ਹੱਕ ਲਈ ਲੜਿਆ ਸੱਚ – (ਭਾਗ-61)

ਕਮਰੇ ਵਿਚ ਅੰਗੀਠੀ ਤੇ ਰੱਖੇ ਟਾਈਮਪੀਸ ਨੇ ਤਿੰਨ ਵਜਾਏ ਤਾਂ ਦੀਪੀ ਇੰਝ ਉੱਠੀ ਜਿਵੇਂ ਸਾਰੀ ਰਾਤ ਸੁੱਤੀ ਹੀ ਨਾਂ ਹੋਵੇ। ਉਦੋਂ ਹੀ ਸੁਰਜੀਤ ਕਮਰੇ ਅੰਦਰ ਦਾਖਲ ਹੋਈ ਅਤੇ ਬੋਲੀ, “ਦੀਪੀ ਪੁੱਤ ਛੇਤੀ ਕਰ ਨਾਅ੍ਹ ਕੇ ਸੂਟ ਪਾ ਲਾ। ਸੂਟ ਤੇਰਾ ਪਰੈਸ ਕਰਕੇ ਗੁਸਲਖਾਨੇ ਦੇ ਵਿਚ ਰੱਖ ਦਿੱਤਾ ਹੈ।”
ਜਦੋਂ ਦੀਪੀ ਨਹਾ ਰਹੀ ਸੀ ਤਾਂ ਗਿਆਨ ਕੌਰ ਨੇ ਕਿਹਾ, “ਸੁਰਜੀਤ ਤੂੰ ਆਪਣੇ ਭਰਾ ਅਤੇ ਮਾਂ ਨੂੰ ਦੀਪੀ ਦੇ ਵਿਆਹ ਬਾਰੇ ਦੱਸ ਹੀ ਦੇਂਦੀ।”
“ਤਾਈ ਜੀ, ਉਹਨਾਂ ਨੂੰ ਬੁਲਾ ਲੈਂਦੇ ਤੇ ਫਿਰ ਬਾਕੀ ਦੇ ਰਿਸ਼ਤੇਦਾਰਾਂ ਨੇ ਗੁੱਸਾ ਕਰ ਲੈਣਾ ਸੀ ਕਿ ਆਪਣੀ ਮਾਂ ਤੇ ਭਰਾ ਨੂੰ ਬੁਲਾ ਲਿਆ ਅਸੀ ਮਾੜੇ ਹਾਂ।”
“ਪੁੱਤ, ਗੱਲ ਤਾਂ ਤੇਰੀ ਠੀਕ ਹੈ।” ਗਿਆਨ ਕੌਰ ਨੇ ਹਾਉਂਕਾ ਜਿਹਾ ਲੈ ਕੇ ਕਿਹਾ, “ਜੋ ਪ੍ਰਭ ਭਾਵੇ ਸਾਈ ਗੱਲ ਚੰਗੀ।”
ਦੇਖਣ ਤੋਂ ਲਗ ਰਿਹਾ ਸੀ ਕਿ ਦੀਪੀ ਨਾਂ ਹੀ ਉਦਾਸ ਹੈ ਅਤੇ ਨਾਂ ਹੀ ਖੁਸ਼, ਪਰ ਉਸ ਵੇਲੇ ਉਸਦਾ ਮਨ ਜ਼ਰੂਰ ਭਰ ਆਇਆ ਜਦੋਂ ਉਸ ਦੀ ਦਾਦੀ ਇਕਲੀ ਹੀ ਗੁਸਲਖਾਨੇ ਦੇ ਬੂਹੇ ਅੱਗੇ ਖੜ੍ਹੀ ਗਾ ਰਹੀ ਸੀ ‘ ਇਸ ਵੇਲੇ ਕੋਣ ਸੂ ਲੋੜੀ ਦਾ ਭੈਣੇ, ਕੌਣ ਸੂ ਲੋੜੀ ਦਾ, ਇਸ ਵੇਲੇ ਮਾਮਾ ਜ਼ਰੂਰ ਲੋੜੀ ਦਾ ਭੈਣੇ ਮਾਮਾ ਜ਼ਰੂਰ ਲੋੜੀ ਦਾ’
ਪਰ ਦੀਪੀ ਨੇ ਆਪਣੇ ਮਨ ਨੂੰ ਕਾਬੂ ਵਿਚ ਰੱਖਿਆ, ਉਸ ਨੂੰ ਪਤਾ ਸੀ ਕਿ ਜੇ ਇਕ ਵਾਰੀ ਵੀ ਉਸ ਦਾ ਮਨ ਭਰ ਆਇਆ ਤਾਂ ਸਾਰੇ ਟੱਬਰ ਨੇ ਹੀ ਰੋਣ ਲੱਗ ਪੈਣਾ ਹੈ। ਫਿਰ ਵੀ ਗੁਰਦੁਆਰੇ ਨੂੰ ਜਾਣ ਤੋਂ ਪਹਿਲਾਂ ਉਹ ਇੰਦਰ ਸਿੰਘ ਨੂੰ ਮਿਲਣ ਗਈ ਤਾਂ ਉਸ ਦਾ ਮਨ ਉਛਲ ਆਇਆ। ਇੰਦਰ ਸਿੰਘ ਨੇ ਉਸ ਨੂੰ ਕਲਾਵੇ ਵਿਚ ਲੈ ਕੇ ਹਜ਼ਾਰ ਰੁਪੱਈਆ ਦਿੱਤਾ। ਗਿਆਨ ਕੌਰ ਨੇ ਪੈਸੇ ਫੜ੍ਹ ਲਏ ਆਪਣੇ ਕੋਲੋ ਹੋਰ ਰਲਾ ਕੇ ਉਸ ਦੇ ਪਰਸ ਵਿਚ ਪਾ ਦਿੱਤੇ।
ਰੱਜੀ, ਸੋਨੀ ਅਤੇ ਵਿਕਰਮ ਉਦਾਸ ਚੇਹਰਿਆਂ ਨਾਲ ਇਕ ਪਾਸੇ ਖੜੇ ਭੈਣ ਨੂੰ ਦੇਖ ਰਹੇ ਸਨ। ਦੀਪੀ ਨੇ ਤਾਂ ਨੀਵੀਂ ਪਾਈ ਹੋਈ ਸੀ, ਜਿਵੇ ਉਹ ਉਦਾਸ ਅੱਖਾਂ ਦਾ ਸਾਹਮਣਾ ਨਹੀ ਸੀ ਕਰਨਾ ਚਾਹੁੰਦੀ। ਸੁਰਜੀਤ ਅਤੇ ਮੁਖਤਿਆਰ ਨਾਲ ਜਦੋਂਂ ਘਰ ਦਾ ਦਰਵਾਜ਼ਾ ਲੰਘਣ ਲੱਗੀ ਤਾਂ ਹਰਨਾਮ ਕੌਰ ਨੇ ਉਸ ਦੇ ਹੱਥ ਵਿਚ ਕੱਚੇ ਚੌਲ ਰੱਖੇ ਅਤੇ ਨਾਲ ਹੀ ਰੌਂਦੀ ਹੋਈ ਅਵਾਜ਼ ਵਿਚ ਕਿਹਾ, “ਪੁੱਤ, ਆਹ ਚੌਲ ਆਪਣੇ ਪਿਛੋਂ ਦੀ ਘਰ ਦੇ ਚੁੰਹਾਂ ਖੂੰਜਿਆਂ ਵੱਲ ਸੁੱਟ ਦੇ।”
“ਹਰਨਾਮ ਕੌਰੇ, ਚੌਲ ਤਾਂ ੳਦੋ ਸੁੱਟੀਦੇ, ਜਦੋਂ ਕੁੜੀ ਦੀ ਡੋਲੀ ਤੋਰੀ ਦੀ ਆ।” ਗਿਆਨ ਕੌਰ ਨੇ ਕਿਹਾ, “ਤੂੰ ਪਹਿਲਾਂ ਹੀ ਚੌਲ ਸੁੱਟਵਾਉਣ ਲੱਗ ਪਈ।”
“ਸਾਡੇ ਕੋਲੋ ਤਾਂ ਹੁਣੇ ਹੀ ਵਿਦਾ ਹੋ ਰਹੀ ਆ।” ਹਰਨਾਮ ਕੌਰ ਰੋਣ ਲਗ ਪਈ, “ਡੋਲੀ ਤਾਂ ਇਹਦੀ ਗੁਰਦੁਆਰੇਂ ਤੋਂ ਹੀ ਤੁਰ ਜਾਣੀ ਆਂ।”
ਹਰਨਾਮ ਕੌਰ ਦੀ ਇਸ ਗੱਲ ਨੇ ਸਾਰਿਆਂ ਦੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲਾ ਦਿੱਤੀ। ਦੀਪੀ ਦੀ ਭੈਣ ਸੋਨੀ ਦਾ ਮਨ ਤਾਂ ਏਨਾ ਖਰਾਬ ਹੋ ਗਿਆ ਕਿ ਸ਼ੂਟ ਪਟ ਕੇ ਸਾਹਮਣੇ ਵਾਲੇ ਕਮਰੇ ਵੱਲ ਦੌੜ ਗਈ। ਸੁਰਜੀਤ ਦੀਪੀ ਨੂੰ ਫੜ੍ਹ ਕੇ ਮੁਖਤਿਆਰ ਦੇ ਮਗਰ ਸਕੂਟਰ ਤੇ ਬੈਠ ਗਈ। ਬਾਕੀ ਸਾਰਾ ਪਰਿਵਾਰ ਸੇਜਲ ਅੱਖਾਂ ਨਾਲ ਉਹਨਾਂ ਨੂੰ ਜਾਂਦੇ ਦੇਖਦਾ ਰਿਹਾ।
ਸੁਨਸਾਨ ਕੱਚੀ ਸੜਕ ਤੇ ਮੁਖਤਿਆਰ ਦਾ ਸਕੂਟਰ ਉਸ ਗੁਰਦੁਆਰੇ ਵੱਲ ਭਜਿਆ ਜਾ ਰਿਹਾ ਸੀ, ਜੋ ਝਿੜੀਆਂ ਦੇ ਲਾਗੇ ਖੇਤਾਂ ਵਿਚ ਸੀ। ਤਿੰਨਾਂ ਵਿਚੋਂ ਕੋਈ ਵੀ ਨਹੀਂ ਸੀ ਬੋਲ ਰਿਹਾ, ਸਭ ਆਪੋ ਆਪਣੇ ਖਿਆਲਾਂ ਵਿਚ ਗੁੰਮ ਸਨ। ਲਾਗੇ ਪਿੰਡਾਂ ਦੇ ਗੁਰਦੁਆਰਿਆਂ ਤੋ ਸਪੀਕਰਾਂ ਰਾਂਹੀ ਉਹਨਾਂ ਨੂੰ ਗੁਰੂ ਦੀ ਬਾਣੀ ਦੇ ਬੋਲ ਜ਼ਰੂਰ ਸੁਣ ਰਹੇ ਸਨ। ਦੀਪੀ ਨੂੰ ਤਾਂ ਇੰਝ ਲਗ ਰਿਹਾ ਸੀ ਕਿ ਕੁਦਰਤ ਦਾ ਸਾਰਾ ਵਾਤਾਵਰਣ ਇਕ ਹੀ ਤੁੱਕ ਅਲਾਪ ਰਿਹਾ, ‘ਜੋ ਤੁਧੁ ਭਾਵੇ, ਸਾਈ ਭਲੀ ਕਾਰ, ਤੂ ਸਦਾ ਸਲਾਮਤਿ ਨਿਰੰਕਾਰ’।
ਗੁਰਦੁਆਰੇ ਪੁਹੰਚੇ ਤਾਂ ਦੇਖਿਆ ਕਿ ਹਰਜਿੰਦਰ ਸਿੰਘ ਅਤੇ ਨਸੀਬ ਕੌਰ ਸਾਹਮਣੇ ਹੀ ਖਲੋਤੇ ਹੋਏ ਸਨ। ਦਿਲਪ੍ਰੀਤ ਅਜੇ ਤਕ ਨਹੀਂ ਸੀ ਆਇਆ। ਹਰਜਿੰਦਰ ਸਿੰਘ ਅਤੇ ਮੁਖਤਿਆਰ ਜੱਫੀ ਪਾ ਕੇ ਮਿਲੇ, ਜਿਵੇ ਕੁੜਮ ਮਿਲਣੀ ਕਰਦੇ ਹੁੰਦੇ ਹਨ। ਸੁਰਜੀਤ ਅਤੇ ਨਸੀਬ ਵੀ ਇੰਝ ਹੀ ਮਿਲੀਆਂ। ਦੀਪੀ ਲਾਲ ਮੈਰੂਨ ਸੂਟ ਵਿਚ ਲਿਪਟੀ ਇਕ ਪਾਸੇ ਖੜ੍ਹੀ ਖੇਤੋਂ ਪਾਰ ਸੜਕ ਵੱਲ ਦੇਖ ਰਹੀ ਸੀ। ਨਸੀਬ ਨੇ ਉਸ ਨੂੰ ਜੱਫੀ ਵਿਚ ਲੈ ਕੇ ਕਿਹਾ, “ਦਿਲਪ੍ਰੀਤ ਪੁੰਹਚਣ ਵਾਲਾ ਹੀ ਹੋਵੇਗਾ, ਤੂੰ ਚਿੰਤਾਂ ਨਾਂਹ ਕਰ।”
ਦੀਪੀ ਦੀਆਂ ਮੋਟੀਆਂ ਸ਼ਰਬਤੀ ਅੱਖਾਂ ਸ਼ਰਮ ਨਾਲ ਝੁੱਕ ਗਈਆਂ। ਫਿਰ ਹੌਲੀ ਜਿਹੀ ਬੋਲੀ, “ਮੈਂ ਫਿਕਰ ਤਾਂ ਨਹੀਂ ਕਰਦੀ।”
ਹਰਜਿੰਦਰ ਸਿੰਘ ਨੇ ਦੀਪੀ ਦੇ ਸਿਰ ਤੇ ਪਿਆਰ ਦਿੱਤਾ ਅਤੇ ਫਿਰ ਗੁਰਦੁਆਰੇ ਦੇ ਖੂੰਜੇ ਤੇ ਲੱਗੇ ਨਲਕੇ ਵੱਲ ਹੱਥ ਪੈਰ ਧੋਣ ਲਈ ਚਲਾ ਗਿਆ। ਉਸ ਦੇ ਮਗਰ ਹੀ ਮੁਖਤਿਆਰ ਸਿੰਘ ਵੀ ਚਲਾ ਗਿਆ।
ਨਸੀਬ ਕੌਰ ਤੇ ਸੁਰਜੀਤ ਕੌਰ ਗੱਲਾਂ ਕਰਨ ਲੱਗ ਪਈਆਂ।
“ਦੀਪੀ ਨੂੰ ਨਾਭੀ ਸੂਟ ਪਾਇਆ ਕਿੰਨਾ ਸਜਿਆ।” ਨਸੀਬ ਨੇ ਦੀਪੀ ਦੇ ਚਿਹਰੇ ਨੂੰ ਨਿਹਾਰਦੇ ਕਿਹਾ, “ਮੇਰਾ ਤਾਂ ਦਿਲ ਕਰਦਾ ਹੈ ਕਿ ਵਿਆਹ ਕੇ ਇਸ ਨੂੰ ਪਿੰਡ ਲੈ ਜਾਵਾਂ ਅਤੇ ਸਾਰਿਆਂ ਨੂੰ ਦਿਖਾਵਾਂ ਕਿ ਮੇਰੀ ਨੂੰਹ ਵਰਗੀ ਹੈ ਕਿਸੇ ਦੀ ਨੂੰਹ।”
“ਦਿਲ ਤਾਂ ਸਾਡਾ ਵੀ ਕਰਦਾ ਸੀ ਕਿ ਸਾਰਾ ਪਿੰਡ ਸਾਡੇ ਜਵਾਈ ਨੂੰ ਦੇਖੇ।” ਸੁਰਜੀਤ ਨੇ ਉਦਾਸ ਅਵਾਜ਼ ਵਿਚ ਕਿਹਾ, “ਪਰ ਸਮੇਂ ਨਾਲ ਚਲਣਾ ਪੈ ਰਿਹਾ ਹੈ।”
“ਮੈਂ ਦੀਪੀ ਲਈ ਸੋਨੇ ਦਾ ਸੈਟ ਅਤੇ ਵੰਗਾਂ ਲੈ ਕੇ ਆਈ ਹਾਂ।” ਨਸੀਬ ਕੌਰ ਨੇ ਆਪਣਾ ਪਰਸ ਫਰੋਲਦੇ ਕਿਹਾ, “ਦੀਪੀ ਆ ਲੈ ਵੰਗਾਂ ਪਾ ਲਾ, ਸੈਟ ਤਾਂ ਤੂੰ ਪਾਇਆ ਹੋਇਆ ਹੀ ਹੈ। ਆਹ ਸੈਟ ਵੀ ਲੈ ਲਾ ਅਤੇ ਆਪਣੇ ਪਰਸ ਵਿਚ ਰੱਖ ਲੈ।
ਉਦੋਂ ਹੀ ਗੁਰਦੁਆਰੇ ਵਿਚੋਂ ਨਿਕਲ ਕੇ ਭਾਈ ਜੀ ਆ ਗਏ। ਉਹਨਾਂ ਦੇ ਚਿਹਰੇ ਦੀ ਲਾਲੀ ਦੱਸ ਰਹੀ ਸੀ ਕਿ ਉਹ ਇਕ ਗੁਰਮੁੱਖ ਬੰਦੇ ਹਨ। ਉਹਨਾਂ ਆਉਂਦਿਆ ਹੀ ਫਤਹਿ ਬੁਲਾਈ ਅਤੇ ਨਾਲ ਹੀ ਕਿਹਾ, “ਬੀਬਾ ਜੀ, ਤੁਸੀ ਅੰਦਰ ਗੁਰਦੁਆਰੇ ਵਿਚ ਬੈਠ ਜਾਉ। ਚਾਹ ਦਾ ਲੰਗਰ ਵੀ ਮੈਂ ਤਿਆਰ ਕੀਤਾ ਹੈ, ਉਹ ਵੀ ਛੱਕ ਲਉ।”
“ਅਸੀਂ ਕਹਿੰਦੇ ਸੀ ਕਿ ਦਿਲਪ੍ਰੀਤ ਵੀ ਆ ਜਾਂਦਾ।” ਹਰਜਿੰਦਰ ਸਿੰਘ ਨੇ ਰੁਮਾਲ ਨਾਲ ਆਪਣੇ ਹੱਥ ਪੂੰਝਦੇ ਕਿਹਾ, “ਭਾਈ ਜੀ, ਅੱਗੇ ਵੀ ਤੁਸੀਂ ਇਸ ਤਰ੍ਹਾਂ ਦਾ ਵਿਆਹ ਕੀਤਾ ਹੈ?”
“ਸਜਣੋ, ਇਸ ਤਰ੍ਹਾਂ ਦਾ ਵਿਆਹ ਇਕ ਨਹੀਂ ਸਗੋ ਦੋ ਕਰ ਚੁੱਕਾਂ ਹਾਂ।” ਭਾਈ ਜੀ ਨੇ ਸਹਿਜਤਾ ਨਾਲ ਮੁਸਕ੍ਰਾ ਕੇ ਕਿਹਾ, “ਮੈਨੂੰ ਤਾਂ ਲਗਦਾ ਹੈ ਨਿੰਰਕਾਰ ਨੇ ਮੇਰੀ ਡਿਊਟੀ ਇਸ ਤਰ੍ਹਾਂ ਦੇ ਵਿਆਹਾਂ ਤੇ ਲਗਾ ਦਿੱਤੀ ਹੈ। ਧੰਨ ਹਨ ਉਹ ਮਾਪੇ ਅਤੇ ਧੰਨ ਹਨ ਉਹ ਬੱਚੇ ਜੋ ਏਨੀਆ ਕਠਨਾਈਆਂ ਹੋਣ ਦੇ ਬਾਵਜੂਦ ਵੀ ਗੁਰੂ ਮਹਾਰਾਜ ਦੀ ਸ਼ਰਨ ਵਿਚ ਆ ਕੇ ਅਨੰਦ ਕਾਰਜ ਕਰਵਾ ਰਹੇ ਨੇ।”
ਉਦੋਂ ਹੀ ਮੋਟਰਸਾਈਕਲ ਦੀ ਅਵਾਜ਼ ਸੁਣੀ। ਸਾਰਿਆ ਨੇ ਇਕਦਮ ਉਧਰ ਦੇਖਿਆ ਤਾਂ ਸਾਹਮਣੇ ਕਮਾਦ ਵਾਲੇ ਖੇਤਾਂ ਦੇ ਵਿਚਕਾਰ ਦੀ ਡੰਡੀ ਵਿਚੋਂ ਮੋਟਰਸਾਈਕਲ ਆਉਂਦਾ ਦਿਸਿਆ।
ਦਿਲਪ੍ਰੀਤ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਭਾਈ ਜੀ ਦੇ ਗੋਡਿਆਂ ਨੂੰ ਹੱਥ ਲਾਇਆ ਤਾਂ ਭਾਈ ਜੀ ਨੇ ਕਿਹਾ, “ਸਿੰਘ ਜੀ, ਤੁਸੀਂ ਫਤਹਿ ਹੀ ਬੁਲਾਇਆ ਕਰੋ।” ਫਿਰ ਵੀ ਦਿਲਪ੍ਰੀਤ ਨੇ ਵਾਰੋ ਵਾਰੀ ਮੁਖਤਿਆਰ ਅਤੇ ਹਰਜਿੰਦਰ ਸਿੰਘ ਦੇ ਗੋਡਿਆਂ ਨੂੰ ਛੁਹਿਆ। ਇਕ ਹੋਰ ਸਿੰਘ ਜੋ ਦਿਲਪ੍ਰੀਤ ਨਾਲ ਆਇਆ ਸੀ ਉਸ ਨੇ ਤਾਂ ਸਾਰਿਆਂ ਨੂੰ ਫਤਹਿ ਹੀ ਬੁਲਾਈ। ਦਿਲਪ੍ਰੀਤ ਨੇ ਦੇਖਿਆ ਕਿ ਉਸ ਦੀ ਮਾਂ ਨਸੀਬ ਕੌਰ ਅੱਖਾਂ ਵਿਚ ਹੰਝੂ ਲਈ ਉਸ ਨੂੰ ਇਕ ਟਕ ਦੇਖ ਰਹੀ ਹੈੈ। ਪੁੱਤ ਨੇ ਮਾਂ ਨੂੰ ਸੀਨੇ ਨਾਲ ਲਾਇਆ ਤਾਂ ਨਸੀਬ ਕੌਰ ਦੀਆਂ ਅੱਖਾਂ ਇਕਦਮ ਵਗ ਤੁਰੀਆਂ।
“ਸਿੰਘ ਜੀ, ਛੇਤੀ ਕਰੋਂ।” ਭਾਈ ਜੀ ਨੇ ਕਿਹਾ, “ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਅਨੰਦ ਕਾਰਜ ਹੋ ਜਾਣ ਤਾਂ ਚੰਗਾ ਹੈ, ਕਈ ਵਾਰੀ ਦਿਨ ਦੇ ਚੜਾ ਨਾਲ ਕੋਈ ਮੱਥਾ ਟੇਕਣ ਵਾਲਾ ਵੀ ਆ ਜਾਂਦਾ ਹੈ।”
“ਭਾਈ ਜੀ, ਤੁਹਾਡੀ ਗੱਲ ਠੀਕ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਤੁਸੀਂ ਤਿਆਰੀ ਕਰੋ, ਅਸੀ ਤੁਹਾਡੇ ਮਗਰੇ ਹੀ ਆਏ।”
ਦਿਲਪ੍ਰੀਤ ਨੇ ਜਦੋਂ ਨਾਭੀ ਸੂਟ ਵਿਚ ਲਿਪਟੀ ਦੀਪੀ ਨੂੰ ਫਤਹਿ ਬੁਲਾਈ ਤਾਂ ਦੀਪੀ ਨੇ ਸਿਰਫ ਸਿਰ ਹਿਲਾ ਕੇ ਹੀ ਜ਼ਵਾਬ ਦਿੱਤਾ।
ਸਾਰੇ ਹੀ ਗੁ੍ਰਰੂ ਮਹਾਰਾਜ ਦੀ ਹਜ਼ੂਰੀ ਵਿਚ ਬੈਠੇ ਸਨ। ਭਾਈ ਜੀ ਨੇ ਲਾਂਵਾ ਦਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਪੱਲੇ ਦਾ ਸ਼ਬਦ ਪੜ੍ਹਨਾ ਸ਼ੁਰੂ ਕੀਤਾ। ਮੁਖਤਿਆਰ ਹੌਲੀ ਜਿਹੀ ਆਪਣੀ ਥਾਂ ਤੋਂ ਉੱਠਿਆ, ਮੱਥਾ ਟੇਕਿਆ ਤੇ ਦਿਲਪ੍ਰੀਤ ਦੇ ਗਲ ਵਿਚ ਪਾਏ ਪਰਨੇ ਦਾ ਲੜ ਦੀਪੀ ਨੂੰ ਫੜ੍ਹਾ ਦਿੱਤਾ।
ਲਾਵਾਂ ਹੋਣ ਤੋਂ ਬਾਅਦ ਭਾਈ ਜੀ ਨੇ ਛੋਟਾ ਜਿਹਾ ਉਪਦੇਸ਼ ਦਿੱਤਾ, “ਰਹਿਤ- ਮਰਿਯਾਦਾ ਦੇ ਹਿਸਾਬ ਬੱਚੇ- ਬੱਚੀ ਨੂੰ ਅੰਮ੍ਰਿਤ ਛੱਕ ਲੈਣਾ ਚਾਹੀਦਾ ਹੈ। ਸਿੰਘ ਜੀ ਤਾਂ ਅੰਮ੍ਰਿਤਧਾਰੀ ਹੀ ਹਨ, ਜੇ ਬੀਬੀ ਜੀ ਨੇ ਅੰਮ੍ਰਿਤ ਨਹੀਂ ਛੱਕਿਆ ਤਾਂ ਉਹਨਾਂ ਨੂੰ ਛੱਕ ਲੈਣਾ ਚਾਹੀਦਾ ਹੈ।”
ਸਭ ਪ੍ਰਸ਼ਾਦ ਸ਼ੱਕ ਰਹੇ ਸਨ, ਪਰ ਸੁਰਜੀਤ ਕੌਰ ਆਪਣੇ ਪ੍ਰਸ਼ਾਦ ਨੂੰ ਦੋਹਾਂ ਹੱਥਾਂ ਵਿਚ ਪਿਆਰ ਨਾਲ ਸੰਭਾਲੀ, ਡੂੰਘੀ ਸੋਚ ਵਿਚ ਡੁੱਬੀ ਹੋਈ ਸੀ ਕਿ ਦੀਪੀ ਹਰਜਿੰਦਰ ਸਿੰਘ ਹੋਰਾਂ ਨਾਲ ਸਹੁਰੇ ਘਰ ਜਾਊਗੀ ਜਾਂ ਦਿਲਪ੍ਰੀਤ ਦੇ ਨਾਲ ਹੀ ਉਸ ਵਾਂਗ ਲੁਕ-ਛਿਪ ਕੇ ਜ਼ਿੰਦਗੀ ਬਤੀਤ ਕਰੇਗੀ।
“ਭੈਣ ਜੀ, ਬੇਬੇ ਜੀ ਦੀਪੀ ਨੂੰ ਮਿਲਣਾ ਚਾਹੁੰਦੇ ਸਨ।” ਨਸੀਬ ਕੌਰ ਨੇ ਪ੍ਰਸ਼ਾਦ ਦੇ ਘਿਉ ਵਾਲੇ ਦੋਹੇਂ ਹੱਥ ਆਪਸ ਵਿਚ ਰਗੜਦੇ ਕਿਹਾ, “ਪਤਾ ਨਹੀਂ ਲੱਗਦਾ ਉਹਨਾਂ ਨੂੰ ਦੀਪੀ ਨਾਲ ਕਿਸ ਤਰ੍ਹਾਂ ਮਿਲਾਈਏ।”
“ਤੁਸੀ ਦੀਪ ਕੌਰ ਨੂੰ ਹੁਣੇ ਹੀ ਘਰ ਲੈ ਜਾਵੋ।” ਦਿਲਪ੍ਰੀਤ ਨੇ ਕਿਹਾ।
ਦੀਪੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਨੇ ਇਕਦੱਮ ਦਿਲਪ੍ਰੀਤ ਵੱਲ ਇੰਝ ਦੇਖਿਆ, ਜਿਵੇ ਪੁੱਛ ਰਹੀ ਹੋਵੇ, ਤੇ ਤੁਸੀਂ?
ਇਸ ਤਰ੍ਹਾਂ ਗੱਲਾਂ ਕਰਦੇ ਸਾਰੇ ਗੁਰਦਵਾਰੇ ਦੇ ਅੱਗੇ ਬਣੇ ਵਿਹੜੇ ਵਿਚ ਜੋ ਕੰਧਾਂ ਤੋਂ ਬਗੈਰ ਸੀ, ਉਸ ਵਿਚ ਆ ਗਏ।
“ਇਕੱਲੀ ਨੂੰ ਕਿਵੇਂ ਘਰ ਲੈ ਜਾਈਏ।” ਹਰਜਿੰਦਰ ਸਿੰਘ ਨੇ ਪੁੱਛਿਆ, “ਤੂੰ ਕਦੋਂ ਘਰ ਆਵੇਂਗਾ?”
“ਜਾਣ ਨੂੰ ਤਾਂ ਮੈਂ ਹੁਣੇ ਚਲਾ ਜਾਂਦਾ।” ਦਿਲਪ੍ਰੀਤ ਨੇ ਕਿਹਾ, “ਪਰ ਸਾਰੇ ਹਾਲਾਤਾਂ ਤੋਂ ਤੁਸੀ ਵਾਕਫ ਹੀ ਹੋ।”
“ਉਦਾਂ ਕਾਕਾ, ਤੂੰ ਆ ਵੀ ਸਕਦਾ ਆਂ।” ਨਸੀਬ ਕੌਰ ਨੇ ਕਿਹਾ, “ਜਿਸ ਦਿਨ ਦਾ ਪੁਲੀਸ ਵਾਲਿਆਂ ਨੂੰ ਗੱਫਾ ਦਿੱਤਾ ਹੋਇਆ ਹੈ, ਉਸ ਦਿਨ ਤੋਂ ਉਹ ਆਉਣੋ ਘੱਟ ਗਏ ਆ।”
“ਇਸ ਤਰ੍ਹਾਂ ਕਰੋ, ਤੁਸੀਂ ਦੀਪ ਕੌਰ ਨੂੰ ਘਰ ਲੈ ਜਾਵੋ।” ਦਿਲਪ੍ਰੀਤ ਨੇ ਸੁਝਾਅ ਦਿੱਤਾ, “ਮੈਂ ਸ਼ਾਮ ਤੱਕ ਪਹੁੰਚਣ ਦੀ ਕੋਸ਼ਿਸ ਕਰਾਂਗਾ।”
ਉਸੇ ਵੇਲੇ ਉਹਨਾਂ ਸੜਕ ਤੇ ਆਉਂਦੀ ਪੁਲੀਸ ਦੀ ਜੀਪ ਦੇਖੀ ਤਾਂ ਸਾਰੇ ਘਬਰਾ ਗਏ। ਭਾਈ ਜੀ ਨੇ ਦੀਪੀ ਅਤੇ ਦਿਲਪ੍ਰੀਤ ਨੂੰ ਇਸ਼ਾਰਾ ਕੀਤਾ ਕਿ ਗੁਰਦੁਵਾਰੇ ਦੀ ਨਾਲ ਬਣੀ ਛੋਟੀ ਜਿਹੀ ਰਸੋਈ ਵਿਚ ਚਲੇ ਜਾਵੋ, ਪਰ ਉਹਨਾਂ ਨੂੰ ਜਾਣ ਦੀ ਲੋੜ ਨਾ ਪਈ, ਕਿਉਂਕਿ ਜੀਪ ਸਿੱਧੀ ਲੰਘ ਗਈ ਸੀ।
“ਦਿਲਪ੍ਰੀਤ, ਸਾਨੂੰ ਵੀ ਹੁਣ ਚੱਲਣਾ ਚਾਹੀਦਾ ਹੈ।” ਕੋਲ ਖੱੜੇ ਸਿੰਘ ਨੇ ਕਿਹਾ।
“ਹਾਂ, ਚੱਲੋ।” ਦਿਲਪ੍ਰੀਤ ਨੇ ਛੋਟੀ ਜੀ ਝਾਤ ਦੀਪੀ ਵੱਲ ਮਾਰਦਿਆਂ ਕਿਹਾ, “ਸ਼ਾਮ ਨੂੰ ਘਰ ਪਹੁੰਚਣ ਦੀ ਕੋਸ਼ਿਸ਼ ਕਰਾਗਾਂ।”
“ਇਕ ਮਿੰਟ ਰੁਕੀਂ।” ਨਸੀਬ ਕੌਰ ਨੇ ਥੈਲੇ ਵਿਚੋਂ ਗੜਵੀ ਕੱਢਦੇ ਕਿਹਾ, “ਮੈਂ ਪਾਣੀਂ ਵਾਰਨ ਦਾ ਸ਼ਗਨ ਤਾਂ ਕਰ ਲਵਾਂ।”
“ਮੰਮੀ, ਤੁਸੀਂ ਵੀ ਕਿਹੜੀਆਂ ਗੱਲਾਂ ਵਿਚ ਪੈ ਜਾਂਦੇ ਹੋ।” ਦਿਲਪ੍ਰੀਤ ਨੇ ਕਿਹਾ, “ਸ਼ਗਨ-ਅਪਸ਼ਗਨ ਉਸ ਨੂੰ ਹੀ ਲੱਗਦੇ ਹਨ, ਜਿਸ ਨੂੰ ਅਕਾਲ ਪੁਰਖ ਭੁੱਲ ਜਾਦਾਂ ਹੈ।”
“ਵੈਸੇ ਵੀ ਆਪਾਂ ਨੂੰ ਇਸ ਤਰ੍ਹਾਂ ਦੀ ਸ਼ਗਨ-ਸ਼ੁਗਨ ਗੁਰਦੁਵਾਰੇ ਦੀ ਹੱਦ ਅੰਦਰ ਨਹੀਂ ਕਰਨੇਂ ਚਾਹੀਦੇ।” ਨਾਲ ਵਾਲੇ ਸਿੰਘ ਨੇ ਕਿਹਾ।
ਮੁਖਤਿਆਰ ਇਹ ਸਭ ਗੱਲਾਂ ਚੁੱਪ ਕਰਕੇ ਸੁਣ ਰਿਹਾ ਸੀ, ਪਰ ਸੁਰਜੀਤ ਨੇ ਕਹਿ ਦਿੱਤਾ, “ਮਾਵਾਂ ਨੂੰ ਵੀ ਆਪਣੇ ਬੱਚਿਆਂ ਦੇ ਵਿਆਹ ਦਾ ਚਾਅ ਹੁੰਦਾ ਹੈ, ਕਰ ਲੈਣ ਦਿਉ ਭੈਣ ਜੀ ਨੂੰ ਸ਼ਗਨ।”
“ਉਹ ਤਾਂ ਠੀਕ ਹੈ, ਆਂਟੀ ਜੀ।” ਸਿੰਘ ਨੇ ਨਿਮਰਤਾ ਨਾਲ ਕਿਹਾ, “ਇਸ ਤਰ੍ਹਾਂ ਦੇ ਸ਼ਗਨ ਆਪਣੇ ਘਰ ਜਾ ਕੇ ਵੀ ਕਰ ਸਕਦੇ ਹਨ।”
“ਕਾਕਾ ਜੀ, ਤੁਸੀਂ ਠੀਕ ਹੀ ਕਹਿ ਰਹੇ ਹੋ।” ਹਰਜਿੰਦਰ ਸਿੰਘ ਨੇ ਕਿਹਾ, “ਮੈਂ ਵੀ ਨਹੀਂ ਚਾਹੁੰਦਾ ਜਿਸ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੋਣ, ਉਸ ਥਾਂ ਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਣ।
ਇਸ ਗੱਲ ਨਾਲ ਸਾਰੇ ਹੀ ਸਹਿਮਤ ਹੋ ਗਏ। ਦਿਲਪ੍ਰੀਤ ਫਤਹਿ ਬੁਲਾ ਕੇ ਆਪਣੇ ਦੋਸਤ ਨਾਲ ਚਲਾ ਗਿਆ। ਜਦੋਂ ਤਕ ਉਹ ਜਾਂਦੇ ਦਿਸਦੇ ਰਹੇ, ੳਦੋਂ ਤਕ ਸਭ ਉਧਰ ਹੀ ਦੇਖਦੇ ਰਹੇ।
ਸੁਰਜੀਤ ਕੌਰ ਤੇ ਮੁਖਤਿਆਰ ਜਾਣ ਵੇਲੇ ਦੀਪੀ ਨੂੰ ਮਿਲਣ ਲੱਗੇ ਤਾਂ ਦੋਹਾਂ ਦਾ ਹੀ ਦਿਲ ਭਰ ਆਇਆ। ਮੁਖਤਿਆਰ ਨੇ ਤਾਂ ਆਪਣਾ ਦਿਲ ਨੂੰ ਕੁਝ ਵੱਸ ਕਰ ਲਿਆ, ਪਰ ਸੁਰਜੀਤ ਕੌਰ ਦੇ ਹਾਉਕੇ ਬਾਹਰ ਆ ਗਏ।
“ਭੈਣ ਜੀ, ਤੁਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ।” ਨਸੀਬ ਨੇ ਕਿਹਾ, “ਇਹ ਸਾਡੀ ਧੀ ਹੈ।”
“ਚਿੰਤਾ ਤਾਂ ਮੈਨੂੰ ਹੋਰ ਕੋਈ ਨਹੀਂ, ਇਕ ਇਹ ਹੀ ਹੈ ਕਿ ਰੱਬ ਨੇ ਇਸ ਦੇ ਭਾਗ…।” ਇਸ ਤੋਂ ਅੱਗੇ ਸੁਰਜੀਤ ਕੌਰ ਕੋਲੋਂ ਕੁਝ ਨਹੀਂ ਕਹਿ ਹੋਇਆ ਅਤੇ ਉਹ ਰੋਣ ਲੱਗ ਪਈ।”
“ਤੁਸੀਂ ਇਸ ਤਰ੍ਹਾਂ ਦਿਲ ਨਾਂ ਖਰਾਬ ਕਰੋ।” ਹਰਜਿੰਦਰ ਸਿੰਘ ਨੇ ਕਿਹਾ ਸਗੋਂ ਅਸੀਸ ਦਿਉ ਕਿ ਪ੍ਰਮਾਤਮਾ ਹਰ ਵਖਤ ਇਹਨਾ ਨਾਲ ਰਹੇ ਅਤੇ ਇਹਨਾਂ ਨੂੰ ਖੁਸ਼ੀਆਂ ਬਖਸ਼ੇ।”
ਦੀਪੀ ਮੁਖਤਿਆਰ ਦੇ ਗੱਲ ਲੱਗ ਗਈ। ਮੁਖਤਿਆਰ ਇਸ ਵੇਲੇ ਆਪਣੀਆਂ ਅੱਖਾਂ ਨੂੰ ਵਸ ਵਿਚ ਨਾਂ ਕਰ ਸਕਿਆ ਤੇ ਉਸ ਦੀਆਂ ਅੱਖਾਂ ਆਪ ਮਹਾਰੀਆਂ ਵਗ ਤੁਰੀਆਂ।
ਸੁਰਜੀਤ ਕੌਰ ਨੇ ਪਿਉ ਕੋਲੋਂ ਧੀ ਨੂੰ ਫੜ ਲਿਆ ਤੇ ਆਪਣੇ ਗੱਲ ਲਾ ਕੇ ਦਿਲ ਦਾ ਗੁਬਾਰ ਕੱਢ ਲਿਆ। ਦੀਪੀ ਦੀਆਂ ਅੱਖਾ ਵਿਚ ਪਿਆ ਸੁਰਮਾ ਉਸ ਦੀਆਂ ਗਲਾ ਤੋਂ ਹੁੰਦਾ ਹੋਇਆ ਠੋਢੀ ਤਕ ਚਲੇ ਗਿਆ।
ਮੁਖਤਿਆਰ ਨੇ ਸਕੂਟਰ ਦੀ ਟੋਕਰੀ ਵਿਚੋਂ ਬੈਗ ਕੱਢਿਆ ਤੇ ਹਰਜਿੰਦਰ ਸਿੰਘ ਨੂੰ ਫੜਾਉਂਦਾ ਕਹਿਣ ਲੱਗਾ, “ਇਸ ਵਿਚ ਤੁਹਾਡੀਆਂ ਮਨਾਉਤਾਂ ਨੇ। ਅਸੀ ਤਾਂ ਹੋਰ ਵੀ ਤੁਹਾਡੇ ਚਾਅ ਕਰਨੇ ਚਾਹੁੰਦੇ ਸੀ, ਪਰ ਹਾਲਾਤਾਂ ਨੇਂ…।”
“ਤੁਸੀਂ ਆਹ ਕੀ ਗੱਲਾਂ ਕਰਨ ਲੱਗ ਪਏ।” ਹਰਜਿੰਦਰ ਸਿੰਘ ਨੇ ਕਿਹਾ, “ਤੁਸੀਂ ਦੀਪੀ ਸਾਨੂੰ ਦੇ ਦਿੱਤੀ, ਬਾਕੀ ਕਿਸ ਗੱਲ ਦੀ ਕਸਰ ਰਹਿ ਗਈ, ਕ੍ਰਿਪਾ ਕਰਕੇ ਇਹ ਬੈਗ ਤੁਸੀ ਆਪਣੇ ਕੋਲ ਹੀ ਰੱਖੋ।” ਸੁਰਜੀਤ ਕੌਰ ਨੇ ਮੁਖਤਿਆਰ ਕੋਲੋਂ ਬੈਗ ਫੜ੍ਹ ਕੇ ਨਸੀਬ ਕੌਰ ਨੂੰ ਫੜਾ ਦਿੱਤਾ ਅਤੇ ਕਿਹਾ, “ਇਸ ਵਿਚ ਤੁਹਾਡਾ ਸੂਟ ਅਤੇ ਪੱਗ ਹਨ, ਬੇਬੇ ਜੀ ਅਤੇ ਮਿੰਦੀ ਹੋਰਾਂ ਦੇ ਕੱਪੜੇ ਅਸੀਂ ਕਿਸੇ ਵੇਲੇ ਆਪ ਲੈ ਕੇ ਆਵਾਂਗੇ, ਬਿਲਕੁਲ ਖਾਲੀ ਧੀ ਤੋਰਦੇ ਵੀ ਚੰਗਾ ਨਹੀ ਲੱਗਦਾ।”
“ਚਲੋ ਇਹ ਬੈਗ ਅਸੀ ਰੱਖ ਲੈਂਦੇ ਹਾਂ।” ਨਸੀਬ ਕੌਰ ਨੇ ਬੈਗ ਫੜ੍ਹਦੇ ਕਿਹਾ, “ਪਰ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਖੇਚਲ ਨਹੀਂ ਕਰਨੀਂ।”
ਸੁਰਜੀਤ ਕੌਰ ਨੇ ਇਕ ਬੈਗ ਹੋਰ ਦੀਪੀ ਨੂੰ ਫੜ੍ਹਾਇਆ। ਜਿਸ ਵਿਚ ਦੀਪੀ ਦੀ ਵਰਤੋਂ ਦੀਆਂ ਕੁਝ ਜ਼ਰੂਰੀ ਚੀਜ਼ਾਂ ਅਤੇ ਇਕ ਸਾਦਾ ਪਾਪਲੀਨ ਦਾ ਸੂਟ ਸੀ। ਕਿਉਂਕਿ ਸੁਰਜੀਤ ਨੂੰ ਵੀ ਨਹੀਂ ਸੀ ਪਤਾ ਕਿ ਦੀਪੀ ਨੇ ਵਿਆਹ ਬਾਅਦ ਕਿੱਥੇ ਜਾਣਾ ਹੈ? ਆਪਣੀ ਸਮਝ ਅਨੁਸਾਰ ਹੀ ਸੁਰਜੀਤ ਨੇ ਇਹ ਬੈਗ ਤਿਆਰ ਕੀਤਾ ਸੀ। ਸੇਜਲ ਅੱਖਾਂ ਨਾਲ ਇਕ ਦੂਜੇ ਤੋਂ ਵਿਦਾਇਗੀ ਲੈ ਕੈ ਦੋਹਾਂ ਪਰਿਵਾਰਾਂ ਨੇ ਆਪਣੇ ਆਪਣ ਸਕੂਟਰ ਸਟਾਰਟ ਕਰ ਲਏ।
ਆਪਣੇ ਸੁਹਰੇ ਅਤੇ ਸੱਸ ਦੇ ਮਗਰ ਬੈਠੀ ਵੀ ਦੀਪੀ ਆਪਣੇ-ਆਪ ਨੂੰ ਡੋਲੀ ਵਿਚ ਹੀ ਬੈਠੀ ਮਹਿਸੂਸ ਕਰ ਰਹੀ ਸੀ। ਸੋਚਾਂ ਵਿਚ ਡੁੱਬੀ ਨੂੰ ਆਪਣੇ ਪੇਕੇ ਪਰਿਵਾਰ ਦੇ ਪਿਆਰ ਨੇ ਹੀ ਕਈ ਵਾਰੀ ਰੁਆ ਦਿੱਤਾ। ਉਸ ਤਰ੍ਹਾਂ ਦਿਲਪ੍ਰੀਤ ਤੋਂ ਬਗੈਰ ਸਹੁਰੇ ਜਾਣਾ ਵੀ ਉਸ ਨੂੰ ਉਦਾਸ ਕਰ ਰਿਹਾ ਸੀ। ਉਸ ਦੇ ਖਿਆਲਾਂ ਦੀ ਲੜੀ ਉਸ ਵੇਲੇ ਟੁੱਟੀ ਜਦੋਂ ਹਰਜਿੰਦਰ ਸਿੰਘ ਨੇ ਸਕੂਟਰ ਚਲਾਂਦਿਆਂ ਹੀ ਕਿਹਾ, “ਨਸੀਬ ਕੌਰ, ਜੇ ਦੀਪੀ ਨੂੰ ਇਸ ਤਰ੍ਹਾਂ ਹੀ ਸਜੀ-ਸਜਾਈ ਨੂੰ ਘਰ ਲੈ ਕੇ ਗਏ ਤਾਂ, ਲੋੋਕਾਂ ਨੂੰ ਸ਼ੱਕ ਹੋ ਜਾਏਗੀ ਕਿ ਇਹ ਕਿਸ ਨੂੰ ਲੈ ਕੇ ਆਏ ਨੇਂ।”
“ਫਿਰ ਹੋਰ ਕੀ ਕੀਤਾ ਜਾਵੇ।” ਨਸੀਬ ਨੇ ਪੁੱਛਿਆ, “ਦੀਪੀ ਤੇਰੇ ਕੋਲ ਕੋਈ ਸਾਦਾ ਸੂਟ ਹੈ ਜੋ ਤੂੰ ਉਹ ਪਿੰਡ ਪਹੁੰਚਣ ਤੋਂ ਪਹਿਲਾਂ ਬਦਲ ਸਕੇਂ।”
“ਹਾਂ ਜੀ ਇਕ ਸੂਟ ਹੈ ਮੇਰੇ ਬੈਗ ਵਿਚ।” ਦੀਪੀ ਨੇ ਹੌਲੀ ਅਤੇ ਨਰਮ ਅਵਾਜ਼ ਵਿਚ ਕਿਹਾ, “ਜੇ ਤੁਸੀ ਕਹੋ ਤਾਂ ਉਹ ਪਾ ਲੈਂਦੀ ਹਾਂ।”
“ਪਰ ਪਾਵੇਂਗੀ ਕਿੱਥੇ”? ਨਸੀਬ ਨੇ ਆਲੇ-ਦੁਆਲੇ ਦੇਖਦੇ ਕਿਹਾ, “ਇੱਥੇ ਤਾਂ ਆਸੇ-ਪਾਸੇ ਖੇਤ ਹੀ ਖੇਤ ਆ।”
“ਅੱਗੇ ਪਦਾਰੇ ਪਿੰਡ ਦਾ ਸਕੂਲ ਸੜਕ ਤੇ ਹੀ ਆਉਣਾ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਉਸ ਦੀ ਸ਼ੈਡ ਖੁੱਲ੍ਹੀ ਹੁੰਦੀ ਹੈ, ਨਾਲੇ ਅੱਜ ਸਕੂਲ ਬੰਦ ਵੀ ਹੈ।”
“ਹਾਂ, ਉੱਥੇ ਬਦਲ ਸਕਦੀ ਹੈ।” ਨਸੀਬ ਕੌਰ ਨੇ ਕਿਹਾ।
ਸ਼ੈਡ ਦੇ ਖੁੱਲ੍ਹੇ ਦਰਵਾਜ਼ੇ ਅੱਗੇ ਨਸੀਬ ਖੜ੍ਹੀ ਹੋ ਗਈ ਅਤੇ ਦੀਪੀ ਨੇ ਅੰਦਰ ਜਾ ਕੇ ਸੂਟ ਬਦਲ ਲਿਆ। ਪਾਪਲੀਨ ਦੇ ਹਲਕੇ ਜਾਮਨੀ ਰੰਗ ਦੇ ਸੂਟ ਵਿਚ ਦੀਪੀ ਪਹਿਲਾਂ ਨਾਲੋ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ। ਨਸੀਬ ਨੇ ਉਸ ਦੇ ਪੂਰੀਆਂ ਬਾਹਾਂ ਵਾਲੇ ਕਮੀਜ਼ ਨੂੰ ਦੇਖਦੇ ਪਿਆਰ ਨਾਲ ਕਿਹਾ, “ਦੀਪੀ, ਪਿੰਡ ਦੇ ਲਾਗੇ ਜਾ ਕੇ ਚੂੜਾ ਕਮੀਜ਼ ਦੀਆਂ ਬਾਹਾਂ ਦੇ ਥੱਲੇ ਲੁਕਾ ਲਈਂ ਤਾਂ ਜੋ ਕਿਸੇ ਨੂੰ ਸ਼ੱਕ ਨਾਂ ਪਵੇ।”
ਹਰਜਿੰਦਰ ਸਿੰਘ ਅਤੇ ਨਸੀਬ ਕੌਰ ਦੀਪੀ ਨੂੰ ਜੋ ਵੀ ਕਹਿ ਰਹੇ ਸਨ, ਦੀਪੀ ਉਸ ਤਰ੍ਹਾਂ ਹੀ ਕਰੀ ਜਾ ਰਹੀ ਸੀ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>