14 ਅਪ੍ਰੈਲ 1919 ਜਲਿਆਂਵਾਲਾ ਬਾਗ ਦੇ ਸਾਕੇ ਵਾਲੇ ਦਿਨ ਹੋਇਆ ਸੀ ਭਾਰਤ ਦੀ ਪਹਿਲੀ ਰੋਕ ਸਟਾਰ ਗੀਤਾਂ ਵਾਲੀ ਗਾਇਕਾ ਦਾ ਜਨਮ

20220414_211853.resizedਸ਼ਮਸ਼ਾਦ ਬੇਗਮ (14 ਅਪ੍ਰੈਲ, 1919 – 23 ਅਪ੍ਰੈਲ, 2013) ਭਾਰਤੀ ਹਿੰਦੀ ਸਿਨੇਮਾ ਦਾ ਉਹ ਨਾਮ ਹੈ ਜਿਸ ਨੂੰ ਸੰਗੀਤ ਪ੍ਰੇਮੀ ਕਦੇ ਨਹੀਂ ਭੁੱਲ ਸਕਦੇ। ਸ਼ਮਸ਼ਾਦ ਨੇ ਆਪਣੇ ਕਰੀਅਰ ‘ਚ ਅਜਿਹੇ ਗੀਤ ਗਾਏ ਸਨ, ਜਿਨ੍ਹਾਂ ਨੂੰ ਅੱਜ ਤੱਕ ਪ੍ਰਸ਼ੰਸਕ ਨਹੀਂ ਭੁੱਲੇ ਹਨ। ਅੱਜ ਸ਼ਮਸ਼ਾਦ ਬੇਗਮ ਦਾ ਜਨਮ ਦਿਨ ਹੈ। ਸ਼ਮਸ਼ਾਦ ਦੇ ਗੀਤਾਂ ਦੀਆਂ ਧੁਨਾਂ ਅਤੇ ਬੋਲ ਅੱਜ ਤੱਕ ਸੰਗੀਤ ਪ੍ਰੇਮੀਆਂ ਦੇ ਦਿਲ ਨੂੰ ਸਕੂਨ ਦੇਣ ਦਾ ਕੰਮ ਕਰ ਰਹੇ ਹਨ।

ਸ਼ਮਸ਼ਾਦ ਬੇਗਮ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਜਰਾ ਮੁਹੱਬਤ ਵਾਲਾ, ਲੈਕੇ ਪਹਿਲਾ ਪਹਿਲਾ ਪਿਆਰ, ਮੇਰੇ ਪਿਆਰ ਗਏ ਰੰਗੂਨ ਵਰਗੇ ਅਣਗਿਣਤ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਭਾਸ਼ਾਵਾਂ ਵਿੱਚ 6,000 ਤੋਂ ਵੱਧ ਗੀਤ ਗਾਏ। ਪ੍ਰਸ਼ੰਸਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸ਼ਮਸ਼ਾਦ ਬੇਗਮ ਆਪਣੇ ਸਮੇਂ ਦੀ ਸਭ ਤੋਂ ਵੱਧ ਮੰਗ ਵਾਲੀ ਅਤੇ ਕਮਾਈ ਕਰਨ ਵਾਲੀ ਪਲੇਬੈਕ ਗਾਇਕਾ ਸੀ।

ਸ਼ਮਸ਼ਾਦ ਬੇਗਮ ਦੇ ਜਿੰਨੇ ਗੀਤ ਰੀਮਿਕਸ ਕੀਤੇ ਗਏ, ਸ਼ਾਇਦ ਹੀ ਕਿਸੇ ਹੋਰ ਗਾਇਕ ਗਾਇਕਾ ਦੇ ਗੀਤਾਂ ਨੂੰ ਰੀਮਿਕਸ ਕੀਤਾ ਗਿਆ ਹੋਵੇ। ਉਨ੍ਹਾਂ ਵੱਲੋਂ ਗਾਏ ਗੀਤਾਂ ਦੇ ਰੀਮਿਕਸ ‘ਸੱਈਆ ਦਿਲ ਮੈਂ ਆਨਾ ਰੇ’, ‘ਕਜਰਾ ਮੁਹੱਬਤ ਵਾਲਾ’, ‘ਕਭੀ ਆਰ ਕਭੀ ਪਾਰ’ ਬਹੁਤ ਮਸ਼ਹੂਰ ਹੋਏ ਹਨ। ਖਾਸ ਗੱਲ ਇਹ ਹੈ ਕਿ ਸ਼ਮਸ਼ਾਦ ਦੇ ਅਸਲੀ ਗੀਤ ਜਿੰਨਾ ਮਸ਼ਹੂਰ ਹੋਏ, ਰਿਮਿਕਸ ਨੇ ਊਸ ਤੋਂ ਵੀ ਵੱਧ  ਹੰਗਾਮਾ ਮਚਾਇਆ। ਉਨ੍ਹਾਂ ਦੇ ਗੀਤਾਂ ਨੇ ਹਰ ਨੌਜਵਾਨ ਦੇ ਦਿਲ ਵਿਚ ਆਪਣੀ ਪਛਾਣ ਬਣਾ ਲਈ। ਸ਼ਮਸ਼ਾਦ ਰੀਮਿਕਸ ਨੂੰ ਸਮੇਂ ਦੀ ਲੋੜ ਸਮਝਦੀ ਸੀ।

ਜਿਸ ਦਿਨ ਸ਼ਮਸ਼ਾਦ ਬੇਲਮ ਦਾ ਜਨਮ  ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ, ਇਸੇ ਦਿਨ 14 ਅਪ੍ਰੈਲ 1919 ਨੂੰ ਨੇੜਲੇ ਸ਼ਹਿਰ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ ਸੀ। ਉਹ ਆਪਣੇ ਮਾਤਾ ਪਿਤਾ ਦੇ ਅੱਠ ਬੱਚਿਆਂ ਵਿੱਚੋਂ ਇੱਕ ਸੀ, ਪੰਜ ਪੁੱਤਰ ਅਤੇ ਤਿੰਨ ਧੀਆਂ, ਸੀਮਤ ਸਾਧਨਾਂ ਵਾਲੇ ਇੱਕ ਰੂੜੀਵਾਦੀ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਈ। ਉਸਦੇ ਪਿਤਾ, ਮੀਆਂ ਹੁਸੈਨ ਬਖਸ਼ ਮਾਨ, ਇੱਕ ਮਕੈਨਿਕ ਵਜੋਂ ਕੰਮ ਕਰਦੇ ਸਨ, ਅਤੇ ਉਸਦੀ ਮਾਂ, ਗੁਲਾਮ ਫਾਤਿਮਾ, ਇੱਕ ਰੂੜ੍ਹੀਵਾਦੀ ਸੁਭਾਅ ਦੀ ਇੱਕ ਪਾਕ ਔਰਤ, ਇੱਕ ਸਮਰਪਿਤ ਪਤਨੀ ਅਤੇ ਮਾਂ ਜਿਸਨੇ ਆਪਣੇ ਬੱਚਿਆਂ ਨੂੰ ਰਵਾਇਤੀ ਪਰਿਵਾਰਕ ਕਦਰਾਂ-ਕੀਮਤਾਂ ਨਾਲ ਪਾਲਿਆ।

ਪਹਿਲੀ ਵਾਰ ਸ਼ਮਸ਼ਾਦ ਬੇਗਮ ਦੀ ਆਵਾਜ਼ 16 ਦਸੰਬਰ 1947 ਨੂੰ ਲਾਹੌਰ ਵਿੱਚ ਪੇਸ਼ਾਵਰ ਰੇਡੀਓ ਰਾਹੀਂ ਲੋਕਾਂ ਦੇ ਸਾਹਮਣੇ ਆਈ। ਉਨ੍ਹਾਂ ਦੀ ਆਵਾਜ਼ ਦੇ ਜਾਦੂ ਨੇ ਲੋਕਾਂ ਨੂੰ ਉਨ੍ਹਾਂ ਦਾ ਪ੍ਰਸ਼ੰਸਕ ਬਣਾ ਦਿੱਤਾ। ਉਸ ਸਮੇਂ ਦੌਰਾਨ ਸ਼ਮਸ਼ਾਦ ਬੇਗਮ ਨੂੰ ਹਰ ਗੀਤ ਲਈ ਪੰਦਰਾਂ ਰੁਪਏ ਮਿਹਨਤਾਨਾ ਮਿਲਦਾ ਸੀ।

ਸ਼ਮਸ਼ਾਦ ਬੇਗਮ ਨੂੰ ਉਸ ਸਮੇਂ ਦੀ ਮਸ਼ਹੂਰ ਕੰਪਨੀ ਜ਼ੈਨੋਫੋਨ, ਜੋ ਕਿ ਸੰਗੀਤ ਰਿਕਾਰਡ ਕਰਦੀ ਸੀ, ਕੰਪਨੀ ਨਾਲ ਉਨ੍ਹਾਂ ਦਾ ਇਕਰਾਰਨਾਮਾ ਪੂਰਾ ਹੋਣ ‘ਤੇ 5000 ਰੁਪਏ ਨਾਲ ਸਨਮਾਨਿਤ ਕੀਤਾ ਗਿਆ ਸੀ। ਰੇਡੀਓ ‘ਤੇ ਉਨ੍ਹਾਂ ਦੀ ਆਵਾਜ਼ ਸੁਣ ਕੇ ਕਈ ਸੰਗੀਤ ਨਿਰਦੇਸ਼ਕਾਂ ਨੇ ਉਸ ਨਾਲ ਸੰਪਰਕ ਕੀਤਾ।

ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ‘ਖਜਾਨਚੀ’ ਸੀ। ਸ਼ਮਸ਼ਾਦ ਨੇ ਫਿਲਮ ਦੇ 9 ਗੀਤ ਗਾਏ ਹਨ। ਰੇਡੀਓ ‘ਤੇ ਉਨ੍ਹਾਂ ਦੀ ਗਾਇਕੀ ਤੋਂ ਓ.ਪੀ. ਨਈਅਰ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸ਼ਮਸ਼ਾਦ ਨੂੰ ਆਪਣੀ ਫਿਲਮ ‘ਚ ਗਾਉਣ ਦਾ ਮੌਕਾ ਦਿੱਤਾ। ਸ਼ਮਸ਼ਾਦ 50, 60 ਅਤੇ 70 ਦੇ ਦਹਾਕੇ ਵਿੱਚ ਸੰਗੀਤਕਾਰਾਂ ਦੀ ਪਸੰਦੀਦਾ ਗਾਇਕਾ ਸੀ। ਸ਼ਮਸ਼ਾਦ ਨੂੰ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਗੀਤਾ ਦੱਤ ਅਤੇ ਅਮੀਰਬਾਈ ਕਰਨਾਟਕੀ ਨੇ ਕਦੇ ਵੀ ਘੱਟ ਨਹੀਂ ਸਮਝਿਆ। ਉਨ੍ਹਾਂ ਦੀ ਆਵਾਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਸ਼ਮਸ਼ਾਦ ਬੇਗਮ ਨੇ ‘ਆਲ ਇੰਡੀਆ ਰੇਡੀਓ’ ਲਈ ਵੀ ਗਾਇਆ। ਉਸ ਨੇ ਆਪਣਾ ਸੰਗੀਤਕ ਗਰੁੱਪ ‘ਦਿ ਕਰਾਊਨ ਥੀਏਟਰੀਕਲ ਕੰਪਨੀ ਆਫ ਪਰਫਾਰਮਿੰਗ ਆਰਟ’ ਬਣਾਇਆ ਅਤੇ ਇਸ ਰਾਹੀਂ ਦੇਸ਼ ਭਰ ‘ਚ ਕਈ ਪੇਸ਼ਕਾਰੀਆਂ ਦਿੱਤੀਆਂ। ਉਸਨੇ ਕੁਝ ਸੰਗੀਤ ਕੰਪਨੀਆਂ ਲਈ ਭਗਤੀ ਗੀਤ ਵੀ ਗਾਏ। ਮਸ਼ਹੂਰ ਸੰਗੀਤਕਾਰ ਓ. ਪੀ.ਨਈਅਰ ਨੇ ਉਨ੍ਹਾਂ ਦੀ ਆਵਾਜ਼ ਨੂੰ ‘ਮੰਦਿਰ ਦੀ ਘੰਟੀ’ ਦੱਸਿਆ ਸੀ। ਸ਼ਮਸ਼ਾਦ ਬੇਗਮ ਨੇ ਉਸ ਸਮੇਂ ਦੇ ਸਾਰੇ ਮਸ਼ਹੂਰ ਸੰਗੀਤਕਾਰਾਂ ਨਾਲ ਕੰਮ ਕੀਤਾ।

ਸ਼ਮਸ਼ਾਦ ਦਾ ਵਿਆਹ

1932 ਵਿੱਚ,  ਸ਼ਮਸ਼ਾਦ ਬੇਗਮ ਇੱਕ ਹਿੰਦੂ ਕਾਨੂੰਨ ਦੇ ਵਿਦਿਆਰਥੀ ਗਣਪਤ ਲਾਲ ਬੱਟੋ ਦੇ ਸੰਪਰਕ ਵਿੱਚ ਆਈ, ਜੋ ਕਿ ਉਸੇ ਮੁਹੱਲੇ ਵਿੱਚ ਰਹਿੰਦੇ ਸੀ ਅਤੇ ਉਨ੍ਹਾਂ ਤੋਂ ਕਈ ਸਾਲ ਵੱਡਾ ਸੀ। ਉਨ੍ਹਾਂ ਦਿਨਾਂ ਵਿੱਚ, ਬਹੁਤ ਹੀ ਘੱਟ ਸਮੇਂ ਵਿੱਚ ਮੁੰਡੇ – ਕੁੜੀਆਂ ਦਾ ਵਿਆਹ ਹੋ ਜਾਂਦਾ ਸੀ, ਅਤੇ ਸ਼ਮਸ਼ਾਦ ਲਈ ਉਸਦੇ ਮਾਪੇ ਪਹਿਲਾਂ ਹੀ ਉਸਦੇ ਲਈ ਇੱਕ ਢੁਕਵਾਂ ਗਠਜੋੜ ਲੱਭ ਰਹੇ ਸਨ। ਉਨ੍ਹਾਂ ਦੀਆਂ ਕੋਸ਼ਿਸ਼ਾਂ 1934 ਵਿੱਚ ਪੂਰੀਆਂ ਹੋਣ ਦੀ ਕਗਾਰ ‘ਤੇ ਸਨ, ਜਦੋਂ ਗਣਪਤਲਾਲ ਬੱਟੋ ਅਤੇ ਸ਼ਮਸ਼ਾਦ ਨੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। 1934 ਵਿੱਚ, 15 ਸਾਲਾਂ ਦੀ ਸ਼ਮਸ਼ਾਦ ਨੇ ਧਾਰਮਿਕ ਮਤਭੇਦਾਂ ਦੇ ਕਾਰਨ ਦੋਵਾਂ ਪਰਿਵਾਰਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਗਣਪਤਲਾਲ ਬੱਟੋ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਨੂੰ ਸਿਰਫ਼ ਇੱਕ ਬੱਚੇ ਦੀ ਬਖਸ਼ਿਸ਼ ਹੋਈ, ਇੱਕ ਧੀ, ਊਸ਼ਾ, ਜਿਸਦਾ ਵਿਆਹ ਇੱਕ ਹਿੰਦੂ ਸੱਜਣ, ਲੈਫਟੀਨੈਂਟ ਕਰਨਲ ਯੋਗੇਸ਼ ਰਾਤਰਾ, ਭਾਰਤੀ ਫੌਜ ਵਿੱਚ ਇੱਕ ਅਧਿਕਾਰੀ ਨਾਲ ਹੋਇਆ।

ਸਾਢੇ ਬਾਰਾਂ ਰੁਪਏ ਹੀ ਮਿਲੇ

ਅਹੁਦਾ ਹਾਸਲ ਕਰਨ ਲਈ ਸ਼ਮਸ਼ਾਦ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਪਹਿਲੇ ਇਕਰਾਰਨਾਮੇ ਵਿੱਚ ਉਸ ਨੂੰ ਇੱਕ ਗੀਤ ਦੇ ਸਾਢੇ 12 ਰੁਪਏ ਮਿਲਦੇ ਸਨ।ਸ਼ਮਸ਼ਾਦ ਬੇਗਮ ਬਚਪਨ ਵਿੱਚ ਧਾਰਮਿਕ ਸਮਾਗਮਾਂ ਵਿੱਚ ਗਾਇਆ ਕਰਦੀ ਸੀ। ਉਸ ਦੇ ਚਾਚਾ ਸ਼ਮਸ਼ਾਦ ਨੂੰ ਮਾਸਟਰ ਗੁਲਾਮ ਹੈਦਰ ਕੋਲ ਲਿਆਂਦਾ ਗਿਆ ਅਤੇ ਉਸ ਨੂੰ ਗਾਇਕ ਦੀ ਆਵਾਜ਼ ਬਹੁਤ ਪਸੰਦ ਆਈ, ਜਿਸ ਤੋਂ ਬਾਅਦ ਉਸ ਨੂੰ 12 ਗੀਤ ਗਾਉਣੇ ਪਏ ਅਤੇ ਹਰ ਗੀਤ ਦੇ ਸਾਢੇ 12 ਰੁਪਏ ਮਿਲਣੇ ਸਨ।

ਫਿਲਮਾਂ ਨੂੰ ਨਾਂਹ ਕਿਹਾ

ਸ਼ਮਸ਼ਾਦ ਬੇਗਮ ਆਪਣੀ ਜਵਾਨੀ ਮੌਕੇ ਦਿੱਖ ਵਿੱਚ ਵੀ ਬਹੁਤ ਸੋਹਣੀ ਸੀ। ਇੱਕ ਵੱਡੀ ਅਦਾਕਾਰਾ ਉਸਦੀ ਖੂਬਸੂਰਤੀ ਦੇ ਸਾਹਮਣੇ ਫੇਲ ਹੋ ਗਈ, ਜਦੋਂ ਉਹ ਆਪਣੇ ਗੀਤਾਂ ਨਾਲ ਸਭ ਦੇ ਦਿਲਾਂ ‘ਚ ਧਮਾਲ ਮਚਾ ਰਹੀ ਸੀ ਤਾਂ ਉਸ ਨੂੰ ਐਕਟਿੰਗ ਦੇ ਆਫਰ ਵੀ ਮਿਲੇ। ਪਰ ਪਰਿਵਾਰ ਦੀ ਰੂੜੀਵਾਦੀ ਸੋਚ ਕਾਰਨ ਉਸ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਕਿਹਾ ਜਾਂਦਾ ਹੈ ਕਿ ਸ਼ਮਸ਼ਾਦ ਬੇਗਮ ਨੂੰ ਕੈਮਰੇ ਦੇ ਸਾਹਮਣੇ ਆਉਣਾ ਪਸੰਦ ਨਹੀਂ ਸੀ, ਇਸ ਲਈ ਉਹ ਕਦੇ ਵੀ ਕੈਮਰੇ ਦੇ ਸਾਹਮਣੇ ਨਹੀਂ ਆਈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਮਸ਼ਾਦ ਖੁਦ ਨੂੰ ਖੂਬਸੂਰਤ ਨਹੀਂ ਸਮਝਦੀ ਸੀ, ਇਸ ਲਈ ਉਹ ਪਰਦੇ ‘ਤੇ ਨਹੀਂ ਆਈ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਕਦੇ ਵੀ ਕੈਮਰੇ ਦੇ ਸਾਹਮਣੇ ਨਹੀਂ ਆਵੇਗੀ।

ਸ਼ਮਸ਼ਾਦ ਨੇ ਹਮੇਸ਼ਾ ਸਾਦਗੀ ਨਾਲ ਭਰਪੂਰ ਜੀਵਨ ਬਤੀਤ ਕੀਤਾ। ਉਨ੍ਹਾਂ ਨੂੰ ਫੋਟੋਆਂ ਖਿਚਵਾਉਣਾ, ਲਾਈਮਲਾਈਟ ਵਿੱਚ ਰਹਿਣਾ ਅਤੇ ਇੰਟਰਵਿਊ ਦੇਣਾ ਪਸੰਦ ਨਹੀਂ ਸੀ। ਉਨ੍ਹਾਂ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਗਾਉਣਾ ਛੱਡ ਦਿੱਤਾ ਸੀ। ਪਰ ਫਿਰ ਕੁਝ ਸਾਲਾਂ ਬਾਅਦ, ਉਨ੍ਹਾਂ ਨੇ ਪੀ ਦੇ ਘਰ ਅੱਜ ਪਿਆਰੀ ਦੁਲਹਨੀਆ ਚਲੀ ਤੋਂ ਗਾਇਕੀ ਵਿੱਚ ਵਾਪਸੀ ਕੀਤੀ।

ਪ੍ਰਸਿੱਧੀ

ਜਦੋਂ ਸ਼ਮਸ਼ਾਦ ਬੇਗਮ ਦੀ ਮਨਮੋਹਕ ਆਵਾਜ਼ ਵੱਲ ਮਹਾਨ ਸੰਗੀਤਕਾਰ ਨੌਸ਼ਾਦ ਅਤੇ ਓ. ਪੀ. ਨਈਅਰ ਦਾ ਧਿਆਨ  ਖਿੱਚਿਆ ਗਿਆ ਅਤੇ ਉਨ੍ਹਾਂ ਨੇ ਸ਼ਮਸ਼ਾਦ ਨੂੰ ਫਿਲਮਾਂ ਵਿੱਚ ਪਲੇਬੈਕ ਗਾਇਕਾ ਵਜੋਂ ਗਾਉਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ ਸ਼ਮਸ਼ਾਦ ਬੇਗਮ ਦੀ ਸੁਰੀਲੀ ਆਵਾਜ਼ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਪੰਜਾਹ, ਸੱਠ ਅਤੇ ਸੱਤਰ ਦੇ ਦਹਾਕੇ ਵਿੱਚ ਸ਼ਮਸ਼ਾਦ ਬੇਗਮ ਸੰਗੀਤ ਨਿਰਦੇਸ਼ਕਾਂ ਦੀ ਪਹਿਲੀ ਪਸੰਦ ਰਹੀ।

ਸ਼ਮਸ਼ਾਦ ਬੇਗਮ ਦੀ ਸੁਰੀਲੀ ਆਵਾਜ਼ ਨੇ ਸਾਰੰਗੀ ਦੇ ਉਸਤਾਦ ਹੁਸੈਨ ਬਖਸ਼ਵਾਲੇ ਸਾਹਬ ਦਾ ਵੀ ਧਿਆਨ ਖਿੱਚਿਆ ਅਤੇ ਸ਼ਮਸ਼ਾਦ ਨੇ ਉਨ੍ਹਾਂ ਨੂੰ ਵੀ ਆਪਣਾ ਮੁਰੀਦ ਬਣਾ ਲਿਆ। ਲਾਹੌਰ ਦੇ ਸੰਗੀਤਕਾਰ ਗੁਲਾਮ ਹੈਦਰ ਨੇ ‘ਖਜ਼ਾਨਚੀ’ (1941) ਅਤੇ ‘ਖਾਨਦਾਨ’ (1942) ਫਿਲਮਾਂ ਵਿੱਚ ਆਪਣੀ ਜਾਦੂਈ ਆਵਾਜ਼ ਦੀ ਵਰਤੋਂ ਕੀਤੀ। ਸਾਲ 1944 ਵਿੱਚ ਸ਼ਮਸ਼ਾਦ ਬੇਗਮ ਗੁਲਾਮ ਹੈਦਰ ਦੀ ਟੀਮ ਨਾਲ ਮੁੰਬਈ ਆਈ ਸੀ। ਇੱਥੇ ਉਨ੍ਹਾਂ ਨੇ ਕਈ ਫਿਲਮਾਂ ਲਈ ਗੀਤ ਗਾਏ। ਉਨ੍ਹਾਂ  ਨੇ ਪਹਿਲਾ ਪੱਛਮੀ ਪ੍ਰਭਾਵ ਵਾਲਾ ਗੀਤ ‘ਮੇਰੀ ਜਾਨ ਮੇਰੀ ਜਾਨ ਸੰਡੇ ਕੇ ਸੰਡੇ’ ਗਾ ਕੇ ਧਮਾਲ ਮਚਾ ਦਿੱਤੀ। ਉਨ੍ਹਾਂ ਦੀ ਗਾਇਕੀ ਦੀ ਸ਼ੈਲੀ ਪੂਰੀ ਤਰ੍ਹਾਂ ਮੌਲਿਕ ਸੀ।

ਇਥੇ ਅਸੀਂ ਉਸ ਦੇ ਕੁਝ ਸਦਾਬਹਾਰ ਗੀਤਾਂ ਨੂੰ ਯਾਦ ਕਰ ਰਹੇ ਹਾਂ। ਜੋ ਅਜੇ ਵੀ ਇਸ 21ਵੀਂ ਸਦੀ ਦੇਯੁੱਗ’ ਵਿੱਚ ਇੱਕ ਡੀਜੇ ਦੀ ਧੁੰਨ ਨਾਲ ਜੁੜ ਕੇ ਨੌਜਵਾਨਾਂ ਨੂੰ ਹਲੂਣ ਦਿੰਦੇ ਹਨ।

1949 ਦੀ ਫਿਲਮ ‘ਪਤੰਗਾ’ ਦਾ ਸੀ ਰਾਮਚੰਦਰਨ ਦੁਆਰਾ ਰਚਿਆ ਗਿਆ ਗੀਤ ਕਦੇ ਨਹੀਂ ਭੁਲਾਇਆ ਜਾ ਸਕੇਗਾ। ਜਿਸ ਨੂੰ ਸੁੰਦਰ, ਨਿਗਾਰ ਸੁਲਤਾਨਾ ਅਤੇ ਗੋਪ ਦੁਆਰਾ ਸਕ੍ਰੀਨ ‘ਤੇ ਗਾਇਆ ਗਿਆ ਸੀ। ਗੀਤ ਸ਼ੁਰੂ ਹੁੰਦਾ ਹੈ, ‘ਹੈਲੋ… ਹਿੰਦੁਸਤਾਨ ਕਾ ਦੇਹਰਾਦੂਨ?… ਹੈਲੋ… ਮੈਂ ਰੰਗੂਨ ਤੋਂ ਬੋਲ ਰਿਹਾ ਹਾਂ… ਮੈਂ ਆਪਣੀ ਪਤਨੀ ਰੇਣੁਕਾ ਦੇਵੀ ਨਾਲ ਗੱਲ ਕਰਨਾ ਚਾਹੁਦਾ ਹਾਂ। ਇਹ ਪਹਿਲੀ ਫਿਲਮ ਸੀ ਜਿਸ ‘ਚ ‘ਸਪਲਿਟ-ਸਕਰੀਨ’ ਦੀ ਵਰਤੋਂ ਕੀਤੀ ਗਈ ਸੀ। ਅੱਧੀ ਸਕ੍ਰੀਨ ‘ਤੇ ਰੰਗੂਨ ਅਤੇ ਅੱਧੀ ਸਕ੍ਰੀਨ ‘ਤੇ ਦੇਹਰਾਦੂਨ – ਅਤੇ ਅੱਜ ਵੀ, ਸੀ.ਆਈ.ਡੀ. (1956) ਦਾ ਉਹ ਗੀਤ ਸੁਣਿਆ ਜਾਂਦਾ ਹੈ। ਜਿਸ ਵਿੱਚ ਸਦਾਬਹਾਰ ਦੇਵਾਨੰਦ ਆਪਣੀ ਪ੍ਰੇਮਿਕਾ ਸ਼ਕੀਲਾ ਨੂੰ ਲੁਭਾਉਣ ਲਈ ਗਲੀਆਂ ਵਿੱਚ ਗਾਉਂਦੇ ਹੋਏ ਮੰਗਤਿਆਂ ਦੀ ਇੱਕ ਜੋੜੀ ਨਾਲ ਆਪਣੀ ਨਾਇਕਾ ਦਾ ਪਿੱਛਾ ਕਰਦੇ ਹਨ ਅਤੇ ਉਹ ਆਪਣੀ ਜ਼ੁਬਾਨ ਨਾਲ ਉਨ੍ਹਾਂ ਦੇ ਦਿਲ ਦੀ ਗੱਲ ਕਰਦੇ ਹਨ। ਗੀਤ ਦੇ ਬੋਲ ਹਨ ਲੇਕੇ ਪਹਿਲਾ- ਪਹਿਲਾ ਪਿਆਰ।

ਵਰਣਨਯੋਗ ਹੈ ਕਿ 40 ਅਤੇ 50 ਦੇ ਦਹਾਕੇ ਵਿਚ ਸ਼ਮਸ਼ਾਦ ਬੇਗਮ ਦੁਆਰਾ ਗਾਏ ਗੀਤਾਂ ਨੇ ਰੇਡੀਓ ‘ਤੇ ਦਬਦਬਾ ਬਣਾਇਆ ਹੋਇਆ ਸੀ। ਜਿਵੇਂ ਕਿ ਫਿਲਮ ‘ਸੀਆਈਡੀ’ ਦੇ ‘ਲੇਕੇ ਪਹਲਾ ਪਹਲਾ ਪਿਆਰ’ ਅਤੇ ‘ਕਹੀਂ ਪੇ ਨਿਗਾਹੀਂ’। ਇਸ ਤੋਂ ਇਲਾਵਾ ‘ਪਤੰਗਾ’ ਤੋਂ ‘ਮੇਰੇ ਪੀਆ ਰੰਗੂਨ’ ਅੱਜ ਵੀ ਕਈ ਮੋਬਾਈਲਾਂ ‘ਚ ਦੇਖਣ ਨੂੰ ਮਿਲਣਗੇ।

ਫਿਲਮ ਬਹਾਰ’ ਦਾ ‘ਸਾਈਆਂ ਦਿਲ ਮੈਂ ਆਨਾ ਰੇ’ ਅਤੇ ‘ਕਿਸਮਤ’ ਦਾ ‘ਕਜਰਾ ਮੁਹੱਬਤ ਵਾਲਾ’ ਜੋ ਉਨ੍ਹਾਂ  ਨੇ ਹੀਰੋਇਨ ਬਬੀਤਾ ਲਈ ਨਹੀਂ ਬਲਕਿ ਫ਼ਿਲਮ ਦੇ ਹੀਰੋ ਵਿਸ਼ਵਜੀਤ ਲਈ ਗਾਇਆ ਸੀ।

ਸ਼ਮਸ਼ਾਦ ਨੇ ਪੱਛਮੀ ਧੁਨਾਂ ‘ਤੇ ਆਧਾਰਿਤ ਗੀਤ ਵੀ ਗਾਏ ਅਤੇ ਆਪਣੀ ਬਹੁਮੁਖਤਾ ਦਾ ਸਬੂਤ ਦਿੱਤਾ।

ਫਿਲਮ ‘ਰਾਕਸਟਾਰ ( 2011)’ ਦਾ ਗੀਤ ‘ ਕੱਤਿਆ ਕਰੂੰ’ ਨੂੰ ਖੂਬ ਹੁੰਗਾਰਾ ਮਿਲਿਆ ਸੀ ਪਰ ਇਹ ਗੀਤ ਕਰੀਬ 48 ਸਾਲ ਪਹਿਲਾਂ ਸ਼ਮਸ਼ਾਦ ਦੇ ਗੀਤ ਤੋਂ ਪ੍ਰੇਰਿਤ ਸੀ। ਮਸ਼ਹੂਰ ਗਾਇਕਾ ਸ਼ਮਸ਼ਾਦ ਬੇਗਮ ਨੇ 1963 ‘ਚ ਕੱਤਿਆ ਕਰੂੰ’ ਗਾਇਆ ਸੀ। ਇਹ ਗੀਤ ਬਲੈਕ ਐਂਡ ਵ੍ਹਾਈਟ ਪੰਜਾਬੀ ਫਿਲਮ ‘ਪਿੰਡ ਦੀ ਕੁੜੀ’ ‘ਚ ਅਦਾਕਾਰਾ ਨਿਸ਼ੀ ‘ਤੇ ਫਿਲਮਾਇਆ ਗਿਆ ਸੀ।

ਅੱਜ ਵੀ ਸ਼ਮਸ਼ਾਦ ਦੇ ਗੀਤ ਸੁਣ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ। ਜਦੋਂ ਕਿ ਉਨ੍ਹਾਂ ਦੇ ਗਾਏ ਕਈ ਗੀਤਾਂ ਨੂੰ ਸੱਤਰ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਸ਼ਮਸ਼ਾਦ ਬੇਗਮ ਦੀ ਆਵਾਜ਼ ਨੇ ਕਈ ਗੀਤਾਂ ਨੂੰ ਰੌਸ਼ਨੀ ਨਾਲ ਭਰ ਦਿੱਤਾ। ਉਨ੍ਹਾਂ ਦੀ ਅਵਾਜ਼ ਇੱਕ ਅਜਿਹੀ ਸਵੇਰ ਹੈ, ਜਿੱਥੇ ਹਨੇਰੇ ਦਾ ਕੋਈ ਨਿਸ਼ਾਨ ਨਹੀਂ ਹੈ।

ਅਵਾਜ਼ ਵਿੱਚ ਅਦਭੁਤ ਵਿਭਿੰਨਤਾ, ਵਿਲੱਖਣ ਗਾਇਕੀ ਸ਼ੈਲੀ ਅਤੇ ਵਿਸ਼ੇਸ਼ ਸ਼ੈਲੀ-ਏ-ਬਾਇਨ ਨੇ ਸ਼ਮਸ਼ਾਦ ਨੂੰ ਹਿੰਦੀ ਸਿਨੇਮਾ ਦੀ ਇੱਕ ਵਿਲੱਖਣ ਗਾਇਕਾ ਬਣਾ ਦਿੱਤਾ ਹੈ। ਉਸ ਨੇ 500 ਦੇ ਕਰੀਬ ਗੀਤ ਗਾਏ।

ਸ਼ਮਸ਼ਾਦ ਬੇਗਮ ਕੇ.ਐਲ. ਸਹਿਗਲ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ। ਉਨ੍ਹਾਂ ਨੇ ਸਹਿਗਲ ਦੀ ਫਿਲਮ ‘ਦੇਵਦਾਸ’ 14 ਵਾਰ ਦੇਖੀ ਸੀ। ਇੰਨਾ ਹੀ ਨਹੀਂ, ਉਹ ਉਨ੍ਹਾਂ ਦੀ ਗਾਇਕੀ ਤੋਂ ਵੀ ਬਹੁਤ ਪ੍ਰਭਾਵਿਤ ਸਨ।

ਸ਼ਮਸ਼ਾਦ ਬੇਗਮ ਨੇ ‘ਨਿਸ਼ਾਨ’ ਵਰਗੀਆਂ ਫ਼ਿਲਮਾਂ ਵਿੱਚ ਬਹੁ-ਭਾਸ਼ੀ ਗੀਤ ਵੀ ਗਾਏ। ਫਿਲਮ ਸ਼ਬਨਮ ਵਿੱਚ, ਉਨ੍ਹਾਂ ਨੇ ਬਰਮਨ ਦਾ ਦੇ ਸੰਗੀਤ ਨਿਰਦੇਸ਼ਨ ਵਿੱਚ ਇੱਕ ਗੀਤ ਵਿੱਚ ਛੇ ਭਾਸ਼ਾਵਾਂ ਵਿੱਚ ਇਕੱਠੇ ਗਾਇਆ।

ਸੰਗੀਤ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਮਸ਼ਾਦ ਬੇਗਮ ਦੀ ਆਵਾਜ਼ ਨੇ ਕਈ ਮਰਦ ਗਾਇਕਾਂ ਨੂੰ ਵੀ ਪ੍ਰਭਾਵਿਤ ਕੀਤਾ। ਲੋਕ ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋਏ।

ਮੌਤ
ਸ਼ਮਸ਼ਾਨ ਬੇਗਮ ਨੇ ਭਾਵੇਂ ਕਈ ਸਾਲ ਪਹਿਲਾਂ ਹਿੰਦੀ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ, ਪਰ ਆਪਣੇ ਕਰੀਅਰ ਦੌਰਾਨ, ਉਸਨੇ ਅਣਗਿਣਤ ਅਤੇ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਸਾਲ 2009 ‘ਚ ਸ਼ਮਸ਼ਾਦ ਬੇਗਮ ਨੂੰ ‘ਪ੍ਰੇਸਟਿਜੀਅਸ ਓ.ਪੀ. ਨਾਇਰ ਅਵਾਰਡ’ ਅਤੇ ‘ਪਦਮ ਭੂਸ਼ਣ’ ਭੀ ਦਿੱਤਾ ਗਿਆ। ਸੁਰੀਲੀ ਆਵਾਜ਼ ਦੇ ਦਮ ‘ਤੇ ਮਨੋਰੰਜਨ ਜਗਤ ‘ਚ ਚੋਟੀ ਦਾ ਸਥਾਨ ਹਾਸਲ ਕਰਨ ਵਾਲੀ ਮਸ਼ਹੂਰ ਪਲੇਅਬੈਕ ਗਾਇਕਾ ਸ਼ਮਸ਼ਾਦ ਬੇਗਮ ਦੀ 23 ਅਪ੍ਰੈਲ 2013 ਨੂੰ ਮੁੰਬਈ ‘ਚ ਮੌਤ ਹੋ ਗਈ ਸੀ। ਉਸ ਦੇ ਮਨਮੋਹਕ ਗੀਤ ਉਸ ਦੀਆਂ ਯਾਦਾਂ ਨੂੰ ਹਮੇਸ਼ਾ ਤਾਜ਼ਾ ਰੱਖਣਗੇ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>