ਖੁਸ਼ੀ ਤੇ ਆਨੰਦ..!

ਖੁਸ਼ ਹੋਣਾ ਭਲਾ ਕੋਣ ਨਹੀਂ ਚਾਹੁੰਦਾ? ਅੱਜ ਹਰ ਬੰਦਾ ਖੁਸ਼ੀ ਦੀ ਭਾਲ ਵਿੱਚ ਲੱਗਾ ਹੋਇਆ ਹੈ। ਇਸ ਨੂੰ ਲੱਭਦਾ ਬੰਦਾ- ਘਰ ਬਦਲਦਾ- ਪਿੰਡ ਬਦਲਦਾ- ਸ਼ਹਿਰ ਬਦਲਦਾ- ਮੁਲਕ ਬਦਲਦਾ- ਪਰ ਇਹ ਫਿਰ ਵੀ ਹੱਥ ਨਹੀਂ ਆਉਂਦੀ। ਕਈ ਵਾਰੀ ਅਸੀਂ ਸਾਧਨ ਬਦਲਦੇ ਹਾਂ ਜਿਵੇਂ- ਕੋਈ ਮਹਿਫਲ ਲੱਭਦੇ ਹਾਂ ਏਸ ਲਈ- ਕੋਈ ਨਾਚ ਗਾਣੇ ਦੇਖਦੇ ਹਾਂ- ਕੋਈ ਨਸ਼ਾ ਕਰਦੇ ਹਾਂ। ਕਈ ਵਾਰੀ ਕਿੱਤੇ ਬਦਲੇ ਜਾਂਦੇ ਹਨ- ਹੋਰ ਤਾਂ ਹੋਰ ਕਈ ਵਾਰੀ ਜੀਵਨ ਸਾਥੀ ਵੀ ਬਦਲ ਲਏ ਜਾਂਦੇ ਹਨ- ਪਰ ਇਹ ਸਾਨੂੰ ਇੱਕ ਝਲਕਾਰਾ ਦੇ ਕੇ, ਫੇਰ ਸਾਡੇ ਅੱਗੇ ਅੱਗੇ ਭੱਜ ਤੁਰਦੀ ਹੈ। ਇਸ ਦੇ ਜਾਣ ਦਾ ਸਾਨੂੰ ਇੰਨਾ ਦੁੱਖ ਨਹੀਂ ਹੁੰਦਾ, ਜਿੰਨਾ ਇਸ ਗੱਲ ਦਾ ਹੁੰਦਾ ਹੈ ਕਿ- ਇਹ ਸਾਡੇ ਕੋਲੋਂ ਦੌੜ ਕੇ ਸਾਡੇ ਗੁਆਂਢੀ ਜਾਂ ਕਿਸੇ ਦੋਸਤ ਮਿੱਤਰ ਕੋਲ ਜਾ ਬਹਿੰਦੀ ਹੈ- ਤੇ ਅਸੀਂ ਇਸ ਨੂੰ ਦੂਰੋਂ ਤੱਕਦੇ ਬੱਸ ਕੁੜ੍ਹਨ ਜੋਗੇ ਰਹਿ ਜਾਂਦੇ ਹਾਂ।

ਅਸਲ ਵਿੱਚ- ‘ਦੂਰ ਦੇ ਢੋਲ ਸੁਹਾਵਣੇ’ ਅਨੁਸਾਰ, ਦੂਜਿਆਂ ਦੇ ਦੁੱਖ ਸਾਨੂੰ ਪਤਾ ਨਹੀਂ ਹੁੰਦੇ। ਇਸੇ ਕਰਕੇ ਸਾਨੂੰ, ਦੂਜੇ ਦੀ ਥਾਲੀ ਵਿੱਚ ਪਿਆ ਲੱਡੂ ਵੱਡਾ ਲਗਦਾ ਹੈ। ਕੋਈ ਅਮੀਰ ਹੈ- ਸਾਨੂੰ ਲਗਦਾ ਉਹ ਬੜਾ ਸੁਖੀ ਹੈ, ਬੜਾ ਖੁਸ਼ ਹੈ। ਪਰ ਕਈ ਲੋਕ ਕੱਖਾਂ ਦੀ ਕੁੱਲੀ ਵਿੱਚ ਵੀ ਬੜੇ ਖੁਸ਼ ਹਨ- ਤੇ ਕਈਆਂ ਨੂੰ ਮਖਮਲੀ ਗੱਦਿਆਂ ਤੇ ਵੀ ਨੀਂਦ ਨਹੀਂ ਆਉਂਦੀ ਸਾਰੀ ਰਾਤ। ਜਿਹੜੇ ਇੰਡੀਆ ਬੈਠੇ, ਉਹ ਕਹਿਣਗੇ-‘ਫਲਾਨਾ ਕਨੇਡਾ ਚਲਾ ਗਿਆ- ਮੌਜਾਂ ਮਾਣਦਾ!’ ਇਹ ਤਾਂ ਉਸ ਵਿਚਾਰੇ ਨੂੰ ਪੁੱਛੋ ਕਿ- ਕਿਵੇਂ ਦਿਨ ਰਾਤ ਇੱਕ ਕਰਕੇ ਡਾਲਰ ਕਮਾਉਂਦਾ ਤੇ ਕਿਸ਼ਤਾਂ ਉਤਾਰਦਾ।

ਗੁਰਬਾਣੀ ਵਿੱਚ ਵੀ ਆਉਂਦਾ ਹੈ- ਨਾਨਕ ਦੁਖੀਆ ਸਭੁ ਸੰਸਾਰੁ॥ (ਅੰਗ 953)॥

ਸੋ ਇਸ ਸੰਸਾਰ ਵਿੱਚ ਰਹਿੰਦਿਆਂ ਦੁੱਖ-ਸੁੱਖ ਤਾਂ ਆਉਣੇ ਹੀ ਹਨ। ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸਨ ਕਿ- ‘ਜਿਸਨੂੰ ਨਾ ਪੁੱਛੋ ਉਹੀ ਸੁਖੀ ਹੈ’। ਦੂਰੋਂ ਸੁਖੀ ਦਿਸਣ ਵਾਲੇ ਦੇ ਜ਼ਰਾ ਕੁ ਨੇੜੇ ਜਾਓ ਤਾ ਪਤਾ ਲਗਦਾ ਹੈ ਕਿ- ਉਹ ਤਾਂ ਸਾਡੁੇ ਤੋਂ ਵੀ ਵੱਧ ਦੁਖੀ ਹੈ। ਇਸੇ ਕਰਕੇ ਸਿਆਣੇ ਮਨੁੱਖ ਸਹਿਜੇ ਕੀਤੇ ਆਪਣਾ ਦੁੱਖ ਕਿਸੇ ਅੱਗੇ ਫੋਲਦੇ ਨਹੀਂ- ਕਿਉਂਕਿ ਉਹ ਜਾਣਦੇ ਹਨ ਕਿ ਮੈਂ ਇੱਕ ਦੁੱਖ ਸੁਣਾਇਆ ਤਾਂ ਮੈਂਨੂੰ ਵੀ ਇਸ ਦੇ ਵੀਹ ਦੁੱਖ ਸੁਣਨੇ ਪੈਣਗੇ।

ਦੁਖ ਕੀਆ ਪੰਡਾਂ ਖੁਲ੍ਹੀਆ ਸੁਖ ਨ ਨਿਕਲਿਓ ਕੋਇ॥ (ਅੰਗ 1240)॥ ਅਨੁਸਾਰ ਹਰ ਕੋਈ ਦੁੱਖਾਂ ਦੀ ਪੰਡ ਚੁੱਕੀ ਫਿਰਦਾ ਹੈ। ਬਾਬਾ ਫਰੀਦ ਜੀ ਵੀ ਫੁਰਮਾ ਰਹੇ ਹਨ-

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥ (ਅੰਗ 1381)

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਦੁੱਖਾਂ ਤੋਂ ਬਚਣ ਦਾ ਵੀ ਕੋਈ ਸਾਧਨ ਹੈ? ਕੀ ਜ਼ਿੰਦਗੀ ਵਿੱਚ ਮਿਲਣ ਵਾਲੀ ਕੁੱਝ ਪਲਾਂ ਦੀ ਖੁਸ਼ੀ ਨੂੰ ਸਦੀਵੀ ਬਣਾਇਆ ਜਾ ਸਕਦਾ? ਕੀ ਅਸੀਂ ਜ਼ਿੰਦਗੀ ਦਾ ਅਨੰਦ ਵੀ ਮਾਣ ਸਕਦੇ ਹਾਂ?

ਇਹਨਾਂ ਸਵਾਲਾਂ ਦੇ ਉਤਰ ਜਾਨਣ ਤੋਂ ਪਹਿਲਾਂ- ਸਾਨੂੰ ‘ਆਨੰਦ’ ਦੀ ਪਰਿਭਾਸ਼ਾ ਨੂੰ ਸਮਝਣਾ ਪਵੇਗਾ। ਆਮ ਤੌਰ ਤੇ ਜਦੋਂ ਅਸੀਂ ਕਿਸੇ ਗੱਲ ਤੋਂ ਖੁਸ਼ ਹੁੰਦੇ ਹਾਂ, ਤਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ- ‘ਬੜਾ ਆਨੰਦ ਹੈ’। ਅਸੀਂ ਅਨੰਦ ਨੂੰ ‘ਫਿਜ਼ੀਕਲ’ ਵਸਤੂਆਂ ਨਾਲ ਮਾਪਦੇ ਹਾਂ। ਜਿਵੇਂ- ਜੇ ਕਿਸੇ ਕੋਲ ਬਹੁਤਾ ਧਨ ਹੈ ਤਾਂ ਕਹਿੰਦੇ ਹਾਂ ਕਿ-‘ਉਹ ਬੜੇ ਅਨੰਦ ਵਿੱਚ ਹੈ’..ਜੇ ਖਾਣਾ ਸੁਆਦ ਲੱਗਾ ਤਾਂ ਵੀ ਕਹਿੰਦੇ ਹਾਂ-‘ਅਨੰਦ ਆ ਗਿਆ’..ਜੇ ਕਿਸੇ ਕੋਲ ਵੱਡੀ ਗੱਡੀ ਹੈ ਜਾਂ ਘਰ ਹੈ ਤਾਂ ਵੀ ਸੋਚਦੇ ਹਾਂ ਕਿ-‘ਉਹ ਆਨੰਦ ‘ਚ ਰਹਿੰਦਾ ਹੈ’। ਪਰ ਇਹ ਸਹੀ ਨਹੀਂ ਹੈ। ‘ਖੁਸ਼ੀ’ ਤੇ ‘ਅਨੰਦ’ ਵਿੱਚ ਢੇਰ ਸਾਰਾ ਅੰਤਰ ਹੈ। ਸਦੀਵੀ ਖੁਸ਼ੀ ਨੂੰ ‘ਅਨੰਦ’ ਕਿਹਾ ਜਾ ਸਕਦਾ ਹੈ। ਇਹ ਕਿਸੇ ਭੌਤਿਕ ਵਸਤੂ ਤੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਭੌਤਿਕ ਵਸਤੂਆਂ ਨਾਲ ਕੇਵਲ ਭੌਤਿਕ ਵਸਤਾਂ ਹੀ ਖਰੀਦੀਆਂ ਜਾ ਸਕਦੀਆਂ ਹਨ- ਜਦ ਕਿ ‘ਅਨੰਦ’ ਦਾ ਸਬੰਧ ਤਾਂ ਸਾਡੀ ਆਤਮਾ ਨਾਲ ਹੈ। ‘ਅਨੰਦ’ ਦੁੱਖ ਸੁੱਖ ਤੋਂ ਪਾਰ ਜਾਣ ਦੀ ਅਵਸਥਾ ਹੈ। ਗੁਰਬਾਣੀ ਅਨੁਸਾਰ-

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ (ਅੰਗ 917)

ਰਾਮਕਲੀ ਰਾਗ ਵਿੱਚ, ਤੀਸਰੇ ਪਾਤਸ਼ਾਹ ਨੇ ਜਿਸ ‘ਅਨੰਦ’ ਦੀ ਵਿਆਖਿਆ ਕੀਤੀ ਹੈ- ਉਹ ਤਾਂ – ਤੱਤੀ ਰੇਤ ਸੀਸ ਤੇ ਪੈਣ ਤੇ ਜਾਂ ਆਰੇ ਨਾਲ ਚੀਰਨ ਨਾਲ ਜਾਂ ਬੰਦ ਬੰਦ ਕੱਟਣ ਨਾਲ ਵੀ ਖਤਮ ਨਹੀਂ ਕੀਤਾ ਜਾ ਸਕਦਾ। ਇਸ ਅਵਸਥਾ ਵਿੱਚ ਤਾਂ- ਤੱਤੀਆਂ ਤਵੀਆਂ ਤੇ ਬੈਠਣ ਨਾਲ ਵੀ ‘ਤੇਰਾ ਕੀਆ ਮੀਠਾ ਲਾਗੇ॥’ ਮੁਖੋਂ ਉਚਾਰਿਆ ਜਾ ਸਕਦਾ ਹੈ। ਇਸ ਅਵਸਥਾ ਵਾਲਾ ਹੀ ਦੂਜਿਆਂ ਲਈ ਕੁਰਬਾਨ ਹੋ ਸਕਦਾ ਹੈ। ਇਹ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ- ਬੱਚਿਆਂ ਦੇ ਟੋਟੇ ਕਰਵਾ, ਗਲਾਂ ‘ਚ ਹਾਰ ਪਵਾ ਕੇ ਵੀ ਇਹ ਅਰਦਾਸ ਕੀਤੀ ਜਾਂਦੀ ਹੈ ਕਿ-‘ਦਿਨ ਤੇਰੇ ਭਾਣੇ ‘ਚ ਅਨੰਦ ‘ਚ ਬਤੀਤ ਹੋਇਆ- ਰੈਣ ਆਈ.. ਇਹ ਵੀ ਤੇਰੇ ਭਾਣੇ ‘ਚ ‘ਅਨੰਦ’ ‘ਚ ਬਤੀਤ ਹੋਵੇ’। ਇਸ ਅਵਸਥਾ ਵਿੱਚ ਹੀ- ਕੰਡਿਆਂ ਦੀ ਸੇਜ ਤੇ ‘ਮਿੱਤਰ ਪਿਆਰੇ’ ਲਈ ਗੀਤ ਗਾਇਆ ਜਾ ਸਕਦਾ ਹੈ। ਤੇ ਇਸੇ ਅਵਸਥਾ ਵਾਲਾ ਇਨਸਾਨ ਹੀ ਸਰਬੰਸ ਵਾਰਨ ਉਪਰੰਤ, ਜ਼ਾਲਿਮ ਨੂੰ ‘ਜਿੱਤ ਦੀ ਚਿੱਠੀ’ (ਜ਼ਫ਼ਰਨਾਮਾ) ਲਿਖ ਸਕਦਾ ਹੈ। ਇਹ ਉਹ ਅਵਸਥਾ ਹੈ ਕਿਸ ਵਿੱਚ ਆਤਮਾ ਏਨੀ ਉਪਰ ਉਠ ਜਾਂਦੀ ਹੈ ਕਿ ਉਹ ਦੁੱਖ- ਸੁਖ ਨੂੰ ਸਮਾਨ ਸਮਝ, ਅਕਾਲ ਪੁਰਖ ਦੇ ਹੁਕਮ ਨੂੰ ਭਾਣਾ ਮੰਨ ਕੇ, ਖਿੜੇ ਮੱਥੇ ਸਵੀਕਾਰ ਕਰਦੀ ਹੈ। ਇਸ ਕੈਟਾਗਰੀ ਵਿੱਚ- ਪੀਰ, ਪੈਗੰਬਰ, ਅਵਤਾਰ, ਬ੍ਰਹਮ ਗਿਆਨੀ, ਪੂਰਨ ਸੰਤ (ਅਜੋਕੇ ਨਹੀਂ), ਪੂਰਨ ਗੁਰਸਿੱਖ ਜਾਂ ਨਾਮ ਦੀ ਕਮਾਈ ਕਰਨ ਵਾਲੇ ਆਉਂਦੇ ਹਨ।
ਖੈਰ ਆਪਾਂ ਲੋਕ, ਇਸ ਅਵਸਥਾ ਤੱਕ ਤਾਂ ਸ਼ਾਇਦ ਨਾ ਪਹੁੰਚ ਸਕੀਏ। ਪਰ ਕੁੱਝ ਇੱਕ ਨੁਕਤੇ ਆਪਣੇ ਜੀਵਨ ਵਿੱਚ ਅਪਣਾ ਕੇ- ਹਰ ਵੇਲੇ ਦੁਖੀ ਹੋਣ ਤੋਂ ਜਰੂਰ ਬਚ ਸਕਦੇ ਹਾਂ- ਇਹ ਮੇਰਾ ਨਿੱਜੀ ਤਜਰਬਾ ਹੈ।

‘ਖੁਸ਼ੀ’ ਦਾ ਸਬੰਧ ਸਾਡੇ ਮਨ ਨਾਲ ਹੈ। ਇਸ ਲਈ ਇਹ ਸਾਨੂੰ ਬਾਹਰੋਂ ਨਹੀਂ- ਅੰਦਰੋਂ ਮਿਲਣੀ ਹੈ- ਮਨ ਦੀ ਤ੍ਰਿਪਤੀ ਨਾਲ। ਹੁਣ ਸਮਝਣ ਦੀ ਲੋੜ ਹੈ ਕਿ ‘ਮਨ’ ਕੀ ਹੈ।  ਸਾਡੇ ਅੰਦਰ ਚਲ ਰਹੇ ਵਿਚਾਰਾਂ ਦੇ ਸੰਗ੍ਰਹਿ ਨੂੰ ‘ਮਨ’ ਕਹਿੰਦੇ ਹਨ। ਜਿੰਨੇ ਵਿਚਾਰ ਵੱਧ ਚਲਦੇ ਹਨ- ਉਨਾ ਹੀ ਅਸੀਂ ਅਸ਼ਾਂਤ ਤੇ ਦੁਖੀ ਹੁੰਦੇ ਹਾਂ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ- ਜੇ ਅਸੀਂ ਵਿਚਾਰਾਂ ਦੀ ਗਤੀ ਕੰਟਰੋਲ ਕਰ ਲਈਏ ਤਾਂ- ਸਾਡਾ ਮਨ ਸ਼ਾਂਤ ਹੋ ਸਕਦਾ ਹੈ। ਇਸ ਲਈ ਸਾਨੂੰ ਵਰਤਮਾਨ ‘ਚ ਰਹਿਣਾ ਪਏਗਾ। ਬਹੁਤ ਵਾਰੀ ਸਾਡੇ ਨਾਲ ਇਹ ਵਾਪਰਦਾ ਹੈ ਕਿ- ਅਸੀਂ ਪਾਠ ਕਰ ਰਹੇ ਹੁੰਦੇ ਹਾਂ, ਪਰ ਸਾਡਾ ਮਨ ਕਦੇ ਬੀਤੇ ਵਿੱਚ ਪਹੁੰਚ ਜਾਂਦਾ ਹੈ ਤੇ ਕਦੇ ਆਉਣ ਵਾਲੇ ਸਮੇਂ ਬਾਰੇ ਸੋਚਣ ਲੱਗ ਜਾਂਦਾ ਹੈ। ਪਤਾ ਹੀ ਨਹੀਂ ਲਗਦਾ ਕਿ- ਜਪੁਜੀ ਸਾਹਿਬ ਦੀਆਂ ਕਿੰਨੀਆਂ ਪਉੜੀਆਂ ਅਸੀਂ ਬਿਨਾ ਸੁਣੇ ਹੀ ਪੜ੍ਹ ਲਈਆਂ। ਜੋ ਕੰੰਮ ਹੁਣ ਕਰ ਰਹੇ ਹਾਂ- ਜੇ ਉਸ ਵਿੱਚ ਪੂਰਾ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਮਨ ਦੌੜਦਾ ਨਹੀਂ। ਏਸੇ ਕਰਕੇ ਅੱਜਕਲ ਮੈਡੀਟੇਸ਼ਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਿੱਚ- ਆਪਣੇ ਮਨ ਦੇ ਵਿਚਾਰਾਂ ਨੂੰ ਰੋਕ ਕੇ, ਆਪਣੇ ਅੰਦਰ ਬੈਠੀ ਆਤਮਾ ਨਾਲ ਜੁੜਨਾ ਹੁੰਦਾ ਹੈ ਜੋ ਕਿ ਪ੍ਰਮਾਤਮਾ ਦਾ ਅੰਸ਼ ਹੈ। ਸਾਡੀ ਆਤਮਾ ਹੀ ਅਸਲ ਵਿੱਚ ਸਾਡੇ ਸਰੀਰ ਦਾ ਡਰਾਈਵਰ ਹੈ- ਤੇ ਜਦੋਂ ਇਹ ਵਿਚੋਂ ਨਿਕਲ ਜਾਂਦੀ ਹੈ ਤਾਂ ਸਾਡਾ ਸਰੀਰ ਮਿੱਟੀ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਸਾਡਾ ਰੱਬ ਸਾਡੇ ਅੰਦਰ ਵੀ ਬੈਠਾ ਹੈ- ਤੇ ਸਾਰੇ ਬ੍ਰਹਿਮੰਡ ਦੇ ਕਣ ਕਣ ਵਿੱਚ ਵੀ ਸਮਾਇਆ ਹੋਇਆ ਹੈ। ਬੱਸ ਲੋੜ ਹੈ ਉਸ ਨੂੰ ਪਛਾਨਣ ਦੀ!

ਮੁੱਕਦੀ ਗੱਲ ਇਹ ਹੈ ਕਿ- ਉਸ ਕਰਤੇ ਦੀ ਬਣਾਈ ਹਰ ਰਚਨਾ ਨੂੰ ਪਿਆਰ ਕਰੀਏ- ਸੋਚ ਨੂੰ ਹਾਂ-ਪੱਖੀ ਬਣਾਈਏ ਤਾਂ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਵੀ ਖੁਸ਼ੀ ਦੇ ਸਕਦੀਆਂ ਹਨ। ਕਿਸੇ ਬੱਚੇ ਦੀ ਮੁਕਰਾਹਟ, ਖਿੜੇ ਹੋਏ ਫੁੱਲ, ਕਿਸੇ ਵਲੋਂ ਕੀਤਾ ਧੰਨਵਾਦ, ਕੋਈ ਨਿਸ਼ਕਾਮ ਸੇਵਾ, ਕਿਸੇ ਦੀ ਮਦਦ, ਕੋਈ ਪਿਆਰੀ ਮਿਲਣੀ, ਕੋਈ ਚੰਗੀ ਕਵਿਤਾ ਜਾਂ ਗੀਤ, ਸਤ-ਸੰਗਤ ਆਦਿ- ਖੁਸ਼ੀਆਂ ਹੀ ਤਾਂ ਹਨ ਚਾਰੇ ਪਾਸੇ। ਕਿਸੇ ਪਹਾੜ ਦੀ ਸੈਰ, ਕੁਦਰਤੀ ਨਜ਼ਾਰੇ, ਇਹ ਝੀਲਾਂ, ਇਹ ਝਰਨੇ, ਚਹਿਚਹਾਉਂਦੇ ਪੰਛੀ..ਗੱਲ ਕੀ ਚਾਰੇ ਪਾਸੇ ਕੁਦਰਤ ਨੇ ਸੰਗੀਤ ਪੈਦਾ ਕੀਤਾ ਹੈ- ਬੱਸ ਦੇਖਣ ਵਾਲੀ ਅੱਖ ਹੋਣੀ ਚਾਹੀਦੀ ਸਾਡੇ ਕੋਲ!

ਜੇ ਰੱਬ ਨੂੰ ਪਿਆਰ ਕਰਨਾ ਚਾਹੁੰਦੇ ਹਾਂ- ਤਾਂ ਉਸ ਦੇ ਬਣਾਏ ਹਰ ਇਨਸਾਨ ਨੂੰ ਪਿਆਰ ਕਰੀਏ- ਸਰਬੱਤ ਦਾ ਭਲਾ ਮੰਗੀਏ- ਸਬਰ ਸੰਤੋਖ ਦੇ ਧਾਰਨੀ ਬਣੀਏ- ਦਾਤੇ ਵਲੋਂ ਮਿਲੀਆਂ ਅਨੇਕ ਦਾਤਾਂ ਲਈ ਉਸ ਦਾ ਸ਼ੁਕਰਾਨਾ ਕਰੀਏ- ਤਾਂ ਖੁਸ਼ੀ ਨੂੰ ਕਿਧਰੇ ਭਾਲਣ ਨਹੀਂ ਜਾਣਾ ਪੈਣਾ, ਇਹ ਆਪਣੇ ਆਪ ਸਾਡੇ ਕੋਲ ਭੱਜੀ ਆਏਗੀ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>