ਹੱਕ ਲਈ ਲੜਿਆ ਸੱਚ – (ਭਾਗ – 64)

ਦੀਪੀ ਦਿਲਪ੍ਰੀਤ ਦੇ ਮਗਰ ਮਗਰ ਹੀ ਭੱਜੀ ਜਾ ਰਹੀ ਸੀ। ਦਿਲਪ੍ਰੀਤ ਤਾਂ ਇੰਨਾ ਤੇਜ਼ ਤੁਰਦਾ ਸੀ ਕਿ ਦੀਪੀ ਨੂੰ ਦੌੜ ਕੇ ਉਸ ਨਾਲ ਰਲਣਾ ਪੈਂਦਾ ਸੀ। ਇਕ ਥਾਂ ਖੇਤ ਵਿਚ ਪਾਣੀ ਲੱਗਾ ਹੋਇਆ ਸੀ। ਦੀਪੀ ਦੇ ਪੈਰ ਉਸ ਵਿਚ ਖੁੱਭ ਗਏ। ਦਿਲਪ੍ਰੀਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਦੀਪੀ ਤੇ ਬਹੁਤ ਹੀ ਜ਼ਿਆਦਾ ਤਰਸ ਆਇਆ। ਉਸ ਨੂੰ ਹੌਂਸਲਾ ਦਿੰਦਾ ਹੋਇਆ ਕਹਿਣ ਲੱਗਾ, “ਮੈਂ ਸਾਹਮਣੇ ਹੀ ਝਿੜੀਆਂ ਵਿਚ ਸਕੂਟਰ ਖੜ੍ਹਾ ਕੀਤਾ ਹੋਇਆ ਹੈ, ਫਿਰ ਆਪਾਂ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਪੰਜਾਬ ਤੋਂ ਬਾਹਰ ਨਿਕਲ ਜਾਵਾਂਗੇ”
“ਮੇਰੀ ਸਾਰੀ ਜੁੱਤੀ ਗਾਰੇ ਨਾਲ ਭਰ ਗਈ ਏ।” ਦੀਪੀ ਨੇ ਦੱਸਿਆ, “ਜਿਸ ਕਰਕੇ ਤੁਰਨ ਵਿਚ ਮੁਸ਼ਕਿਲ ਆ ਰਹੀ ਏ।”
“ਗਾਰੇ ਕਰਕੇ ਤੁਰ ਨਹੀਂ ਹੁੰਦਾ ਜਾਂ ਉਸ ਤਰ੍ਹਾਂ ਥੱਕ ਗਈ ਏਂ।”
“ਥੌੜਾ ਥੱਕ ਵੀ ਗਈ ਹਾਂ, ਮੈਂ ਕਦੀ ਇਸ ਤਰ੍ਹਾਂ ਅੱਗੇ ਤੁਰੀ ਵੀ ਨਹੀਂ”
“ਜੇ ਸਾਰੀ ਉਮਰ ਹੀ ਇਸ ਤਰ੍ਹਾਂ ਤੁਰਨਾ ਪੈ ਗਿਆ, ਫਿਰ?”
“ਜੇ ਸਾਰੀ ਉਮਰ ਤੁਹਾਡਾ ਨਿੱਘਾ ਸਾਥ ਰਿਹਾ।” ਦੀਪੀ ਨੇ ਖਾਲ ਦੀ ਵੱਟ ਉੱਤੇ ਪੈਰ ਰੱਖਦੇ ਕਿਹਾ, “ਤੁਰਨਾ ਤਾਂ ਕੀ ਮੈਂ ਪਹਾੜ ਵੀ ਚੜ੍ਹ ਲਵਾਂਗੀ।”
“ਬੱਲੇ, ਨੀਂ ਸ਼ੇਰ ਦੀਏ ਬੱਚੀਏ।” ਦਿਲਪ੍ਰੀਤ ਨੇ ਹੱਸ ਕੇ ਕਿਹਾ, “ਤੂੰ ਤਾਂ ਸੱਚਮੁਚ ਹੀ ਬਹਾਦਰ ਨਿਕਲੀ।”
“ਤੁਹਾਡੀ ਛੁਹ ਨੇ ਮੈਨੂੰ ਤੁਹਾਡੇ ਵਰਗੀ ਹੀ ਬਣਾ ਦਿੱਤਾ।” ਦੀਪੀ ਨੇ ਮੁਸਕ੍ਰਾ ਕੇ ਕਿਹਾ, “ਵੈਸੇ ਵੀ ਤੁਹਾਡੇ ਵਰਗੀ ਬਣਾਂਗੀ ਤਾਂ ਹੀ ਤੁਹਾਡੇ ਭੇਦ ਭਰੇ ਰਸਤੇ ਤੋਂ ਜਾਣੂ ਹੋਵਾਂਗੀ।”
“ਤੈਨੂੰ ਪੁਲੀਸ ਤੋਂ ਵੀ ਡਰ ਨਹੀਂ ਲੱਗਦਾ।” ਦਿਲਪ੍ਰੀਤ ਨੇ ਪੁੱਛਿਆ, “ਜੇ ਅਸੀ ਫੜ੍ਹੇ ਗਏ ਤਾਂ ਸਾਡਾ ਕੀ ਹਾਲ ਹੋਵੇਗਾ?”
“ਪ੍ਰਮਾਤਮਾ ਤੋਂ ਬਗੈਰ ਹੋਰ ਕਿਸ ਦਾ ਡਰ ਨਹੀਂ ਹੈ।”
“ਇਸ ਦਾ ਮਤਲਵ, ਮੈਂ ਜੋ ਕੁਝ ਵੀ ਕਰ ਰਿਹਾ ਹਾਂ, ਤੂੰ ਉਸ ਨਾਲ ਸਹਿਮਤ ਹੈ।”
“ਸਹਿਮਤ ਤਾਂ ਮੈਂ ਉਸ ਦਿਨ ਹੀ ਹੋ ਗਈ ਸੀ, ਜਦੋਂ ਤੁਸੀਂ ਮੈਨੂੰ ‘ਜੁਪਜੀ ਸਾਹਿਬ’ ਦਾ ਪਾਠ ਕਰਨ ਲਈ ਕਿਹਾ ਸੀ।” ਨਾਲ ਹੀ ਦੀਪੀ ਨੇ ਜੁਪਜੀ ਸਾਹਿਬ ਵਿਚੋਂ ਤੁਕ ਪੜ੍ਹੀ, “ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ।”
ੳਦੋਂ ਹੀ ਦੂਰੋਂ ਆਉਂਦੀ ਗੱਡੀ ਦੀਆਂ ਲਾਈਟਾਂ ਦਿੱਸੀਆਂ।
“ਲੱਗਦਾ ਹੈ, ਪੁਲੀਸ ਦੀ ਗੱਡੀ ਹੈ।” ਦਿਲਪ੍ਰੀਤ ਨੇ ਕਿਹਾ, “ਛੇਤੀ ਕਰ ਇਸ ਖਾਲ੍ਹ ਵਿਚ ਹੀ ਲੰਮੀ ਪੈ ਕੇ ਲੁਕ ਜਾ।”
ਖਾਲ੍ਹ ਸੁੱਕੀ ਹੋਣ ਕਾਰਨ ਦੋਨੋ ਹੀ ਉਸ ਵਿਚ ਛੁੱਪ ਗਏ।
ਪੁਲੀਸ ਦੀ ਜੀਪ ਰੁੱਕ ਗਈ। ਸਿਪਾਹੀਆਂ ਨੇ ਆਪਣੇ ਹੱਥਾਂ ਵਿਚ ਬੈਟਰੀਆਂ ਲੈ ਕੇ ਖੇਤਾਂ ਵੱਲ ਨੂੰ ਲਾਈਟਾ ਮਾਰਨ ਲੱਗੇ।
“ਮੈਨੂੰ ਨਹੀਂ ਲੱਗਦਾ, ਉਹ ਇਧਰ ਹੋਣਗੇ।” ਪੁਰਾਣੇ ਠਾਣੇਦਾਰ ਨੇ ਕਿਹਾ, “ਉਹ ਬਹੁਤ ਤੇਜ਼ ਹੈ, ਉਹ ਕਿਤੇ ਦਾ ਕਿਤੇ ਨਿਕਲ ਗਿਆ ਹੋਵੇਗਾ।”
ਇਧਰ ਉਧਰ ਲਾਈਟਾਂ ਮਾਰ ਕੇ ਛੇਤੀ ਹੀ ਪੁਲੀਸ ਮੁੜ ਜੀਪ ਵਿਚ ਬੈਠ ਗਈ।
“ਜਿਸ ਬੰਦੇ ਨੇ ਤਹਾਨੂੰ ਇਹ ਖਬਰ ਦਿੱਤੀ ਹੈ ਕਿ ਦਿਲਪ੍ਰੀਤ ਅੱਜ ਆਪਣੇ ਘਰ ਆਵੇਗਾ।” ਉਹ ਕੌਣ ਸੀ?” ਪੁਰਾਣੇ ਠਾਣੇਦਾਰ ਨੇ ਨਵੇਂ ਤੋਂ ਪੁੱਛਿਆ, “ਮੈ ਇਸ ਇਲਾਕੇ ਵਿਚ ਬਹੁਤ ਦੇਰ ਤੋਂ ਹਾਂ, ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਤੇ ਬਹੁਤਾ ਇਤਬਾਰ ਨਾਂ ਕਰਨਾਂ।”
“ਦਿਲਪ੍ਰੀਤ ਦੀ ਜੱਥੇਬੰਦੀ ਵਿਚੋਂ ਹੀ ਇਕ ਬੰਦਾ ਹੈ।” ਨਵੇਂ ਠਾਣੇਦਾਰ ਨੇ ਦੱਸਿਆ, “ਉਹ ਕਹਿੰਦਾ ਸੀ ਕੱਲ ਉਸ ਦਾ ਵਿਆਹ ਸੀ।”
“ਐਵੇ ਸਾਲੇ੍ਹ ਝੂਠ ਬੋਲਦੇ ਰਹਿੰਦੇ ਨੇਂ।” ਪੁਰਾਣੇ ਠਾਣੇਦਾਰ ਨੇ ਕਿਹਾ, “ਪੁਲੀਸ ਨੂੰ ਬੇਵਕੂਫ ਬਣਾਉਂਦੇ ਨੇਂ।”
“ਕਿੰਨੀ ਕੁ ਚਿਰ ਬੇਵਕਖੂਫ ਬਣਾਈ ਜਾਣਗੇ।” ਨਵੇਂ ਨੇ ਜੀਪ ਦੀ ਤਾਕੀ ਵਿਚੋਂ ਬਾਹਰ ਦੇਖਦੇ ਕਿਹਾ, “ਕੋਈ ਨਹੀਂ ਹੁਣ ਮਂੈ ਆ ਗਿਆ, ਇਸ ਇਲਾਕੇ ਵਿਚ, ਖਾੜਕੂ ਤਾਂ ਕੀ ਖਾੜਕੂਆਂ ਦੇ ਟੱਬਰਾਂ ਦਾ ਨਿਸ਼ਾਨ ਵੀ ਨਹੀਂ ਦਿੱਸੇਗਾ।”
“ਭਰਾਵਾ, ਤੂੰ ਅਜੇ ਨਵਾਂ ਹੈ।” ਪੁਰਾਣੇ ਨੇ ਕਿਹਾ, “ਏਡੀ ਉੱਚੀ ਵੀ ਛਾਲ ਮਾਰਨ ਦੀ ਕੋਸ਼ਿਸ਼ ਨਾਂ ਕਰੀਂ ਕਿ ਵਿਚ ਹੀ ਲਟਕਦਾ ਰਹਿ ਜਾਵੇਂ।”
“ਹੋਰ ਇਹਨਾਂ ਭੈਣ ਦੇ ਜਾਰਾਂ ਨੂੰ ਕਾਬੂ ਵੀ ਕਿਵੇਂ ਕੀਤਾ ਜਾ ਸਕਦਾ ਹੈ।”
“ਭੈਣ ਦੇ ਜਾਰ ਤਾਂ ਲੀਡਰ ਨੇਂ।” ਪੁਰਾਣੇ ਠਾਣੇਦਾਰ ਨੇ ਕਿਹਾ, “ਜਿਹੜੇ ਨਾਂ ਸਾਨੂੰ ਚੈਨ ਨਾਲ ਬਹਿਣ ਦਿੰਦੇ ਨੇ ਅਤੇ ਨਾਂ ਇਹਨਾਂ ਨੂੰ।”
“ਕੀ ਗੱਲ, ਤੁਸੀ ਬੜੇ ਇਹਨਾਂ ਦੇ ਹੱਕ ਵਿਚ ਹੋ।” ਨਵੇਂ ਨੇ ਕਿਹਾ, “ਤੁਸੀ ਦਿਲਪ੍ਰੀਤ ਦੇ ਘਰ ਵੀ ਕੋਈ ਦਿਲਚਸਪੀ ਨਹੀਂ ਦਿਖਾਈ।”
“ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ।” ਪੁਰਾਣੇ ਨੇ ਦੱਸਿਆ, “ਦਿਲਪ੍ਰੀਤ ਦੇ ਟੱਬਰ ਦਾ ਤਾਂ ਸ਼ਰੀਫ ਸਿੱਧਾ ਜੱਟ ਸੁਭਾਅ ਹੈ।”
“ਤੁਸੀਂ ਆਪ ਜੱਟ ਕਰਕੇ ਤਾਂ ਇਹਨਾਂ ਦੀ ਤਰਫਦਾਰੀ ਤਾਂ ਨਹੀਂ ਕਰ ਰਹੇ।”
“ਮਂੈ ਬਹੁਤ ਦੇਰ ਤੋਂ ਇਹਨਾਂ ਨੂੰ ਦੇਖ ਰਿਹਾ ਹਾਂ, ਇਸ ਲਈ ਕਹਿ ਰਿਹਾ ਹਾਂ।” ਪੁਰਾਣੇ ਨੇ ਕਿਹਾ, “ਬਾਕੀ ਬਰਾਦਰੀਆਂ ਵਿਚ ਕੀ ਪਿਆ, ਜੱਟ ਹੋਏ ਜਾਂ ਚਮਾਰ।”
“ਮੈਨੂੰ ਤਾਂ ਫ਼ਰਕ ਪਿਆ ਲੱਗਦਾ ਹੈ।” ਨਵੇਂ ਨੇ ਫਿਰ ਚਲਦੀ ਜੀਪ ਵਿਚੋਂ ਬਾਹਰ ਦੇਖ ਕੇ ਕਿਹਾ, “ਇਹਨਾ ਜੱਟਾਂ ਨੇ ਸਾਡਾ ਲਹੂ ਬੜਾ ਪੀਤਾ, ਜਦੋਂ ਮੈਂ ਠਾਣੇਦਾਰ ਬਣਿਆ ਤਾ ਪੱਕਾ ਇਰਾਦਾ ਕੀਤਾ ਸੀ ਕਿ ਇਹਨਾਂ ਨੂੰ ਮੈਂ ਸੋਧੂੰ।”
ਇਹ ਗੱਲ ਸੁਣ ਕੇ ਪੁਰਾਣਾ ਠਾਣੇਦਾਰ ਨਵੇਂ ਦੇ ਮੂੰਹ ਵੱਲ ਨੂੰ ਦੇਖਦਾ ਰਿਹਾ। ਫਿਰ ਗੱਲ ਘਟਾਉਣ ਦੇ ਲਈ ਬੋਲਿਆ, “ਸਾਰੀਆਂ ਬਰਾਦਰੀਆਂ ਵਿਚ ਚੰਗੇ ਬੰਦੇ ਵੀ ਹੁੰਦੇ ਹਨ ਅਤੇ ਮਾੜੇ ਵੀ, ਆਪਾਂ ਨੌਕਰੀ-ਪੇਸ਼ੇ ਵਾਲੇ ਬੰਦੇ ਹਾਂ, ਸਾਨੂੰ ਇਹਨਾਂ ਗੱਲਾਂ ਵਿਚ ਨਹੀਂ ਪੈਣਾ ਚਾਹੀਦਾ। ਆਪਣਾ ਉੱਲੂ ਸਿੱਧਾ ਰੱਖਣਾ ਚਾਹੀਦਾ ਹੈ।”
“ਤੁਸੀ ਤਾਂ ਇਹ ਇਲਾਕਾ ਛੱਡ ਕੇ ਜਾ ਹੀ ਰਹੇ ਹੋ।” ਨਵੇਂ ਨੇ ਬੜੀ ਆਕੜ ਨਾਲ ਕਿਹਾ, “ਹੁਣ ਮੈਂ ਦੇਖਣਾ ਹੈ ਕੌਣ ਕਿਹਨੂੰ ਸਿੱਧਾ ਰੱਖਦਾ ਹੈ।”
ਪੁਰਾਣੇ ਠਾਣੇਦਾਰ ਨੇ ਸਿਪਾਹੀਆਂ ਵੱਲ ਦੇਖਿਆ ਤਾਂ ਉਹ ਬੁੱਲਾਂ ਵਿਚ ਹੱਸ ਰਹੇ ਸਨ। ਉਸ ਨੇ ਆਪਣੇ ਮਨ ਵਿਚ ਹੀ ਸਿਪਾਹੀਆਂ ਨੂੰ ਗਾਲ੍ਹ ਕੱਢੀ, ਇਹ ਮਾਂ ਦੇ ਜਾਰਾਂ ਨੇ ਵੀ ਉਹ ਹੀ ਗਲ ਕੀਤੀ ਕਿ ਨਵੇਂ ਬਣੇ ਮਿੱਤ ਤੇ ਪੁਰਾਣੇ ਕਿਹਦੇ ਚਿੱਤ।”
ਪੁਲੀਸ ਦੀ ਜੀਪ ਵਾਹੋਦਾਹੀ ਭਜੀ ਜਾ ਰਹੀ ਸੀ। ਨਵਾਂ ਠਾਣੇਦਾਰ ਵੀ ਆਪਣੀਆਂ ਸੋਚਾਂ ਦੇ ਘੋੜੇ ਜੀਪ ਨਾਲ ਹੀ ਦੁੜਾ ਰਿਹਾ ਸੀ ਕਿ ਜੇ ਦਿਲਪ੍ਰੀਤ ਦਾ ਵਿਆਹ ਹੋਇਆ ਹੁੰਦਾਂ ਤਾਂ ਉਸ ਦੀ ਘਰਵਾਲੀ ਤਾਂ ਘਰ ਵਿਚ ਹੀ ਹੋਣੀ ਚਾਹਦੀ ਸੀ, ਜੇ ਉਹ ਕਿਤੇ ਲੁਕੀ ਵੀ ਹੁੰਦੀ ਤਾਂ ਬੁੜੀ ਮਰੀ ਤੇ ਬਾਹਰ ਨਿਕਲਣਾ ਹੀ ਸੀ। ਸੋਚ ਰਿਹਾ ਸੀ ਜਾਂ ਝੂਠੀ ਖਬਰ ਮਿਲੀ ਜਾਂ ਫਿਰ ਉਹ ਵੀ ਦਿਲਪ੍ਰੀਤ ਦੇ ਨਾਲ ਹੀ ਬਚ ਕੇ ਨਿਕਲ ਗਈ। ਉਸ ਨੇ ਡਰਾਈਵਰ ਨੂੰ ਜੀਪ ਰੋਕਣ ਨੂੰ ਕਿਹਾ, “ਜਰਾ ਗੱਡੀ ਇੱਥੇ ਰੋਕੀਂ।” ਡਰਾਈਵਰ ਨੇ ਗੱਡੀ ਰੋਕ ਲਈ ਤੇ ਸਾਰੀ ਪੁਲੀਸ ਬਾਹਰ ਉੱਤਰ ਕੇ ਫਿਰ ਦਿਲਪ੍ਰੀਤ ਦੀ ਭਾਲ ਕਰਨ ਲੱਗ ਪਈ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>