ਬੇਗਾਨਾ ਧੰਨ

ਕਸਬੇ ਦੇ ਸਿਟੀ ਹਸਪਤਾਲ ਦੇ ਬਾਹਰ ਬੈਠਾ ਬਲਵੰਤ ਸਿੰਘ ਪਤਾ ਨਹੀ ਕਿਹੜੇ ਖਿਆਲਾਂ ਵਿੱਚ ਗੁੰਮ ਸੀ, ਉਸ ਦਾ ਗੱਚ ਭਰਿਆ ਹੋਇਆ ਸੀ, ਬਸ ਡਲਕਣ ਹੀ ਵਾਲਾ ਸੀ, ਚੇਹਰੇ ਦਾ ਰੰਗ ਫੱਕਾ ਹੋਇਆ ਪਿਆ ਸੀ। ਮਹਿੰਦਰ ਪਾਲ ਦੇ ਦੋ ਹੀ ਬੱਚੇ ਸਨ, ਬੇਟਾ ਰਵੀਪਾਲ ਤੇ ਬੇਟੀ ਅੰਮ੍ਰਿਤਪਾਲ। ਦੋਹਾਂ ਦੇ ਸੁਭਾਅ ਵਿਚ ਰਾਤ ਦਿਨ ਦਾ ਫਰਕ ਸੀ, ਜੇ ਰਵੀ ਢੀਠ, ਕੰਮਚੋਰ ਤੇ ਵੇਹਲੜ-ਸ਼ਰਾਬੀ ਹੋਣ ਕਾਰਨ ਹਨੇਰੀ ਕਾਲੀ-ਬੋਲੀ ਰਾਤ ਸੀ, ਤਾਂ ਅੰਮ੍ਰਿਤਾ ਨਿੱਘੇ-ਸੁਭਾਅ ਮਾਲਕ, ਪੜਾਈ ਵਿਚ ਲਾਇਕ, ਨਿਮਰਤਾ, ਸੀਰਤ ਤੇ ਸੂਰਤ ਦੀ ਸੁੰਦਰ ਸਵੇਰ ਜਿਹੀ ਸੀ। ਅੰਮ੍ਰਿਤਾ, ਸਭ ਉਸ ਨੂੰ ਪਿਆਰ ਨਾਲ ਅੰਮ੍ਰਿਤਾ ਹੀ ਸੱਦਦੇ ਸਨ। ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਸਭਨਾਂ  ਨਾਲ ਅਦਬ ਸਤਿਕਾਰ ਨਾਲ ਗੱਲ ਕਰਨੀ, ਘਰ ਆਏ ਦੀ ਆਓ ਭਗਤ ਨਿਮਰਤਾ ਨਾਲ ਕਰਨੀ, ਘਰੇਲੂ ਕੰਮਾਂ ਚ ਮਾਹਿਰ ਆਦਿ ਗੁਣਾਂ ਦੀ ਗੁਥਲੀ ਸੀ। ਰੰਗ ਦੀ ਭਾਵੇਂ ਅੰਮ੍ਰਿਤਾ ਸਾਂਵਲੀ ਜਿਹੀ ਸੀ ਪਰ ਉਸ ਦੇ ਸੰਸਕਾਰ, ਅਕਲ ਤੇ ਵੇਹੜੇ ਵਿਚ ਸਭ ਤੋਂ ਜਿਆਦਾ ਪੜੀ ਹੋਣ ਕਾਰਨ ਉਹ ਸਭ ਦੀ ਪਿਆਰੀ ਬੇਟੀ ਸੀ। ਮਾਤਾ-ਪਿਤਾ ਨੂੰ ਉਸ ਤੇ ਬਹੁਤ ਮਾਣ ਸੀ।

ਮਹਿੰਦਰ ਪਾਲ ਕਾਰਪੋਰੇਸ਼ਨ ਮਹਿਕਮੇ ਵਿਚ ਸੇਵਾਦਾਰ ਦੀ ਪੋਸਟ ਤੋਂ ਕਈ ਸਾਲਾਂ ਬਾਦ ਰਿੜ-ਖੁੜ ਕੇ ਬਾਊ ਬਣ ਕੇ ਦੋ ਸਾਲ ਪਹਿਲਾਂ ਸੇਵਾਮੁਕਤ ਹੋਇਆ ਸੀ। ਸੇਵਾਮੁਕਤੀ ਤੇ ਉਸ ਨੂੰ ਖਾਸ ਰਕਮ ਨਹੀ ਮਿਲੀ ਸੀ, ਜੋ ਕੁਝ ਮਿਲਿਆ ਸੀ, ਉਸ ਵਿੱਚੋਂ ਕੁਝ ਬੇਟੇ ਤੇ ਬੇਟੀ ਨੂੰ ਪੜਾਈ ਕਰਾਉਣ ਤੇ ਖਰਚ ਕਰ ਛੱਡੀ ਸੀ, ਕੁਝ ਅੰਮ੍ਰਿਤਾ ਦੇ ਵਿਆਹ ਉੱਪਰ, ਜੋ ਪੈਨਸ਼ਨ ਮਿਲਦੀ ਸੀ ਉਸਦਾ ਕੁਝ ਨਿਗੁਣਾ ਜਿਹਾ ਹਿੱਸਾ ਘਰ ਦੇ ਲੋਨ ਤੇ ਚਲੀ ਜਾਂਦੀ ਸੀ। -ਰਵੀ ਨੂੰ ਉਸ ਨੇ ਜਿਸ ਵੀ ਕੰਮ ਵਿਚ ਵੀ ਪਾਇਆ ਉਸ ਵਿੱਚੋਂ ਕੋਈ ਨਾ ਸਿਰੇ ਚਾੜਿਆ ਤੇ ਭੈੜੇ ਯਾਰਾਂ ਦੀ ਸੰਗਤ ਵਿਚ ਰਲ ਕੇ ਵੇਹਲੜ ਬਣ ਗਿਆ ਸੀ। ਇਹ ਕੰਮ ਭਾਵੇਂ ਮੋਟਰ ਸਾਇਕਲ ਦਾ ਸਰਵਿਸ ਸਟੇਸ਼ਨ ਸੀ, ਕਰਿਆਨੇ ਦੀ ਦੁਕਾਨ ਸੀ। ਰਵੀ ਬੀ.ਏ ਦੀ ਪੜਾਈ ਵੀ ਪਹਿਲੇ ਸਾਲ ਹੀ ਛੱਡ ਚੁੱਕਾ ਸੀ। ਦੂਜੇ ਪਾਸੇ ਅੰਮ੍ਰਿਤਾ ਨੇ ਨਰਿਸੰਗ ਦੀ ਡਿਗਰੀ ਪਹਿਲੇ ਦਰਜੇ ਵਿਚ ਪਾਸ ਕਰ ਲਈ ਸੀ।

ਅੰਮ੍ਰਿਤਾ ਭਾਵੇਂ ਰਵੀ ਤੋਂ ਤਿੰਨ ਸਾਲ ਵੱਡੀ ਸੀ, ਪਰ ਵੇਖਣ ਨੂੰ ਉਹ ਰਵੀ ਤੋਂ ਛੋਟੀ ਲੱਗਦੀ ਸੀ। ਅੰਮ੍ਰਿਤਾ ਰਵੀ ਤੋਂ ਛੋਟੀ ਹੋਣ ਦੇ ਬਾਵਜੂਦ ਵੀ ਰਵੀ ਤੋਂ ਸਿਆਣੀ, ਅਕਲਮੰਦ ਤੇ ਲਿਆਕਤ-ਪੜਾਈ ਵਿਚ ਦੂਣੀ ਸੀ। ਘਰ ਵਿਚ ਜੇ ਕੋਈ ਰਵੀ ਦੇ ਝਗੜੇ ਕਾਰਨ ਕਲੇਸ਼ ਹੋ ਵੀ ਜਾਂਦਾ ਸੀ ਤਾਂ ਅੰਮ੍ਰਿਤਾ ਸਭ ਨੂੰ ਗਲ ਵਿਚ ਲੈ ਕੇ ਸਮਝਾ ਲੈਂਦੀ ਤੇ ਚੁਪ ਕਰਵਾ ਦਿੰਦੀ ਸੀ। ਰਵੀ ਦੀਆਂ ਪਤਾ ਨਹੀਂ ਕਿੰਨੀਆਂ ਗਲਤੀਆਂ-ਨਾਦਾਨੀਆਂ ਤੇ ਉਹ ਪੜਦਾ ਪਾ ਕੇ ਕੱਝਦੀ ਰਹਿੰਦੀ ਸੀ। ਰਵੀਂ ਮਾਂ-ਪਿਓ ਦੀਂ ਥਾਂ ਅੰਮ੍ਰਿਤਾ ਦੀ ਗੱਲ ਮੰਨ ਲੈਂਦਾ ਸੀ। ਪਰ ਪਿਛੋਂ ਰਵੀ ਦਾ ਫੇਰ ਉਹੀ ਹਾਲ ਰਹਿੰਦਾ ਸੀ।

ਮਹਿੰਦਰਪਾਲ ਤੇ ਉਸਦੀ ਪਤਨੀ ਆਸ਼ਾ ਰਵੀ ਤੋਂ ਵੀ ਜਿਆਦਾ ਪਿਆਰ ਆਪਣੀ ਧੀ ਅੰਮ੍ਰਿਤਾ ਨਾਲ ਕਰਦੇ ਸਨ। ਉਹ ਮਾਂ ਬਾਪ ਦੀਆਂ ਅੱਖਾਂ ਵਿਚ ਕਦੀ ਵੀ ਅਥਰੂ ਨਹੀ ਵੇਖ ਸਕਦੀ ਸੀ। ਉਹਨਾਂ ਦੇ ਦੁਖੀ ਹੋਣ ਦੀ ਗੱਲ਼ ਬਹੁਤ ਦੂਰ ਦੀ ਸੀ। ਆਪਣੇ ਭਰਾ ਦੀ ਜਿੱਦ ਪੁਗਾਉਣ ਲਈ ਉਹ ਮਾਂ ਪਿਓ ਨੂੰ ਮਨਾ ਹੀ ਲੈਂਦੀ ਸੀ। ਇਸੇ ਲਈ ਰਵੀ ਕਿਸੇ ਵੀ ਮਹਿੰਗੀ ਚੀਜ ਲਈ ਹਮੇਸ਼ਾਂ ਅੰਮ੍ਰਿਤਾ ਦੀ ਸ਼ਿਫਾਰਸ਼ ਪਾਉਂਦਾ ਸੀ। ਫਿਰ ਚਾਹੇ ਰਵੀ ਦੇ ਕਾਲਜ ਦੀ ਪੜਾਈ ਲਈ ਮੋਟਰਸਾਇਕਲ ਦੀ ਮੰਗ ਕਰਨਾ ਜਾਂ ਮਹਿੰਗਾ ਫੋਨ ਲੈਣਾ ਸੀ। ਅੰਮ੍ਰਿਤਾ ਦੇ ਹਰ ਕੰਮ ਨੂੰ ਬੜੀ ਸੂਝ-ਬੂਝ ਨਾਲ ਨਿਪਟਾਉਣ ਤੇ ਘਰ ਦਾ ਮਾਹੌਲ ਖੁਸ਼ਗਵਾਰ ਬਣਾਈ ਰੱਖਣ ਲਈ, ਸਭ ਨੂੰ ਮੱਤਾਂ ਦੇ-ਦੇ ਸਮਝਾਉਣ ਕਾਰਨ ਮਹਿੰਦਰਪਾਲ ਹਮੇਸ਼ਾਂ, ” ਮੱਤਾਂ ਦਾ ਖਜਾਨਾ ” ਕਹਿ ਕਿ ਸੱਦਦਾ ਸੀ।

ਮਹਿੰਦਰ ਪਾਲ ਨੂੰ ਅੱਜ ਦੁੱਖ ਦੀ ਘੜੀ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਸਨ, ਜਦ ਰਵੀ ਯਾਰਾਂ ਕੋਲੋਂ ਲੋਹੜੀ ਦੇ ਤਿਓਹਾਰ ਤੇ ਸ਼ਰਾਬ ਪੀ ਆਇਆ ਸੀ ਤੇ ਘਰ ਵਿੱਚ ਬੜਾ ਕਲੇਸ਼ ਪਿਆ ਸੀ। ਉਦੋ ਵੀ ਅੰਮ੍ਰਿਤਾ ਨੇ ਸਭ ਕੁਝ ਸੰਭਾਲ ਲਿਆ ਸੀ ਤੇ ਸਭ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ ਸੀ। ਅੰਮ੍ਰਤਾ ਦੀ ਸਿਆਣਪ ਦੀਆਂ ਤੇ ਘਰਦਿਆਂ ਨਾਲ ਪਿਆਰ ਤੇ ਹਰ ਕੰਮ ਸਿਆਣਪ ਨਾਲ ਨਿਪਟਾਉਣ ਲਈ ਉਹ ਦਫਤਰ ਆਪਣੇ ਦੋਸਤ ਕਿਸ਼ਨ ਚੰਦ ਨਾਲ ਅਕਸਰ ਆਪਣੀ ਧੀ ਦੀਆਂ ਤਾਰੀਫਾਂ ਕਰਦਾ ਰਹਿੰਦਾ ਸੀ ਤੇ ਕਹਿੰਦਾ ਸੀ ਕਿ ਅੰਮ੍ਰਿਤਾ ਨੂੰ ਮੈਂ ਰਵੀ ਤੋ ਵੀ ਜਿਆਦਾ ਮੋਹ ਕਰਦਾ ਹਾਂ। ਮੇਰੇ ਦਫਤਰ ਤੋਂ ਆਉਣ ਤੇ ਪਾਣੀ ਦਾ ਗਿਲਾਸ ਲਈ ਮੇਰੀ ਅੰਮ੍ਰਿਤ ਪਹਿਲਾਂ ਹੀ ਦਰਵਾਜੇ ਅੰਦਰ ਖੜੀ ਰਹਿੰਦੀ ਹੈ। ਮੇਰੀ ਸਿਰ ਦਬਾਉਂਦੀ ਹੈ, ਛੁੱਟੀ ਵਾਲੇ  ਦਿਨ ਮੇਰੇ ਵਾਲਾਂ ਵਿਚ ਤੇਲ ਵੀ ਝੱਸਦੀ ਹੈ, ਮੇਰੇ ਦਫਤਰ ਲਈ ਕੱਪੜੇ ਹਮੇਸ਼ਾਂ ਪ੍ਰੈਸ ਕਰਕੇ ਰੱਖਦੀ ਹੈ, ਆਪਣੀ ਮਾਂ ਨੂੰ ਕਦੀ ਇਕੱਲ਼ੇ ਕੰਮ ਨਹੀ ਕਰਨ ਦਿੰਦੀ, ਮੇਰੇ ਨਾਲ ਹੀ ਖਾਣਾ ਖਾਂਦੀ ਹੈ। ਬੜੀ ਸੇਵਾ ਕਰਦੀ ਹੈ, ਰੱਬ ਸਭ ਨੂੰ ਅਜਿਹੀਆਂ ਧੀਆਂ ਦੇਵੇ। ਉਹ ਅਕਸਰ ਆਪਣੇ ਦੋਸਤ ਨੂੰ ਕਹਿੰਦਾ, “ਕਿਸ਼ਨ ਚੰਦਾ, ਧੀਆਂ ਕਿੰਨਾ ਮਾਪਿਆਂ ਨਾਲ ਪਿਆਰ ਕਰਦੀਆਂ ਨੇ, ਇਹੋ ਘਰ ਦੀਆਂ ਰੌਣਕ ਹੁੰਦੀਆਂ ਨੇ, ਰੱਬ ਸਭ ਨੂੰ ਮੇਰੀ ਧੀ ਵਰਗੀ ਧੀ ਦੇਵੇ.” ਇਸ ਤੇ ਉਸਦਾ ਦੋਸਤ ਕਿਸ਼ਨ ਚੰਦ ਅਕਸਰ ਉਸਨੂੰ ਕਿਹਾ ਕਰਦਾ ਸੀ, “ਬਈ, ਮਹਿੰਦਰ ਪਾਲਾ ? ਇੰਨਾ ਮੋਹ ਨਾ ਕਰਿਆ ਕਰ? ਧੀਆਂ ਤਾਂ ਬੇਗਾਨਾ ਧੰਨ ਹੁੰਦੀਆਂ ਨੇ, ਇੱਕ ਦਿਨ ਵਿਦਾ ਕਰਨੀਆਂ ਹੀ ਪੈਂਦੀਆਂ ਨੇ” ਪਰ ਇਸ ਤੇ ਮਹਿੰਦਰ ਪਾਲ ਕੋਈ ਬਹੁਤ ਧਿਆਨ ਨਾ ਦਿੰਦਾ, ਤੇ ਨਾ ਹੀ ਕੋਈ ਜੁਆਬ ਦਿੰਦਾ, ਸ਼ਾਇਦ ਉਸਨੂੰ ਇਹ ਚੰਗਾ ਨਾ ਲੱਗਦਾ। ਸਗੋਂ ਉਹ ਅੱਗੋਂ ਕਹਿੰਦਾ, “ਧੀਆਂ ਤਾਂ ਵੱਡੇ ਭਾਗਾਂ ਨਾਲ ਮਿਲਦੀਆਂ ਹਨ, ਧੀਆਂ ਵੱਡੇ ਦਿਲ ਵਾਲੀਆਂ ਤੇ ਸਬਰ ਵਾਲੀਆਂ ਹੁੰਦੀਆਂ ਹਨ, ਧੀਆਂ ਨਾਲ ਘਰ ਵਿਚ ਰੌਣਕਾਂ ਹੁੰਦੀਆਂ ਨੇ, ਬਰਕਤਾਂ ਹੁੰਦੀਆਂ ਨੇ। ਮੁੰਡੇ ਤਾਂ ਕਮੀਨੇ ਹੁੰਦੇ ਨੇ, ਪਿਓ ਦੀ ਸਭ ਕਮਾਈ ਖਰਚ ਉਡਾ ਦਿੰਦੇ ਨੇ, ਇਸ ਤੇ ਦੋਵੇਂ ਦੋਸਤ ਖਿੜ-ਖਿੜਾ ਕੇ ਹੱਸਦੇ ਨੇ।”

ਫੇਰ ਹੰਝੂਆਂ ਭਰੇ ਚੇਹਰੇ ਤੇ ਅਚਾਨਕ ਮੁਸਕਰਾਹਟ ਆਈ, ਉਸਨੂੰ ਯਾਦ ਆਇਆ ਕਿ ਉਸਨੇ ਇਕ ਵਾਰ ਰਵੀ ਨੂੰ ਡਾਂਟਦੇ ਹੋਏ ਕਿਹਾ, ‘ਤੂੰ ਕੰਜਰ ਵਾਂ, ਕੁੱਤਾ ਵਾਂ, ਸੁਧਰ ਜਾ, ਕੁਝ ਆਪਣੀ ਭੈਣ ਤੋ ਹੀ ਮੱਤ ਲੈ ਲਾ’ “ਇਸ ਤੇ ਰਵੀ ਅੱਗੋਂ ਹੱਸ ਕੇ ਕਹਿੰਦਾ, “ ਓ, ਯਾਰ ਡੈਡੀ ਤੁਸੀਂ ਮੈਨੂੰ ਝਿੜਕਿਆ ਨਾ ਕਰੋ, ਅੰਮ੍ਰਿਤਾ ਨੇ ਤਾਂ ਵਿਆਹ ਤੋਂ ਬਾਦ ਬਗਾਨੇ ਘਰ ਚਲੇ ਜਾਣਾ ਵਾਂ, ਸੇਵਾ ਤੁਹਾਡੀ ਤਾਂ ਮੈਂ ਹੀ ਕਰਨੀ ਵਾ।” ਝੱਟ ਅੰਮ੍ਰਿਤਾ ਨੇ ਕਹਿੰਦੀ ਹੈ, “ਕੋਈ ਨਾ ਡੈਡੀ ਜੀ ਤੁਸੀ ਫਿਕਰ ਨਾ ਕਰਿਓ, ਇਕ ਫੋਨ ਕਰ ਦੇਣਾ ਮੈਂ ਭੱਜੀ ਆਵਾਂਗੀ, ਹਮੇਸ਼ਾ।” ਹਾ..ਹਾ. ਹਾ..ਇਸ ਤੇ ਸਭ ਜਾਣੇ ਖੂਬ ਹੱਸਦੇ ਨੇ। ਉਸ ਨੂੰ ਅੱਜ ਵੀ ਰਵੀ ਤੇ ਅੰਮ੍ਰਤ ਦਾ ਬਚਪਨ ਯਾਦ ਆ ਰਿਹਾ ਸੀ ਕਿ ਕਿਵੇਂ ਰਵੀ ਦਾ ਕੋਈ ਖਿਡੌਣਾ ਟੁੱਟ ਜਾਣਾ ਜਾਂ ਕੋਈ ਖਾਣ ਵਾਲੀ ਚੀਜ ਹੋਰ ਲੈਣੀ ਹੁੰਦੀ ਸੀ ਤਾਂ ਝੱਟ ਅੰਮ੍ਰਿਤ ਆਪਣਾ ਖਿਡੌਣਾ ਤੇ ਦਿੰਦੀ ਸੀ ਤੇ ਆਪਣੀ ਚੀਜ ਭਰਾ ਨੂੰ ਵੱਧ ਦੇ ਕੇ ਥੋੜੀ ਰੱਖ ਲੈਂਦੀ ਸੀ। ਇਨਾਂ ਯਾਦਾਂ ਨੂੰ ਸੋਚ ਸੋਚ ਮਹਿੰਦਰ ਪਾਲ ਰੋ ਵੀ ਰਿਹਾ ਸੀ ਤੇ ਹੱਸ ਵੀ ਰਿਹਾ ਸੀ।

ਦੋਵਾਂ ਦੇ ਜਵਾਨ ਹੋਏ ਤਾਂ ਰਿਸ਼ਤਿਆਂ ਦੀ ਗੱਲ ਤੁਰੀ ਰਵੀ ਦੇ ਵੇਹਲੜ ਤੇ ਸ਼ਰਾਬੀ ਹੋਣ ਕਾਰਨ ਰਿਸ਼ਤੇ ਆ-ਆ ਕੇ ਮੁੜ ਜਾਂਦੇ ਰਹੇ। ਪਰ ਅੰਮ੍ਰਿਤਾ ਦੀ ਪੜਾਈ ਤੇ ਸੀਰਤ-ਸੂਰਤ ਦੀ ਵਡਿਆਈ ਹੋਣ ਕਾਰਨ ਉਸ ਨੂੰ ਇੱਕ ਦੂਰ-ਦੁਰਾਡੇ ਸ਼ਹਿਰ ਤੋਂ ਰਿਸ਼ਤਾ ਹੋ ਗਿਆ ਪਰਿਵਾਰ ਵਾਲੇ ਬਹੁਤ ਚੰਗੇ ਤੇ ਸਾਦਗੀ ਪਸੰਦ ਸਨ, ਸਭ ਤੋਂ ਵੱਡੀ ਗੱਲ ਲੜਕੇ ਨੇ ਡਾਕਟਰੀ ਦੀ ਪੜਾਈ ਕੀਤੀ ਸੀ ਤੇ ਰਵੀ ਬਾਰੇ ਪਤਾ ਲੱਗਣ ਤੇ ਵੀ ਉਨਾਂ ਦੇ ਅੰਮ੍ਰਤਾ ਦੀ ਪੜਾਈ, ਸੁਭਾਅ ਤੇ ਵਿਚਾਰਾਂ ਦੀ ਖੂਬਸੂਰਤੀ ਨੂੰ ਪਹਿਲ ਦਿੱਤੀ। ਮਹਿੰਦਰ ਪਾਲ ਨੇ ਵਿਤੋਂ ਬਾਹਰ ਜਾ ਕੇ ਅੰਮ੍ਰਿਤਾ ਦਾ ਵਿਆਹ ਕੀਤਾ ਸੀ। ਅੰਮ੍ਰਿਤਾ ਨੈ ਵਿਦਾ ਹੋਣ ਤੋ ਪਹਿਲਾਂ ਰਵੀ ਨੂੰ ਬਹੁਤ ਸਮਝਾਇਆ ਕਿ ਮੰਮੀ-ਡੈਡੀ ਦਾ ਖਿਆਲ ਰੱਖੀ ਤੇ ਉਨਾਂ ਦੀ ਹਰ ਗੱਲ ਮੰਨੀ। ਮਹਿੰਦਰ ਪਾਲ ਧੀ ਨੂੰ ਵਿਦਾ ਕਰਨ ਲੱਗੇ ਬੜਾ ਰੋਇਆ ਸੀ, ਉਸ ਨੂੰ ਘਰ ਖਾਲੀ-ਖਾਲੀ ਲੱਗਦਾ ਸੀ। ਉਹ ਤੇ ਉਸਦੀ ਪਤਨੀ ਆਸ਼ਾ ਬਹੁਤ ਉਦਾਸ ਰਹਿਣ ਲੱਗੇ।

ਅੰਮ੍ਰਿਤਾ ਦੇ ਵਿਆਹ ਹੋਣ ਦੀ ਹੀ ਦੇਰ ਸੀ ਕਿ ਕੁਝ ਦਿਨਾਂ ਪਿਛੋਂ ਹੀ ਰਵੀ ਦੀਆਂ ਆਦਤਾਂ ਬਦ ਤੋਂ ਬਦਤਰ  ਹੋਣੀਆਂ ਸੁਰੂ ਹੋ ਗਈਆਂ। ਸ਼ਰਾਬ ਦੇ ਨਾਲ ਨਾਲ ਉਸਦੇ ਦੋਸਤ ਘਰ ਆਉਣੇ ਸੁਰੂ ਹੋ ਗਏ। ਪਰ ਭਲੇ ਮਾਂ ਪਿਓ ਦਾ ਸਮਝਾਉਣਾ ਤੇ ਰੋਣਾ ਉਸ ਨੂੰ ਰੋਕ ਨਾ ਸਕਿਆ। ਖੁਸ਼ ਤੋ ਸੁਖੀ ਵੱਸਦੀ ਧੀ ਨੂੰ ਦੱਸ ਕੇ ਉਹ ਅੰਮ੍ਰਿਤਾ ਨੂੰ ਦੁਖੀ ਨਹੀ ਕਰਨਾ ਚਾਹੁੰਦੇ ਸਨ।  ਮਹਿੰਦਰ ਪਾਲ ਨੇ ਆਪਣੇ ਦਫਤਰ ਵਿੱਚ ਅਸਰ ਰਸੂਖ ਤੇ ਅਫਸਰਾਂ ਦਾ ਤਰਲਾ ਮਿੰਨਤ ਕਰਕੇ ਉਸ ਨੂੰ ਆਪਣੇ ਦਫਤਰ ਵਿੱਚ ਕੱਚੀ ਅਸਾਮੀ ਤੇ ਸੇਵਾਦਾਰ ਰਖਾ ਦਿੱਤਾ, ਪਰ ਉਸਦੀ ਸੇਵਾਦਾਰੀ ਤੋਂ ਹਿਓਮੈਂ ਵੱਡੀ ਹੋਣ ਕਾਰਨ ਉਸ ਨੂੰ ਸੇਵਾਦਾਰੀ ਚੰਗੀ ਨਾ ਲੱਗੀ। ਨੌਕਰੀ ਛੁਡਵਾਉਣ ਵਿੱਚ ਕੁਝ ਰਹਿੰਦੀ ਕਸਰ ਉਸ ਦੇ ਨ੍ਸ਼ੇੜੀ ਸਾਥੀਆਂ ਨੇ ਪੂਰੀ ਕਰ ਦਿੱਤੀ ਸੀ। ਸਾਰੇ ਮਹੱਲੇ ਵਿੱਚ ਉਹ ਸ਼ਰਾਬੀ ਵਜੋਂ ਮਸ਼ਹੂਰ ਹੋ ਗਿਆ ਸੀ। ਅੰਮ੍ਰਿਤਾ ਜਦੋਂ ਵੀ ਪੇਕੇ ਆਉੱਦੀ ਰਵੀ ਨੂੰ ਸਮਝਾ ਬੁਝਾ ਕੇ ਆਪਣਾ ਫਰਜ਼ ਨਿਭਾ ਮੁੜ ਜਾਂਦੀ, ਕਿਉਂਕਿ ਹੁਣ ਉਸ ਦਾ ਵੀ ਆਪਣਾ ਇੱਕ ਪਰਿਵਾਰ-ਸੰਸਾਰ ਸੀ, ਪਰ ਉਸਦਾ ਚਿੱਤ ਤੇ ਚਿੰਤਾ ਮਾਂ-ਪਿਓ ਤੇ ਭਰਾ ਵੱਲ ਹੀ ਸੀ।

ਹੁਣ ਰਵੀ ਦੇ ਰਵੱਈਏ ਦੀ ਅਖੀਰ ਉਦੋਂ ਹੋਈ ਸੀ, ਜਦ ਰਵੀ ਮੋਟਰ ਸਾਇਕਲ ਜੂਏ ਵਿੱਚ ਹਾਰ ਆਇਆ ਸੀ, ਇਸ ਤੇ ਮਹਿੰਦਰ ਪਾਲ ਨੇ ਰਵੀ ਨੂੰ ਝਿੜਕਿਆ ਤਾਂ ਰਵੀ ਅੱਗੋ ਬੋਲ ਪਿਆ, “ ਤੁਸੀਂ ਕੌਣ ਹੁੰਨੈ ਓ, ਮੇਰੇ ਤੇ ਹੱਥ ਚੁੱਕਣ ਵਾਲੇ, ਤੇ ਨਾਲ ਹੀ ਓਨੇ ਪਿਓ ਤੇ ਹੱਥ ਚੁੱਕ ਲਿਆ”, ਇਹ ਦੇਖ ਮਾਂ ਰਵੀ ਨੂੰ ਡਾਂਟਣ ਲਈ ਅੱਗੇ ਵਧੀ ਹੀ ਸੀ ਕਿ ਉਸਦੇ ਦਿਲ ਵਿਚੱ ਇੱਕ ਜੋਰਦਾਰ ਚੀਸ ਉੱਠੀ ਤੇ ਥਾਏਂ ਹੀ ਡਿੱਗ ਪਈ, ਪਿਓ ਦੇ ਵੀ ਰੰਗ ਉੱਡ ਗਏ, ਦੋਵਾਂ ਨੇ ਕਿਸੇ ਤਰਾਂ ਮਹਿੰਦਰ ਕੌਰ ਨੂੰ ਨੇੜੇ ਦੇ ਸਿਟੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਸੀ ਕਿ ਜੋਰਦਾਰ ਹਾਰਟ ਅਟੈਕ ਆਇਆ ਹੈ, ਜਰਾ ਵੀ ਦੇਰੀ ਜਾਨ ਲੈ ਸਕਦੀ ਸੀ, ਡਾਕਟਰਾਂ ਨੇ ਦੱਸਿਆ ਕਿ ਹਾਰਟ ਬਲਾਕੇਜ ਜਿਆਦਾ ਹੋਣ ਕਾਰਨ ਰਵੀਂ ਦੀ ਮਾਂ ਦੀ ਬਾਈ-ਪਾਸ ਸਰਜਰੀ ਕੀਤੀ ਜਾਣੀ ਹੈ। ਡਾਕਟਰਾਂ ਨੇ ਇਲਾਜ, ਦਵਾਈਆਂ ਤੇ ਦੋ ਲੱਖ ਦਾ ਖਰਚ ਆਉਣ ਬਾਰੇ ਦੱਸਿਆ। ਹੁਣ ਮਹਿੰਦਰ ਪਾਲ ਇੰਨੀ ਰਕਮ ਦਾ ਪ੍ਰਬੰਧ ਕਰਨ ਬਾਰੇ ਸੁਣ ਕੇ ਡਾਹਢਾ ਦੁਖੀ ਤੇ ਪਰੇਸ਼ਾਨ ਸੀ। ਆਪਣੇ ਦੋਸਤਾਂ ਨੂੰ ਮੱਦਦ ਦਾ ਵਾਸਤਾ ਪਾਇਆ ਤਾਂ ਦੋਸਤ ਕਿਸ਼ਨ ਚੰਦ ਨੇ ਬੇਟੇ ਨੂੰ ਵਿਦੇਸ਼ ਭੇਜਣ ਦਾ ਕਾਰਨ ਦੱਸ ਪੱਲਾ ਝਾੜ ਲਿਆ ਸੀ। ਸੋਹਣ ਸਿੰਘ ਨੇ ਪਿਛਲੇ ਮਹੀਨੇ ਡੇਂਗੂ ਦੀ ਬਿਮਾਰੀ ਦੇ ਇਲਾਜ ਤੇ ਹੋਏ ਖਰਚ ਦੀ ਦੁਹਾਈ ਪਾ ਦਿੱਤੀ। ਰਵੀ ਕੋਲੋਂ ਇਕ ਪੈਸੇ ਦੀ ਉਮੀਦ ਨਹੀ ਸੀ, ਉਹ ਤਾਂ ਬੇਰੁਜਗਾਰ ਵੇਹਲੜ ਪਿਓ ਸਿਰ ਭਾਰ ਸੀ। ਜਿੰਦਗੀ ਦੀ ਦੌੜ ਤੋਂ ਥੱਕ ਮਹਿੰਦਰਪਾਲ ਬੇਵੱਸ ਹੋ, ਹਸਪਤਾਲ ਦੇ ਬਾਹਰ ਹੀ ਬੈਠਾ ਗਮਗੀਨ ਹੋਇਆ ਝੂਰ ਰਿਹਾ ਸੀ, ਤੇ ਹਸਪਤਾਲ ਦੇ ਖਰਚੇ ਤੇ ਇਲਾਜ ਬਾਰੇ ਸੋਚ ਰਿਹਾ ਸੀ।

ਅਗਲੇ ਹੀ ਪਲ ਮਹਿੰਦਰ ਪਾਲ ਦੇ ਸਾਹਮਣੇ ਅਚਾਨਕ ਇਕ ਵੱਡੀ ਕਾਰ ਰੁਕੀ, ਜਿਸ ਵਿੱਚੋਂ ਨਿਕਲੇ ਆਪਣੀ ਬੇਟੀ ਤੇ ਦਾਮਾਦ ਨੂੰ ਖੜਾ ਦੇਖ ਮਹਿੰਦਰ ਪਾਲ ਹੈਰਾਨਗੀ ਤੇ ਖੁਸ਼ੀ ਦੇ ਮਿਲਵੇਂ ਜਿਹੇ ਭਾਵਾਂ ਨਾਲ ਉੱਠਿਆ ਤੇ ਬੇਟੀ ਤੇ ਦਾਮਾਦ ਨੂੰ ਗਲ ਵਿੱਚ ਲੈ ਕੇ ਰੋਣ ਲੱਗ ਪਿਆ, ਅੰਮ੍ਰਿਤਾ ਬੋਲੀ, “ਰੋਵੇ ਨਾ ਡੈਡੀ ਜੀ, ਤੁਸੀ ਮੇਰੀ ਹਿੰਮਤ ਹੋ, ਤੁਸੀ ਹੀ ਰੋਵੋਗੇ ਤਾਂ ਮੈਨੂੰ ਕੋਣ ਹੌਸਲਾ ਦੋਵੇਗਾ, ਤੁਹਾਡਾ ਪੁੱਤ ਆ ਗਿਆ ਹੁਣ, ਮੈਂ ਸਭ ਕੁਝ ਠੀਕ ਕਰ ਦਿਆਂਗੀ, ਨਾਲੇ ਮੈਨੂੰ ਬੇਟੀ ਨਹੀ ਬੇਟਾ ਸਮਝਿਆ ਕਰੋ, ਹਰ ਦੁੱਖ-ਮੁਸ਼ਕਲ ਸਾਂਝੀ ਕਰਿਆ ਕਰੋ, ਮੈਂ ਤੁਹਾਡਾ ਪੁੱਤ ਹਾਂ…ਪੁੱਤ।” ਮੈਨੂੰ ਰਵੀ ਨੇ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਸੀ। ਪਿਤਾ ਦੇ ਨਾ ਕਰਨ ਤੇ ਵੀ ਹੱਥ ਵਿਚ ਬਦੋਬਦੀ ਪੈਸੇ ਥਮਾਉਂਦੇ ਹੋਏ ਅੰਮ੍ਰਿਤਾ ਬੋਲੀ, “ਤੁਸੀਂ ਕਿਵੇ ਸੋਚ ਲਿਆ ਤੁਸੀ ਇਕੱਲੇ ਹੋ, ਚਲੋ ਮੰਮੀ ਨੂੰ ਠੀਕ ਕਰੀਏ ਤੇ ਘਰ ਲੈ ਕੇ ਚੱਲੀਏ।” ਅੰਮ੍ਰਿਤਾ ਦੇ ਹਿੰਮਤੀ ਸ਼ਬਦਾਂ ਨੇ ਅੰਮ੍ਰਿਤ ਵਰਗਾ ਅਸਰ ਕੀਤਾ, ਹੁਣ ਮਹਿੰਦਰ ਪਾਲ ਦੇ ਚੇਹਰੇ ਤੇ ਅਜਬ ਸਕੂਨ ਤੇ ਖੁਸ਼ੀ ਸੀ, ਸ਼ਾਇਦ ਕਿਸੇ ਵੱਡੇ ਭਾਰ ਚਿੰਤਾ ਤੋਂ ਮੁਕਤੀ ਦੀ। ਮਹਿੰਦਰ ਪਾਲ ਨੇ ਅੰਮ੍ਰਿਤਾ ਨੂੰ ਘੁੱਟ ਕੇ ਗਲ ਲਾ ਲਿਆ ਤੇ ਉੱਚੀ–ਉੱਚੀ ਰੋਂਦਾ ਕਹਿਣ ਲੱਗ ਪਿਆ, “ਰੱਬਾ..ਧੀਆਂ ਕਦੇ ਵੀ ਬੇਗਾਨਾ ਧੰਨ ਨਹੀ ਹੁੰਦੀਆਂ, ਇਹ ਤਾਂ ਮੂਲ ਹੁੰਦੀਆਂ ਨੇ, ਸਦਾ ਆਪਣਾ ਧੰਨ…ਕਦੇ ਨਾ ਮੁੱਕਣ ਵਾਲਾ…ਬਰਕਤਾਂ ਭਰਿਆ।” ਪਿਤਾ ਨੂੰ ਵੇਖ ਕੇ ਅੰਮ੍ਰਿਤਾ ਵੀ ਰੋ ਪਈ। ਪਿਓ ਧੀ ਇਕ ਦੂਜੇ ਦੇ ਅਥਰੂ ਪੂੰਝ ਰਹੇ ਸਨ। ਇੰਨੇ ਨੂੰ ਰਵੀ ਵੀ ਪਹੁੰਚ ਗਿਆ ਤੇ ਰੋਂਦਾ ਹੋਇਆ ਪਿਤਾ ਤੇ ਭੈਣ ਅੰਮ੍ਰਿਤਾ ਦੇ ਪੈਰਾਂ ਵਿਚ ਡਿੱਗ ਪਿਆ ਤੇ ਮਾਫੀਆਂ ਮੰਗਣ ਲੱਗਾ ਕਿ ਉਹ ਹੁਣ ਕਦੇ ਵੀ ਆਪਣੇ ਮਾਤਾ-ਪਿਤਾ ਨੂੰ ਦੁੱਖ ਨਹੀ ਦੇਵੇਗਾ, ਹਰ ਗੱਲ ਮੰਨੇਗਾ, ਸ਼ਰਾਬ ਵੀ ਨਹੀ ਪੀਵੇਗਾ ਤੇ ਜਿਸ ਕੰਮ ਨੂੰ ਵੀ ਡੈਡੀ ਕਹਿਣਗੇ ਮਨ ਲਾ ਕੇ ਕਰੇਗਾ। ਮਹਿੰਦਰ ਪਾਲ ਤੇ ਅੰਮ੍ਰਤਾ ਰਵੀ ਨੂੰ ਮਾਫ ਕਰ ਦਿੰਦੇ ਹਨ, ਗਲ ਨਾਲ ਲਾਉਂਦੇ ਹਨ। ਫਿਰ ਉਹ ਹਸਪਤਾਲ ਦੇ ਅੰਦਰ ਚਲੇ ਜਾਂਦੇ ਹਨ ਜਿੱਥੇ ਮਹਿੰਦਰਪਾਲ ਦੀ ਪਤਨੀ ਦਾਖਲ ਸੀ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>