ਹੱਕ ਲਈ ਲੜਿਆ ਸੱਚ – (ਭਾਗ – 66)

ਉਹ ਜਲਧੰਰ ਦੇ ਪਿੰਡਾਂ ਰਾਹੀ ਹੁੰਦੇ ਹੋਏ ਲੁਧਿਆਣਾ ਵੀ ਟੱਪ ਗਏ। ਜਿਉਂ ਜਿਉਂ ਆਪਣੇ ਟਿਕਾਣੇ ਵੱਲ ਜਾ ਰਹੇ ਸਨ, ਤਿਉਂ ਤਿਉਂ ਹਨੇਰਾ ਵੀ ਗੂੜ੍ਹਾ ਹੁੰਦਾ ਜਾ ਰਿਹਾ ਸੀ। ਖੰਨੇ ਵੱਲ ਨੂੰ ਜਾਣ ਲਈ ਉਹ ਸੜਕ ਤੇ ਚੜ੍ਹ ਗਏ ਤਾਂ ਦਿਲਪ੍ਰੀਤ ਨੇ ਦੇਖਿਆ ਕਿ ਸਾਹਮਣੇ ਹੀ ਮੌੜ ਤੇ ਨਾਕਾ ਲੱਗਾ ਹੋਇਆ ਹੈ। ਉਸ ਨੇ ਦੀਪੀ ਨੂੰ ਚੌਕੰਨੇ ਕਰਦੇ ਕਿਹਾ, “ਆਪਣਾ ਪਰਸ ਆਪਣੇ ਕਮੀਜ਼ ਵਿਚ ਇਸ ਤਰ੍ਹਾਂ ਪਾ ਕਿ ਤੂੰ ਪਰੈਗਨੈਟ ਲੱਗੇ। ਸਾਹਮਣੇ ਪੁਲੀਸ ਹੈ।”
ਦੀਪੀ ਨੇ ਉਸ ਤਰ੍ਹਾਂ ਹੀ ਕਰ ਲਿਆ ਜਿਵੇ ਦਿਲਪ੍ਰੀਤ ਨੇ ਦੱਸਿਆ। ਨਾਕੇ ਕੋਲ ਪਹੁੰਚਦੇ ਹੀ ਇਕ ਸਿਪਾਹੀ ਨੇ ਆਪਣਾ ਡੰਡਾ ਜ਼ਮੀਨ ਵੱਲ ਲਾਉਂਦੇ ਹੋਏ ਰੁਕਣ ਲਈ ਕਿਹਾ, “ਸਕੂਟਰ ਖੜ੍ਹਾ ਕਰ, ਹਾਅ ਤੇਰੇ ਨਾਲ ਤੇਰੀ ਜ਼ਨਾਨੀ ਆ।”
“ਹਾਂ ਜੀ, ਹੋਰ ਕੌਣ ਹੋ ਸਕਦੀ ਏ।”
“ਅੱਛਾ, ਕਿਧਰ ਨੂੰ ਤੁਰਿਉਂ ਇਸ ਵੇਲੇ?”
“ਵਕਤ ਦੀ ਗੱਲ ਆ।” ਦਿਲਪ੍ਰੀਤ ਨੇ ਕਿਹਾ, “ਜਿਧਰ ਨੂੰ ਵਕਤ ਲੈ ਤੁਰਦਾ ਹੈ ਉਧਰ ਨੂੰ ਤੁਰੀ ਜਾਈਦਾ ਹੈ।”
“ਤੁਹਾਨੂੰ ਕੀ ਵਖਤ ਪੈ ਗਿਆ।”
“ਵਕਤ ਤਾਂ ਪੁਲੀਸ ਜਾਂ ਖਾੜਕੂ ਪਾਈ ਰੱਖਦੇ ਨੇ।” ਦਿਲਪ੍ਰੀਤ ਬੋਲਿਆ, “ਸਾਨੂੰ ਤਾਂ ਅਮਰਜੈਂਸੀ ਹੈ।”
“ਹਸਪਤਾਲ ਨੂੰ ਚੱਲੇ ਹੋ।”
ਦਿਲਪ੍ਰੀਤ ਚੁੱਪ ਰਿਹਾ।
“ਹਾਂ ਜੀ।” ਦੀਪੀ ਨੇ ਇਕਦਮ ਇਸ ਤਰ੍ਹਾਂ ਕਿਹਾ, ਜਿਵੇ ਸੱਚ-ਮੁੱਚ ਹੀ ਉਹ ਕਾਹਲੀ ਵਿਚ ਆ।”
ਸਿਪਾਹੀ ਨੇ ਉਹਨਾਂ ਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ। ਦਿਲਪ੍ਰੀਤ ਨੇ ਮੁੜ ਸਕੂਟਰ ਸਟਾਰਟ ਕਰ ਲਿਆ। ਪੁਲੀਸ ਦਾ ਨਾਕਾ ਲੰਘਦੇ ਸਾਰ ਹੀ ਦੀਪੀ ਨੇ ਪੁੱਛਿਆ, “ਜਦੋਂ ਸਿਪਾਹੀ ਨੇ ਕਿਹਾ ਕਿ ਤੁਸੀਂ ਹਸਪਤਾਲ ਚਲੇ ਹੋ ਤਾਂ ਤੁਸੀ ਬੋਲੇ ਕਿੳਂ ਨਹੀ।”
“ਜਦੋਂ ਦਾ ਮੈਂ ਅੰਮ੍ਰਿਤ ਛੱਕਿਆ ਹੈ ਉਦੋਂ ਤੋਂ ਝੂਠ ਬੋਲਣ ਤੋਂ ਬਚਦਾ ਰਹਿੰਦਾ ਹਾਂ।” ਦਿਲਪ੍ਰੀਤ ਨੇ ਕਿਹਾ, “ਇਸ ਕਰਕੇ ਜੋ ਉੱਤਰ ਵੀ ਉਸ ਨੂੰ ਦਿੱਤੇ ਉਹ ਸੱਚੇ ਹੀ ਸਨ।”
“ਅੰਮ੍ਰਿਤ ਛੱਕੇ ਬੰਦੇ ਨੂੰ ਝੂਠ ਵਰਗੀਆਂ ਬੁਰਿਆਈਆਂ ਛੱਡ ਦੇਣੀਆਂ ਚਾਹੀਦੀਆਂ ਹਨ, ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ।” ਦੀਪੀ ਨੇ ਕਿਹਾ, “ਪਰ ਕਈ ਬੰਦੇ ਤਾਂ ਸਿਰਫ ਦਿਖਾਵੇ ਲਈ ਹੀ ਅੰਮ੍ਰਿਤ ਛੱਕਦੇ ਹਨ, ਮੇਰੀ ਮੰਮੀ ਦਾ ਮਾਸੜ ਲੱਗਦਾ ਹੈ, ਅੰਮ੍ਰਿਤ ਛੱਕਿਆ ਹੋਇਆ ਹੈ, ਬਾਣੀ ਵੀ ਪੜ੍ਹਦਾ ਹੈ, ਪਰ ਝੂਠ ਬੋਲਣਾ, ਹੰਕਾਰ ਕਰਨਾ, ਠੱਗੀਆਂ ਮਾਰਨਾ, ਉਸ ਦੀਆਂ ਮੁੱਖ ਆਦਤਾ ਨੇ।”
“ਬਹੁਤ ਬੰਦੇ ਨੇ ਜੋ ਇਸ ਤਰ੍ਹਾਂ ਕਰਦੇ ਨੇ।” ਦਿਲਪ੍ਰੀਤ ਨੇ ਕਿਹਾ, “ਇਹੋ ਜਿਹੇ ਆਪ ਵੀ ਜ਼ਲੀਲ ਹੁੰਦੇ ਨੇ ਆਪਣੇ ਪਰਿਵਾਰ ਅਤੇ ਕੌਮ ਨੂੰ ਵੀ ਬਦਨਾਮ ਕਰਦੇ ਨੇ।”
“ਖੈਰ ਜੋ ਕਰਨਗੇ ਸੋ ਭਰਨਗੇ।” ਦੀਪੀ ਨੇ ਆਪਣੇ ਕਮੀਜ਼ ਵਿਚੋਂ ਪਰਸ ਕੱਢਦੇ ਕਿਹਾ, “ਹੋਰ ਕਿੰਨੀ ਕੁ ਦੇਰ ਲਗਣੀ ਜਾਣ ਨੂੰ।”
“ਬਸ, ਨਾਲ ਹੀ ਪਿੰਡ ਹੈ।”
“ਕੋਈ ਘਰ ਹੈ।”
“ਵੱਡੀ ਕੋਠੀ ਹੈ।”
“ਕਿਸ ਦੀ ਹੈ।”
“ਸਾਰਾ ਟੱਬਰ ਬਾਹਰ ਗਿਆ ਹੋਇਆ ਹੈ, ਘਰ ਵਿਚ ਇਕ ਬੁਜ਼ਰਗ ਮਾਤਾ ਜੀ ਨੇ।”
“ਤੁਹਾਡੇ ਨਾਲ੍ਹ ਦੇ ਸਿੰਘ ਵੀ ਇਸ ਕੋਠੀ ਵਿਚ ਹੀ ਰਹਿੰਦੇ ਨੇ?”
“ਸਿੰਘਾਂ ਦੇ ਰਹਿਣ ਦਾ ਕੋਈ ਪੱਕਾ ਟਿਕਾਣਾ ਤਾਂ ਨਹੀ ਹੁੰਦਾ, ਲੋੜ ਅਨੁਸਾਰ ਇਹ ਆਪਣਾ ਟਿਕਾਣਾ ਕਰ ਲੈਂਦੇ ਨੇ।”
“ਇਨਾਂ ਕੁ ਤਾਂ ਮੈਨੂੰ ਵੀ ਪਤਾ ਹੈ, ਲੋੜ ਵੇਲੇ ਇਹ ਜੰਗਲਾਂ ਵਿਚ ਘੋੜਿਆਂ ਦੀਆਂ ਕਾਠੀਆਂ ਉੱਤੇ ਵੀ ਆਪਣਾ ਗੁਜ਼ਾਰਾ ਕਰ ਲੈਂਦੇ ਨੇ।”
ਦੀਪੀ ਦੀ ਗੱਲ ਸੁਣ ਕੇ ਦਿਲਪ੍ਰੀਤ ਅੰਦਰੋਂ ਅੰਦਰ ਖੁਸ਼ ਹੋਇਆ ਤੇ ਪਰਮਾਤਮਾ ਦਾ ਸ਼ੁਕਰ ਵੀ ਕੀਤਾ ਕਿ ਉਸ ਦੀ ਪਤਨੀ ਉਸ ਵਾਂਗ ਬਣਦੀ ਜਾ ਰਹੀ ਹੈ। ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਪਤੀ ਪਤਨੀ ਦੇ ਇਕ ਹੀ ਖਿਆਲ ਹੋਵੇ ਅਤੇ ਇਕ ਹੀ ਸਲਾਹ ਹੋਵੇ ਤਾਂ ਗ੍ਰਹਿਸਥੀ ਜੀਵਨ ਸਵੱਰਗ ਵਾਂਗ ਲੱਗਦਾ ਹੈ। ਅਜਿਹੇ ਜੀਵਨ ਵਿਚ ਤੁਰਦਿਆਂ ਥਕਾਵਟ ਵੀ ਬਹੁਤ ਘੱਟ ਮਹਿਸੂਸ ਹੁੰਦੀ ਹੈ।
ਰਾਤ ਦੀ ਠੰਡੀ ਹਵਾ ਦਾ ਬੁਲਾ ਕਦੀ ਏਨੀ ਜੋਰ ਦੀ ਆਉਂਦਾ ਕਿ ਦੀਪੀ ਨੂੰ ਠੰਡ ਲਗਣ ਲਗਦੀ ਤਾਂ ਉਹ ਦਿਲਪ੍ਰੀਤ ਦੇ ਨਾਲ ਲਗ ਜਾਂਦੀ। ਜਿਸ ਨੂੰ ਦਿਲਪ੍ਰੀਤ ਵੀ ਮਹਿਸੂਸ ਕਰ ਰਿਹਾ ਸੀ, ਪਰ ਉਹਨਾਂ ਵਿਚ ਆਪਸ ਦਾ ਜੋ ਸਾਥ ਸੀ ਉਹ ਹੀ ਉਹਨਾਂ ਨੂੰ ਨਿੱਘ ਦੇ ਰਿਹਾ ਸੀ। ਵੈਸੇ ਉਹ ਹੁਣ ਤਕ ਕਾਫੀ ਥੱਕ ਚੁੱਕੇ ਸਨ। ਜਦੋਂ ਦੇ ਬਜ਼ੁਰਗ ਦੀ ਮੋਟਰ ਤੋਂ ਚਲੇ ਸਨ, ਸਿਰਫ ਇਕ ਥਾਂ ਹੀ ਕਿਸੇ ਪਿੰਡ ਦੀ ਪੰਚਾਇਤ ਦੇ ਨਲਕੇ ਤੇ ਹੀ ਰੁਕੇ ਸਨ। ਜਿੱਥੇ ਉਹਨੀ ਘੁੱਟ ਘੁੱਟ ਪਾਣੀ ਦਾ ਪੀਤਾ ਸੀ ਅਤੇ ਆਪਣੇ-ਆਪ ਨੂੰ ਤਾਜ਼ਗੀ ਦੇਣ ਲਈ ਕੋਸੇ ਪਾਣੀ ਦੇ ਮੂੰਹਾਂ ਉੱਪਰ ਛਿੱਟੇ ਮਾਰੇ ਸਨ।
ਇਕ ਪਿੰਡ ਦਾ ਮੌੜ ਮੁੜਦੇ ਹੀ ਦਿਲਪ੍ਰੀਤ ਨੇ ਪੁੱਛਿਆ, “ਦੀਪੀ, ਤੈਨੂੰ ਭੁੱਖ ਲੱਗੀ ਹੈ?”
“ਤਹਾਨੂੰ ਲੱਗੀ ਹੈ?”
“ਤੂੰ ਮੇਰਾ ਫਿਕਰ ਨਾ ਕਰ ਕਿਉਕਿ ਮੈਂ ਤਾਂ ਅਜਿਹੇ ਫਾਕਿਆਂ ਦਾ ਆਦੀ ਹਾਂ।”
“ਕੋਈ ਨਹੀ, ਮੈਂ ਵੀ ਆਦੀ ਹੋ ਰਹੀ ਹਾਂ ਇਸ ਕਰਕੇ ਮੈਨੂੰ ਵੀ ਨਹੀ ਲੱਗੀ।”
“ਉਸ ਤਰ੍ਹਾਂ ਆਪਾਂ ਪੰਹੁਚਣ ਵਾਲੇ ਹੀ ਹਾਂ।” ਦਿਲਪ੍ਰੀਤ ਨੇ ਦੱਸਿਆ, “ਆ ਸਾਹਮਣੇ ਖੇਤਾਂ ਵਿਚ ਹੀ ਕੋਠੀ ਹੈ।”
ਦੀਪੀ ਨੇ ਅੱਗੇ ਨੂੰ ਹੋ ਕੇ ਕੋਠੀ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਹਨੇਰੇ ਵਿਚ ਉਸ ਨੂੰ ਕੁਝ ਵੀ ਨਹੀਂ ਦਿਸਿਆ।
ਛੇਤੀ ਹੀ ਦਿਲਪ੍ਰੀਤ ਨੇ ਕੋਠੀ ਦੇ ਲੋਹੇ ਵਾਲੇ ਗੇਟ ਅੱਗੇ ਸਕੂਟਰ ਲਿਆ ਖੜ੍ਹਾ ਕੀਤਾ। ਕੋਠੀ ਦੇ ਖੂੰਜੇ ਵਾਲਾ ਬਲਬ ਹੀ ਜਗਦਾ ਸੀ, ਬਾਕੀ ਸਭ ਲਾਈਟਾਂ ਬੰਦ ਸਨ। ਸਕੂਟਰ ਦੀ ਅਵਾਜ਼ ਸੁਣ ਕੇ ਕੁਤਾ ਭੌਕਦਾਂ ਉਹਨਾਂ ਵੱਲ ਆਇਆ। ਦੀਪੀ ਡਰ ਕੇ ਦਿਲਪ੍ਰੀਤ ਦੇ ਪਿੱਛੇ ਲੁਕ ਗਈ।
“ਡਰ ਨਾ।” ਦਿਲਪ੍ਰੀਤ ਨੇ ਕਿਹਾ, “ਇਸ ਦਾ ਨਾਮ ਮੋਤੀ ਹੈ।”
ਕੁਤਾ ਭੌਂਕਣੋਂ ਹਟ ਗਿਆ ਅਤੇ ਦਿਲਪ੍ਰੀਤ ਦੇ ਦੁਆਲੇ ਗੇੜੇ ਕੱਢ ਕੇ ਪੈਰ ਚੱਟਣ ਲਗ ਪਿਆ।
“ਕਿਦਾਂ ਫਿਰ ਮੋਤੀ।” ਦਿਲਪ੍ਰੀਤ ਨੇ ਉਸ ਦੀ ਕੰਡ ਤੇ ਹੱਥ ਫੇਰ ਕੇ ਉਸ ਨੂੰ ਪੁਚਕਾਰਿਆ। ਦਿਲਪ੍ਰੀਤ ਨੇ ਜੇਬ ਵਿਚੋਂ ਚਾਬੀ ਕੱਢ ਕੇ ਗੇਟ ਖੋਲਿ੍ਹਆ। ਵਿਹੜੇ ਵਿਚ ਲੱਗੀ ਡੇਕ ਨਾਲ ਸਕੂਟਰ ਖੜਾ ਕੀਤਾ। ਦੀਪੀ ਉਸ ਦੇ ਪਿੱਛੇ ਪਿੱਛੇ ਇੰਝ ਹੀ ਤੁਰ ਰਹੀ ਸੀ, ਜਿਵੇ ਪਹਿਲੀ ਵਾਰ ਨਵੀਂ ਵਿਆਹੀ ਵਹੁਟੀ ਆਪਣੇ ਸਹੁਰੇ ਘਰ ਤੁਰਦੀ ਹੁੰਦੀ ਹੈ। ਦਿਲਪ੍ਰੀਤ ਨੇ ਬਰਾਂਡੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੰਦ ਸੀ। ਬਰਾਂਡੇ ਦੇ ਨਾਲ ਵਾਲੇ ਕਮਰੇ ਦੀ ਤਾਕੀ ਨੂੰ ਉਸ ਨੇ ਖੜਕਾਇਆ ਤਾਂ ਅੰਦਰੋਂ ਅਵਾਜ਼ ਆਈ, “ਕੌਣ ਹੈ”?
“ਮਾਤਾ ਜੀ, ਮੈਂ ਹੀ ਹਾਂ।” ਦਿਲਪ੍ਰੀਤ ਨੇ ਤਾਕੀ ਦੇ ਕੋਲ ਜਾ ਕੇ ਕਿਹਾ, “ਬਰਾਂਡੇ ਦਾ ਦਰਵਾਜ਼ਾ ਬੰਦ ਹੈ।”
“ਅੱਛਾ, ਖੋਲ੍ਹਦੀ ਹਾਂ।”
ਬਰਾਂਡੇ ਦੀ ਲਾਈਟ ਜਗ ਗਈ। ਛੇਤੀ ਹੀ ਇਕ ਭਾਰੇ ਜਿਹੇ ਸਰੀਰ ਵਾਲੀ ਮਾਤਾ ਨੇ ਦਰਵਾਜ਼ਾ ਖੋਲਿ੍ਹਆ। ਦਿਲਪ੍ਰੀਤ ਉਸ ਦੇ ਗੋਡਿਆ ਵੱਲ ਨੂੰ ਝੁਕਿਆਂ ਤਾਂ ਉਸ ਨੇ ਅਸੀਸ ਦਿਤੀ, “ਜਿਊਂਦਾ ਰਹਿ, ਜਵਾਨੀਆਂ ਮਾਣ।”
ਦਿਲਪ੍ਰੀਤ ਦੇ ਪਿੱਛੇ ਹੀ ਦੀਪੀ ਨੇ ਉਸ ਦੇ ਪੈਰਾਂ ਨੂੰ ਛੁਹਿਆ ਤਾਂ ਮਾਤਾ ਨੇ ਫਿਰ ਅਸੀਸ ਦਿੱਤੀ, “ਸੁੱਖੀ ਰਹਿ।” ਨਾਲ ਉਸ ਨੇ ਦਿਲਪ੍ਰੀਤ ਦੇ ਮੂੰਹ ਵਲ ਤੇ ਆਪਣੇ ਹੱਥ ਨੂੰ ਇੰਝ ਘੁੰਮਾਇਆ ਜਿਵੇ ਪੁੱਛ ਰਹੀ ਹੋਵੇ, “ਇਹ ਕੌਣ ਹੈ”?
“ਮਾਤਾ ਜੀ, ਇਹ ਤੁਹਾਡੀ ਨੂੰਹ ਹੈ ਦੀਪੀ।”
ਮਾਤਾ ਜੀ ਦੀਪੀ ਨੂੰ ਕਲਾਵੇ ਵਿਚ ਲੈ ਕੇ ਆਪਣੇ ਨਾਲ ਲਾ ਲਿਆ।
“ਤੂੰ ਤਾਂ ਠਰੀ ਪਈ ਏਂ।” ਮਾਤਾ ਨੇ ਬਰਾਂਡੇ ਵਿਚ ਡਿਠੇ ਤਖਤਪੋਸ਼ ਵਲ ਇਸ਼ਾਰਾ ਕਰਦੇ ਕਿਹਾ, “ਬੈਠੋ ਇੱਥੇ।” ਨਾਲ ਹੀ ਕਮਰੇ ਵਿਚੋਂ ਲਿਆ ਕੇ ਕੰਬਲ ਉਹਨਾਂ ਨੂੰ ਦਿੱਤਾ।
“ਪੁੱਤਰ ਤੂੰ ਤਾਂ ਬਹੁਤ ਦਿਨਾਂ ਬਾਅਦ ਆਇਆਂ।” ਮਾਤਾ ਜੀ ਨੇ ਕਿਹਾ, “ਪਰਸੋਂ ਸੁੱਖਾ ਤੇ ਸੋਢੀ ਵੀ ਆਏ ਸਨ, ਉਹਨਾਂ ਥੋੜਾ ਜਿਹਾ ਤੇਰੇ ਵਿਆਹ ਦਾ ਵੀ ਜ਼ਿਕਰ ਕੀਤਾ ਸੀ।”
“ਹਾਂ ਜੀ, ਉਹਨਾਂ ਨੂੰ ਮੈਂ ਦੱਸਿਆ ਸੀ।” ਦਿਲਪ੍ਰੀਤ ਨੇ ਕਿਹਾ, “ਲੁਧਿਆਣੇ ਅਸੀਂ ਇਕੱਠੇ ਹੀ ਸੀ।”
ਮਾਤਾ ਜੀ ਨੇ ਫਿਰ ਧਿਆਨ ਨਾਲ ਦੀਪੀ ਵੱਲ ਦੇਖਿਆ ਤਾਂ ਬੋਲੀ, “ਕਰਮਾਂ ਵਾਲਾ ਏਂ, ਕਿਡੀ ਸੁਹਣੀ ਕੁੜੀ ਹੈ।”
ਇਹ ਗੱਲ ਸੁਣ ਕੇ ਦੀਪੀ ਸ਼ਰਮਾ ਗਈ ਤੇ ਉਸ ਨੇ ਆਪਣੀਆਂ ਸ਼ਰਬਤੀ ਅੱਖਾਂ ਜ਼ਮੀਨ ਵੱਲ ਝੁਕਾ ਲਈਆਂ। ਮਾਤਾ ਫਿਰ ਬੋਲੀ, “ਤੁਸੀ ਭੁੱਖੇ ਲੱਗਦੇ ਹੋ।”
“ਹਾਂ ਜੀ, ਭੁੱਖ ਤਾਂ ਲੱਗੀ ਹੈ।” ਦਿਲਪ੍ਰੀਤ ਨੇ ਕਿਹਾ, “ਸਵੇਰੇ ਦਾ ਹੀ ਪ੍ਰਸ਼ਾਦਾ ਛੱਕਿਆ ਹੋਇਆ ਹੈ।”
“ਭਿੰਡੀਆਂ ਬਣੀਆ ਹੋਈਆਂ ਆ, ਅਤੇ ਮਸਰਾਂ ਦੀ ਦਾਲ ਵੀ ਹੈ।” ਮਾਤਾ ਨੇ ਦੱਸਿਆ, “ਮੈ ਪ੍ਰਸ਼ਾਦੇ ਲਾਹ ਦੇਂਦੀ ਹਾਂ।”
“ਮਾਤਾ ਜੀ, ਦੀਪੀ ਨੂੰ ਰਸੋਈ ਵਿਚ ਲੈ ਜਾਉ।” ਦਿਲਪ੍ਰੀਤ ਨੇ ਕਿਹਾ, “ਇਹ ਪ੍ਰਸ਼ਾਦੇ ਬਣਾ ਦੇਂਦੀ ਹੈ।”
ਦੀਪੀ ਤਖਤਪੋਸ਼ ਤੋਂ ਇਕਦਮ ਉੱਠਦੀ ਹੋਈ ਕਹਿਣ ਲੱਗੀ, “ਹਾਂ ਜੀ, ਮੈਂ ਰੋਟੀਆਂ ਪਕਾ ਦੇਂਦੀ ਹਾਂ।”
“ਚੰਗਾ, ਆ ਜਾ ਮੇਰੇ ਨਾਲ।” ਮਾਤਾ ਨੇ ਕਿਹਾ, “ਮੈ ਫਰਿੱਜ ਵਿਚੋਂ ਸਬਜ਼ੀ ਦਾਲ ਕੱਢ ਕੇ ਗਰਮ ਕਰਦੀ ਹਾਂ। ਤੂੰ ਫੁਲਕੇ ਬਣਾ ਲੈ।”
ਉਹ ਅਜੇ ਰੋਟੀ ਖਾ ਹੀ ਰਹੇ ਸਨ ਕਿ ਬਾਹਰਲਾ ਗੇਟ ਫਿਰ ਖੜਕਿਆ।
“ਲੱਗਦਾ ਹੈ ਕੋਈ ਆਇਆ।” ਦਿਲਪ੍ਰੀਤ ਨੇ ਪਾਣੀ ਦਾ ਗਿਲਾਸ ਮੂੰਹ ਨੂੰ ਲਾਉਂਦੇ ਕਿਹਾ, “ਮਾਤਾ ਜੀ ਤੁਸੀ ਦੇਖੋਂਗੇ ਜਾਂ ਮੈ…”?
“ਤੂੰ ਪ੍ਰਸ਼ਾਦਾ ਛੱਕ। ਮੈਂ ਦੇਖਦੀ ਹਾਂ।” ਮਾਤਾ ਨੇ ਕਿਹਾ, “ਮੋਤੀ ਭੌਕਣੋ ਹਟ ਗਿਆ ਹੈ, ਲਗਦਾ ਹੈ ਕੋਈ ਜਾਣ-ਪਹਿਚਾਣ ਵਾਲਾ ਹੀ ਹੋਵੇਗਾ।”
ਛੇਤੀ ਹੀ ਸੁਖਾ, ਸੋਢੀ ਅਤੇ ਬਿੱਟੂ ਅੰਦਰ ਆਏ। ਉਹਨਾ ਨੇ ਗੱਜ ਕੇ ਦਿਲਪ੍ਰੀਤ ਨੂੰ ਫਤਹਿ ਬੁਲਾਈ। ਦੀਪੀ ਤਾਂ ਉੱਚੇ ਲੰਮੇ ਅਤੇ ਤਕੜੇ ਜਵਾਨਾਂ ਨੂੰ ਦੇਖ ਕੇ ਡਰ ਹੀ ਗਈ, ਪਰ ਉਸ ਨੇ ਹੌਲੀ ਦੇਣੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲ਼ਾਈ। ਉਹਨਾਂ ਨੇ ਦੀਪੀ ਦੀ ਸਤਿ ਸ੍ਰੀ ਅਕਾਲ ਦਾ ਜ਼ਵਾਬ ਤਾਂ ਦੇ ਦਿੱਤਾ ਪਰ ਨਾਲ ਹੀ ਸੁੱਖੇ ਨੇ ਪੁੱਛਿਆ, “ਤੂੰ ਭਾਬੀ ਜੀ ਨੂੰ ਨਾਲ ਹੀ ਲੈ ਆਇਆਂ।”
“ਨਾਲ ਆਉਣਾ ਤੁਹਾਡੀ ਭਾਬੀ ਦਾ ਹੀ ਫੈਂਸਲਾ ਸੀ।” ਦਿਲਪ੍ਰੀਤ ਨੇ ਦੱਸਿਆ, “ਅਜੇ ਤਾਂ ਇਸ ਨੂੰ ਆਪਾਂ ਅੰਮ੍ਰਿਤ ਵੀ ਛਕਾਉਣਾ ਹੈ।”
“ਚੰਗਾ ਹੋ ਗਿਆ ਨਾਲ ਆ ਗਈ।” ਮਾਤਾ ਜੀ ਨੇ ਕਿਹਾ, “ਮਾਂ ਤੁਹਾਡੀ ਨੂੰ ਮੌਜ ਹੋ ਜਾਊ, ਮੇਰੇ ਨਾਲ ਤੁਹਾਡਾ ਲੰਗਰ ਤਿਆਰ ਕਰਨ ਵਿਚ ਹੱਥ ਵਟਾਏਗੀ।”
“ਬਾਕੀ ਦਿਲਪ੍ਰੀਤ ਜੋ ਤੂੰ ਅੰਮ੍ਰਿਤ ਛਕਾਉਣ ਦੀ ਗਲ ਕਰ ਰਿਹਾ ਹੈ।” ਸੋਢੀ ਨੇ ਕਿਹਾ, “ਭਾਬੀ ਜੀ ਨੂੰ ਪੁੱਛ ਵੀ ਲਵੋ, ਇਹ ਤਿਆਰ ਨੇ, ਜਾਂ ਠਹਿਰ ਕੇ ਛੱਕਣਾ ਚਾਹੁੰਦੇ ਨੇ।”
ਦੀਪੀ ਤਾਂ ਅਜੇ ਸੋਚ ਹੀ ਰਹੀ ਸੀ ਕਿ ਮਾਤਾ ਜੀ ਬੋਲ ਉੱਠੇ, “ਐਡੀ ਕਹਾਲੀ ਵੀ ਕੋਈ ਨਹੀਂ, ਜਦੋਂ ਇਸ ਦਾ ਦਿਲ ਕਰੇ ਉਦੋਂ ਆਪ ਹੀ ਦਸ ਦੇਵੇਗੀ।”
“ਉਹ ਤਾਂ ਇਹਨਾ ਦੀ ਮਰਜ਼ੀ ਤੇ ਹੈ।” ਬਿੱਟੂ ਨੇ ਕਿਹਾ, “ਮਾਤਾ ਜੀ, ਤਹਾਨੂੰ ਪਤਾ ਹੀ ਹੈ ਇਸ ਮਾਮਲੇ ਵਿਚ ਅਸੀਂ ਕਦੇ ਕਿਸੇ ਨੂੰ ਮਜ਼ਬੂਰ ਨਹੀ ਕਰਦੇ।”
“ਜਿਹੜਾ ਮਸ਼ਬਰਾ ਆਪਾ ਦਿਲਪ੍ਰੀਤ ਨਾਲਾ ਸਾਂਝਾ ਕਰਨ ਆਏ ਹਾਂ, ਉਹ ਕਰੋ।” ਸੁੱਖੇ ਨੇ ਕਿਹਾ, “ਨਹੀ ਤਾਂ ਫਿਰ ਸਮਾਂ ਲੰਘ ਜਾਵੇਗਾ ਅਤੇ ਆਪਾਂ ਹੱਥ ਮਲਦੇ ਰਹਿ ਜਾਵਾਂਗੇ।”
ਸੁੱਖੇ ਦੀ ਗੱਲ ਸੁਣ ਕੇ ਮਾਤਾ ਜੀ ਨੇ ਦੀਪੀ ਨੂੰ ਕਿਹਾ, “ਧੀਏ, ਚੱਲ ਤੂੰ ਤਾਂ ਅਰਾਮ ਕਰ, ਇਹ ਕਰੀ ਜਾਣ ਆਪਣੇ ਮਸ਼ਬਰੇ-ਸਲਾਹਾਂ।”
ਦੀਪੀ ਦੇ ਜਾਣ ਮਗਰੋਂ ਚਾਰੇ ਹੀ ਬਰਾਂਡੇ ਦਾ ਦਰਵਾਜ਼ਾ ਬੰਦ ਕਰਕੇ ਤਖਤਪੋਸ਼ ਉੱਪਰ ਬੈਠ ਗਏ। ਸੋਢੀ ਨੇ ਗੱਲ ਸ਼ੁਰੂ ਕੀਤੀ, “ਅਸੀਂ ਇਹ ਪਤਾ ਕਰ ਲਿਆ ਹੈ ਕਿ ਕਾਸ਼ੀ ਸਿੰਘ ਕਿੱਥੇ ਜ਼ਿਆਦਾ ਰਹਿੰਦਾ ਹੈ, ਉਸ ਦੀ ਅੱਤ ਵੱਧਦੀ ਹੀ ਜਾ ਰਹੀ ਹੈ, ਆਪਣੇ ਆਪ ਨੂੰ ਸਿੱਖ ਫੈਡਰੇਸ਼ਨ ਦਾ ਖਾੜਕੂ ਦੱਸਦਾ ਹੈ, ਜਦੋਂ ਕਿ ਫੈਡਰੇਸ਼ਨ ਉਸ ਨਾਲ ਨਹੀ ਹੈ, ਉਹ ਅਜਿਹੇ ਘਿਉਨਾਉਣੇ ਕੰਮ ਕਰ ਰਿਹਾ ਹੈ ਜਿਸ ਨਾਲ ਸਾਰੀ ਲਹਿਰ ਬਦਨਾਮ ਹੋ ਸਕਦੀ ਹੈ।”
“ਉਸ ਦਾ ਪਿਉ ਲੋਕਾਂ ਦੀਆ ਜ਼ਮੀਨਾ ਉੱਪਰ ਨਜਾਇਜ਼ ਕਬਜੇ ਕਰੀ ਜਾ ਰਿਹਾ ਹੈ।” ਦਿਲਪ੍ਰੀਤ ਨੇ ਕਿਹਾ, “ਇਹ ਵੀ ਮੈਨੂੰ ਪਤਾ ਲਗਾ ਹੈ।”
“ਉਹ ਪੰਜਾਬੀ ਹਿੂੰਦਆਂ ਨੂੰ ਪਿੰਡਾਂ ਵਿਚੋਂ ਜ਼ਬਰਦਸਤੀ ਬਾਹਰ ਕੱਢ ਰਹੇ ਨੇ।” ਬਿੱਟੂ ਨੇ ਕਿਹਾ, “ਉਹਨਾਂ ਦੀਆਂ ਜਾਈਦਾਦਾਂ ਹੱੜਪ ਕਰ ਰਹੇ ਨੇ, ਪਹਿਲਾਂ ਉਹਨਾਂ ਦੇ ਇਕ ਕੱਚਾ ਕੋਠਾ ਹੁੰਦਾ ਸੀ, ਹੁਣ ਦੋ ਮਰਲਿਆ ਵਿਚ ਕੋਠੀ ਬਣਾਈ।”
“ਸਭ ਤੋਂ ਮਾੜਾ ਕੰਮ ਉਹਨਾ ਜੋ ਕੀਤਾ, ਉਹ ਬਹੁਤ ਹੀ ਘਿਰਣਾ ਯੋਗ ਹੈ।” ਸੋਢੀ ਨੇ ਕਿਹਾ, “ਉਹਨਾਂ ਪਿੰਡ ਕੁਢ੍ਹਾਣੀ ਦੇ ਦੋ ਹਿੂੰਦਆਂ ਨੂੰ ਗੋਲੀ ਮਾਰ ਦਿੱਤੀ, ਜਿਹਨਾ ਨੇ ਆਪਣਾ ਪਿੰਡ ਨਾ ਛੱਡਣ ਦੀ ਜ਼ਿੱਦ ਕੀਤੀ।”
“ਆਪਣੀ ਲੜਾਈ ਤਾਂ ਸਰਕਾਰ ਨਾਲ ਜਾਂ ਉਹਨਾ ਲੋਕਾਂ ਨਾਲ ਹੈ ਜੋ ਸਿੱਖ ਕੌਂਮ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾ ਕਰ ਰਹੇ ਨੇ।” ਦਿਲਪ੍ਰੀਤ ਨੇ ਕਿਹਾ, “ਕਿਸੇ ਬੇਦੋਸ਼ੇ ਨੂੰ ਮਾਰਨਾ ਸਿੱਖ ਦਾ ਕੰੰਮ ਨਹੀਂ ਹੈ। ਗੁਰੂ ਸਾਹਿਬ ਨੇ ਦੱਸਿਆ ਹੈ ਕਿ ਸਾਰਿਆ ਵਿਚ ਇਕ ਹੀ ਜੋਤ ਹੈ, ‘ਸਭ ਮਹਿ ਜੋਤਿ ਜੋਤਿ ਹੈ ਸੋਇ’ ਸੋ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਸੋਧ ਦੇਣਾ ਹੀ ਚਾਹੀਦਾ ਹੈ, ਜੋ ਮੁੱਨਖ ਜਾਤੀ ਨੂੰ ਨਕੁਸਾਨ ਪਹੁੰਚਾ ਰਿਹਾ ਹੋਵੇ।”
“ਆਪਣੇ ਏਰੀਆ ਕਮਾਂਡਰ ਦਾ ਵੀ ਇਹ ਹੀ ਹੁਕਮ ਹੈ, ਕਾਸ਼ੀ ਨੇ ਤਾਂ ਆਪਣੇ ਵਰਗੇ ਹੋਰ ਵੀ ਨਾਲ ਰਲਾ ਲਏ ਨੇ।” ਸੁੱਖੇ ਨੇ ਦੱਸਿਆ, “ਸ਼ਰਾਬਾਂ ਪੀ ਪੀ ਕੇ ਧੀਆਂ ਭੈਣਾ ਦੀ ਇਜ਼ੱਤ ਲੁੱਟਣ ਲੱਗੇ ਵੀ ਗੁਰੇਜ਼ ਨਹੀ ਕਰਦੇ, ਇਸ ਕਰਕੇ ਅਸੀ ਵੀ ਇਹ ਹੀ ਫੈਂਸਲਾ ਕੀਤਾ ਹੈ ਉਸ ਨੂੰ ਗੱਡੀ ਚਾੜ ਦੇਣਾ ਚਾਹੀਦਾ ਹੈ।”
“ਅਸੀ ਤਾਂ ਉਸ ਨੂੰ ਵਾਰਨਿੰਗ ਵੀ ਭੇਜੀ ਹੈ ਕਿ ਭੈੜੇ ਕੰੰਮ ਛੱਡ ਕਿ ਗੁਰੂ ਦਾ ਸੱਚਾ ਖਾੜਕੂ ਬਣ ਜਾ।” ਸੋਢੀ ਨੇ ਦੱਸਿਆ, “ਭਰਾਵਾ, ਉਹ ਤਾਂ ਆਕੜਦਾ ਹੀ ਬਹੁਤ ਹੈ।”
“ਭੰਨ ਦਿਉ ਉਸ ਦੀ ਆਕੜ।” ਦਿਲਪ੍ਰੀਤ ਨੇ ਕਿਹਾ, “ਫਿਰ ਹੋਰ ਕੀ ਕੀਤਾ ਜਾ ਸਕਦਾ ਹੈ। ਵੈਸੇ ਆਪਣੀ ਲੜਾਈ ਤਾਂ ਸਿੱਖ ਕੌਮ ਦੇ ਦੋਖੀਆਂ ਨਾਲ ਸੀ, ਪਰ ਵਿਚ ਹੀ ਇਹਨਾ ਵਰਗਿਆਂ ਨਾਲ ਸਿੱਝਨਾਂ ਪੈ ਰਿਹਾ ਹੈ, ਇਸ ਤਰ੍ਹਾਂ ਲਹਿਰ ਕੁਝ ਪ੍ਰਪਾਤੀਆਂ ਵੀ ਕਰ ਸਕੇਗੀ ਜਾਂ ਕਿਤੇ ਅੱਧਵਾਟੇ ਹੀ ਨਾ ਟੁੱਟ ਜਾਵੇ।”
“ਆਪਣਾ ਮਕਸਦ ਤਾਂ ਹੈ ਗੁਰੂ ਦੇ ਦਿੱਤੇ ਹੋਏ ਅਸੂਲਾ ਨਾਲ ਲੜਾਈ ਕਰਨੀ।” ਸੁੱਖੇ ਨੇ ਕਿਹਾ, “ਅੱਗੇ ਗੁਰੂ ਜਾਣੇ ਜਾਂ ਗੁਰੂ ਦੀ ਕੌਮ।”
“ਹਾਂ, ਜੇ ਤਾਂ ਲਹਿਰ ਵਿਚ ਜ਼ਿਆਦਾ ਬੰਦੇ ਗੁਰੂ ਦੇ ਦਿੱਤੇ ਅਸੂਲਾਂ ਉੱਪਰ ਚਲਣ ਵਾਲੇ ਹੋਏ ਤਾਂ ਲਹਿਰ ਜ਼ਰੂਰ ਜਿੱਤੇਗੀ।” ਦਿਲਪ੍ਰੀਤ ਨੇ ਭੱਵਿਖਬਾਣੀ ਕੀਤੀ, “ਪਰ ਜੇ ਬਦਨੀਤੀਆਂ ਵਾਲੇ ਅਤੇ ਬੇਈਮਾਨਾਂ ਦੀ ਭਰਮਾਰ ਜ਼ਿਆਦਾ ਹੋਵੇਗੀ ਤਾਂ ਫਿਰ ਔਖਾ ਹੀ ਲਹਿਰ ਨੂੰ ਕਾਮਜ਼ਾਬੀ ਮਿਲੇਗੀ।”
“ਚੰਗਾ ਹੈ, ਆਪਾਂ ਇਸ ਗੱਲ ਨੂੰ ਉਸ ਮਾਲਕ ਉੱਪਰ ਹੀ ਛੱਡ ਦਈਏ।” ਸੋਢੀ ਨੇ ਆਪਣੇ ਹੱਥ ਜੋੜ ਦਿਆਂ ਕਿਹਾ, “ਆਪਾਂ ਜਿਹੜਾ ਕੰੰਮ ਮਿਥਿਆ ਹੈ, ਪਹਿਲਾਂ ਉਹ ਸਿਰੇ ਚਾੜ੍ਹੀਏ।”
ਸਾਰਿਆਂ ਦੀਆ ਅਵਾਜ਼ਾ ਹੌਲੀ ਹੋ ਗਈਆਂ, ਪਤਾ ਨਹੀ ਉਹ ਕੀ ਵਿਉਂਤਾਂ ਗੁੰਦ ਰਹੇ ਸਨ। ਉਹ ਇਹਨਾ ਹੌਲੀ ਬੋਲ ਰਹੇ ਸਨ ਜਿਵੇਂ ਕੰਧਾਂ ਦੇ ਕੰਨਾ ਨੂੰ ਕੁਝ ਵੀ ਸਨਾਉਣਾ ਨਾ ਚਾਹੁੰਦੇ ਹੋਣ। ਫਿਰ ਛੇਤੀ ਹੀ ਉੱਥੋਂ ਚਲੇ ਗਏ।
ਥੋੜ੍ਹੀ ਦੇਰ ਦੀਪੀ ਮਾਤਾ ਜੀ ਨਾਲ ਗੱਲਾਂ ਕਰਦੀ ਰਹੀ। ਜਦੋਂ ਬਾਹਰੋ ਉਹਨਾਂ ਦੀ ਅਵਾਜ਼ਾ ਆਉਣੀਆਂ ਬੰਦ ਹੋ ਗਈਆਂ ਤਾਂ ਦੀਪੀ ਨੇ ਕਿਹਾ, “ਮਾਤਾ ਜੀ ਲਗਦਾ ਹੈ, ਸਿੰਘ ਸੋਂ ਗਏ।” ਉਦੋਂ ਹੀ ਬਾਹਰਲੇ ਗੇਟ ਦੇ ਬੰਦ ਹੋਣ ਦੀ ਅਵਾਜ਼ ਆਈ।
“ਪੁੱਤ, ਜਿਹਨਾਂ ਦੀ ਕਿਸੇ ਨਾਲ ਲਗ ਜਾਂਦੀ ਹੈ, ਉਹਨਾਂ ਨੂੰ ਨੀਂਦਾ ਕਿੱਥੇ? ਇਹਨਾ ਦੀ ਵੀ ਕੌਮ ਨਾਲ ਲੱਗੀ ਹੋਈ ਹੈ।” ਮਾਤਾ ਜੀ ਨੇ ਦੱਸਿਆ, “ਲਗਦਾ ਹੈ ਉਹ ਆਪਣੇ ਕਿਸੇ ਮਿਸ਼ਨ ਤੇ ਚਲੇ ਗਏ ਨੇ।”
“ਦਿਲਪ੍ਰੀਤ ਵੀ ਚਲੇ ਗਏ।” ਦੀਪੀ ਨੇ ਭੋਲੇਪਣ ਵਿਚ ਕਿਹਾ, “ਉਹ ਤਾਂ ਥੱਕੇ ਹੋਏ ਸਨ ਮੈਂ ਤਾਂ ਬਾਬੇ ਦੀ ਮੋਟਰ ਤੇ ਅਰਾਮ ਕਰ ਹੀ ਲਿਆ ਸੀ, ਪਰ ਉਹਨਾਂ…।”
“ਧੀ ਰਾਣੀਏ, ਮੈਂ ਤੈਨੂੰ ਦੱਸਿਆ ਤਾਂ ਹੈ ਇਹ ਗੁਰੂ ਦੇ ਸਿੰਘ ਪਤਾ ਨਹੀ ਕਿਹੜੀ ਧਾਂਤ ਦੇ ਬਣੇ ਹੋਏ ਹੁੰਦੇ ਨੇ ਨਾ ਇਹ ਅਰਾਮ ਕਰਨ ਦੀ ਜ਼ਰੂਰਤ ਸਮਝਦੇ ਨੇ ਅਤੇ ਨਾ ਹੀ ਇਹਨਾਂ ਨੂੰ ਥਕਾਵਟ ਮਹਿਸੂਸ ਹੁੰਦੀ ਹੈ।”
ਦਿਲਪ੍ਰੀਤ ਦੇ ਇਸ ਤਰ੍ਹਾਂ ਚਲੇ ਜਾਣ ਦੀ ਦੀਪੀ ਦੇ ਹਿਰਦੇ ਵਿਚ ਤਾਂ ਝਰੀਟ ਪਈ, ਪਰ ਉਸ ਨੇ ਝਰੀਟ ਦੀ ਅਵਾਜ਼ ਆਪਣੇ ਢਿੱਡ ਵਿਚ ਦਬਦੇ ਕਿਹਾ, “ਮਾਤਾ ਜੀ, ਤੁਹਾਨੂੰ ਇਹਨਾ ਉੱਪਰ ਗੁੱਸਾ ਨਹੀ ਚੜ੍ਹਦਾ ਕਿਸ ਤਰ੍ਹਾਂ ਆਪਣੇ- ਆਪ ਆ ਜਾਂਦੇ ਨੇ, ਅਤੇ ਆਪਣੇ ਆਪ ਹੀ ਚਲੇ ਜਾਂਦੇ ਨੇ।”
“ਪੁੱਤ ਇਹ ਕਿਹੜੇ ਸ਼ੌਂਕ ਨੂੰ ਇਸ ਤਰ੍ਹਾਂ ਕਰਦੇ ਨੇ।” ਮਾਤਾ ਜੀ ਨੇ ਸਹਿਜ ਨਾਲ ਕਿਹਾ, “ਮੈਨੂੰ ਤਾਂ ਸਗੋਂ ਇਹਨਾਂ ਨਾਲ ਹਮਦਰਦੀ ਹੈ, ਕਿਵੇਂ ਬਾਕੀ ਕੌਂਮ ਇਸ ਵੇਲੇ ਅਰਾਮ ਨਾਲ ਸੁੱਤੀ ਪਈ ਅਤੇ ਇਹ ਮਾਂ ਦੇ ਜਾਏ ਠੰਡੀਆਂ ਰਾਤਾਂ ਤੇ ਤਪਦੀਆਂ ਦੁਪਹਿਰਾਂ ਵਿਚ ਤੁਰੇ ਫਿਰਦੇ ਨੇ।”
“ਮਾਤਾ ਜੀ, ਤਹਾਨੂੰ ਯਕੀਨ ਹੈ ਇਹ ਜੋ ਕੁਝ ਵੀ ਕਰ ਰਹੇ ਨੇ ਉਹ ਠੀਕ ਹੈ।” ਦੀਪੀ ਨੇ ਪੁੱਛਿਆ, “ਇਹ ਤਹਾਨੂੰ ਤਾਂ ਕੁਝ ਵੀ ਦੱਸ ਕੇ ਨਹੀ ਗਏ।”
“ਇਹਨਾਂ ਨੂੰ ਦੱਸਣ ਦੀ ਲੋੜ ਨਹੀ।” ਮਾਤਾ ਜੀ ਨੇ ਕਿਹਾ, “ਇਹ ਧੁਰ ਅਦੰਰੋਂ ਕੀ ਚਾਹੁੰਦੇ ਨੇ ਮੈਨੂੰ ਪਤਾ ਹੈ ਕਿਉਕਿ ਮੇਰਾ ਇਹਨਾਂ ਨਾਲ ਸਬੰਧ ਮਾਂ-ਪੁੱਤਰਾ ਵਰਗਾ ਹੈ।”
“ਪਰ ਮਾਂ ਦਾ ਫਰਜ਼ ਬਣਦਾ ਹੀ ਹੈ ਆਪਣੇ ਪੁੱਤਰਾਂ ਨੂੰ ਪੁੱਛਣ ਕਿ ਉਹ ਕਿੱਥੇ ਚੱਲੇ ਨੇ?”
“ਜੇ ਮਾਂ ਨੂੰ ਆਪਣੇ ਪੁੱਤਰਾਂ ਉੱਪਰ ਯਕੀਨ ਹੋਵੇ ਕਿ ਜੋ ਕੁਝ ਵੀ ਕਰਨ ਜਾ ਰਹੇ ਨੇ ਉਹ ਠੀਕ ਹੀ ਹੋਵੇਗਾ, ਫਿਰ ਮਾਂ ਕਿਉਂ ਪੁੱਛੇਗੀ, ਕਿਉਕਿ ਹਰ ਮਾਂ ਨੂੰ ਆਪਣੇ ਬੱਚੇ ਦੀਆਂ ਆਦਤਾਂ ਅਤੇ ਸੁਭਾਅ ਬਾਰੇ ਪਤਾ ਹੁੰਦਾ ਹੈ।”
“ਇਹ ਮੁੜ ਕੇ ਕਦੋਂ ਆਉਣਗੇ?”
“ਪੁੱਤ, ਮੈਨੂੰ ਨਹੀ ਪਤਾ, ਤੂੰ ਹੁਣ ਸੌਂ ਜਾ।”
“ਤੁਸੀਂ ਨਹੀ ਸੌਣਾਂ?”
“ਅੱਧੀ ਰਾਤ ਤੋਂ ਉੱਪਰ ਟਾਈਮ ਹੈ ਇਕ ਤਰ੍ਹਾਂ ਅੰਮ੍ਰਿਤ ਵੇਲਾ ਤਾਂ ਹੋਈ ਚਲਿਆ ਹੈ, ਮੈਂ ਪਾਠ ਕਰਨਾ ਹੈ।” ਇਹ ਕਹਿ ਕੇ ਮਾਤਾ ਜੀ ਨੇ ਦੀਪੀ ਦੇ ਕਮਰੇ ਦਾ ਦਰਵਾਜ਼ਾ ਭੇੜ ਦਿੱਤਾ ਆਪ ਇਸ਼ਨਾਨ ਕਰਨ ਲਈ ਗੁਸਲਖਾਨੇ ਵਿਚ ਚਲੇ ਗਏ।
ਦੀਪੀ ਆਪਣੇ ਬਾਰੇ ਅਤੇ ਦਿਲਪ੍ਰੀਤ ਦੇ ਬਾਰੇ ਕੁਝ ਸੋਚਦੀ ਹੋਈ ਨੀਂਦ ਦੀ ਗੋਦ ਵਿਚ ਡਿਗ ਪਈ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>