ਹੱਕ ਲਈ ਲੜਿਆ ਸੱਚ – (ਭਾਗ – 65)

“ਮੈਨੂੰ ਲੱਗਦਾ ਹੈ ਕਿ ਪੁਲੀਸ ਅੱਗੇ ਲੰਘ ਗਈ ਹੈ।” ਦਿਲਪ੍ਰੀਤ ਨੇ ਖਾਲ ਵਿਚੋਂ ਉੱਠਦੇ ਕਿਹਾ, “ਪਤਾ ਨਹੀਂ ਕਿੰਨੀ ਵਾਰੀ ਪੁਲੀਸ ਮੈਨੂੰ ਫੜ੍ਹਨ ਦੀ ਕੋਸ਼ਿਸ ਕਰ ਚੁੱਕੀ ਹੈ।”
“ਤੇ ਤੁਸੀਂ ਬੱਚ ਜਾਂਦੇ ਹੋ।”
“ਇਹ ਵੀ ਕੋਈ ਪ੍ਰਮਾਤਮਾ ਦੀ ਹੀ ਕ੍ਰਿਪਾ ਹੈ।” ਦਿਲਪ੍ਰੀਤ ਨੇ ਕਿਹਾ, “ਮੇਰੇ ਨਾਲ ਦੇ ਕਈ ਸਾਥੀ ਫੜੇ੍ਹ ਵੀ ਜਾ ਚੁੱਕੇ ਨੇਂ।”
“ਤੁਹਾਡੇ ਹੋਰ ਕਿੰਨੇ ਕੁ ਸਾਥੀ ਨੇਂ।” ਦੀਪੀ ਨੇ ਆਪਣੇ ਕੱਪੜਿਆਂ ਤੋਂ ਖਾਲ੍ਹ ਦੀ ਮਿੱਟੀ ਝਾੜਦੇ ਕਿਹਾ, “ਉਹਨਾਂ ਵਿਚ ਕੁੜੀਆਂ ਵੀ ਨੇਂ।”
“ਇਕ ਵੇਲੇ ਸਾਨੂੰ ਕਾਫੀ ਔਖ ਆ ਗਈ।” ਦਿਲਪ੍ਰੀਤ ਨੇ ਦੀਪੀ ਦੇ ਸਵਾਲਾਂ ਨੂੰ ਨਵੀਂ ਗੱਲ ਨਾਲ ਜੋੜਦੇ ਕਿਹਾ, “ਕੁੜੀਆਂ ਦੇ ਕਾਲਜ ਕੋਲ ਸਾਡਾ ਮੋਟਰਸਾਈਕਲ ਖਰਾਬ ਹੋ ਗਿਆ ਸੀ, ਕੁੜੀਆਂ ਨੇ ਸਾਨੂੰ ਆਪਣੇ ਸਾਈਕਲ ਦਿੱਤੇ ਆਪ ਪਿੱਛੇ ਬੈਠ ਗਈਆਂ। ਉਹ ਸਿਰਫ ਕੁੜੀਆਂ ਦਾ ਹੀ ਪ੍ਰਾਈਵੇਟ ਕਾਲਜ ਸੀ, ਕੁੜੀਆਂ ਨੇ ਚਿੱਟੇ ਸੂਟ ਪਾਏ ਹੋਏ ਸਨ। ਰਸਤੇ ਵਿਚ ਪੁਲੀਸ ਨੇ ਪੁੱਛਿਆ ਤਾਂ ਉਹਨਾ ਨੇ ਕਿਹਾ ਕਿ ਅਸੀ ਉਹਨਾਂ ਦੇ ਭਰਾ ਹਾਂ।”
ਛੇਤੀ ਹੀ ਉਹ ਇਕ ਟਿਊਬਵੈਲ ਦੇ ਕੋਲ ਪਹੁੰਚ ਗਏ ਜੋ ਚਲ ਰਿਹਾ ਸੀ। ਉਹਨਾਂ ਨੇ ਆਪਣੇ ਹੱਥ-ਪੈਰ ਪਾਣੀ ਨਾਲ ਧੋਤੇ ਜਿਸ ਨਾਲ ਉਹਨਾਂ ਨੇ ਕੁਝ ਤਾਜ਼ਗੀ ਮਹਿਸੂਸ ਕੀਤੀ। ਅਸਮਾਨ ਤੋਂ ਥੌੜ੍ਹਾ ਥੌੜ੍ਹਾ ਹਨੇਰਾ ਅਲੋਪ ਹੋਣ ਲੱਗ ਪਿਆ ਸੀ। ਉਹ ਹਨੇਰੇ ਵਿਚ ਹੀ ਇਸ ਇਲਾਕੇ ਤੋਂ ਬਾਹਰ ਨਿਕਲਣਾ ਚਾਹੁੰਦੇ ਸੀ।
ਝਾੜੀਆਂ ਵਿਚੋਂ ਸਕੂਟਰ ਬਾਹਰ ਕੱਢਿਆ ਤਾਂ ਦਿਲਪ੍ਰੀਤ ਨੇ ਉਸ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਸਟਾਰਟ ਨਾ ਹੋਇਆ। ਦੀਪੀ ਘਬਰਾ ਗਈ ਅਤੇ ਸੋਚਣ ਲੱਗੀ ਜੇ ਇਹ ਨਾ ਸਟਾਰਟ ਹੋਇਆ ਤਾਂ ਕੀ ਕਰਾਂਗੇ, ਪਰ ਦਿਲਪ੍ਰੀਤ ਨੇ ਸਕੂਟਰ ਨੂੰ ਆਪਣੇ ਵੱਲ ਟੇਡਾ ਕਰਕੇ ਫਿਰ ਸਟਾਰਟ ਕੀਤਾ ਉਹ ਚੱਲ ਪਿਆ। ਦਿਲਪ੍ਰੀਤ ਦੀਪੀ ਨੂੰ ਪਿੱਛੇ ਬੈਠਾਈ ਖੇਤਾਂ ਦੀਆਂ ਪਗਡੰਡੀਆਂ ਤੋਂ ਹੁੰਦਾ ਹੋਇਆ ਮੇਨ ਰੋਡ ਤੇ ਪਹੁੰਚ ਗਿਆ।
“ਆਪਾਂ ਹੁਣ ਕਿੱਥੇ ਜਾ ਰਹੇ ਹਾਂ”? ਪਿੱਛੇ ਬੈਠੀ ਦੀਪੀ ਨੇ ਪੁੱਛਿਆ, “ਕੋਈ ਮੰਜਿਲ ਜਾਂ ਟਿਕਾਣਾ ਹੈ?”
“ਮੰਜ਼ਿਲ ਜਾਂ ਟਿਕਾਣੇ ਸਾਨੂੰ ਆਪ ਹੀ ਬਣਾਉਣੇ ਪੈਂਦੇ ਹਨ।” ਦਿਲਪ੍ਰੀਤ ਨੇ ਦੱਸਿਆ, “ਬਾਕੀ ਜਿੱਥੇ ਤਕਦੀਰ ਲੈ ਗਈ ਉੱਥੇ ਚਲੇ ਜਾਣਾ ਹੈ।”
ਅਜੇ ਗੱਲਾਂ ਹੀ ਕਰ ਰਹੇ ਸਨ ਕਿ ਪਿੱਛੇ ਆਉਂਦੀ ਜੀਪ ਦਿਸੀ।
“ਜੀਪ ਆ ਰਹੀ ਹੈ।” ਦੀਪੀ ਨੇ ਦੱਸਿਆ, “ਕਿਤੇ ਪੁਲੀਸ ਦੀ ਨਾਂ ਹੋਵੇ।”
ਦਿਲਪ੍ਰੀਤ ਨੇ ਉਸ ਵੇਲੇ ਹੀ ਸਕੂਟਰ ਨਾਲ ਦੀ ਪਗਡੰਡੀ ਵਿਚ ਖੇਤਾਂ ਵੱਲ ਮੋੜ ਲਿਆ। ਜੀਪ ਭਾਵੇਂ ਸਿਧੀ ਲੰਘ ਗਈ ਸੀ, ਪਰ ਦਿਲਪ੍ਰੀਤ ਦਾ ਸਕੂਟਰ ਪਗਡੰਡੀ ਵਿਚ ਹੀ ਜਾ ਰਿਹਾ ਸੀ।
ਇਕ ਥਾਂ ਖੇਤਾਂ ਵਿਚ ਮੋਟਰ ਦਾ ਕਮਰਾ ਦਿਸਿਆ ਤਾਂ ਦੀਪੀ ਨੇ ਕਿਹਾ, “ਉਹ ਸਾਹਮਣੇ ਮੋਟਰ ਚਲਦੀ ਲੱਗਦੀ ਹੈ, ਉੱਥੇ ਜਾ ਸਕਦੇ ਹੋ, ਥੋੜ੍ਹਾ ਅਰਾਮ ਹੋ ਜਾਵੇਗਾ ਅਤੇ ਮੈਂ ਪਾਣੀ ਵੀ ਪੀ ਲਵਾਂਗੀ।”
ਦਿਲਪ੍ਰੀਤ ਬੋਲਿਆ ਤਾਂ ਕੁਝ ਨਹੀਂ, ਪਰ ਆਪਣਾ ਸਕੂਟਰ ਉਧਰ ਮੌੜ ਲਿਆ।
ਮੋਟਰ ਵਾਲੇ ਕਮਰੇ ਦੇ ਕੋਲ ਹੀ ਦਿਲਪ੍ਰੀਤ ਨੇ ਸਕੂਟਰ ਖੜ੍ਹਾ ਕਰ ਲਿਆ। ਦੀਪੀ ਤਾਂ ਸਿੱਧੀ ਪਾਣੀ ਵਾਲੇ ਚਲੇ੍ਹ ਵੱਲ ਨੂੰ ਚਲੀ ਗਈ। ਦਿਲਪ੍ਰੀਤ ਨੇ ਮੋਟਰ ਵਾਲੇ ਕਮਰੇ ਵਿਚ ਝਾਤੀ ਮਾਰ ਕੇ ਦੇਖਿਆ ਤਾਂ ਇਕ ਬਜ਼ੁਰਗ ਆਪਣੇ ਬਿਸਤਰੇ ਉੱਤੇ ਹੀ ਚੌਕੜੀ ਮਾਰ ਕੇ ਬੈਠਾ ਸੀ, ਲੱਗਦਾ ਸੀ ਕਿ ਉਹ ਪਾਠ ਕਰ ਰਿਹਾ ਹੈ। ਦਿਲਪ੍ਰੀਤ ਚੁੱਪ-ਚਾਪ ਵਗਦੇ ਪਾਣੀ ਕੋਲ ਚਲਾ ਗਿਆ। ਉਸ ਨੇ ਕੋਸੇ ਪਾਣੀ ਦੇ ਛਿੱਟੇ ਆਪਣੀਆਂ ਅੱਖਾਂ ਵਿਚ ਮਾਰ ਕੇ ਰਾਹਿਤ ਮਹਿਸੂਸ ਕੀਤੀ। ਦੋਹਾਂ ਨੂੰ ਭੁੱਖ ਲੱਗੀ ਹੋਈ ਸੀ, ਪਰ ਦੋਹਾਂ ਵਿਚੋਂ ਕਿਸੇ ਨੇ ਵੀ ਇਸ ਦਾ ਜਿਕਰ ਇਕ ਦੂਜੇ ਕੋਲ ਨਾ ਕੀਤਾ। ਦੀਪੀ ਨੂੰ ਭੁੱਖੇ- ਭਾਣੇ ਪਾਣੀ ਪੀਂਦੀ ਦੇਖ ਕੇ ਦਿਲਪ੍ਰੀਤ ਦਾ ਦਿਲ ਇਕ ਵਾਰੀ ਤਾਂ ਜੋਰ ਦੀ ਹਿਲਿਆ, ਪਰ ਫਿਰ ਆਪਣੇ ਮਨ ਨੂੰ ਸਮਝੌਤਾ ਦੇਂਦੇਂ ਸੋਚਿਆ, “ਜੇ ਇਸ ਨੇ ਮੇਰੇ ਨਾਲ ਤੁਰਨਾ ਹੈ ਤਾਂ ਇਸ ਨੂੰ ਅਜਿਹੀਆਂ ਗੱਲਾਂ ਦੇ ਆਦੀ ਹੋਣਾ ਹੀ ਪੈਣਾਂ ਹੈ।”
ਉਦੋਂ ਹੀ ਇਕ ਬੰਦਾ ਜਿਸ ਦੇ ਹੱਥ ਵਿਚ ਇਕ ਚਾਹ ਦਾ ਡੋਲੂ ਤੇ ਦੋ ਕੱਪ ਸਨ। ਉਹ ਕਦੇ ਦਿਲਪ੍ਰੀਤ ਵੱਲ ਦੇਖ ਰਿਹਾ ਸੀ ਅਤੇ ਕਦੇ ਦੀਪੀ ਵੱਲ। ਦਿਲਪ੍ਰੀਤ ਨੇ ਉਸ ਨੂੰ ਸਤਿ ਸ੍ਰੀ ਅਕਾਲ ਬੁਲ਼ਾਈ ਤਾਂ ਉਸ ਨੇ ਆਪਣਾ ਸਿਰ ਹਿਲਾ ਕੇ ਜ਼ਵਾਬ ਦਿੱਤਾ ਅਤੇ ਨਾਲ ਹੀ ਪੁੱਛਿਆ, “ਰਾਹੀ ਲੱਗਦੇ ਹੋ?”
“ਹਾਂ ਜੀ।” ਦਿਲਪ੍ਰੀਤ ਨੇ ਕਿਹਾ, “ਕੋਲੋ ਦੀ ਲੰਘ ਰਹੇ ਸੀ। ਮੋਟਰ ਚਲਦੀ ਦੇਖ ਕੇ ਪਾਣੀ ਪੀਣ ਆ ਗਏ।”
“ਅੱਛਾ।” ਬੰਦੇ ਨੇ ਦੀਪੀ ਵੱਲ ਦੇਖ ਕੇ ਕਿਹਾ, “ਮੈਨੂੰ ਤਾਂ ਲਗਦਾ ਤੁਸੀਂ ਭੱਜੇ ਹੋਏ ਹੋ।”
“ਕਿਹਰ ਸਿੰਘ, ਕੌਣ ਆ”? ਪਾਠ ਕਰਨ ਵਾਲੇ ਬੰਦੇ ਨੇ ਪੁੱਛਿਆ, “ਕਿਹਦੇ ਨਾਲ ਗੱਲਾਂ ਕਰ ਰਿਹਾਂ ਆਂ?”
“ਚਾਚਾ ਜੀ, ਕੋਈ ਦੋ ਜਣੇ ਆ।” ਕਿਹਰ ਸਿੰਘ ਨੇ ਜ਼ਵਾਬ ਦਿੱਤਾ, “ਕੋਈ ਰਾਹੀ ਨੇ।”
“ਕਾਕਾ, ਉਹਨਾਂ ਨੂੰ ਅੰਦਰ ਲੈ ਆ।”
“ਆ ਜਾਉ ਬਈ।” ਕਿਹਰ ਸਿੰਘ ਨੇ ਕਿਹਾ, “ਕਰੀਏ ਤੁਹਾਡੀ ਪੇਸ਼ੀ।”
ਕਿਹਰ ਸਿੰਘ ਚਾਚੇ ਦੇ ਕੋਲ ਜਾ ਕੇ ਉਸ ਦੇ ਕੰਂਨ ਕੋਲ ਬੋਲਿਆ, “ਕੋਈ ਕੁੜੀ ਮੁੰਡਾ ਹਨ ਘਰ ਤੋਂਂ ਭਜੇ ਲੱਗਦੇ ਨੇ।”
ਚਾਚੇ ਨੇ ਧਿਆਨ ਨਾਲ ਦੀਪੀ ਅਤੇ ਦਿਲਪ੍ਰੀਤ ਨੂੰ ਦੇਖਿਆ ਫਿਰ ਉੱਚੀ ਅਵਾਜ਼ ਵਿਚ ਕਹਿਣ ਲੱਗਾ, “ਕਿਸੇ ਖਾਸ ਕਾਰਣ ਕਰਕੇ ਹੀ ਦੌੜੇ ਲੱਗਦੇ ਹੋ, ਘਰ ਦੇ ਤੁਹਾਡਾ ਵਿਆਹ ਨਹੀ ਕਰ ਰਹੇ, ਇਸੇ ਕਰਕੇ ਤੁਸੀ ਦੌੜੇ?”
“ਸਾਡਾ ਵਿਆਹ ਅਜੇ ਕੱਲ ਹੀ ਹੋਇਆ ਹੈ ਤੇ ਉਹ ਸਾਡੇ ਘਰਦਿਆਂ ਨੇ ਹੀ ਕੀਤਾ ਹੈ।” ਦਿਲਪ੍ਰੀਤ ਨੇ ਸੱਚ ਦੱਸਿਆ, “ਸਾਡੇ ਪਿੱਛੇ ਤਾਂ ਪੁਲੀਸ ਪਈ ਹੋਈ ਆ।”
“ਉਹ ਕਿਉ?” ਬੁਜ਼ਰਗ ਨੇ ਪੁੱਛਿਆ, “ਤੁਸੀਂ ਕਿਸੇ ਖਾੜਕੂ ਦੇ ਰਿਸ਼ਤੇਦਾਰ ਤਾਂ ਨਹੀਂ।”
“ਪੁਲੀਸ ਸਾਨੂੰ ਹੀ ਖਾੜਕੂ ਸਮਝਦੀ ਹੈ।” ਦਿਲਪ੍ਰੀਤ ਨੇ ਕਿਹਾ, “ਬਜ਼ੁਰਗੋ, ਤਹਾਨੂੰ ਪਤਾ ਹੀ ਹੈ ਇਸ ਵੇਲੇ ਪੰਜਾਬ ਦੇ ਕੀ ਹਾਲ ਹਨ।”
“ਆਉ, ਮੰਜੇ ਤੇ ਬੈਠ ਜਾਉ।” ਬੁਜ਼ਰਗ ਪਰੇ ਨੂੰ ਖਿਸਕਦਾ ਹੋਇਆ ਬੋਲਿਆ, “ਕਿਹਰ ਪੁੱਤ, ਇਹਨਾਂ ਨੂੰ ਕੱਪਾਂ ਵਿਚ ਚਾਹ ਪਾ ਕੇ ਦੇ।”
ਕਿਹਰ ਸਿੰਘ ਜਿਹੜਾ ਆਪਣੇ ਅਤੇ ਚਾਚੇ ਬਜ਼ੁਰਗ ਲਈ ਚਾਹ ਲੈ ਕੇ ਆਇਆ ਸੀ, ਉਸ ਨੇ ਉਹ ਚਾਹ ਕੱਪਾਂ ਵਿਚ ਪਾ ਕੇ ਦੀਪੀ ਅਤੇ ਦਿਲਪ੍ਰੀਤ ਨੂੰ ਦੇ ਦਿੱਤੀ। ਜਦੋਂ ਦਾ ਉਹਨਾ ਨੇ ਦੱਸਿਆ ਸੀ ਕਿ ਪੁਲੀਸ ਉਹਨਾਂ ਦੇ ਮਗਰ ਹੈ ੳਦੋਂ ਦੀ ਕਿਹਰ ਸਿੰਘ ਨੂੰ ਵੀ ਉਹਨਾਂ ਨਾਲ ਹਮਦਰਦੀ ਹੋ ਗਈ ਸੀ।
“ਕਾਕਾ, ਤੂੰ ਪੰਜਾਬ ਦੇ ਹਾਲ ਦੀ ਹੁਣ ਗੱਲ ਕਰ ਰਿਹਾ ਹੈ।” ਬਜ਼ੁਰਗ ਦਿਲਪ੍ਰੀਤ ਨੂੰ ਕਹਿਣ ਲੱਗਾ, “ਅਸੀ ਤਾਂ ਇਹਦੇ ਹਾਲ ਨੂੰ 1947 ਤੋਂ ਜਾਣਦੇ ਹਾਂ।”
ਦਿਲਪ੍ਰੀਤ ਨੂੰ ਇਸ ਗੱਲ ਦੀ ਪੂਰੀ ਸਮਝ ਤਾਂ ਨਹੀਂ ਸੀ ਲੱਗੀ, ਪਰ ਗੱਲ ਅਗਾਂਹ ਤੋਰਨ ਦੇ ਹਿਸਾਬ ਨਾਲ ਉਸ ਨੇ ਕਿਹਾ, “ਹਾਂ ਜੀ ਉਹ ਤਾਂ ਹੈ।”
“ਚਾਚਾ ਜੀ, ਤੁਸੀ ਉਹ ਗੱਲਾਂ ਨਾਂ ਕਰੋ ਜਿਨਾ ਕਰਕੇ ਤੁਹਾਡਾ ਬੀ; ਪੀ ਵੱਧ ਜਾਂਦਾ ਹੈ।” ਕਿਹਰ ਸਿੰਘ ਨੇ ਆਪਣੇ ਚਾਚੇ ਨੂੰ ਚਿਤਾਵਨੀ ਦਿੱਤੀ, “ਮੁੜ ਮੰਜੇ ਤੇ ਪੈ ਜਾਉਂਗੇ।”
“ਜਦੋਂ ਦੀ ਤੇਰੇ ਤੋ ਛੋਟੇ ਨੂੰ ਪੁਲੀਸ ਲੈ ਗਈ ਹੈ, ਮੰਜੇ ਤੇ ਤਾਂ ਮੈਂ ੳਦੋਂ ਦਾ ਹੀ ਪਿਆ ਹਾਂ।” ਬਜ਼ੁਰਗ ਨੇ ਦੱਸਿਆ, “ਇਸ ਤੋਂ ਛੋਟੇ ਮਿਹਰ ਸਿੰਘ ਨੂੰ ਪੁਲੀਸ ਲੈ ਗਈ ਹੈ।”
“ਉਹ ਕਿਉ?” ਦਿਲਪ੍ਰੀਤ ਨੇ ਪੁੱਛਿਆ, “ਉਹ ਵੀ ਕਿਸੇ ਜੱਥੇਬੰਦੀ ਵਿਚ ਸੀ।”
“ਹਾਂ, ਕਾਹਨੂੰ ਪੁੱਤਰਾ।” ਬਜ਼ੁਰਗ ਨੇ ਦੱਸਿਆ, “ਇਕ ਦਿਨ ਉਸ ਨੇ ਆਪਣੇ ਕਾਲਜ ਵਿਚ ਵਿਦਿਆਰਥੀਆਂ ਅਤੇ ਪ੍ਰੋਫਸਰਾਂ ਸਾਹਮਣੇ ਸੱਚ ਬੋਲ ਦਿੱਤਾ।”
“ਸੱਚ ਬੋਲ ਦਿੱਤਾ।” ਦੀਪੀ ਨੇ ਹੌਲੀ ਜਿਹੀ ਕਿਹਾ।
“ਹਾਂ, ਬੀਬਾ।” ਬਜ਼ੁਰਗ ਨੇ ਦੱਸਿਆ, “ਕਾਲਜ ਵਿਚ ਕੋਈ ਸਮਾਗਮ ਹੋ ਰਿਹਾ ਸੀ, ਉੱਥੇ ਉਸ ਨੇ ਆਪਣਾ ਭਾਸ਼ਨ ਦੇ ਦਿੱਤਾ।”
“ਯੂਥ ਫੈਸਟੀਬਲ ਸੀ।” ਕਿਹਰ ਸਿੰਘ ਨੇ ਕਿਹਾ, “ਜੋ ਉਸ ਨੇ ਕਿਤਾਬਾ ਵਿਚ ਪੜਿ੍ਹਆ ਸੀ, ਉਹ ਹੀ ਲੋਕਾਂ ਨੂੰ ਸੁਣਾ ਦਿੱਤਾ। ਰਾਜਨੀਤੀ ਵਿਗਿਆਨ ਦਾ ਵਿਦਿਆਰਥੀ ਜਿਉਂ ਸੀ।”
“ਪਲੋਟੀਕਲ ਸਾਇੰਸ ਰੱਖੀ ਹੋਣੀ ਏ।” ਦਿਲਪ੍ਰੀਤ ਨੇ ਕਿਹਾ, “ਇਹ ਵਿਸ਼ਾ ਹੀ ਐਸਾ ਹੈ, ਜੋ ਲੁਕੇ ਹੋਏ ਰਾਜਸੀ ਭੇਦ ਦੀਆਂ ਪੜਤਾਂ ਖੋਲਦਾ ਹੈ।”
“ਉਦਾਂ ਵੀ ਬਥੇਰੀਆਂ ਕਿਤਾਂਬਾ ਪੜ੍ਹਦਾ ਰਹਿੰਦਾ ਸੀ।” ਬਜ਼ੁਰਗ ਨੇ ਦੱਸਿਆ, “ਕਈ ਵਾਰੀ ਪੜ੍ਹ ਕੇ ਮੈਨੂੰ ਵੀ ਸਣਾਉਦਾ ਸੀ।”
“ਉਹ ਅਕਾਲੀ ਲੀਡਰਾਂ ਦੇ ਵੀ ਖਿਲਾਫ ਬੋਲਣ ਲੱਗ ਪਿਆ ਸੀ।” ਕਿਹਰ ਸਿੰਘ ਕਹਿਣ ਲੱਗਾ, “ਮਂੈ ਉਹਨੂੰ ਬੇਥੇਰਾ ਸਮਝਾਇਆ ਕਿ ਘੱਟ ਤੋਂ ਘੱਟ ਇਹਨਾਂ ਲੀਡਰਾਂ ਦੇ ਖਿਲਾਂਫ ਤਾਂ ਨਾ ਬੋਲੇ।”
“ਕਿਹਰ ਸਿਹਾਂ, ਉਸ ਨੂੰ ਲੀਡਰਾਂ ਤੇ ਇਤਬਾਰ ਨਹੀਂ ਸੀ।” ਬਜ਼ੁਰਗ ਨੇ ਦੱਸਿਆ, “ਉਹ ਕਹਿੰਦਾ ਸੀ ਪਹਿਲਾਂ ਬਲਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਵਰਗੇ ਨਹਿਰੂ ਦੇ ਮੋਢੇ ਚੜੇ ਰਹੇ, ਨਹਿਰੂ ਉਹਨਾਂ ਨੂੰ ਪਲੋਸਦਾ ਰਿਹਾ ਅਤੇ ਝੂੱਠੇ ਲਾਰੇ ਲਾ ਕੇ ਪੰਜਾਬ ਨੂੰ ਐਸਾ ਲੁੱਟਿਆ ਕਿ ਪੰਜਾਬੀ ਬਾਹਰਲੇ ਦੇਸ਼ਾਂ ਦੇ ਮੰਗਤੇ ਬਣਾ ਕੇ ਰੱਖ ਦਿੱਤੇ।”
“ਚਾਚਾ ਜੀ, ਬਲਦੇਵ ਸਿੰਘ ਅਤੇ ਤਾਰਾ ਸਿੰੰਘ ਨਹਿਰੂ ਦੇ ਕੋਲ ਗਏ ਸਨ, ਜੋ ਸਾਡੇ ਨਾਲ ਵਾਅਦਾ ਕੀਤਾ ਸੀ ਉੁਹ ਨਿਭਾਅ।” ਕਿਹਰ ਸਿੰਘ ਨੇ ਦੱਸਿਆ, “ਪਰ ਨਹਿਰੂ ਮੁੱਕਰ ਗਿਆ ਅਤੇ ਕਹਿਣ ਲੱਗਾ ਕਿ ਅਜ਼ਾਦੀ ਤੋਂ ਪਹਿਲਾਂ ਕੀਤੇ ਵਾਦਿਆਂ ਦਾ ਤਾਂ ਮੈਨੂੰ ਚੇਤਾ ਹੀ ਨਹੀਂ।”
“ਨਹਿਰੂ ਦੀ ਗੱਲ ਨਾਂ ਹੀ ਕਰੀਏ ਤਾਂ ਚੰਗਾ।” ਐਤਕੀ ਦਿਲਪ੍ਰੀਤ ਬੋਲਿਆ, “ਉਸ ਨੇ ਤਾਂ ਭਗਤ ਸਿੰਘ ਦੀਆਂ ਲਿਖਤਾਂ ਜੋ ਉਹਨਾਂ ਜੇਲ ਵਿਚ ਲਿਖੀਆਂ ਸਨ, ਛਪਵਾਉਣ ਦਾ ਬਹਾਨਾਂ ਲਾ ਕੇ ਲੈ ਲਈਆਂ ਸਨ, ਬਾਅਦ ਵਿਚ ਰਫਾ-ਦਫਾ ਕਰਵਾ ਦਿੱਤੀਆਂ ਸਨ।”
“ਹੁਣ ਦੇ ਲੀਡਰ ਵੀ ਨਹਿਰੂ ਨਾਲੋ ਘੱਟ ਨਹੀਂ।” ਬਜ਼ੁਰਗ ਨੇ ਕਿਹਾ, “ਇਕ ਗੱਲ ਹੈ ਜੇ ਸਾਰੇ ਪੰਜਾਬੀ ਏਕਾ ਕਰ ਲੈਣ ਤਾਂ ਇਹਨਾਂ ਲੀਡਰਾਂ ਦੀ ਮਾਂ ਮਰ ਜਾਣੀ ਹੈ।”
“ਤੁਸੀ ਪੰਜਾਬੀਆਂ ਦੀ ਗੱਲ ਕਰਦੇ ਹੋ।” ਕਿਹਰ ਸਿੰਘ ਬੋਲਿਆ, “ਇਹਨਾਂ ਤਾਂ ਸਿੱਖਾਂ ਦਾ ਏਕਾ ਨਹੀਂ ਹੋਣ ਦੇਣਾ।”
“ਜੇ ਤਾਂ ਪੰਜਾਬੀ ਗੁਰੂ ਦੇ ਦੱਸੇ ਰਾਹ ਤੇ ਚਲਣਗੇ ਅਤੇ ਇਹਨਾਂ ਵਿਚ ਏਕਾ ਹੋਵੇਗਾ।” ਦਿਲਪ੍ਰੀਤ ਨੇ ਕਿਹਾ, “ਫਿਰ ਤਾਂ ਆਪਣੇ ਲੁੱਟੇ ਹੋਏ ਹੱਕ ਵਾਪਸ ਲੈ ਕੇ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆ ਸਕਦੇ ਹਨ, ਪਰ ਜੇ ਇਹਨਾਂ ਨੇ ਆਪਣੇ ਆਪਣੇ ਰਾਹ ਬਣਾ ਲਏ ਤਾਂ ਕੌਮ ਨੂੰ ਹੋਰ ਕੁੱਟ ਪਵਾ ਸਕਦੇ ਨੇਂ।”
“ਕਾਕਾ, ਸੱਚੀ ਗੱਲ ਆਖਾਂ।” ਬਜ਼ੁਰਗ ਨੇ ਦਿਲਪ੍ਰੀਤ ਦੀ ਬਾਂਹ ਫੜ੍ਹ ਕੇ ਆਖਿਆ, “ਤੂੰ ਪੰਜਾਬੀਆਂ ਪ੍ਰਤੀ ਸੱਚਾ ਤੇ ਇਮਾਨਦਾਰ ਲੱਗਦਾ ਹੈਂ, ਪੰਜਾਬੀਆਂ ਨਾਲ ਹੋਈਆਂ ਵਧੀਕੀਆਂ ਨਾਲ ਤੇਰਾ ਖੂਨ ਵੀ ਖੌਲ੍ਹਦਾ ਲੱਗਦਾ ਹੈ, ਪਰ ਜੋ ਤੂੰ ਰਾਹ ਚੁਣਿਆ ਹੈ ਜਾਂ ਚੁਣਨ ਜਾ ਰਿਹਾ ਏਂ, ਉਹ ਛੱਡ ਦੇਹ।”
“ਬਜ਼ੁਰਗੋ, ਤਹਾਨੂੰ ਦੱਸਿਆ ਤਾਂ ਹੈ।” ਦਿਲਪ੍ਰੀਤ ਨੇ ਚਾਹ ਦਾ ਖਾਲੀ ਕੱਪ ਮੰਜੇ ਦੇ ਪਾਵੇ ਕੋਲ ਥੱਲੇ ਰੱਖਦੇ ਕਿਹਾ, “ਗੁਰੂ ਦੇ ਦੱਸੇ ਰਾਹ ’ਤੇ ਤੁਰਨ ਦਾ ਯਤਨ ਕਰ ਰਿਹਾਂ ਹਾਂ, ਨਾਂ ਧੋਖਾ, ਨਾਂ ਗਦਾਰੀ ਨਾਂ ਜ਼ੁਲਮ ਕਿਸੇ ਨਾਲ ਕਰਨਾ ਹੈ ਅਤੇ ਨਾਂ ਹੀ ਸਹਿਣਾ ਹੈ।”
“ਕਾਕਾ, ਮੈਂ ਤੇਰੇ ਨਾਲ ਸਹਿਮਤ ਹਾਂ।” ਬਜ਼ੁਰਗ ਨੇ ਆਪਣੀ ਕਰੀਮ ਕਲਰ ਦੀ ਲੋਈ ਨੂੰ ਆਪਣੇ ਲੱਤਾਂ ਉੱਪਰ ਲੈਂਦੇ ਕਿਹਾ, “।। ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰੁ ਕਾ ਮਨਿ ਵਸੇ।। ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੇ।।”
ਜਿਹੜੇ ਗੁਰੂ ਦੇ ਸ਼ਬਦ ਨਾਲ ਮਨ ਜੋੜ ਲੈਂਦੇ ਹਨ, ਗੁਰੂ ਉਹਨਾਂ ਨੂੰ ਜ਼ਰੂਰ ਸੇਧ ਦਿੰਦਾਂ ਹੈ। ਪੁੱਤਰ, ਇਸ ਤਰ੍ਹਾਂ ਹੀ ਭਰੋਸਾ ਰੱਖੀਂ ਗੁਰੂ ’ਤੇ ਉਹ ਆਪਣੇ ਆਪ ਤੈਨੂੰ ਰਾਹ ਦਿਖਾਈ ਜਾਵੇਗਾ।”
“ਬਾਬਾ ਜੀ, ਮਿਹਰ ਸਿੰਘ ਅਜੇ ਵੀ ਪੁਲੀਸ ਦੀ ਹਿਰਾਸਤ ਵਿਚ ਹੈ।” ਦੀਪੀ ਨੇ ਡੂੰਘਾ ਸਾਹ ਖਿੱਚਦੇ ਪੁੱਛਿਆ, “ਇਹ ਗੱਲ ਕਦੋਂ ਕੀ ਦੀ ਹੈ।”
“ਮਿਹਰ ਸਿੰਘ ਹੁਣ ਕਿੱਥੇ ਹੈ, ਪਤਾ ਨਹੀਂ?” ਬਜ਼ੁਰਗ ਨੇ ਸੱਜਾ ਹੱਥ ਦਿਲ ਤੇ ਰੱਖ ਕੇ ਕਿਹਾ, “ਪਰ ਮੇਰਾ ਦਿਲ ਕਹਿੰਦਾ ਹੈ ਕਿ ਉਹ ਜੇਲ੍ਹ ਵਿਚੋਂ ਦੋੜ ਕੇ ਕਿਸੇ ਜੱਥੇਬੰਦੀ ਵਿਚ ਰਲ੍ਹ ਗਿਆ। ਤੁਸੀ ਦੱਸੋ ਕਿ ਤੁਹਾਡੇ ਨਾਲ ਕੀ ਵਾਪਰਿਆ?
“ਜਦੋਂ ਦੇ ਇਹ ਸਿੰਘ ਸੱਜ ਗਏ, ਉਦੋਂ ਦੀ ਹੀ ਪੁਲੀਸ ਮਗਰ ਪਈ ਹੋਈ ਹੈ।” ਦੀਪੀ ਨੇ ਦੱਸਿਆ, “ਜਿੱਥੇ ਵੀ ਜਾਂਦੇ ਆ, ਪੁਲੀਸ ਮਗਰ ਆ ਜਾਂਦੀ ਹੈ।”
ਦਿਲਪ੍ਰੀਤ ਚੁੱਪ ਹੀ ਰਿਹਾ। ਕਿਹਰ ਸਿੰਘ ਉਸ ਨੂੰ ਧਿਆਨ ਨਾਲ ਦੇਖ ਰਿਹਾ ਸੀ। ਫਿਰ ਪਤਾ ਨਹੀਂ ਉਸ ਦੇ ਮਨ ਵਿਚ ਕੀ ਆਇਆ ਕਹਿਣ ਲੱਗਾ, “ਗੱਲ ਕੀਹਦੀ ਕਰੀਏ, ਕੀਹਦੀ ਨਾਂ ਕਰੀਏ, ਨਾਂ ਘੱਟ ਪੁਲੀਸ ਤੇ ਨਾਂ ਖਾੜਕੂ।”   “ਖਾੜਕੂਆਂ ਨੇ ਕੀ ਕਰ ਦਿੱਤਾ।” ਦਿਲਪ੍ਰੀਤ ਨੇ ਅੱਖਾਂ ਦੇ ਵਿਚਕਾਰ ਵਾਲੀ ਥਾਂ ਇੱਕਠੀ ਕਰ ਕੇ ਪੁੱਛਿਆ, “ਤੁਹਾਡਾ ਕੋਈ ਨੁਕਸਾਨ ਕਰ ਦਿੱਤਾ ਉਹਨਾਂ?”
ਕਿਹਰ ਸਿੰਘ ਨੇ ਇਕ ਉੱਘੇ ਖਾੜਕੂ ਦਾ ਨਾਮ ਲੈਂਦੇ ਕਿਹਾ, “ਉਹ ਦਾ ਪਿਉ ਆਪਣੇ ਪਿੰਡ ਵਿਚ ਹੀ ਆਲੇ-ਦੁਆਲੇ ਦੀ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰੀ ਜਾਂਦਾ, ਉਹ ਆਪ ਵੀ ਸਾਨ੍ਹ ਬਣਿਆ ਫਿਰਦਾ ਹੈ।”
“ਆਹੋ ਪੁੱਤ।” ਬਜ਼ੁਰਗ ਨੇ ਦੱਸਿਆ, “ਕਹਿੰਦੇ ਆ ਹੁਣ ਉਹ ਆਪਣੇ ਆਪ ਨੂੰ ਬਹੁਤ ਵੱਡਾ ਖਾੜਕੂ ਸਮਝਦਾ ਹੈ। ਉਹ ਸ਼ਰਾਬ ਦਾ ਵੀ ਆਦੀ ਹੈ ਅਤੇ ਕੁੜੀਆਂ ਦਾ ਵੀ ਸ਼ੌਕੀਨ ਆ।”
“ਭਿੰਡਰਾਂਵਾਲਿਆਂ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੇ ਬਦਨਾਮ ਬੰਦੇ ਕੌੰਮ ਵਿਚ ਜ਼ਬਰਦਸਤੀ ਘੁਸ ਚੁੱਕੇ ਹਨ।” ਦਿਲਪ੍ਰੀਤ ਨੇ ਦੱਸਿਆ, “ਇਸ ਤਰ੍ਹਾਂ ਦੇ ਬਦਮਾਸ਼ਾ ਨੂੰ ਕੌਮ ਦੇ ਅਸਲੀ ਹੀਰੇ ਛੇਤੀ ਹੀ ਨੱਥ ਪਾਉਣਗੇ, ਘਬਰਾਉ ਨਾਂ।”
“ਪ੍ਰਮਤਾਮਾ ਸਿੰਘਾਂ ਨੂੰ ਬਲ ਬਖਸ਼ੇ ਅਜਿਹੇ ਬੰਦਿਆਂ ਨੂੰ ਕਾਬੂ ਕਰ ਸਕਣ।” ਬਜ਼ੁਰਗ ਨੇ ਕਿਹਾ, “ਆਪਾਂ ਫਿਰ ਹੋਰ ਗੱਲਾਂ ਵਿਚ ਪੈ ਗਏ, ਹੁਣ ਇਸ ਤਰ੍ਹਾਂ ਕਰਦੇ ਹਾਂ ਘਰ ਨੂੰ ਚੱਲਦੇ ਹਾਂ, ਤੁਸੀ ਪਰਸ਼ਾਦਾ- ਪਾਣੀ ਛਕ ਲਉ ਤੇ ਨਾਲ ਅਰਾਮ ਕਰੋ।”
“ਚਾਚਾ ਜੀ, ਠੀਕ ਹੀ ਕਹਿੰਦੇ ਨੇ ਹੁਣ ਘਰ ਨੂੰ ਚਲੋ।” ਕਿਹਰ ਸਿੰਘ ਨੇ ਕਿਹਾ, “ਤੁਹਾਨੂੰ ਆਲੂਆਂ ਦੇ ਪਰੌਂਠੇ ਛਕਾਉਂਦੇ ਹਾਂ।”
“ਨਹੀਂ ਹੁਣ ਅਸੀਂ ਚੱਲਦੇ ਹਾਂ।” ਦਿਲਪ੍ਰੀਤ ਨੇ ਕਿਹਾ, ਪਤਾ ਨਹੀਂ ਪੁਲੀਸ ਦਾ, ਹੋਰ ਸਾਡੇ ਨਾਲ ਤਹਾਨੂੰ ਵੀ…।”
“ਕਾਕਾ, ਸਾਡਾ ਫਿਕਰ ਨਾ ਕਰ।” ਬਜ਼ੁਰਗ ਵਿਚੋਂ ਹੀ ਬੋਲਿਆ, “ਇਸ ਵੇਲੇ ਤੁਰਨਾ ਤੁਹਾਡੇ ਲਈ ਖਤਰਾ ਹੋ ਸਕਦਾ ਹੈ, ਪੁਲੀਸ ਤਹਾਨੂੰ ਅਗਾਂਹ ਲੱਭ ਰਹੀ ਹੋਵੇਗੀ, ਇਸ ਜਗ੍ਹਾ ਤੁਸੀਂ ਸੁਰੱਖਿਅਤ ਹੋ, ਵੇਖੋ ਦਿਨ ਵੀ ਕਿੱਡਾ ਚੜ੍ਹ ਆਇਆ ਹੈ।”
“ਜੇ ਜਾਣਾ ਹੀ ਹੈ ਤਾਂ ਰਾਤ ਨੂੰ ਨਿਕਲਿਉ।” ਕਿਹਰ ਸਿੰਘ ਨੇ ਕਿਹਾ, “ਘਰ ਨਹੀਂ ਜਾਣਾ ਚਾਹੁੰਦੇ ਤਾਂ ਇੱਥੇ ਹੀ ਰੋਟੀ ਲਿਆ ਦੇਂਦੇ ਹਾਂ।”
ਦਿਲਪ੍ਰੀਤ ਨੇ ਦੀਪੀ ਦੇ ਮੂੰਹ ਵੱਲ ਇੰਝ ਦੇਖਿਆ ਜਿਵੇ ਉਸ ਦੀ ਸਲਾਹ ਪੁੱਛ ਰਿਹਾ ਹੋਵੇ। ਦੀਪੀ ਨੂੰ ਤਾਂ ਆਪ ਕੁਝ ਨਹੀ ਸੀ ਪਤਾ ਲੱਗ ਰਿਹਾ, ਉਸ ਨੇ ਸਲਾਹ ਕੀ ਦੇਣੀ ਸੀ। ਉਸ ਨੂੰ ਤਾਂ ਇਹ ਹੀ ਪਤਾ ਸੀ ਜਿਸ ਤਰ੍ਹਾਂ ਦੀ ਜ਼ਿੰਦਗੀ ਦਿਲਪ੍ਰੀਤ ਉਸ ਨੂੰ ਦੇਵੇਗਾ, ਉਹੀ ਹੀ ਉਸ ਨੂੰ ਮਨਜ਼ੂਰ ਹੋਵੇਗੀ। ਕਿਉਂਕਿ ਉਸ ਨੂੰ ਦਿਲਪ੍ਰੀਤ ਤੇ ਪੂਰਾ ਭਰੋਸਾ ਸੀ।
ਅਖੀਰ ਵਿਚ ਸਾਰਿਆਂ ਨੇ ਇਹ ਹੀ ਸਲਾਹ ਕੀਤੀ ਕਿ ਉਹ ਇਸ ਮੋਟਰ ਵਾਲੇ ਕਮਰੇ ਵਿਚ ਹੀ ਰਹਿਣਗੇ ਅਤੇ ਕਿਹਰ ਸਿੰਘ ਉਹਨਾਂ ਲਈ ਰੋਟੀ ਲੈ ਕੇ ਆਵੇਗਾ। ਕਿਹਰ ਸਿੰਘ ਉਸ ਸਮੇਂ ਹੀ ਪਿੰਡ ਵੱਲ ਨੂੰ ਚਲਾ ਗਿਆ। ਬਜ਼ੁਰਗ ਚਾਚਾ ਮੰਜੇ ਤੋਂ ਉੱਠਦਾ ਹੋਇਆ ਬੋਲਿਆ, “ਕਿਸੇ ਗੱਲ ਦਾ ਫਿਕਰ ਨਾ ਕਰੋ, ਸਾਡੀ ਬਹਿਕ ਪਿੰਡੋਂ ਕਾਫੀ ਦੂਰ ਹੋਣ ਕਾਰਨ ਘੱਟ-ਵੱਧ ਹੀ ਕੋਈ ਇਧਰ ਆਉਂਦਾ ਹੈ।”
“ਹੋਰ ਤਾਂ ਕਿਸੇ ਗੱਲ ਦਾ ਫਿਕਰ ਨਹੀਂ, ਆਹ ਪੁਲੀਸ ਹੀ ਪਿੱਛਾ ਨਹੀਂ ਛੱਡਦੀ।।” ਦਿਲਪ੍ਰੀਤ ਨੇ ਕਿਹਾ, “ਵੈਸੇ ਅੱਜ ਰਾਤ ਮੈਂ ਆਪਣੇ ਟਿਕਾਣੇ ਤੇ ਪਹੁੰਚਣਾ ਚਾਹੁੰਦਾ ਹਾਂ।”
“ਪੁੱਤਰਾ, ਬੁਰਾ ਨਾਂ ਮਨਾਈਂ।” ਬਜ਼ੁਰਗ ਆਪਣੇ ਪੈਰ ਵਿਚ ਜੁੱਤੀ ਪਾਉਂਦਾ ਬੋਲਿਆ, “ਜਿਹੜੇ ਮੋਹ ਵਿਚ ਤੂੰ ਫਸ ਗਿਆਂ ਹੈ, ਉਹ ਤੇਰੇ ਲਈ ਘਾਤਕ ਵੀ ਹੋ ਸਕਦਾ ਹੈ।”
ਦਿਲਪ੍ਰੀਤ ਨੂੰ ਸਮਝ ਨਹੀਂ ਲੱਗੀ ਕਿ ਬਜ਼ੁਰਗ ਕਿਸ ਮੋਹ ਦੀ ਗੱਲ ਕਰ ਰਿਹਾ ਹੈ। ਉਸ ਨੂੰ ਲੱਗਾ ਸ਼ਾਇਦ ਦੀਪੀ ਦੀ ਗੱਲ ਕਰ ਰਿਹਾ ਹੋਵੇਗਾ। ਉਸ ਨੇ ਗੱਲ ਸਮਝਨ ਲਈ ਕਿਹਾ, “ਮੋਹ ਵਿਚ ਲਾਲਚ ਨਾਂ ਆਵੇ, ਫਿਰ ਤਾਂ ਮੋਹ ਮਾੜਾ ਨਹੀਂ ਹੁੰਦਾ, ਪਰ ਮੈਂ ਨਹੀਂ ਸਮਝਿਆ ਤੁਸੀ ਕਿਹੜੇ ਮੋਹ ਦੀ ਗੱਲ ਕਰ ਰਹੇ ਹੋ।”
“ਤੈਨੂੰ ਕੌਮ ਦਾ ਮੋਹ ਲਗ ਗਿਆ ਹੈ।” ਬਜ਼ੁਰਗ ਨੇ ਕਿਹਾ, “ਖੈਰ ਇਹ ਮੋਹ ਲਗ ਵੀ ਆਪਣੇ ਆਪ ਹੀ ਜਾਂਦਾ ਹੈ, ਜਾਣ ਕੇ ਤਾਂ ਕਿਸੇ ਕੀ ਲਾਉਣਾ, ਤੇਰੇ ਚਿਹਰੇ ਤੋਂ ਲਗਦਾ ਹੈ ਤੂੰ ਤਾਂ ਸਭ ਕੁਝ ਸਹਾਰ ਲਵੇਗਾ, ਪਰ ਆ ਜੋ ਸੱਜ ਵਿਆਹੀ ਨਾਲ ਲਈ ਫਿਰਦਾ ਏਂ, ਇਸ ਬਾਰੇ ਕੁਝ ਸੋਚਿਆ?”
ਇਹ ਕਹਿ ਕੇ ਬਜ਼ੁਰਗ ਮੋਟਰ ਦੇ ਕਮਰੇ ਤੋਂ ਬਾਹਰ ਆ ਗਿਆ। ਦਿਲਪ੍ਰੀਤ ਇਸ ਸਵਾਲ ਦਾ ਉੱਤਰ ਅਜੇ ਸੋਚ ਹੀ ਰਿਹਾ ਸੀ ਕਿ ਦੀਪੀ ਬਜ਼ੁਰਗ ਦੇ ਮਗਰ ਹੀ ਆਉਂਦੀ ਬੋਲੀ, “ਬਾਬਾ ਜੀ, ਸਿਰਫ ਮਰਦਾਂ ਨੂੰ ਹੀ ਆਪਣੀ ਕੌਮ ਨਾਲ ਮੋਹ ਹੋ ਸਕਦਾ ਹੈ, ਅੋਰਤਾਂ ਨੂੰ ਨਹੀ?”
“ਅੋਰਤਾਂ ਨੂੰ ਵੀ ਹੋ ਸਕਦਾ ਹੈ।” ਬਾਬੇ ਨੇ ਕਿਹਾ, “ਪਰ ਆ ਜੋ ਹਵਾ ਪੰਜਾਬ ਵਿਚ ਚਲ ਰਹੀ ਹੈ ਉਹ ਤਾਂ ਕੌਮ ਨਾਂ ਨਾਮ ਲੈਣ ਵਾਲੇ ਨੂੰ ਵੀ ਉਡਾਣ ਦੀ ਕੋਸ਼ਿਸ਼ ਕਰ ਰਹੀ, ਬੀਬਾ ਤੇਰਾ ਇਸ ਹਵਾ ਦੇ ਸਾਹਮਣੇ ਟਿਕਣਾ ਔਖਾ ਹੈ?”
“ਬਾਬਾ ਜੀ, ਹਵਾ ਹਨੇਰੀ ਅੱਗੇ ਨਹੀਂ ਟਿੱਕ ਸਕਦੀ।” ਦੀਪੀ ਨੇ ਬਹੁਤ ਹੀ ਸਹਿਜ ਨਾਲ ਕਿਹਾ, “ਵੈਸੇ ਮੈਂ ਤਾਂ ਆਪਣੇ ਦਿਲ ਨਾਲ ਇਹ ਹੀ ਪ੍ਰਣ ਕੀਤਾ ਹੈ ਕਿ ਜੋ ਇਹ ਕਰਨਗੇ, ਉਹ ਹੀ ਮੈਂ ਕਰਾਂਗੀ, ਅੱਗੇ ਸਭ ਕੁਝ ਵਹਿਗੁਰੂ ਦੇ ਹੱਥ ਹੈ।”
ਬਾਬੇ ਨੇ ਤਾਂ ਦੀਪੀ ਦੀ ਗੱਲ ਸੁਣ ਕੇ ਹੈਰਾਨ ਹੋਣਾ ਹੀ ਸੀ, ਸਗੋ ਦਿਲਪ੍ਰੀਤ ਵੀ ਹੋਇਆ। ਉਸ ਨੇ ਬਹੁਤ ਹੀ ਨੀਝ ਨਾਲ ਦੀਪੀ ਵੱਲ ਦੇਖਿਆ। ਦੀਪੀ ਫਿਰ ਉਸ ਤਰਾ ਹੀ ਸ਼ਰਮਾ ਗਈ, ਜਿਵੇਂ ਕਾਲਜ ਦੇ ਦਿਨਾਂ ਵਿਚ ਸ਼ਰਮਾਉਂਦੀ ਹੁੰਦੀ ਸੀ। ਬਾਬੇ ਦੀ ਗੱਲ ਨੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ, “ਪੁੱਤਰੋ, ਤੁਸੀਂ ਬਹੁਤ ਕਿਸਮਤ ਵਾਲੇ ਹੋ, ਤੁਹਾਡੀ ਰੂਹ- ਜਾਨ ਇਕ ਹੀ ਹੈ, ਕਲਗੀਆਂ ਵਾਲਾ ਤੁਹਾਡੇ ਤੇ ਰਹਿਮਤਾਂ ਕਰੇਗਾ। ਮੈਂ ਖੇਤ ਦਾ ਨੱਕਾ ਦੇਖ ਕੇ ਆਉਂਦਾ ਹਾਂ, ਕਈ ਵਾਰੀ ਇਸ ਟੈਮ ਬਿਜਲੀ ਚਲੀ ਜਾਂਦੀ ਹੈ, ਫਿਰ ਮੁੜ ਛੇਤੀ ਹੀ ਆ ਜਾਂਦੀ ਹੈ, ਜੇ ਇਸ ਤਰਾ ਹੋਇਆ ਤਾਂ ਤੁਸੀ ਮੋਟਰ ਦਾ ਬਟਨ ਦੁਬਾਰਾ ਦੱਬ ਦਿਉ”
ਇਹ ਕਹਿ ਕੇ ਬਾਬਾ ਖੇਤਾਂ ਵੱਲ ਨੂੰ ਚਲਾ ਗਿਆ। ਦੀਪੀ ਕਮਰੇ ਵਿਚ ਜਾ ਕੇ ਮੰਜੇ ਤੇ ਬੈਠ ਗਈ, ਦਿਲਪ੍ਰੀਤ ਦਰਵਾਜ਼ੇ ਵਿਚ ਹੀ ਖਲੋਤਾ ਰਿਹਾ। ਦੀਪੀ ਨੇ ਦੇਖਿਆ ਕਿ ਦਿਲਪ੍ਰੀਤ ਕੋਈ ਬੇਚੈਨੀ ਜਾਂ ਫਿਕਰ ਵਿਚ ਹੈ। ਉਸ ਨੇ ਦੀਪੀ ਵੱਲ ਦੇਖਿਆ ਜੋ ਹੱਥ ਵਿਚ ਪਾਏ ਲਾਲ ਚੂੜੇ ਦੀਆਂ ਵੰਗਾਂ ਨੂੰ ਇਧਰ-ਉਧਰ ਕਰ ਰਹੀ ਸੀ। ਦਿਲਪ੍ਰੀਤ ਨੇ ਲੰਬਾ ਸਾਹ ਖਿੱਚਿਆ ਤੇ ਕਿਹਾ, “ਇਹਨਾਂ ਵੰਗਾਂ ਤੂੰ ਉਤਾਰ ਕੇ ਰੱਖ ਲੈ।”
“ਕਿਉਂ”? ਦੀਪੀ ਨੇ ਬਾਹਾਂ ਨੂੰ ਆਪਣੀਆਂ ਬਗਲਾਂ ਵਿਚ ਲੈਂਦੇ ਕਿਹਾ, “ਮੰਮੀ ਨੇ ਕਿਹਾ ਸੀ ਕਿ ਸਵਾ ਮਹੀਨੇ ਤਕ ਪਾਉਣੀਆਂ ਨੇਂ, ਇਹ ਸ਼ਗਨ ਹੁੰਦਾ ਏ।”
“ਸਿੰਘਾ ਲਈ ਪਰਮਾਤਮਾ ਦਾ ਨਾਮ ਹੀ ਸ਼ਗਨ ਤੋਂ ਉੱਪਰ ਹੁੰਦਾ ਹੈ।” ਦਿਲਪ੍ਰੀਤ ਨੇ ਕਿਹਾ, “ਪੁਲੀਸ ਤੋਂ ਬਚਣ ਲਈ ਚੂੜਾ ਉਤਾਰਨਾ ਜ਼ਰੂਰੀ ਹੈ ਕਿੳਂਕਿ ਪੁਲੀਸ ਨੂੰ ਆਪਣੇ ਵਿਆਹ ਦਾ ਪਤਾ ਲੱਗ ਗਿਆ ਹੈ।”
“ਕੋਈ ਨਹੀਂ ਤੁਰਨ ਵੇਲੇ ਮੈਂ ਉਤਾਰ ਦੇਵਾਂਗੀ।” ਦੀਪੀ ਨੇ ਕਿਹਾ, “ਆ ਕੇ ਬੈਠ ਜਾਉ ਖੱੜੇ੍ਹ ਕਿਉਂ ਹੋ?”
ਦੀਪੀ ਨੇ ਇਹ ਗੱਲ ਇੰਨੇ ਭੋਲੇਪਣ ਵਿਚ ਕਹੀ ਸੀ ਕਿ ਦਿਲਪ੍ਰੀਤ ਨੂੰ ਉਸ ਤੇ ਪਿਆਰ ਆ ਗਿਆ। ਉਹ ਦੀਪੀ ਦੇ ਕੋਲ ਚਲਾ ਗਿਆ, ਉਸ ਨੂੰ ਆਪਣੇ ਨਾਲ ਲਾਉਂਦਾ ਬੋਲਿਆ, “ਦੀਪ, ਜੇ ਤੂੰ ਮਾਈਂਡ ਨਾਂ ਕਰੇਂ ਤਾਂ ਮੈਂ ਤੈਨੂੰ ਤੇਰੇ ਮੰਮੀ ਡੈਡੀ ਕੋਲ ਛੱਡ ਦੇਵਾਂ, ਪਤਾ ਨਹੀਂ ਮੇਰੇ ਨਾਲ ਤੈਂਨੂੰ ਕਿੰਨੀਆਂ ਕੁ ਕਠਨਾਈਆਂ ਝਲਣੀਆਂ ਪੈਣਗੀਆਂ।”
ਦੀਪੀ ਨੇ ਆਪਣੀਆਂ ਗੋਰੀਆਂ ਨਿਛੋਹ ਉਂਗਲਾ ਦਿਲਪ੍ਰੀਤ ਨੇ ਬੁੱਲਾਂ ਤੇ ਰੱਖਦੇ ਕਿਹਾ, “ਅੱਗੇ ਤੋਂ ਅਜਿਹੀ ਗੱਲ ਨਹੀਂ ਕਰਨੀ, ਬਸ ਤੁਹਾਡੇ ਕੋਲ ਰਹਿਣਾ ਚਾਹੁੰਦੀ ਆਂ, ਕਠਨਾਈਆਂ ਜਾਂ ਮੁਸਬੀਤਾਂ ਦੀ ਮੈਨੂੰ ਕੋਈ ਪਰਵਾਹ ਨਹੀਂ।”
“ਹੁਣੇ ਹੀ ਤੈਂਨੂੰ ਦੱਸ ਦਿੰਦਾਂ ਹਾਂ ਕਿ ਮੈਂ ਹਮੇਸ਼ਾ ਤੇਰੇ ਕੋਲ ਨਹੀਂ ਰਹਿ ਸਕਦਾ, ਸਾਡੇ ਸਿੰਘਾਂ ਦੇ ਕਈ ਐਸੇ ਕੰਮ ਹੁੰਦੇ ਨੇ ਜਿਹਨਾਂ ਨੂੰ ਅਸੀ ਮਿਸ਼ਨ ਮੰਨ ਕੇ ਕਰਦੇ ਹਾਂ।”
“ਉਹਨਾਂ ਕੰਮਾਂ ਵਿਚ ਮੈਂ ਤੁਹਾਡੀ ਹੈਲਪ ਕਰਿਆਂ ਕਰਾਂਗੀ।”
“ਸਾਨੂੰ ਕਿਤੇ ਦਾ ਕਿਤੇ ਜਾਣਾਂ ਪੈਂਦਾ ਹੈ।”
“ਮੈਂ ਤੁਹਾਡੇ ਮੁੜ ਆਉਣ ਦੀ ਸਬਰ ਨਾਲ ਉਡੀਕ ਕਰਿਆਂ ਕਰਾਂਗੀ।”
ਹੌਲ੍ਹੀ ਹੌਲ੍ਹੀ ਦਿਲਪ੍ਰੀਤ ਨੇ ਦੀਪੀ ਨੂੰ ਆਪਣੀ ਬੀਤ ਰਹੀ ਭੇਦ ਭਰੀ ਜ਼ਿੰਦਗੀ ਬਾਰੇ ਥੌੜ੍ਹਾ- ਬਹੁਤਾ ਦਸ ਵੀ ਦਿੱਤਾ, ਪਰ ਦੀਪੀ ਨੇ ਉਸ ਦੇ ਨਾਲ ਹੀ ਰਹਿਣ ਦੀ ਜ਼ਿੱਦ ਕੀਤੀ।
ਬਾਬਾ ਖੇਤਾਂ ਵਿਚੋਂ ਵਾਪਸ ਆ ਕੇ ਫਿਰ ਉਹਨਾਂ ਨਾਲ ਗੱਲਾਂ ਵਿਚ ਰੁੱਝ ਗਿਆ। ਕਿਹਰ ਸਿੰਘ ਰੋਟੀ ਵੀ ਲੈ ਆਇਆ। ਆਲੂਆਂ ਦੇ ਪਰੌਂਠਿਆਂ ਦਾ ਦਹੀਂ ਅਤੇ ਮੱਖਣ ਨਾਲ ਆਪਣਾ ਹੀ ਸੁਆਦ ਸੀ। ਕਿਹਰ ਸਿੰਘ, ਬਜ਼ੁਰਗ ਅਤੇ ਦਿਲਪ੍ਰੀਤ ਬਾਹਰ ਬੋਰੀਆਂ ਦੀ ਬਣੀ ਹੋਈ ਪੱਲੀ ਤੇ ਬੈਠ ਕੇ ਗੱਲਾਂ ਕਰਦੇ ਰਹੇ। ਦੀਪੀ ਨੇ ਅੰਦਰ ਜਾ ਕੇ ਮੰਜੇ ਤੇ ਸੋਂ ਵੀ ਲਿਆ ਸੀ। ਉਹ ਸਾਰੇ ਆਪਸ ਵਿਚ ਇਸ ਤਰ੍ਹਾਂ ਘੁਲਮਿਲ ਗਏ ਜਿਵੇ ਇਕ ਹੀ ਪਰਿਵਾਰ ਹੋਵੇ।
ਗੱਲਾਂ ਗੱਲਾਂ ਵਿਚ ਦਿਨ ਵੀ ਜਾਣ ਲੱਗ ਪਿਆ ਸੀ। ਤਰਕਾਲਾਂ ਦੇ ਪਰਛਾਵੇ ਲੰਮੇ ਹੋਣ ਲੱਗੇ ਤਾਂ ਬਜ਼ੁਰਗ ਨੇ ਕਿਹਾ, “ਜੇ ਤੁਸੀ ਜ਼ਰੂਰੀ ਜਾਣਾ ਹੈ ਤੇ ਹੁਣੇ ਹੀ ਨਿਕਲ ਪਵੋ, ਇਸ ਕੁ ਵੇਲੇ ਪੁਲੀਸ ਵਾਲੇ ਵੀ ਆਪਣੇ ਸ਼ੌਕ ਪੂਰੇ ਕਰਨ ਲੱਗੇ ਹੋਏ ਹੁੰਦੇ ਨੇਂ।”
ਤੁਰਨ ਲੱਗਿਆਂ ਦੀਪੀ ਨੇ ਆਪਣੀ ਕਮੀਜ਼ ਦੀ ਬਾਹਾਂ ਚੋਂ ਚੂੜਾ ਉਤਾਰ ਕੇ ਰੁਮਾਲ ਵਿਚ ਬੰਨ ਕੇ ਬਜ਼ੁਰਗ ਨੂੰ ਫੜਾਉਂਦੀ ਬੋਲੀ, “ਬਾਬਾ ਜੀ, ਇਸ ਚੂੜੇ ਨੂੰ ਤੁਸੀ ਇੱਥੇ ਰੱਖ ਲਵੋ ਜੇ ਕਿਤੇ ਮੌਕਾ ਮਿਲਿਆ ਤਾਂ ਮੈਂ ਤੁਹਾਡੇ ਕੋਲੋ ਲੈ ਲਵਾਂਗੀ।”
“ਬੀਬਾ ਤੂੰ ਹੁਣ ਇਸ ਨੂੰ ਪਹਿਨਣਾ ਨਹੀਂ ਚਾਹੁੰਦੀ।” ਬਜ਼ੁਰਗ ਨੇ ਚੂੜਾ ਫੜ੍ਹਦੇ ਪੁੱਛਿਆ, “ਉਦਾਂ ਤਾਂ ਕਈ ਬੀਬੀਆਂ ਇਸ ਨੂੰ ਕਾਫੀ ਚਿਰ ਪਾਈ ਰੱਖਦੀਆਂ ਨੇਂ।”
“ਮੇਰੀ ਮੰਮੀ ਨੇ ਵੀ ਕਿਹਾ ਸੀ ਸਵਾ ਮਹੀਨਾ ਚੂੜਾ ਪਾਉਣ ਦਾ ਸ਼ਗਨ ਹੁੰਦਾ ਹੈ।” ਦੀਪੀ ਨੇ ਦੱਸਿਆ, “ਪਰ ਹੁਣ ਮੈਨੂੰ ਇਹ ਉਤਾਰਨਾ ਹੀ ਪੈਣਾਂ ਹੈ।”
“ਇਸ ਨੂੰ ਪਾਉਣਾ ਸ਼ਗਨ ਹੁੰਦਾ ਹੈ ਜਾਂ ਨਹੀਂ।” ਬਜ਼ੁਰਗ ਨੇ ਕਿਹਾ, “ਇਸ ਗੱਲ ਦਾ ਤਾਂ ਫਿਕਰ ਨਾਂ ਕਰ ਕਿਉਕਿ ਬਾਣੀ ਵਿਚ ਲਿਖਿਆ ਹੈ ‘ ਸਗੁਨ ਅਪਸਗੁਨ ਤਿਸ ਕਉ ਲਗਹਿ, ਜਿਸੁ ਚੀਤਿ ਨ ਆਵੈ। ’
ਬੁਜ਼ਰਗ ਨੇ ਚੂੜਾ ਫੜ੍ਹ ਕੇ ਮੋਟਰ ਵਾਲੇ ਕਮਰੇ ਵਿਚ ਹੀ ਬਣੇ ਉਸ ਆਲ੍ਹੇ ਵਿਚ ਰੱਖ ਦਿੱਤਾ। ਜਿਸ ਨੂੰ ਲੱਕੜੀ ਦਾ ਢੱਕਣ ਲੱਗਾ ਹੋਇਆ ਸੀ। ਫਿਰ ਉਸ ਨੇ ਜਾਣ ਵਾਲਿਆਂ ਨੂੰ ਕਈ ਹਦਾਇਤਾਂ ਦਿੱਤੀਆਂ ਕਿ ਉਹਨਾਂ ਨੂੰ ਕਿਹੜੇ ਰਸਤੇ ਥਾਣੀ ਜਾਣਾ ਚਾਹੀਦਾ ਹੈ, ਕਿਸ ਪਾਸੇ ਪੁਲੀਸ ਦੇ ਨਾਕੇ ਘੱਟ ਹੁੰਦੇ ਹਨ। ਮੇਨ ਸੜਕ ਦੀ ਥਾਂ ਖੇਤਾ ਦੀਆ ਡੰਡੀਆਂ ਰਾਹੀ ਜਾਣ ਦੀ ਸਲਾਹ ਦਿੱਤੀ। ਪੁਲੀਸ ਤੋਂ ਬਚਣ ਦੇ ਨਾਲ ਨਾਲ ਦਿਲਪ੍ਰੀਤ ਨੂੰ ਇਕ ਹੋਰ ਗੱਲ ਦਾ ਵੀ ਫਿਕਰ ਸੀ ਜੋ ਉਸ ਨੇ ਬੁਜ਼ਰਗ ਨੂੰ ਦੱਸੀ, “ਸਾਡੇ ਸਕੂਟਰ ਵਿਚ ਤੇਲ ਘੱਟ ਹੈ, ਰਾਤ ਨੂੰ ਕੋਈ ਪੈਟਰੋਲ ਪੰੰਪ ਖੁੱਲ੍ਹਾ ਵੀ ਹੋਵੇ ਤਾ ਫਿਰ ਸਾਨੂੰ ਸੜਕ ਤੇ ਹੀ ਜਾਣਾ ਪੈਣਾ ਹੈ।”
“ਨੀਅਤ ਨੂੰ ਮੁਰਾਦਾ।” ਬਾਬੇ ਨੇ ਮੋਟਰ ਦੇ ਕਮਰੇ ਵੱਲ ਹੱਥ ਕਰਦੇ ਕਿਹਾ, “ਉਹ ਸਾਹਮਣੇ ਹੀ ਤੇਲ ਨਾਲ ਭਰੀ ਪੀਪੀ ਪਈ ਹੈ, ਤੁਹਾਡੀ ਨੀਅਤ ਸਾਫ ਹੋਣ ਕਾਰਣ ਤੁਹਾਡੀਆਂ ਮੁਸ਼ਕਲਾ ਦਾ ਹੱਲ ਵੀ ਆਪਣੇ ਆਪ ਹੀ ਹੋ ਰਿਹਾ ਹੈ। ਦਿਲਪ੍ਰੀਤ ਨੇ ਆਪਣਾ ਸਕੂਟਰ ਤੇਲ ਨਾਲ ਭਰ ਲਿਆ ਅਤੇ ਬਾਬੇ ਨੂੰ ਧੰਨਵਾਦ ਨਾਲ ਭਿਜੀ ਹੋਈ ਫਤਹਿ ਬੁਲਾਂਉਦੇ ਨੇ ਸਕੂਟਰ ਨਾਲ ਦੇ ਖੇਤ ਦੀ ਪਗਡੰਡੀ ਵਿਚ ਪਾ ਲਿਆ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>