨੇਂ।”
“ਹਾਂ ਜੀ।” ਜਿੰਦੂ ਨੇ ਨਿਧੜਕ ਹੋ ਕੇ ਕਿਹਾ, “ਪੰਜਾਬੀਆਂ ਨੂੰ ਬਣਦਾ ਤਣਦਾ ਥਾਂ ਦਿਵਾਉਣ ਲਈ ਤਾਂ ਇਹ ਹੀ ਵਿਚਾਰ ਨੇ, ਹੋਰ ਕੋਈ ਮਸਲੇ ਵਿਚ ਵੱਖਰੇ ਵੀ ਹੋ ਸਕਦੇ ਨੇਂ।”
“ਇਕ ਅਖਬਾਰ ਵਿਚ ਮਂੈ ਪੜਿ੍ਹਆ ਕਿ ਮੁੰਡੇ ਉਹ ਮੰਗਾ ਰੱਖਦੇ ਨੇ ਜੋ ਸਰਕਾਰ ਦੇਣ ਵਿਚ ਅਸਮਰੱਥ ਹੈ।” ਮੁਖਤਿਆਰ ਨੇ ਖਬਰ ਦੱਸਦਿਆਂ ਕਿਹਾ, “ਤੁਸੀਂ ਕਿਹੜੀਆਂ ਨਾਜਾਇਜ਼ ਮੰਗਾ ਮੰਗਦੇ ਹੋ?”
“ਅਸੀ ਨਵੀਂ ਮੰਗ ਤਾਂ ਕੀ ਮੰਗਣੀ ਸੀ ਸਾਨੂੰ ਤਾਂ ਉਹ ਵੀ ਹੱਕ ਨਹੀ ਦਿੱਤੇ ਜਾ ਰਹੇ ਜੋ 1947 ਤੋਂ ਪਹਿਲਾਂ ਇਹਨਾਂ ਆਪ ਹੀ ਦੇਣ ਦਾ ਵਾਅਦਾ ਕੀਤਾ ਸੀ।” ਦਿਲਪ੍ਰੀਤ ਨੇ ਕਿਹਾ, “ਇਤਹਾਸ ਫਰੋਲ ਕੇ ਦੇਖੋ ਜੋ ਵਾਰ ਵਾਰ ਸਾਡੇ ਨਾਲ ਧੋਖੇ ਹੋਣ ਦੀ ਗਵਾਹੀ ਭਰਦਾ ਹੈ।”
“ਜੋਰ ਨਾਲ ਹੱਕ ਖੋਹਣ ਦੀ ਥਾਂ, ਤੁਸੀ ਸਾਰੇ ਸੂਝਵਾਨ ਮੁੰਡੇ ਹੱਕ ਲੈਣ ਲਈ ਅਦਾਲਤਾਂ ਦੇ ਦਰਵਾਜੇ ਕਿਉਂ ਨਹੀਂ ਖੜਕਾਉਂਦੇ।” ਮੁਖਤਿਆਰ ਨੇ ਸਲਾਹ ਦਿੱਤੀ, “ਹੋ ਸਕਦਾ ਹੈ ਆਪਣੇ ਹੱਕ ਵਿਚ ਇਨਸਾਫ ਹੋ ਜਾਵੇ।”
“ਇਸ ਦੇ ਜ਼ਵਾਬ ਵਿਚ ਮੈਨੂੰ ਸਿਰਦਾਰ ਕਪੂਰ ਸਿੰਘ ਦੀ ਕਹੀ ਹੋਈ ਗੱਲ ਯਾਦ ਆ ਗਈ”। ਦਿਲਪ੍ਰੀਤ ਨੇ ਦੱਸਿਆ, “ਜੋ ਉਹਨਾਂ ਬਹੁਤ ਚਿਰ ਪਹਿਲਾਂ ਹੀ ਦੱਸੀ ਸੀ ਕਿ ਅਜ਼ਾਦ ਹਿੰਦੁਸਤਾਨ ਵਿਚ ਅਦਾਲਤਾਂ ਅਤੇ ਅਦਾਲਤੀ ਕਾਰਵਾਈਆਂ ਉਤੇ ਰਾਜਸੀ ਹਿੰਦੂ ਭਰਾਵਾ ਨੇ ਅਯੋਗ ਪ੍ਰਭਾਵ ਇਸ ਪ੍ਰਕਾਰ ਪਾਏ ਹੋਏ ਹਨ ਕਿ ਸਿਖਾ ਨੂੰ ਕਿਸੇ ਅਦਾਲਤੀ ਢੰਗ ਅਤੇ ਰਾਹ ਦਵਾਰਾ ਇਨਸਾਫ ਦੀ ਉਮੀਦ ਹੀ ਨਹੀਂ ਰਹਿ ਗਈ।”
ਦੋ ਚਾਰ ਹੋਰ ਸਵਾਲਾਂ ਤੋਂ ਬਾਅਦ ਮੁਖਤਿਆਰ ਨੂੰ ਲੱਗਾ ਕਿ ਜਿਵੇ ਮੁੰਡਿਆਂ ਦੇ ਜ਼ਵਾਬਾਂ ਦੇ ਸਾਹਮਣੇ ਸਵਾਲ ਮੁੱਕ ਗਏ ਹੋਣ। ਮੁਖਤਿਆਰ ਕੋਈ ਵੀ ਸਵਾਲ ਕਰਦਾ ਉਹਦੇ ਜ਼ਵਾਬ ਵਿਚ ਉਹ ਇਤਹਾਸ ਨੂੰ ਗਵਾਹ ਬਣਾ ਲੈਂਦੇ। ਮੁਖਤਿਆਰ ਨੂੰ ਪਤਾ ਲੱਗ ਗਿਆ ਕਿ ਉਹ ਮੁੰਡਿਆਂ ਨਾਲ ਜਿੱਤ ਨਹੀਂ ਸਕਦਾ। ਉਸ ਨੇ ਸੋਚਿਆ ਕਿ ਕੋਈ ਬੰਦਾ ਗਵਾਹ ਹੋਵੇ ਤਾਂ ਉਸ ਨੂੰ ਮੁਕਰਾ ਵੀ ਲਿਆ ਜਾਂਦਾ ਹੈ, ਪਰ ਇਤਹਾਸ ਨੂੰ ਝੂਠਲਾਇਆ ਨਹੀਂ ਸੀ ਜਾ ਸਕਦਾ। ਬੇਸ਼ੱਕ ਮੁਖਤਿਆਰ ਅਦੰਰੋਂ ਇਤਹਾਸ ਦੀ ਗਵਾਹੀ ਮਨਜ਼ੂਰ ਕਰਦਾ ਸੀ, ਪਰ ਮੁੰਡਿਆਂ ਦੇ ਸਾਹਮਣੇ ਇਹ ਮੰਨਣ ਤੋਂ ਗੁਰੇਜ਼ ਕਰ ਰਿਹਾ ਸੀ ਕਿ ਪੰਜਾਬੀਆਂ ਨਾਲ ਪੈਰ ਪੈਰ ਤੇ ਧੋਖਾ ਹੋਇਆ ਹੈ ਮਸਲਾ ਚਾਹੇ ਬੋਲੀ ਦਾ ਹੋਵੇ ਜਾਂ ਇਲਾਕਿਆਂ ਦੀ ਵੰਡ ਦਾ। ਮੁਖਤਿਆਰ ਨੂੰ ਇਹ ਵੀ ਡਰ ਸੀ ਕਿ ਸਰਕਾਰ ਨਾਲ ਮੱਥਾ ਲਾ ਕੇ ਮੁੰਡੇ ਹੋਸ਼ ਤੋਂ ਘੱਟ ਅਤੇ ਜੋਸ਼ ਤੋਂ ਵੱਧ ਕੰਮ ਲੈਣ ਗੇ ਕਿਉਂਕਿ ਜਵਾਨੀ ਦੇ ਦਿਨ ਹੀ ਅਜਿਹੇ ਹੁੰਦੇ ਹਨ। ਉਹ ਗੱਲ ਨੂੰ ਮੁਕਾਉਂਦਾ ਹੋਇਆ ਬੋਲਿਆ, “ਚਲੋ ਫਿਰ ਘਰ ਨੂੰ, ਰੋਟੀ ਖਾ ਕੇ ਚਲੇ ਜਾਣਾ।”
“ਇਸ ਟਾਇਮ ਅਸੀਂ ਘਰ ਨਹੀਂ ਜਾ ਸਕਦੇ।” ਜਿੰਦੂ ਨੇ ਕਿਹਾ, “ਕਿਸੇ ਵੇਲੇ ਫਿਰ ਜ਼ਰੂਰ ਆਵਾਂਗੇ।”
“ਇਹ ਸਾਡੀ ਮਜ਼ਬੂਰੀ ਹੈ।” ਦਿਲਪ੍ਰੀਤ ਨੇ ਕਿਹਾ, “ਮੇਰੇ ਵਲੋਂ ਪ੍ਰੀਵਾਰ ਦੇ ਸਾਰੇ ਮੈਂਬਰਾਂ ਨੂੰ ਫਤਹਿ ਜ਼ਰੂਰ ਬਲਾਉਣੀ।”
“ਇਕ ਗੱਲ ਹੋਰ ਪੁੱਛਣੀ ਸੀ।” ਮੁਖਤਿਆਰ ਨੇ ਉਹਨਾ ਦਾ ਮੋਟਰਸਾਈਕਲ ਸਟਾਰਟ ਕਰਨ ਤੋਂ ਪਹਿਲਾਂ ਪੁੱਛਿਆ, “ਕੀ ਦੀਪੀ ਨੂੰ ਪਤਾ ਹੈ ਕਿ ਤੁਸੀ ਆਪਣੇ ਜੀਵਨ ਦਾ ਮੋੜ ਕਿਸ ਦਿਸ਼ਾ ਵੱਲ ਮੋੜ ਲਿਆ ਹੈ?”
“ਨਹੀਂ।” ਦਿਲਪ੍ਰੀਤ ਨੇ ਸਪੱਸ਼ਟ ਦੱਸਿਆ, “ਪਰ ਮੈਨੂੰ ਭਰੋਸਾ ਹੈ ਕਿ ਉਹ ਜੀਵਨ ਦਾ ਹਰ ਮੋੜ ਮੇਰੇ ਨਾਲ ਹੀ ਮੁੜੇਗੀ।”
“ਕੋਈ ਵੀ ਮੋੜ ਹੋਵੇ ਸਹਿਜ ਨਾਲ ਹੀ ਮੁੜਣਾ ਚਾਹੀਦਾ ਹੈ।” ਮੁਖਤਿਆਰ ਨੇ ਕਿਹਾ, “ਜ਼ਿੰਦਗੀ ਦੇ ਮੋੜਾਂ ੳੱਪਰ ਤਾਂ ਹੋਰ ਵੀ ਤਵੱਜਂੋ ਦੇਣੀ ਪੈਂਦੀ ਹੈ।”
“ਮੋੜ ਠੀਕ ਮੁੜਣਾ ਚਾਹੀਦਾ ਹੈ ਮੁੜਿਆ ਚਾਹੇ ਸਹਿਜ ਨਾਲ ਜਾਵੇ ਜਾਂ ਰਫਤਾਰ ਨਾਲ।”
ਦਿਲਪ੍ਰੀਤ ਦਾ ਇਹ ਜ਼ਵਾਬ ਸੁਣ ਕੇ ਮੁਖਤਿਆਰ ਚੁੱਪ ਹੋ ਗਿਆ। ਮੋਟਰਸਾਈਕਲ ਤੇ ਬੈਠਣ ਲੱਗਿਆ ਦਿਲਪ੍ਰੀਤ ਨੇ ਕਿਹਾ, “ਹਾਂ ਸੱਚ ਇਕ ਗੱਲ ਮੈਂ ਵੀ ਤੁਹਾਡੇ ਨਾਲ ਕਰਨੀ ਸੀ ਕਿ ਆਪਣੇ ਵਿਆਹ ਤੇ’ ਵਾਧੂ ਅਤੇ ਫਜੂਲ ਰਿਵਾਜ ਨਹੀਂ ਕਰਨਾ ਚਾਹੁੰਦਾ। ਵਿਆਹ ਸਾਦਾ ਤੇ ਗੁਰਸਿੱਖੀ ਰਹਿਤ ਮਰਿਆਦਾ ਨਾਲ ਸਪੂੰਰਨ ਹੋਣਾ ਚਾਹੀਦਾ ਹੈ। ਦਾਜ ਦੇ ਤਾਂ ਮੈਂ ਬਿਲਕੁਲ ਖਿਲਾਫ ਹਾਂ।”
“ਵਿਆਹ ਤਾਂ ਜਿਵੇਂ ਤੁਸੀਂ ਅਤੇ ਦੀਪੀ ਕਹੋਗੇ ਉਸ ਤਰ੍ਹਾਂ ਹੀ ਕਰ ਦਿਆਂਗੇ।” ਮੁਖਤਿਆਰ ਨੇ ਕਿਹਾ, “ਉਹ ਤੁਸੀਂ ਫਿਕਰ ਨਾ ਕਰੋ, ਤੁਹਾਡੇ ਡੈਡੀ ਦੀ ਸਲਾਹ ਨਾਲ ਹੀ ਹਰ ਕੰੰਮ ਹੋਵੇਗਾ।”
“ਚੰਗਾ ਫਿਰ ਸਾਨੂੰ ਆਗਿਆ ਬਖਸ਼ੋ।” ਦਿਲਪ੍ਰੀਤ ਨੇ ਮੋਟਰਸਾਈਕਲ ਨੂੰ ਕਿੱਕ ਮਾਰਦਿਆਂ ਕਿਹਾ, “ਰੱਬ ਨੇ ਚਾਹਿਆ ਤੇ ਛੇਤੀ ਹੀ ਤੁਹਾਡੇ ਦਰਸ਼ਨ ਕਰਾਂਗੇ।”
ਰਸਮੀ ਫਤਿਹ ਬਲਾਉਣ ਤੋਂ ਬਾਅਦ ਮੁਖਤਿਆਰ ਪਿੰਡ ਵੱਲ ਨੂੰ ਮੁੜ ਪਿਆ। ਆਪਣੇ ਮਨ ਨਾਲ ਸੋਚ ਵਿਚਾਰ ਕਰਦਾ ਜਾ ਰਿਹਾ ਸੀ ਕਿ ਦਿਲਪ੍ਰੀਤ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਘਰ ਜਾ ਕੇ ਕਰਾਂ ਜਾਂ ਨਾਂ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>