ਲੁਕੋਓ ਕਿਉਂ?

ਜਦੋਂ ਤੋਂ ਕਰੋਨਾ ਨੇ ਯੌਰਪ ਵਿੱਚ ਦਸਤਕ ਦਿੱਤੀ ਹੈ।ਲੋਕਾਂ ਦੇ ਚਿਹਰਿਆਂ ਤੇ ਉਦਾਸੀ ਦੇ ਬੱਦਲ ਛਾਏ ਹੋਏ ਹਨ।ਸੋਚਾਂ ਦੇ ਆਲਮ ਵਿੱਚ ਡੁੱਬੇ ਹੋਏ ਲੋਕ ਮਜ਼ਬੂਰੀ ਵੱਸ ਹੱਸਦੇ ਨਜ਼ਰ ਆਉਦੇ ਹਨ।ਕਿਸੇ ਲਿਖਾਰੀ ਨੇ ਸੱਚ ਹੀ ਕਿਹਾ ਹੈ,ਕਿ ਮੁਸੀਬਤ ਹੌਸਲੇ ਤੋਂ ਵੱਡੀ ਨਹੀ ਹੁੰਦੀ, ਹਾਰ ਉਹ ਮੰਨਦਾ ਹੈ,ਜਿਹੜਾ ਮੁਕਾਬਲਾ ਨਹੀ ਕਰ ਸਕਦਾ।ਖਾਸ ਕਰਕੇ ਆਪਣੇ ਲੋਕਾਂ ਦੀ ਗੱਲ ਕਰੀ ਜਾਵੇ ਤਾਂ ਬਹੁਤੇ ਲੋਕੀ ਕਰੋਨਾ ਦੇ ਲੱਛਣ ਹੋਣ ਦੇ ਬਾਵਯੂਦ ਵੀ ਚੁੱਪ ਧਾਰ ਲੈਂਦੇ ਹਨ।ਕਈ ਤਾਂ ਦੱਸਣ ਤੋਂ ਵੀ ਗੁਰੇਜ਼ ਕਰਦੇ ਹਨ।ਉਹ ਫਿਕਰਾਂ ਦੇ ਖੂਹ ਵਿੱਚ ਰਹਿ ਕੇ ਜਿਉਣਾ ਚਾਹੁੰਦੇ ਹਨ।ਇਸ ਤਰ੍ਹਾਂ ਕਰਨ ਨਾਲ ਉਹ ਬੀਮਾਰੀ ਨਾਲ ਜੂਝਣ ਦੀ ਸ਼ਕਤੀ ਗੁਆ ਬੈਠ ਦੇ ਨੇ ਤੇ ਦੂਸਰਿਆਂ ਲਈ ਖਤਰਾ ਬਣਦੇ ਨੇ ਅਤੇ ਆਪ ਵੀ ਮੌਤ ਨੇੜੇ ਆਉਣ ਤੋਂ ਪਹਿਲਾਂ ਹੀ ਪਾਉੜੀਆਂ ਗਿਣਨ ਲੱਗ ਜਾਂਦੇ ਹਨ।ਇਸ ਦੇ ਉਲਟ ਗੋਰੇ ਲੋਕੀਂ ਇਸ ਦਾ ਸ਼ਰੇਆਮ ਇਜ਼ਹਾਰ ਕਰਦੇ ਹਨ।ਖੈਰ,ਕਹਿੰਦੇ ਹਨ ਮੁਸੀਬਤ ਵੰਡਣ ਨਾਲ ਮਨ ਦਾ ਬੋਝ ਹਲਕਾ ਹੋ ਜਾਦਾਂ ਹੈ।ਸਿਆਣੇ ਲੋਕੀਂ ਕਹਿੰਦੇ ਨੇ ਸਲਾਹ ਤਾਂ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ।ਗੱਲ ਕਰੋਨੇ ਦੀ ਕਰ ਰਹੇ ਹਾਂ,ਫਰਾਂਸ ਵਿੱਚ ਇਹ ਮਹਾਂਮਾਰੀ ਸਾਲ 2020 ਚੜ੍ਹਦੇ ਹੀ ਆ ਵੜ੍ਹੀ ਸੀ।ਇਸ ਨਾ ਮੁਰਾਦ ਮਹਾਂਮਾਰੀ ਨੇ ਸਾਲ 2020 ਦੇ ਅੱਧ ਮਾਰਚ ਵਿੱਚ ਸਾਡੇ ਗਭਰੂ ਮੁੰਡੇ ਨੂੰ ਆ ਦਬੋਚਿਆ।ਉਸ ਵਕਤ ਲੋਕ ਇਹ ਬਜ਼ੁਰਗਾਂ ਲਈ ਖਤਰਨਾਕ ਹੈ, ਕਹਿ ਕੇ ਚੁੱਪ ਕਰ ਜਾਂਦੇਂ ਸਨ।ਪਰ ਬੀਮਾਰੀ,ਕਸਟ ਤੇ ਬੁਢਾਪਾ ਦੱਸ ਕੇ ਨਹੀ ਆਉਦੇ।ਇਹ ਲਾ ਇਲਾਜ਼ ਬੀਮਾਰੀ ਮਨੁੱਖਤਾ ਲਈ ਚਣੋਤੀ ਭਰਪੂਰ ਸੀ।ਜਿਸ ਦਾ ਨਾਮ ਸੁਣਦੇ ਹੀ ਕਲੇਜਾ ਬਾਹਰ ਨੂੰ ਆਉਦਾ ਸੀ।ਸਾਡਾ ਬੇਟਾ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਯੌਰਪ ਤੇ ਫਰਾਂਸ ਵਿੱਚ ਘੁੰਮਦਾ ਰਹਿੰਦਾ ਹੈ।ਸਾਡੇ ਵਾਰ ਵਾਰ ਮਨ੍ਹਾ ਕਰਨ ਤੇ ਉਹ ਨਾ ਰੁੱਕਦਾ।ਬਸ ਫੇਰ ਉਹ ਹੀ ਹੋਇਆ ਜਿਸ ਦਾ ਡਰ ਸੀ।ਉਸ ਨੂੰ ਕਮਰੇ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ।ਪ੍ਰਵਾਰ ਸਮੇਤ ਛੋਟੇ ਬੱਚਿਆਂ ਨੂੰ ਕੋਲ ਜਾਣ ਤੇ ਮਨ੍ਹਾ ਕਰ ਦਿੱਤਾ ਸੀ।ਗਲਵੱਕੜੀ ਲਈ ਤਰਸਦੇ ਬੱਚੇ ਗਿੱਲੀਆਂ ਅੱਖਾਂ ਕਰਕੇ ਬੈਠ ਜਾਦੇਂ।ਮਹਾਂਮਾਰੀ ਤੋਂ ਅਣਜਾਣ ਮਾਸੂਮ ਚੇਹਰੇ ਤਰਸ ਦੀ ਮੂਰਤ ਲਗਦੇ ਸਨ।ਪੈਰਿਸ ਵਿੱਚ ਤਾਲਾਬੰਦੀਂ ਲੱਗ ਚੁੱਕੀ ਸੀ। ਘਣੀ ਅਬਾਦੀ ਵਿੱਚ ਰਹਾਇਸ਼ ਹੋਣ ਕਾਰਨ ਐਂਬੂਲੈਂਸ,ਪੁਲਿਸ ਅਤੇ ਸਿਹਤ ਸੇਵਾਵਾਂ ਦੀਆਂ ਗੱਡੀਆਂ ਦੇ ਸਾਇਰਨ ਅੰਦਰ ਬੈਠਿਆਂ ਨੂੰ ਬੇਚੈਨ ਕਰ ਰਹੇ  ਸਨ।ਪੈਰਿਸ ਵਿੱਚ ਜਰੂਰੀ ਚੀਜ਼ਾਂ ਤੋ ਇਲਾਵਾ ਸਭ ਕੁਝ ਬੰਦ ਕੀਤਾ ਹੋਇਆ ਸੀ।ਸੁੰਨੀਆਂ ਗਲੀਆਂ ਚ’ ਮਜਬੂਰ ਲੋਕ, ਪੰਛੀ ਅਤੇ ਅਵਾਰਾ ਬਿੱਲੀਆਂ ਘੁੰਮਦੀਆਂ ਸਨ।ਟੀ.ਵੀ. ਤੇ ਇੱਕ ਹੀ ਖਬਰ ਸੀ,ਇਤਨੇ ਮਰ ਗਏ ਤੇ ਏਨੇ ਨਵੇਂ ਕੇਸ ਆ ਗਏ।ਸਭ ਪਾਸੇ ਕਰੋਨੇ ਦਾ ਬੋਲਬਾਲਾ ਸੀ।ਹਰ ਜੀਅ ਨੂੰ ਕਰੋਨਾ ਦਾ ਡਰ ਸਤਾ ਰਿਹਾ ਸੀ।ਨੌਜੁਆਨ ਦੇ ਉਖੜਦੇ ਸਾਹ ਮਾਪਿਆਂ ਲਈ ਅਸਿਹ ਸੀ।ਐਮਰਜੈਂਸੀ ਡਾਕਟਰ ਨੂੰ ਕਾਲ ਕੀਤੀ ਤਾਂ ਉਸ ਦਾ ਜਬਾਬ ਸੀ, ਪੂਰੀ ਸਟੇਟ ਵਿੱਚ ਸਾਡੀ ਤਿੰਨ ਡਾਕਟਰਾਂ ਦੀ ਟੀਮ ਹੈ,ਅਤੇ ਸਾਡੀ 24 ਘੰਟੇ ਸਰਵਿਸ ਹੈ।ਮੈਂ ਅੱਜ ਰਾਤ ਤੱਕ ਆਉਣ ਦੀ ਪੂਰੀ ਕੋਸ਼ਿਸ਼ ਕਰਾਂਗਾਂ ਪਰ ਜੇ ਨਾ ਆ ਸਕਿਆ ਤਾਂ ਕੱਲ ਨੂੰ ਸਵੇਰੇ ਜਰੂਰ ਆ ਜਾਵਾਂਗਾ।ਅਗਰ ਜਿਆਦਾ ਸੀਰੀਅਸ ਹੈ,ਤਾਂ ਐਬੂਂਲੈਂਸ ਬੁਲਾ ਲੈਣੀ।ਹਸਪਤਾਲਾਂ ਵਿੱਚ ਪਹਿਲਾਂ ਹੀ ਬੈਡਾਂ ਦੀ ਘਾਟ ਦੀਆਂ ਖਬਰਾਂ ਆ ਚੁੱਕੀਆ ਸਨ।ਮਰੀਜ਼ਾਂ ਨੂੰ ਵਾਰਡ ਦੇ ਬਾਹਰ ਹੀ ਰੱਖਿਆ ਹੋਇਆ ਸੀ।ਉਤੋਂ ਵੀਕ ਐਂਡ ਸ਼ੁਰੂ ਹੋ ਗਿਆ ਸੀ।ਮੁਸੀਬਤ ਵਿੱਚ ਆਦਮੀ ਕੀ ਨਹੀ ਕਰਦਾ,ਮੈਂ ਆਪਣੇ ਚਾਲੀ ਸਾਲ ਪੁਰਾਣੇ ਫਰੈਂਚ

ਦੋਸਤ ਨੂੰ ਫੋਨ ਕੀਤਾ,ਉਸ ਦੀ ਅਮਰੀਕਨ ਹਸਪਤਾਲ ਵਿੱਚ ਜਾਣ ਪਹਿਚਾਣ ਸੀ।ਉਸ ਨੇ ਸਾਨੂੰ ਉਥੋਂ ਦੇ ਹਾਲਾਤਾਂ ਵਾਰੇ ਦੱਸਣਤੋਂ ਬਾਅਦ ਕੁਝ ਚੰਗੇ ਸੁਝਾਅ,ਉਪਾਅ ਅਤੇ ਹੌਸਲਾ ਰੱਖਣ ਲਈ ਕਿਹਾ।ਇੱਕ ਸਾਡੀ ਪਹਿਚਾਣ ਵਾਲੀ  ਲੜਕੀ ਜਿਹੜੀ ਕਿਸੇ ਵੱਡੇ ਹਸਪਤਾਲ ਵਿੱਚ ਮੈਡੀਕਲ ਸਰਵਿੱਸ ਕਰ ਰਹੀ ਸੀ ।ਉਸ ਨੂੰ ਫੋਨ ਕੀਤਾ।ਉਸ ਨੇ ਬਿਨ੍ਹਾ ਝਿਜ਼ਕ ਕਿਹਾ ਕਿ “ਮੈਂ ਖੁਦ ਵੀ ਇਸ ਬੀਮਾਰੀ ਤੋਂ ਪੀੜ੍ਹਤ ਹੋ ਗਈ ਹਾਂ,ਅੱਜ ਕੱਲ ਘਰ ਵਿੱਚ ਹੀ ਇਕਾਂਤਵਾਸ ਹਾਂ”,”ਘਬਰਾਓ ਨਾਂ ਕੋਸਾ ਪਾਣੀ ਪੀਣਾ ਤੇ ਠੰਡੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ,ਅਗਰ ਸਾਹ ਦੀ ਤਕਲੀਫ ਹੋਈ ਗਰਮ ਭਾਫ ਲੈਣੀ”।”ਨਹੀ ਤਾਂ ਫਾਰਮੇਸੀ ਵਿੱਚੋਂ ਸਾਹ ਲਈ ਸਹਾਇੱਕ ਕਿੱਟ ਲੈ ਲੈਣੀ”।”ਵੱਧ ਤੋਂ ਵੱਧ ਅਰਾਮ ਕਰਨਾ।”ਲੋੜ ਅਨੁਸਾਰ (ਡੋਲੀਪਰੀਨ) ਮੈਡੀਸਨ ਲੈਦੇਂ ਰਹਿਣਾ”।ਇੱਕ ਮੇਰੇ ਦੋਸਤ ਵਲੋਂ ਦਿੱਤੀ ਹੋਈ ਸਲਾਹ ਵੀ ਗੁਣਕਾਰੀ ਸਾਬਤ ਹੋਈ।ਭਾਵ(ਮਲੱਠੀ,ਦਾਲ,ਚੀਨੀ,ਸੌਫ ਵੱਡੀ ਤੇ ਛੋਟੀ ਲੈਚੀ) ਦਾ ਮਿਸਰਨ ਕਰਕੇ ਗਰਮ ਪਾਣੀ ਨਾਲ ਦੋ ਘੰਟੇ ਬਾਅਦ ਪੀਦੇਂ ਰਹਿਣਾਂ ਵੀ ਠੀਕ ਹੈ।ਨੇਕ ਸਲਾਹਾਂ ਨੇ ਸਾਡੇ ਢਹਿੰਦੇ ਹੋਏ ਮਨ ਨੂੰ ਵੜ੍ਹਾਵਾ ਦਿੱਤਾ।ਅਸੀ ਦਿੱਤੀਆਂ ਹੋਈਆਂ ਨਸੀਹਤਾਂ ਨੂੰ ਅਗਲੇ ਦਿੱਨ ਡਾਕਟਰ ਦੇ ਆਉਣ ਤੱਕ ਵਰਤਦੇ ਰਹੇ।ਡਾਕਟਰ ਆਇਆ ਤੇ ਅੰਦਰ ਵੜ੍ਹਦਾ ਹੀ ਬੋਲਿਆ,”ਇਸ ਨੂੰ ਕਰੋਨਾ ਹੋਇਆ ਹੈ”।ਲੋੜ ਅਨੁਸਾਰ ਦਵਾਈ ਦੇਕੇ ਕੁਝ ਹਦਾਇਤਾਂ ਦੇਣ ਤੋਂ ਬਾਅਦ ਬੋਲਿਆ,”ਅਗਰ ਸਿਹਤ ਜਿਆਦਾ ਵਿਗੜਦੀ ਹੋਈ ਤਾਂ ਹਸਪਤਾਲ ਲੈ ਜਾਣ ਵਿੱਚ ਦੇਰੀ ਨਾ ਕਰਿਓ”।”ਡਾਕਟਰਾਂ ਦੀ ਘਾਟ ਕਾਰਨ ਇਸ ਵਕਤ ਅਸੀ ਬਹੁਤ ਬਿਜ਼ੀ ਹਾਂ ਫੋਨ ਨਾ ਹੀ ਕਰਿਓ ਤਾਂ ਚੰਗਾ ਹੈ”।ਬੱਚਿਆ ਤੇ ਬਜੁਜ਼ੁਗਾਂ ਨੂੰ ਦੂਰ ਰਹਿਣ ਦੀ ਤਾਕੀਦ ਕਰਕੇ ਚਲਿਆ ਗਿਆ।ਛੋਟੇ ਬੱਚਿਆਂ ਦੇ ਚਿਹਰੇ ਵੇਖ ਕੇ ਸਾਡੀਆਂ ਵੀ ਅੱਖਾਂ ਨਮ ਹੋ ਜਾਦੀਆਂ।ਜਿਵੇਂ ਕਹਿੰਦੇ ਨੇ ਦੁੱਖ ਆਉਦਾ ਤਾਂ ਘੋੜੇ ਵਾਂਗ ਆ ਪਰ ਜਾਦਾਂ ਕੱਛੂਕੁੰਮੇ ਦੀ ਚਾਲ ਆ।ਤਿੰਨ ਹਫਤਿਆਂ ਪਿੱਛੋਂ ਥੋੜੀ ਰਾਹਤ ਮਹਿਸੂਸ ਹੋਈ।ਪੂਰੇ ਢਾਈ ਮਹੀਨੇ ਬਾਅਦ ਕਰੋਨਾ ਆਪਣੀ ਛਾਪ ਛੱਡ ਕੇ ਚਲਿਆ ਗਿਆ।ਮੇਰੇ ਲਿਖਣ ਦਾ ਭਾਵ ਇਹ ਹੈ,ਕਿ ਮਰੀਜ਼ ਨੂੰ ਨਿਰਾਸਤਾ ਦੀ ਦਲ ਦਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੋ।ਢਹਿੰਦੀ ਕਲ੍ਹਾ ਦੀਆਂ ਗੱਲਾਂ ਤੋਂ ਪ੍ਰਹੇਜ਼ ਕਰੋ।ਚੰਗੀ ਸਿਹਤ ਦਾ ਅੱਧ ਚੰਗੀਆਂ ਖੁਸ਼ੀਆਂ ਤੇ ਸੋਚਾਂ ਹੁੰਦੀਆਂ ਹਨ।ਇਹੋ ਜਿਹੇ ਮੌਕੇ ਉਪਰ ਨੇਕ ਸਲਾਹ ਦਵਾਈ ਵਰਗੀ ਹੁੰਦੀ ਹੈ।ਅਣਸੱਦੀ ਮੁਸੀਬਤ ਦਿਮਾਗ ਵਿੱਚ ਬੁਰੇ ਖਿਆਲਾਂ ਦੇ ਨਾਲ ਕਈ ਬੀਮਾਰੀਆਂ ਵੀ ਸਹੇੜ੍ਹ ਦਿੰਦੀ ਹੈ।ਕਮਜ਼ੋਰ ਦਿੱਲ ਵਾਲੇ ਮੌਤ ਤੋਂ ਪਹਿਲਾਂ ਹੀ ਮੌਤ ਨੂੰ ਗਲੇ ਲਗਾ ਬੈਠਦੇ ਨੇ।ਮੌਤ ਅਟੱਲ ਹੈ ਪਰ ਝੁਰ ਝੁਰ ਕਿਉਂ ਮਰਨਾ!ਰੋਮਨਾ ਦੀ ਕਹਾਵਤ ਹੈ ਕਿ ਜੇ ਡਾਕਟਰ ਕੋਲ ਇਲਾਜ਼ ਨਹੀ ਤਾਂ ਤਿੰਨ ਗੁਣ ਅਪਣਾ ਲਓ ਅਰਾਮ, ਖੁਸ਼ ਰਹੋ ਤੇ ਵਧੀਆ ਖੁਰਾਕ ਖਾਓ।ਤੰਦਰੁਸਤੀ ਤੇ ਖੁਸ਼ੀ ਹੀ ਸਭ ਤੋਂ ਵੱਡੇ ਧਨ ਹਨ।ਮੁਸੀਬਤ ਵਿੱਚੋਂ ਬਾਹਰ ਨਿੱਕਲਣ ਵਾਲਾ ਰਸਤਾ ਮੁਸੀਬਤ ‘ਚ ਫਸਣ ਵਾਲੇ ਰਸਤੇ ਜਿੰਨਾਂ ਸੁਖਾਲਾ ਨਹੀ ਹੁੰਦਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>