ਨ ਸੁਣਈ ਕਹਿਆ ਚੁਗਲ ਕਾ

ਚੁਗਲੀ ਕਰਨਾ ਭਾਵ ਨਿੰਦਾ ਕਰਨਾ ਜਾਂ ਹੋਰ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਕਿਸੇ ਦੀ ਪਿੱਠ ਪਿੱਛੇ ਉਸਦੀ ਬੁਰਾਈ ਕਰਨਾ ਚੁਗਲੀ ਕਰਨਾ ਹੁੰਦਾ ਹੈ। ਚੁਗਲੀ ਦਾ ਵਰਤਾਰਾ ਸਾਡੇ ਆਲੇ ਦੁਆਲੇ ਕਿਸੇ ਨਾ ਕਿਸੇ ਰੂਪ ਵਿੱਚ ਵਰਤਦਾ ਹੀ ਰਹਿੰਦਾ ਹੈ। ਇਸੇ ਕਰਕੇ ਕਈ ਵਾਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਅਸੀਂ ਵੀ ਇਸ ਨਾਲ ਜੁੜ ਜਾਂਦੇ ਹਾਂ। ਜਿਵੇਂ ਜਾਂ ਤਾਂ ਕੋਈ ਸਾਡੀ ਚੁਗਲੀ ਕਰਦਾ ਹੈ ਜਾਂ ਕਈ ਵਾਰ ਅਸੀਂ ਆਪ ਹੀ ਕਿਸੇ ਦੀ ਚੁਗਲੀ ਕਰ ਜਾਂਦੇ ਹਾਂ। ਚੁਗਲੀ ਕਰਨ ਵਾਲੇ ਨੂੰ ਚੁਗਲਖੋਰ ਕਿਹਾਂ ਜਾਂਦਾ ਹੈ। ਚੁਗਲਖੋਰਾਂ ਦਾ ਕੰਮ ਦੋ ਧਿਰਾਂ ਵਿੱਚ ਫਿੱਕ ਪਵਾਉਣਾ, ਆਪਸੀ ਸਾਂਝ ਨੂੰ ਤੋੜਨਾ, ਇੱਕ ਦੂਜੇ ਵਿਰੁੱਧ ਚੁਕਣਾ ਦੇਣੀ ਜਾਂ ਲੜਾਈ ਕਰਵਾਉਣਾ ਹੁੰਦਾ ਹੈ। ਪੰਜਾਬੀ ਦੀ ਕਹਾਵਤ, ‘ਵਾਰਿਸ ਸ਼ਾਹ! ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ’ ਵਾਂਗ ਚੁਗਲਖੋਰ ਕਦੇ ਵੀ ਆਪਣੀ ਚੁਗਲੀ ਦੀ ਆਦਤ ਤੋਂ ਬਾਜ਼ ਨਹੀਂ ਆਉਂਦੇ ਤਾਂ ਹੀ ਕਿਸੇ ਨੇ ਬੜਾ ਸੁਹਣਾ ਆਖਿਆ ਹੈ ਕਿ, ‘ਚੁਗਲਖੋਰ ਨਾ ਚੁਗਲੀਓਂ ਬਾਜ਼ ਆਉਂਦੇ, ਗੱਲ ਕਹਿੰਦਿਆ ਕਹਿੰਦਿਆਂ ਕਹਿ ਜਾਂਦੇ।’

ਖੈਰ! ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਜਿਹੜੇ ਸਮਿਆਂ ਨੂੰ ਭਲੇ ਵੇਲੇ ਕਿਹਾ ਜਾਂਦਾ ਸੀ, ਚੁਗਲੀ ਉਦੋਂ ਵੀ ਪ੍ਰਧਾਨ ਰਹੀ ਹੈ। ਗੁਰੂ ਘਰ ਪ੍ਰਤੀ, ਲਾਲਚ ਅਤੇ ਈਰਖਾ ਵੱਸ ਆ ਕੇ ਗੁਰ ਨਿੰਦਕਾਂ ਨੇ ਸਮੇਂ ਦੇ ਹਾਕਮਾਂ ਦੇ ਦਰਬਾਰਾਂ ਵਿੱਚ ਜਾ ਚੁਗਲੀਆਂ ਕੀਤੀਆਂ ਸਨ। ਕਿਸੇ ਪ੍ਰਤੀ ਈਰਖਾ/ਨਫਰਤ ਵੀ ਚੁਗਲੀ ਨੂੰ ਜਨਮ ਦਿੰਦੀ ਹੈ। ਚੁਗਲੀ ਕਰਨ ਵਾਲਾ ਉਦੋਂ ਹੀ ਜਿਆਦਾ ਚੁਗਲੀ ਕਰਦਾ ਹੈ, ਜਦੋਂ ਜਿਸਦੀ ਚੁਗਲੀ ਕੀਤੀ ਜਾ ਰਹੀ ਹੋਵੇ ਅਤੇ ਚੁਗਲੀ ਕਰਨ ਵਾਲਾ ਉਸਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਰੱਖਦਾ ਹੋਵੇ ਤਾਂ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਵਿਰੁੱਧ ਚੁਗਲੀਆਂ ਕਰਕੇ ਇਸਨੂੰ ਬਦਨਾਮ ਕੀਤਾ ਜਾਵੇ ਜਾਂ ਫਿਰ ਕਿਸੇ ਨੂੰ ਇਸਦੇ ਖਿਲਾਫ ਕਰਕੇ ਲੜਾਈ ਕਰਵਾਈ ਜਾਵੇ।

ਇੱਕ ਤਾਂ ਚੁਗਲਖੋਰ ਆਦਤ ਮੂਜ਼ਬ ਚੁਗਲੀ ਕਰਦੇ ਹਨ ਅਤੇ ਦੂਜੇ ਈਰਖਾ ਜਾਂ ਸਾੜੇ ਦੇ ਮਾਰੇ ਚੁਗਲੀ ਕਰਦੇ ਹਨ। ਇਸ ਵਿੱਚੋਂ ਦੂਜੀ ਕਿਸਮ ਵਾਲੇ ਚੁਗਲਖੋਰ ਜਿਆਦਾ ਖਤਰਨਾਕ ਸਾਬਤ ਹੋ ਸਕਦੇ ਹਨ ਕਿਉਂਕਿ ਕੀ ਪਤਾ ਹੁੰਦਾ ਕਿਹੜਾ ਸਾਡੇ ਤੋਂ ਖਾਰ ਕਦੋਂ ਤੋਂ ਖਾਣ ਲੱਗ ਪਵੇ? ਪਰ ਪਹਿਲੀ ਕਿਸਮ ਵਾਲਿਆਂ ਬਾਰੇ ਆਮ ਤੌਰ ਤੇ ਸੱਭ ਨੂੰ ਪਤਾ ਹੀ ਹੁੰਦਾ ਅਤੇ ਉਹ ਛੇਤੀ ਕੀਤੇ ਉਸ ਵੱਲੋਂ ਕਹੀ ਗੱਲ ਦੀ ਪਰਵਾਹ ਨਹੀਂ ਕਰਦੇ ਅਤੇ ਗੱਲ ਅਣਸੁਣੀ ਕਰ ਦਿੰਦੇ ਹਨ। ਭੋਲੇ ਅਤੇ ਕੰਨਾਂ ਦੇ ਕੱਚੇ ਜਲਦੀ ਕਿਸੇ ਦੇ ਬਹਿਕਾਵੇ ਵਿੱਚ ਆ ਜਾਂਦੇ ਹਨ ਅਤੇ ਬਾਤ ਦਾ ਬਤੰਗੜ ਬਣਾ ਕੇ ਆਪਣਾ ਹੀ ਨੁਕਸਾਨ ਕਰਵਾ ਕੇ ਬੈਠ ਜਾਂਦੇ ਹਨ।
ਇਹੀ ਕਾਰਣ ਹੈ ਕਿ ਜਦੋਂ ਗੂਰੂ ਪਾਤਸ਼ਾਹ ਨੇ ਇੱਕ ਸੁਚੱਜੇ ਮਨੁੱਖ ਦੀ ਘਾੜਤ ਘੜਨ ਹੇਠ ਕੀਤੇ ਜਾ ਰਹੇ ਉਪਰਾਲੇ ਕੀਤੇ ਤਾਂ ਮਨੁੱਖਤਾ ਨੂੰ ਗੁਰਬਾਣੀ ਦੇ ਰੂਪ ਵਿੱਚ ਸੁਨਹਿਰੀ ਉਪਦੇਸ਼ ਬਖਸ਼ਸ਼ ਕੀਤੇ ਉੱਥੇ ਹੋਰਨਾਂ ਅਲਾਮਤਾਂ ਦੇ ਨਾਲ ਨਾਲ ਇਸ ਚੁਗਲੀ/ਨਿੰਦਾ ਜਿਹੀ ਅਲਾਮਤ ਤੋਂ ਵੀ ਮਨੁੱਖ ਨੂੰ ਬਚੇ ਰਹਿਣ ਦੀ ਤਾਕੀਦ ਕੀਤੀ। ਗੁਰਬਾਣੀ ਅੰਦਰ ਥਾਂ-ਪੁਰ-ਥਾਂ ਅਜਿਹੇ ਸ਼ਬਦ ਮਿਲਦੇ ਹਨ ਜੋ ਮਨੁੱਖਤਾ ਨੂੰ ਉੱਚੇ ਸੁੱਚੇ ਆਚਰਣ ਦਾ ਧਾਰਣੀ ਬਣਨ ਲਈ ਪ੍ਰੇਰਦੇ ਹਨ ਅਤੇ ਅਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਵੀ ਦਿੰਦੇ ਹਨ ਜਿਵੇਂ ‘ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ॥ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ॥’ ਇਸੇ ਤਰ੍ਹਾਂ ਇੱਕ ਥਾਂਈਂ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ ਕਿ ਰੱਬ ਦਾ ਭਗਤ ਹਮੇਸ਼ਾਂ ਰੱਬ ਦੇ ਗੁਣਾਂ ਵਿੱਚ ਲੀਨ ਰਹਿੰਦਾ ਹੈ ਅਤੇ ਜੇ ਕੋਈ ਮਨੁੱਖ ਉਸਦੀ ਨਿੰਦਾ ਕਰਦਾ ਵੀ ਹੈ ਤਾਂ ਫਿਰ ਵੀ ਰੱਬ ਦਾ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ। ‘ਹਰਿ ਜਨੁ ਰਾਮ ਨਾਮ ਗੁਨ ਗਾਵੈ॥ ਜੇ ਕੋਈ ਨਿੰਦ ਕਰੈ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ॥’ ਸੋ ਇਸ ਲਈ ਆਪਣੇ ਗੁਣ ਛੱਡ ਕੇ ਕਿਸੇ ਦੇ ਕਹੇ ਨਿੰਦਾ ਜਾਂ ਹੋਰ ਔਗਣਾਂ ਨੂੰ ਆਪਣੇ ਮਨ ਅੰਦਰ ਦਾਖਲ ਨਹੀਂ ਹੋਣ ਦੇਣਾ। ਚੁਗਲਖੋਰ ਦੀ ਗੱਲ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਤਾਂ ਹੀ ਗੁਰੂ ਸਾਹਿਬ ਇੱਕ ਥਾਂ ਕਹਿੰਦੇ ਨੇ, ‘ਨ ਸੁਣਈ ਕਹਿਆ ਚੁਗਲ ਕਾ।’

ਆਖੀਰ ਵਿੱਚ ਹੋਰ ਸਪੱਸ਼ਟ ਕਰਦਾ ਜਾਵਾਂ ਕਿ ਕਿਸੇ ਦੇ ਗੁਣਾਂ ਨੂੰ ਔਗੁਣ ਅਤੇ ਔਗੁਣਾਂ ਨੂੰ ਗੁਣ ਦੱਸਣ ਵਾਲਾ ਨਿੰਦਕ ਹੁੰਦਾ ਹੈ। ਕਿਸੇ ਗੱਲ ਨੂੰ ਵਧਾ-ਚੜਾਅ ਕੇ ਕਰਨ ਵਾਲਾ, ਨਾ ਹੋਈ ਗੱਲ ਨੂੰ ਹੋਈ ਕਹਿਣ ਵਾਲਾ, ਸਕੇ ਭਰਾਵਾਂ ਵਿੱਚ ਦਰਾੜ ਪੈਦਾ ਕਰਨ ਵਾਲਾ, ਕਿਸੇ ਦੀ ਧੀ-ਭੈਣ ਦੇ ਸਾਕ ਸਬੰਧੀ ਝੂਠ ਬੋਲ ਕੇ ਸਾਕ ਤੁੜਾਉਣ ਜਾਂ ਕਰਵਾਉਣ ਵਾਲਾ, ਦੋ ਮਨੁੱਖਾਂ/ਪਰਿਵਾਰਾਂ ਜਾਂ ਧਰਮਾਂ ਵਿੱਚ ਵੰਡੀਆਂ ਪੁਆ ਕੇ ਲੜਾਈਆਂ ਕਰਵਾਉਣ ਵਾਲਾ ਨਿੰਦਕ ਆਪਣਾ ਕਦੇ ਕੁੱਝ ਸੰਵਾਰ ਨਹੀਂ ਸਕਦਾ। ਨਿੰਦਾ ਚੁਗਲੀ ਕਰਨ ਵਾਲਾ ਮਨੁੱਖ ਭੇਤ ਖੁਲ੍ਹ ਜਾਣ ਤੇ ਸ਼ਰਮਿੰਦਗੀ ਹੀ ਖੱਟਦਾ ਹੈ। ਬੇਇੱਜ਼ਤ ਹੁੰਦਾ ਹੈ ਅਤੇ ‘ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ’ ਅਨੁਸਾਰ ਆਪਣਾ ਮੂੰਹ ਹੀ ਕਾਲਾ ਕਰਵਾਉਂਦਾ ਹੈ। ਨਾ ਆਪਣਾ ਕੁੱਝ ਸੰਵਾਰਦਾ ਹੈ ਨਾ ਆਪਣੇ ਟੱਬਰ ਦਾ ਕੁੱਝ ਸੰਵਾਰ ਸਕਦਾ ਹੈ ਸਗੋਂ ਪਰਾਈ ਨਿੰਦਾ ਵਿੱਚ ਪਿਆ ਆਪਣਾ ਜਨਮ ਗੁਆ ਲੈਂਦਾ ਹੈ, ਜੇਹਾ ਕਿ ਬਾਣੀ ਅੰਦਰ ਦਰਜ ਹੈ, ‘ਨਿੰਦਕਿ ਅਹਿਲਾ ਜਨਮੁ ਗਵਾਇਆ॥’

ਸੋ ਆਉ! ਸਿਆਣੇ ਬਣੀਏ। ਸੁਚੇਤ ਰਹੀਏ। ਹਰ ਗੱਲ ਦੀ ਖੁਦ ਤਫਤੀਸ਼ ਕਰੀਏ। ਹਰ ਮੁੱਦੇ ਨੂੰ ਹਰ ਪੱਖ ਤੋਂ ਆਪ ਵਿਚਾਰੀਏ। ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਥਾਂ ਆਪਣੇ ਦਿਮਾਗ ਦੀ ਵਰਤੋਂ ਕਰੀਏ। ਨਿੰਦਕ ਅਤੇ ਸੱਚੇ ਬੰਦੇ ਦੇ ਭੇਦ ਨੂੰ ਸਮਝਣ ਵਾਲੀ ਸਮਝ ਆਪਣੇ ਅੰਦਰ ਪੈਦਾ ਕਰੀਏ ਕਿਉਂਕਿ ਯਾਦ ਰਹੇ ਸੱਚ ਨੂੰ ਸੱਚ ਕਹਿਣ ਵਾਲਾ ਚੁਗਲਖੋਰ/ਨਿੰਦਕ ਨਹੀਂ ਹੁੰਦਾ ਸਗੋਂ ਰਾਹ ਦਸੇਰਾ ਹੁੰਦਾ ਹੈ। ਇਸ ਸੱਚੇ ਅਤੇ ਨਿੰਦਕ ਦੇ ਭੇਦ ਨੂੰ ਸਮਝਣ ਦੀ ਕਾਬਲੀਅਤ ਆਪਣੇ ਅੰਦਰ ਪੈਦਾ ਕਰੀਏ। ਬਾਕੀ ਗੱਲਾਂ ਫਿਰ ਸਹੀ। ਵੈਸੇ ਮੈਂ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਅਸੀਂ ਵੀ ਚੁਗਲੀ ਨਾਲ ਸਿੱਧੇ ਹਾਂ ਅਸਿੱਧੇ ਤੌਰ ਤੇ ਜੁੜ ਹੀ ਜਾਂਦੇ ਹਾਂ ਜਿਵੇਂ ਵੇਖ ਲਉ! ਮੈਂ ਚੁਗਲਖੋਰਾਂ ਦੀ ਚੁਗਲੀ ਆਪਣੇ ਪਿਆਰੇ ਪਾਠਕਾਂ ਨਾਲ ਕਰ ਰਿਹਾਂ ਹਾਂ ਕਿ ਨਹੀਂ?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>