ਦਿੱਲੀ ਗੁਰਦੁਆਰਾ ਚੋਣਾਂ ’ਚ ਬਾਦਲ-ਵਿਰੋਧੀ ਮੋਰਚਾ?

ਕਾਫੀ ਸਮੇਂ ਤੋਂ ਇਹ ਚਰਚਾ ਸੁਣਨ ਵਿੱਚ ਆ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਵਿਚੋਂ ਬਾਦਲ ਅਕਾਲੀ ਦਲ ਨੂੰ ਬਾਹਰ ਕਰਨ ਦੇ ਆਪਣੇ ਸੰਕਲਪ ਨੂੰ ਪੂਰਿਆਂ ਕਰਨ ਲਈ, ਅਗਲੇ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਦਿੱਲੀ ਗੁਰਦੁਆਰਾ ਚੋਣਾਂ ਹੋਣ ਦੀ ਸੰਭਾਵਨਾ ਨੂੰ ਵੇਖਦਿਆਂ, ਇਨ੍ਹਾਂ ਚੋਣਾਂ ਵਿੱਚ ‘ਜਾਗੋ – ਜਗ ਆਸਰਾ ਗੁਰੂ ਓਟ’ ਦੇ ਕੌਮੀ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਿਚਕਾਰ ਸਮਝੌਤਾ ਕਰਵਾਉਣ ਦੀਆਂ ਸਰਗਰਮੀਆਂ ਅਰੰਭ ਦਿੱਤੀਆਂ ਹਨ। ਇਸ ਸਬੰਧ ਵਿੱਚ ਇਹ ਵੀ ਖਬਰਾਂ ਆਈਆਂ ਕਿ ਇਸ ਉਦੇਸ਼ ਲਈ ਉਹ ਦੋਹਾਂ ਵਿਚਕਾਰ ਕੁਝ ਮੁਲਾਕਾਤਾਂ ਕਰਵਾ ਵੀ ਚੁਕੇ ਹਨ, ਜਿਨ੍ਹਾਂ ਵਿੱਚ ਪ੍ਰਗਤੀ ਹੋਣ ਦਾ ਦਾਅਵਾ ਵੀ ਕੀਤਾ ਗਿਆ। ਪ੍ਰੰਤੂ ਬੀਤੇ ਦਿਨੀਂ ਅਚਾਨਕ ਹੀ  ਇਹ ਖਬਰ ਆ ਗਈ ਕਿ ਸ. ਮਨਜੀਤ ਸਿੰਘ ਜੀਕੇ ਨੇ ਗੁਰਦੁਆਰਾ ਚੋਣਾਂ ਵਿੱਚ ਕਮੇਟੀ ਦੇ 46 ਦੇ 46 ਚੋਣ ਹਲਕਿਆਂ ਵਿਚੋਂ‘ਹੀ ਜਾਗੋ’ ਦੇ ਟਿਕਟ ਤੋ ਚੋਣ ਲੜਨ ਦੇ ਇੱਛੁਕਾਂ ਪਾਸੋਂ ਦਰਖਾਸਤਾਂ ਮੰਗ ਲਈਆਂ ਹਨ। ਜਿਸਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਕੀ ਜੀਕੇ ਇਨ੍ਹਾਂ ਚੋਣਾਂ ਵਿੱਚ ਸ. ਸਰਨਾ ਦੇ ਨਾਲ ਕੋਈ ਸਮਝੌਤਾਂ ਕਰਨਾ ਨਹੀਂ ਚਾਹੁੰਦੇ ਜਾਂ ਉਨ੍ਹਾਂ ਪੁਰ ਇਸ ਗਲ ਦਾ ਦਬਾਉ ਬਨਾਣਾ ਚਾਹੁੰਦੇ ਹਨ ਕਿ ਜੇ ਉਨ੍ਹਾਂ ਨਾਲ ਸ. ਸਰਨਾ ਨੇ ਬਾਦਲ-ਵਿਰੋਧੀ ਗਠਜੋੋੜ ਬਨਾਣਾ ਹੈ ਤਾਂ ਇਹ ਉਨ੍ਹਾਂ (ਜੀਕੇ) ਦੀਆਂ ਸ਼ਰਤਾਂ ਪੁਰ ਹੀ ਬਨਾਣਾ ਹੋਵੇਗਾ ਜਾਂ ਫਿਰ ਉਨ੍ਹਾਂ (ਜੀਕੇ) ਨੂੰ ਵਿਸ਼ਵਾਸ ਹੈ ਕਿ ਉਹ ਬਿਨਾਂ ਕੋਈ ਗਠਜੋੜ ਬਣਇਆਂ, ਇਕਲਿਆਂ ਹੀ ਇਸ ਚੋਣ ਵਿੱਚ ਵੀ ਉਸੇ ਤਰ੍ਹਾਂ ਦੀ ਰਿਕਾਰਡ ਜਿੱਤ ਹਾਸਲ ਕਰ ਸਕਦੇ ਹਨ, ਜਿਵੇਂ ਕਿ ੳਨ੍ਹਾਂ ਨੇ ਪਿਛਲੀ ਵਾਰ ਬਾਦਲ ਅਕਾਲੀ ਦਲ ਲਈ ਜਿੱਤ ਹਾਸਲ ਕੀਤੀ ਸੀ। ਇਸਦੇ ਵਿਰੁਧ ਜੀਕੇ ਨਾਲ ਚੋਣ ਗਠਜੋੜ ਬਨਾਣ ਜਾਂ ਨਾ ਬਣਾਏ ਜਾਣ ਦੇ ਸੰਬੰਧ ਵਿੱਚ ਸ. ਸਰਨਾ ਦੇ ਪੱਖ ਵਲੋਂ ਅਜੇ ਤਕ ਕੋਈ ਪ੍ਰਤੀਕ੍ਰਿਆ ਨਹੀਂ ਆਈ ਅਤੇ ਨਾ ਹੀ ਸ. ਢਿਂਡਸਾ ਦੀ ਧਿਰ ਵਲੋਂ ਹੀ ਕੋਈ ਪ੍ਰਤੀਕ੍ਰਿਆ ਆਈ ਹੈ।

ਉਧਰ ਇਸ ਗਲ ਦੀ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਬਾਦਲ ਅਕਾਲੀ ਦਲ ਦੀ ਕੇਂਦਰੀ ਲੀਡਰਸ਼ਿਪ ਵਲੋਂ ਅਜਿਹੀ ਰਣਨੀਤੀ ਬਣਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ, ਜਿਸਦੇ ਚਲਦਿਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸਰਨਾ ਤੇ ਜੀਕੇ ਵਿਚਕਾਰ ਕੋਈ ਗਠਜੋੜ ਨਾਹੋ ਸਕੇ। ਇਸ ਵਿਚ ਕਿਤਨੀ ਸਚਾਈ ਹੈ? ਇਸਦੀ ਪੁਸ਼ਟੀ ਅਜੇ ਤਕ ਨਹੀਂ ਹੋ ਸਕੀ।

ਇਹ ਹੈ ਪੰਜਾਬ ਸਰਕਾਰ, ਜੋ ਵਾਇਦੇ ਤਾਂ ਕਰਦੀ ਹੈ ਪਰ…: ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਦੀ ਸਥਾਪਨਾ ਦੀ 350 ਵਰ੍ਹੇਗੰਢ ਦੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਿਕਾਸ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸਦੇ ਨਾਲ ਹੀ, ਉਸਦੇ ਲਈ ਵਿਕਾਸ ਕਾਰਜਾਂ ਦੀ ਵੀ ਅਰੰਭਤਾ ਕੀਤੀ ਗਈ, ਪਰ ਉਸ ਸਮੇਂ ਗਏ ਕਾਰਜ ਅਜੇ ਤਕ ਕਿਸੇ ਸਿਰੇ ਨਹੀਂ ਲਗ ਰਹੇ। ਉਨ੍ਹਾਂ ਕਿਹਾ ਕਿ ਇਸਦਾ ਕਾਰਣ ਉਸਦੀ ਲਾਰੇ ਲਾਣ ਦੀ ਨੀਤੀ ਹੈ। ਉਹ ਵਾਇਦੇ ਤਾਂ ਕਰਦੀ ਹੈ, ਪਰ ਉਨ੍ਹਾਂ ਨੂੰ ਪੂਰਿਆਂ ਕਰਨ ਵਲੋਂ ਅਵੇਸਲੀ ਹੋ ਬੈਠਦੀ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਸਰਕਾਰ ਵਲੋਂ ਸ਼ਹਿਰ ਦੇ ਗਰੀਬਾਂ ਨੂੰ ਨਵੇਂ ਨੰਵੇਂ ਪਕੇ ਮਕਾਨ ਬਣਾਉਣ ਲਈ 50-50 ਜਜ਼ਾਰ ਦੀਆਂ ਤਿੰਨ ਕਿਸ਼ਤਾਂ ਵਿੱਚ ਮਦਦ ਦੇਣ ਦਾ ਭਰੋਸਾ ਦੁਆਇਆ ਅਤੇ ਇਸਦੇ ਨਾਲ ਹੀ ਉਸਨੇ ਸ਼ਰਤ ਇਹ ਰਖ ਦਿੱਤੀ ਕਿ ਇਸਤੋਂ ਪਹਿਲਾਂ ਉਹ ਆਪਣੇ ਪਹਿਲੇ ਕਚੇ ਮਕਾਨ ਤੋੜ, ਉਨ੍ਹਾਂ ਦੀਆਂ ਨੀਂਹਾਂ ਭਰਵਾ ਲੈਣ। ਨੀਹਾਂ ਭਰਵਾਂਦਿਆਂ ਹੀ ਉਨ੍ਹਾਂ ਨੂੰ ਪਹਿਲੀ 50 ਹਜ਼ਾਰ ਰੁਪਏ ਦੀ ਕਿਸ਼ਤ ਮਿਲ ਜਾਇਗੀ। ਜਸਟਿਸ ਸੋਢੀ ਨੇ ਦਸਿਆ ਕਿ ਸਰਕਾਰ ਦੇ ਭਰੋਸੇ ਪੁਰ ਕਿਤਨੇ ਹੀ ਸਮੇਂ ਤੋਂ ਉਹ ਆਪਣੇ ਕਚੇ ਮਕਾਨ ਤੁੜਵਾ, ਉਨ੍ਹਾਂ ਦੀਆਂ ਨੀਂਹਾਂ ਭਰਵਾ, ਬੈਠੇ ਹੋਏ ਹਨ। ਪਰ ਕਾਫੀ ਸਮਾਂ ਬੀਤ ਜਾਣ ਤੇ ਵੀ ਅਜੇ ਤਕ ਉਨ੍ਹਾਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਨਹੀਂ। ਉਹਰ ਖੁਲ੍ਹੇ ਮੈਦਾਨ ਬੈਠੇ ਹਨ, ਉਤੋਂ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਉਹ ਗਰੀਬ ਪਛਤਾ ਰਹੇ ਹਨ ਕਿ ਬਿਨਾਂ ਸਹਾਇਤਾ ਦੀ ਕਿਸ਼ਤ ਲਿਆਂ ਉਨ੍ਹਾਂ ਨੇ ਆਪਣੇ ਘਰ ਕਿਉਂ ਤੁੜਵਾਏ? ਘਟੋ-ਘਟ ਸਿਰ ਛੁਪਾ ਕੇ ਤਾਂ ਬੈਠੇ ਸਨ।

ਅੱਜ ਸਿੱਖੀ ਦੀ ਇਹ ਦਸ਼ਾ ਕਿਉਂ? ਗੁਰੂ ਸਾਹਿਬਾਨ ਦੀ ਧਰਤੀ, ਪੰਜਾਬ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸ ਜਾਮਿਆਂ ਵਿਚ ਵਿਚਰ ਕੇ, ਸਿੱਖੀ ਦਾ ਬੂਟਾ ਲਾਇਆ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਖੂਨ ਨਾਲ ਸਿੰਜ ਕੇ ਉਸਨੂੰ ਪਰਵਾਨ ਚੜ੍ਹਾਇਆ, ਵਿਚ ਵਸਦੇ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁਟ ਕੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ ਤੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ।

ਅਜਿਹਾ ਕੇਵਲ ਪੰਜਾਬ ਵਿਚ ਹੀ ਨਹੀਂ ਹੁੰਦਾ ਨਜ਼ਰ ਆ ਰਿਹਾ, ਸਗੋਂ ਇਹ ਵਬਾ, ਪੰਜਾਬ ਤੋਂ ਉਸਦੇ ਨਾਲ ਲਗਦੇ ਰਾਜਾਂ ਵਿਚੋਂ ਦੀ ਹੁੰਦੀ ਹੋਈ, ਦਿੱਲੀ ਤੇ ਉਸਤੋਂ ਅਗੇ ਫੈਲਦੀ ਜਾ ਰਹੀ ਹੈ। ਜੇ ਕੁਝ ਪਿਛੇ ਵਲ ਨੂੰ ਝਾਤ ਮਾਰੀ ਜਾਏ ਤਾਂ ਪਤਾ ਲਗਦਾ ਹੈ ਕਿ ਨਵੰਬਰ-84 ਦੇ ਦੁਖਦਾਈ ਕਾਂਡ ਦੌਰਾਨ ਕਈ ਸਿੱਖ-ਪਰਿਵਾਰਾਂ ਨੇ ਆਪਣੇ ਬਚਿਆਂ ਦੀਆਂ ਜਾਨਾਂ ਬਚਾਣ ਲਈ, ਆਪ ਹੀ ਉਨ੍ਹਾਂ ਦੇ ਕੇਸ ਕਤਲ ਕਰ ਦਿਤੇ ਸਨ। ਇਸਦੇ ਨਾਲ ਹੀ ਕੁਝ ਸਿੱਖ ਨੌਜਵਾਨਾਂ ਨੇ, ਇਸ ਮੌਕੇ ਨੂੰ ‘ਗ਼ਨੀਮਤ’ ਸਮਝ ਆਪ ਹੀ, ਆਪਣੀਆਂ ‘ਜਾਨਾਂ ਬਚਾਣ’ ਦੇ ਨਾਂ ਤੇ ਕੇਸ ਕਤਲ ਕਰਵਾ ਲਏ। ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਨਿਤਰਿਆ ਹੋਵੇ, ਜਿਸਨੇ ਬੀਤੇ ਛੱਤੀ ਵਰਿ੍ਹਆਂ ਵਿਚ ਕੇਸ ਕਤਲ ਕਰਵਾਉਣ ਦੇ ਕੀਤੇ ਗੁਨਾਹ ਲਈ, ਪਸ਼ਚਾਤਾਪ ਕਰ ਮੁੜ ਸਿੱਖੀ-ਸਰੂਪ ਧਾਰਣ ਕਰ, ਵਿਰਸੇ ਨਾਲ ਜੁੜਨ ਵਲ ਕਦਮ ਵਧਾਇਆ ਹੋਵੇ।

ਨਵੰਬਰ-84 ਦੀ ਇਸ ਹਵਾ ਦੇ ਝੌਂਕੇ ਅਜ ਵੀ ਕਦੀ-ਕਦੀ ਉਸ ਸਮੇਂ ਮਹਿਸੂਸ ਕੀਤੇ ਜਾਂਦੇ ਹਨ, ਜਦੋਂ ਕੋਈ ਅਜਿਹੀ ਖਬਰ ਆਉਂਦੀ ਹੈ, ਜਿਸ ਵਿਚ ਇਹ ਦਸਿਆ ਗਿਆ ਹੁੰਦਾ ਹੈ ਕਿ ਕਿਸੇ ਸਿੱਖ ਨੌਜਵਾਨ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਹੈ, ਕਿ ਕੁਝ ਸ਼ਰਾਰਤੀ ਅਨਸਰ ਨੇ ਉਸਨੂੰ ਫੜਕੇ ਜ਼ਬਰਦਸਤੀ ਉਸਦੇ ਕੇਸ ਕਤਲ ਕਰ ਦਿਤੇ ਹਨ, ਤੇ ਜਦੋਂ ਪੁਲਿਸ ਵਲੋਂ ਉਸ ਸ਼ਿਕਾਇਤ ਦੀ ਜਾਂਚ ਕੀਤੇ ਜਾਣ ਤੇ ਇਹ ਗਲ ਖੁਲ੍ਹ ਕੇ ਸਾਹਮਣੇ ਆਉਂਦੀ ਹੈ ਕਿ ਉਸ ‘ਸਿੱਖ’ ਨੌਜਵਾਨ ਨੇ ਤਾਂ ਆਪ ਕੇਸ ਕਤਲ ਕਰਵਾਏ ਹਨ, ਕੇਵਲ ਤਾਹਨਿਆਂ ਤੇ ਮਿਹਣਿਆਂ ਤੋਂ ਬਚਣ ਲਈ ਉਸਨੇ ਜ਼ਬਰਦਸਤੀ ਕੇਸ ਕਤਲ ਕੀਤੇ ਜਾਣ ਦੀ ਕਹਾਣੀ ਘੜ ਲਈ ਹੈ। ਇਨ੍ਹਾਂ ਤੋਂ ਇਲਾਵਾ ਕੁਝ ਅਜਿਹੇ ‘ਦਲੇਰ’ ਸਿੱਖ ਨੌਜਵਾਨ ਵੀ ਹਨ, ਜੋ ਬਿਨਾਂ ਕਿਸੇ ਸ਼ਰਮ-ਹਯਾ ਦੇ ਖੁਲ੍ਹੇ-ਆਮ ਪਾਰਲਰਾਂ ਵਿਚ ਜਾ ਅਪਣੀਆਂ ਦਾੜ੍ਹੀਆਂ ਸੈੱਟ ਕਰਵਾਉਂਦੇ ਵੇਖੇ ਜਾਂਦੇ ਹਨ।

ਖੈਰ, ਇਹ ਤਾਂ ਆਪਣੀ ‘ਅੰਤਰ-ਆਤਮਾ’ ਦੀ ਗਲ ਹੈ। ਗਲ ਸਿੱਖੀ ਸਰੂਪ ਨੂੰ ਤਿਲਾਂਜਲੀ ਦਿਤੇ ਜਾਣ ਦੀ ਹੋ ਰਹੀ ਸੀ। ਗੱਡੀਆਂ ਤੇ ਬਸਾਂ ਵਿਚ ਸਫਰ ਕਰਦਿਆਂ ਕਈ ਅਜਿਹੇ ਬਚੇ, ਨੌਜਵਾਨ ਤੇ ਅਧਖੜ ‘ਸਿੱਖਾਂ’ ਦੇ ‘ਦਰਸ਼ਨ’ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੇ ਹਥਾਂ ਵਿਚ ਲੋਹੇ ਜਾਂ ਸਟੀਲ ਦੇ ਕੜੇ ਪਾਏ ਹੁੰਦੇ ਹਨ, ਪਰ ਉਨ੍ਹਾਂ ਦਾ ਸਿੱਖੀ-ਸਰੂਪ ਨਦਾਰਦ ਹੁੰਦਾ ਹੈ। ਗਲਾਂ-ਗਲਾਂ ਵਿਚ ਉਹ ਦਸਦੇ ਹਨ, ਕਿ ਉਨ੍ਹਾਂ ਦੇ ਬਜ਼ੁਰਗ ਸਿੱਖ ਸਨ, ਕਾਫੀ ਸਮਾਂ ਉਹ ਆਪ ਵੀ ਸਿੱਖੀ-ਸਰੂਪ ਵਿਚ ਵਿਚਰਦੇ ਰਹੇ, ਪਰ ‘ਕੋਈ ਅਣ-ਕਿਆਸੀ ਮੁਸੀਬਤ’ ਆ ਪੈਣ ਕਾਰਣ ਉਨ੍ਹਾਂ ਨੂੰ ਸਿੱਖੀ ਸਰੂਪ ਤਿਆਗਣ ਤੇ ਮਜਬੂਰ ਹੋਣਾ ਪੈ ਗਿਆ। ਹੁਣ ਉਸ ‘ਮੁਸੀਬਤ’ ਨੂੰ ਟਲਿਆਂ ਤਾਂ ਕਈ ਵਰ੍ਹੇ ਬੀਤ ਗਏ ਹਨ, ਫਿਰ ਉਹ ਸਿੱਖੀ-ਸਰੂਪ ਵਿਚ ਵਾਪਸ ਕਿਉਂ ਨਹੀਂ ਆਏ? ਇਸ ਸੁਆਲ ਦਾ  ਜੁਆਬ ਉਹ ਟਾਲ ਜਾਂਦੇ ਹਨ।

ਗਡੀਆਂ ਤੇ ਬਸਾਂ ਵਿਚ ਹੀ ਨਹੀਂ, ਸਗੋਂ ਗੁਰਦੁਆਰਿਆਂ ਵਿਚ ਵੀ ਸਹਿਜਧਾਰੀਆਂ ਤੋਂ ਇਲਾਵਾ ਅਜਿਹੇ ਕਈ ਸਿੱਖ ਬਚੇ, ਜਵਾਨ ਤੇ ਅਧਖੜ ਦੇਖਣ ਨੂੰ ਮਿਲਦੇ ਹਨ, ਜੋ ਬੜੀ ਸ਼ਰਧਾ ਨਾਲ ਮੱਥਾ ਟੇਕਦੇ, ਅਰਦਾਸ-ਬੇਨਤੀ ਕਰਦੇ ਅਤੇ ਸੇਵਾ ਵਿਚ ਆਪਣਾ ਹਿਸਾ ਪਾਂਦੇ ਵੇਖੇ ਜਾਂਦੇ ਹਨ, ਪਰ ਉਹ ਸਿੱਖੀ-ਸਰੂਪ ਤਿਆਗ ਚੁਕੇ ਹੋਏ ਹਨ। ਜਦੋਂ ਉਨ੍ਹਾਂ ਨੂੰ ਪੁਛਿਆ ਜਾਂਦਾ ਹੈ ਤਾਂ ਉਹ ਦਸਦੇ ਹਨ ਕਿ ‘ਕਦੀ ਉਹ ਸਿੱਖੀ-ਸਰੂਪ ਵਿਚ ਹੀ ਸਨ, ਪਰ…।  ਇਸ ਤੋਂ ਅਗੇ ਕੁਝ ਵੀ ਕਹਿਣ ਤੋਂ ਉਹ ਝਿਝਕ ਜਾਂਦੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਬਾਰੇ ਸ਼ਾਇਦ ਕਦੀ ਵੀ ਨਿਰਪਖਤਾ ਨਾਲ ਸੋਚਿਆ-ਸਮਝਿਆ ਨਹੀਂ ਗਿਆ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>