ਹੱਕ ਲਈ ਲੜਿਆ ਸੱਚ – (ਭਾਗ-53)

ਮੁਖਤਿਆਰ ਅਤੇ ਗਿਆਨ ਕੌਰ ਜਦੋਂ ਦਿਲਪ੍ਰੀਤ ਦੇ ਘਰ ਪੁੱਜੇ ਤਾਂ ਦੇਖਦੇ ਹਨ ਕਿ ਪਿੰਡ ਦੇ ਲੋਕਾਂ ਹਰਜਿੰਦਰ ਸਿੰਘ ਦੇ ਨਾਲ ਮੰਜਿਆਂ ਤੇ ਬੈਠੇ ਟੱਬਰ ਦਾ ਧਰਵਾਸ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਹਰਜਿੰਦਰ ਸਿੰਘ ਤਾਂ ਫਿਰ ਵੀ ਥੌੜਾ ਬਹੁਤਾ ਹੌਂਸਲੇ ਵਿਚ ਸੀ, ਪਰ ਨਸੀਬ ਕੌਰ ਬੇਹਾਲ ਹੋਈ ਪਈ ਸੀ। ਬੇਬੇ ਜੀ ਸਾਰਿਆਂ ਨੂੰ ਕਹਿ ਰਹੀ ਸੀ, “ਅਰਦਾਸ ਕਰੋ ਗੁਰੂ ਨਾਨਕ ਦੇ ਅੱਗੇ, ਬਾਬਾ, ਦਿਲਪ੍ਰੀਤ ਨੂੰ ਰਾਜ਼ੀ ਖੁਸ਼ੀ ਘਰ ਲੈ ਆਵੇ।” ਮੁਖਤਿਆਰ ਸਾਰਿਆਂ ਨੂੰ ਸਤਿ ਸ੍ਰੀ ਬੁਲਾ ਕੇ ਮੰਜੇ ਤੇ ਬੈਠ ਗਿਆ। ਗਿਆਨ ਕੌਰ ਨੇ ਹਰਜਿੰਦਰ ਸਿੰਘ ਦੇ ਮੋਢਿਆ ਤੇ ਹੱਥ ਰੱਖ ਕੇ ਪੁੱਛਿਆ, “ਪਤਾ ਲੱਗਾ ਕੁਛ?”
“ਪਿੰਡ ਦੇ ਬੰਦੇ ਅਤੇ ਤੋਸ਼ੀ ਸਵੇਰ ਦੇ ਦਿਲਪ੍ਰੀਤ ਦੇ ਦੋਸਤ ਜਿੰਦੂ ਦੇ ਪਿੰਡ ਗਏ ਹੋਏ ਨੇ, ਪਤਾ ਕਰਨ ਲਈ, ਸ਼ੈਦ ਕੁਛ ਪਤਾ ਲੱਗ ਜਾਵੇ।” ਹਰਜਿੰਦਰ ਸਿੰਘ ਨੇ ਹਾਉਕਾ ਲੈਂਦੇ ਦੱਸਿਆ, “ਬਾਬੇ ਦੇ ਹੱਥ ਹੀ ਡੋਰੀ ਆ।”
“ਵਾਹਿਗੁਰੂ ਕਰੇ ਸੁਖ ਦੀ ਖ਼ਬਰ ਲੈ ਕੇ ਆਉਣ।” ਬੇਬੇ ਜੀ ਦੇ ਕੋਲ ਬੈਠਦੇ ਗਿਆਨ ਕੌਰ ਨਂ ਕਿਹਾ।
ਦਿਲਪ੍ਰੀਤ ਕਿੱਥੇ ਹੋਵੇਗਾ? ਸਾਰੇ ਆਪਣੇ ਆਪਣੇ ਅੰਦਾਜ਼ੇ ਲਾ ਰਹੇ ਸਨ। ਨਸੀਬ ਕੌਰ ਦਾ ਤਾਂ ਜਿਵੇ ਸਾਹ ਹੀ ਸੂਤ ਹੋ ਗਿਆ ਹੋਵੇ। ਕੋਈ ਉਸ ਨੂੰ ਹੌਸਲਾ ਦੇਣ ਦਾ ਜਤਨ ਕਰਦਾ ਤਾਂ ਉਹ ਰੋਣ ਲੱਗ ਪੈਂਦੀ। ਬੇਬੇ ਜੀ ਨੂੰ ਉਸ ਦਾ ਰੋਣਾ ਚੰਗਾ ਨਹੀਂ ਸੀ ਲਗ ਰਿਹਾ। ਫਿਰ ਵੀ ਚੁੱਪ ਸਨ। ਗਿਆਨ ਕੌਰ ਨੂੰ ਦੇਖ ਕੇ ਨਸੀਬ ਕੌਰ ਰੋਈ ਤਾਂ ਬੇਬੇ ਜੀ ਨੇ ਕਹਿ ਹੀ ਦਿੱਤਾ, “ਨਸੀਬ, ਦੇਖ ਸੁਖੀਂ-ਸਾਂਦੀ ਰੋ ਨਾ।” ਨਸੀਬ ਕੌਰ ਨੇ ਕੋਈ ਜ਼ਵਾਬ ਨਾ ਦਿੱਤਾ, ਪਰ ਗਿਆਨ ਕੌਰ ਨੇ ਕਹਿ ਦਿੱਤਾ, “ਭੈਣ ਜੀ, ਇਹ ਵੀ ਕੀ ਕਰੇ, ਡੋਬੂ ਤਾਂ ਸਾਡੇ ਦਿਲ ਦੇ ਨਹੀ ਹੱਟਦੇ, ਇਹ ਤਾਂ ਫਿਰ ਮਾਂ ਆ।” ਇਹ ਗੱਲ ਕਹਿੰਦਿਆਂ ਹੀ ਗਿਆਨ ਕੌਰ ਨੂੰ ਆਪਣੀ ਬਲਬੀਰੋ ਯਾਦ ਆ ਗਈ। ਅੰਦਰੋ ਅੰਦਰ ਹੀ ਉਸ ਨੇ ਦਿਲਪ੍ਰੀਤ ਦੀ ਸੁਖ ਮੰਗਦਿਆਂ ਇਹ ਯਾਦ ਪਹਿਲਾਂ ਵਾਂਗ ਫਿਰ ਨੱਪ ਲਈ। ਗੁਆਂਢੀਆਂ ਦੀ ਕੁੜੀ ਅਤੇ ਮਿੰਦੀ ਰਸੋਈ ਵਿਚੋਂ ਚਾਹ ਬਣਾ ਕੇ ਲੈ ਆਈਆਂ।
ਚਾਹ ਦੇ ਕੱਪ ਅਜੇ ਉਹਨਾਂ ਫੜ੍ਹੇ ਹੀ ਸਨ ਕਿ ਤੋਸ਼ੀ ਹੋਰੀ ਆ ਗਏ। ਸਾਰੇ ਚਾਹ ਦੇ ਕੱਪ ਕੋਲ ਰੱਖ ਉਹਨਾਂ ਦੇ ਮੂੰਹ ਵੱਲ ਨੂੰ ਦੇਖਣ ਲੱਗੇ।
“ਪਤਾ ਲੱਗਾ ਕੁਛ।” ਕਈਆਂ ਨੇ ਇਕੱਠਾ ਹੀ ਸਵਾਲ ਕੀਤਾ।
“ਦਿਲਪ੍ਰੀਤ ਬਾਰੇ ਤਾਂ ਕੁਝ ਪਤਾ ਨਹੀ ਲੱਗਾ।” ਤੋਸ਼ੀ ਦੇ ਨਾਲ ਵਾਲੇ ਬੰਦੇ ਨੇ ਦੱਸਿਆ, “ਪਰ ਜਿੰਦੂ ਭਾਰਤੀ ਫੋਜਾਂ ਨਾਲ ਲੜਦਾ ਹੋਇਆ, ਅੰਮ੍ਰਿਤਸਰ ਸ਼ਹੀਦ ਹੋ ਗਿਆ ਹੈ।”
ਇਹ ਗੱਲ ਸੁਣਦੇ ਸਾਰ ਹੀ ਨਸੀਬ ਕੌਰ ਉੱਚੀ ਉੱਚੀ ਰੋਣ ਲੱਗ ਪਈ।
“ਇੰਨਾ ਕੁ ਪਤਾ ਜ਼ਰੂਰ ਲੱਗਾ ਹੈ ਕਿ ਜਿੱਥੇ ਦਿਲਪ੍ਰੀਤ ਰਹਿੰਦਾ ਸੀ।” ਬੰਦੇ ਨੇ ਅੱਗੇ ਗੱਲ ਦੱਸੀ, “ਉੱਥੇ ਪੁਲੀਸ ਨੇ ਛਾਪਾ ਜ਼ਰੂਰ ਮਾਰਿਆ ਸੀ, ਪਰ ਇਹ ਕਿਸੇ ਨੂੰ ਪੱਕਾ ਪਤਾ ਨਹੀ ਕਿ ਉਹ ਪੁਲੀਸ ਨੂੰ ਮਿਲਿਆ ਹੈ ਜਾਂ ਨਹੀ।”
“ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦਿਨੀ ਜੋ ਵੀ ਬਿਰਧ ਜਾਂ ਜਵਾਨ ਭਿੰਡਰਾਂਵਾਲੇ ਦੇ ਸੰਪਰਕ ਵਿਚ ਸੀ।” ਦੂਜੇ ਬੰਦੇ ਨੇ ਦੱਸਿਆ, “ਪੁਲੀਸ ਅਤੇ ਫੌਜ ਸ਼ਿਕਾਰੀ ਕੁਤਿੱਆਂ ਵਾਂਗ ਉੁਹਨਾਂ ਨੂੰ ਲੱਭ ਰਹੇ ਨੇਂ।”
ਅਜੇ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਕ ਪੰਦਰਾਂ ਸੋਲਾਂ ਸਾਲ ਦਾ ਮੁੰਡਾ ਬਾਹਰੋਂ ਦੌੜਦਾ ਹੋਇਆ ਆਇਆ ਤੇ ਆਉਂਦਾ ਹੀ ਬੋਲਿਆ, “ਪਿੰਡ ਦੇ ਚੜ੍ਹਦੇ ਪਾਸੇ ਪੁਲੀਸ ਲੋਕਾਂ ਦੇ ਘਰਾਂ ਦੀਆਂ ਤਲਾਸ਼ੀਆਂ ਲੈ ਰਹੀ ਆ, ਕਿਸੇ ਦੇ ਦਾਤ, ਦਾਤੀ ਜਾਂ ਟਕੂਆਂ ਮਿਲਦਾ ਹੈ ਤਾਂ ਉਸ ਨੂੰ ਹੱਥਿਆਰ ਰੱਖਣ ਦੇ ਜੁਰਮ ਵਿਚ ਗਿਰਫਤਾਰ ਕਰ ਲਿਆ ਜਾਂਦਾ ਹੈ।”
“ਦਾਤ, ਦਾਤੀਆਂ ਤਾਂ ਜ਼ਿੰਮੀਦਾਰਾਂ ਦੇ ਸੰਦ ਆ।” ਗਿਆਨ ਕੌਰ ਨੇ ਕਿਹਾ, “ਇਹਨਾ ਨਿਜ ਹੋਣਿਆ ਨੂੰ ਪੁੱਛੇ ਪਈ ਜੇ ਇਹ ਸੰਦ ਜ਼ਿੰਮੀਦਾਰਾਂ ਦੇ ਘਰ ਨਾ ਹੋਣਗੇ ਤਾਂ ਹੋਰ ਕਿਨਾ ਦੇ ਘਰ ਹੋਣਗੇ।”
“ਭਾਅ।” ਤੋਸ਼ੀ ਨੂੰ ਸੰਬੋਧਨ ਕਰਦਾ ਮੁੰਡਾ ਕਹਿ ਰਿਹਾ ਸੀ, “ਸਰਪੰਚ ਨੇ ਸੁਨੇਹਾ ਘੱਲਿਆ ਆ ਜਿਹੜੀ ਭਿੰਡਰਾਵਾਲੇ ਦੀ ਫੋਟੌ ਤੁਹਾਡੇ ਘਰ ਲੱਗੀ ਆ, ਉਹ ਲਕੋ ਦੇਵੋ।”
ਮੁੰਡੇ ਦੀ ਗੱਲ ਸੁਣ ਕੇ ਜਿਹੜੇ ਪਿੰਡ ਦੇ ਲੋਕੀ ਉੱਥੇ ਬੈਠੇ ਸਨ, ਉਹ ਆਪਣੇ ਆਪਣੇ ਘਰਾਂ ਨੂੰ ਦੌੜ ਪਏ। ਸਾਰਿਆਂ ਨਂ ਪਿੰਡ ਆਉਣ ਵੇਲੇ ਭਿੰਡਰਾ ਵਾਲਿਆਂ ਨਾਲ ਖਿਚਾਈਆਂ ਫੋਟੋ ਅਤੇ ਸੰਦ ਤੂੜੀ ਦੇ ਕੁੱਪਾਂ ਆਦਿ ਵਿਚ ਲਕੋ ਦਿੱਤੇ।
ਪੁਲੀਸ ਦਿਲਪ੍ਰੀਤ ਦੇ ਘਰ ਆਈ ਅਤੇ ਸਾਰੇ ਘਰ ਦੀ ਤਲਾਸ਼ੀ ਵੀ ਲਈ। ਦਿਲਪ੍ਰੀਤ ਬਾਰੇ ਪੁੱਛ-ਪੜਤਾਲ ਕਰਦਿਆਂ ਠਾਣੇਦਾਰ ਨੇ ਸਿਧਾ ਹੀ ਪੁੱਛਿਆ, “ਦਿਲਪ੍ਰੀਤ ਕਿੱਥੇ ਲੁਕਾਇਆ ਹੋਇਆ ਹੈ।” ਠਾਣੇਦਾਰ ਨੇ ਮੁੱਛ ਨੂੰ ਵਟ ਦਿੰਦੇ ਪੁੱਛਿਆ, “ਕਦੋਂ ਦਾ ਉਹ ਭਿੰਡਰਾਵਾਲੇ ਦਾ ਚੇਲਾ ਬਣਿਆ ਹੋਇਆ ਹੈ।”
“ਦੇਖੋ ਜੀ, ਸਾਨੂੰ ਤਾਂ ਆਪ ਨਹੀਂ ਇਹਨਾ ਗੱਲਾਂ ਦਾ ਪਤਾ?” ਇਹ ਕਹਿੰਦੇ ਹੋਏ ਹਰਜਿੰਦਰ ਸਿੰਘ ਦੇ ਅੱਥਰੂ ਅੱਖਾਂ ਵਿਚੋਂ ਨਿਕਲ ਕੇ ਗਲਾਂ ਤੇ ਅੱਟਕ ਗਏ।
“ਠਾਣੇਦਾਰ ਸਾਹਿਬ ਮੈਂ ਤਹਾਨੂੰ ਅੱਗੇ ਵੀ ਦੱਸਿਆ ਕਿ ਇਹ ਟੱਬਰ ਸਾਡੇ ਪਿੰਡ ਦੇ ਵਧੀਆ ਟੱਬਰਾਂ ਵਿਚ ਆਉਂਦਾ ਹੈ।” ਠਾਣੇਦਾਰ ਦੇ ਨਾਲ ਆਏ ਸਰਪੰਚ ਨੇ ਕਿਹਾ, “ਦਿਲਪ੍ਰੀਤ ਕੋਈ ਇਹੋ ਜਿਹਾ ਮੁੰਡਾ ਨਹੀਂ ਹੈ।”
“ਸਰਪੰਚਾ ਮੈਨੂੰ ਪਤਾ ਆ, ਉਹ ਕਿਹੋ ਜਿਹਾ ਮੁੰਡਾ ਆ।” ਠਾਣੇਦਾਰ ਨੇ ਰੋਹਬ ਨਾਲ ਸਰਪੰਚ ਨੂੰ ਕਿਹਾ, “ਤੂੰ ਨਾਂ ਹੀ ਦਖਲ-ਅੰਦਾਜ਼ੀ ਕਰੇਂ ਤਾਂ ਚੰਗੀ ਗੱਲ ਆ।”
ਬੇਸ਼ੱਕ ਠਾਣੇਦਾਰ ਦੀਆਂ ਗੱਲਾਂ ਪ੍ਰੀਵਾਰ ਦਾ ਦੁੱਖ ਵਧਾ ਰਹੀਆਂ ਸਨ ਫਿਰ ਵੀ ਇਹ ਹੀ ਗੱਲਾਂ ਉਹਨਾ ਲਈ ਆਸ ਦੀ ਚਿਣਗ ਬਣੀਆ। ਉਹਨਾ ਨੂੰ ਜਾਪਿਆ ਜਿਹੜੀ ਪੁਲੀਸ ਦਿਲਪ੍ਰੀਤ ਨੂੰ ਲੱਭ ਰਹੀ ਆ, ਇਸ ਦਾ ਮਤਲਬ ਇਹ ਹੈ ਕਿ ਉਹ ਪੁਲੀਸ ਤੋਂ ਹੀ ਕਿਤੇ ਲੁਕਿਆ ਬੈਠਿਆ ਹੈ।
“ਦੇਖ ਸਰਪੰਚਾ।” ਠਾਣੇਦਾਰ ਨੇ ਅੱਗੇ ਗੱਲ ਤੋਰੀ, “ਇਹਨਾ ਨੂੰ ਸਮਝਾ ਦੇ ਕਿ ਦਸਾਂ ਦਿਨਾਂ ਅੰਦਰ ਅੰਦਰ ਦਿਲਪ੍ਰੀਤ ਨੂੰ ਠਾਣੇ ਪੇਸ਼ ਕਰ ਦੇਣ, ਨਹੀਂ ਤਾਂ ਫਿਰ ਮੈਨੂੰ ਮੁੜ ਕੇ ਆਉਣਾ ਪੈਣਾ ਆ।”
“ਵੇ ਭਾਈ, ਇਹਨਾ ਨੂੰ ਤਾਂ ਆਪ ਨਹੀ ਪਤਾ ਕਿ ਦਿਲਪ੍ਰੀਤ ਕਿੱਥੇ ਆ।” ਗਿਆਨ ਕੌਰ ਨਂ ਕਿਹਾ, “ਪੇਸ਼ ਇਹ ਕਿਸ ਨੂੰ ਕਰਨ?”
ਠਾਣੇਦਾਰ ਨੇ ਗਿਆਨ ਕੌਰ ਦੀ ਗੱਲ ਨੂੰ ਕੋਈ ਧਿਆਨ ਨਹੀਂ ਦਿੱਤਾ। ਆਪਣਾ ਪਹਿਲੇ ਵਾਲਾ ਹੀ ਹੁਕਮ ਚਾੜ੍ਹਦਾ ਹੋਇਆ, ਸਿਪਾਹੀਆਂ ਨੂੰ ਲੈ ਕੇ ਉੱਥੋਂ ਚਲ ਗਿਆ।
ਦਿਲਪ੍ਰੀਤ ਦਾ ਪਤਾ ਨਾਂ ਲੱਗਣਾ ਸਾਰੇ ਪਿੰਡ ਲਈ ਚਿੰਤਾਜਨਕ ਸੀ ਹੀ ਕਿ ਇਕ ਹੋਰ ਘਟਨਾ ਵੀ ਵਾਪਰ ਗਈ। ਇਸੇ ਪਿੰਡ ਦੇ ਫੌਜੀ ਦਵਿੰਦਰ ਸਿੰਘ ਨੇ ਫਿਰਕਾਪ੍ਰਸਤ ਬਰਗੇਡੀਅਰ ਸਿੰਗਲੇ ਨੂੰ ਥਾਂ ਤੇ ਗੋਲੀ ਮਾਰ ਕੇ ਇਸ ਲਈ ਮਾਰ ਦਿੱਤਾ ਸੀ ਕਿ ਉਹ ਸਿੱਖ ਫੌਜੀਆਂ ਨੂੰ ਟਿਚਰਾਂ ਕਰਨੋ ਨਹੀ ਸੀ ਟਲ੍ਹਦਾ। ਹੁਣ ਜੋ ਕੁਝ ਦਵਿੰਦਰ ਸਿੰਘ ਅਤੇ ਉਸ ਦੇ ਟੱਬਰ ਨਾਲ ਹੋਣਾ ਸੀ ਉਹ ਸਾਰੇ ਪਿੰਡ ਤੋਂ ਗੁੱਝਾ ਨਹੀਂ ਸੀ।
ਤਕਰੀਬਨ ਪੰਜਾਬ ਦੇ ਹਰ ਪਿੰਡ ਦੇ ਲੋਕ ਇਹ ਸਾਰਾ ਸੰਤਾਪ ਆਪਣੇ ਪਿੰਡਿਆ ਉੱਪਰ ਹੰਢਾ ਰਹੇ ਸਨ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>