ਹੱਕ ਲਈ ਲੜਿਆ ਸੱਚ – (ਭਾਗ – 67)

ਸਵੇਰ ਵੇਲੇ ਪੰਛੀਆਂ ਦੀ ਚਹਿਕ ਅਵੱਲੀ ਹੀ ਹੁੰਦੀ ਹੈ। ਉਹਨਾਂ ਦੀਆਂ ਮਿਠੀਆਂ ਅਵਾਜ਼ਾਂ ਸਾਰੇ ਵਾਯੂਮੰਡਲ ਵਿਚ ਰਸ ਘੋਲ ਰਹੀਆਂ ਸਨ। ‘ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ’ ਵਾਲਾ ਵਾਤਾਵਰਣ ਬਣ ਗਿਆ ਸੀ, ਪਰ ਦੀਪੀ ਅਜੇ ਵੀ ਘੂਕ ਸੁੱਤੀ ਪਈ ਸੀ। ਸੂਰਜ ਦੀ ਕਿਰਨ ਖਿੜਕੀਆਂ ਦੇ ਪਰਦਿਆਂ ਦੇ ਉਪਰੋ ਦੀ ਹੁੰਦੀ ਹੋਈ ਦੀਪੀ ਦੇ ਬਿਸਤਰੇ ਤੇ ਪਹੁੰਚੀ ਤਾਂ ਦੀਪੀ ਇਕਦਮ ਉੱਠੀ। ਆਲੇ-ਦੁਆਲੇ ਦੇਖਿਆ ਤਾਂ ਇਕ ਗੁਸਲਖਾਨਾ ਕਮਰੇ ਦੇ ਵਿਚ ਹੀ ਬਣਿਆ ਹੋਇਆ ਸੀ। ਰਾਤੀਂ ਹਨੇਰੇ ਵਿਚ ਤਾਂ ਉਸ ਨੂੰ ਚੰਗੀ ਤਰ੍ਹਾਂ ਕੋਠੀ ਦਿਸੀ ਹੀ ਨਹੀ ਸੀ। ਰਾਤੀਂ ਉਸ ਨੇ ਬਾਹਰਲੇ ਗੁਸਲਖਾਨੇ ਵਿਚ ਹੀ ਮੂੰਹ- ਹੱਥ ਧੋਤਾ ਸੀ। ਉਸ ਨੇ ਦੇਖਿਆ ਕਿ ਕੋਠੀ ਆਧੁਨਿਕ ਢੰਗ ਨਾਲ ਬਣੀ ਹੋਈ ਸੀ। ਇਨੀ ਸੁਹਣੀ ਅਤੇ ਵੱਡੀ ਕੋਠੀ ਉਸ ਨੇ ਪਹਿਲੀ ਵਾਰ ਹੀ ਦੇਖੀ ਸੀ। ਦੀਪੀ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਕੋਠੀ ਬਾਹਰਲੇ ਪੈਸੇ ਨਾਲ ਹੀ ਬਣੀ ਹੈ, ਕਿਉਕਿ ਮਾਤਾ ਜੀ ਦੇ ਦੋ ਪੁੱਤਰ ਆਪਣੇ ਪਰਿਵਾਰਾਂ ਨਾਲ ਬਾਹਰਲੇ ਦੇਸ਼ ਵਿਚ ਰਹਿੰਦੇ ਹਨ। ਗੁਸਲਖਾਨੇ ਵਿਚ ਜਾ ਕੇ ਉਸ ਨੇ ਗੀਜ਼ਰ ਦੇ ਕੋਸੇ ਪਾਣੀ ਨਾਲ ਇਸ਼ਨਾਨ ਕੀਤਾ। ਫਿਰ ਕਮਰੇ ਵਿਚ ਆ ਕੇ ਖਿੜਕੀਆਂ ਦੇ ਪਰਦੇ ਖੋਲ੍ਹ ਕੇ ਜੁਪਜੀ ਸਾਹਿਬ ਦਾ ਪਾਠ ਕਰਨ ਲੱਗੀ। ਮਾਤਾ ਜੀ ਨੇ ਅੱਧ-ਖੁੱਲ੍ਹੇ ਦਰਵਾਜ਼ੇ ਰਾਹੀ ਕਮਰੇ ਵਿਚ ਝਾਤ ਮਾਰੀ। ਉਸ ਨੂੰ ਪਾਠ ਕਰਦਿਆਂ ਦੇਖ ਕੇ ਮੁੜ ਗਏ। ਦੀਪੀ ਪਾਠ ਕਰਕੇ ਕਮਰੇ ਤੋਂ ਬਾਹਰ ਬਣੇ ਵੱਡੇ ਕਮਰੇ ਵਿਚ ਆਈ ਤਾਂ ਇਕ ਜ਼ਨਾਨੀ ਝਾੜੂ ਨਾਲ ਫਰਸ਼ ਸਾਫ ਕਰ ਰਹੀ ਸੀ। ਇਸ ਕਮਰੇ ਦਾ ਫਰਸ਼ ਵੀ ਉਸ ਦੇ ਸੋਣ ਵਾਲੇ ਕਮਰੇ ਵਾਂਗ ਚਿਪਸ ਦਾ ਹੀ ਬਣਿਆ ਹੋਇਆ ਸੀ। ਕਮਰੇ ਦੀਆਂ ਕੰਧਾਂ ਤੇ ਹਲਕੇ ਹਰੇ ਰੰਗ ਦਾ ਪੇਂਟ ਕੀਤਾ ਹੋਇਆ ਸੀ। ਝਾੜੂ ਦਿੰਦੀ ਜ਼ਨਾਨੀ ਨੇ ਦੀਪੀ ਵੱਲ ਦੇਖ ਕੇ ਕਿਹਾ, “ਸਸ ਸ੍ਰੀ ਅਕਾਲ, ਬੀਬੀ ਜੀ।”

“ਸਤਿ ਸ੍ਰੀ ਅਕਾਲ।” ਦੀਪੀ ਨੇ ਪੁੱਛਿਆ, ਮਾਤਾ ਜੀ ਕਿੱਥੇ ਨੇ?”

“ਉਹ ਗੁਰਦੁਵਾਰੇ ਗਏ ਆ।” ਜ਼ਨਾਨੀ ਨੇ ਕਿਹਾ, “ਤੁਹਾਡੀ ਚਾਹ ਬਣੀ ਪਈ ਏ ਤੁਸੀਂ ਪੀ ਲਉ।”

“ਤੁਸੀਂ ਪੀ ਲਈ।”

“ਮੈ ਤਾਂ ਘਰੋਂ ਪੀ ਕੇ ਆਈ ਸੀ।” ਜ਼ਨਾਨੀ ਨੇ ਦੱਸਿਆ, “ਜੇ ਵਾਧੂ ਹੈਗੀ ਤਾਂ ਮੈਨੂੰ ਪਾ ਦਿਉ।”

ਦੀਪੀ ਰਸੋਈ ਵਿਚ ਗਈ। ਉਸ ਨੇ ਚਾਹ ਵਾਲੀ ਥਰਮੋਸ ਦੇ ਕੋਲ ਪਏ ਕੱਪ ਵਿਚ ਚਾਹ ਪਾ ਲਈ ਅਤੇ ਦੂਸਰੇ ਕੱਪ ਦੀ ਭਾਲ ਵਿਚ ਇਧਰ-ਉਧਰ ਨਜ਼ਰ ਮਾਰੀ ਤਾਂ ਉਸ ਨੂੰ ਸਾਹਮਣੇ ਸ਼ੀਸ਼ੇ ਵਾਲੀ ਅਲਮਾਰੀ ਵਿਚ ਕੱਪ ਦਿਸੇ। ਉਸ ਨੇ ਰਹਿੰਦੀ ਚਾਹ ਹੋਰ ਕੱਪ ਵਿਚ ਪਾ, ਕੱਪ ਚੁੱਕ ਕੇ ਬਾਹਰ ਫਿਰ ਵੱਡੇ ਕਮਰੇ ਵਿਚ ਆ ਗਈ ਅਤੇ ਝਾੜੂ ਵਾਲੀ ਜ਼ਨਾਨੀ ਨੂੰ ਕੱਪ ਫੜਾਉਂਦੀ ਬੋਲੀ, “ਆ ਜਾਉ, ਬੈਠ ਕੇ ਚਾਹ ਪੀ ਲਉ।”

ਜ਼ਨਾਨੀ ਨੇ ਆਪਣੇ ਸਿਰ ਤੇ ਲਈ ਹੋਈ ਚੁੰਨੀ ਨਾਲ ਹੱਥ ਸਾਫ ਕੀਤੇ ਅਤੇ ਕੱਪ ਫੜ੍ਹ ਲਿਆ। ਦੀਪੀ ਕੋਨੇ ਵਿਚ ਰੱਖੀਆਂ ਕੁਰਸੀਆਂ ਵਿਚੋਂ ਇਕ ਤੇ ਬੈਠ ਗਈ। ਜ਼ਨਾਨੀ ਕੋਲ ਹੀ ਫਰਸ਼ ਤੇ ਬੈਠ ਗਈ।

“ਇੱਥੇ ਬੈਠ ਜਾਉ।” ਦੀਪੀ ਨੇ ਨਾਲ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਕਿਹਾ, “ਥੱਲੇ ਕਿਉਂ ਬੈਠ ਗਏ?”

“ਕੋਈ ਗੱਲ ਨਹੀ, ਮੈਂ ਇੱਥੇ ਹੀ ਠੀਕ ਹਾਂ।”

ਦੀਪੀ ਨੇ ਸੋਚਿਆ ਕਿ ਸ਼ਾਇਦ ਮਾਤਾ ਜੀ ਵੀ ਉਸ ਦੀ ਦਾਦੀ ਵਾਂਗ ਜ਼ਨਾਨੀ ਨੂੰ ਬਰਾਬਰ ਨਾ ਸਮਝਦੇ ਹੋਣ। ਮਾਤਾ ਜੀ ਦਾ ਸੁਭਾਅ ਜਾਨਣ ਲਈ ਉਸ ਨੇ ਕਿਹਾ, “ਮਾਤਾ ਜੀ ਤੋਂ ਡਰਦੇ ਨਹੀਂ ਕੁਰਸੀ ਤੇ ਬੈਠਦੇ।”

“ਨਹੀਂ, ਬੀਬੀ ਜੀ ਤਾਂ ਕਹਿੰਦੇ ਹੀ ਰਹਿੰਦੇ ਨੇ ਆਪਾਂ ਸਭ ਇਕ ਹੀ ਹਾਂ, ਤੂੰ ਮੇਰੇ ਬਰਾਬਰ ਹੀ ਬੈਠਿਆ ਕਰ।”

“ਫਿਰ ਤੁਸੀਂ ਕਿਉਂ ਨਹੀ ਬਹਿੰਦੇ।”

“ਮੇਰਾ ਆਪਣਾ ਮਨ ਹੀ ਨਹੀ ਮੰਨਦਾ।”

“ਇਹਦਾ ਮਤਲਬ ਤੁਹਾਡੀ ਆਦਤ ਬਣ ਗਈ ਹੈ, ਇਸ ਤਰ੍ਹਾਂ ਬੈਠਣ ਦੀ।”

“ਕੁੱਝ ਵੀ ਸਮਝ ਲਉ। ਚੱਲ ਛੱਡ ਧੀਏ ਇਹਨਾਂ ਗੱਲਾਂ ਨੂੰ, ਤੂੰ ਦਸ ਤੇਰਾ ਪਿੰਡ ਕਿਹੜਾ ਏ?”

ਦੀਪੀ ਦੇ ਮੂੰਹ ਵਿਚੋਂ ਇਕਦਮ ਆਪਣੇ ਪੇਕਿਆਂ ਦੇ ਪਿੰਡ ਦਾ ਨਾਮ ਨਿਕਲਿਆ। ਫਿਰ ਉਸ ਨੂੰ ਚੇਤਾ ਆਇਆ ਕਿ ਹੁਣ ਤਾਂ ਉਸ ਦੇ ਦੋ ਪਿੰਡ ਹਨ, ਪਰ ਫਿਰ ਵੀ ਉਸ ਨੇ ਦਿਲਪ੍ਰੀਤ ਦੇ ਪਿੰਡ ਦਾ ਨਾਮ ਲਕੋ ਹੀ ਛੱਡਿਆ, ਪਤਾ ਨਹੀ ਕਿਸੇ ਡਰ ਕਾਰਨ ਜਾਂ ੳਸ ਤਰ੍ਹਾਂ ਹੀ ਦੋਹਾਂ ਪਿੰਡਾਂ ਦੇ ਨਾਵਾਂ ਵਿਚ ਹੀ ਉਲਝ ਗਈ।

“ਚੰਗਾ ਹੋ ਗਿਆ, ਤੁਸੀ ਬੀਬੀ ਜੀ ਦੇ ਨਾਲ ਰਹਿਣ ਲਈ ਆ ਗਏ।” ਜ਼ਨਾਨੀ ਨੇ ਚਾਹ ਦਾ ਘੁੱਟ ਭਰਦੇ ਕਿਹਾ, “ਨਹੀਂ ਤਾਂ ਏਡੀ ਵੱਡੀ ਕੋਠੀ ਵਿਚ ਇਕ ਤੀਮੀ ਦਾ ਰਹਿਣਾ ਕਿੰਨਾ ਔਖਾ ਆ।”

“ਹਾਂ ਜੀ।”

ਜ਼ਨਾਨੀ ਜੋ ਕੁਝ ਵੀ ਦੀਪੀ ਕੋਲੋਂ ਪੁੱਛਦੀ ਸੀ, ਦੀਪੀ ਬਹੁਤ ਹੀ ਸੰਖੇਪ ਉੱਤਰ ਦੇਂਦੀ ਸੀ। ਕਿਉਂਕਿ ਉਸ ਨੂੰ ਇਹ ਨਹੀ ਸੀ ਪਤਾ ਕਿ ਮਾਤਾ ਜੀ ਨੇ ਜ਼ਨਾਨੀ ਨੂੰ ਦੀਪੀ ਬਾਰੇ ਕੀ ਦੱਸਿਆ ਹੋਵੇ?

“ਤੁਸੀਂ ਪੜ੍ਹਦੇ ਹੋ?” ਜ਼ਨਾਨੀ ਨੇ ਫਿਰ ਗੱਲ ਛੇੜੀ, “ਜਾਂ ਪੜ੍ਹ ਲਿਆ।।”

“ਮੈ ਪੜ੍ਹ ਲਿਆ ਹੈ।” ਦੀਪੀ ਨੇ ਕਿਹਾ, “ਮਾਤਾ ਜੀ ਕਦੋਂ ਗੁਰਦੁਆਰੇ ਤੋਂ ਵਾਪਸ ਆਉਂਦੇ ਨੇ।”

“ਬੱਸ ਆਉਣ ਹੀ ਵਾਲੇ ਹੋਣਗੇ।” ਜ਼ਨਾਨੀ ਨੇ ਦੱਸਿਆ, “ਬੀਬੀ ਜੀ ਦੀ ਇਕ ਗੱਲ ਆ ਚਾਹੇ ਮੀਂਹ ਆਵੇ ਜਾਂ ਹਨੇਰੀ ਜਾਵੇ, ਗੁਰਦੁਆਰੇ ਜ਼ਰੂਰ ਜਾਂਦੇ ਆ।”

ਗੱਲਾਂ ਹੀ ਕਰ ਰਹੀਆਂ ਸਨ ਕਿ ਮਾਤਾ ਜੀ ਆ ਗਏ। ਆਉਂਦਿਆ ਹੀ ਪਹਿਲਾਂ ਉਹਨਾ ਨੂੰ ਪ੍ਰਸ਼ਾਦ ਦਿੱਤਾ। ਦੀਪੀ ਨੂੰ ਪ੍ਰਸ਼ਾਦ ਦਿੰਦੇ ਪੁੱਛਣ ਲੱਗੇ, “ਤੂੰ ਚਾਹ ਪੀ ਲੀ।”

“ਹਾਂ ਜੀ।”

“ਨੀਂਦ ਚੰਗੀ ਤਰ੍ਹਾਂ ਆ ਗਈ ਸੀ?”

“ਹਾਂ ਜੀ।”

ਫਿਰ ਜ਼ਨਾਨੀ ਨੂੰ ਕਹਿਣ ਲੱਗੇ, “ਕਰਮੀਏ, ਪਤਾ ਲੱਗਾ ਰਾਤÄ ਬਸੀਮੇ ਵਾਲੇ ਪਿੰਡ ਦਾ ਜੱਥੇਦਾਰ ਮਾਰ ਦਿੱਤਾ।”

“ਕਾਸ਼ੀ ਦਾ ਪਿਉ।”

“ਹਾਂ।”

“ਉਹ ਕਾਹਦਾ ਜੱਥੇਦਾਰ ਸੀ। ਆਪ ਹੀ ਆਪਣੇ ਆਪ ਜੱਥੇਦਾਰ ਕਹਿੰਦਾ ਰਹਿੰਦਾ ਸੀ। ਕਿਹਨੇ ਮਾਰ ਦਿੱਤਾ?”

“ਗੁਰਦੁਆਰੇ ਦੇ ਭਾਈ ਜੀ ਨੇ ਦੱਸਿਆ ਕਿ ਵੱਡੇ ਤੜਕੇ ਕੋਈ ਖਾੜਕੂ ਆਏ ਤਾਂ ਸੁੱਤੇ ਪਏ ਨੂੰ ਗੋਲੀਆਂ ਮਾਰ ਗਏ।”

“ਬੀਬੀ ਜੀ, ਉਦਾਂ ਮਰੇ ਬੰਦੇ ਨੂੰ ਕੁਝ ਕਹਿਣਾ ਤਾਂ ਨਹੀਂ ਚਾਹੀਦਾ।” ਕਰਮੀ ਨੇ ਕਿਹਾ, “ਪਰ ਉਸ ਨੇ ਪਿੰਡ ਵਿਚ ਜ਼ੁਲਮ ਬਹੁਤ ਕੀਤਾ। ਕਹਿੰਦਾ ਹੁੰਦਾ ਸੀ ਮੇਰਾ ਪੁੱਤ ਖਾੜਕੂ ਆ ਮੈਨੂੰ ਕਿਹਦੀ ਪਰਵਾਹ।”

“ਭਾਈ ਜੀ ਕਹਿੰਦੇ ਸੀ ਕਿ ਉਹਦਾ ਪੁੱਤ ਵੀ ਉਹਦੇ ਵਰਗਾ ਹੀ ਆ ਬਦਮਾਸ਼।” ਮਾਤਾ ਜੀ ਨੇ ਦੱਸਿਆ, “ਪਿਉ, ਪੁੱਤ ਰਲ ਕੇ ਲੋਕਾਂ ਦੀਆਂ ਜ਼ਮੀਨਾਂ ਤੇ ਜਬਰਦਸਤੀ ਕਬਜ਼ਾ ਕਰੀ ਜਾ ਰਹੇ ਸਨ।”

“ਆਹੋ, ਇਦਾਂ ਕਰ ਕਰ ਤਾਂ ਉਹਨਾ ਹੁਣ ਨਵੀਂ ਕੋਠੀ ਪਾਈ ਆ।” ਕਰਮੀ ਨੇ ਕਿਹਾ, “ਬੀਬੀ ਜੀ, ਤਹਾਨੂੰ ਵੀ ਪਤਾ ਹੀ ਹੈ, ਉਸ ਦਿਨ ਇਸੇ ਬੰਦੇ ਨੇ ਪਿੰਡ ਦੇ ਹਿੰਦੂਆਂ ਨੂੰ ਕਿਹਾ ਕਿ ਪੰਜਾਬ ਛੱਡ ਕੇ ਚਲੇ ਜਾਉ, ਪਿੰਡ ਦੇ ਜੱਟ, ਤਰਖਾਣ ਸਾਰੇ ਇਸ ਦੇ ਵਿੁਰਧ ਹੋ ਗਏ, ਕਹਿਣ ਲੱਗੇ ਤੂੰ ਕੌਣ ਹੁੰਦਾ ਹੈਂ ਇਹ ਹੁਕਮ ਚਾੜਨ ਵਾਲਾ, ਤਾਂ ਇਸ ਬੰਦੇ ਨੇ ਗੋਲੀ ਚਲਾ ਕੇ ਭਾਈਆਂ ਦਾ ਗੇਲਾ ਸਿੰਘ ਮਾਰ ਦਿੱਤਾ ਸੀ।”

“ਪਤਾ ਮੈਨੂੰ, ਇਹ ਲੋਕ ਤਾਂ ਆਪਣੇ ਦਾਅ ਲਾਉਂਦੇ ਨੇ ਖਾੜਕੂਆ ਦਾ ਨਾਮ ਵਰਤ ਕੇ।” ਮਾਤਾ ਜੀ ਨੇ ਕਿਹਾ, “ਨਾ ਇਹਨਾ ਨੂੰ ਕੌਮ ਨਾਲ ਮੋਹ ਹੈ ਨਾ ਇਨਸਾਨ ਨਾਲ।”

“ਬੀਬੀ ਜੀ, ਦੇਖਿਉ, ਜੇ ਇਹਦਾ ਪੁੱਤ ਵੀ ਆਪਣੀਆਂ ਕਰਤੂਤਾਂ ਕਰਨ ਤੋਂ ਬਾਜ ਨਾ ਆਇਆ ਤਾਂ ਉਹ ਵੀ ਗਿਆ।”

“ਏਦਾਂ ਦਿਆਂ ਨੂੰ ਪੁਲੀਸ ਵੀ ਨਹੀ ਕੁਝ ਕਹਿੰਦੀ।”

“ਬੀਬੀ ਜੀ, ਪੁਲੀਸ ਤਾਂ ਚੰਗਿਆਂ ਨੂੰ ਫੜ੍ਹੀ ਜਾਂਦੀ ਆ, ਏਦਾਂ ਦਿਆਂ ਦੇ ਨਾਲ ਹੁੰਦੀ ਆ।”

“ਚਲੋ ਜੋ ਕਰਨਗੇ ਸੋ ਭਰਨਗੇ, ਸਾਨੂੰ ਕੀ?”

ਦੀਪੀ ਜੋ ਚੁੱਪ-ਚਾਪ ਦੋਹਾਂ ਦੀਆਂ ਗੱਲਾਂ ਸੁਣ ਰਹੀ ਸੀ। ਉਸ ਨੂੰ ਇਹ ਵੀ ਸਮਝ ਆ ਗਈ ਸੀ, ਉਹ ਬੰਦਾ ਉਹੀ ਸੀ ਜਿਸ ਬਾਰੇ ਮੋਟਰ ਤੇ ਗੱਲਾਂ ਹੋਈਆਂ ਸਨ। ਫਿਰ ਵੀ ਉਹ ਚੁੱਪ ਰਹੀ। ਮਾਤਾ ਜੀ ਦਾ ਧਿਆਨ ਉਸ ਵੱਲ ਗਿਆ ਤਾਂ ਕਹਿਣ ਲੱਗੇ, “ਬੇਟਾ, ਤੂੰ ਵੀ ਕੁਝ ਬੋਲ।”

“ਤੁਸੀਂ ਜੋ ਗੱਲਾਂ ਕਰ ਰਹੇ ਹੋ, ਉਹ ਮੈਂ ਸੁਣ ਰਹੀ ਸਾਂ।” ਦੀਪੀ ਨੇ ਕਿਹਾ, “ਕਰਮੀ ਆਂਟੀ ਵਰਗੀ, ਸਾਡੇ ਘਰ ਵੀ ਦਾਰੋ ਚਾਚੀ ਆਉਂਦੀ ਹੈ, ਜੋ ਇਸ ਤਰ੍ਹਾਂ ਹੀ ਗੱਲਾ ਕਰਦੀ ਹੈ।”

ਕਰਮੀ ਨੂੰ ਦੀਪੀ ਦਾ ਆਂਟੀ ਕਹਿਣਾ ਚੰਗਾ ਲੱਗਾ। ਉਸ ਨੇ ਕਹਿ ਵੀ ਦਿੱਤਾ, “ਬੀਬੀ ਜੀ, ਤੁਹਾਡੇ ਭਤੀਜੇ ਦੀ ਕੁੜੀ ਬਹੁਤ ਸਮਝ ਵਾਲੀ ਆ।”

ਮਾਤਾ ਜੀ ਨੇ ਦੀਪੀ ਵੱਲ ਦੇਖ ਕੇ ਹੱਸਦੇ ਹੋਏ ਕਿਹਾ, “ਸਾਡਾ ਖਾਨਦਾਨ ਹੀ ਸਮਝ ਵਾਲਾ ਹੈ।”

ਦੀਪੀ ਨੂੰ ਵੀ ਪਤਾ ਲੱਗ ਗਿਆ ਕਿ ਮਾਤਾ ਜੀ ਨੇ ਕਰਮੀ ਨੂੰ ਉਸ ਦਾ ਅਤੇ ਆਪਣਾ ਕੀ ਰਿਸ਼ਤਾ ਦੱਸਿਆ ਹੈ।

“ਤੁਹਾਡੇ ਪਿੰਡਾਂ ਵੱਲ ਵੀ ਖਾੜਕੂਆਂ ਦਾ ਏਦਾਂ ਹੀ ਜੋਰ ਹੈ?” ਕਰਮੀ ਨੇ ਦੀਪੀ ਤੋਂ ਪੁੱਛਿਆ ਜਿਵੇ ਸਾਡੇ ਪਿੰਡਾਂ ਵੱਲ।”

“ਠੀਕ ਹੀ ਹੈ।” ਦੀਪੀ ਨੇ ਕਿਹਾ, “ਸਾਡੇ ਪਿੰਡ ਤਾਂ ਪੁਲੀਸ ਹੀ ਆਈ ਰਹਿੰਦੀ ਆ।”

“ਤੁਸੀਂ ਤਾ ਪੜ੍ਹੇ ਲਿਖੇ ਓ।” ਕਰਮੀ ਨੇ ਪੁੱਛਿਆ, “ਇਹ ਮੁੰਡੇ ਸਰਕਾਰ ਤੋਂਂ ਮੰਗਦੇ ਕੀ ਆ।”

“ਆਪਣੇ ਹੱਕ, ਜੋ ਸਰਕਾਰ ਨੇ ਅਜ਼ਾਦੀ ਲੈਣ ਵੇਲੇ ਕਿਹਾ ਸੀ ਕਿ ਤਹਾਨੂੰ ਦੇਵਾਂਗੇ, ਪਰ ਦਿੱਤੇ ਨਹੀ।”

“ਸਰਦਾਰਾਂ ਦਾ ਮੁੰਡਾ ਵੀ ਮੈਨੂੰ ਇਹੋ ਕਹਿੰਦਾ ਸੀ।” ਕਰਮੀ ਨੇ ਦੱਸਿਆ, “ਪਰ ਮੈਨੂੰ ਕੁਝ ਸਮਝ ਨਹੀ ਆਉਂਦਾ, ਉਦਾਂ ਜਬਰੂ ਦੇ ਭਾਪੇ ਨੂੰ ਸਾਰਾ ਪਤਾ ਹੈ।”

“ਕੀ ਦੱਸਦਾ ਹੈ ਜਬਰੂ ਦਾ ਭਾਪਾ ਤੈਨੂੰ।” ਮਾਤਾ ਜੀ ਰਸੋਈ ਵੱਲ ਜਾਂਦੇ ਪੁੱਛ ਰਹੇ ਸਨ, “ਮੈ ਪਿਆਜ਼ ਲੈ ਕੇ ਆਉਂਦੀ ਹਾਂ, ਸਬਜ਼ੀ ਬਣਾਈਏ।”

“ਬੀਬੀ ਜੀ, ਜਬਰੂ ਦੇ ਭਾਪੇ ਨੂੰ ਤਾਂ ਸਾਰਾ ਪਤਾ।” ਕਰਮੀ ਨੇ ਉੱਚੀ ਅਵਾਜ਼ ਵਿਚ ਕਿਹਾ, “ਆ ਜਿਸ ਦਿਨ ਐਨਕਾਂ ਵਾਲੇ ਬਾਬੇ ਦੇ ਜਨਮ ਦਿਨ ਦੀ ਛੁੱਟੀ ਸੀ।”

“ਮਹਾਤਮਾ ਗਾਂਧੀ ਦੇ ਜਨਮ ਦਿਨ ਦੀ।” ਮਾਤਾ ਜੀ ਹੱਥ ਵਿਚ ਚਾਕੂ ਅਤੇ ਪਿਅਜ਼ਾਂ ਵਾਲੀ ਥਾਲੀ ਲਈ ਆਉਂਦਿਆਂ ਨੇ ਪੁੱਛਿਆ, “ਕੀ ਕਹਿੰਦਾ ਸੀ ਤੇਰਾ ਘਰਵਾਲਾ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ।”

“ਉਦਾਂ ਤਾਂ ਕੁਝ ਨਹੀ ਕਹਿੰਦਾ ਸੀ, ਇਹ ਹੀ ਕਹਿੰਦਾ ਸੀ ਕੀ ਇਹ ਬਾਬਾ ਕਿਸਮਤ ਵਾਲਾ ਨਿਕਲਿਆ।” ਕਰਮੀ ਨੇ ਦੱਸਿਆ, “ਗੋਰਿਆਂ ਨੂੰ ਦੇਸ਼ ਵਿਚੋਂ ਕਿਹਨੇ ਕੱਢਿਆ, ਕੀ ਨਾਂ ਲੈਂਦਾ ਸੀ ਉਹ, ਹਾਂ ਚੇਤਾ ਆ ਗਿਆ, ਉਦਮ ਸਿੰਘ, ਚੰਦਰ ਸ਼ੇਖਰ ਤੇ ਭਾਰਤ ਸਿੰਘ ਨੇ, ਪਰ ਪੂਜਾ ਇਸ ਬੰਦੇ ਦੀ ਹੋਈ ਜਾਂਦੀ ਆ।”

“ਆਂਟੀ, ਭਾਰਤ ਸਿੰਘ ਨਹੀ, ਭਗਤ ਸਿੰਘ ਹੈ।” ਦੀਪੀ ਨੇ ਕਿਹਾ।

“ਤਾਂ ਪਈ ਤੇਰੇ ਘਰਵਾਲੇ ਨੂੰ ਸੱਚੀਂ ਬਹੁਤ ਕੁਝ ਪਤਾ।” ਮਾਤਾ ਜੀ ਨੇ ਗੰਡੇ ਦੀ ਛਿਲ ਲਾਉਂਦਿਆ ਕਿਹਾ, “ਆ ਮੁੰਡਿਆਂ ਬਾਰੇ ਕੀ ਕਹਿੰਦਾ ਆ, ਤੇਰਾ ਘਰ ਵਾਲਾ।”

“ਆ ਖਾੜਕੂਆਂ ਬਾਰੇ ਗੱਲ ਤਾਂ ਸਰਦਾਰ ਮੁੰਡਾ ਕਰਦਾ ਹੁੰਦਾ ਆ।”

“ਉਹ ਕੀ ਕਹਿੰਦਾ?” ਮਾਤਾ ਜੀ ਨੇ ਪੁੱਛਿਆ, “ਸਰਦਾਰ ਦਾ ਮੁੰਡਾ ਪੜ੍ਹਦਾ ਹੈ।”

“ਆਹੋ, ਸ਼ਹਿਰ ਕਿਸੇ ਸਕੂਲ ਵਿਚ ਜਾਂਦਾ ਆ।” ਕਰਮੀ ਨੇ ਦੱਸਿਆ, “ਉਹ ਕਹਿੰਦਾ ਸੀ ਖਾੜਕੂ ਕਹਿੰਦੇ ਆ ਅਸੀਂ ਆਪਣਾ ਨਵਾਂ ਦੇਸ਼ ਬਣਾਉਣਾ ਆ, ਪਰ ਜਬਰੂ ਦਾ ਭਾਪਾ ਕਹਿੰਦਾ ਸੀ ਜੇ ਸਰਕਾਰ ਪੰਜਾਬ ਨੂੰ ਪੁੱਤਾਂ ਵਾਂਗ ਰੱਖੇ ਫਿਰ ਲੜਾਈ ਹੀ ਮੁੱਕ ਜਾਏ, ਪਰ ਜੇ ਗ਼ੁਲਾਮਾਂ ਵਾਂਗ ਰੱਖਦੀ ਹੈ ਤਾਂ ਪੰਜਾਬੀਆਂ ਨੇ ਗ਼ੁਲਾਮੀ ਸਹਿਣੀ ਨਹੀ ਫਿਰ ਲੜਾਈ ਹੋਣੀ ਈ ਹੋਣੀ ਆ।”

“ਕਰਮੀਏ, ਹੁਣ ਤਾਂ ਤੂੰ ਵੀ ਜਬਰੂ ਦੇ ਭਾਪੇ ਤੋਂ ਬਹੁਤ ਕੁਝ ਸਿਖ ਲਿਆ।” ਮਾਤਾ ਜੀ ਨੇ ਪਿਆਜ਼ਾਂ ਵਾਲੀ ਥਾਲੀ ਉਸ ਨੂੰ ਦਿੰਦੇ ਕਿਹਾ, “ਇਹਨਾ ਨੂੰ ਧੋ ਲਿਆ ਤੇ ਛੇਤੀ ਛੇਤੀ ਆਪਣਾ ਕੰਮ ਮੁਕਾ ਲੈ ਬਾਕੀ ਗੱਲਾਂ ਫਿਰ ਕਰਾਂਗੇ।”

ਕਰਮੀ ਪਿਆਜ਼ ਧੋਣ ਰਸੋਈ ਵਿਚ ਚਲੀ ਗਈ। ਦੀਪੀ ਨੇ ਉਬਾਸੀ ਲਈ ਤਾਂ ਮਾਤਾ ਜੀ ਕਿਹਾ, “ਖੱਬੇ ਪਾਸੇ ਵਾਲੇ ਕਮਰੇ ਵਿਚ ਬਹੁਤ ਕਿਤਾਬਾਂ ਪਈਆਂ ਹਨ, ਜੇ ਤੂੰ ਪੜ੍ਹਨਾ ਚਾਹੁੰਦੀ ਹੈਂ ਤਾਂ ਲੈ ਆ, ਨਾਲੇ ਤੇਰਾ ਦਿਲ ਲਗ ਜਾਵੇਗਾ।”

“ਠਹਿਰ ਕੇ ਪੜ੍ਹ ਲਵਾਂਗੀ।” ਦੀਪੀ ਨੇ ਕਿਹਾ, “ਲਿਆਉ ਮੈਂ ਸਬਜ਼ੀ ਚੀਰ ਕੇ ਬਣਾ ਦੇਂਦੀ ਹਾਂ।”

“ਚਲੋ, ਇਹ ਵੀ ਠੀਕ।” ਮਾਤਾ ਜੀ ਕਿਹਾ, “ਨਾਲੇ ਤੇਰਾ ਟਾਈਮ ਪਾਸ ਹੋ ਜਾਵੇਗਾ।”

ਕਰਮੀ ਨੇ ਪਿਆਜ਼ ਧੋ ਕੇ ਦੀਪੀ ਨੂੰ ਫੜਾ ਦਿੱਤੇ ਅਤੇ ਕੋਠੀ ਦੇ ਪਿੱਛਲੇ ਵਿਹੜੇ ਵਿਚ ਝਾੜੂ ਲਾਉਣ ਚਲੀ ਗਈ।

ਆਲੂ ਚੀਰਦੀ ਦੀਪੀ ਦੇ ਮਨ ਵਿਚ ਕਈ ਵਾਰ ਵਿਚਾਰ ਆਇਆ ਕਿ ਮਾਤਾ ਜੀ ਨੂੰ ਦਿਲਪ੍ਰੀਤ ਬਾਰੇ ਪੁੱਛਾਂ ਕਿ ਉਹ ਕਦੋਂ ਕੁ ਘਰ ਆਉਣਗੇ। ਬਹਾਨੇ ਨਾਲ ਉਸ ਨੇ ਪੁੱੱਛਿਆ, “ਮਾਤਾ ਜੀ, ਸਬਜ਼ੀ ਜ਼ਿਆਦਾ ਨਹੀਂ, ਆਪਾਂ ਤਾਂ ਦੋ ਜਣੀਆਂ ਹੀ ਖਾਣ ਵਾਲੀਆਂ ਹਾਂ।।”

“ਮੈ ਸਬਜ਼ੀ ਹਮੇਸ਼ਾ ਜ਼ਿਆਦਾ ਹੀ ਬਣਾਉਦੀ ਹਾਂ, ਕਈ ਵਾਰੀ ਕਿੰਨੇ ਸਿੰਘ ਇਕੱਠੇ ਹੀ ਖਾਣ ਵਾਲੇ ਆ ਜਾਂਦੇ ਨੇ, ਉਸ ਤਰ੍ਹਾਂ ਕਈ ਵਾਰੀ ਕੋਈ ਵੀ ਨਹੀ ਆਉਂਦਾ।” ਮਾਤਾ ਜੀ ਨੇ ਇਹ ਗਲ਼ ਏਨੀ ਹੌਲ੍ਹੀ ਕਹੀ ਸੀ ਕਿ ਸਿਰਫ ਦੀਪੀ ਨੂੰ ਹੀ ਸੁਣੇ।

ਮਾਤਾ ਜੀ ਇਸ ਗੱਲ ਤੋਂ ਦੀਪੀ ਨੇ ਅੰਦਾਜ਼ਾ ਲਾ ਲਿਆ ਕਿ ਅੱਜ ਦਿਲਪ੍ਰੀਤ ਆ ਵੀ ਸਕਦਾ ਹੈ ਅਤੇ ਨਹੀਂ ਵੀ। ਫਿਰ ਪਤਾ ਨਹੀਂ ਦੀਪੀ ਦੇ ਮਨ ਵਿਚ ਕੀ ਆਇਆ ਉਸ ਦੇ ਅੱਖਾਂ ਵਿਚੋਂ ਹੰਝੂ ਆ ਗਏ, ਮਾਤਾ ਜੀ ਹੰਝੂਆਂ ਬਾਰੇ ਕੁਝ ਸੋਚਣ ਜਾਂ ਪੁੱਛਣ ਤੋਂ ਦੀਪੀ ਨੇ ਪਹਿਲਾਂ ਹੀ ਕਹਿ ਦਿੱਤਾ, “ਪਿਆਜ਼ ਕਿੰਨੇ ਕੌੜੇ ਆ।”

“ਤੇਰੀ ਸੱਸ ਤੈਨੂੰ ਬਹੁਤ ਪਿਆਰ ਕਰਦੀ ਹੋਵੇਗੀ।” ਮਾਤਾ ਜੀ ਨੇ ਕਿਹਾ, “ਉਹ ਤਾਂ ਸ਼ਾਇਦ ਅਜੇ ਨਵੀਂ ਨੂੰਹ ਨੂੰ ਸਬਜ਼ੀ ਕੱਟਣ ਨਾ ਵੀ ਲਾਉਂਦੀ, ਪਰ ਮੈਂ ਤੈਂਨੂੰ ਕੰਮ ਤੇ ਲਾ ਲਿਆ।”

“ਸਬਜ਼ੀ ਤਾਂ ਮੈਂ ਆਪ ਕੱਟਣ ਲੱਗੀ ਹਾਂ।” ਦੀਪੀ ਨੇ ਕਿਹਾ, “ਤੁਸੀਂ ਥੌੜੀ ਲਾਇਆ ਹੈ।”

“ਉਸ ਤਰ੍ਹਾਂ ਦਿਲਪ੍ਰੀਤ ਮੈਨੂੰ ਪੁਤਰਾਂ ਵਾਂਗ ਹੀ ਹੈ।” ਮਾਤਾ ਨੇ ਦੱਸਿਆ, “ਮੇਰੇ ਕਾਕੇ ਤਾਂ ਬਾਹਰ ਹੀ ਰਹਿੰਦੇ ਨੇ, ਉਹ ਵੀ ਦਿਲਪ੍ਰੀਤ ਨੂੰ ਭਰਾਵਾਂ ਵਾਂਗ ਹੀ ਮੰਨਦੇ ਆ।”

“ਤੁਸੀ ਤਾਂ ਦਿਲਪ੍ਰੀਤ ਦੇ ਦੋਸਤਾਂ ਨੂੰ ਵੀ ਪੁੱਤਰਾਂ ਵਾਂਗ ਹੀ ਸਮਝਦੇ ਹੋ।” ਦੀਪੀ ਨੇ ਕਿਹਾ, “ਰਾਤੀਂ ਜਿਹੜੇ ਮੁੰਡੇ ਆਏ ਸਨ, ਤੁਸੀਂ ਤਾਂ ਉਹਨਾਂ ਨਾਲ ਵੀ ਮਾਵਾਂ ਵਾਂਗ ਹੀ ਵਰਤਾਉ ਕਰ ਰਹੇ ਸੀ।”

“ਜੇ ਇਹ ਆਪਣੇ ਘਰਾਂ ਵਿਚ ਰਹਿੰਦੇ ਤਾਂ ਪਤਾ ਨਹੀ ਇਹਨਾਂ ਦੀਆਂ ਮਾਵਾਂ ਕਿੰਨੇ ਲਾਡ-ਚਾਅ ਕਰਦੀਆਂ।” ਮਾਤਾ ਜੀ ਨੇ ਕਿਹਾ, “ਪਰ ਇਹਨਾਂ ਕੌਮ ਦੇ ਹੀ ਮਕਸਦ ਲਈ ਆਪਣੇ ਮਾਂ-ਪਿਉ, ਭੈਣ-ਭਰਾ ਸਭ ਛੱਡ ਦਿੱਤੇ।”

ਮਾਤਾ ਜੀ ਇਸ ਗੱਲ ਦਾ ਜ਼ਵਾਬ ਦੀਪੀ ਨੇ ਕੁਝ ਨਹੀ ਦਿੱਤਾ, ਪਰ ਆਪਣੇ ਮਨ ਵਿਚ ਹੀ ਸੋਚਿਆ ਹੁਣ ਤਾਂ ਮੈਂ ਵੀ ਆਪਣੇ ਸਾਰੇ ਛੱਡ ਆਈ ਹਾਂ। ਪਰਿਵਾਰ ਦੀ ਯਾਦ ਨੇ ਇਕ ਵਾਰੀ ਉਸ ਦੀਆਂ ਅੱਖਾਂ ਵਿਚ ਫਿਰ ਹੰਝੂ ਲੈ ਆਂਦੇ, ਪਰ ਇਹ ਹੰਝੂ ਉਸ ਨੇ ਬਾਹਰ ਨਹੀ ਆਉਣ ਦਿੱਤੇ ਸਗਂੋ ਅੰਦਰੋ- ਅੰਦਰ ਹੀ ਦਿਲ ਵਿਚ ਸੁੱਟ ਲਏ। ਰਸੌਈ ਦਾ ਕੰਮ ਉਸ ਨੇ ਪੂਰੀ ਲਗਨ ਨਾਲ ਕੀਤਾ। ਮਾਤਾ ਜੀ, ਕਰਮੀ ਅਤੇ ਦੀਪੀ ਨੇ ਰਲ੍ਹ ਕੇ ਰੋਟੀ ਖਾਧੀ। ਦੀਪੀ ਇਸ ਗੱਲ ਤੇ ਖੁਸ਼ ਸੀ ਕਿ ਮਾਤਾ ਜੀ ਕਰਮੀ ਨਾਲ ਕੋਈ ਭੇਦ- ਭਾਵ ਨਹੀ ਕਰਦੇ। ਰੋਟੀ ਖਾਣ ਤੋਂ ਬਾਅਦ ਕਰਮੀ ਭਾਂਡੇ ਧੋ ਕੇ ਚਲੀ ਗਈ। ਮਾਤਾ ਜੀ ਅਰਾਮ ਕਰਨ ਲਈ ਬਰਾਂਡੇ ਵਿਚ ਡਿਠੇ ਤਖਤ-ਪੋਸ਼ ਤੇ ਪੈ ਗਏ। ਦੀਪੀ ਉਸ ਕਮਰੇ ਵਿਚ ਗਈ ਜਿੱਥੇ ਕਿਤਾਬਾਂ ਪਈਆਂ ਸਨ, ਅਲਮਾਰੀ ਵਿਚ ਬਹੁਤ ਸਾਰੀਆਂ ਕਿਤਾਬਾਂ ਸਨ, ਅਲਮਾਰੀ ਦੇ ਉਪਰਲੇ ਖਾਨੇ ਵਿਚ ਤਾਂ ਭਾਈ ਵੀਰ ਸਿੰਘ ਜੀ ਦੀਆਂ ਕਿਤਾਬਾਂ ਰਾਣਾ ਸੂਰਤ ਸਿੰਘ, ਮਾਤਾ ਸੁੰਦਰੀ, ਬਾਬਾ ਨੌਧ ਸਿੰਘ ਅਤੇ ਕਲਗੀਧਰ ਚਮਤਕਾਰ ਅਤੇ ਹੋਰ ਧਾਰਮਿਕ ਸੋਚ ਵਾਲੇ ਲੇਖਕਾਂ ਦੀਆਂ ਕਿਤਾਬਾਂ ਪਈਆਂ ਸਨ। ਅਲਮਾਰੀ ਦੇ ਵਿਚਕਾਰ ਵਾਲੇ ਖਾਨੇ ਵਿਚ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਦੇ ਮੈਗਜ਼ੀਨ ਪਏ ਸਨ, ਪਰ ਉਸ ਨੇ ਇਹਨਾਂ ਕਿਤਾਬਾਂ ਵਿਚੋਂ ਕੋਈ ਵੀ ਕਿਤਾਬ ਨਹੀ ਚੁੱਕੀ। ਫਿਰ ਪਤਾ ਨਹੀ ਕੀ ਸੋਚ ਕੇ ਕੋਠੀ ਦੇ ਅੰਦਰਲੇ ਕਮਰੇ ਵਿਚੋਂ ਨਿਕਲਦੀਆਂ ਪੌੜੀਆਂ ਵਿਚੋਂ ਦੀ ਹੁੰਦੀ ਹੋਈ ਕੋਠੀ ਦੀ ਛੱਤ ਤੇ ਚਲੀ ਗਈ। ਕੋਠੀ ਦੇ ਆਲੇ-ਦੁਆਲੇ ਦੂਰ ਤਕ ਫੈਲੇ ਖੇਤ ਖੇਤ ਹੀ ਦਿਸ ਰਹੇ ਸੀ। ਖੇਤਾਂ ਵਿਚ ਛੋਟੇ ਛੋਟੇ ਕੋਠੇ ਮੋਟਰਾਂ ਵਾਲੇ ਅਤੇ ਕੋਠਿਆ ਨੂੰ ਜਾਂਦੀਆਂ ਵਲ-ਵੇਲਿਵਆਂ ਵਾਲੀਆਂ ਪਗਡੰਡੀਆਂ ਨੂੰ ਧਿਆਨ ਨਾਲ ਦੇਖਣ ਲੱਗੀ ਜਿਵੇ ਦਿਲਪ੍ਰੀਤ ਦੇੇ ਆਉਣ ਦਾ ਰਾਹ ਦੇਖ ਰਹੀ ਹੋਵੇ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>