ਹੱਕ ਲਈ ਲੜਿਆ ਸੱਚ – (ਭਾਗ-70)

ਅੱਜ ਮੁਖਤਿਆਰ ਨੂੰ ਅਜੇ ਨੀਂਦ ਨਹੀ ਸੀ ਆ ਰਹੀ। ਉਸ ਦੇ ਦਿਮਾਗ ਵਿਚ ਅਜੇ ਵੀ ਜੋਗੇ ਲੰਬੜ ਦੀਆਂ ਗੱਲਾਂ ਘੁੰਮ ਰਹੀਆਂ ਸਨ। ਗਿਆਨ ਕੌਰ ਦੀ ਖੰਘ ਨੇ ਉਸ ਦਾ ਧਿਆਨ ਆਪਣੇ ਵੱਲ ਖਿਚਿਆ ਤਾਂ ਉਸ ਨੇ ਅਵਾਜ਼ ਮਾਰ ਕੇ ਪੁੱਛਿਆ, “ਤਾਈ ਜੀ, ਪਾਣੀ ਲਿਆਵਾਂ।”
“ਪਾਣੀ ਤਾਂ ਮੇਰੇ ਸਿਰਹਾਣੇ ਪਿਆ ਹੈ।” ਗਿਆਨ ਕੌਰ ਨੇ ਦੱਸਿਆ, “ਸੁਰਜੀਤ ਨੂੰ ਪੁੱਛ ਜੇ ਉਹ ਮੈਨੂੰ ਮਲੱਠੀ ਟੋਲ ਕੇ ਦੇਵੇ ਤਾਂ ਫਿਰ ਭਾਵੇਂ ਇਹ ਸੜ ਜਾਣੀ ਖੰਘ ਰੁਕ ਜਾਵੇ।”
ਮੁਖਤਿਆਰ ਨੇ ਸੁਰਜੀਤ ਨੂੰ ਉਠਾਇਆ ਜੋ ਅਜੇ ਮੰਜੇ ਤੇ ਜਾਗਦੀ ਹੀ ਪਈ ਸੀ। ਸੁਰਜੀਤ ਨੇ ਮਲੱਠੀ ਲਿਆ ਕੇ ਗਿਆਨ ਕੌਰ ਨੂੰ ਦਿੱਤੀ ਹੀ ਸੀ ਬਾਹਰਲਾ ਦਰਵਾਜ਼ਾ ਜੋਰ ਜੋਰ ਦੀ ਖੜਕਿਆ। ਗਿਆਨ ਕੌਰ ਨੇ ਹੈਰਾਨ ਹੁੰਦੇ ਕਿਹਾ, “ਇਸ ਵੇਲੇ ਕੌਣ?”
“ਮੈ ਦੇਖਦਾ ਹਾਂ।” ਮੁਖਤਿਆਰ ਨੇ ਮੰਜੇ ਕੋਲ ਪਈ ਜੁੱਤੀ ਪਾਉਂਦੇ ਕਿਹਾ, “ਪੰਡਤਾਂ ਦਾ ਬਾਬਾ ਠੀਕ ਹੋਵੇ।”
ਪਿੱਛਲੀ ਵਾਰੀ ਜਦੋਂ ਇਸ ਕੁ ਸਮੇਂ ਇਸ ਤਰ੍ਹਾਂ ਹੀ ਬਾਹਰਲਾ ਦਰਵਾਜ਼ਾ ਖੜਕਿਆ ਸੀ ਤਾਂ ਪੰਡਤਾਂ ਦੇ ਬਾਬੇ ਨੂੰ ਹਾਰਟ ਅਟੈਕ ਹੋਇਆ ਸੀ। ਉਹ ਮੁਖਤਿਆਰ ਨੂੰ ਕਹਿਣ ਆਏ ਸਨ ਕਿ ਉਹ ਮੋਟਰਸਾਈਕਲ ਤੇ ਬਾਬੇ ਨੂੰ ਸ਼ਹਿਰ ਲੈ ਜਾਵੇ। ਮੁਖਤਿਆਰ ਸਮੇਂ ਸਿਰ ਬਾਬੇ ਨੂੰ ਲੈ ਕੇ ਹਸਪਤਾਲ ਪੁੰਹਚ ਗਿਆ ਸੀ ਤੇ ਬਾਬਾ ਠੀਕ ਹੋ ਗਿਆ ਸੀ। ਪੰਡਤ ਭਾਵੇਂ ਪਿੰਡ ਦੇ ਦੂਜੇ ਪਾਸੇ ਰਹਿੰਦੇ ਹਨ, ਫਿਰ ਵੀ ਉਹਨਾਂ ਦਾ ਅਤੇ ਮੁਖਤਿਆਰ ਦਾ ਆਪਸ ਵਿਚ ਭਰਾਵਾਂ ਵਰਗਾ ਮਿਲਵਰਤਣ ਹੈ।
ਦਰਵਾਜ਼ਾ ਖੁਲਣ ਦੀ ਹੀ ਦੇਰ ਸੀ ਕਿ ਪੁਲੀਸ ਦੜਾਦੜ ਅੰਦਰ ਆ ਗਈ।
“ਤੂੰ ਮੁਖਤਿਆਰ ਆਂ।” ਠਾਣੇਦਾਰ ਨੇ ਪੁੱਛਿਆ।
“ਹਾਂ ਜੀ।”
“ਤੇਰੀ ਕੁੜੀ ਹੀ ਦਿਲਪ੍ਰੀਤ ਨੂੰ ਵਿਆਹੀ ਹੋਈ ਆ।”
“ਹਾਂ ਜੀ।”
“ਦਿਲਪ੍ਰੀਤ ਕਿੱਥੇ ਹੈ?”
“ਪਤਾ ਨਹੀਂ ਜੀ।”
“ਚਲੋ, ਲਉ ਤਲਾਸ਼ੀ ਸਾਰੇ ਘਰ ਦੀ।” ਠਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਚਾੜਿ੍ਹਆ, “ਇਸ ਬੈਠਕ ਤੋਂ ਹੀ ਸ਼ੁਰੂ ਹੋ ਜਾਵੋ।”
ਪੁਲੀਸ ਦਾ ਹੱਲਾ- ਗੁੱਲਾ ਸੁਣ ਕੇ ਪਰਿਵਾਰ ਦੇ ਸਾਰੇ ਜੀਅ ਉੱਠ ਬੈਠੇ। ਗੁਵਾਂਢੀ ਵੀ ਕੰਧਾਂ ਉੱਪਰ ਦੀ ਮੂੰਹ ਚੁੱਕ ਚੁੱਕ ਕੇ ਮੁਖਤਿਆਰ ਦੇ ਘਰ ਵੱਲ ਦੇਖਣ ਲੱਗੇ। ਹਨੇਰੇ ਵਿਚ ਭਾਵੇਂ ਉਹਨਾਂ ਨੂੰ ਕੁਝ ਖਾਸ ਤਾਂ ਦਿਸ ਨਹੀ ਸੀ ਰਿਹਾ, ਫਿਰ ਵੀ ਦੇਖਣ ਲਈ ਆਪਣੀ ਪੂਰੀ ਵਾਹ ਲਾ ਰਹੇ ਸਨ।
ਸਿਪਾਹੀ ਘਰ ਦਾ ਕੋਨਾ ਕੋਨਾ ਫਰੋਲਣ ਲੱਗੇ। ਠਾਣੇਦਾਰ ਘਰ ਦੇ ਮੈਬਰਾਂ ਕੋਲੋ ਸਵਾਲ ਪੁੱਛਣ ਲੱਗਾ, “ਤੁਹਾਡੇ ਧੀ-ਜਵਾਈ ਤਹਾਨੂੰ ਕਿੰਨੀ ਵਾਰੀ ਮਿਲਣ ਆਏ।”
“ਉਹ ਤਾਂ ਇਕ ਵਾਰੀ ਵੀ ਨਹੀਂ ਆਏ।” ਗਿਆਨ ਕੌਰ ਨੇ ਦੱਸਿਆ, “ਦਿਲਪ੍ਰੀਤ ਤਾਂ ਕਦੀ ਵੀ ਇਸ ਘਰ ਵਿਚ ਨਹੀਂ ਆਇਆ।”
“ਮੈਨੂੰ ਸਿਧੀ ਤਰ੍ਹਾਂ ਦੱਸ ਦਿਉ, ਉਹ ਕਿੱਥੇ ਆ।” ਠਾਣਦਾਰ ਨੇ ਦੱਬਕਾ ਮਾਰਿਆ, “ਨਹੀ ਤਾਂ ਸਾਰੇ ਟੱਬਰ ਨੂੰ ਹੱਥ-ਕੜੀਆ ਲਾ ਕੇ ਲੈ ਜਾਊਂਗਾ।”
“ਤੂੰ ਜਾ ਕੇ ਦਿਲਪ੍ਰੀਤ ਦੇ ਲਾਣੇ ਤੋਂ ਪੁੱਛ ਪਈ ਉਹ ਕਿੱਥੇ ਆ”? ਹਰਨਾਮ ਕੌਰ ਨੇ ਕਿਹਾ, “ਸਾਡੇ ਕਾਹਨੂੰ ਮਗਰ ਪਿਆ ਹੋਇਆ ਹੈਂ।”
“ਉਹਦਾ ਲਾਣਾ ਤਾਂ ਮੈਂ ਅੰਦਰ ਕਰ ਦਿੱਤਾ।” ਠਾਣੇਦਾਰ ਨੇ ਸਾਫ ਦੱਸਿਆ, “ਵਾਰੀ ਤਾਂ ਹੁਣ ਤੁਹਾਡੀ ਆ।”
“ਹੁਣ ਦਿਲਪ੍ਰੀਤ ਨੇ ਕਰ ਕੀ ਦਿੱਤਾ?” ਗਿਆਨ ਕੌਰ ਨੇ ਪੁੱਛਿਆ, “ਜਿਹੜਾ ਤੁਸੀਂ ਸਾਡੇ ਮਗਰ ਹੱਥ ਧੋ ਕੇ ਪੈ ਗਏ।”
“ਬਸੀਮੇ ਵਾਲਾ ਜਥੇਦਾਰ ਦਿਲਪ੍ਰੀਤ ਨੇ ਮਾਰਿਆ ਹੈ ਤੇ ਉਸ ਦੇ ਹੋਰ ਵੀ ਕਈ ਪ੍ਰੋਗਰਾਮ ਬਣਾਏ ਹੋਏ ਨੇ ਜੋ ਹੁਣ ਅਸੀਂ ਸਿਰੇ ਨਹੀ ਚੜ੍ਹਨ ਦੇਣੇ।” ਠਾਣੇਦਾਰ ਨੇ ਕਿਹਾ।
“ਦਾਦੇ-ਮੰਗਾਵੇ ਬਸੀਮੇ ਵਾਲਾ ਜੱਥੇਦਾਰ।” ਹਰਨਾਮ ਕੌਰ ਫਿਰ ਬੋਲੀ, “ਤੁਸੀ ਬਸੀਮੇ ਵਾਲਿਆਂ ਨੂੰ ਜਾ ਕੇ ਪੁੱਛੋ, ਦਿਲਪ੍ਰੀਤ ਕਿੱਥੇ ਆ ਅਤੇ ਕਦੋਂ ਜੱਥੇਦਾਰ ਨੂੰ ਮਾਰ ਕੇ ਗਿਆ।”
“ਬੁੜ੍ਹੀਏ ਕੰਨ ਖੋਲ੍ਹ ਕੇ ਸੁਣ ਲੈ।” ਠਾਣੇਦਾਰ ਗੁੱਸੇ ਵਿਚ ਬੋਲਿਆ, “ਜੇ ਹੁਣ ਬੋਲੀ ਤਾਂ ਤੇਰੇ ਪੁੱਤ ਤੋਂ ਪਹਿਲਾ ਤੈਨੂੰ ਹੱਥਕੜੀਆਂ ਠੋਕੂਗਾਂ।”
ੳਦੋਂ ਹੀ ਸਿਪਾਹੀ ਸਾਰੀ ਘਰ ਦੀ ਤਲਾਸ਼ੀ ਲੈ ਕੇ ਤਸੱਲੀ ਵਿਚ ਬੋਲੇ, “ਸਾਬ੍ਹ ਘਰ ਵਿਚ ਦਿਲਪ੍ਰੀਤ ਨਹੀਂ ਮਿਲਿਆ।”
“ਚਲੋ ਫਿਰ ਲਾਉ ਹੱਥਕੜੀਆਂ ਇਸ ਨੂੰ।” ਠਾਣੇਦਾਰ ਨੇ ਮੁਖਤਿਆਰ ਵੱਲ ਇਸ਼ਾਰਾ ਕਰਦੇ ਕਿਹਾ, “ਠਾਣੇ ਵਿਚ ਜਦੋਂ ਇਹਦੇ ਘੋਟਣਾ ਲੱਗਾਂ ਤਾਂ ਇਸ ਨੇ ਆਪ ਹੀ ਬਕ ਪੈਣਾ ਕਿ ਜਵਾਈ ਹੈ ਕਿੱਥੇ?”
ਉਸ ਦੀ ਇਹ ਗੱਲ ਸੁਣ ਕੇ ਸਾਰਾ ਟੱਬਰ ਦੰਗ ਰਹਿ ਗਿਆ। ਪਿੱਛੇ ਖੜ੍ਹੀ ਸੁਰਜੀਤ ਅੱਗੇ ਆ ਗਈ ਤੇ ਬੋਲੀ, “ਜੇ ਇਹਨਾਂ ਨੂੰ ਲਿਜਾਣਾ ਹੈ ਤਾਂ ਸਾਨੂੰ ਵੀ ਲੈ ਜਾਹ।”
“ਇਦਾਂ ਕਿਦਾਂ ਤੁਸੀ ਮੁਖਤਿਆਰ ਨੂੰ ਹੱਥਕੜੀ ਲਾ ਦੇਵੋਂਗੇ।” ਗਿਆਨ ਕੌਰ ਨੇ ਕਿਹਾ, “ਸਾਡੀ ਵੀ ਕੋਈ ਇੱਜ਼ਤ ਹੈ ਪਿੰਡ ਵਿਚ, ਤੁਹਾਡਾ ਤਾਂ ਮੂੰਹ ਪੈ ਗਿਆ ਹੈ ਪਿੰਡਾਂ ਵਿਚੋਂ ਬੰਦੇ ਚੁੱਕਣ ਦਾ।”
ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਵਿਕਰਮ ਜੋ ਚੁਬਾਰੇ ਦੇ ਪਿਛਲੇ ਪਾਸੇ ਗੂਰੇ ਬਾਲਮੀਕੇ ਦੀ ਛੱਤ ਤੇ ਉੱਤਰ ਕੇ ਸਰਪੰਚ ਦੇ ਘਰ ਚਲ ਗਿਆ ਸੀ। ਸਰਪੰਚ ਅਤੇ ਪੰਚਾਇਤ ਦੇ ਹੋਰ ਮੈਂਬਰ ਲੈ ਕੇ ਹਾਜ਼ਰ ਹੋ ਗਿਆ। ਆਂਢ-ਗੁਵਾਂਢ ਵੀ ਮੁਖਤਿਆਰ ਦੇ ਬਾਹਰਲੇ ਵਿਹੜੇ ਵਿਚ ਇਕੱਠਾ ਹੋ ਗਿਆ। ਜਿਸ ਨੂੰ ਦੇਖ ਕੇ ਠਾਣੇਦਾਰ ਮੁਖਤਿਆਰ ਨੂੰ ਹੱਥਕੜੀਆਂ ਲਾਉਣ ਵਿਚ ਝਿਜਕਦਾ ਹੋਇਆ ਇਕੱਠ ਵੱਲ ਨੂੰ ਮੂੰਹ ਕਰਕੇ ਕਹਿਣ ਲੱਗਾ, “ਤੁਸੀਂ ਸਾਰੇ ਇੱਕਠੇ ਕਿਉਂ ਹੋ ਗਏ ਹੋ?”
“ਹੁਣ ਤੁਸੀਂ ਪੁਲੀਸ ਵਾਲੇ ਸਾਡੇ ਪਿੰਡ ਦਾ ਕੋਈ ਬੰਦਾ ਇਸ ਤਰ੍ਹਾਂ ਨਹੀਂ ਲਿਜਾ ਸਕਦੇ।” ਸਰਪੰਚ ਨੇ ਸਾਫ ਕਿਹਾ, “ਜਿਵੇਂ ਪਹਿਲਾਂ ਲਿਜਾਂਦੇ ਰਹੇ ਹੋ।”
“ਕਿਉਂ”?
“ਸਾਡੇ ਪਿੰਡ ਨੇ ਫੈਂਸਲਾ ਕੀਤਾ ਹੈ ਕਿ ਸਾਰਾ ਪਿੰਡ ਇਸ ਤਰ੍ਹਾਂ ਬੰਦੇ ਚੱੁਕਣ ਵਾਲੀ ਪੁਲੀਸ ਦਾ ਵਿਰੋਧ ਕਰੇਗਾ।” ਪੰਚ ਨੇ ਦੱਸਿਆ, “ਸਾਡੇ ਪਿੰਡ ਵਿਚ ਇਤਫਾਕ ਹੋਣ ਕਾਰਨ ਸਾਰੇ ਇਸ ਗੱਲ ਨਾਲ ਸਹਿਮਤ ਹਨ।”
ਠਾਣੇਦਾਰ ਨੇ ਸੋਚਿਆ ਕਿ ਜੇ ਮੈਂ ਮੁਖਤਿਆਰ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਹੋ ਸਕਦਾ ਗੱਲ ਵੱਧ ਜਾਵੇ। ਉਸ ਨੇ ਹੌਲੀ ਜਿਹੀ ਕੋਲ ਖੜੇ ਸਿਪਾਹੀ ਨੂੰ ਕਿਹਾ, “ਸਰਕਾਰੀ ਪੈਸੇ ਨਾਲ ਇਸ ਪਿੰਡ ਦਾ ਇਤਫਾਕ ਖ੍ਰੀਦਾਗੇਂ ਫਿਰ ਪਿੰਡ ਵਾਲਿਆਂ ਦੀ ਆਪਸ ਵਿਚ ਦੁਸ਼ਮਣੀ ਪਾਵਾਂਗੇ, ਫਿਰ ਸਰਕਾਰ ਦੀ ਸਿਖਾਈ ਗੇਮ ਖੇਡਾਂਗੇ, ਫਿਰ ਦੇਖਾਂਗੇ ਕਿ ਇਹ ਇਕੱਠ ਕਿੱਥੇ ਕੁ ਤੱਕ ਨਿਭਦਾ?” ਅੱਖਾਂ ਅੱਖਾਂ ਵਿਚ ਹੀ ਇਹ ਸਭ ਸੋਚ ਕੇ ਠਾਣਦਾਰ ਦਿਲ ਵਿਚ ਹੀ ਮੁਸਕ੍ਰਾਇਆ ਤੇ ਉਥੋਂ ਆਪਣੇ ਸਿਪਾਹੀ ਲੈ ਕੇ ਚਲਾ ਗਿਆ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>