ਸੰਵਿਧਾਨ ਦਾ
ਵਾਰ-ਵਾਰ
‘ਰਾਮ’ ਦੇ ‘ਨਾਮ’ ‘ਤੇ
ਜਬਰ-ਜਿਨਾਹ ਹੁੰਦਾ ਹੈ
ਗੰਗਾ ਨੂੰ
ਪਵਿੱਤਰ ਆਖ
ਰੋੜ ਦਿੱਤੀਆਂ ਜਾਂਦੀਆਂ ਨੇ
ਰੋਟੀਆਂ
ਤੇ ਰੋਟੀਆਂ ਪਿੱਛੇ
ਭੁੱਖ…!!!
ਨਫ਼ਰਤਾਂ
ਵੰਡੀਆਂ ਜਾਂਦੀਆਂ ਨੇ
ਸਰਹੱਦਾਂ ‘ਤੇ
ਅੱਗਾਂ, ਤਲਵਾਰਾਂ, ਨੇਜੇ
ਨੰਗੀਆਂ ਸੜਕਾਂ ‘ਤੇ
ਨੰਗੇ-ਨਾਚ ਨੱਚਦੇ
ਆਪੋ-ਆਪਣੀ
ਪਿਆਸ ਬੁਝਾਉਂਦੇ
ਲਾਸ਼ਾਂ ਦੇ
ਅੰਬਾਰ ਲਗਾਉਂਦੇ ਨੇ…!
ਕੁਰਸੀ ‘ਤੇ ਬੈਠੀ ਗਿਰਝ
ਧਰਮ ਨਿਰਪੱਖਤਾ ਦਾ
ਮਜ਼ਾਕ ਉਡਾਉਂਦੀ
ਫਿਰਕਾਪ੍ਰਸਤੀ ਫੈਲਾਉਂਦੀ
ਲਾਸ਼ਾਂ ਦੇ ਢੇਰ ‘ਤੇ ਬੈਠ
ਵੋਟਾਂ ਲਈ
ਲਾਲਾਂ ਸੁੱਟਦੀ
ਢਿੱਲੀ ਕੁਰਸੀ ਦੀਆਂ
ਚੂਲੵਾਂ ਕਸਦੀ ਹੈ।
ਬੜਾ ਹੀ ਕਰੂਰ ਹੈ
ਚਿਹਰਾ ਏਸ ਸਿਆਸਤ ਦਾ…
ਬੱਚਿਆਂ ਦੇ ਮਾਸੂਮ ਹੱਥਾਂ ‘ਚ
ਅੰਗਿਆਰ ਧਰਦੀ ਹੈ
ਮਨੁੱਖਤਾ ਨੂੰ ਡੰਗਦੀ ਹੈ
ਮਨਚਾਹੇ ਰੰਗਾਂ ‘ਚ ਰੰਗਦੀ ਹੈ
ਲੋਕ ਮਨਾਂ ਅੰਦਰ
ਸੇਹਾਂ ਦੇ ਤੱਕਲੇ ਗੱਡਦੀ ਹੈ…!!!
ਕਦੇ ਪੱਗਾਂ
ਕਦੇ ਟੋਪੀਆਂ
ਕਦੇ ਭਗਵਿਆਂ ਸੰਗ
ਕੁਰਸੀ ਦੀਆਂ ਢਿੱਲੀਆਂ ਚੂਲਾਂ
ਗੰਢਦੀ ਹੈ…
ਬੜਾ ਹੀ ਕਰੂਰ ਹੈ
ਚਿਹਰਾ ਏਸ ਸਿਆਸਤ ਦਾ…।