ਚੋਣਾਂ ਆਈਆਂ ਮਜਮੇ ਲਗਣਗੇ ਲੋਕ ਖੂਬ ਤਮਾਸ਼ੇ ਵੇਖਣਗੇ

ਸਾਡੇ ਮੁਲਕ ਵਿੱਚ ਪਰਜਾਤੰਤਰ ਵਾਲੀ ਸਿਰਫ ਅਤੇ ਸਿਰਫ ਇੱਕ ਹੀ ਗੱਲ ਆਈ ਹੈ ਅਤੇ ਉਹ ਹੈ ਚੋਣਾਂ।  ਅਰਥਾਤ ਹੁਣ ਇਹ ਰਾਜ ਗਦੀਆਂ ਨਹੀਂ ਹਨ ਬਲਕਿ ਹਰ ਪੰਜਾਂ ਸਾਲਾਂ ਬਾਅਦ ਚੋਣਾ ਕਰਵਾਕੇ ਸਰਕਾਰਾਂ ਬਣਦੀਆਂ ਹਨ। ਇਹ ਵੀ ਆਖ ਦਿੱਤਾ ਗਿਆ ਹੈ ਕਿ ਇਹ ਜਿਹੜੇ ਲੋਕਾਂ ਨੇ ਵਿਧਾਇਕ ਚੁਣਨੇ ਹੁੰਦੇ ਹਨ ਇਹ ਜਨਤਾ ਦੇ ਪ੍ਰਤੀਨਿਧ ਹੁੰਦੇ ਹਨ ਅਤੇ ਹਾਲਾਂ ਤਕ ਲੋਕਾਂ ਨੇ ਇਹ ਤਾਂ ਕਦੀ ਦੇਖਿਆ ਨਹੀਂ ਹੈ ਕਿ ਲੋਕਾਂ ਦੇ ਚੁਣੇ ਗਏ ਵਿਧਾਇਕਾਂ ਵਿਚੋਂ ਕਿਸੇ ਨੇ ਸਦਨ ਵਿੱਚ ਜਾਕੇ ਲੋਕਾਂ ਦੀ ਪ੍ਰਤੀਨਿਧਤਾ ਕੀਤੀ ਹੋਵੇ ਅਤੇ ਕਦੀ ਇੱਕ ਵੀ ਸ਼ਬਦ ਲੋਕਾਂ ਦੇ ਹਿਤ ਵਿੱਚ ਬੋਲਿਆ ਹੋਵੇ।

ਚੋਣਾਂ ਹਰ ਪੰਜ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ ਅਤੇ ਇਹ ਵੀ ਸਾਫ ਹੋ ਗਿਆ ਹੈ ਕਿ ਸਾਡੇ ਮੁਲਕ ਵਿੱਚ ਲੋਕਾਂ ਦੇ ਪ੍ਰਤੀਨਿਧ ਨਹੀਂ ਚੁਣੇ ਜਾਂਦੇ ਬਲਕਿ ਸਾਡੇ ਮੁਲਕ ਵਿੱਚ ਇਹ ਚੋਣਾਂ ਕੁਝ ਖਾਸ ਵਿਅਕਤੀ ਵਿ਼ਸੇਸ਼ ਹੀ ਲੜਦੇ ਹਨ ਅਤੇ ਹਰੇਕ ਪ੍ਰਧਾਨ ਮੰਤਰੀ ਜਾਂ ਮੁਖ ਮੰਤਰੀ ਬਣਨ ਦੀ ਇਛਾ ਰਖਦਾ ਹੈ।  ਸਾਡੇ ਮੁਲਕ ਵਿੱਚ ਰਾਜਸੀ ਪਾਰਟੀਆਂ ਤਾਂ ਬਸ ਨਾਮ ਦੀਆਂ ਹੀ ਹਨ ਅਤੇ ਜਿਆਦਾਤਰ ਇਹ ਵਿਅਕਤੀ ਵਿਸ਼ੇਸ਼ ਹਨ ਅਤੇ ਹਰੇਕ ਨੇ ਆਪਣਾ ਇੱਕ ਧੜਾ ਬਣਾ ਰਖਿਆ ਹੈ। ਆਜ਼ਾਦੀ ਅਤੇ ਇਸ ਪਰਜਾਤੰਤਰ ਦੇ ਆ ਜਾਣ ਦੇ ਬਾਵਜੂਦ ਅਤੇ ਹਰ ਪੰਜਾਂ ਸਾਲਾਂ ਬਾਅਦ ਚੋਣਾ ਕਰਵਾਉਣ ਦੇ ਬਾਵਜੂਦ ਸਾਡੇ ਮੁਲਕ ਵਿੱਚ ਇਕ ਹੀ ਆਦਮੀ ਦਾ ਰਾਜ ਬਣਦਾ ਰਿਹਾ ਹੈ ਅਤੇ ਉਹ ਪ੍ਰਧਾਨ ਮੰਤਰੀ ਹੀ ਹੁੰਦਾ ਹੈ।  ਬਾਕੀ ਦੀ ਸਦਨ ਵਿੱਚ ਉਸਦੇ ਸਪੋਰਟਰ ਹਨ ਜਾਂ ਵਿਰੋਧੀ ਘਿਰਾਂ ਹਨ ਅਤੇ ਅਜ ਤਕ ਦੀਆਂ ਸਦਨਾ ਵਿੱਚ ਅਸਾਂ ਇਹੀ ਹੁੰਦਾ ਦੇਖਿਆ ਹੈ ਕਿ ਰਾਜ ਸਿਰਫ ਇੱਕ ਹੀ ਆਦਮੀ ਕਰਦਾ ਹੈ ਅਤੇ ਉਸਦੇ ਸਪੋਰਟਰ ਬਸ ਹਾਂ ਵਿੱਚ ਹਾਂ ਮਿਲਾਈ ਜਾਂਦੇ ਹਨ ਅਤੇ ਇਹ ਜਿਹੜੇ ਵਿਚਾਰੇ ਵਿਰੋਧੀ ਹਨ, ਇਹ ਘਟ ਗਿਣਤੀ ਵਿੱਚ ਹੁੰਦੇ ਹਨ ਅਤੇ ਆਮ ਤੋਰ ਤੇ ਇਹ ਕਦੀ ਬੋਲਦੇ ਹੀ ਨਹ॥ ਹਲ ਅਤੇ ਕਦੀ ਅਗਰ ਬੋਲ ਵੀ ਪੈਣ ਤਾਂ ਕੋਈ ਸੁਣਦਾ ਨਹੀਂ ਹੈ।

ਅਸੀਂ ਹੈਰਾਨ ਪ੍ਰੇਸ਼ਾਨ ਹਾਂ ਕਿ ਅਗਰ ਇੱਕ ਹੀ ਆਦਮੀ ਕਰਤਾ ਧਰਤਾ ਹੈ ਤਾਂ ਫਿਰ ਇਤਨੀ ਵੱਡੀ ਸਦਨ ਬਨਾਉਣ ਦੀ ਜਰੂਰਤ ਕੀ ਹੈ।  ਪਰ ਸਾਡਾ ਵਿਧਾਨ ਇੰਨਾਂ ਰਾਜਸੀ ਲੋਕਾਂ ਨੇ ਹੀ ਤਿਆਰ ਕੀਤਾ ਹੈ ਅਤੇ ਇਹ ਜਿਹੜੀ ਵੀ ਕਾਰਜਵਿਧੀ ਤਿਆਰ ਕੀਤੀ ਗਈ ਹੈ ਇਹ ਵੀ ਰਾਜਸੀ ਲੋਕਾਂ ਨੇ ਹੀ ਤਿਆਰ ਕੀਤੀ ਹੈ।  ਇਸ ਲਈ ਇਹ ਹੁਣ ਚਲਦੀ ਰਵੇਗੀ।

ਚੋਣਾਂ ਸਾਡੇ ਮੁਲਕ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ। ਕਦੀ ਕੋਈ ਗੁਜ਼ਰ ਗਿਆ ਤਾਂ ਸੀਟ ਖਾਲੀ ਨਹੀਂ ਰੱਖਣੀ ਹੁੰਦੀ ਅਤੇ ਆਖ ਦਿੱਤਾ ਜਾਂਦਾ ਹੈ ਕਿ ਅਗਰ ਆਦਮੀ ਨਹੀਂ ਹੋਵੇਗਾ ਤਾਂ ਇਲਾਕੇ ਦੀ ਪ੍ਰਤੀਨਿਧਤਾ ਕੌਣ ਕਰੇਗਾ। ਕਦੀ ਵਿਧਾਨ ਸਭਾ ਦੀਆਂ ਚੋਣਾਂ ਆ ਜਾਂਦੀਆਂ ਹਨ ਅਤੇ ਕਦੀ ਲੋਕ ਸਭਾ ਦੀਆਂ ਚੋਣਾਂ ਆ ਜਾਂਦੀਆਂ ਹਨ।  ਇਸੇ ਤਰ੍ਹਾਂ ਕਈ ਹੋਰ ਵੀ ਇਕਾਈਆਂ ਹਨ ਜਿੱਥੇ ਖਾਨਾਪੁਰੀ ਕਰਨ ਲਈ ਚੋਣਾਂ ਕਰਵਾਈਆਂ ਜਾਂਦੀਆਂ ਹਨ।

ਚੋਣਾਂ ਦਾ ਇਹ ਸਿਲਸਿਲਾ ਹੈ ਤਾਂ ਵਧੀਆਂ, ਪਰ ਸਾਡੇ ਦੇਸ਼ ਵਿੱਚ ਚੋਣਾਂ ਦਾ ਵਕਤ ਵੀ ਕਮਾਲ ਦਾ ਮੰਨੋਰੰਜਣ ਜਿਹਾ ਬਣ ਜਾਂਦਾ ਹੈ।  ਇਹ ਰਾਜਸੀ ਵਿਅਕਤੀਵਿਸ਼ੇਸ਼ ਹਰ ਇਲਾਕੇ ਤੋਂ ਆਪਣਾ ਸਪੋਰਟਰ ਚੁਣ ਲੈਂਦੇ ਹਨ ਅਤੇ ਲੋਕਾਂ ਪਾਸ ਜਾਕੇ ਬੇਨਤੀ ਵੀ ਕਰਦੇ ਹਨ ਕਿ ਇਸ ਆਦਮੀ ਨੂੰ ਜਿਤਾਉ ਤਾਂਕਿ ਇਹ ਮੇਰੇ ਹੱਥ ਮਜ਼ਬੂਤ ਕਰ ਦੇਵੇ। ਇਹ ਕਦੀ ਵੀ ਨਹੀਂ ਆਖਦੇ ਕਿ ਅਸੀਂ ਬਹੁਤ ਹੀ ਕਾਬਲ ਆਦਮੀ ਚੁਣਕੇ ਤੁਹਾਡੇ ਸਾਹਮਣੇ ਕਰ ਰਹੇ ਹਾਂ ਅਤੇ ਇਹ ਤੁਹਾਡੀ ਸੇਵਾ ਕਰੇਗਾ। ਅਤੇ ਅੱਜ ਤੱਕ ਕਿਸੇ ਨੇ ਸੇਵਾ ਕੀਤੀ ਵੀ ਨਹੀਂ ਹੈ।  ਕਿਸੇ ਵੀ ਇਲਾਕੇ ਵਿੱਚ ਅਗਰ ਕੋਈ ਕੰਮ ਕਰ ਵੀ ਦਿੱਤਾ ਜਾਂਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਆਪਣੇ ਨਾਮ ਲਿਖਦਾ ਹੈ ਇਲਾਕੇ ਦੇ ਅਖੌਤੀ ਪ੍ਰਤੀਨਿਧ ਦੇ ਨਾਮ ਨਹੀਂ ਲਿਖਦਾ ਹੈ।

ਸਾਡੇ ਮੁਲਕ ਵਿੱਚ ਚੋਣਾਂ ਲਈ ਕਾਫੀ ਸਮਾਂ ਦਿੱਤਾ ਜਾਂਦਾ ਹੈ ਤਾਂਕਿ ਇਹ ਰਾਜਸੀ ਲੋਕੀਂ ਮੈਦਾਨ ਵਿੱਚ ਆਕੇ ਲੋਕਾਂ ਸਾਹਮਣੇ ਪੇਸ਼ ਹੋਕੇ ਦਸਣ ਕਿ ਉਹ ਕੀ ਕੀ ਪ੍ਰੋਗ੍ਰਾਮ ਲੈਕੇ ਮੈਦਾਨ ਵਿੱਚ ਆਏ ਹਨ। ਪਰ ਇਹ ਜਿਹੜੇ ਜਲਸੇ, ਜਲੂਸ ਅਤੇ ਰੈਲੀਆਂ ਕੀਤੀਆਂ ਜਾਂਦੀਆਂ ਹਨ ਜਿਸ ਕਿਸੇ ਨੇ ਵੀ ਭਾਸ਼ਣ ਸੁਣੇ ਹਨ ਕਿ ਕੋਈ ਵੀ ਪਾਰਟੀ ਕੋਈਪ੍ਰੋਜੈਕਟ, ਕੋਈ ਨੀਤੀ, ਕੋਈ ਸਾਡੀ ਸਮਸਿਆ ਲੈ ਕੇ ਨਹੀਂ ਆਉ੍ਵਦੇ ਅਤੇ ਨਾਂ ਹੀ ਇਹ ਗੱਲ ਹੀ ਕਰਦੇ ਹਨ ਕਿ ਉਹ ਇਹ ਇਹ ਵਾਲੀਆਂ ਸਮਸਿਆਵਾਂ ਹਲ ਕਰ ਦੇਣਗੇ ਅਤੇ ਇਹ ਵਾਲੇ ਤਰੀਕੇ ਉਨ੍ਹਾਂ ਪਾਸ ਹਨ। ਅਸਾਂ ਤਾਂ ਇਹ ਵੀ ਦੇਖਿਆ ਵੀ ਹੈ ਅਤੇ ਸੁਣਿਆ ਵੀ ਹੈ ਕਿ ਇਹ ਰਾਜਸੀ ਲੋਕ ਇਲਾਕੇ ਵਿਚ ਖਲੋਤੇ ਹੋਰ ਵਿਰੋਧੀਆਂ ਦੇ ਖਿਲਾਫ ਬੋਲਦੇ ਹਨ ਅਤੇ ਬਹੁਤ ਹੀ ਘਟੀਆ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਸਾਡੇ ਮੁਲਕ ਵਿੱਚ ਚੋਣਾਂ ਉਤੇ ਸਮਾਂ, ਰੁਪਿਆ, ਸ਼ਕਤੀ ਬਹੁਤ ਖਰਚ ਕੀਤੀ ਜਾਂਦੀ ਹੈ ਅਤੇ ਕੋਈ ਤਿੰਨ ਚਾਰ ਮਹੀਨੇ ਹਰ ਪਾਸੇ ਚੋਣਾਂ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ। ਸਰਕਾਰ ਵੀ ਕੰਮ ਕਰਨਾ ਠਪ ਕਰ ਦਿੰੰਦੀ ਹੈ ਕਿਉਂਕਿ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਜਾਂਦਾ ਹੈ। ਰਾਜਸੀ ਪਾਰਟੀਆਂ ਇੱਕਠ ਕਰਨ ਉਤੇ ਲਗ ਜਾਂਦੀਆਂ ਹਨ ਅਤੇ ਪਤਾ ਨਹੀਂ ਇਤਨੇ ਲੋਕਾਂ ਦਾ ਇਕਠ ਹੋ ਕਿਵੇ ਜਾਂਦਾ ਹੈ, ਕਿਸ ਲਈ ਕੀਤਾ ਜਾਂਦਾ ਹੈ ਅਤੇ ਕੀ ਇਹ ਇੱਕਠ ਇਹ ਸਾਬਿਤ ਕਰਦਾ ਹੈ ਕਿ ਇਸ ਧੜੇ ਨਾਲ ਬਹੁਤੇ ਲੋਕ ਹਨ ਅਰਥਾਤ ਜ਼ਿਆਦਾਤਰ ਲੋਕ ਇਸ ਧੜੇ ਨੂੰ ਵੋਟ ਪਾਉਣਗੇ। ਇਹ ਜਿਹੜੀ ਵੀ ਭੀੜ ਇੱਕਠੀ  ਕੀਤੀ ਜਾਂਦੀ ਹੈ ਇਹ ਵਿਚਾਰੇ ਤਾਂ ਇਸ ਫਿਕਰ ਵਿੱਚ ਰਹਿੰਦੇ ਹਨ ਕਿ ਜਿਹੜਾ ਵਾਹਨ ਲੈਕੇ ਆਇਆ ਸੀ ਉਹ ਵਾਪਸੀ ਵਕਤ ਵੀ ਮਿਲ ਜਾਵੇਗਾ ਜਾਂ ਰਾਤੀਂ ਧੱਕੇ ਹੀ ਖਾਣੇ ਪੈਣਗੇ।  ਇਹ ਜਿਹੜੇ ਇੱਕਠ ਕੀਤੇ ਜਾਂਦੇ ਹਨ ਇਹ ਕੋਈ ਮਨੋਰੰਜਣ ਦਾ ਸਾਧਨ ਵੀ ਨਹੀਂ ਹਨ, ਪਤਾ ਨਹੀਂ ਕੀ ਬੋਲਿਆ ਜਾਂਦਾ ਹੈ, ਕਾਸ ਲਈ ਬੋਲਿਆ ਜਾਂਦਾ ਹੈ ਅਤੇ ਕੀ ਇਹ ਗੱਲਾਂ ਲੋਕਾਂ ਨੇ ਪਲੇ ਵੀ ਬੰਨ੍ਹ ਲਈਆਂ ਹਨ ਜਾਂ ਇੱਥੇ ਹੀ ਸੁਣੀਆਂ ਸਨ, ਇਥੇ ਹੀ ਖਤਮ ਕਰ ਦਿਤੀਆਂ ਜਾਂਦੀਆਂ ਹਨ।

ਅੱਜ ਦੇ ਸਮਿਆਂ ਵਿੱਚ ਅਖਬਾਰ ਹਨ, ਇਸਤਿਹਾਰ ਹਨ, ਕਿਤਾਬਚੇ ਹਨ, ਰੇਡਿਓ ਹੈ ਅਤੇ ਦੂਰ ਦਰਸ਼ਨ ਵੀ ਹੈ ਅਤੇ ਪਰਚਾਰ ਦਾ ਕਾਫੀ ਸਾਮਾਨ ਹੈ ਅਤੇ ਫਿਰ ਇਹ ਇੱਕਠ ਕਾਸ ਲਈ ਕੀਤੇ ਜਾਂਦੇ ਹਨ, ਪਤਾ ਨਹੀਂ ਹੈ। ਇਸ ਮੁਲਕ ਦੇ ਲੋਕ ਕਿਸੇ ਵੀ ਰਾਜਸੀ ਆਦਮੀ ਨੂੰ ਸੁਣਨ ਲਈ ਤਿਆਰ ਨਹੀਂ ਹਨ, ਪਰ ਜਬਰਨ ਰਾਜਸੀ ਲੋਕ ਆਪਣੀਆਂ ਸੁਣਾਕੇ ਹੀ ਜਾਂਦੇ ਹਨ।

ਸਾਡੇ ਮੁਲਕ ਵਿੱਚ ਇਹ ਜਿਹੜੀਆਂ ਵੀ ਚੋਣਾਂ ਹਨ ਇਹ ਰਾਜਸੀ ਲੋਕਾਂ ਦਾ ਰੁਝਾਨ ਹੈ ਅਤੇ ਮੁਲਕ ਦੇ ਲੋਕਾਂ ਦੀ ਹੁਣ ਚੋਣਾਂ ਵਿੱਚ ਕੋਈ ਵੀ ਦਿਲਚਸਪੀ ਦਿਖਾਈ ਨਹੀਂ ਦਿੰਦੀ ਹੈ। ਪੁਰਾਣੇ ਸਮਿਆਂ ਵਿੱਚ ਕੁਰਕਸ਼ੇਤਰਾਂ ਦੀ ਜੰਗ ਸੀ ਅਤੇ ਬਾਅਦ ਵਿੱਚ ਪਾਨੀਪਤ ਦੇ ਮੈਦਾਨ ਵਿੱਚ ਜੰਗਾਂ ਹੁੰਦੀਆਂ ਰਹੀਆਂ ਹਨ ਅਤੇ ਲੋਕਾਂ ਨੇ ਕਦੀ ਦਿਲਚਸਪੀ ਨਹੀਂ ਸੀ ਲਿਤੀ ਕਿ ਕੌਣ ਜਿੱਤ ਰਿਹਾ ਹੈ ਅਤੇ ਕੌਣ ਹਾਰ ਰਿਹਾ ਹੈ। ਜਿਹੜਾ ਵੀ ਜਿਤਕੇ ਦਿੱਲੀ ਉਤੇ ਕਬਜ਼ਾ ਕਰ ਲੈਂਦਾ ਸੀ ਲੋਕ ਵਿਚਾਰੇ ਨਵੇ ਹਾਕਮ ਨੂੰ ਸਜਦੇ ਕਰਨ ਲਗ ਪੈਂਦੇ ਸਨ ਅਤੇ ਅੱਜ ਤਾਂ ਇਹ ਮੁਲਕ ਦੇ ਲੋਕ ਕਿਸੇ ਜੇਤੂ ਨੂੰ ਵਧਾਈ ਦੇਣ ਵੀ ਨਹੀਂ ਜਾਂਦੇ ਅਤੇ ਜੇਤੂ ਆਪ ਹੀ ਕਿਸੇ ਪਾਸੇ ਜਾਕੇ ਆਪਣੇ ਭੇਜੇ ਹੋਏ ਹਾਰ ਹੀ ਪਵਾਈ ਜਾਂਦੇ ਹਨ।

ਇਸ ਮੁਲਕ ਦੀਆਂ ਚੋਣਾਂ ਤਾਂ ਹਰ ਇਲਾਕੇ ਵਿੱਚ ਹੁੰਦੀਆਂ ਹਨ, ਪਰ ਲੋਕਾਂ ਨੇ ਤਾਂ ਸਿਰਫ ਪ੍ਰਧਾਨ ਮੰਤਰੀ ਹੀ ਚੁਣਨਾ ਹੁੰਦਾ ਹੈ ਅਤੇ ਬਾਕੀ ਦੀ ਭਰਤੀ ਤਾਂ ਬਸ ਉਸਦੀ ਪ੍ਰਧਾਨਗੀ ਕਾਇਮ ਰਖਣ ਲਈ ਹੀ ਹੁੰਦੀ ਹੈ। ਇਹ ਕੈਸਾ ਪਰਜਾਤੰਤਰ ਆ ਗਿਆ ਹੈ ਜਿਥੇ ਅਸੀਂ ਆਪ ਹੀ ਆਪਣਾ ਰਾਜਾ ਚੁਣਦੇ ਹਾਂ ਅਤੇ ਫਿਰ ਉਸਦੀ ਗੁਲਾਮੀ ਸਹਾਰੀ ਜਾਂਦੇ ਹਾਂ। ਅਸੀਂ ਹੈਰਾਨ ਵੀ ਹਾਂ ਕਿ ਪੌਣੀ ਸਦੀ ਤੋ ਅਸੀਂ ਚੋਣਾਂ ਕਰਵਾ ਰਹੇ ਹਾਂ, ਪਰ ਅੱਜ ਤੱਕ ਲੋਕ ਆਪਣਾ ਪ੍ਰਤੀਨਿਧ ਨਹੀਂ ਚੁਣ ਸਕੇ ਅਤੇ ਅੱਜ ਤੱਕ ਚੁਣੇ ਗਏ ਲੋਕਾਂ ਨੇ ਸਿਰਫ ਸਦਨ ਵਿੱਚ ਹਾਜ਼ਰੀ ਹੀ ਦਿੱਤੀ ਹੈ ਅਤੇ ਕਿਸੇ ਨੇ ਵੀ ਕੋਈ ਕੰਮ ਕਰਕੇ ਨਹੀਂ ਦਿਖਾਇਆਹੈ। ਹੁਣ ਕੋਈ ਇਹ ਆਖੇ ਕਿ ਅਸੀਂ ਚੋਣਾਂ ਰਾਹੀਂ ਹੀ ਕੋਈ ਪਰਜਾਤੰਤਰ ਇਸ ਮੁਲਕ ਵਿੱਚ ਬਣਾ ਲਵਾਂਗੇ ਤਾਂ ਇਹ ਇਕ ਅਨਹੋਣੀ ਜਿਹੀ ਗੱਲ ਲਗਦੀ ਹੈ। ਹੁਣ ਤਾਂ ਸਗੋ ਦਿਲ ਕਰਦਾ ਹੈ ਕਿ ਕੋਈ ਮਾਈ ਦਾ ਲਾਲ ਆਵੇ ਅਤੇ ਇਹ ਚੋਣਾਂ ਵਾਲਾ ਡਰਾਮਾ ਵੀ ਅਗਰ ਬੰਦ ਕਰਵਾ ਦੇਵੇ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਣ ਲਗਾ ਸਿਰਫ ਸਾਹਮਣੇ ਆਏ ਵਿਅਕਤੀ ਵਿਸ਼ੇਸ਼ਾਂ ਵਿਚੋਂ ਹੀ ਪ੍ਰਧਾਨ ਮੰਤਰੀ ਚੁਣਨਾਂ ਕਾਫੀ ਹੈ।

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>