ਹੱਕ ਲਈ ਲੜਿਆ ਸੱਚ – (ਭਾਗ-55)

ਅੱਜ ਤੜਕੇ ਉੱਠ ਕੇ ਦੀਪੀ ਗਿਆਨ ਕੌਰ ਨਾਲ ਗੁਰਦੁਆਰੇ ਜਾ ਕੇ ਆਈ। ਜਦੋਂ ਦੀ ਗੁਰਦੁਆਰੇ ਤੋਂ ਮੁੜ ਕੇ ਆਈ ਸੀ ਉਸ ਦੇ ਮਨ ਵਿਚ ਉਮੀਦ ਨਾਲ ਭਰੀ ਸ਼ਾਤੀ ਜਿਹੀ ਆ ਗਈ ਸੀ। ਗੁਰੂ ਮਹਾਂਰਾਜ ਦੇ ਸ਼ਬਦਾਂ ਨੇ ਉਸ ਨੂੰ ਤਸੱਲੀ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਨਾਲ ਉਸ ਦੇ ਸਰੀਰ ਵਿਚ ਉਦਮ ਆ ਗਿਆ। ਆਉਂਦੀ ਝਾੜੂ ਚੁੱਕ ਕੇ ਬਾਹਰਲਾ ਵਿਹੜਾ ਸੰਵਾਰਨ ਲਗ ਪਈ।
“ਦੀਪੀ, ਪਹਿਲਾਂ ਚਾਹ ਤਾਂ ਪੀ ਲੈਂਦੀ।” ੳਸ ਵਿਚ ਆਈ ਨਵੀਂ ਟਹਿਕ ਦੇਖ ਕੇ ਸੁਰਜੀਤ ਨੇ ਖੁਸ਼ ਹੁੰਦੇ ਕਿਹਾ, “ਤਾਈ ਜੀ, ਇਸ ਨੂੰ ਰੋਜ਼ ਹੀ ਆਪਣੇ ਨਾਲ ਤੜਕੇ ਨੂੰ ਗੁਰਦੁਆਰੇ ਲੈ ਕੇ ਜਾਇਆ ਕਰੋ।”
“ਆ ਜਾ ਪੁੱਤ, ਪਹਿਲਾਂ ਚਾਹ ਦਾ ਘੁੱਟ ਪੀ ਲੈ।” ਗਿਆਨ ਕੌਰ ਨੇ ਆਪਣੇ ਧਿਆਨ ਵਿਚ ਝਾੜੂ ਦੇਂਦੀ ਦੀਪੀ ਨੂੰ ਕਿਹਾ, “ਨਿਰਣੇ ਕਾਲਜੇ ਕੰਮ ਕਰਨ ਨਾਲ ਖੋਹ ਪੈਣ ਲੱਗ ਜਾਂਦੀ ਆ।”
ਦੀਪੀ ਨੇ ਝਾੜੂ ਉੱਥੇ ਹੀ ਰੱਖ ਦਿੱਤਾ ਅਤੇ ਚਾਹ ਪੀਣ ਲਈ ਚੌਂਕੇ ਵਿਚ ਆ ਗਈ।
“ਸੁਰਜੀਤ, ਬਿਸਕੁੱਟ ਮੁੱਕ ਗਏ।” ਗਿਆਨ ਕੌਰ ਨੇ ਕਿਹਾ, “ਲਿਆ ਤਾਂ ਚਾਰ ਕੱਢ ਕੇ ਜੇ ਹੈਗੇ ਤਾਂ।”
“ਤਾਈ ਜੀ, ਉਹ ਤਾਂ ਕੱਲ ਮੁੱਕ ਗਏ ਸਨ।” ਸੁਰਜੀਤ ਨੇ ਦੱਸਿਆ, “ਅੱਜ ਭੇਜਾਂਗੀ ਬਈਏ ਨੂੰ, ਅੱਡੇ ਤੋਂ ਹੋਰ ਬਣਾ ਲਿਆ ਆਵੇ।”
“ਇੰਦਰ ਸਿੰਘ ਨੇ ਚਾਹ ਪੀ ਲੀ।” ਗਿਆਨ ਕੌਰ ਨੇ ਪੁੱਛਿਆ।
“ਬੀਬੀ ਜੀ, ਦਹੀਂ ਲੈ ਕੇ ਗਈ ਉਹਨਾ ਲਈ।” ਸੁਰਜੀਤ ਨੇ ਦੱਸਿਆ, “ਕਹਿੰਦੇ ਅੱਜ ਚਾਹ ਪੀਣ ਨੂੰ ਦਿਲ ਨਹੀ ਕਰਦਾ, ਚਮਚਾ ਦਹੀਂ ਦਾ ਦੇ ਦਿਉ।”
“ਜਿੱਦਣ ਦਾ ਇੰਦਰ ਸਿੰਘ ਨੂੰ ਇਹ ਪਤਾ ਲੱਗਾ ਕੇ ਦਿਲਪ੍ਰੀਤ ਬਾਰੇ ਕੁਛ ਪਤਾ ਨਹੀ ਲੱਗ ਰਿਹਾ, ਓਦਣ ਦਾ ਤਾਂ ਬਿਲਕੁਲ ਹੀ ਰਹਿ ਗਿਆ।”
“ਪਤਾ ਨਹੀਂ ਤਾਈ ਜੀ, ਸਾਰੇ ਫਿਕਰ ਕਰੀ ਜਾਂਦੇ ਆ।” ਸੁਰਜੀਤ ਨੇ ਦੱਸਿਆ, “ਪਰ ਮੇਰਾ ਮਨ ਕਹਿੰਦਾ ਆ ਕਿ ਦਿਲਪ੍ਰੀਤ ਠੀਕ-ਠਾਕ ਆ, ਬੇਸ਼ੱਕ ਮੈਨੂੰ ਵੀ ਕਿਤੇ ਕਿਤੇ ਫਿਕਰ ਹੋਣ ਲੱਗ ਪੈਂਦਾ ਆ।”  ਜਦੋਂ ਦਾ ਦਿਲਪ੍ਰੀਤ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ। ੳਦੋਂ ਦੀ ਦੀਪੀ ਬਹੁਤ ਘੱਟ ਬੋਲਣ ਲੱਗ ਪਈ ਸੀ। ਇਹ ਗੱਲਾਂ ਸੁਣ ਕੇ ਉਹ ਹੁਣ ਵੀ ਕੱਝ ਨਾਂ ਬੋਲੀ ਅਤੇ ਚੁੱਪਚਾਪ ਉੱਠ ਕੇ ਝਾੜੂ ਦੇਣ ਲਗ ਪਈ।
“ਫਿਕਰ ਵੀ ਆਹ ਦੀਪੀ ਵੱਲ ਦੇਖ ਹੋ ਜਾਂਦਾ ਆ।” ਸੁਰਜੀਤ ਨੇ ਆਪਣੀ ਗੱਲ ਪੂਰੀ ਕੀਤੀ, “ਨਾਂ ਹੀ ਇਹ ਹੱਸਦੀ ਖੇਡਦੀ ਹੈ, ਬਸ ਗੁੰਮ ਸੁੰਮ ਜਿਹੀ ਬਣੀ ਰਹਿੰਦੀ ਆ।”
“ਇਹ ਸਭ ਕੁਝ ਦੇਖ ਕੇ ਮੈਂ ਇਸ ਨੂੰ ਗੁਰਦੁਆਰੇ ਲੈ ਕੇ ਗਈ ਸੀ।” ਗਿਆਨ ਕੌਰ ਨੇ ਕਿਹਾ, “ਅੱਜ ਅੱਗੇ ਨਾਲੋ ਵੱਖਰੀ ਨਹੀਂ ਲੱਗਦੀ।”
“ਹਾਂ ਜੀ, ਅੱਜ ਤਾਂ ਅੱਗੇ ਨਾਲੋ ਚਿਹਰੇ ਤੇ ਵੀ ਰੌਣਕ ਦਿਸਦੀ ਆ। ਝਾੜੂ ਵੀ ਦੇਖੋ ਕਿਵੇਂ ਤੇਜ਼ ਤੇਜ਼ ਫੇਰ ਰਹੀ ਆ, ਅੱਗੇ ਤਾਂ ਉੱਠਦੀ ਹੀ ਮਸੀਂ ਸੀ।”
“ਬੱਸ, ਸੁਰਜੀਤ ਕੁਰੇ, ਆਪਣਾ ਭਰੋਸਾ ਵਾਹਿਗੁਰੂ ਤੇ ਬਣਾਈ ਰੱਖੀਂ, ਇਕ ਦਿਨ ਉਸ ਨੇ ਸਭ ਕੁਝ ਠੀਕ-ਠਾਕ ਕਰ ਦੇਣਾ ਆ।”
“ਤਾਈ ਜੀ, ਵਾਹਿਗੁਰੂ ਦੇ ਆਸਰੇ ਹੀ, ਆਪਾਂ ਸਭ ਤੁਰੇ ਫਿਰਦੇ ਆਂ, ਨਹੀਂ ਤਾਂ ਉਦਾਂ ਸਾਡਾ ਕੋਈ ਹਾਲ ਥੌੜਾ ਰਹਿਣਾ ਸੀ।”
ਛਾਹ ਵੇਲੇ ਤੋਂ ਬਾਅਦ ਅਤੇ ਦੁਪਹਿਰ ਤੋਂ ਪਹਿਲਾਂ, ਨਾਈਆਂ ਦਾ ਛੋਟਾ ਮੁੰਡਾ ਮੁਖਤਿਆਰ ਦੇ ਘਰ ਦਾ ਗੇਟ ਖੋਲ੍ਹ ਕੇ ਅੰਦਰ ਆਇਆ ਤਾਂ ਸਾਹਮਣੇ ਮੰਜੇ ਤੇ ਬੈਠੀ ਗਿਆਨ ਕੌਰ ਨੂੰ ਦੇਖ ਕੇ ਕਹਿਣ ਲੱਗਾ, “ਤਾਈ, ਤੁਹਾਡੇ ਕੋਈ ਪਰਾਹੁਣੀ ਆਈ ਆ।” ਇਹ ਕਹਿ ਕੇ ਮੁੰਡਾ ਚਲਾ ਗਿਆ।
ਗਿਆਨ ਕੌਰ ਨੇ ਦੇਖਿਆ ਕਿ ਇਕ ਕਣਕ ਭਿੰਨੇ ਰੰਗ ਦੀ ਜ਼ਨਾਨੀ ਮੁੰਡੇ ਦੇ ਮਗਰੇ ਹੀ ਅੰਦਰ ਆਈ। ਉਸ ਨੇ ਗਿਆਨ ਕੌਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਉਸ ਦੇ ਕੋਲ ਹੀ ਮੰਜੇ ਤੇ ਬੈਠ ਗਈ। ਗਿਆਨ ਕੌਰ ਨੇ ਆਪਣਾ ਪੂ੍ਰਰਾ ਜਤਨ ਕੀਤਾ ਕਿ ਉਸ ਨੂੰ ਪਛਾਣ ਸਕੇ। ਜਦੋਂ ਨਾ ਹੀ ਪਛਾਣੀ ਗਈ ਤਾਂ ਉਸ ਨੇ ਕਿਹਾ, “ਭੈਣ, ਮੈਂ ਤਹਾਨੂੰ ਪਛਾਣਿਆ ਨਹੀਂ।”
“ਤੁਸੀ ਮੈਨੂੰ ਪਛਾਣਾਨਾ ਵੀ ਨਹੀਂ।” ਹਰਬੰਸ ਕੌਰ ਨੇ ਕਿਹਾ, “ਤੁਸੀ ਕਦੇ ਮੈਨੂੰ ਦੇਖਿਆ ਵੀ ਨਹੀ। ਮੈਂ ਦਿਲਪ੍ਰੀਤ ਦੇ ਦੋਸਤ ਇੰਦਰਪਾਲ ਦੀ ਭੂਆ ਹਰਬੰਸ ਕੌਰ ਹਾਂ।”
“ਭੈਣੇ, ਧੰਨ ਭਾਗ ਤੂੰ ਆਈ ਆਂ।” ਗਿਆਨ ਕੌਰ ਨੇ ਕਿਹਾ, “ਦਿਲਪ੍ਰੀਤ ਦੇ ਦੋਸਤ ਇੰਦਰਪਾਲ ਦੀ ਭੂਆ, ਅੱਛਾ, ਪਰ ਇਸ ਵੇਲੇ ਤਾਂ ਸਾਨੂੰ ਦਿਲਪ੍ਰੀਤ ਦਾ ਵੀ ਕੁਛ ਪਤਾ ਨਹੀਂ।”
“ਪਤਾ ਦੇਣ ਤਾਂ ਆਈ ਹਾਂ।”
ਹਰਬੰਸ ਕੌਰ ਨੇ ਇਹ ਗੱਲ ਇਸ ਤਰ੍ਹਾਂ ਕਹੀ ਸੀ ਕਿ ਗਿਆਨ ਕੌਰ ਦੀ ਰੂਹ ਖਿੜ ਗਈ, ਪੂਰੀ ਗੱਲ ਕਰਨ ਤੋਂ ਪਹਿਲਾਂ ਹੀ ਗਿਆਨ ਕੌਰ ਬੁੱਝ ਗਈ ਕਿ ਦਿਲਪ੍ਰੀਤ ਦੇ ਠੀਕ -ਠਾਕ ਹੋਣ ਦਾ ਪਤਾ ਲੈ ਕੇ ਹੀ ਹਰਬੰਸ ਕੌਰ ਆਈ ਹੈ। ਖੁਸ਼ੀ ਵਿਚ ਆ ਕੇ ਉਹ ਸੁਰਜੀਤ ਅਤੇ ਦੀਪੀ ਨੂੰ ਅਵਾਜ਼ਾਂ ਮਾਰਨ ਲੱਗ ਪਈ, ਕੁੜੇ ਸਰਜੀਤ, ਦੀਪੀ, ਕਿੱਥੇ ਗਈਆਂ?”
ਫਿਰ ਹਰਬੰਸ ਕੌਰ ਨੂੰ ਪੁੱਛਣ ਲੱਗੀ, “ਹੁਣ ਦਿਲਪ੍ਰੀਤ ਕਿੱਥੇ ਆ”?
“ਮੇਰੇ ਕੋਲ ਸਾਡੇ ਪਿੰਡ ਆ।” ਹਰਬੰਸ ਕੌਰ ਨੇ ਕਿਹਾ, “ਉਸ ਨੇ ਹੀ ਤਾਂ ਮੈਨੂੰ ਭੇਜਿਆ ਆ ਕਿ ਤੁਹਾਨੂੰ ਖਬਰ ਦੇਣ ਲਈ ਕਿ ਉਹ ਚੜ੍ਹਦੀ ਕਲਾ ਵਿਚ ਆ।”
ਹੁਣ ਤੱਕ ਘਰ ਦੇ ਸਾਰੇ ਜੀਅ ਉਹਨਾਂ ਦੇ ਮੰਜੇ ਦੁਆਲੇ ਇਕੱਠੇ ਹੋ ਗਏ। ਸਿਰਫ ਇੰਦਰ ਸਿੰਘ ਹੀ ਬੈਠਕ ਵਿਚ ਪਿਆ ਸੀ। ਪਰੇ ਤੁਰੀ ਆਉਂਦੀ ਹਰਨਾਮ ਕੌਰ ਨੂੰ ਗਿਆਨ ਕੌਰ ਨੇ ਉੱਚੀ ਅਵਾਜ਼ ਵਿਚ ਕਿਹਾ, “ਹਰਨਾਮ ਕੌਰ ਵਧਾਂਈਆਂ, ਦਿਲਪ੍ਰੀਤ ਦਾ ਪਤਾ ਲੱਗ ਗਿਆ। ਉਹ ਠੀਕ-ਠਾਕ ਇਸ ਭੈਣ ਕੋਲ ਆ।”
“ਭੈਣ ਹੌਲ੍ਹੀ ਬੋਲੋ।” ਹਰਬੰਸ ਕੌਰ ਨੇ ਚਿਤਾਵਨੀ ਦਿੱਤੀ, “ਕੰਧਾਂ ਦੇ ਵੀ ਕੰਨ ਹੁੰਦੇ ਨੇਂ, ਆਂਢ-ਗੁਆਂਡ ਵਿਚ ਕਿਸੇ ਨੇ ਇਹ ਗੱਲ ਪੁਲੀਸ ਨੂੰ ਦੱਸ ਦਿੱਤੀ ਤਾਂ ਲ਼ੈਣੇ ਦੇ ਦੇਣੇ ਪੈ ਜਾਣਗੇ।”
ਬੇਸ਼ੱਕ ਗਿਆਨ ਕੌਰ ਦੀ ਅਵਾਜ਼ ਹੌਲ੍ਹੀ ਹੋ ਗਈ ਸੀ, ਪਰ ਉਸ ਵਲੋਂ ਦਿੱਤੇ ਸੁਨੇਹੇ ਨਾਲ ਸਾਰੇ ਘਰ ਵਿਚ ਖੁਸ਼ੀ ਦੀ ਲਹਿਰ ਦੌੜ ਪਈ।
“ਰੱਜੀ, ਤੂੰ ਸਾਈਕਲ ਉੱਪਰ ਜਾਹ ਤੇ ਆਪਣੇ ਡੈਡੀ ਨੂੰ ਖੂਹ ਤੋਂ ਬੁਲਾ ਲਿਆ।” ਸੁਰਜੀਤ ਨੇ ਕਿਹਾ, “ਇਹ ਗੱਲ ਡੈਡੀ ਨੂੰ ਹੌਲੀ ਦੇਣੀ ਦੱਸੀਂ, ਕਾਮਿਆਂ ਨੂੰ ਨਾ ਪਤਾ ਲੱਗੇ।”
“ੳਦਾਂ ਤਾਂ ਮੁਖਤਿਆਰ ਆਉਣ ਵਾਲਾ ਹੀ ਹੋਣਾ ਆ।” ਹਰਨਾਮ ਕੌਰ ਨੇ ਕਿਹਾ, “ਧੁੱਪ ਵੀ ਤਾਂ ਕੜਕਦੀ ਹੋ ਗਈ ਆ, ਇਸ ਕੁ ਵੇਲੇ ਤਾਂ ਕਾਮੇ ਵੀ ਦੁਪਹਿਰਾ ਕੱਟਣ ਲਈ ਖੂਹ ਵਾਲੇ ਤੂਤਾਂ ਥੱਲੇ ਆ ਜਾਂਦੇ ਆ।”
ਪਰ ਰੱਜੀ ਮੁਖਤਿਆਰ ਨੂੰ ਬੁਲਾਉਣ ਚੱਲੀ ਗਈ। ਸੋਨੀ ਸੁਰਜੀਤ ਨਾਲ ਤਵੀ ਤੇ ਰੋਟੀਆਂ ਬਣਾਉਣ ਲੱਗ ਪਈ। ਦੀਪੀ ਰੂਹ-ਆਫਜ਼ੇ ਦਾ ਸ਼ਰਬਤ ਬਣਾ ਕੇ ਲਿਆਈ। ਤਿੰਨੇ ਕੁੜੀਆਂ ਦੇਖਣ ਨੂੰ ਇਕੋ ਜਿਹੀਆਂ ਲਗਦੀਆਂ ਹੋਣ ਕਾਰਨ ਹਰਬੰਸ ਕੌਰ ਨੂੰ ਪਤਾ ਨਹੀ ਸੀ ਲਗ ਰਿਹਾ ਉਹਨਾਂ ਵਿਚੋਂ ਦਿਲਪ੍ਰੀਤ ਦੀ ਕਿਹੜੀ ਮੰਗੇਤਰ ਆ। ਉਹ ਅਜੇ ਸੋਚ ਹੀ ਰਹੀ ਸੀ ਕਿ ਗਿਆਨ ਕੌਰ ਨੇ ਆਪ ਹੀ ਕਹਿ ਦਿੱਤਾ, “ਸਾਨੂੰ ਤਾਂ ਇਹੀ ਫਿਕਰ ਆ ਕਿ ਰੱਖੀ ਤਾਰੀਕ ਉੱਪਰ ਹੀ ਦੀਪੀ ਤੇ ਦਿਲਪ੍ਰੀਤ ਦਾ ਵਿਆਹ ਹੋ ਜਾਵੇ।”
“ਉਹ ਤਾਂ ਭੈਣ, ਜਿਸ ਦਿਨ ਹੋਣਾ, ਹੋ ਹੀ ਜਾਣਾ।” ਹਰਬੰਸ ਕੌਰ ਨੇ ਦੀਪੀ ਵੱਲ ਦੇਖਦੇ ਕਿਹਾ, “ਦੋਨਾਂ ਦੀ ਜੋੜੀ ਰੱਬ ਨੇ ਬਣਾਈ ਬਹੁਤ ਸੋਹਣੀ।”
“ਵਿਆਹ ਕਿਦਾਂ ਹੋ ਜਾਊ, ਰੱਖੀ ਤਾਰੀਕ ਤੇ।” ਕੋਲ ਬੈਠੀ ਹਰਨਾਮ ਕੌਰ ਨੇ ਕਿਹਾ, “ਜੇ ਪੁਲੀਸ ਮੁੰਡੇ ਦੇ ਮਗਰ ਪਈ ਆ, ਤਾਂ ਉਹ ਇੰਨੇ ਕੁ ਦਿਨਾਂ ਵਿਚ ਜੰਝ ਲੈ ਕੇ ਕਿਵੇਂ ਢੁਕ ਜਾਊ।”
ਆਪਣੀ ਦਾਦੀ ਦੀ ਗੱਲ ਸੁਣ ਕੇ ਦੀਪੀ ਦਾ ਕਾਲਜਾ ਜੋਰ ਦੇਣੀ ਧੜਕਿਆ, ਪਰ ਉਸ ਦੇ ਧੜਕਣ ਦੀ ਅਵਾਜ਼ ਦੀਪੀ ਨੇ ਆਪਣੇ ਅੰਦਰ ਹੀ ਦੱਬ ਲਈ। ਬਾਹਰ ਧੁੱਪ ਏਨੀ ਵੱਧ ਗਈ ਸੀ ਕਿ ਉਸ ਦਾ ਸੇਕ ਪੱਖੇ ਥੱਲੇ ਬੈਠੀਆਂ ਹਰਬੰਸ ਕੌਰ, ਗਿਆਨ ਕੌਰ ਅਤੇ ਹਰਨਾਮ ਨੂੰ ਆ ਰਿਹਾ ਸੀ, ਪਰ ਦੀਪੀ ਤਾਂ ਪਸੀਨੇ ਨਾਲ ਭਿਜ ਗਈ ਸੀ। ਹਰਬੰਸ ਕੌਰ ਨੇ ਪਰੇ ਹੁੰਦੇ ਕਿਹਾ, “ਪੁੱਤ, ਜਰਾ ਪੱਖੇ ਥੱਲੇ ਹੋ ਜਾ ਤੂੰ ਤਾਂ ਪਸੀਨੇ ਨਾਲ ਭਿੱਜੀ ਪਈ ਏਂ।”
ਛੇਤੀ ਹੀ ਮੁਖਤਿਆਰ ਤੇ ਵਿਕਰਮ ਵੀ ਬਾਹਰੋਂ ਆ ਗਏ। ਨਵੀਂ ਖਬਰ ਨੇ ਸਾਰਿਆਂ ਦੇ ਚਿਹਿਰਆਂ ਤੇ ਗੁਆਚੀ ਰੌਣਕ ਵਾਪਸ ਲਿਆ ਦਿੱਤੀ ਸੀ। ਮੁਖਤਿਆਰ ਤਾਂ ਆਉਂਦਾ ਹੀ ਤਿਆਰ ਹੋਣ ਲੱਗ ਪਿਆ ਤਾਂ ਜੋ ਇਹ ਚੰਗੀ ਖਬਰ ਦਿਲਪ੍ਰੀਤ ਦੇ ਪ੍ਰੀਵਾਰ ਨੂੰ ਦੱਸੀ ਜਾਵੇ, ਤਾਂ ਜੋ ਉਹਨਾਂ ਨੂੰ ਸੁੱਖ ਦਾ ਸਾਹ ਆਵੇ, ਜਦੋਂ ਦਾ ਦਿਲਪ੍ਰੀਤ ਬਾਰੇ ਕੁਝ ਪਤਾ ਨਹੀ ਸੀ ਲੱਗ ਰਿਹਾ, ਉਦੋਂ ਦੀ ਉਹਨਾਂ ਦੀ ਜਾਨ ਸੂਲੀ ਤੇ ਟੰਗੀ ਪਈ ਸੀ। ਮੁਖਤਿਆਰ ਚਾਹੁੰਦਾ ਸੀ ਕਿ ਹਰਬੰਸ ਕੌਰ ਮੁਖੀਤਆਰ ਨਾਲ ਜਾ ਕੇ ਆਪ ਇਹ ਖੁਸ਼ਖਬਰੀ ਦੇਵੇ। ਉਸ ਨੇ ਹਰਬੰਸ ਕੌਰ ਨੂੰ ਕਿਹਾ ਵੀ, “ਤੁਸੀ ਵੀ ਨਾਲ ਹੀ ਚੱਲ ਪੈਂਦੇ।”  “ਜਰਾ ਦੁੁਪਹਿਰਾ ਢਲਿਆ, ਮੈਂ ਤਾਂ ਆਪਣੇ ਪਿੰਡ ਨੂੰ ਛੇਤੀ ਮੁੜ ਜਾਣਾ ਆ।” ਹਰਬੰਸ ਕੌਰ ਨੇ ਕਿਹਾ, “ਪਤਾ ਲੱਗਾ ਆ ਕਿ ਪੁਲੀਸ ਤਾਂ ਦਿਲਪ੍ਰੀਤ ਦੇ ਘਰ ਤੇ ਨਜ਼ਰ ਰੱਖ ਰਹੀ ਆ ਕਿ ਕੌਣ ਆਉਂਦਾ ਜਾਂਦਾਂ ਹੈ। ਸੁਨੇਹਾ ਤਾਂ ਤੁਸੀ ਦੇ ਹੀ ਦੇਣਾ ਆ।” ਹਰਬੰਸ ਕੌਰ ਨੇ ਸਾਰਾ ਪਤਾ ਦੱਸ ਦਿੱਤਾ ਕਿ ਉਹ ਕਿੱਥੇ ਰਹਿੰਦੇ ਆ, ਪਰ ਸਾਰਿਆਂ ਨੇ ਇਕ ਦੂਜੇ ਨੂੰ ਪੱਕਾ ਕੀਤਾ ਕਿ ਦਿਲਪ੍ਰੀਤ ਕਿੱਥੇ ਲੁਕਿਆ ਹੋਇਆ ਹੈ, ਇਸ ਗੱਲ ਦਾ ਬਾਹਰ ਕਿਸੇ ਨੂੰ ਨਾ ਪਤਾ ਲੱਗੇ। ਮੁਖਤਿਆਰ ਨੇ ਕਾਹਲ੍ਹੀ ਕਾਹਲ੍ਹੀ ਰੋਟੀ ਖਾਧੀ ਤੇ ਮੋਟਰਸਾਈਕਲ ਸਟਾਰਟ ਕਰਨ ਲੱਗਾ ਤਾਂ ਸੁਰਜੀਤ ਨੇ ਕਿਹਾ, “ਤੁਸੀ ਇਕੱਲਿਆਂ ਨੇ ਤਾਂ ਜਾਣਾ ਹੈ, ਸਕੂਟਰ ਹੀ ਲੈ ਜਾਵੋ ਨਾਲੇ ਪੁਲੀਸ ਵੀ ਮੋਟਰਸਾਈਕਲ ਵਾਲਿਆਂ ਨੂੰ ਕਈ ਵਾਰ ਖੱਜਲ-ਖਰਾਬ ਕਰਨ ਲੱਗ ਪੈਂਦੀ ਹੈ।”
“ਪੁਲੀਸ ਨੂੰ ਚੜਾਵਾ ਚਾੜ ਦੇਈਏ ਤਾਂ ਫਿਰ ਕੋਈ ਨਹੀ ਮੋਟਰਸਾਈਕਲ ਨੂੰ ਰੋਕ ਸਕਦਾ।” ਮੁਖਤਿਆਰ ਨੇ ਕਿਹਾ, “ਮੋਟਰਸਾਈਕਲ ਤੇ ਹਵਾ ਵੀ ਸੋਹਣੀ ਲੱਗਦੀ ਰਹਿੰਦੀ ਹੈ।”
ਧੁੱਪ ਨਾਲ ਬਾਹਰ ਤਾਂ ਕਾਂ ਦੀ ਅੱਖ ਨਿਕਲਦੀ ਸੀ, ਪਰ ਮੁਖਤਿਆਰ ਦਿਲਪ੍ਰੀਤ ਦੇ ਪਿੰਡ ਨੂੰ ਚੱਲ ਪਿਆ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>