ਸਕਾਟਲੈਂਡ : ਜੱਗੀ ਜੌਹਲ ਬਾਰੇ ਬ੍ਰਿਟੇਨ ਦੀਆਂ ਖੁਫ਼ੀਆਂ ਏਜੰਸੀਆਂ ਨੇ ਸਾਂਝੀ ਕੀਤੀ ਸੀ ਭਾਰਤ ਨਾਲ ਗੁਪਤ ਜਾਣਕਾਰੀ?

Screenshot_2022-08-24_15-49-40.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਭਾਰਤੀ ਮੂਲ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਅਗਵਾ ਕੀਤੇ ਜਾਣ ਅਤੇ ਫਿਰ ਤਸ਼ੱਦਦ ਦਿੱਤੇ ਜਾਣ ਦੇ ਮਾਮਲੇ ਵਿੱਚ ਹੁਣ ਯੂਕੇ ਦੀਆਂ ਖੁਫੀਆ ਏਜੰਸੀਆਂ ਦੀ ਸ਼ਮੂਲੀਅਤ ਦੇ ਇਲਜ਼ਾਮ ਲੱਗ ਰਹੇ ਹਨ। ਯੂਕੇ ਦੀਆਂ ਖੁਫੀਆ ਏਜੰਸੀਆਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ਨੂੰ ਜੌਹਲ ਬਾਰੇ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਜੌਹਲ ਨੂੰ ਅਗਵਾ ਕਰ ਲਿਆ ਗਿਆ ਅਤੇ ਫਿਰ ਤਸੀਹੇ ਦਿੱਤੇ ਗਏ। ਇਹ ਮਾਮਲਾ 2017 ਦਾ ਹੈ ਜਦੋਂ ਡਮਬਾਰਟਨ (ਸਕਾਟਲੈਂਡ) ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਵਿਆਹ ਕਰਵਾਉਣ ਭਾਰਤ ਗਿਆ ਹੋਇਆ ਸੀ। ਉਸ ਵੇਲੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਸੀ ਕਿ ਇੱਕ ਅਣਜਾਣ ਕਾਰ ਜਗਤਾਰ ਨੂੰ ਚੁੱਕ ਕੇ ਲੈ ਗਈ ਸੀ। ਜਗਤਾਰ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਕਈ ਦਿਨਾਂ ਤੱਕ ਤਸੀਹੇ ਦਿੱਤੇ ਗਏ। ਉਨ੍ਹਾਂ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ। ਉਦੋਂ ਤੋਂ ਉਸ ਨੂੰ ਨਜ਼ਰਬੰਦ ਰੱਖਿਆ ਗਿਆ ਹੈ। ਜਦੋਂ ਭਾਈਚਾਰੇ ਦੇ ਲੋਕਾਂ ਵੱਲੋਂ “ਫਰੀ ਜੱਗੀ ਨਾਓ” ਨਾਂ ਦੀ ਮੁਹਿੰਮ ਚਲਾ ਕੇ ਮਾਮਲਾ ਉਭਾਰਿਆ ਤਾਂ ਉਸ ਤੋਂ ਬਾਅਦ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀਆਂ ਵੱਲੋਂ ਵੱਖ-ਵੱਖ ਸਮਿਆਂ ਉੱਤੇ ਮਾਮਲਾ ਚੁੱਕਿਆ ਗਿਆ ਪਰ ਭਾਰਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਜੌਹਲ ਨੂੰ ਤਸੀਹੇ ਦਿੱਤੇ ਗਏ ਸਨ ਜਾਂ ਉਨ੍ਹਾਂ ਨਾਲ ਕੋਈ ਦੁਰਵਿਵਹਾਰ ਕੀਤਾ ਗਿਆ ਸੀ। ਮਈ ਮਹੀਨੇ ਵਿੱਚ ਜੌਹਲ ‘ਤੇ ਕਤਲ ਦੀ ਸਾਜ਼ਿਸ਼ ਰਚਣ ਅਤੇ ਇੱਕ ਅੱਤਵਾਦੀ ਗਿਰੋਹ ਦਾ ਮੈਂਬਰ ਹੋਣ ਦਾ ਇਲਜ਼ਾਮ ਕਾਨੂੰਨੀ ਤੌਰ ‘ਤੇ ਲਗਾ ਦਿੱਤਾ ਗਿਆ। ਜੌਹਲ ਨੂੰ ਅਗਲੇ ਮਹੀਨੇ ਉਨ੍ਹਾਂ ਖ਼ਿਲਾਫ਼ ਲੱਗੇ ਇਲਜਾਮਾਂ ਦੀ ਪੂਰੀ ਚਾਰਜਸ਼ੀਟ ਦੇ ਨਾਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਇਸ ਮਾਮਲੇ ਬਾਰੇ ਰੀਪ੍ਰੀਵ ਦਾ ਕਹਿਣਾ ਹੈ ਕਿ ਇਸ ਨੇ ਜੌਹਲ ਦੇ ਕੇਸ ਨਾਲ ਸਬੰਧਤ ਕਈ ਜਾਣਕਾਰੀਆਂ ਨੂੰ ਖੁਫੀਆ ਏਜੰਸੀਆਂ ਦੀ ਨਿਗਰਾਨੀ ਕਰਨ ਵਾਲੇ ਨਿਗਰਾਨੀ ਸਮੂਹ ਵੱਲੋਂ ਤਿਆਰ ਇੱਕ ਰਿਪੋਰਟ ਨਾਲ ਮਿਲਾਇਆ ਹੈ ਅਤੇ ਉਹ ਜਾਣਕਾਰੀਆਂ ਰਿਪੋਰਟ ‘ਚ ਦਰਜ ਦੁਰਵਿਵਹਾਰ ਦੇ ਇੱਕ ਖਾਸ ਦਾਅਵੇ ਨਾਲ ਮੇਲ ਖਾਂਦੀਆਂ ਹਨ। ਇਨਵੈਸਟੀਗੇਟਰੀ ਪਾਵਰਜ਼ ਕਮਿਸ਼ਨਰ ਆਫਿਸ (ਆਈਪੀਸੀਓ) ਦੀ ਰਿਪੋਰਟ ਕਹਿੰਦੀ ਹੈ, “ਜਾਂਚ ਦੇ ਦੌਰਾਨ, ਐੱਮ ਆਈ 5 ਨੇ ਸੀਕ੍ਰੇਟ ਇੰਟੈਲੀਜੈਂਸ ਸਰਵਿਸ (ਐੱਮ ਆਈ 6) ਰਾਹੀਂ ਪਾਰਟਨਰ ਦੇਸ਼ ਨੂੰ ਖੁਫੀਆ ਜਾਣਕਾਰੀ ਦਿੱਤੀ। ਖੁਫ਼ੀਆ ਜਾਣਕਾਰੀ ਦੇ ਸਬਜੈਕਟ (ਵਿਅਕਤੀ) ਨੂੰ ਪਾਰਟਨਰ ਦੇਸ਼ ਨੇ ਆਪਣੇ ਮੁਲਕ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਵਿਅਕਤੀ ਨੇ ਬ੍ਰਿਟਿਸ਼ ਕਾਉਂਸਲਰ ਅਧਿਕਾਰੀ ਨੂੰ ਦੱਸਿਆ ਕਿ ਉਸ ਨੂੰ ਤਸੀਹੇ ਦਿੱਤੇ ਗਏ ਸਨ।

ਰਿਪੋਰਟ ਵਿੱਚ ਜਗਤਾਰ ਸਿੰਘ ਜੌਹਲ ਦਾ ਨਾਮ ਨਹੀਂ ਹੈ, ਪਰ ਰੀਪ੍ਰੀਵ ਦੇ ਜਾਂਚਕਰਤਾ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਸਬੰਧਤ ਮਿਤੀਆਂ, ਬ੍ਰਿਟਿਸ਼ ਪ੍ਰਧਾਨ ਮੰਤਰੀਆਂ ਦੁਆਰਾ ਕੀਤੀ ਗਈ ਲਾਬਿੰਗ ਅਤੇ ਭਾਰਤੀ ਪ੍ਰੈਸ ਵਿੱਚ ਛਪੇ ਸਹਾਇਕ ਸਬੂਤਾਂ ਦੇ ਵੇਰਵਿਆਂ ਕਾਰਨ ਇਸ ਰਿਪੋਰਟ ਦੇ ਤੱਥ ਜੌਹਲ ਦੇ ਕੇਸ ਨਾਲ ਮੇਲ ਖਾਂਦੇ ਹਨ। 2017 ਵਿੱਚ, ਹਿੰਦੁਸਤਾਨ ਟਾਈਮਜ਼ ਨੇ ਰਿਪੋਰਟ ਦਿੱਤੀ ਕਿ “ਯੂਕੇ ਦੇ ਇੱਕ ਸਰੋਤ” ਦੁਆਰਾ ਪੰਜਾਬ ਪੁਲਿਸ ਨੂੰ ਇੱਕ ਪ੍ਰਮੁੱਖ ਵਿਅਕਤੀ, “ਜੌਹਲ” ਬਾਰੇ “ਅਸਪਸ਼ਟ ਜਾਣਕਾਰੀ” ਦੇਣ ਤੋਂ ਬਾਅਦ ਜਗਤਾਰ ਸਿੰਘ ਜੌਹਲ “ਨਿਗਰਾਨੀ ਵਿੱਚ” ਆਏ ਸਨ। ਭਾਰਤ ਸਰਕਾਰ ਜੌਹਲ ‘ਤੇ ਕਤਲਾਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਉਂਦੀ ਹੈ ਅਤੇ ਦਾਅਵਾ ਕਰਦੀ ਹੈ ਕਿ ਉਹ ਸਿੱਖ ਰਾਸ਼ਟਰਵਾਦ ਨਾਲ ਸਬੰਧਤ ਹਨ। ਹਾਲਾਂਕਿ ਜੌਹਲ ਕਿਸੇ ਵੀ ਗਲਤ ਕੰਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਹਨ।

ਜਗਤਾਰ ਸਿੰਘ ਜੌਹਲ ਇੱਕ ਸਰਗਰਮ ਬਲੌਗਰ ਅਤੇ ਸਿੱਖ ਮਨੁੱਖੀ ਅਧਿਕਾਰਾਂ ਦੇ ਪ੍ਰਚਾਰਕ ਸਨ। ਜਗਤਾਰ ਦੇ ਭਰਾ ਗੁਰਪ੍ਰੀਤ ਅਨੁਸਾਰ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਗਤੀਵਿਧੀ ਬਾਰੇ ਪਤਾ ਨਹੀਂ ਸੀ ਜਿਸ ਨੂੰ ਗੈਰ-ਕਾਨੂੰਨੀ ਮੰਨਿਆ ਜਾ ਸਕਦਾ ਹੈ। ਜੌਹਲ ਇਸ ਸਮੇਂ ਦਿੱਲੀ ਦੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨਾਲ ਸੰਪਰਕ ਨਹੀਂ ਕਰਨ ਦਿੱਤਾ ਗਿਆ, ਅਖੀਰ ‘ਚ ਉਨ੍ਹਾਂ ਤੋਂ ਘੰਟਿਆਂ ਤੱਕ ਬੇਰਹਿਮੀ ਨਾਲ ਪੁੱਛਗਿੱਛ ਕੀਤੀ ਗਈ।
ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਵਕੀਲਾਂ ਜਾਂ ਬ੍ਰਿਟਿਸ਼ ਕਾਉਂਸਲਰ ਅਧਿਕਾਰੀਆਂ ਨਾਲ ਸੰਪਰਕ ਜਾਂ ਉਨ੍ਹਾਂ ਤੱਕ ਪਹੁੰਚ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਕੋਰੇ ਕਾਗਜ਼ਾਂ ‘ਤੇ ਦਸਤਖਤ ਕਰਵਾਏ ਗਏ ਸਨ ਜੋ ਬਾਅਦ ਵਿੱਚ ਜੌਹਲ ਦੇ ਵਿਰੁੱਧ ਝੂਠੇ ਇਕਬਾਲ ਵਜੋਂ ਵਰਤੇ ਗਏ। ਇਨ੍ਹਾਂ ਇਲਜ਼ਾਮਾਂ ‘ਤੇ ਟਿੱਪਣੀ ਕਰਦਿਆਂ ਐੱਮਪੀ ਸਟੀਵ ਬੇਕਰ ਨੇ ਕਿਹਾ, “ਇਹ ਭਿਆਨਕ ਮਾਮਲਾ, ਜਿੱਥੇ ਯੂਕੇ ਦੀ ਖੁਫੀਆ ਜਾਣਕਾਰੀ ਸਾਂਝਾ ਕਰਨ ਨੂੰ ਬੇਰਹਿਮੀ ਵਾਲੇ ਤਸ਼ੱਦਦ ਨਾਲ ਜੋੜਿਆ ਗਿਆ ਹੈ, ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਰਾਸ਼ਟਰੀ ਸੁਰੱਖਿਆ ਬਿੱਲ ਵਿੱਚ ਸੁਧਾਰ ਕਰਨ ਦੀ ਲੋੜ ਕਿਉਂ ਹੈ।” ਜਿਨ੍ਹਾਂ ਤਿੰਨ ਸਰਕਾਰੀ ਵਿਭਾਗਾਂ ‘ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ ਵੱਲੋਂ ਜਵਾਬ ਦਿੰਦੇ ਹੋਏ ਵਿਦੇਸ਼ ਦਫਤਰ ਨੇ ਕਿਹਾ, “ਇੱਕ ਚੱਲ ਰਹੇ ਕਾਨੂੰਨੀ ਮਾਮਲੇ ‘ਤੇ ਟਿੱਪਣੀ ਕਰਨਾ ਅਣਉਚਿਤ ਹੋਵੇਗਾ।”

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>