ਹੱਕ ਲਈ ਲੜਿਆ ਸੱਚ – (ਭਾਗ-60)

ਦਿਲਪ੍ਰੀਤ ਦੇ ਘਰ ਦਾ ਮਹੌਲ ਤਾਂ ਦੀਪੀ ਦੇ ਘਰ ਤੋਂ ਵੀ ਉਦਾਸ ਨਜ਼ਰ ਆ ਰਿਹਾ ਸੀ। ਬੇਬੇ ਜੀ ਇਕੱਲੀ ਹੀ ਮੰਜੇ ਤੇ ਬੈਠੀ ਸਹਿਮੀ ਜਿਹੀ ਅਵਾਜ਼ ਵਿਚ ਘੋੜੀਆਂ ਗਾ ਰਹੀ ਸੀ। ਹਰਜਿੰਦਰ ਸਿੰਘ ਹੈਰਾਨ ਸੀ ਕਿ ਬਜ਼ੁਰਗ ਹਰ ਹਾਲਾਤ ਦਾ ਸਾਹਮਣਾ ਕਿੰਨੀ ਚੰਗੀ ਤਰ੍ਹਾਂ ਕਰ ਲੈਂਦੇ ਨੇ। ਬੇਬੇ ਜੀ ਕਦੋਂ ਦਾ ਕਹਿ ਰਹੇ ਸਨ ਕਿ ਮੈਂ ਦਿਲਪ੍ਰੀਤ ਦਾ ਵਿਆਹ ਦੇਖ ਕੇ ਹੀ ਮਰਨਾ ਹੈ। ਹੁਣ ਜਦੋਂ ਦਿਲਪ੍ਰੀਤ ਦਾ ਵਿਆਹ ਹੋ ਰਿਹਾ ਹੈ ਤਾਂ ਦੇਖ ਵੀ ਨਹੀ ਸਕਦੇ, ਫਿਰ ਵੀ ਘੋੜੀਆਂ ਗਾ ਰਹੇ ਨੇ। ਤੋਸ਼ੀ ਨੇ ਵੀ ਬੇਬੇ ਜੀ ਦੇ ਮਨ ਦੀ ਅਵੱਸਥਾ ਜਾਨਣ ਲਈ ਕਿਹਾ, “ਬੇਬੇ ਜੀ, ਜਿਵੇਂ ਤੁਸੀਂ ਚਾਹੁੰਦੇ ਸੀ ਕਿ ਦਿਲਪ੍ਰੀਤ ਦਾ ਵਿਆਹ ਹੋਵੇ, ਉਸ ਤਰ੍ਹਾਂ ਤਾਂ ਹੋ ਨਹੀਂ ਰਿਹਾ, ਫਿਰ ਵੀ ਤੁਸੀਂ ਗਾ ਰਹੇ ਹੋ ‘ਘੋੜੀ ਤਾਂ ਮੇਰੇ ਵੀਰ ਦੀ ਬਿੰਦਰਾਬਨ ਵਿਚੋਂ ਆਈ’।
“ਮੇਰੇ ਚਾਹੁਣ ਦਾ ਕੀ ਮਤਲਵ, ਵਿਆਹ ਤਾਂ ਉਸ ਤਰ੍ਹਾਂ ਹੋਵੇਗਾ ਜਿਵੇਂ ਰੱਬ ਚਾਹੁੰਦਾ ਹੈ।” ਬੇਬੇ ਜੀ ਨੇ ਕਿਹਾ, “ਜਿਵੇਂ ਉਹ ਕਰਦਾ ਹੈ ਠੀਕ ਆ।”
ਬੇਬੇ ਜੀ ਦਾ ਜਵਾਬ ਸੁਣ ਕੇ ਹਰਜਿੰਦਰ ਸਿੰਘ ਸਮਝ ਗਿਆ ਕਿ ਪੁਰਾਣੇ ਬਜ਼ੁੱਰਗ ਰੱਬ ਨਾਲ ਕਿੰਨੇ ਨੇੜਿਉ ਜੁੜੇ ਹੋਏ ਹੁੰਦੇ ਹਨ, ਜਿਸ ਕਰਕੇ ਉਹ ਹਾਲਾਤਾਂ ਦੀ ਪ੍ਰਵਾਹ ਨਹੀਂ ਕਰਦੇ। ਬੇਬੇ ਜੀ ਤਾਂ ਨਸੀਬ ਕੌਰ ਨੂੰ ਵੀ ਕਹਿ ਰਹੇ ਸਨ, “ਵਿਆਹ ਤੋਂ ਬਾਅਦ ਘਰ ਤਾਂ ਆ ਨਹੀਂ ਸਕੇਗਾ, ਤੂੰ ਉੱਥੇ ਹੀ ਜੋੜੀ ਤੋਂ ਪਾਣੀ ਵਾਰ ਕੇ ਪੀ ਲਵੀਂ।”
ਇਹ ਗੱਲ ਸੁਣ ਕੇ ਨਸੀਬ ਕੌਰ ਦੀਆਂ ਅੱਖਾਂ ਭਰ ਆਈਆਂ, ਪਰ ਉਸ ਨੇ ਹੱਸਦੇ ਕਿਹਾ, “ਚੰਗਾ ਕੀਤਾ ਬੇਬੇ ਜੀ, ਤੁਸੀਂ ਮੈਨੂੰ ਚੇਤੇ ਕਰਾ ਦਿੱਤਾ, ਨਵੀਂ ਲਿਆਂਦੀ ਗੜਬੀ ਮੈਂ ਨਾਲ ਹੀ ਲੈ ਜਾਵਾਂਗੀ।”
“ਬੇਬੇ ਜੀ, ਮੇਰਾ ਦਿਲ ਤਾਂ ਕਰਦਾ ਹੈ ਕਿ ਮੈਂ ਨੱਚਾਂ।” ਮਿੰਦੀ ਨੇ ਕਿਹਾ, “ਮੈ ਤਾਂ ਤੁਹਾਡੇ ਪੁੱਤ ਨੂੰ ਵੀ ਕਿਹਾ ਸੀ ਕਿ ਅਸੀ ਦੋ-ਚਾਰ ਗੁਵਾਂਢਣਾ ਨੂੰ ਸੱਦ ਕੇ ਗਿੱਧਾ ਪਾ ਲੈਂਦੀਆਂ ਹਾਂ, ਪਰ ਇਹ ਕਹਿੰਦੇ ਤੇਰੇ ਦਿਮਾਗ ਨੂੰ ਕੀ ਹੋਇਆ ਆ, ਅਸੀਂ ਤਾਂ ਇਸ ਗੱਲ ਦੀ ਧੂੰ ਵੀ ਬਾਹਰ ਨਹੀ ਨਿਕਲ ਦੇਣੀ ਚਾਹੁੰਦੇ, ਤੂੰ ਨਵੇਂ ਹੀ ਪ੍ਰੋਗਰਾਮ ਬਣਾਉਣ ਲੱਗ ਪਈ।”
“ਗੱਲ ਉਹਦੀ ਵੀ ਠੀਕ ਆ।” ਨਸੀਬ ਕੌਰ ਨੇ ਕਿਹਾ, “ਜਦੋਂ ਜੀ ਕਰਦਾ ਪੁਲੀਸ ਮੂੰਹ ਚੁੱਕ ਕੇ ਆਪਣੇ ਘਰ ਆ ਵੜ੍ਹਦੀ ਆ। ਜੇ ਕਿਤੇ ਪੁਲੀਸ ਨੂੰ ਪਤਾ ਲੱਗ ਗਿਆ ਕਿ ਦਿਲਪ੍ਰੀਤ ਦਾ ਵਿਆਹ ਹੋ ਰਿਹਾ ਹੈ, ਤਾਂ ਫਿਰ ਕਿਹਦੀ ਮਾਂ ਨੂੰ ਮਾਸੀ ਕਵਾਂਗੇ”
“ਮਂੈ ਤਾਂ ਕਹਿੰਦੀ ਹਾਂ ਕਿ ਦਿਲਪ੍ਰੀਤ ਤੜਕੇ ਵੀ ਟੈਮ ਨਾਲ ਪਹੁੰਚ ਜਾਵੇ ਤਾਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੋਵੇਗਾ।” ਬੇਬੇ ਜੀ ਨੇ ਕਿਹਾ, “ਪ੍ਰਮਾਤਮਾ ਅੰਗ –ਸੰਗ ਹੋ ਕੇ ਕਾਰਜ ਨੇਪੜੇ ਚਾੜ੍ਹੇ।”
“ਮਿੰਦੀ ਰਸੌਈ ਵਿਚ ਜਾ ਕੇ ਦੇਖੀਂ, ਮੈਂ ਮੱਠੀ ਜਿਹੀ ਗੈਸ ਤੇ ਮਿੱਠੇ ਚੌਲ ਰੱਖ ਕੇ ਆਈ ਹਾਂ।” ਨਸੀਬ ਕੌਰ ਨੇ ਕਿਹਾ, “ਮੈਂ ਤੇਰੇ ਭਾਜੀ ਦੇ ਕੱਪੜੇ ਪਰੈਸ ਕਰ ਦੇਵਾਂ।”
ਬੇਸ਼ੱਕ ਸਾਰੇ ਪ੍ਰੀਵਾਰ ਨੂੰ ਚਿੰਤਾ ਸੀ ਕਿ ਬਿਨਾ ਅੜਚਨ ਇਹ ਸਾਦਾ ਵਿਆਹ ਠੀਕ ਠਾਕ ਹੋ ਜਾਵੇ, ਫਿਰ ਵੀ ਉਹਨਾਂ ਦੇ ਮਨਾਂ ਅੰਦਰ ਇਕ ਅਨੋਖੀ ਖੁਸ਼ੀ ਵੀ ਸੀ ਜਿਹੜੀ ਉਹਨਾਂ ਦੇ ਕੰੰਮਾਂ ਰਾਹੀਂ ਬਾਹਰ ਆ ਰਹੀ ਸੀ।
ਮਿੰਦੀ ਮਿੱਠੇ ਚੌਲਾਂ ਦੀਆਂ ਪਲੇਟਾਂ ਭਰ ਲਿਆਈ। ਜੋ ਸਾਰੇ ਜਣੇ ਬੇਬੇ ਜੀ ਦੇ ਮੰਜੇ ਦੇ ਕੋਲ ਹੀ ਬੈਠ ਕੇ ਖਾਣ ਲੱਗੇ।
“ਭਾਅ ਜੀ, ਤੁਸੀਂ ਤੇ ਭਾਬੀ ਜੀ ਹੀ ਤੜਕੇ ਚਲੇ ਜਾਇਉ।” ਤੋਸ਼ੀ ਨੇ ਸਲਾਹ ਦਿੱਤੀ, “ਮੈਂ ਤੇ ਮਿੰਦੀ ਘਰ ਹੀ ਬੇਬੇ ਜੀ ਕੋਲ ਰਹਾਂਗੇ।”
“ਮੈਂ ਤਾਂ ਕਹਿੰਦਾ ਸੀ ਕਿ ਤੁਸੀਂ ਵੀ ਚੱਲ ਪੈਂਦੇ।” ਹਰਜਿੰਦਰ ਸਿੰਘ ਨੇ ਮੂੰਹ ਵਿਚ ਚੌਲਾਂ ਦਾ ਚਮਚਾ ਪਾਉਂਦੇ ਹੋਏ ਕਿਹਾ, “ਕਾਕੇ ਨੂੰ ਵੀ ਨਾਲ ਹੀ ਲੈ ਚਲਾਂਗੇ।”
“ਨਹੀਂ ਭਾਅ ਜੀ ਇਸ ਤਰ੍ਹਾਂ ਠੀਕ ਨਹੀ ਰਹਿਣਾ।” ਤੋਸ਼ੀ ਨੇ ਕਿਹਾ, “ਪੁਲੀਸ ਨੂੰ ਝੱਟ ਸ਼ੱਕ ਹੋ ਜਾਣਾ ਏ ਕਿ ਸਾਰੇ ਕਿੱਥੇ ਨੂੰ ਗਏ।”
“ਚਲੋ ਜਿਵੇਂ ਤੁਹਾਡੀ ਸਾਰਿਆਂ ਦੀ ਮਰਜ਼ੀ, ਉਦਾਂ ਹੀ ਕਰ ਲਵਾਂਗੇ।” ਹਰਜਿੰਦਰ ਸਿੰਘ ਤੋਸ਼ੀ ਨਾਲ ਸਹਿਮਤ ਹੁੰਦਿਆਂ ਕਿਹਾ, “ਹਾਂ ਸੱਚ, ਤੋਸ਼ੀ ਕੁਛ ਪਤਾ ਲੱਗਾ, ਜਢੀਰਾਂ ਦੇ ਸਰਪੰਚ ਦੇ ਮੁੰਡੇ ਨੂੰ ਪੁਲੀਸ ਲੈ ਗਈ ਸੀ, ਪੁਲੀਸ ਨੇ ਛੱਡ ਦਿੱਤਾ ਕਿ ਨਹੀਂ।”
“ਅਜੇ ਤਕ ਤਾਂ ਨਹੀਂ ਛੱਡਿਆ।” ਤਾਰੀ ਨੇ ਦੱਸਿਆ, “ਉਹਨਾਂ ਤਾਂ ਰਾਸ਼ਟਰਪਤੀ ਤਕ ਵੀ ਪਹੁੰਚ ਕੀਤੀ, ਮੈਨੂੰ ਇਕ ਨਵੀ ਗੱਲ ਦਾ ਪਤਾ ਲੱਗਾ।”
“ਕੀ?”
“ਆਪਣਾ ਰਾਸ਼ਟਰਪਤੀ ਦਾਰੂ ਦਾ ਤਾਂ ਬਹੁਤ ਹੀ ਸ਼ੋਕੀਨ ਹੈ।”
“ਦਾਰੂ ਦਾ ਹੀ ਨਹੀਂ ਹੋਰ ਵੀ ਬਹੁਤ ਗੱਲਾਂ ਦਾ ਸ਼ੌਕੀਨ ਆ।” ਹਰਜਿੰਦਰ ਸਿੰਘ ਨੇ ਦੱਸਿਆ, “ਚੱਲ ਛੱਡ, ਫਿਰ ਵੀ ਪੰਜਾਬੀ ਭਰਾ ਆ।”
“ਭਾਅ ਜੀ, ਤੁਹਾਡੀ ਇਸ ਗੱਲ ਤੇ ਮੈਨੂੰ ਗੁੱਸਾ ਚੜ੍ਹ ਜਾਂਦਾ ਆ।” ਤੌੋਸ਼ੀ ਬੋਲਿਆ, “ਜੇ ਕੋਈ ਗਲਤ ਹੈ ਤਾਂ ਉਸ ਨੂੰ ਗਲਤ ਹੀ ਕਹਿਣਾ ਚਾਹੀਦਾ ਹੈ, ਚਾਹੇ ਉਹ ਪੰਜਾਬੀ ਹੋਵੇ ਜਾਂ ਕੋਈ ਹੋਰ।”
“ਤੁਸੀਂ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ।” ਬੇਬੇ ਜੀ ਵਿਚੋਂ ਹੀ ਬੋਲੀ, “ਇਹ ਲੜੇ-ਲੀਡਰਾਂ ਦੀਆਂ ਗੱਲਾਂ ਆਪਣੇ ਘਰ ਵਿਚ ਨਾਂ ਕਰਿਆ ਕਰੋ, ਇਹਨਾ ਨੇ ਹੀ ਤਾਂ ਬੇੜੀਆਂ ਵਿਚ ਵੱਟੇ ਪਾਏ ਆ ਜੋ ਅੱਜ ਸਾਡੇ ਵਰਗਿਆਂ ਨੂੰ ਭੁਗਤਨੇ ਪੈ ਰਹੇ ਆ।”
ਬੇਬੇ ਜੀ ਦੀ ਗੱਲ ਸੁਣ ਕੇ ਤੌੋਸ਼ੀ ਹੱਸ ਪਿਆ ਅਤੇ ਕਹਿਣ ਲੱਗਾ, “ਬੇਬੇ ਜੀ ਸਾਨੂੰ ਕਹਿੰਦੇ ਆ ਕਿ ਇਹਨਾਂ ਦੀਆਂ ਗੱਲਾਂ ਨਾ ਕਰੋ ਤੇ ਆਪ ਕਰਨ ਲੱਗ ਪਏ।”
“ਹੋਰ ਕੀ ਫਿਰ।” ਬੇਬੇ ਜੀ ਹੱਸਦੇ ਹੋਏ ਕਹਿਣ ਲੱਗੇ, “ਚਲੋ ਜਾ ਕੇ ਲੰਮੇ ਪਉ, ਸਾਝ੍ਹਰੇ ਉੱਠਣਾ ਵੀ ਹੈ।”
ਹਰਜਿੰਦਰ ਸਿੰਘ ਉੱਠ ਕੇ ਤੁਰ ਪਿਆ ਅਤੇ ਤੋਸ਼ੀ ਵੀ ਕਾਕੇ ਨੂੰ ਲੈ ਕੇ ਮੰਜੇ ਵੱਲ ਨੂੰ ਚੱਲ ਪਿਆ। ਨਸੀਬ ਤੇ ਮਿੰਦੀ ਬੇਬੇ ਜੀ ਦੇ ਕੋਲ ਬੈਠ ਕੇ ਹੌਲੀ ਹੌਲੀ ਫਿਰ ਘੋੜੀਆਂ ਗਾੳਣ ਲੱਗੀਆਂ। ਘੋੜੀਆਂ ਗਾਉਂਦੀ ਨਸੀਬ ਕੌਰ ਦਾ ਦਿਲ ਫਿਰ ਭਰ ਆਇਆ ਤੇ ਉਹ ਬੇਬੇ ਜੀ ਦੇ ਗੋਡੇ ਤੇ ਸਿਰ ਰੱਖ ਕੇ ਸੁਭਕਦੀ ਹੋਈ ਬੋਲੀ, “ਦਿਲਪ੍ਰੀਤ ਨੇ ਕੁਛ ਕੀਤਾ ਤਾਂ ਹੈ ਨਹੀ ਪੁਲੀਸ ਉਸ ਦੇ ਮਗਰ ਕਿਉਂ ਪਈ ਹੈ, ਜੇ ਕਿਤੇ ਅੱਜ ਦਿਲਪ੍ਰੀਤ ਘਰ ਹੁੰਦਾ…।” ਨਸੀਬ ਤੋਂ ਅਗਾਂਹ ਕੁਝ ਵੀ ਬੋਲ ਨਾ ਹੋਇਆ।
ਬੇਬੇ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ, “ਪੁੱਤ, ਮੈਂ ਅੱਗੇ ਵੀ ਕਿਹਾ, ਜੋ ਵਾਹਿਗੁਰੂ ਦੀ ਮਰਜ਼ੀ ਹੈ, ਉਹ ਹੀ ਹੋ ਰਿਹਾ ਹੈ, ਇਸ ਤਰ੍ਹਾਂ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਚੜ੍ਹਦੀ ਕਲਾਂ ਵਿਚ ਰਹਿ ਕੇ ਉਸ ਡਾਢੇ ਦੇ ਹੁਕਮ ਨੂੰ ਮੰਨ ਲੈਣਾ ਚਾਹੀਦਾ ਹੈ, ਮੈਂ ਤਾਂ ਇਹ ਹੀ ਪ੍ਰਮਾਤਮਾ ਕੋੋਲੋਂ ਚਾਹੁੰਦੀ ਹਾਂ ਕਿ ਉਹ ਦਿਲਪ੍ਰੀਤ ਨੂੰ ਠੀਕ-ਠਾਕ ਰੱਖੇ, ਵਿਆਹ ਜਿਵੇਂ ਮਰਜ਼ੀ ਕਰ ਦੇਵੇ।”
ਬੇਬੇ ਜੀ ਦੀ ਗੱਲ ਸੁਣ ਕੇ ਨਸੀਬ ਕੌਰ ਮੁਸਕ੍ਰਾ ਪਈ ਅਤੇ ਫਿਰ ਬੇਬੇ ਜੀ ਅਤੇ ਮਿੰਦੀ ਨਾਲ ਰਲ ਕੇ ਘੋੜੀਆਂ ਗਾਉਣ ਲੱਗੀ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>