ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਸਮਰਪਿਤ ਇੰਟਰਨੈਸ਼ਨਲ ਕਵੀ ਦਰਬਾਰ

Poster kavi darbar-20 nov e diwan society(1).resizedਕੈਲਗਰੀ : ਪਿਛਲੇ ਡੇੜ ਕੁ ਸਾਲ ਤੋਂ ਹੋਂਦ ਵਿੱਚ ਆਈ, ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 20 ਨਵੰਬਰ ਦਿਨ ਸ਼ਨਿਚਰਵਾਰ ਨੂੰ, ਆਪਣੇ ਹਫਤਾਵਾਰ ਸਮਾਗਮ ਵਿੱਚ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਔਨਲਾਈਨ ਇੰਟਰਨੈਸ਼ਨਲ ਕਵੀ ਦਰਬਾਰ ਕਰਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀਆਂ ਨੇ ਸ਼ਿਰਕਤ ਕੀਤੀ। ਇਹ ਸੰਸਥਾ ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।

ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਬਾਨੀ ਡਾ. ਬਲਰਾਜ ਸਿੰਘ ਨੇ, ਨਵੀਂ ਸੰਗਤ ਨੂੰ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ- ਇਸ ਸੰਸਥਾ ਨਾਲ, ਕੈਲਗਰੀ ਤੋਂ ਇਲਾਵਾ- ਐਡਮੰਟਨ, ਵੈਨਕੂਵਰ, ਟੋਰੰਟੋ, ਯੂ.ਐਸ.ਏ., ਇੰਡੀਆ ਆਦਿ ਤੋਂ ਸੰਗਤ ਜੁੜੀ ਹੋਈ ਹੈ। ਹਰ ਵੀਕਐਂਡ ਤੇ ਵਿਦਵਾਨਾਂ ਵਲੋਂ, ਗੁਰਬਾਣੀ ਦੀ ਵਿਚਾਰਧਾਰਾ ਤੇ ਅਧਾਰਿਤ, ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਭਰਪੂਰ ਲੈਕਚਰ ਕਰਵਾਏ ਜਾਂਦੇ ਹਨ- ਜੋ ਬਾਅਦ ਵਿੱਚ ‘ਸੰਗਤੀ ਵਿਚਾਰ’ ਯੁਟਿਊਬ ਚੈਨਲ ਤੇ ਪਾ ਦਿੱਤੇ ਜਾਂਦੇ ਹਨ। ਸਮਾਗਮ ਦੇ ਸ਼ੁਰੂ ਤੇ ਅੰਤ ਤੇ ਬੱਚਿਆਂ ਵਲੋਂ ਕੀਰਤਨ ਕੀਤਾ ਜਾਂਦਾ ਹੈ।

ਗੁਰਦੀਸ਼ ਕੌਰ ਨੇ ਮੰਚ ਸੰਚਾਲਨ ਕਰਦਿਆਂ, ਦੂਰ ਦੁਰਾਡੇ ਤੋਂ ਪਹੁੰਚੇ ਕਵੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਕਵੀ ਦਰਬਾਰਾਂ ਨੂੰ ਸੁਰਜੀਤ ਰੱਖਣ ਦੀ ਗੱਲ ਕੀਤੀ। ਜੈਪੁਰ ਤੋਂ ਆਏ- ਬ੍ਰਿਜਮਿੰਦਰ ਕੌਰ ਨੇ ਭਾਈ ਗੁਰਦਾਸ ਜੀ ਦਾ ਸ਼ਬਦ-‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਗਾਇਨ ਕਰਕੇ, ਸਮਾਗਮ ਦੀ ਸ਼ੁਰੂਆਤ ਕੀਤੀ। ਗੁਰਦੀਸ਼ ਕੌਰ ਨੇ ‘ਸਿੱਖੀ ਦੀ ਫੁਲਵਾੜੀ’ ਤੇ ਚਾਰ ਸਤਰਾਂ ਬੋਲ ਕੇ, ਕਵੀਆਂ ਦੀ ਜਾਣ ਪਛਾਣ ਕਰਾਉਂਦਿਆਂ ਹੋਇਆਂ, ਸਭ ਨੂੰ ਵਾਰੋ ਵਾਰੀ ਮੰਚ ਤੇ ਆਉਣ ਦਾ ਸੱਦਾ ਦਿੱਤਾ। ਜੰਡਿਆਲਾ ਗੁਰੂ ਤੋਂ ਆਏ ਦਵਿੰਦਰ ਸਿੰਘ ਭੋਲਾ ਨੇ ਗੁਰੂ ਨਾਨਕ ਪਾਤਸ਼ਾਹ ਦੀ ਉਪਮਾ ਵਿੱਚ ਭਾਵਪੂਰਤ ਕਵਿਤਾ ਗਾਇਨ ਕਰਕੇ, ਕਵੀ ਦਰਬਾਰ ਦਾ ਆਗਾਜ਼ ਕੀਤਾ। ਅੰਬਾਲੇ ਤੋਂ ਆਈ ਨਾਮਵਰ ਸ਼ਾਇਰਾ, ਮਨਜੀਤ ਕੌਰ ਅੰਬਾਲਵੀ ਨੇ- ‘ਤੇਰੇ ਬੋਲਾਂ ਦੀ ਮਹਿਕ, ਕੰਨਾਂ ‘ਚ ਮਿਸ਼ਰੀ ਘੋਲਦੀ ਨਾਨਕ’ ਮਿੱਠੀ ਆਵਾਜ਼ ਵਿੱਚ ਸੁਣਾ ਕੇ, ਚਾਰੇ ਪਾਸੇ ਮਹਿਕ ਖਿੰਡਾ ਦਿੱਤੀ। ਉਸਤਾਦ ਕਵੀ ਹਰੀ ਸਿੰਘ ਜਾਚਕ ਨੇ ਆਪਣੀ ਬੁਲੰਦ ਆਵਾਜ਼ ਵਿੱਚ, ਆਪਣੀ ਭਾਵਪੂਰਤ ਕਵਿਤਾ- ‘ਕੀਤੇ ਦੁਨੀਆਂ ਦੇ ਦੁੱਖ ਸੀ ਦੂਰ ਜਾਚਕ, ਘਰ ਦੇ ਛੱਡ ਕੇ ਸਾਰੇ ਹੀ ਸੁੱਖ ਨਾਨਕ’ ਸੰਗਤ ਨਾਲ ਸਾਂਝੀ ਕਰਕੇ, ਵਾਹਵਾ ਖੱਟੀ। ਲੁਧਿਆਣਾ ਤੋਂ ਹੀ ਆਏ, ਨੌਜਵਾਨ ਗਾਇਕ ਪਰਮਿੰਦਰ ਸਿੰਘ ਅਲਬੇਲਾ ਨੇ, ਰਲੀਜ਼ ਹੋਇਆ ਆਪਣਾ ਸੱਜਰਾ ਗੀਤ- ‘ਤਪਦੇ ਹਿਰਦੇ ਠਾਰਦੀ, ਗੁਰੂ ਨਾਨਕ ਦੀ ਬਾਣੀ’ ਗਾ ਕੇ ਮਹੌਲ ਸੁਰਮਈ ਬਣਾ ਦਿੱਤਾ। ਟੋਰੰਟੋ ਤੋਂ ਆਈ ਸ਼ਾਇਰਾ ਸੁੰਦਰਪਾਲ ਕੌਰ ਰਾਜਾਸਾਂਸੀ ਨੇ- ‘ਵੀਰ ਨੂੰ ਉਡੀਕੇ ਭੈਣਾਂ, ਪਿਆਰ ਵਾਲਾ ਫੁਲਕਾ ਬਣਾ ਕੇ’ ਸੁਣਾ ਕੇ ਭੈਣ ਨਾਨਕੀ ਜੀ ਨੂੰ ਯਾਦ ਕੀਤਾ। ਟੋਰੰਟੋ ਤੋਂ ਹੀ ਆਏ, ਨਾਮਵਰ ਗੀਤਕਾਰ ਸੁਜਾਨ ਸਿੰਘ ਸੁਜਾਨ ਨੇ ਆਪਣੀ ਸ਼ਾਹਕਾਰ ਰਚਨਾ- ‘ਜ਼ੁਲਮਾਂ ਨੂੰ ਮਾਤ ਪਾਉਣ ਆਇਆ ਮਾਤ ਲੋਕ ਵਿੱਚ, ਚੰਨ ਮਾਤਾ ਤ੍ਰਿਪਤਾ ਦਾ ਚਾਨਣਾ ਫੈਲਾ ਗਿਆ’ ਸੁਣਾ ਕੇ, ਰੰਗ ਬੰਨ੍ਹ ਦਿੱਤਾ। ਸਿੱਖ ਇਤਿਹਾਸ ਦੇ ਖੋਜੀ, ਕਵੀ ਤੇ ਕਵੀਸ਼ਰ, ਕੈਲਗਰੀ ਨਿਵਾਸੀ ਜਸਵੰਤ ਸਿੰਘ ਸੇਖੋਂ ਨੇ ਰਾਇ ਭੋਇ ਦੀ ਤਲਵੰਡੀ ਦੇ ਇਤਿਹਾਸ ਦੀ ਵਡਮੁੱਲੀ ਜਾਣਕਾਰੀ ਪ੍ਰਸੰਗ ਰਾਹੀਂ ਸਾਂਝੀ ਕਰਕੇ, ਭੈਣ ਨਾਨਕੀ ਦੀ ਕਵਿਤਾ ਬੁਲੰਦ ਆਵਾਜ਼ ਵਿੱਚ ਗਾ ਕੇ ਸੁਣਾਈ। ਇਸੇ ਸ਼ਹਿਰ ਦੇ, ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ਵੀ, ਕਵੀਸ਼ਰੀ ਰਾਹੀਂ, ਗੁਰਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਕਵੀ ਦਰਬਾਰ ਦੇ ਅੰਤ ਤੇ ਸੰਚਾਲਕ ਜਗਬੀਰ ਸਿੰਘ ਦੇ ਬੇਨਤੀ ਕਰਨ ਤੇ, ਸਾਹਿਤਕਾਰਾ ਗੁਰਦੀਸ਼ ਕੌਰ ਗਰੇਵਾਲ ਨੇ ਵੀ ਆਪਣੀ ਸੱਜਰੀ ਲਿਖੀ ਕਵਿਤਾ- ‘ਧੰਨ ਨਾਨਕ ਤੇਰੀ ਵੱਡੀ ਕਮਾਈ’ ਸੰਗਤ ਨਾਲ ਸਾਂਝੀ ਕੀਤੀ। ਸੰਗਤ ਵਲੋਂ ਇਸ ਕਵੀ ਦਰਬਾਰ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਦੋ ਘੰਟੇ ਚੱਲੇ ਇਸ ਕਵੀ ਦਰਬਾਰ ਦੀ, ਜੈਕਾਰਿਆਂ ਦੀ ਗੂੰਜ ਵਿੱਚ ਸਮਾਪਤੀ ਹੋਈ। ਟੋਰੰਟੋ ਤੋਂ ਪਰਨੀਤ ਕੌਰ ਤੇ ਸਿਮਰਲੀਨ ਕੌਰ ਨੇ ਰਸ ਭਿੰਨੀ ਆਵਾਜ਼ ਵਿੱਚ- ‘ਕਲਿ ਤਾਰਣ ਗੁਰੁ ਨਾਨਕ ਆਇਆ’ ਸ਼ਬਦ ਪੜ੍ਹਿਆ ਅਤੇ ਆਨੰਦ ਸਾਹਿਬ ਦੀ ਡਿਊਟੀ, ਕੈਲਗਰੀ ਦੇ ਯੁਵਰਾਜ ਸਿੰਘ ਤੇ ਸਬੀਨਾ ਕੌਰ ਨੇ ਨਿਭਾਈ। ਅਰਦਾਸ ਨਾਲ ਸਮਾਗਮ ਦੀ ਸਮਾਪਤੀ ਹੋਈ। ਸੋ ਇਸ ਤਰ੍ਹਾਂ ਇਹ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਿਆ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419 ਨਾਲ ਜਾਂ ਜਗਬੀਰ ਸਿੰਘ ਨਾਲ 587 718 8100 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>