ਘਾਹ ਤੇ ਮਜਬੂਰੀ

ਅੱਜ ਮੈਨੂੰ ਰਸਤੇ ਵਿੱਚ ਉਸ ਨੂੰ ਵੇਖਦਿਆਂ ਤੀਜਾ ਦਿਨ ਹੋ ਗਿਆ ਸੀ। ਦਫਤਰ ਨੂੰ ਜਾਂਦਿਆ ਮੈਂ ਉਸ ਨੂੰ ਅਕਸਰ ਰੋਜ ਵੇਖਦਾ ਸੀ। ਪਰ ਲੇਟ ਹੋ ਜਾਣ ਦੇ ਡਰ ਤੋਂ ਮੈਂ ਉਸ ਕੋਲ ਕੁਝ ਦੇਰ ਖਲੋ ਨਾ ਸਕਦਾ।  ਰੋਜ ਮਨ ਬਣਾਉਦਾ ਕਿ ਉਸ ਕੋਲ ਖਲੋਵਾਂ ਤੇ ਹਮਦਰਦੀ ਕਰਾਂ, ਕੋਈ ਮੱਦਦ ਕਰਾਂ, ਕਿਉਂ ਜੋ ਉਸ ਲਈ ਤਰਸ ਤੇ ਹਮਦਰਦੀ ਨਾਲ ਮਨ ਭਰਿਆ ਹੋਇਆ ਸੀ ਪਰ ਰੋਜ ਕਿਸੇ ਨਾ ਕਿਸੇ ਕਾਰਨ ਮੌਕਾ ਖੁੰਝ ਜਾਂਦਾ ਸੀ।

ਪਰ ਅੱਜ ਮੈਂ ਦਫਤਰੋਂ ਲੇਟ ਹੋ ਜਾਣ ਦੇ ਡਰੋਂ ਵੀ ਨਾ ਡਰਿਆ ਤੇ ਆਖਰਕਾਰ ਮੋਟਰ ਸਾਇਕਲ ਸੜਕ ਕਿਨਾਰੇ ਖੜਾ ਕਰ ਖਲੋ ਹੀ ਗਿਆ। ਉਸ ਦੀ ਹਾਲਤ ਨੇ ਮੈਨੂੰ ਰੁਕਣ ਲਈ ਮਜਬੂਰ ਕਰ ਹੀ ਦਿੱਤਾ। ਸੜਕ ਤੇ ਦੋਵਾਂ ਪਾਸੇ ਰੋਜ ਦੀ ਤਰਾਂ ਆਮ ਲੋਕਾਂ ਦੀ ਭੀੜ ਆ – ਜਾ ਰਹੀ ਸੀ ਤੇ ਵਾਹਨ ਆਪਣੀ ਰਫਤਾਰੇ ਦੌੜੇ ਜਾ ਰਹੇ ਸਨ, ਕਿਸੇ ਨਦੀ ਦੀ ਤਰਾਂ ਬੇ-ਰੋਕ,ਅਣਥੱਕ, ਬੇਰਹਿਮੀਆਂ ਵਾਂਗਰ।

ਬਾਬਾ ਜਿਸ ਦੀ ਉਮਰ ਕਰੀਬ ਪੈਂਹਠ ਤੋਂ ਸੱਤਰ ਸਾਲ ਦੇ ਕਰੀਬ ਬਿਲਕੁਲ ਸਹੀ ਅੰਦਾਜੇ ਵਾਲੀ ਲੱਗਦੀ ਸੀ। ਉਸਦੇ ਗੱਲ ਪਾਟੀ ਤੇ ਗੰਦਲੀ ਜਿਹੀ ਫਤੂਹੀ ਸੀ, ਤੇੜ ਪੁਰਾਣਾ ਵੱਟਲ ਚਾਦਰਾ ਸੀ। ਮੈਲੇ ਜਿਹੇ ਤੱਪੜ ਵਿਚ ਰੰਬੀ ਨਾਲ ਸੜਕ ਦੀ ਕਿਨਾਰਿਓ ਘਾਹ ਖੋਤ-ਖੋਤ ਇਕੱਠਾ ਕਰ ਰਿਹਾ ਸੀ। ਇਹ ਉਸਦਾ ਰੋਜ ਦਾ ਵਰਤਾਰਾ ਸੀ। ਉਸ ਦਾ ਸਰੀਰ ਪਤਲਾ ਸੀ ਪਰ ਲੱਕੜ ਵਰਗਾ ਮਜਬੂਤ ਸੀ। ਉਸ ਦੀਆਂ ਵੱਖੀਆਂ ਅੰਦਰ ਧੱਸੀਆਂ ਸਨ ਜੋ ਕਿ ਪਸੀਨੇ ਨਾਲ ਭਿੱਜੀ ਫਤੂਹੀ ਨਾਲ ਜੁੜੀਆਂ ਸਾਫ ਪਾਰਦਰਸ਼ਤਾ ਰਾਹੀਂ ਬਿਆਨ ਹੋ ਰਹੀਆਂ ਸਨ। ਮੋਢਿਆਂ ਤੋਂ ਥੋੜਾ ਜਿਹਾ ਕੁੱਭ ਸੀ। ਉਸ ਦੀ ਸਰੀਰਕ ਬਣਤਰ ਸਰੀਰ ਤੇ ਹੰਢਾਏ ਜਿੰਦਗੀ ਅਹਿਮ ਮਿਹਨਤੀ ਹਿੱਸੇ- ਸਾਲਾਂ ਨੂੰ ਬਾਖੂਬੀ ਬਿਆਨ ਕਰ ਰਿਹਾ ਸੀ। ਉਸ ਦੇ ਸਿਰ ਦਾ ਪਰਨਾ ਤੇ ਫਤੂਹੀ ਪਸੀਨੇ ਨਾਲ ਪੂਰੀ ਤਰਾਂ ਗੜੁੱਚ ਸੀ ਜੋ ਉਸ ਦੀ ਮਿਹਨਤ ਤੇ ਗੁਰਬਤ ਦੀ ਕਹਾਣੀ ਆਪ ਮੁਹਾਰੇ ਹੀ ਦੱਸ ਰਹੇ ਸਨ। ਸਿਰ ਤੇ ਦਾੜੀ ਦਾ ਇਕ ਵੀ ਵਾਲ ਕਾਲਾ ਨਹੀ ਸੀ ਪਰ ਸ਼ਾਇਦ..ਫੇਰ ਵੀ ਆਪਣੀ ਹੱਡ ਭੰਨਵੀ ਮਿਹਨਤ ਤੋਂ ਉਸ ਨੇ ਕਦੇ ਹਾਰ ਨਹੀ ਮੰਨੀ ਹੋਵੇਗੀ। ਖੌਰੇ ਕਿਹੜੀਆਂ ਮੁਸ਼ਕਿਲਾਂ-ਥੁੜਾਂ ਦਾ ਮਾਰਿਆ-ਝੰਬਿਆਂ ਸੀ, ਅਜੇ ਮੇਰਾ ਮਨ ਇਨਾਂ ਹੀ ਕਿਆਸਰਾਈਆਂ ਦੇ ਵਾਅ-ਵਰੋਲੇ ਵਿਚ ਗੁਆਚਾ ਕਦੋਂ ਉਸ ਦੇ ਸਿਰਹਾਣੇ ਜਾ ਖਲੋਤਾ ਪਤਾ ਹੀ ਨਾ ਲੱਗਾ।

ਮੈਂ ਕਿਹਾ, “ਬਾਬਾ ਜੀ..” ਓਸ ਉੱਪਰ ਵੱਲ ਮੱਥੇ ਤੇ ਹੱਥ ਰੱਖਦਿਆਂ ਧੁੱਪ ਤੋਂ ਪਰਛਾਵੇਂ ਕਰਦੇ, ਅੱਖਾਂ ਦੇ ਭਰਵੱਟਿਆਂ ਤੋਂ ਪਸੀਨਾ ਪੂੰਝਦਿਆਂ ਉੱਪਰ ਵੱਲ ਵੇਖਦਿਆਂ ਜੁਆਬ ਦਿੱਤਾ, ” ਹਾਂ ਪੁੱਤ।”

ਮੈਂ ਗੱਲ ਸ਼ੁਰੂ ਕੀਤੀ, “ਬਾਬਾ ਜੀ, ਮੈਂ ਰੋਜ ਦੇਖਦਾ ਹਾਂ, ਤੁਸੀਂ ਰੋਜ ਇੱਥੇ ਘਾਹ ਖੋਤਦੇ ਹੋ, ਤੁਹਾਡਾ ਕੋਈ ਪੁੱਤ ਨਹੀਂ ਜੋ ਤੁਹਾਡੀ ਜਗਾ ਕੰਮ ਕਰ ਸਕੇ, ਸੂਰਜ ਬੜਾ ਮਘ ਰਿਹਾ ਹੈ, ਅੱਜ ਤਾਂ ਧੁੱਪ ਵੀ ਬੜੀ ਹੈ, ਗਰਮੀ ਵਿਚ ਤੁਸੀਂ ਬਿਮਾਰ ਨਾ ਹੋ ਜਾਇਓ।”  ਮੇਰੇ ਕੀਤੇ ਸੁਆਲਾਂ ਦਾ ਬਾਬੇ ਨੇ ਕੋਈ ਜੁਆਬ ਨਾ ਦਿੱਤਾ।

ਮੈਂ ਫੇਰ ਕਿਹਾ, “ਬਾਬਾ ਜੀ, ਮੈਂ ਤੁਹਾਨੂੰ ਕੁਝ ਪੈਸੇ ਦੇ ਦਿਆਂ..” ਮੇਰੇ ਜੇਬ ਵਿਚ ਦੋ ਸੌ ਰੁਪਏ ਹੱਥ ਵਿੱਚ  ਹੀ ਸਨ ਕਿ..

ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬਾਬੇ ਨੇ ਮੇਰੇ ਵੱਲ ਵੇਖਿਆ ਤੇ ਅੱਖਾਂ ਵਿੱਚ ਗਲੇਡੂ ਭਰ ਕੇ ਬੋਲਿਆ,” ਪੁੱਤ..ਤੂੰ ਮੇਰਾ ਦੁੱਖ ਸਮਝਿਆ, ਤੂੰ ਮੈਨੂੰ ਪੁੱਤਾਂ ਜਿਹਾ ਲੱਗਦੈ, ਪਰ ਜੇ ਮੈਂ ਕੰਮ ਨਾ ਕਰਾਂ ਤਾਂ ਘਰ ਚਾਰ ਜੀਅ ਭੁੱਖੇ ਮਰ ਜਾਣੈਂ, ਮੇਰਾ ਇੱਕੋ ਪੁੱਤ ਹੈ ਪਰ ਉਹ ਕਿਸੇ ਕੰਮ ਜੋਗਾ ਨਹੀ ਹੈ, ਉਸ ਨੂੰ ਚੰਦਰੀ ਚਿੱਟੇ ਦੀ ਲੱਤ ਲੱਗੀ ਹੈ, ਰਾਤ ਦਿਨ ਨਸ਼ੇ ਦੀ ਗ੍ਰਿਫਤ ਵਿਚ ਰਹਿੰਦਾ ਹੈ, ਦੋ ਛੋਟੇ ਬਾਲ ਪੋਤਾ.. ਪੋਤੀ ਨੇ, ਨੂੰਹ ਕਿਸੇ ਦੇ ਘਰ ਕੰਮ ਕਰਕੇ ਰੋਜੀ-ਰੋਟੀ ਕਮਾਂਉਂਦੀ ਹੈ, ਮੁੰਡੇ ਦੇ ਨਸ਼ੇ ਦੇ ਕਾਰਨ ਘਰੇ ਕਲੇਸ਼ ਰਹਿੰਦਾ ਨੂੰਹ ਤੀਜੇ ਦਿਨ ਹੀ ਘਰ ਛੱਡ ਜਾਣ ਦਾ ਕਹਿ ਦਿੰਦੀ ਹੀ..ਕਿਉਂਕਿ ਮੁੰਡਾ ਕੋਈ ਕੰਮ ਨੀ ਕਰਦਾ, ਜੇ ਮੈਂ ਵੀ ਕੰਮ ਨਾ ਕਰਾਂ ਤਾਂ ਘਰ ਦਾ ਚੁੱਲ਼ਾ ਨਹੀ ਭੱਖਣਾ.. ਨੂੰਹ ਨੇ ਘਰ ਛੱਡ ਜਾਣਾ,, ਗਾਂ ਲਈ ਘਾਹ ਖੋਤ ਕੇ ਮੈਂ ਦਿਆੜੀ ਵੀ ਜਾਣਾ ਹੁੰਦੈ..ਮਿਸਤਰੀਆਂ ਦੇ ਮਗਰ। ”

ਬਾਬੇ ਦੇ ਅੱਥਰੂ ਬਜੁਰਗ ਅੱਖਾਂ ਚੋਂ ਵਹਿ ਤੁਰੇ ਤੇ ਚੇਹਰੇ ਦੀਆਂ ਝੁਰੜੀਆਂ ਵਿੱਚੋਂ ਵਹਿੰਦੇ-ਵਹਿੰਦੇ ਪਤਾ ਨਹੀ ਕਿੱਥੇ ਗੁੰਮ ਹੋ ਰਹੇ ਸਨ। ਉਹ ਫੇਰ ਘਾਹ ਖੋਤਣ ਲੱਗ ਪਿਆ ਤੇ ਮੇਰੇ ਹੱਥ ਵਿਚ ਫੜੇ ਦੋ ਸੋ ਰੁਪਏ ਦੇ ਨੋਟ ਵੱਲ ਵੇਖਣਾ ਤਾਂ ਕੀ ਸੀ ਜਾਪਦਾ ਸੀ ਕਿ ਉਸ ਨੇ ਸੋਚਿਆ ਵੀ ਨਹੀ ਹੋਣਾ। ਸ਼ਾਇਦ ਮੈਨੂੰ ਵੀ ਲੱਗਦਾ ਸੀ ਕਿ ਮੇਰੀ ਨਿਗੂਣੀ ਜਿਹੀ ਰਕਮ ਉਸ ਦੀਆਂ ਮਜਬੂਰੀਆਂ ਹੱਲ ਕਰ ਸਕਦੀ ਸੀ ਜਾਂ ਨਹੀ। ਉਸ ਦੀਆਂ ਮਜਬੂਰੀਆਂ ਨੇ ਮੈਨੂੰ ਅੰਦਰ ਤੀਕ ਝੰਜੋੜ ਕੇ ਰੱਖ ਦਿੱਤਾ ਸੀ।

ਮੈਂ ਵੇਖਿਆ ਬਾਬਾ ਫੇਰ ਆਪਣੇ ਕੰਮ ਵਿੱਚ ਜੁੱਟ ਗਿਆ ਸੀ ਅਤੇ ਮੈਂ ਸੈਲ ਪੱਥਰ ਹੋਇਆ ਆਪਣੇ ਆਪ ਨੂੰ ਉਸ ਦੀ ਜਗਾ ਰੱਖ ਕੇ ਅਜੇ ਉਸ ਦੇ ਹਾਲਾਤਾਂ ਦੀ ਕਲਪਨਾ ਹੀ ਕਰ ਰਿਹਾ ਸੀ ਕਿ ਬਾਬਾ ਬੈਠਾ ਹੋਇਆ ਪਿੱਛੇ ਨੂੰ ਮੁੜ ਕੇ ਫੇਰ ਬੋਲਿਆ, “ਪੁੱਤ..ਜਿਉਂਦਾ ਰਹਿ ਤੂੰ ਮੇਰਾ ਦੁੱਖ ਪੁੱਛਿਆ..ਪਰ ਇੱਕ ਗੱਲ ਆਖਾਂ, ਇਹ ਘਾਹ ਤੇ ਮਜਬੂਰੀ ਦੋਵੇਂ ਇੱਕੋ ਜਿਹੇ ਹੁੰਦੈ ਨੇਂ..ਜੇ ਅੱਜ ਵੱਢ ਲਓ ਤਾਂ ਕੱਲ ਫੇਰ ਉੱਗ ਪੈਂਦੈ ਨੇਂ..।”

ਉਸ ਦੇ ਬੋਲਾਂ ਨੇ ਮੈਨੂੰ ਕੰਬਾ ਦਿੱਤਾ ਸੀ…ਮੈਂ ਅੰਦਰ ਤੀਕ ਦੁੱਖ ਨਾਲ ਭਰ ਗਿਆ ਸੀ। ਉਸਦੇ ਦੁੱਖ ਭਰੇ ਬੋਲਾਂ ਮੈਨੂੰ ਸੈਲ ਪੱਥਰ ਕਰ ਦਿੱਤਾ ਸੀ। ਹੁਣ ਮੈਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਮੇਰੇ ਪੈਰਾਂ ਹੇਠ ਭੱਖਦੇ ਕੋਲੇ ਧਰ ਦਿੱਤੇ ਹੋਣ, ਨਾ ਤਾਂ ਮੈਂ ਅੱਗੇ ਵੱਧ ਸਕਦਾ ਸਾਂ ਤੇ ਨਾ ਪਿਛੇ ਮੁੜ ਸਕਦਾ ਸਾਂ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>