ਸੁਪਨੇ ਬਣ ਗਏ ਯਾਦਾਂ

ਸਿਆਣੇ ਕਹਿੰਦੇ ਨੇ ਜੋ ਸੁਪਨੇ ਜਵਾਨੀ ਵਿੱਚ ਸਜਾਏ ਹੁੰਦੇ ਨੇ ਉਹ ਬੁਢਾਪੇ ਦੀਆਂ ਯਾਦਾਂ ਬਣ ਜਾਦੀਆਂ ਹਨ।ਇਹਨਾਂ ਯਾਦਾਂ ਵਿੱਚੋਂ ਹੀ ਨਿੱਕਲੀ ਇਹ ਹੱਡ ਬੀਤੀ ਸਾਲ 1980 ਦੇ ਅਖੀਰਲੇ ਮਹੀਨੇ ਦੀ ਹੈ।ਮੈਂ ਤੇ ਮੇਰਾ ਸਾਥੀ ਭੋਲਾ ਸਿੰਘ ਜਿਸ ਨਾਲ ਮੇਰਾ ਮੇਲ ਅਬੂਧਾਬੀ ਵਿੱਚ ਹੋਇਆ ਸੀ।ਉਸ ਦਾ ਜਿਲ੍ਹਾ ਹੁਸ਼ਿਆਰਪੁਰ ਤੇ ਮੇਰਾ ਸੰਗਰੂੂਰ ਸੀ।ਅਸੀ ਦੋਵੇਂ ਫਰਾਂਸ ਦੇ ਨੀਸ ਸ਼ਹਿਰ ਤੋਂ ਜੋ ਇਟਲੀ ਦੇ ਬਾਡਰ ਕੋਲ ਹੈ।ਟਰੇਨ ਰਾਂਹੀ ਸਵੇਰੇ ਪਹੁ ਫੁੱਟਦੀ ਨਾਲ ਪੈਰਿਸ ਦੇ ਅੰਤਰਰਾਂਸ਼ਟਰੀ ਰੇਲਵੇ ਸਟੇਸ਼ਨ ਗਾਰ ਦੀ ਲੀਓਨ ਆ ਪਹੁੰਚੇ।ਇਥੋਂ ਜਰਮਨ ਜਾਣਾ ਸੀ।ਉਥੋਂ ਮੈਕਸੀਕੋ ਦਾ ਵੀਜ਼ਾ ਲੈਕੇ ਅੱਗੇ ਬਾਹਮਸ ਟਾਪੂ ਰਾਂਹੀ ਹੁੰਦੇ ਹੋਏ, ਸਾਡਾ ਪੜ੍ਹਾਅ ਅਮਰੀਕਾ ਜਾ ਮੁੱਕਣਾ ਸੀ।ਜਿਵੇ ਕਹਿੰਦੇ ਨੇ ਜਿੰਦਗੀ ਦਾ ਹਰ ਨਵਾਂ ਦਿੱਨ ਇਤਿਹਾਸ ਸਿਰਜਦਾ ਹੈ।ਅਸੀ ਪੈਰਿਸ ਦਾ ਨਾਂ ਸੁਣਦੇ ਹੀ ਦੋ ਦਿੱਨ ਰੁਕਣ ਦਾ ਮਨ ਬਣਾ ਲਿਆ।

Eiffel Tower & Seine River.resized

ਸੋਚਿਆ ਮੁੜ ਕਿਹੜਾ ਇਥੇ ਆ ਹੋਣਾ! ਕੜ੍ਹਾਕੇ ਦੀ ਠੰਡ ਨਾਲ ਜੰਮੇ ਪੈਰਿਸ ‘ਚ ਕਾਲੇ ਰੰਗ ਦੇ ਬੱਦਲਾਂ ਓਹਲੇ ਸੂਰਜ਼ ਕਿਤੇ ਲੁਕਿਆ ਹੋਇਆ ਸੀ।ਸਾਡੇ ਕੋਲ ਸਰਦੀਆਂ ਵਾਲੇ ਕਪੜ੍ਹੇ ਵੀ  ਗਿਣਤੀ ਮਿਣਤੀ ਦੇ ਹੀ ਸਨ।ਮੇਰੀ ਜਾਣ ਪਹਿਚਾਣ ਵਾਲਾ ਪੈਰਿਸ ਤਾਂ ਕੀ ਪੂਰੇ ਯੌਰਪ ‘ਚ ਕੋਈ ਨਹੀ ਸੀ।ਉਸ ਵਕਤ ਨਾ ਇਥੇ ਗੁਰੂਦੁਆਰਾ ਤੇ ਨਾ ਹੀ ਕੋਈ ਪਗੜ੍ਹੀ ਵਾਲਾ ਸਰਦਾਰ ਦਿੱਸਦਾ ਸੀ।ਅਸੀ ਗੂੜ੍ਹੀ ਸਰਦੀ ਵਿੱਚ ਠੁਰ ਠੁਰ ਕਰਦੇ ਭੂਤਰੀ ਹੋਈ ਗਾਂ ਵਾਂਗ ਚਾਰੇ ਪਾਸੇ ਵੇਖ ਰਹੇ ਸੀ।ਸਾਹਮਣੇ ਬੋਰਡ ਉਤੇ ਲਿਖਿਆ ਬਾਰ ਅਤੇ ਰੈਸਟੋਰੈਂਟ ਪੜ੍ਹ ਕੇ ਅੰਦਰ ਜਾ ਵੜ੍ਹੇ।ਸਫੈਦ ਕਪੜ੍ਹਿਆਂ ਵਿੱਚ ਕਾਲੀ ਯਾਕਟ ਪਾਈ ਸਮਾਰਟ ਜਿਹੀ ਲੜਕੀ ਨੇ ਸਾਡੇ ਕੋਲ ਆ ਕੇ ਫਰੈਂਚ ਵਿੱਚ ਕੁਝ ਕਿਹਾ,ਉਸ ਦੀ ਬੋਲੀ ਸਾਡੇ ਸਿਰ ਤੋਂ ਦੀ ਲੰਘ ਗਈ।ਅੰਦਾਜ਼ਾ ਜਿਹਾ ਲਾਕੇ ਵੇਟਰਸ ਹੋਣੀ ਏ ਅੰਗਰੇਜ਼ੀ ਵਿੱਚ ਦੋ ਕੱਪ ਕੌਫੀ ਦਾ ਆਰਡਰ ਦੇ ਦਿੱਤਾ।ਕੁਝ ਮਿੰਟਾਂ ਬਾਅਦ ਉਸ ਨੇ ਦੋ ਉੱਗਲਾਂ ਜਿੱਡੇ ਕੱਪਾਂ ਵਿੱਚ ਦੋ ਘੁੱਟਾਂ ਕਾਲੇ ਰੰਗ ਦੀ ਕੌਫੀ ਦੇ ਨਾਲ ਚਾਰ ਖੰਡ ਦੀਆ ਡਲੀਆਂ ਲਿਆ ਕੇ ਮੇਜ਼ ਉਤੇ ਰੱਖ ਦਿੱਤੀਆਂ।ਕੌੜ ਤੁੰਮੇ ਵਰਗੀ ਕੌੜੀ ਕੌਫੀ ਨਾ ਕਦੇ ਪੀਤੀ ਤੇ ਨਾ ਕਦੇ ਵੇਖੀ ਸੀ।ਅਸੀ ਬਿਨਾਂ ਪੀਤੇ ਹੀ ਪੈਸੇ ਦੇ ਕੇ ਚੱਲ ਪਏ।ਵੇਟਰਸ ਸਾਡੇ ਵੱਲ ਦੂਰ ਤੱਕ ਵੇਖਦੀ ਰਹੀ।ਅਸੀ ਖੰਡ ਦੀਆ ਡਲੀਆਂ ਚੱਬਦੇ ਸਟੇਸ਼ਨ ਦੇ ਬਾਹਰ ਜਮੀਨ ਦੋਜ਼ ਪੌੜੀਆਂ ਕੋਲ ਜਾ ਖੜ੍ਹੇ।ਜਿਥੇ ਲੋਕੀ ਥੱਲੇ ਨੂੰ ਉਤਰਦੇ ਤੇ ਚੜ੍ਹਦੇ ਸਨ।ਅਸੀ ਵੇਖਣ ਲਈ ਪੋਲੇ ਪੋਲੇ ਪੈਰੀ ਥੱਲੇ ਉਤਰ ਗਏ।ਹੇਠਾਂ ਟਰੇਨ ਚੱਲ ਰਹੀ ਸੀ।ਜਿਸ ਨੂੰ ਮੈਟਰੋ ਕਹਿੰਦੇ ਹਨ।ਅਸੀ ਇਹ ਪਹਿਲੀ ਵਾਰ ਵੇਖੀ ਸੀ।ਭਾਵੇਂ ਅਸੀ ਇਟਲੀ ਦੇ ਰੋਮ ਸ਼ਹਿਰ ‘ਚ ਇੱਕ ਰਾਤ ਠਹਿਰੇ ਸੀ।ਸਟੇਸ਼ਨ ਦੇ ਬਿਲਕੁਲ ਨਾਲ ਤੇ ਮੈਟਰੋ ਦੀ ਜਰੂਰਤ ਹੀ ਨਹੀ ਪਈ।ਰੋਮ ਤੋਂ ਹੀ ਫਰਾਂਸ,ਜਰਮਨ ਜਾਣ ਵਾਲੀ ਟਰੇਨ ਦਾ ਰੂਟ ਫੜ੍ਹ ਲਿਆ ਸੀ।ਰੋਮ ਕਿਵੇਂ ਪਹੁੰਚੇ,ਕਿਥੇ ਰਹੇ,ਫਰਾਂਸ ਦੇ ਬਾਡਰ ਤੇ ਕੀ ਬੀਤੀ ਇਹ ਦਰਦ ਭਰੀ ਕਹਾਣੀ ਹੈ।ਕਦੇ ਫੇਰ ਸਹੀ!ਅਸੀ ਤੌਰ ਭੋਰ ਜਿਹੇ ਹੋਏ ਖੜ੍ਹੇ ਸੀ।ਇੱਕ ਭੂਰੇ ਜਿਹੇ ਰੰਗ ਦਾ ਆਦਮੀ ਸਾਡੇ ਕੋਲ ਆ ਕੇ ਬੋਲਿਆ,ਸਰਦਾਰ ਜੀ,”ਕੀ ਢੂੰਡਦੇ ਹੋ?” ਸਾਇਦ ਸਾਡੇ ਪਾਇਆ ਹੋਇਆ ਕੜ੍ਹਾ ਉਸ ਨੇ ਵੇਖ ਲਿਆ ਸੀ।”ਦੋ ਕਿ ਦਿੱਨ ਲਈ ਸਸਤਾ ਜਿਹਾ ਹੋਟਲ ਲੱਭਦੇ ਆਂ,ਮਿਲ ਜੂ ਕਿਤੇ”?ਬਿਨ੍ਹਾ ਰੁਕੇ ਠਾਹ ਸੋਟਾ ਮਾਰਿਆ।ਅਮਰੀਕਾ ਜਾਣ ਕਰਕੇ ਅਸੀ ਸਕੋਚ ਕਿ ਪੈਸੇ ਖਰਚ ਰਹੇ ਸੀ।ਕਿਉ ਕਿ ਸਾਡੀ ਮੱਦਦ ਕਰਨ ਵਾਲਾ ਕੋਈ ਵੀ ਨਹੀ ਸੀ।

ਉਹ ਮੈਟਰੋ ਵੱਲ ਇਸ਼ਾਰਾ ਕਰਦਾ ਬੋਲਿਆ ਸਰਦਾਰ ਜੀ,”ਏਹ ਪਕੜੋ ਸਿੱਧਾ(ਮੈਰੀ ਦੀ ਲੀਲਾਸ)ਸਟੇਸ਼ਨ ਤੇ ਲਗੇ ਜਾਓ”।”ਓਧਰ ਕੋਈ ਭਾਈਬੰਦ ਮਿਲ ਸੂ,ਤੇ ਸਸਤਾ ਹੋਟਲ ਵੀ ਮਿਲ ਸੂ”।ਅਸੀ ਉਸ ਦੀ ਔਖੀ ਜਿਹੀ ਪੰਜਾਬੀ ਸਮਝ ਕੇ ਟਿੱਕਟ ਲੈਣ ਲਈ ਸ਼ੀਸ਼ਿਆ ਅੰਦਰ ਬੈਠੀ ਗੋਰੀ ਕੋਲ ਚਲੇ ਗਏ।ਅਸੀ ਅੰਗਰੇਜ਼ੀ ਵਿੱਚ ਦੋ ਟਿੱਕਟਾਂ ਦੈਣ ਲਈ ਕਿਹਾ,ਪਰ ਉਸ ਦੇ ਪੱਲੇ ਕੁਝ ਨਾ ਪਿਆ। ਮੈਂ ਇਹ ਵੀ ਦਸਦਾ ਜਾਵਾਂ ਕਿ ਫਰੈਂਚ ਲੋਕੀ ਇੰਗਲਿਸ਼ ਬੋਲੀ ਨੂੰ ਬਹੁਤੀ ਮਹੱਤਤਾ ਨਹੀ ਦਿੰਦੇ।।ਓਹ ਹੀ ਆਦਮੀ ਸਾਡੇ ਪਿੱਛੇ ਫਿਰ ਆ ਟੱਪਕਿਆ।”ਪੈਸੇ ਦੋ ਸਰਦਾਰ ਜੀ,ਮੈਂ ਲੇ ਸੂ”?ਵੇਖਣ ਨੂੰ ਉਹ ਕੋਈ ਏਜੰਟ ਲਗਦਾ ਸੀ। ਅਸੀ ਸੌ ਫਰੈਂਕ ਦਾ ਨੋਟ ਦੇ ਦਿੱਤਾ,ਉਹ ਦੋ ਟਿੱਕਟਾਂ ਸਾਡੇ ਹੱਥ ਤੇ ਰੱਖ ਕੇ ਤੇਜੀ ਨਾਲ ਬਾਹਰ ਦੀਆਂ ਪੌੜ੍ਹੀਆਂ ਚੜ੍ਹ ਗਿਆ।ਬਾਕੀ ਪੈਸੇ ਪੁੱਛਣ ਦਾ ਟੀੲਮ ਹੀ ਨਹੀ ਦਿੱਤਾ।ਅਸੀ ਇਹ ਫਰੈਂਕ ਨੀਸ ਸ਼ਹਿਰ ਦੇ ਇੱਕ ਪੰਜ਼ ਤਾਰਾ ਹੋਟਲ ਵਿੱਚੋਂ ਰਾਤੀ ਅੱਠ ਵਜੇ ਮਿੰਨਤਾਂ ਨਾਲ ਬਦਲੀ ਕਰਕੇ ਲਏ ਸਨ।ਤਕਰੀਬਨ ਅੱਧੇ ਘੰਟੇ ਬਾਅਦ ਅਸੀ ਦੱਸੇ ਹੋਏ ਸਟੇਸ਼ਨ ਤੇ ਜਾ ਉਤਰੇ,ਘਰ ਤੋਂ ਵਗੈਰ ਪ੍ਰਦੇਸ ਵਿੱਚ ਆਦਮੀ ਤੁਰਦੀ ਫਿਰਦੀ ਲਾਸ਼ ਵਰਗਾ ਹੁੰਦਾ ਏ,ਸਾਡਾ ਵੀ ਇਹ ਹੀ ਹਾਲ ਸੀ।ਸਫਰ ਦੇ ਥਕਾਏ,ਰਾਤਾਂ ਦੇ ਉਨੀਂਦਰੇ,ਸਰਦੀ ਦੇ ਭੰਨੇ,ਰੈਣ ਸਵੇਰਾ ਲੱਭਦੇ,ਲਵਾਰਸ ਹੋਏ ਘੁੰਮ ਰਹੇ ਸੀ।ਦਿੱਨ ਦੇ ਬਾਰਾਂ ਵਜੇ ਵੀ ਸੂਰਜ  ਅਲੋਪ ਸੀ।ਹੋਟਲ ਲੱਭਦਿਆਂ ਇੱਕ ਭੀੜੀ ਜਿਹੀ ਗਲੀ ਵਿੱਚ ਗੋਰੀ ਬਜ਼ੁਰਗ ਔਰਤ ਨਜ਼ਰ ਪਈ,ਜਿਸ ਦੇ ਦੋਵੇਂ ਹੱਥਾਂ ਵਿੱਚ ਭਾਰੇ ਭਾਰੇ ਥੈਲੇ ਚੁੱਕੇ ਹੋਏ ਸਨ।ਅਸੀ ਹਮਦਰਦੀ ਜਤਾਉਦਿਆ ਉਸ ਤੋਂ ਦੋਵੇਂ ਥੈਲੇ ਫੜ੍ਹ ਲਏ।ਉਸ ਨੇ ਹੱਸ ਕੇ ਮੈਰਸੀ (ਥੈਂਕਜੂ) ਕਿਹਾ,ਉਹ ਪੇਸ਼ੇ ਵਲੋਂ ਨਰਸ ਸੀ।ਉਹ ਸਾਡੇ ਅੱਗੇ ਅੱਗੇ ਇੰਗਲਿਸ਼ ਵਿੱਚ ਗਿਣਤੀ ਦੇ ਲਫ਼ਜ ਬੋਲਦੀ ਘਰ ਦੇ ਦਰਵਾਜ਼ੇ ਅੱਗੇ ਜਾ ਰੁੱਕੀ।ਉਸ ਦੇ ਗੁਆਂਢ ‘ਚ ਤਿੰਨ ਮੰਜ਼ਲੇ ਹੋਟਲ ਦੇ ਥੱਲੇ ਬਾਰ ਰੈਸਟੋਰੈਂਟ ਵੀ ਸੀ।ਅਸੀ ਬੰਦ ਪਏ ਸ਼ਟਰ ਤੇ ਲੱਗੀ ਰੇਟ ਲਿਸਟ ਪੜ੍ਹਣ ਲੱਗ ਪਏ। ਕਹਿੰਦੇ ਨੇ ਪਿੰਡ ਦਾ ਗਹੀਰਿਆਂ ਤੋਂ ਪਤਾ ਲੱਗ ਜਾਦਾਂ ਹੈ।ਸਾਡੇ ਮੋਢੇ ਪਾਏ ਹੋਏ ਬੈਗ,ਮੁਰਝਾਏ ਹੋਏ ਚਿਹਰੇ ਵੇਖ ਕੇ ਉਸ ਨੇ ਅੰਦਾਜ਼ਾ ਲਾ ਲਿਆ,ਕਿ ਇਹ ਘਰ ਲੱਭਦੇ ਨੇ।ਗੋਰੀ ਨੇ ਕਲੋਜ਼,ਟੂ ਮਾਰੋ, ਕਹਿ ਕਿ ਦੋ ਲਫ਼ਜਾਂ ਵਿੱਚ ਹੀ ਸਮਝਾ ਦਿੱਤਾ।ਉਹ ਸਾਨੂੰ ਇਸ਼ਾਰੇ ਨਾਲ ਘਰ ਦੇ ਪਿਛਵਾੜ੍ਹੇ ਲੈ ਗਈ।ਇੱਕ ਛੋਟਾ ਜਿਹਾ ਕਮਰਾ ਜਿਥੇ ਵਾਧੂ ਘਾਟੂ ਸਮਾਨ ਪਿਆ ਸੀ,ਰਾਤ ਕੱਟਣ ਲਈ ਦੇ ਦਿੱਤਾ।ਘਰ ਵਿੱਚ ਇੱਕਲੀ ਰਹਿ ਰਹੀ ਉਸ ਔਰਤ ਦਾ ਸੰਵਾਰਿਆ ਹੋਇਆ ਗਾਰਡਨ ਬਾਗ ਬਗੀਚਾ ਲਗਦਾ ਸੀ।ਕਹਿੰਦੇ ਹਮਦਰਦੀ ਨਾਲ ਪੇਟ ਤਾਂ ਨਹੀ ਭਰਦਾ ਪਰ ਹੌਸਲਾ ਜਰੂਰ ਦੇ ਦਿੰਦੀ ਹੈ।ਅਸੀ ਕਮਰੇ ਵਿੱਚ ਪਏ ਪੁਰਾਣੇ ਜਿਹੇ ਬੈੱਡ ਨੂੰ ਸਿੱਧਾ ਕਰਕੇ ਰਾਤ ਕੱਟਣ ਜੋਗੀ ਜਗ੍ਹਾ ਬਣਾ ਲਈ।ਸ਼ਾਮ ਢਲ ਚੁੱਕੀ ਸੀ।ਬਰਫ ਵਰਗੇ ਪਾਣੀ ਨਾਲ ਹੱਥ ਧੋਤੇ ਕੁਝ ਖਾਣ ਲਈ ਬਾਹਰ ਨਿੱਕਲੇ।ਸਾਡੇ ਕੋਲ ਨਾ ਗੈਸ ਨਾ ਹੀਟਰ ਸੀ।ਨੇੜਲੀ ਦੁਕਾਨ ਤੋ ਬਰੈਡ,ਟਮਾਟਰ ਤੇ ਇੱਕ ਜੂਸ ਦੀ ਬੋਤਲ ਲੈ ਆਏ।ਨਾਲ ਵਾਲੇ ਕਮਰੇ ਵਿੱਚ ਬਘਿਆੜ ਵਰਗਾ ਕੁੱਤਾ ਸਾਰੀ ਰਾਤ ਭੌਕਦਾ ਰਿਹਾ।ਠੰਡ ਨਾਲ ਭਰੇ ਕਮਰੇ ਵਿੱਚ ਠੰਡਾ ਖਾਣਾ ਖਾਕੇ ਕੁੱਤੇ ਦੀ ਚਾਊਂ ਚਾਊਂ ਵਿੱਚ ਮਸਾਂ ਰਾਤ ਲੰਘਾਈ।ਦਿੱਨ ਚੜ੍ਹਦੇ ਹੀ ਅਸੀ ਹੋਟਲ ਦੇ ਦਰਵਾਜ਼ੇ ਅੱਗੇ ਜਾ ਖੜ੍ਹੇ ਹੋਏ।ਬਾਰ ਖੁੱਲ ਚੁੱਕੀ ਸੀ।ਅਸੀ ‘ਟੀਅ’ ਕਹਿ ਕੇ ਚਾਹ ਦਾ ਆਡਰ ਦੇ ਦਿੱਤਾ।ਕਾਉਂਟਰ ਵਾਲੇ ਨੇ ਗਰਮ ਪਾਣੀ ਦੀ ਭਰੀ ਹੋਈ ਕੇਤਲੀ ਤੇ ਖੰਡ ਦੀ ਭਰੀ ਕੌਲੀ ਸਾਡੇ ਅੱਗੇ ਲਿਆ ਰੱਖੀ।ਜਿਸ ਵਿੱਚ ਚਾਹ ਦੀਆਂ ਪੁੜ੍ਹੀਆਂ ਡੋਲ ਵਾਂਗ ਲਮਕ ਰਹੀਆਂ ਸਨ।ਦੁੱਧ ਤੋਂ ਵਗੈਰ ਮੂੰਹ ਜਿਹਾ ਵੱਟਦੇ ਚਾਹ ਪੀਦਿਆਂ

ਹੀ ਅਸੀ ਇਸ਼ਾਰਿਆਂ ਦੀ ਬੋਲੀ ਨਾਲ ਖਾਲੀ ਕਮਰੇ ਵਾਰੇ ਪੁੱਛ ਲਿਆ।ਹੋਟਲ ਦਾ ਮਾਲਕ ਟੁਨੀਜ਼ੀਅਨ ਮੂਲ ਦਾ ਅਰਬੀ ਸੀ,ਜਿਸ ਨੇ ਝੱਟ ਹਾਂ ਕਰ ਦਿੱਤੀ।ਬਾਅਦ ਵਿੱਚ ਪਤਾ ਲੱਗਿਆ,ਕਿ ਭਾਰਤੀ ਇਹਨਾਂ ਦੇ ਪਸੰਦੀਦੇ ਦੇ ਲੋਕ ਹਨ।ਅਸੀ ਫੁਰਤੀ ਨਾਲ ਗੋਰੀ ਨੂੰ ਦੋ ਵਾਰ ਧੰਨਵਾਦ ਕਰਕੇ ਬੈਗ ਚੁੱਕ ਲਿਆਏ।ਸਾਨੂੰ ਪਹਿਲੀ ਮੰਜ਼ਲ ਤੇ ਸਾਦਾ ਜਿਹਾ ਕਮਰਾ ਦੇ ਦਿੱਤਾ।ਜਿਸ ਵਿੱਚ ਲੋਹੇ ਦੇ ਸਪਰਿੰਗਾਂ ਵਾਲੇ ਦੋ ਸਿੰਗਲ ਬੈੱਡ ਤੇ ਇੱਕ ਲੱਕੜ ਦੀ ਕੁਰਸੀ ਪਈ ਸੀ।ਬਾਥਰੂਮ ਪੂਰੇ ਹੋਟਲ ‘ਚ ਕੋਈ ਨਹੀ ਸੀ,ਤੇ ਟੋਇਲਟ ਕਮਰੇ ਤੋਂ ਬਾਹਰ ਸੀ।ਇਹ ਵੀ ਸੁਣਿਆ ਸੀ,ਕਿ ਕਈ ਦਹਾਕੇ ਪਹਿਲਾਂ ਜਿਆਦਾ ਸਰਦੀ ਪੈਣ ਕਰਕੇ ਪੁਰਾਣੇ ਹੋਟਲਾਂ ਤੇ ਘਰਾਂ ਅੰਦਰ ਬਾਥਰੂਮ ਘੱਟ ਹੀ ਹੁੰਦੇ ਸਨ।ਹਰ ਇਲਾਕੇ ਵਿੱਚ ਨਗਰ ਪਾਲਿਕਾ ਵਲੋਂ ਬਣਾਏ ਹੋਏ ਬਾਥਰੂਮਾਂ ਵਿੱਚ ਹੀ ਲੋਕੀ ਨਹਾ ਧੋ ਕੇ ਆਉਦੇ ਸਨ।ਗੱਲ ਕਮਰੇ ਦੀ ਕਰ ਰਿਹਾ ਸੀ।ਬੈੱਡਾਂ ਤੇ ਪਤਲੇ ਜਿਹੇ ਗੱਦਿਆਂ ਉਪਰ ਸਫੈਦ ਮੈਲੀਆਂ ਜਿਹੀਆਂ ਚਾਦਰਾਂ ਉਤੇ ਦੋ ਘਟੀਆ ਜਿਹੇ ਕੰਬਲ ਰੱਖੇ ਹੋਏ ਸਨ।ਓਹ ਕੰਬਲ ਜਿਹੜੇ ਸਮਾਨ ਦੀ ਢੌਅ ਢੁਆਈ ਵੇਲੇ ਟਰੱਕਾਂ ਵਿੱਚ ਵਿਛਾਏ ਜਾਦੇ ਹਨ।ਵੱਡੀ ਮੁਸ਼ਕਲ ਕਮਰੇ ਅੰਦਰ ਖਾਣਾ ਬਣਾਉਣ ਤੇ ਲਿਆਉਣ ਦੀ ਮਨ੍ਹਾਹੀ ਸੀ।ਜਿਵੇਂ ਵੀ ਸੀ ਪਰ ਹੀਟਿੰਗ ਨਾਲ ਕਮਰਾ ਨਿੱਘਾ ਸੀ।ਅਸੀ ਇਹ ਨਿੱਘ ਕਈ ਦਿਨਾਂ ਬਾਅਦ ਮਾਣਿਆ ਸੀ।ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਪੈਸੇ ਹੱਥ ਘੁੱਟ ਕੇ ਹੀ ਖਰਚਦੇ ਸੀ।ਕੱਲ ਵਾਂਗ ਫੇਰ ਖਾਣ ਲਈ ਉਹੀ ਸਮਾਨ ਲੈ ਆਏ।ਪਰ ਅੱਜ ਅਸੀ ਹੋਟਲ ਵਾਲੇ ਮਾਲਕ ਤੋਂ ਅੱਖ ਬਚਾ ਕੇ ਵੜ੍ਹੇ ਸੀ।ਭਾਵੇਂ ਪੈਰਿਸ ਵਿੱਚ ਅੱਜ ਸਾਡੀ ਦੂਜੀ ਰਾਤ ਸੀ।ਪਰ ਹਾਲੇ ਤੱਕ ਰਾਤ ਕੱਟਣ ਦੇ ਫਾਕਿਆਂ ਵਿੱਚ ਹੀ ਫਸੇ ਹੋਏ ਸੀ।ਅਸੀ ਰਾਤ ਹੀ ਸਕੀਮ ਬਣਾ ਲਈ ਕਿ ਕੱਲ ਨੂੰ ਪੈਰਿਸ ਜਿਤਨਾ ਘੁੰਮ ਸਕੇ ਘੁੰਮ ਕੇ ਸ਼ਾਮ ਦੀ ਟਰੇਨ ਫੜ੍ਹ ਕੇ ਜਰਮਨ ਚਲੇ ਜਾਵਾਂਗੇ।ਕਹਿੰਦੇ ਨੇ ਦੋਚਿੱਤੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ।ਇਸ ਲਈ ਜਾਣ ਦਾ ਪੱਕਾ ਧਾਰ ਲਿਆ।ਰਾਤ ਦੀ ਸਲਾਹ ਸੁਣਿਆ ਮਾੜੀ ਹੁੰਦੀ ਏ,ਸਾਡੇ ਨਾਲ ਵੀ ਉਹ ਹੀ ਹੋਈ।ਸਵੇਰੇ ਬੁਰਸ਼ ਕਰਦੇ ਭੋਲੇ ਦੇ ਗਲੇ੍ਹ ਵਿੱਚੋਂ ਖੂਨ ਦੇ ਤੁਬਕੇ ਟਪਕਣ ਲੱਗ ਪਏ।ਅਸੀ ਦੋਵੇਂ ਘਬਰਾਅ ਗਏ।ਮੈਂ ਕਾਹਲੀ ਨਾਲ ਥੱਲੇ ਜਾ ਕੇ ਹੋਟਲ ਦੇ ਮਾਲਕ ਨੂੰ ਗਲ੍ਹੇ ਉਤੇ ਹੱਥ ਰੱਖ ਕੇ ਇਸ਼ਾਰਿਆਂ ਨਾਲ ਸਮਝਾੳਣ ਲੱਗ ਪਿਆ,ਉਦੋਂ ਤੱਕ ਖੂਨ ਰੁੱਕ ਚੁੱਕਿਆ ਸੀ।ਮਾਲਕ ਨੇ ਸਾਨੂੰ ਪਰਚੀ ਉਤੇ ਨੇੜਲੇ ਡਾਕਟਰ ਦਾ ਪਤਾ ਲਿੱਖ ਕੇ ਦੇ ਦਿੱਤਾ।ਯਾਮੀਕਾ ਦੇਸ਼ ਦੀ ਕਹਾਵਤ ਹੈ ਕਿ ਜਿੰਦਗੀ ਸ਼ੜਕ ਵਾਂਗ ਹੈ,ਰਸਤੇ ਵਿੱਚ ਕਈ ਤਰ੍ਹਾਂ ਦੇ ਸਾਈਨ ਬੋਰਡ ਮਿਲਦੇ ਹਨ।ਸਾਡੀ ਜਿੰਦਗੀ ਵੀ ਸ਼ੜਕ ਬਣੀ ਹੋਈ ਸੀ।ਅਸੀ ਪਰਚੀ ਵਿਖਾ ਕੇ ਰਸਤਾ ਪੁੱਛਦੇ ਅੱਧੇ ਘੰਟੇ ਬਾਅਦ ਦੂਸਰੀ ਮੰਜ਼ਲ ਤੇ ਬਣੇ ਕਲੀਨਿੱਕ ਵਿੱਚ ਜਾ ਪਹੁੱਚੇ।ਯਹੂਦੀ ਮੂਲ ਦੇ ਡਾਕਟਰ ਨੇ ਸਾਨੂੰ ਬੜੀ ਗਹੁ ਨਾਲ ਵੇਖਿਆ।ਇੰਗਲਿਸ਼ ਵਲੋਂ ਉਸ ਦਾ ਹੱਥ ਘੁੰਟਵਾਂ ਹੀ ਸੀ।ਸਾਨੂੰ ਵੀ ਅੰਗਰੇਜ਼ੀ ਬਾਡਰ ਪਾਰ ਕਰਨ ਜੋਗੀ ਆਉਦੀ ਸੀ।ਅਸੀ ਸਾਰੀ ਘਟਨਾ ਸਮਝਾਉਣ ਦੀ ਪੂਰੀ ਕੋਸ਼ਿਸ ਕੀਤੀ।ਡਾਕਟਰ ਨੇ ਚੈੱਕਅੱਪ ਕਰਨ ਤੋਂ ਬਾਅਦ ਵੇਟਿੰਗ ਹਾਲ ਵਿੱਚ ਬੈਠਣ ਲਈ ਕਿਹਾ।ਥੋੜੀ ਦੇਰ ਬਾਅਦ ਇੱਕ ਬੈਂਗਣੀ ਜਿਹੇ ਰੰਗ ਦੀ ਤੀਹ ਕੁ ਸਾਲਾਂ ਦੀ ਮੋਰਸ਼ਿਸ ਦੇਸ਼ ਦੀ ਔਰਤ ਸਾਡੇ ਕੋਲ ਆਈ।ਉਹ ਸੋਚ ਸੋਚ ਹਿੰਦੀ ਬੋਲ ਰਹੀ ਸੀ।ਉਸ ਹੈਲੋ ਕਹਿ ਕੇ ਬੋਲੀ,”ਡਾਕਟਰ ਨੇ ਮੁਝੇ ਫੋਨ ਕੀਆ ਏ,ਆਪ ਕੋ ਫਰੈਂਚ ਨਹੀ ਆਤੀ ਨਾ ਇਸੀ ਲੀਏ”।ਉਸ ਦੇ ਮੂਹੋਂ ਹਿੰਦੀ ਦੇ ਲਫ਼ਜ ਸੁਣ ਕੇ ਸਾਡੇ ਚਿਹਰੇ ਤੇ ਖੁਸ਼ੀ ਆ ਗਈ।ਉਹ ਬੋਲੀ ਜਾ ਰਹੀ ਸੀ।”ਆਪ ਇਡੀਅਨ

ਹੋ”?”ਹਾਂ”ਕਹਿਣ ਤੇ ਉਸ ਨੇ ਕਿਹਾ,”ਮੇਰੇ ਵੜੇ ਦਾਦੂ ਵੀ ਇੰਡੀਅਨ ਥੇ”।ਇਤਨੇ ਨੂੰ ਡਾਕਟਰ ਨੇ ਇਸ਼ਾਰਾ ਕੀਤਾ ਅਸੀ ਤਿੰਨੇ ਉਸ ਕੋਲ ਚਲੇ ਗਏ।ਡਾਕਟਰ ਉਸ ਨਾਲ ਦੋ ਮਿੰਟ ਲਗਾਤਾਰ ਗੂੜ੍ਹੀ ਫਰੈਂਚ ਬੋਲਦਾ ਰਿਹਾ।ਸਾਡੇ ਲਈ ਉਹ ਮੱਝ ਕੋਲ ਬੀਨ ਵਜਾਉਣ ਬਰਾਬਰ ਸੀ।ਫਿਰ ਸਾਨੂੰ ਸਬੋਧਨ ਹੁੰਦਿਆ ਬੋਲੀ,”ਡਾਕਟਰ ਬੋਲਤਾ,ਜੋ ਆਪ ਕੀ ਬੌਡੀ ਏ ਨਾ,ਉਹ ਠੰਡੀ ਬਰਦਾਸ਼ਤ ਨਹੀ ਹੋ ਪਾ ਰਹੀ,ਆਪ ਗਰਮ ਚੀਜ਼ੇ ਖਾਏ ,ਘਰ ਪੇ ਰਹੇ,ਆਪ ਕੋ ਅਰਾਮ ਕੀ ਜਰੂਰਤ ਹੈ”।ਅਭੀ ਡਾਕਟਰ ਆਪ ਕੋ ਦਵਾਈ ਕੇ ਸਾਥ ਹਸਪਤਾਲ ਕੇ ਲੀਏ ਲੇਟਰ ਦੇਗਾ, ਆਪ ਬਹਾਂ ਚਲੇ ਜਾਨਾ”!”ਆਪ ਪਹਿਲੇ ਕਹਾਂ ਰਹਿਤੇ ਥੇ “?”ਦੁਬਈ ਮੇਂ” ਭੋਲਾ ਬੋਲਿਆ।”ਇਸੀ ਲੀਏ ਕਹਿਤਾ ਥਾ,ਅਗਰ ਆਪ ਗਰਮੀ ਮੈਂ ਪੈਰਿਸ ਆਤੇ ਤੋ ਕੋਈ ਪ੍ਰਬੋਲਮ ਨਾ ਹੋਤੀ”।”ਵੈਸੇ ਘਬਰਾਨੇ ਬਾਲੀ ਬਾਤ ਨਹੀ”!ਉਹ ਸਾਨੂੰ ਦਿਲਾਸਾ ਦੇ ਰਹੀ ਸੀ।ਅਸੀ ਗੁੰਮ ਸੁੰਮ ਜਿਹੇ ਹੋਏ ਡਾਕਟਰ ਤੋਂ ਲੇਟਰ ਫੜ੍ਹ ਕੇ ਥੱਲੇ ਉਤਰ ਆਏ।ਬਾਹਰ ਬਰਫ ਪੈ ਰਹੀ ਸੀ।ਅਸੀ ਬਚਾਓ ਲਈ ਦੁਕਾਨ ਦੇ ਛੱਤੇ ਥੱਲੇ ਜਾ ਖੜੇ੍ਹ।ਹਸਪਤਾਲ ਦਾ ਨਾਂ ਸੁਣ ਕੇ ਭੋਲਾ ਘਬਰਾ ਗਿਆ ਸੀ।ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਬੋਲਿਆ,”ਭਾਅ,ਮੇਰਾ ਹਸਪਤਾਲ ਜਾਣ ਨੂੰ ਜੀ ਨੀ ਕਰਦਾ,ਪਤਾ ਨਹੀ ਕੀ ਕਹਿਣ ਗੇ, ਡਰ ਜਿਹਾ ਲਗਦਾ,ਬੋਲੀ ਆਪਾ ਨੂੰ ਨੀ ਆਉਦੀ,ਪੈਸੇ ਵੀ ਪੂਰੇ ਜੇ ਨੇ, ਯੂ ਐਸ ਏ ਕਿਹੜਾ ਨਾਲ ਈ ਆ,ਜੇ ਰਸਤੇ ‘ਚ ਕੰਮ ਵਿਗੜ ਗਿਆ,ਔਖਾ ਹੋ ਜੂ” ਭੋਲਾ ਇੱਕੋ ਹੀ ਸਾਹ ਬੋਲੀ ਜਾ ਰਿਹਾ ਸੀ।” ਜੇ ਮੈਂ ਦੁਬਈ ਮੁੜਜਾਂ,ਮੇਰੇ ਕੋਲ ਕੰਪਨੀ ਦਾ ਬੀਜਾ ਵੀ ਆ”।ਉਹ ਉਦਾਸੀ ਭਰੇ ਬੋਲ ਬੋਲਦਾ ਰਿਹਾ,ਮੈਂ ਪੱਥਰ ਦੀ ਮੂਰਤੀ ਵਾਂਗ ਖੜ੍ਹਾ ਸੁਣਦਾ ਰਿਹਾ,ਪਰ ਮੇਰੇ ਕੋਲ ਕਹਿਣ ਨੂੰ ਕੁਝ ਵੀ ਨਹੀ ਸੀ।ਨਾ ਮੈਂ ਭੋਲੇ ਨੂੰ ਰੁੱਕਣ ਲਈ ਮਜ਼ਬੂਰ ਕਰਕੇ ਕੋਈ ਖਤਰਾ ਸਹੇੜ੍ਹਨਾ ਚਾਹੁਦਾ ਸੀ।ਏਨੇ ਨੂੰ ਸਾਡੇ ਕੋਲ ਟੈਕਸੀ ਆ ਰੁੱਕੀ।ਅਸੀ ਹੋਟਲ ਦਾ ਪਤਾ ਵਿਖਾ ਕੇ ਬੈਠ ਗਏ।ਡਰਾਇਵਰ ਨੇ ਸਾਡੇ ਵੱਲ ਵੇਖਦਿਆਂ ਦੋ ਵਾਰ ਕਿਹਾ,”ਇੰਦੂ ਇੰਦੂ” ਫਰਾਸ ‘ਚ ਲੋਕੀ ਭਾਰਤੀ ਨੂੰ ਇੰਦੂ ਕਹਿੰਦੇ ਹਨ।ਅਸੀ ਚੁੱਪ ਬੈਠੇ ਰਹੇ।ਉਹ ਫਿਰ ਬੋਲਿਆ,”ਇੰਡੀਆ,ਇੰਡੀਆ” ਅਸੀ ਥੱਲੇ ਨੂੰ ਸਿਰ ਹਿਲਾ ਦਿੱਤਾ।ਉਹ ਹਿੰਦੀ ਗਾਣਿਆਂ ਦੇ ਟੋਟਕੇ ਜਿਹੇ ਸਣਾਉਣ ਲੱਗ ਪਿਆ।ਮਨ ਡੋਲੇ ਮੇਰਾ ਤਨ ਡੋਲੇ ,ਚੱਲ ਚੱਲ ਮੇਰੇ ਸਾਥੀ,ਹੋਰ ਵੀ ਕਈ ਹਿੰਦੀ ਗਾਣਿਆ ਦੇ ਬੋਲ ਸੁਣਾਏ ਪਰ ਸਾਡੇ ਬੁਝੇ ਹੋਏ ਮਨ ਦੇ ਦੀਵੇ ਵਿੱਚ ਲੋਅ ਨਾ ਜਲਾ ਸਕੇ।ਉਸ ਵਕਤ ਹਿੰਦੀ ਫਿਲਮਾਂ ਪੈਰਿਸ ਦੇ ਕਈ ਸਿਨੇਮਾਂ ਘਰਾਂ ਵਿੱਚ ਚਲਦੀਆਂ ਸਨ।ਜਿਹਨਾਂ ਨੂੰ ਅਰਬੀ ਤੇ ਅਫਰੀਕਾ ਮੂਲ ਦੇ ਲੋਕੀਂ ਬੜੇ ਉਤਸ਼ਾਹ ਨਾਲ ਵੇਖਦੇ ਸਨ।ਭੋਲੇ ਨੇ ਟੈਕਸੀ ਵਾਲੇ ਨੂੰ ਅੰਗਰੇਜ਼ੀ ਵਿੱਚ ਕਿਸੇ ਵੀ ਟਰੈਵਲ ੲੈਜੰਸੀ ਜਾਣ ਲਈ ਕਿਹਾ,ਉਸ ਨੇ ਝੱਟ ਟੈਕਸੀ ਮੋੜ ਕੇ ਤੀਸਰੀ ਗਲੀ ਵਿੱਚ ਏਜੰਸੀ ਅੱਗੇ ਜਾ ਰੋਕੀ ਸਾਹਮਣੇ ਹਸਮੁਖ ਤੇ ਪਤਲੀ ਜਿਹੀ ਗੋਰੀ ਨੇ ਭੋਲੇ ਦੀ ਟਿੱਕਟ ਅਬੂਧਾਬੀ ਲਈ ਬੁੱਕ ਕਰ ਦਿੱਤੀ,ਜਿਹੜੀ ਦੋ ਦਿੱਨ ਬਾਅਦ ਸੀ।ਡਾਕਟਰ ਦੇ ਕਹਿਣ ਤੇ ਅੱਜ ਅਸੀ ਖਾਣ ਲਈ ਗਰਮ ਫਰੈਂਚ ਫ੍ਰਾਈਜ਼ ਤੇ ਸੈਂਡਵੀਚ ਲੈ ਲਏ।ਪਰ ਸਾਡੀ ਭੁੱਖ ਤੇ ਨੀਂਦ ਉੱਡ ਚੁੱਕੀ ਸੀ।ਰਾਤ ਵੀ ਸੁੱਤੇ ਜਾਗਦਿਆਂ ਹੀ ਲੰਘਾਈ।ਅਗਲੇ ਦਿੱਨ ਅੱਤ ਦੀ ਸਰਦੀ ਤੋਂ ਡਰਦੇ ਅੰਦਰ ਹੀ ਬੈਠੇ ਰਹੇ ।ਭੋਲੇ ਦਾ ਪੈਰਿਸ ਵਿੱਚ ਅੱਜ ਅਖੀਰਲਾ ਦਿੱਨ ਸੀ।ਸਾਡਾ ਪੈਰਿਸ ਨੂੰ ਵੇਖਣ ਦਾ ਚਾਅ ਲੱਥ ਚੁੱਕਿਆ ਸੀ।ਅੱਤ ਦੀ ਸਰਦੀ ਵਿੱਚ ਡਰਦੇ ਇੱਕ ਸਸਤੇ ਜਿਹੇ ਰੈਸਟੋਰੈਂਟ ਵਿੱਚ ਖਾਣਾ ਖਾਕੇ ਵਾਪਸ ਹੋਟਲ ਆ ਗਏ।ਥੱਲੇ ਬਾਰ ਵਿੱਚ ਡੰਮ ਡੰਮ ਵੱਜ ਰਹੇ ਮਿਊਜ਼ਕ ਦੇ ਨਾਲ ਡਾਂਸ ਭੰਗੜੇ

ਵੀ ਪੈ ਰਹੇ ਸਨ।ਲਗਦਾ ਕੋਈ ਪਾਰਟੀ ਚੱਲ ਰਹੀ ਸੀ।ਜਿਵੇਂ ਕਹਿੰਦੇ ਨੇ ਚਿਹਰਾ ਬੰਦੇ ਦੀ ਮੂਰਤ ਹੁੰਦਾ,ਹੋਟਲ ਦਾ ਮਾਲਕ ਨਿਮੋਝੋਣੇ ਜਿਹੇ ਹੋਇਆਂ ਨੂੰ ਵੇਖ ਕੇ ਸਾਡੇ ਕੋਲ ਆ ਗਿਆ।ਭੋਲੇ ਦਾ ਹਾਲ ਚਾਲ ਪੁੱਛਣ ਤੇ ਅਸੀ ਹਸਪਤਾਲ ਵਾਲਾ ਲੇਟਰ ਅੱਗੇ ਕਰ ਦਿੱਤਾ।ਉਹ ਵੇਖਦੇ ਹੀ ਉਦਾਸ ਹੋ ਗਿਆ।ਦੂਸਰੇ ਹੱਥ ਫੜ੍ਹੀ ਜਹਾਜ਼ ਦੀ ਟਿੱਕਟ ਵੀ ਵਿਖਾ ਦਿੱਤੀ ਤੇ ਇਸ਼ਾਰੇ ਨਾਲ ਕਿਹਾ,ਇਹ ਕੱਲ ਨੂੰ ਅਬੂਧਾਬੀ ਤੇ ਮੈਂ ਜਰਮਨ ਚਲਿਆ ਜਾਵਾਂਗਾ।ਉਹ ਸਾਨੂੰ ਮੱਲੋਜੋਰੀ ਫੜ੍ਹ ਕੇ ਬਾਰ ਦੇ ਪਿੱਛੇ ਬਣੇ ਹਾਲ ਵਿੱਚ ਲੈ ਗਿਆ।ਜਿਥੇ ਅੱਧ ਨੰਗੇ ਜਿਹੇ ਕਪੜ੍ਹੇ ਪਾਈ ਔਰਤਾਂ ਤੇ ਆਦਮੀ ਨੱਚ ਰਹੇ ਸਨ।ਸਾਨੂੰ ਉਹ ਵਾਰ ਵਾਰ ਡਾਂਸ ਕਰਨ ਲਈ ਕਹਿ ਰਿਹਾ ਸੀ।ਪ੍ਰੇਸ਼ਾਨੀ ਨੇ ਸਾਡੇ ਖੁਸ਼ੀ ਵਾਲੇ ਅਰਮਾਨ ਦੱਬੇ ਹੋਏ ਸਨ।ਉਹ ਸਾਡੇ ਖਾਣ ਲਈ ਦੋ ਚੌਲਾਂ ਦੀਆਂ ਪਲੇਟਾਂ ਦੇ ਨਾਲ ਬੀਅਰਾਂ ਵੀ ਲੈ ਆਇਆ।ਖਾਣਾ ਵੀ ਫੇਰ ਚੰਗਾ ਲੱਗਦਾ ਜੇ ਅੰਦਰਲਾ ਮਨ ਖੁਸ਼ ਹੋਵੇ!ਅਸੀ ਉਸ ਦਾ ਦਿੱਲ ਰੱਖਣ ਲਈ ਥੋੜੇ ਜਿਹੇ ਚੌਲ ਖਾਕੇ ਆਪਣੇ ਕਮਰੇ ਵਿੱਚ ਚਲੇ ਗਏ।ਭੋਲਾ ਆਪਣੀ ਤਿਆਰੀ ਵਿੱਚ ਰੁੱਝ ਗਿਆ।ਕੱਲ ਦਾ ਪ੍ਰੋਗ੍ਰਾਮ ਵੀ ਤੈਅ ਕਰ ਲਿਆ ਕਿ ਸਵੇਰੇ ਪਹਿਲਾਂ ਭੋਲੇ ਨੂੰ ਏਅਰਪੋਰਟ ਛੱਡ ਕੇ ਆਉਣਾ, ਫੇਰ ਵਾਪਸ ਕਮਰੇ ਦਾ ਹਿਸਾਬ ਨਬੇੜ ਕੇ ਮੈਂ ਜਰਮਨ ਚਲਿਆ ਜਾਵਾਂਗਾ।ਅਸੀ ਸਵੱਖਤੇ ਹੀ ਮੈਟਰੋ ਦੇ ਸਟੇਸ਼ਨ ਦੇ ਬਾਹਰ ਬਣੇ ਸਟੈਂਡ ਤੋ ਟੈਕਸੀ ਲਈ ਕੋਈ ਪੌਣੇ ਘੰਟੇ ਵਿੱਚ ਓਰਲੀ ਨਾਂ ਦੀ ਏਅਰਪੋਰਟ ਤੇ ਜਾ ਪਹੁੰਚੇ।ਗੁਲਫ਼ ਏਅਰ ਦੇ ਕਾਉਟਰ ਤੇ ਅਬੂਧਾਬੀ ਲਈ ਬੋਰਡਿੰਗ ਹੋ ਰਹੀ ਸੀ।ਭੋਲਾ ਬੋਰਡਿੰਗ ਕਾਰਡ ਲੈ ਕੇ ਵਾਪਸ ਆ ਗਿਆ ਫਲਾਈਟ ਜਾਣ ਵਿੱਚ ਇੱਕ ਘੰਟਾ ਬਾਕੀ ਸੀ।ਅਸੀ ਇੱਕ ਦੂਸਰੇ ਨੂੰ ਸਕੇ ਭਾਈਆਂ ਵਾਂਗ ਘੁੱਟ ਕੇ ਜੱਫੀ ਪਾਈ।ਸਾਡੇ ਦੋਵਾਂ ਦੀਆਂ ਅੱਖਾਂ ਨਮ ਹੋ ਗਈਆਂ।”ਭਾਅ ਜੇ ਜਿੰਦਗੀ ਰਹੀ ਤਾਂ ਜਰੂਰ ਮਿਲਾਗੇ” ਕਹਿੰਦਾ ਭੋਲਾ ਇਮੀਗੇ੍ਰਸ਼ਨ ਵੱਲ ਚਲਿਆ ਗਿਆ।ਮੈਂ ਪਿੱਛੇ ਨੂੰ ਪੈਰ ਖਿੱਚਦਾ ਬਾਹਰ ਜਾਣ ਵਾਲੇ ਗੇਟ ਕੋਲ ਆ ਗਿਆ।ਜਿਵੇਂ ਕਹਿੰਦੇ ਨੇ ਅਚਾਨਕ ਬਣੀ ਦੋਸਤੀ ਕਈ ਵਾਰੀ ਦਰਦ ਬਣ ਜਾਦੀ ਹੈ।ਇਹਨਾਂ ਦਰਦਾਂ ਦੀਆਂ ਪੀੜ੍ਹਾਂ ਵਿੱਚ ਡੁੱਬੇ ਹੋਏ ਹੰਝੂ,ਆਪ ਮੁਹਾਰੇ ਵਹਿ ਤੁਰੇ।ਇਹ ਘੁੱਗ ਵਸਦਾ ਖੂਬਸੂਰਤ ਸ਼ਹਿਰ ਮੇਰੇ ਲਈ ਉਜਾੜ੍ਹ ਬਣ ਗਿਆ ਸੀ।ਮੈਂ ਇਸ ਸ਼ਹਿਰ ਵਿੱਚ ਉਜਾੜ੍ਹ ਦਾ ਰੁੱਖ ਸੀ।ਮੇਰਾ ਮਨ ਹੋਟਲ ਦੇ ਕਮਰੇ ਵਿੱਚ ਜਾਣ ਤੋਂ ਕਤਰਾ ਰਿਹਾ ਸੀ।।ਫਰਾਂਸ ਦੀ ਕਹਾਵਤ ਹੈ ਕਿ ਜਿੰਦਗੀ ਦਾ ਉਹ ਦਿੱਨ ਸਭ ਤੋਂ ਬੁਰਾ ਹੁੰਦਾ ਹੈ।ਜਿਹੜਾ ਹੱਸਿਆਂ ਵਗੈਰ ਬੀਤ ਜਾਵੇ।ਅੱਜ ਉਹ ਮੇਰੇ ਉਪਰ ਪੂਰਾ ਢੁੱਕਦਾ ਸੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>