ਹੱਕ ਲਈ ਲੜਿਆ ਸੱਚ – (ਭਾਗ – 68)

ਬੇਬੇ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਹਰਜਿੰਦਰ ਸਿੰਘ ਦੇ ਘਰ ਉਦਾਸੀ ਦਾ ਪਹਿਰਾ ਸੀ। ਕਈ ਦਿਨ ਅਫਸੋਸ ਕਰਨ ਵਾਲਿਆਂ ਦਾ ਤਾਂਤਾ ਹਰਜਿੰਦਰ ਸਿੰਘ ਦੇ ਘਰ ਲੱਗਾ ਰਿਹਾ ਸੀ। ਬੇਬੇ ਜੀ ਦੇ ਜਾਣ ਦਾ ਦੁੱਖ ਤਾਂ ਸੀ, ਪਰ ਰਿਸ਼ਤੇਦਾਰ, ਦੋਸਤ- ਮਿਤਰ ਸਭ ਪਰਿਵਾਰ ਨਾਲ ਬੇਬੇ ਜੀ ਦੀਆਂ ਗਲਾਂ ਕਰਦੇ ਤਾਂ ਦੁੱਖ ਘੱਟ ਜਾਂਦਾ ਮਹਿਸੂਸ ਹੁੰਦਾ। ਬਹੁਤ ਲੋਕਾਂ ਨੂੰ ਤਾਂ ਦਿਲਪ੍ਰੀਤ ਬਾਰੇ ਪਤਾ ਸੀ, ਪਰ ਕਈ ਜਾਣ ਕੇ ਭੇਦ ਲੈਣ ਦੀ ਕੋਸ਼ਿਸ਼ ਕਰਦੇ। ਉਸ ਦਿਨ ਵੀ ਹਰਜਿੰਦਰ ਸਿੰਘ ਦੀ ਬੈਠਕ ਅੱਗੇ ਦਰੀ ਉੱਪਰ ਬਹੁਤ ਸਾਰੇ ਬੰਦੇ ਬੇਬੇ ਜੀ ਦਾ ਅਫਸੋਸ ਕਰਨ ਲਈ ਜੁੜੇ ਹੋਏ ਸਨ, ਵਿਚ ਹੀ ਲਹਿੰਦੇ ਬੰਨੇ ਦਾ ਲੰਬੜ ਜੋਗਾ ਸਿੰਘ ਬੈਠਾ ਸੀ। ਬੇਬੇ ਜੀ ਦੀਆਂ ਗੱਲਾਂ ਕਰਦਾ ਕਰਦਾ ਕਹਿਣ ਲੱਗਾ, “ਦਿਲਪ੍ਰੀਤ ਨੂੰ ਬੇਬੇ ਜੀ ਦੇ ਪੂਰੇ ਹੋ ਜਾਣ ਦਾ ਪਤਾ ਲਗ ਗਿਆ ਹੈ ਜਾਂ ਨਹੀ।”
ਹਰਜਿੰਦਰ ਸਿੰਘ ਤਾਂ ਅਜੇ ਸੋਚ ਹੀ ਰਿਹਾ ਸੀ, ਪਰ ਤੋਸ਼ੀ ਨੇ ਕਹਿ ਦਿੱਤਾ, “ਪਤਾ ਨਹੀਂ।”
“ਉਹ ਅੱਜਕਲ ਹੈ ਕਿੱਥੇ “? ਮੁੱਛਾ ਤੇ ਹੱਥ ਫੇਰਦੇ ਪੁਰਾਣੇ ਲੰਬੜ ਨੇ ਕਿਹਾ, “ਕਹਿੰਦੇ ਉਹਨੇ ਵਿਆਹ ਕਰਵਾ ਲਿਆ।”
ਸਾਹਮਣੇ ਕੰਧ ਨਾਲ ਢੋਅ ਲਾਈ ਬੈਠੇ ਮੁਖਤਿਆਰ ਨੇ ਇਹ ਗੱਲ ਸੁਣੀ ਤਾਂ ਉਸ ਦਾ ਦਿਲ ਏਡੀ ਜੋਰ ਦੀ ਕੰਬਿਆ ਕਿ ਉਸ ਦਾ ਸਰੀਰ ਵੀ ਨਾਲ ਹੀ ਹਿਲਿਆ। ਲੰਬੜ ਦੀ ਗੱਲ ਦਾ ਕਿਸੇ ਹੁੰਗਾਰਾ ਨਾ ਭਰਿਆ ਤਾਂ ਫਿਰ ਬੋਲਿਆ, “ਕਹਿੰਦੇ ਕੁੜੀ ਨੇ ਵੀ ਆਪਣੀ ਮਰਜ਼ੀ ਅਨੁਸਾਰ ਘਰੋਂ ਨੱਠ ਕੇ ਵਿਆਹ ਕਰਵਾਇਆ” ਉਸ ਦੀ ਇਸ ਗੱਲ ਨੇ ਜਿਵੇ ਮੁਖਤਿਆਰ ਦੀ ਜਾਨ ਹੀ ਕੱਢ ਲਈ ਹੋਵੇ। ਉਸ ਨੇ ਸ਼ਰਮਦਿੰਗੀ ਮਹਿਸੂਸ ਕਰਦਿਆਂ ਪੀਲੇ ਚਿਹਰੇ ਨਾਲ ਹਰਜਿੰਦਰ ਸਿੰਘ ਵਲ ਦੇਖਿਆ। ਵਿਚੋਂ ਹੀ ਕੋਈ ਸਮਝਦਾਰ ਬੰਦਾ ਬੋਲਿਆ, “ਤਾਇਆ ਜੀ, ਤਹਾਨੂੰ ਇਹ ਗੱਲਾਂ ਕਿਸ ਨੇ ਦੱਸੀਆਂ।”
“ਲੈ ਕੁੜੀ ਵਾਲੇ ਪਿੰਡ ਤਾਂ ਸਾਰੇ ਹੋਏ ਹੋਏ ਹੋਈ ਪਈ ਹੈ।” ਲੰਬੜ ਨੇ ਬੇਸ਼ਰਮਾਂ ਵਾਂਗ ਕਿਹਾ, “ਕਹਿੰਦੇ ਕੁੜੀ ਤਾਂ ਤੜਕੇ ਹੀ ਪਿੰਡੋਂ ਨੱਠੀ ਅਤੇ ਉਸ ਟੈਮ ਹੀ ਗੁਰਦੁਆਰੇ ਵਿਚ ਲਾਂਵਾਂ ਲੈ ਲਈਆਂ।”
ਹੁਣ ਮੁਖਤਿਆਰ ਦਾ ਆਪਣੇ ਆਪ ਤੇ ਕਾਬੂ ਨਾ ਰਿਹਾ, ਉਹ ਉੱਠ ਕੇ ਖੜਾ ਹੋ ਗਿਆ। ਉਸ ਦੇ ਨਾਲ ਹੀ ਹਰਜਿੰਦਰ ਸਿੰਘ ਵੀ ਉੱਠ ਖੜ੍ਹਾ ਹੋਇਆ। ਰੋਣਹਾਕਾ ਹੋਇਆ ਕੁਝ ਬੋਲਣ ਹੀ ਲੱਗਾ ਸੀ ਕਿ ਤੋਸ਼ੀ ਤੈਸ਼ ਵਿਚ ਆ ਕੇ ਉੱਠਿਆ ਤੇ ਬੋਲਿਆ, “ਹਾਂ ਚਾਚਾ ਦਿਲਪ੍ਰੀਤ ਨੇ ਵਿਆਹ ਕਰਵਾ ਲਿਆ, ਤੂੰ ਦਸ ਇਸ ਨਾਲ ਤੈਨੂੰ ਕੀ ਤਕਲੀਫ ਹੋਈ”?
“ਮੈਨੂੰ ਕਾਹਦੀ ਤਕਲੀਫ, ਲੋਕੀ ਕਹਿੰਦੇ ਆ ਪਈ ਦੋਹਾਂ ਨੇ ਘਰਦਿਆਂ ਤੋਂ ਚੋਰੀ ਵਿਆਹ ਕਰਵਾਇਆ।”
“ਲੋਕੀ ਤਾਂ ਭੈਣ ਦੇ ਜਾਰ ਖੰਭਾਂ ਦੀ ਡਾਰਾਂ ਬਣਾਉਦੇ ਆ।” ਮੁਖਤਿਆਰ ਨੇ ਗੁੱਸੇ ਵਿਚ ਉਬਲਦੇ ਕਿਹਾ, “ਮੈ ਆਪਣੀ ਧੀ ਦਾ ਵਿਆਹ ਆਪਣੇ ਹੱਥੀਂ ਕੀਤਾਂ ਹੈ, ਉਹ ਮਾਂ ਦਾ ਖਸਮ ਕੌਣ ਆ ਜੋ ਕਹਿੰਦਾ ਹੈ ਕੁੜੀ ਨੇ ਨੱਠ ਕੇ ਵਿਆਹ ਕਰਵਾਇਆ।”
ਮੁਖਤਿਆਰ ਦੇ ਅਣਖ ਭਰੇ ਬੋਲਾਂ ਦੀ ਅਵਾਜ਼ ਏਨੀ ਉੱਚੀ ਸੀ ਕਿ ਪਿੱਛਲੇ ਵਿਹੜੇ ਵਿਚ ਬੈਠੀਆਂ ਜ਼ਨਾਨੀਆਂ ਨੂੰ ਵੀ ਸੁਣੀ। ਤਿੰਨ ਚਾਰ ਸਿਆਣੀਆਂ ਤੀਵੀਆਂ ਬੰਦਿਆ ਵਲ ਵੀ ਆ ਗਈਆਂ। ਗਿਆਨ ਕੌਰ ਸਭ ਤੋਂ ਮੂਹਰੇ ਸੀ। ਆਉਂਦੀ ਹੀ ਬੋਲੀ, “ਮੁਖਤਿਆਰ, ਕੀ ਗੱਲ ਹੋਈ?”
“ਕੁੱਛ ਨਹੀ, ਕੁੱਛ ਨਹੀ, ਬੈਠੋ ਤੁਸੀ ਜਾ ਕੇ।” ਇਸ ਤਰ੍ਹਾਂ ਦੀਆਂ ਅਵਾਜ਼ਾ ਬੈਠੇ ਬੰਦਿਆ ਵਿਚੋਂ ਆਈਆਂ, ਪਰ ਆਈਆਂ ਜ਼ਨਾਨੀਆਂ ਉੱਥੇ ਹੀ ਖੜ੍ਹੀਆਂ ਰਹੀਆਂ। ੳਦੋਂ ਤਕ ਹਰਜਿੰਦਰ ਸਿੰਘ ਨੇ ਆਪਣੇ-ਆਪ ਨੂੰ ਸੰਭਾਲ ਲਿਆ ਸੀ। ਉਸ ਨੇ ਨਿਮਰਤਾ ਸਹਿਤ ਸੰਜੀਦਗੀ ਨਾਲ ਕਹਿਣਾ ਸ਼ੁਰੂ ਕੀਤਾ, “ਭਰਾਵੋ, ਮੇਰੇ ਲੜਕੇ ਦਿਲਪ੍ਰੀਤ ਦਾ ਵਿਆਹ ਹੋ ਚੁੱਕਾ ਹੈ।” ਫਿਰ ਉਸ ਨੇ ਲੰਬਾ ਸਾਹ ਖਿਚਿਆ ਅਤੇ ਮੁਖਤਿਆਰ ਵਲ ਇਸ਼ਾਰਾ ਕਰਦੇ ਕਿਹਾ, “ਇਹਨਾ ਦੀ ਲੜਕੀ ਨਾਲ ਹੀ ਮੇਰੇ ਲੜਕੇ ਦੇ ਅਨੰਦ -ਕਾਰਜ ਝਿੜੀਆਂ ਵਾਲੇ ਗੁਰਦੁਆਰੇ ਪੜ੍ਹੇ ਗਏ ਹਨ, ਅਨੰਦ-ਕਾਰਜ ਸਮੇਂ ਲੜਕੀ ਦੇ ਮਾਂ-ਬਾਪ ਤੇ ਅਸੀ ਦੋਨੋ ਮੀਆਂ-ਬੀਬੀ ਹਾਜ਼ਰ ਸਾਂ। ਵਿਆਹ ਵੀ ਸਾਡੀ ਮਰਜ਼ੀ ਅਤੇ ਸਕੀਮ ਨਾਲ ਹੋਇਆ ਹੈ। ਇਸ ਵਿਚ ਕੁੜੀ ਮੁੰਡੇ ਦੀ ਰਜ਼ਾਮੰਦੀ ਵੀ ਪੁੱਛੀ ਗਈ ਸੀ।” ਇਸ ਤੋਂ ਬਾਅਦ ਹਰਜਿੰਦਰ ਸਿੰਘ ਦਾ ਗੱਚ ਭਰ ਆਇਆ ਥੋੜਾ ਚਿਰ ਰੁਕ ਕੇ ਕਹਿਣ ਲੱਗਾ, “ਜੇ ਕਿਸੇ ਨੂੰ ਇਸ ਵਿਚ ਸ਼ੱਕ ਹੈ ਤਾਂ ਗੁਰਦਆਰੇ ਵਾਲੇ ਭਾਈ ਜੀ ਤੋਂ ਪਤਾ ਕਰ ਸਕਦੇ ਹੋ, ਇਸ ਗੱਲ ਦਾ ਭੇਦ ਇਸ ਕਰਕੇ ਰੱਖਿਆ ਸੀ ਕਿ ਆਪ ਸਭ ਨੂੰ ਪਤਾ ਹੈ ਕਿ ਪੁਲੀਸ ਸਾਡੇ ਮੁੰਡੇ ਦੇ ਮਗਰ ਪਈ ਹੋਈ ਹੈ, ਉਹ ਸਾਨੂੰ ਵੀ ਪਰੇਸ਼ਾਨ ਕਰਦੀ ਰਹਿੰਦੀ ਹੈ, ਅਸੀ ਨਹੀਂ ਸੀ ਚਾਹੁੰਦੇ ਕਿ ਪੁਲੀਸ ਨੂੰ ਇਸ ਗੱਲ ਦਾ ਪਤਾ ਲੱਗੇ ਅਤੇ ਕੁੜੀ ਦੇ ਮਾਪਿਆ ਦੀ ਵੀ ਧੂ-ਖਿੱਚ ਕਰੇ। ਇਸ ਭੇਦ ਦੀ ਕਿਸੇ ਨੂੰ ਔਖਿਆਈ ਹੋਈ ਹੋਵੇ ਤਾਂ ਉਸ ਲਈ ਅਸੀ ਖਿਮਾਂ ਦੇ ਜਾਚਕ ਹਾਂ।”
ਹਰਜਿੰਦਰ ਸਿੰਘ ਦੀਆਂ ਗੱਲਾਂ ਸੁਣ ਕੇ ਲੰਬੜ ਤਾਂ ਪਤਾ ਨਹੀ ਸ਼ਰਮਿੰਦਾ ਹੋਇਆ ਜਾਂ ਨਹੀਂ, ਪਰ ਕਈ ਸੂਝ ਵਾਲਿਆਂ ਨੇ ਲੰਬੜ ਦੀਆਂ ਗੱਲਾਂ ਦਾ ਕਾਫੀ ਬੁਰਾ ਮਨਾਇਆ। ਤਾਰਾ ਸਿੰਘ ਪੰਚ ਨੇ ਤਾਂ ਲੰਬੜ ਨੂੰ ਕਹਿ ਵੀ ਦਿੱਤਾ, “ਇਸ ਮੌਕੇ ਤੇ ਤਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀ ਸੀ ਕਰਨੀਆਂ ਚਾਹੀਦੀਆਂ। ਮੌਕੇ ਦੇ ਹਿਸਾਬ ਨਾਲ ਹੀ ਗੱਲ ਕੀਤੀ ਫਬਦੀ ਹੈ।”
“ਚਲੋ, ਜਿਹੜੀ ਗੱਲ ਸੱਚੀ ਹੈ ਉਸ ਦਾ ਤਾਂ ਕੋਈ ਗੁੱਸਾ ਵੀ ਨਹੀ।” ਤੋਸ਼ੀ ਨੇ ਕਿਹਾ, “ਦਿਲਪ੍ਰੀਤ ਦਾ ਵਿਆਹ ਹੋਇਆ, ਪਰ ਬਾਕੀ ਤਾਂ ਸਭ ਝੂਠੀਆਂ ਗੱਲਾਂ ਬਣਾਈਆਂ ਗਈਆਂ।”
“ਚਲੋ ਛੱਡੋ, ਹੁਣ ਇਸ ਗੱਲ ਨੂੰ।” ਇਕ ਹੋਰ ਸਿਆਣਾ ਬੋਲਿਆ, “ਸਾਰਿਆਂ ਨੂੰ ਪਤਾ ਹੀ ਹੈ ਕਿ ਦਿਲਪ੍ਰੀਤ ਕਿੰਨਾ ਨੇਕ ਤੇ ਸਮਝਦਾਰ ਪੁੱਤਰ ਹੈ ਸਾਡੇ ਹੱਥਾਂ ਵਿਚ ਹੀ ਪਲਿਆ ਹੈ।” ਹੋਰ ਵੀ ਕਈਆਂ ਨੇ ਇਸ ਗੱਲ ਦਾ ਹੁੰਗਾਰਾ ਭਰਿਆ। ਦਿਲਪ੍ਰੀਤ ਦੀਆਂ ਸਿਫਤਾਂ ਸੁਣ ਕੇ ਮੁਖਤਿਆਰ ਨੇ ਵੀ ਸ਼ਾਂਤੀ ਮਹਿਸੂਸ ਕੀਤੀ। ਹਰਜਿੰਦਰ ਸਿੰਘ ਦੇ ਸ਼ਰੀਕੇ ਵਿਚੋਂ ਕਈਆਂ ਨੇ ਉਸ ਨਾਲ ਹੱਥ ਵੀ ਮਿਲਾਇਆ। ਲੰਬੜ ਵੱਲ ਕਿਸੇ ਨੇ ਵੀ ਧਿਆਨ ਨਹੀ ਦਿੱਤਾ, ਕਿਸੇ ਨੂੰ ਇਹ ਵੀ ਪਤਾ ਨਹੀ ਲਗਾ ਕਿ ਉਹ ਉੱਠ ਕੇ ਕਦੋਂ ਚਲਿਆ ਗਿਆ।    ਬਾਕੀ ਲੋਕ ਕਾਫੀ ਚਿਰ ਬੈਠੇ ਉੱਪਰਲੀ ਗੱਲ ਭੁਲਾ ਕੇ ਹੋਰ ਗੱਲਾਂ ਕਰਦੇ ਰਹੇ। ਬਚਨੇ ਝੀਰ ਨੇ ਸਾਰਿਆਂ ਨੂੰ ਚਾਹ ਵੀ ਪਿਲਾਈ। ਘੰਟੇ ਕੁ ਬਾਅਦ ਮੁਖਤਿਆਰ ਹੋਰੀ ਵੀ ਪਿੰਡ ਨੂੰ ਮੁੜਨ ਲਈ ਤਿਆਰ ਹੋ ਪਏ। ਹਰਜਿੰਦਰ ਸਿੰਘ ਚਾਹ ਦੇ ਕੱਪ ਚੁਕ ਕੇ ਰਸੋਈ ਵਿਚ ਰੱਖਣ ਗਿਆ। ਰਸੋਈ ਵਿਚ ਬੈਠੀ ਨਸੀਬ ਕੌਰ ਨੂੰ ਕਹਿਣ ਲੱਗਾ, “ਮੈ ਭੂਆ ਗਿਆਨ ਕੌਰ ਹੋਰਾਂ ਨੂੰ ਹਵੇਲੀ ਤੱਕ ਛੱਡ ਕੇ ਆਇਆ। ਕੋਲ ਹੀ ਬੈਠੀ ਸ਼ਰੀਕੇ ਵਿਚੋਂ ਲਗੱਦੀ ਚਾਚੀ ਕਹਿਣ ਲੱਗੀ, “ਅਫਸੋਸ ਕਰਨ ਆਇਆਂ ਨੂੰ ਤੋਰਨ ਨਹੀ ਜਾਈਦਾ।”
“ਚਾਚੀ ਜੀ, ਸਾਨੂੰ ਇਹਨਾ ਭਰਮਾਂ ਵਿਚ ਨਹੀ ਪੈਂਣਾ ਚਾਹੀਦਾ।” ਹਰਜਿੰਦਰ ਸਿੰਘ ਨੇ ਕਿਹਾ, “ਕਿਸੇ ਮੌਕੇ ਤੇ ਵੀ ਤੁਹਾਡੇ ਘਰ ਕੋਈ ਇਨਸਾਨ ਚੱਲ ਕੇ ਆਉਂਦਾ ਹੈ, ਹਰ ਵਾਰੀ ਹੀ ਉਸ ਨੂੰ ਸਤਿਕਾਰ ਦੇਣਾ ਚਾਹੀਦਾ ਹੈ।”
ਪਿੱਛੇ ਆਉਂਦੇ ਚਾਚੇ ਨੇ ਵੀ ਉੱਪਰਲੀਆਂ ਗੱਲਾਂ ਸੁਣ ਲਈਆਂ। ਉਹ ਕਹਿਣ ਲੱਗਾ,
“ਹਰਜਿੰਦਰ ਸਿੰਹਾਂ, ਦਰਅਸਲ ਇਸ ਗੱਲ ਦਾ ਭੇਦ ਕੋਈ ਹੋਰ ਹੈ।” ਰਸੋਈ ਦੇ ਦਰਵਾਜ਼ੇ ਕੋਲ ਹੀ ਪਈ ਬੈਂਤ ਦੀ ਕੁਰਸੀ ਤੇ ਬੈਠਦੇ ਉਸ ਨੇ ਕਿਹਾ, “ਸਿਆਣਿਆ ਨੇ ਇਹ ਗੱਲਾਂ ਸੋਚ ਕੇ ਬਣਾਈਆਂ ਸਨ ਕਿ ਅਫਸੋਸ ਕਰਨ ਬਹੁਤ ਲੋਕੀ ਆਏ ਹੁੰਦੇ ਨੇ ਉਹਨਾਂ ਵਿਚੋਂ ਘਰ ਦਾ ਬੰਦਾ ਉੱਠ ਕੇ ਇਕ ਬੰਦੇ ਨੂੰ ਤੋਰਨ ਚਲਾ ਜਾਵੇ, ਫਿਰ ਦੂਜੇ ਨੂੰ ਤੋਰਨ ਚਲਾ ਜਾਵੇ, ਹੋਰ ਆਇਆਂ ਬੰਦਿਆਂ ਨਾਲ ਗੱਲ ਹੀ ਨਹੀਂ ਹੋ ਸਕਦੀ।”
“ਹਾਂ ਜੀ, ਇਹ ਗੱਲ ਤਾਂ ਹੋ ਸਕਦੀ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਮੈ ਤਾਂ ਆਪਣੇ ਕੁੜਮ ਨਾਲ ਹੀ ਜਰਾਂ ਹਵੇਲੀ ਤਕ ਚਲਾਂ ਹਾਂ, ਨਾਲੇ ਮੈਂ ਉਸ ਨਾਲ ਕੋਈ ਗੱਲ ਵੀ ਕਰਨੀ ਸੀ।”
“ਕੋਈ ਨਹੀਂ ਤੂੰ ਜਾਹ ਆ।” ਚਾਚੇ ਨੇ ਕਿਹਾ, “ਹੁਣ ਤਾਂ ਉਦਾਂ ਵੀ ਸਾਰੇ ਚਲੇ ਹੀ ਗਏ ਆ।”
ਹਵੇਲੀ ਦੇ ਗੇਟ ਕੋਲ ਪਹੁੰਚ ਕੇ ਹਰਜਿੰਦਰ ਸਿੰਘ ਨੇ ਮੁਖਤਿਆਰ ਨੂੰ ਕਿਹਾ, “ਤੁਸੀ ਆਪਣੇ ਸ਼ਰੀਕੇ-ਭਾਈਚਾਰੇ ਨੂੰ ਦੀਪੀ ਅਤੇ ਦਿਲਪ੍ਰੀਤ ਦੇ ਵਿਆਹ ਬਾਰੇ ਦਸ ਦੇਣਾ ਸੀ।”
“ਸ਼ਰੀਕੇ ਨੂੰ ਤਾਂ ਪਤਾ ਲੱਗ ਹੀ ਚੁੱਕਾ ਹੈ।” ਮੁਖਤਿਆਰ ਨੇ ਦੱਸਿਆ, “ਪਿੰਡ ਨੂੰ ਵੀ ਪਤਾ ਸੀ ਕਿ ਅਸੀ ਦੀਪੀ ਮੰਗੀ ਹੋਈ ਹੈ ਤੇ ਉਸ ਵਿਆਹ ਵੀ ਰੱਖਿਆ ਹੋਇਆ ਹੈ, ਅੱਜ ਜਿਹੜੀਆਂ ਗੱਲਾਂ ਉਸ ਬੰਦੇ ਨੇ ਕੀਤੀਆਂ ਸਭ ਆਪਣੇ ਕੋਲੋਂ ਬਣਾ ਕੇ ਕੀਤੀਆਂ।”
“ਉਹ ਗੱਲਾਂ ਤੁਸੀ ਮਨ ਤੇ ਨਾ ਲਾਉ।” ਹਰਜਿੰਦਰ ਸਿੰਘ ਨੇ ਕਿਹਾ, “ਇਸ ਤਰ੍ਹਾਂ ਦੇ ਬੇ-ਸਮਝ ਵਾਲੇ ਦੋ-ਚਾਰ ਬੰਦੇ ਪਿੰਡਾਂ ਵਿਚ ਹੁੰਦੇ ਨੇ ਜਿਹੜੇ ‘ਮੁਰਦਾ ਬੋਲੇ ਕਫਨ ਪਾੜੇ’ ਵਾਲੀ ਗੱਲ ਕਰਦੇ ਰਹਿੰਦੇ ਨੇ।”
ਫਿਰ ਛੇਤੀ ਹੀ ਸਾਰਿਆਂ ਨੇ ਇਕ ਦੂਜੇ ਨੂੰ ਫਤਹਿ ਬੁਲਾਈ। ਮੁਖਤਿਆਰ ਨੇ ਹਵੇਲੀ ਵਿਚ ਖੜ੍ਹੀ ਜੀਪ ਸਟਾਰਟ ਕੀਤੀ ਅਤੇ ਆਪਣੇ ਪਿੰਡ ਵੱਲ ਨੂੰ ਤੋਰ ਲਈ। ਰਸਤੇ ਵਿਚ ਜਾਂਦਿਆ ਹਰਨਾਮ ਕੌਰ ਬੋਲੀ, “ਬੁੜੀਆਂ ਵਿਚ ਬੈਠੀ ਨੂੰ ਤਾਂ ਮੈਨੂੰ ਸ਼ਰਮ ਆਵੇ ਕਿ ਲੋਕੀ ਕੀ ਕਹਿੰਦੇ ਹੋਣਗੇ ਕਿ ਕੱਲ੍ਹ ਇਹਨਾਂ ਕੁੜੀ ਵਿਆਹੀ ਅੱਜ ਇਹਨਾ ਦੇ ਘਰ ਮਾਤਮ ਛਾ ਗਿਆ।”
“ਉੱਥੇ ਤਾਂ ਪਿੰਡ ਵਾਲਿਆਂ ਨੂੰ ਪਤਾ ਵੀ ਨਹੀਂ ਸੀ ਵਿਆਹ ਦਾ।” ਮੁਖਤਿਆਰ ਨੇ ਕਿਹਾ।
“ਘਰ ਦੇ ਤਾਂ ਸੋਚਦੇ ਹੀ ਹੋਣਗੇ।” ਹਰਨਾਮ ਕੌਰ ਨੇ ਕਿਹਾ।
“ਹਰਨਾਮ ਕੌਰ, ਤੂੰ ਵੀ ਬਸ ਉਲਟਾ ਹੀ ਸੋਚਦੀ ਆਂ।” ਕੋਲ ਬੈਠੀ ਗਿਆਨ ਕੌਰ ਨੇ ਕਿਹਾ, “ਤੈਨੂੰ ਅਜੇ ਪਤਾ ਹੀ ਨਹੀ ਲੱਗਾ ਕਿ ਹਰਜਿੰਦਰ ਸਿੰਹੁ ਦਾ ਟੱਬਰ ਕਿੰਨਾ ਚੰਗਾ ਆ।” ਜੀਪ ਦੀ ਖਿੜਕੀ ਦੇ ਕੋਲ ਬੈਠੀ ਸੁਰਜੀਤ ਦਾ ਰੋਣਾ ਨਿਕਲ ਗਿਆ, ਪਰ ਉਸ ਨੂੰ ਕਿਸੇ ਨੇ ਵੀ ਕੁਝ ਨਹੀ ਸੀ ਕਿਹਾ। ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਸੁਰਜੀਤ ਨੂੰ ਤਾਂ ਆਪਣੀ ਧੀ ਦਾ ਫਿਕਰ ਸੀ ਕਿ ਉਹ ਕਿਹੜੇ ਹਾਲਾਤਾਂ ਵਿਚ ਹੋਵੇਗੀ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>