ਇੱਕ ਰਾਵਣ ਦਾ ਅੰਤ..!

ਕੁਲਦੀਪ ਸਿੰਘ ਤੇ ਜਗਦੀਪ ਸਿੰਘ ਦੀ ਦੋਸਤੀ ਇੱਕ ਮਿਸਾਲ ਸੀ ਦੂਜਿਆਂ ਲਈ। ਬਚਪਨ ਦੇ ਗੂੜ੍ਹੇ ਸਾਥੀ ਸਨ ਦੋਵੇਂ। ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ। ਦੋਹਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਹਾਲਾਤ ਵੱਸ ਕੁਲਦੀਪ ਸਿੰਘ ਜ਼ਿਆਦਾ ਨਾ ਪੜ੍ਹ ਸਕਿਆ ਤੇ ਪਿਤਾ ਪੁਰਖੇ ਖੇਤੀ ਬਾੜੀ ਦੇ ਕੰਮ ਵਿੱਚ ਜੁੱਟ ਪਿਆ। ਜਦ ਕਿ ਉਸ ਦਾ ਦੋਸਤ ਜਗਦੀਪ ਪੜ੍ਹ ਲਿਖ ਕੇ ਵਕੀਲ ਬਣ ਗਿਆ ਤੇ ਚੰਗੀ ਕਮਾਈ ਕਰਨ ਲੱਗਾ। ਵਕਾਲਤ ਕਰਨ ਲਈ, ਉਹ ਪਿੰਡ ਛੱਡ ਕੇ ਸ਼ਹਿਰ ਚਲਾ ਗਿਆ। ਹੁਣ ਕਿੰਨਾ ਕਿੰਨਾ ਸਮਾਂ ਦੋਹਾਂ ਦਾ ਮੇਲ ਮਿਲਾਪ ਨਾ ਹੁੰਦਾ। ਸਮਾਂ ਪਾ ਕੇ ਦੋਹਾਂ ਦੋਸਤਾਂ ਦੀ ਸ਼ਾਦੀ ਹੋ ਗਈ। ਜਗਦੀਪ ਤਾਂ ਹੁਣ ਸ਼ਹਿਰ ਦਾ ਹੀ ਪੱਕਾ ਬਸ਼ਿੰਦਾ ਬਣ ਗਿਆ। ਕੁਲਦੀਪ ਜਦ ਕਦੇ ਸ਼ਹਿਰ ਜਾਂਦਾ ਤਾਂ ਦੋਸਤ ਨੂੰ ਮਿਲਣ ਦੀ ਤਾਂਘ ਜਾਗਦੀ, ਪਰ ਵਕੀਲ ਦੋਸਤ ਕੋਲ ਹੁਣ ਮਿਲਣ ਦਾ ਵਿਹਲ ਕਿੱਥੇ? ਉਹ ਹੁਣ ਆਪਣੇ ਗਾਹਕਾਂ ਤੋਂ ਬਿਨਾ, ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਮਿਲ ਕੇ ਆਪਣਾ ਵਕਤ ਜ਼ਾਇਆ ਕਰਨ ਤੋਂ ਹਮੇਸ਼ਾ ਗੁਰੇਜ਼ ਕਰਦਾ।

ਹੁਣ ਕੁਲਦੀਪ ਸਿੰਘ ਵੀ ਕਬੀਲਦਾਰ ਹੋ ਗਿਆ ਸੀ। ਉਹ ਦੋ ਸੁੰਦਰ ਸੁਸ਼ੀਲ ਬੇਟੀਆਂ ਦਾ ਬਾਪ ਸੀ। ਵੱਡੀ ਰਜਵੰਤ (ਰੋਜ਼ੀ) ਹੁਣ ਵੀਹ ਸਾਲ ਦੀ ਹੋ ਗਈ ਸੀ ਜੋ ਗਰੈਜੂਏਟ ਕਰਕੇ ਮਾਸਟਰ ਦੀ ਤਿਆਰੀ ਕਰ ਰਹੀ ਸੀ। ਛੋਟੀ ਪਰਮਜੀਤ (ਪਿੰਕੀ) ਅਜੇ ਸਕੂਲ ਵਿੱਚ ਪੜ੍ਹਦੀ ਸੀ। ਭਾਵੇਂ ਉਸ ਦਾ ਖੇਤੀ ਵਿਚੋਂ ਮਸੀਂ ਗੁਜ਼ਾਰਾ ਹੁੰਦਾ ਸੀ, ਪਰ ਉਸ ਦੀ ਜੀਵਨ ਸਾਥਣ ਬਹੁਤ ਸਬਰ ਸ਼ੁਕਰ ਵਾਲੀ ਸੀ। ਦੋਵੇਂ ਜੀਅ ਹਰ ਹਾਲ ਆਪਣੀਆਂ ਧੀਆਂ ਦੇ ਸੁਪਨੇ ਪੂਰੇ ਕਰਨੇ ਚਾਹੁੰਦੇ ਸੀ। ਉੱਧਰ ਜਗਦੀਪ ਦੇ ਘਰ ਭਾਵੇਂ ਅੰਨ੍ਹਾਂ ਪੈਸਾ ਸੀ, ਪਰ ਉਸ ਦੀ ਬੀਵੀ ਹਮੇਸ਼ਾ ਕੋਈ ਨਾ ਕੋਈ ਸ਼ਿਕਾਇਤ ਕਰਦੀ ਹੀ ਰਹਿੰਦੀ। ਲੜਾਈ ਝਗੜੇ ਵਾਲੇ ਘਰੇਲੂ ਮਹੌਲ ਵਿੱਚ ਹੀ ਉਸ ਦੇ ਲੜਕਾ ਲੜਕੀ ਵੀ ਜਵਾਨ ਹੋ ਗਏ ਸਨ। ਖੁਲ੍ਹਾ ਖਰਚ ਪਰ ਮਾਪਿਆਂ ਵਲੋਂ ਅਣਗਹਿਲੀ ਕਾਰਨ ਦੋਵੇਂ ਬੱਚੇ ਆਪਹੁਦਰੇ ਸਨ। ਲੜਕੇ ਨੇ ਤਾਂ ਆਪਣੀ ਮਰਜ਼ੀ ਨਾਲ ਲਵ- ਮੈਰਿਜ ਵੀ ਕਰਵਾ ਲਈ ਜਦ ਕਿ- ਕਾਲਜ ਪੜ੍ਹਦੀ ਲੜਕੀ ਵੀ ਆਪਣੇ ਬੁਆਏ ਫਰੈਂਡ ਨਾਲ ਬਾਹਰ ਰਾਤਾਂ ਗੁਜ਼ਾਰ ਆਉਂਦੀ।

ਕਹਿੰਦੇ ਹਨ ਕਿ- ਜ਼ਿੰਦਗੀ ਕਈ ਬਾਰ ਚੰਗੇ ਬੰਦਿਆਂ ਦੇ ਵੀ ਇਮਤਿਹਾਨ ਲੈਂਦੀ ਹੈ। ਇੱਕ ਦਿਨ ਕੁਲਦੀਪ ਸਿੰਘ ਦਾ, ਆਪਣੇ ਗੁਆਂਢੀ ਜ਼ਿਮੀਦਾਰ ਨਾਲ, ਪਾਣੀ ਦੀ ਵਾਰੀ ਤੋਂ ਝਗੜਾ ਹੋ  ਗਿਆ। ਗੁੱਸੇ ਵਿੱਚ ਆ ਕੇ ਇਸ ਤੋਂ ਕਹੀ ਉਸ ਦੇ ਨੌਕਰ ਦੇ ਮਾਰੀ ਗਈ। ਭਾਵੇਂ ਕੋਈ ਖਾਸ ਫੱਟ ਨਹੀਂ ਸੀ ਲੱਗਾ- ਪਰ ਅਗਲਿਆਂ ਨੇ ਕੇਸ ਕਰ ਦਿੱਤਾ। ਪੁਲਿਸ ਕੁਲਦੀਪ ਸਿੰਘ ਨੂੰ ਫੜ ਕੇ ਲੈ ਗਈ। ਮਸਾਂ ਜਮਾਨਤ ਹੋਈ ਪਰ ਕੇਸ ਚੱਲ ਪਿਆ। ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ। ਰੋਜ਼ੀ ਹੋਰ ਪੜ੍ਹਨ ਦਾ ਖਿਆਲ ਛੱਡ, ਨੌਕਰੀ ਲੱਭਣ ਲੱਗੀ। ਪਰ ਨੌਕਰੀ ਕਿਹੜਾ ਧਰੀ ਪਈ ਸੀ। ਬੇਵਸ ਹੋਏ ਕੁਲਦੀਪ ਸਿੰਘ ਨੂੰ ਆਪਣੇ ਵਕੀਲ ਦੋਸਤ ਦਾ ਖਿਆਲ ਆਇਆ। ਉਹ ਦੋਵੇਂ ਪਿਓ ਧੀ, ਸ਼ਹਿਰ ਉਸ ਕੋਲ ਮਦਦ ਲਈ ਗਏ। ਆਪਣੀ ਸਮੱਸਿਆ ਦੱਸੀ। ਰੋਜ਼ੀ ਦਾ ਗੋਰਾ ਨਿਸ਼ੋਹ ਰੰਗ, ਭਰਵਾਂ ਸਰੀਰ, ਸਰੂ ਵਰਗਾ ਕੱਦ, ਚਿਹਰੇ ਤੇ ਮਾਸੂਮੀਅਤ ਦੇਖ, ਵਕੀਲ ਸਾਹਿਬ ਦਾ ਦਿਲ ਬੇਈਮਾਨ ਹੋ ਗਿਆ। ਜਦ ਰੋਜ਼ੀ ਨੇ ਆਪਣੇ ਪਿਤਾ ਸਮਾਨ ਅੰਕਲ ਨੂੰ, ਆਪਣੇ ਪਿਤਾ ਦੇ ਕੇਸ ਦੀ ਪੈਰਵੀ ਕਰਨ ਲਈ ਵਾਸਤਾ ਪਾਇਆ ਤਾਂ ਉਸ ਨੇ ਰੋਜ਼ੀ ਨੂੰ ਗਲਵੱਕੜੀ ਵਿੱਚ ਲੈਂਦੇ ਹੋਏ ਕਿਹਾ-

‘ਕੋਈ ਫਿਕਰ ਨਾ ਕਰ, ਮੈਂ ਤੇਰੇ ਬਾਪ ਨੂੰ ਬਰੀ ਕਰਾਉਣ ਲਈ ਆਪਣਾ ਸਾਰਾ ਜ਼ੋਰ ਲਾ ਦਿਆਂਗਾ’।
‘ਜੇ ਕਿਤੇ ਇਸ ਨੂੰ ਛੋਟੀ ਮੋਟੀ ਨੌਕਰੀ ਮਿਲ ਜਾਵੇ ਤਾਂ..! ਪਰ ਜਵਾਨ ਬੇਟੀ ਨੂੰ ਸ਼ਹਿਰ ਭੇਜਣ ਤੋਂ ਵੀ ਡਰ ਲਗਦਾ..!’ ਗੱਲ ਅਜੇ ਕੁਲਦੀਪ ਦੇ ਮੂੰਹ ਵਿੱਚ ਹੀ ਸੀ ਕਿ ਵਕੀਲ ਸਾਹਿਬ ਬੋਲ ਪਏ-

‘ਓ ਯਾਰ ..ਇਹ ਤੇਰੀ ਧੀ ਮੇਰੀ ਵੀ ਕੁੱਝ ਲਗਦੀ ਆ..ਤੂੰ ਇਹ ਫਿਕਰ ਮੇਰੇ ਤੇ ਛੱਡ ਦੇਹ..ਇਹ ਹੁਣ ਮੇਰੇ ਕੋਲ ਕੰਮ ਕਰੇਗੀ..!’
ਕੁਲਦੀਪ ਆਪਣੇ ਇਸ ਰੱਬ ਬਣ ਕੇ ਬਹੁੜੇ ਦੋਸਤ ਦੇ ਅਹਿਸਾਨਾਂ ਥੱਲੇ ਦਬਦਾ ਜਾ ਰਿਹਾ ਸੀ। ਉਹ ਭੋਲਾ ਭਾਲਾ ਇਨਸਾਨ ਵਕੀਲ ਸਾਹਿਬ ਦੇ ਅੰਦਰੋਂ ਬੋਲ ਰਹੇ ਸ਼ੈਤਾਨ ਨੂੰ ਨਾ ਸਮਝ ਸਕਿਆ। ਉਸ ਨੂੰ ਲੱਗਾ ਕਿ ਇਹ ਮੇਰੀ ਧੀ ਨੂੰ, ਆਪਣੀ ਧੀ ਸਮਝ ਕੇ ਪਿਆਰ ਜਤਾ ਰਿਹਾ ਹੈ।

ਰੋਜ਼ੀ ਨੇ ਮਿਹਨਤ ਤੇ ਲਿਆਕਤ ਸਦਕਾ, ਛੇਤੀ ਹੀ ਵਕੀਲ ਸਾਹਿਬ ਦੇ ਕੈਬਿਨ ਦਾ ਸਾਰਾ ਕੰਮ ਸੰਭਾਲ ਲਿਆ। ਉਹ ਸਵੇਰ ਤੋਂ ਸ਼ਾਮ ਤੱਕ ਆਪਣੇ ਕੰਮ ਵਿੱਚ ਵਿਅਸਤ ਰਹਿੰਦੀ। ਹਰੇਕ ਕੇਸ ਦੀ ਫਾਈਲ ਤਿਆਰ ਕਰਨਾ, ਪਬਲਿਕ ਨੂੰ ਵੀ ਡੀਲ ਕਰਨਾ ਤੇ ਕਈ ਵਾਰੀ ਵਕੀਲ ਸਾਹਿਬ ਦੇ ਨਾਲ ਫਾਈਲਾਂ ਲੈ ਕੇ ਕੋਰਟ ਵੀ ਜਾਣਾ। ਉਸ ਦੇ ਮਿੱਠ-ਬੋਲੜੇ ਸੁਭਾਉ ਕਾਰਨ ਹੁਣ ਵਕੀਲ ਸਾਹਿਬ ਦੀ ਪ੍ਰੈਕਟਿਸ ਖੂਬ ਚਮਕ ਪਈ ਸੀ। ਉਸ ਦੇ ਨਾਲ ਕੰਮ ਕਰਦਾ ਇੱਕ ਹੋਰ ਨੌਜਵਾਨ ਲੜਕਾ, ਉਸ ਦੇ ਮਿਹਨਤੀ ਸੁਭਾਅ ਕਾਰਨ, ਉਸ ਦੀ ਬਹੁਤ ਇੱਜ਼ਤ ਕਰਦਾ। ਰੋਜ਼ੀ ਕੰਮ ਨੂੰ ਤਾਂ ਪੂਜਾ ਸਮਝ ਕੇ ਕਰਦੀ- ਪਰ ਉਸ ਨੂੰ ਵਕੀਲ ਸਾਹਿਬ ਦੀ ਸ਼ਰਾਰਤ ਭਰੀ ਤੱਕਣੀ ਅਤੇ ਬਾਰ ਬਾਰ ਜੱਫੀਆਂ ਪਾਉਣਾ.. ਹੱਥ ਫੜ ਲੈਣਾ..ਉੱਕਾ ਹੀ ਪਸੰਦ ਨਹੀਂ ਸੀ। ਪਰ ਉਹ ਆਪਣੇ ਪਿਤਾ ਜੀ ਦੇ ਬਰੀ ਹੋਣ ਤੱਕ ਸਭ ਕੁੱਝ ਬਰਦਾਸ਼ਤ ਕਰੀ ਗਈ।

ਅੱਜ ਉਸ ਦੇ ਪਿਤਾ ਜੀ ਬਰੀ ਹੋ ਗਏ ਸਨ। ਘਰ ਦਾ ਮਹੌਲ ਖੁਸ਼ਗਵਾਰ ਸੀ। ਪਿਤਾ ਨੇ  ਰੋਜ਼ੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ, ਰੱਬ ਦੇ ਨਾਲ ਹੀ, ਆਪਣੇ ਦੋਸਤ ਦਾ ਵੀ ਸ਼ੁਕਰਾਨਾ ਕੀਤਾ। ਉਸ ਦਾ ਦਿਲ ਕੀਤਾ ਕਿ ਪਿਤਾ ਨੂੰ ਸਾਫ ਸਾਫ ਉਸ ਦੀਆਂ ਕਰਤੂਤਾਂ ਦੱਸ ਦੇਵੇ, ਪਰ ਪਿਤਾ ਜੀ ਦੇ ਚਿਹਰੇ ਦੀ ਰੌਣਕ ਅੱਜ ਬੜੇ ਚਿਰਾਂ ਬਾਅਦ ਪਰਤੀ ਸੀ- ਜਿਸ ਨੂੰ ਉਹ ਇੰਨੀ ਛੇਤੀ ਗੁਆਉਣਾ ਨਹੀਂ ਸੀ ਚਾਹੁੰਦੀ। ਤਾਂ ਵੀ ਉਸ ਦੇ ਮੂੰਹੋਂ ਇੰਨਾ ਤਾਂ ਨਿਕਲ ਹੀ ਗਿਆ-

‘ਪਿਤਾ ਜੀ ਕਿਸੇ ਬੰਦੇ ਦੀ ਰੱਬ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ..ਬੰਦਿਆਂ ਵਿੱਚ ਸੌ ਔਗੁਣ ਹੁੰਦੇ ਨੇ.. ਪਰ ਰੱਬ ਤਾਂ ਇਸ ਸਭ ਕਾਸੇ ਤੋਂ ਨਿਰਲੇਪ ਹੈ’।

‘ਪੁੱਤਰ ਇਹਨਾਂ ਬੰਦਿਆਂ ਨੂੰ ਵੀ ਰੱਬ ਹੀ ਭੇਜਦਾ..ਸਾਡੇ ਵਰਗਿਆਂ ਦੀ ਮਦਦ ਲਈ..!’ ਸੁਣ ਉਹ ਚੁੱਪ ਹੋ ਗਈ।
ਭਾਵੇਂ ਰੋਜ਼ੀ ਨੂੰ ਆਪਣੇ ਕੰਮ ਦੀ ਵਧੀਆ ਤਨਖਾਹ ਮਿਲ ਜਾਂਦੀ ਸੀ, ਜਿਸ ਕਾਰਨ ਘਰ ਦੀ ਆਰਥਿਕ ਹਾਲਤ ਕੁੱਝ ਸੁਧਰ ਗਈ ਸੀ- ਪਰ ਉਹ ਕਿਸੇ ਤਰ੍ਹਾਂ ਹੁਣ ਉਸ ਦੇ ਚੁੰਗਲ ‘ਚੋਂ ਬਾਹਰ ਨਿਕਲਣ ਦੀ ਸੋਚ ਰਹੀ ਸੀ। ਇਸ ਲਈ ਪਹਿਲਾਂ ਮਾਪਿਆਂ ਨੂੰ ਰਾਜ਼ੀ ਕਰਨਾ ਜਰੂਰੀ ਸੀ। ਪਰ ਜਿਉਂ ਹੀ ਉਹ ਕਦੇ ਇਸ ਸਬੰਧ ਵਿੱਚ ਕੁੱਝ ਕਹਿਣ ਲਗਦੀ- ਮਾਪੇ ਝਿੜਕ ਕੇ ਚੁੱਪ ਕਰਾ ਦਿੰਦੇ ਕਿ- ‘ਤੈਂਨੂੰ ਗਲਤ ਫਹਿਮੀ ਹੋਈ ਹੈ..ਉਹ ਤੇਰੇ ਬਾਪ ਸਮਾਨ ਹੈ’।

‘ਇੱਕ ਲੜਕੀ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਮਾਂ-ਬਾਪ ਨਾਲ ਹੁੰਦਾ ਹੈ.. ਪਰ ਜੇ ਮੇਰੇ ਮਾਂ ਬਾਪ ਹੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਹੋਰ ਕਿਸੇ ਤੋਂ ਮੈਂ ਕੀ ਆਸ ਰੱਖਾਂ? ਜੇ ਕੱਲ੍ਹ ਨੂੰ ਕੋਈ ਮੰਦਭਾਗੀ ਘਟਨਾ ਮੇਰੇ ਨਾਲ ਵਾਪਰ ਗਈ.. ਤਾਂ ਕੀ ਇਹ ਸਮਾਜ ਮੇਰਾ ਸਾਥ ਦੇਵੇਗਾ..? ਕਦੇ ਨਹੀਂ..! ਇਸ ਨੇ ਤਾਂ ਸੀਤਾ ਮਾਤਾ ਨੂੰ ਨਹੀਂ ਬਖਸ਼ਿਆ..!’ ਉਹ ਮਨ ਹੀ ਮਨ ਉਬਲਦੀ ਰਹੀ।
ਉਸ ਦਾ ਦਿੱਲ ਕੀਤਾ ਕਿ- ਕਿਸੇ ਦੇ ਮੋਢੇ ਸਿਰ ਧਰ, ਦਿੱਲ ਹੌਲਾ ਕਰੇ..ਪਰ ਕਿਸ ਦੇ?..ਭੈਣ ਵੀ ਛੋਟੀ ਸੀ..ਵੈਸੇ ਉਹ ਉਸ ਨੂੰ ਕੁੱਝ ਦੱਸ ਕੇ ਡਿਸਟਰਬ ਵੀ ਨਹੀਂ ਸੀ ਕਰਨਾ ਚਾਹੁੰਦੀ, ਮਤੇ ਉਸ ਦੀ ਪੜ੍ਹਾਈ ਤੇ ਅਸਰ ਪਵੇ। ਕਿਸੇ ਸਹੇਲੀ ਨਾਲ ਗੱਲ ਕਰਕੇ, ਉਹ ਬਦਨਾਮ ਹੋਣਾ ਨਹੀਂ ਸੀ ਚਾਹੁੰਦੀ। ਆਖਿਰ ਉਹ ਕਰੇ ਤਾਂ ਕੀ ਕਰੇ..? ਇਸੇ ਕਸ਼ਮਕਸ਼ ਵਿੱਚ ਉਹ ਦਿਨ ਕਟੀ ਕਰ ਰਹੀ ਸੀ।
‘ਕੋਈ ਹੋਰ ਜੌਬ ਹੱਥ ‘ਚ ਕਰਕੇ, ਇਸ ਕਮੀਨੇ ਨੂੰ ਅਸਤੀਫਾ ਦੇ ਦਿਆਂਗੀ’ ਇਹ ਸੋਚ ਉਸ ਇੱਕ ਦੋ ਜੌਬ ਲਈ ਅਪਲਾਈ ਕਰ ਦਿੱਤਾ।

‘ਉਹ ਲਗਦੀ ਵਾਹ ਉਸ ਨੂੰ ਇਕੱਲਿਆਂ ਕਦੇ ਨਹੀਂ ਮਿਲੇਗੀ..’ ਉਸ ਆਪਣੇ ਮਨ ਨਾਲ  ਫੈਸਲਾ ਕੀਤਾ।

ਇੱਧਰ ਵਕੀਲ ਹੁਣ ਕੋਈ ਬਹਾਨਾ ਭਾਲਦਾ ਸੀ..ਉਸ ਨੂੰ ਇਕੱਲੇ ਮਿਲਣ ਦਾ। ਇੱਕ ਦਿਨ ਉਹ ਧੋਖੇ ਨਾਲ ਕੋਰਟ ਕੇਸ ਲਿਜਾਣ ਦੇ ਬਹਾਨੇ ਉਸ ਨੂੰ ਇੱਕ ਹੋਟਲ ਵਿੱਚ ਲੈ ਗਿਆ ਤੇ ਉਸ ਦਾ ਹੱਥ ਫੜ ਕੇ ਕਹਿਣ ਲੱਗਾ-

‘ਅੱਜ ਏਥੇ ਰੁਕਣਾ ਪਏਗਾ..ਕੱਲ ਕੇਸ ਦੀ ਸੁਣਵਾਈ ਹੈ..ਮੈਂ ਹੋਟਲ ਦੇ ਦੋ ਕਮਰੇ ਬੁੱਕ ਕਰਾ ਲਏ ਹਨ..ਡੌਂਟ ਵਰੀ!’ ਰੋਜ਼ੀ ਨੂੰ ਦਾਲ ਵਿੱਚ ਕੁੱਝ ਕਾਲਾ ਲੱਗਾ। ਉਹ ਥੱਕੀ ਹੋਣ ਦਾ ਬਹਾਨਾ ਕਰਕੇ, ਹੋਟਲ ਦੇ ਆਪਣੇ ਕਮਰੇ ਵਿੱਚ ਚਲੀ ਗਈ।

‘ਮੇਰਾ ਕਮਰਾ ਇਹ ਨਾਲ ਦਾ ਹੀ ਹੈ.. ਕਿਸੇ ਤਰ੍ਹਾਂ ਦੀ ਲੋੜ ਹੋਈ ਤਾਂ ਦੱਸ ਦੇਵੀਂ..ਝਿਜਕਣ ਦੀ ਲੋੜ ਨਹੀਂ..ਮੈਂ ਤੇਰਾ ਆਪਣਾ ਹਾਂ..’ ਉਹ ਬੋਲੀ ਜਾ ਰਿਹਾ ਸੀ- ਪਰ ਰੋਜ਼ੀ ਸਭ ਅਣਸੁਣਿਆਂ ਕਰ ਰਹੀ ਸੀ।

‘ਮੇਰਾ ਸਿਰ ਫਟ ਰਿਹਾ ਹੈ, ਕਿਰਪਾ ਕਰਕੇ ਮੈਂਨੂੰ ਸੌਂ ਜਾਣ ਦਿਓ ਸਰ..’ ਕਹਿ ਉਹ ਪਰਸ ਵਿਚੋਂ ਸਿਰ ਦਰਦ ਦੀ ਗੋਲੀ ਲੱਭਣ ਲੱਗੀ। ਉਸ ਦੀਆਂ ਹਰਕਤਾਂ ਦੇਖ, ਹੁਣ ਉਸ ਨੂੰ ਅੰਕਲ ਕਹਿਣ ਨੂੰ ਵੀ, ਉਸ ਦਾ ਜੀਅ ਨਹੀਂ ਸੀ ਕਰਦਾ। ਉਸ ਦੀ ਪਿੱਠ ਮੋੜਨ ਦੀ ਦੇਰ ਸੀ, ਕਿ ਵਕੀਲ ਸਾਹਿਬ ਨੇ ਪਾਣੀ ਵਿੱਚ ਕੁੱਝ ਮਿਲਾ ਦਿੱਤਾ। ਰੋਜ਼ੀ ਨੇ ਬੇ-ਧਿਆਨੇ ਵਿੱਚ ਹੀ ਗੋਲੀ ਖਾ ਲਈ ਤੇ ਕੁੰਡੀ ਬੰਦ ਕਰਨ ਲੱਗੀ। ਵਕੀਲ ਦੇ ਅੰਦਰ ਬੈਠੇ ਹੈਵਾਨ ਨੇ ਕਮਰੇ ਦੀ ਚਾਬੀ ਪਹਿਲਾਂ ਹੀ ਚੁੱਕ ਲਈ ਸੀ।

ਛੇਤੀ ਹੀ ਰੋਜ਼ੀ ਨੂੰ ਬੇਹੋਸ਼ੀ ਵਾਲੀ ਨੀਂਦ ਆ ਗਈ। ਉਸ ਤੋਂ ਬਾਅਦ ਉਸ ਨਾਲ ਕੀ ਹੋਇਆ- ਉਸ ਨੂੰ ਕੁੱਝ ਪਤਾ ਨਹੀਂ। ਸਵੇਰੇ ਜਦ ਉਹ ਹੋਸ਼ ਵਿੱਚ ਆਈ ਤਾਂ ਆਪਣਾ ਹੁਲੀਆ ਦੇਖ, ਉਹ ਘਬਰਾ ਗਈ। ਜਿਸ ਦਾ ਡਰ ਸੀ ਉਸ ਨੂੰ, ਉਹੀ ਭਾਣਾ ਵਾਪਰ ਗਿਆ ਸੀ ਉਸ ਨਾਲ!

‘ਕਿਹੜਾ ਮੂੰਹ ਲੈ ਕੇ ਘਰ ਜਾਵਾਂ..?’ ਉਹ ਧੁਰ ਅੰਦਰ ਤੱਕ ਕੰਬ ਗਈ।

‘ਕਮੀਨੇ ਤੈਨੂੰ ਵੀ ਹਿਸਾਬ ਭੁਗਤਣਾ ਪਏਗਾ..’ ਦੂਜੇ ਹੀ ਪਲ, ਬਦਲੇ ਦੀ ਭਾਵਨਾ ਨਾਲ ਉਸ ਦਾ ਅੰਦਰ ਉਬਾਲੇ ਖਾਣ ਲੱਗਾ।
‘ਕਿਸੇ ਕੋਲ ਗੱਲ ਨਾ ਕਰੀਂ..ਮੇਰੇ ਤੇ ਤਾਂ ਕਿਸੇ ਨੇ ਸ਼ੱਕ ਨਹੀਂ ਕਰਨਾ..ਤੇਰੀ ਬਦਨਾਮੀ ਹੋਏਗੀ..’ ਉਹ ਕੋਲ ਖੜਾ ਖਚਰੀ ਹਾਸੀ ਹੱਸ ਰਿਹਾ ਸੀ।

ਉਹ ਕੁੱਝ ਨਾ ਬੋਲੀ। ਬਾਥ ਰੂਮ ਗਈ..ਆਪਣੇ ਆਪ ਨੂੰ ਸੰਭਾਲਿਆ..ਪਰਸ ਵਿਚੋਂ ਫੇਰ ਗੋਲੀ ਲੱਭਣ ਦੀ ਕੋਸ਼ਿਸ਼ ਕਰਦੀ ਨੂੰ, ਰਸਤੇ ਵਿੱਚ ਸੇਬ ਕੱਟਣ ਲਈ ਰੱਖਿਆ ਚਾਕੂ ਹੱਥ ਲੱਗ ਗਿਆ।

‘ਸਿਰ ਦਰਦ ਦੀ ਦਵਾਈ ਲਿਆ ਦਿਆਂ..?’ ਕਹਿੰਦਿਆਂ ਹੋਇਆਂ ਜਿਉਂ ਹੀ ਉਹ ਨੇੜੇ ਹੋਇਆ.. ਤਾਂ ਉਸ ਫੁਰਤੀ ਨਾਲ ਚਾਕੂ ਉਸ ਦੀਆਂ ਰਗਾਂ ਤੇ ਇੰਨੀ ਜ਼ੋਰ ਦੀ ਫੇਰਿਆ ਕਿ ਉਹ ਉਥੇ ਹੀ ਢੇਰੀ ਹੋ ਗਿਆ।

ਹੋਟਲ ਵਿੱਚ ਰੌਲ਼ਾ ਪੈ ਗਿਆ..ਵਕੀਲ ਜਗਦੀਪ ਸਿੰਘ ਦਾ ਕਤਲ ਹੋ ਗਿਆ..ਪੁਲਿਸ ਆਈ.. ਰੋਜ਼ੀ ਨੇ ਗੁਨਾਹ ਕਬੂਲ ਕਰ ਲਿਆ। ਉਸ ਨੂੰ ਸਜ਼ਾ ਦਾ ਕੋਈ ਡਰ ਨਹੀਂ ਸੀ..ਸਗੋਂ ਉਸ ਦੇ ਚਿਹਰੇ ਤੇ ਜਿੱਤ ਦੀ ਖੁਸ਼ੀ ਸੀ ਤੇ ਉਸ ਦੇ ਮਨ ਨੂੰ ਤਸੱਲੀ ਸੀ ਕਿ- ਉਸ ਨੇ ਇੱਕ ਰਾਵਣ ਦਾ ਅੰਤ ਕੀਤਾ ਹੈ।

ਦੁਸਹਿਰੇ ਤੋਂ ਅਗਲੇ ਦਿਨ ਰੋਜ਼ੀ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਉਸ ਦੇ ਪਿਤਾ ਨੂੰ ਪਛਤਾਵਾ ਸੀ ਕਿ- ਉਸ ਨੇ ਧੀ ਦੀ ਗੱਲ ਅਣਸੁਣੀ ਕਿਊਂ ਕਰ ਛੱਡੀ? ਪਰ ਹੁਣ ਕੀ ਹੋ ਸਕਦਾ ਸੀ? ਉਸ ਨੇ ਧੀ ਨੂੰ ਬਰੀ ਕਰਾਉਣ ਲਈ ਪੂਰੀ ਵਾਹ ਲਾਈ। ਪਰ ਰੋਜ਼ੀ ਨੇ ਆਪਣੇ ਬਿਆਨ ਵਿੱਚ ਕਿਹਾ-

“ਕਾਗਜ਼ਾਂ ਦੇ ਰਾਵਣ ਨੂੰ ਫੂਕਣ ਵਾਲਿਓ..ਮੈਂਨੂੰ ਪਤਾ ਸੀ ਕਿ ਇਸ ਰਾਵਣ ਨੂੰ ਕੋਈ ਸਜ਼ਾ ਨਹੀਂ ਹੋਣੀ..ਕਿਊਕਿ ਇਹ ਰਾਵਣ ਇੱਕ ਸ਼ਾਤਰ ਦਿਮਾਗ ਵਕੀਲ ਸੀ..ਸਿਆਸੀ ਬੰਦਿਆਂ ਤੱਕ ਇਸ ਦੀ ਪਹੁੰਚ ਸੀ..ਜੇ ਇਹ ਜਿਉਂਦਾ ਰਹਿੰਦਾ ਤਾਂ ਪਤਾ ਨਹੀਂ ਕਿੰਨੀਆਂ ਸੀਤਾ ਸਵਿੱਤਰੀਆਂ ਦੇ ਸਤ ਭੰਗ ਕਰਦਾ..ਇਹ ਦਸ ਸਿਰਾਂ ਵਾਲੇ ਰਾਵਣ ਤੋਂ ਵੀ ਵੱਧ ਖਤਰਨਾਕ ਸੀ..ਇਸੇ ਲਈ ਮੈਂ ਇਸ ਦਾ ਅੰਤ ਕੀਤਾ ਹੈ..ਹੁਣ ਤੁਸੀਂ ਮੈਂਨੂੰ ਇਸ ਗੁਨਾਹ ਬਦਲੇ ਜੋ ਵੀ ਸਜ਼ਾ ਦਿਓ..ਮੈਂ ਭੁਗਤਣ ਲਈ ਤਿਆਰ ਹਾਂ..”
ਉਸ ਦੇ ਪਿੰਡ ਦੇ ਲੋਕ ਮੂੰਹ ਵਿੱਚ ਉਂਗਲਾਂ ਪਾਈ, ਇੱਕ ਲੜਕੀ ਦੇ ਹੌਸਲੇ ਦੀ ਦਾਦ ਦੇ ਰਹੇ ਸਨ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>