ਹੱਕ ਲਈ ਲੜਿਆ ਸੱਚ – (ਭਾਗ -72)

ਜਦੋਂ ਕਈ ਦਿਨਾਂ ਬਾਅਦ ਵੀ ਦਿਲਪ੍ਰੀਤ ਹੋਰਾਂ ਵਿਚੋਂ ਕੋਈ ਵੀ ਘਰ ਨਾ ਆਇਆ ਤਾਂ ਮਾਤਾ ਜੀ ਨੂੰ ਫਿਕਰ ਹੋਣ ਲੱਗਾ। ਦੀਪੀ ਦੇ ਮਨ ਵਿਚ ਪਤਾ ਨਹੀ ਕੀ ਆਇਆ ਉਸ ਨੇ ਮਾਤਾ ਜੀ ਨੂੰ ਕਹਿ ਦਿੱਤਾ, “ਮਾਤਾ ਜੀ, ਹੁਣ ਮੈਂ ਅੰਮ੍ਰਿਤ ਛੱਕਣਾ ਚਾਹੁੰਦੀ ਹਾਂ।”
“ਜਦੋਂ ਦਿਲਪ੍ਰੀਤ ਆਵੇਗਾ, ਉਸ ਨਾਲ ਗੱਲ ਕਰ ਲਵਾਂਗੇ।।” ਮਾਤਾ ਜੀ ਨੇ ਕਿਹਾ, “ਕਈ ਵਾਰੀ ਪੰਜ ਸਿੰਘ ਇਸ ਘਰ ਵਿਚ ਹੀ ਇਕੱਠੇ ਹੋ ਜਾਂਦੇ ਹਨ, ਉਹ ਵੀ ਤੈਨੂੰ ਅੰਮ੍ਰਿਤ ਛਕਾ ਸਕਦੇ ਹਨ।
“ਤੁਸੀ ਆਪ ਹੀ ਤਾਂ ਕਹਿੰਦੇ ਹੋ ਕਿ ਸਿੰਘਾਂ ਦਾ ਪਤਾ ਨਹੀ ਕਦੋਂ ਆਉਣ?”
“ਜਦੋਂ ਵੀ ਆਉਣਗੇ, ਉਦੋਂ ਹੀ ਪੁੱਤ, ਤੂੰ ਪਾਹੁਲ ਲੈ ਲਈ”
“ਮੈ ਤਾਂ ਅੱਜ ਹੀ ਛੱਕਣਾ ਚਾਹੁੰਦੀ ਹਾਂ।”
ਮਾਤਾ ਜੀ ਨੇ ਹੈਰਾਨੀ ਨਾਲ ਦੀਪੀ ਵੱਲ ਦੇਖਿਆ ਅਤੇ ਪੁੱਛਿਆ, “ਕੀ ਤੂੰ ਅੰਮ੍ਰਿਤ ਛੱਕਣ ਲਈ ਆਪਣਾ ਪੱਕਾ ਮਨ ਬਣਾ ਲਿਆ ਹੈ।”
ਦੀਪੀ ਨੇ ਆਪਣੇ ਸਿਰ ਉੱਪਰ ਚੁੰਨੀ ਲੈਂਦੇ ਕਿਹਾ, “ਹਾਂ ਜੀ।”
“ਏਡੀ ਛੇਤੀ ਤਾਂ ਕੋਈ ਪ੍ਰਬੰਧ ਹੋ ਨਹੀ ਸਕਦਾ।” ਮਾਤਾ ਜੀ ਨੇ ਸੋਚ ਕੇ ਕਿਹਾ, “ਮੇਰੇ ਕੋਲ ਕਿਰਪਾਨ ਅਤੇ ਕਛਿਹਰਾ ਪਿਆ ਹੈ, ਜਦੋਂ ਵੀ ਕੋਈ ਸਬੱਬ ਬਣਿਆ ੳਦੋਂ ਹੀ ਤੈਨੂੰ ਅੰਮ੍ਰਿਤ ਛਕਾ ਦੇਵਾਂਗੇ।”
ਦੀਪੀ ਨੂੰ ਮਾਤਾ ਜੀ ਦੀ ਸਲਾਹ ਚੰਗੀ ਲੱਗੀ। ਅਗਲੇ ਦਿਨ ਦੀਪੀ ਨੇ ਤੜਕੇ ਉੱਠ ਕੇ ਕੇਸੀ ਇਸ਼ਨਾਨ ਕੀਤਾ। ਮਾਤਾ ਜੀ ਨੇ ਪਾਠ ਕਰਕੇ ਅਰਦਾਸ ਕੀਤੀ ਅਤੇ ਦੀਪੀ ਦੇ ਗੱਲ ਕਿਰਪਾਨ ਪਾ ਦਿੱਤੀ। ਅੰਮ੍ਰਿਤਧਾਰੀਆਂ ਦੀ ਤਰ੍ਹਾਂ ਦੀਪੀ ਨੇ ਆਪਣੀ ਰਹਿਤ ਰੱਖਣੀ ਸ਼ੁਰੂ ਕਰ ਦਿੱਤੀ। ਜਿਸ ਨਾਲ ਦੀਪੀ ਨੇ ਆਪਣੇ ਜੀਵਨ ਵਿਚ ਨਵੀਂ ਹੀ ਤਬਦੀਲੀ ਮਹਿਸੂਸ ਕੀਤੀ, ਇਸ ਦਾ ਜਿਕਰ ਉਸ ਨੇ ਮਾਤਾ ਜੀ ਕੋਲ ਵੀ ਕੀਤਾ, “ਮਾਤਾ ਜੀ ਜਦੋਂ ਦੀ ਤੁਸੀ ਕਿਰਪਾਨ ਪਵਾ ਦਿੱਤੀ ੳਦੋਂ ਦਾ ਕਿਸੇ ਚੀਜ਼ ਤੋਂ ਡਰ ਨਹੀ ਲੱਗਦਾ।”
“ਬੇਟਾ, ਜਦੋਂ ਤੂੰ ਅੰਮ੍ਰਿਤ ਛੱਕ ਲਵੇਂਗੀ ਫਿਰ ਦੇਖਣਾ ਕਿਵੇਂ ਤੇਰੀ ਰੂਹ ਵਿਚ ਵੀ ਤਬਦੀਲੀ ਆਉਂਦੀ ਹੈ, ਸੱਚ ਬੋਲਣ ਦੀ ਜੁਅਰਤ ਪੈਦਾ ਹੁੰਦੀ ਹੈ।” ਮਾਤਾ ਜੀ ਨੇ ਆਪਣਾ ਤਜ਼ੱਰਬਾ ਦੱਸਿਆ, “ਜ਼ੁਲਮ ਅਤੇ ਅਨਿਆਂ ਦੇ ਅੱਗੇ ਖੜ੍ਹਨ ਲਈ ਬਹਾਦਰੀ ਆਉਂਦੀ ਹੈ।”
ਬੇਸ਼ੱਕ ਦੀਪੀ ਸਾਰਾ ਦਿਨ ਆਪਣੇ ਆਪ ਨੂੰ ਰੁਝਾਉਣ ਦਾ ਜਤਨ ਕਰਦੀ ਰਹਿੰਦੀ। ਫਿਰ ਵੀ ਕਦੀ ਕਦੀ ਉਦਾਸ ਹੋ ਜਾਂਦੀ। ਅੱਜ ਬਾਹਰ ਹਨੇਰਾ ਘੁੱਪ ਹੋ ਗਿਆ ਸੀ, ਇਸ ਦੇ ਨਾਲ ਹੀ ਦੀਪੀ ਦਾ ਮਨ ਵੀ ਉਦਾਸ ਹੋ ਗਿਆ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦੀਪੀ ਆਪਣੀ ਉਦਾਸੀ ਨੂੰ ਕਿਤਾਬਾਂ ਵਿਚ ਲਕੁਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਤਾਬਾਂ ਵਾਲੀ ਅਲਮਾਰੀ ਕੋਲ ਖਲੋ ਕੇ ਇਕ ਇੰਗਲਸ਼ ਰਸਾਲਾ ‘ ਵੋਮੈਨ ਇਰਾ’ ਦੇ ਵਰਕੇ ਇਧਰ-ਉਧਰ ਪਲਟ ਰਹੀ ਸੀ। ਰਾਤ ਦੇ ਤਕਰੀਬਨ ਦਸ ਵਜ ਚੁੱਕੇ ਸਨ। ਮਾਤਾ ਜੀ ਉਸ ਦੇ ਕੋਲ ਆ ਕੇ ਕਹਿਣ ਲੱਗੇ, “ਪੁੱਤ ਦੁੱਧ ਦਾ ਕੱਪ ਪੀਣਾ ਤਾਂ ਲਿਆਵਾਂ।”
“ਨਹੀਂ, ਮਾਤਾ ਜੀ।”
“ਰਾਤ ਸੋਣ ਤੋਂ ਪਹਿਲਾਂ ਗਰਮ ਦੁੱਧ ਪੀਤਾ ਹੋਵੇ ਤਾਂ ਨੀਂਦ ਸੁਹਣੀ ਆ ਜਾਂਦੀ ਹੈ।”
“ਪਰ ਜੇ ਮਨ ਵਿਚ ਫਿਕਰ ਹੋਵੇ ਫਿਰ ਚਾਹੇ ਦੁੱਧ ਵੀ ਪੀਤਾ ਹੋਵੇ ਨੀਂਦ ਫਿਰ ਵੀ ਨਹੀ ਆਉਂਦੀ।” ਦੀਪੀ ਨੇ ਮਾਤਾ ਜੀ ਦੇ ਮਨ ਦੀ ਗਲ ਮੂੰਹ ਤੇ ਕਹਿ ਦਿੱਤੀ, “ਪਤਾ ਨਹੀ ਇਹ ਕਿੱਥੇ ਹੋਣਗੇ।”
“ਜਿੱਥੇ ਵੀ ਹੋਣਗੇ, ਠੀਕ ਹੀ ਹੋਣਗੇ। ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ।” ਮਾਤਾ ਜੀ ਨੇ ਸਮਝਾਇਆ, “ਦੋ-ਚਾਰ ਦਿਨ ਹੋਰ ਦੇਖ ਲੈਂਦੇ ਹਾਂ, ਜੇ ਦਿਲਪ੍ਰੀਤ ਫਿਰ ਵੀ ਨਾ ਮੁੜਿਆ ਤਾਂ ਤੂੰ ਆਪਣੇ ਮਾਪਿਆ ਦੇ ਜਾ ਆਈਂ।”
“ਨਹੀ ਮਾਤਾ ਜੀ, ਇਸ ਤਰ੍ਹਾਂ ਤਾਂ ਮੈਂ ਆਪਣੇ ਮਾਪਿਆ ਦੇ ਨਹੀਂ ਜਾਂਦੀ।” ਦੀਪੀ ਨੇ ਦੱਸਿਆ, “ਜਿੱਥੇ ਉਹ ਮੈਨੂੰ ਛੱਡ ਗਏ ਆ, ਉੱਥੇ ਹੀ ਮੈਂ ਉਹਨਾਂ ਦੀ ਉਡੀਕ ਕਰਾਂਗੀ।”
“ਜੇ ਤੈਨੂੰ ਨੀਂਦ ਨਹੀ ਆਉਦੀ ਤਾਂ ਰੇਡੀਉ ਸੁਣ ਲੈ।” ਮਾਤਾ ਜੀ ਨੇ ਅਲਮਾਰੀ ਵਿਚ ਪਏ ਬਾਹਰਲੇ ਟਰਾਂਜਿਸਟਰ ਦਾ ਬਟਨ ਦਬਦੇ ਕਿਹਾ, “ਇਸ ਵੇਲੇ ਇਕ ਧਾਰਮਿਕ ਪ੍ਰੋਗਰਾਮ ਆਉਂਦਾ ਹੁੰਦਾ ਹੈ। ਉਹ ਸੁਣ, ਮੈਨੂੰ ਤਾਂ ਇਹ ਪ੍ਰੋਗਰਾਮ ਸੁਣਦਿਆਂ ਸੁਣਦਿਆਂ ਨੀਂਦ ਵੀ ਆ ਜਾਂਦੀ ਹੈ।”
ਰੇਡੀਉ ਲਗਾਉਣ ਦੀ ਦੇਰ ਸੀ ਕਿ ਭਾਈ ਹਰਬੰਸ ਸਿੰਘ ਜਗਾਧਰੀ ਵਾਲਿਆਂ ਦਾ ਗਾਇਆ ਸ਼ਬਦ ‘ ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ।। ਮੈਂ ਨੈਣੀਂ ਨੀਂਦ ਨਾ ਆਵੇ ਜੀਉ ਭਾਵੇ ਅੰਨ ਨਾ ਪਾਣੀ।। ’ ਸਾਰੇ ਕਮਰੇ ਦੇ ਮਹੌਲ ਵਿਚ ਰਚਣ ਲੱਗਾ।
ਮਾਤਾ ਜੀ ਕਮਰੇ ਤੋਂ ਬਾਹਰ ਆ ਗਏ ਅਤੇ ਦੀਪੀ ਦੀਆਂ ਅੱਖਾਂ ਵਿਚ ਅਥਰੂ ਆ ਗਏ।
ਮਾਤਾ ਜੀ ਅਜੇ ਆਪਣੇ ਬਿਸਤਰੇ ਤੇ ਬੈਠ ਕੇ ਕੀਰਤਨ ਸੋਹਲੇ ਦਾ ਪਾਠ ਹੀ ਕਰ ਰਹੇ ਸਨ ਕਿ ਬਾਹਰਲਾ ਗੇਟ ਖੜਕਿਆ। ਜਿਸ ਦੀ ਅਵਾਜ਼ ਦੀਪੀ ਨੂੰ ਵੀ ਸੁਣੀ।
ਮਾਤਾ ਜੀ ਨੇ ਮੰਜੇ ਤੋਂ ਉੱਠਦਿਆ ਉੱਚੀ ਅਵਾਜ਼ ਵਿਚ ਕਿਹਾ, ““ਕੌਣ ਹੋਵੇਗਾ?”
ਦੀਪੀ ਨੇ ਕਮਰੇ ਵਿਚੋਂ ਬਾਹਰ ਆਉਂਦਿਆਂ ਕਿਹਾ,
“ਸ਼ਾਇਦ ਸਿੰਘ ਹੋਣ।”
“ਉਹ ਇਸ ਤਰ੍ਹਾਂ ਗੇਟ ਨਹੀ ਖੜਕਾਉਂਦੇ।” ਮਾਤਾ ਜੀ ਨੇ ਕਿਹਾ, “ਖੈਰ ਮੈਂ ਦੇਖਦੀ ਹਾਂ।”
ਮੌਤੀ ਨੂੰ ਭੌਕਣ ਤੋਂ ਹਟਾ ਕੇ ਮਾਤਾ ਜੀ ਨੇ ਗੇਟ ਦੀ ਬਿਰਲ ਰਾਹੀ ਦੇਖਿਆ ਤਾਂ ਬਾਹਰ ਪੁਲੀਸ ਦੀਆਂ ਦੋ ਜੀਪਾਂ ਖੜ੍ਹੀਆਂ ਦਿਸੀਆਂ। ਜੀਪਾਂ ਦੇਖ ਮਾਤਾ ਜੀ ਨੂੰ ਇੰਝ ਲੱਗਾ ਜਿਵੇ ਉਹਨਾਂ ਦੇ ਦਿਲ ਨੇ ਉਛਲ ਕੇ ਸਾਹ ਨੂੰ ਘੁੱਟ ਲਿਆ ਹੋਵੇ, ਥੋੜੇ ਸੈਕਿੰਡ ੳਸ ਥਾਂ ਤੇ ਹੀ ਖਲੋਤੇ ਰਹੇ। ਗੇਟ ਫਿਰ ਜੋਰ ਦੀ ਖੜਕਿਆ। ਮਾਤਾ ਜੀ ਨੇ ਗੇਟ ਖੋਲ੍ਹ ਦਿੱਤਾ। ਪੁਲੀਸ ਧੁਸ ਦੇ ਕੇ ਅੰਦਰ ਆ ਗਈ।
“ਬੁੜ੍ਹੀਏ, ਪਰੇ ਹੱਟ।” ਇਕ ਸਿਪਾਹੀ ਨੇ ਅੰਦਰ ਆਉਂਦੇ ਹੋਏ ਕਿਹਾ, “ਸਾਨੂੰ ਤਲਾਸ਼ੀ ਲੈਣ ਦੇ ਘਰ ਦੀ।”
“ਪਰ ਕਿਉ ”? ਮਾਤਾ ਜੀ ਨੇ ਕਿਹਾ, “ਇਸ ਘਰ ਵਿਚ ਮੈਂ ਹੀ ਰਹਿੰਦੀ ਹਾਂ।”
“ਕੌਣ ਰਹਿੰਦਾ ਹੈ, ਕੋਣ ਨਹੀਂ ਸਾਨੂੰ ਸਭ ਪਤਾ ਹੈ।” ਇਕ ਹੋਰ ਸਿਪਾਹੀ ਨੇ ਕਿਹਾ, “ਤੂੰ ਪਰੇ ਹੋ।”
ਪੁਲੀਸ ਦੀ ਮਹਿਲਾ ਕਰਮਚਾਰੀ ਮਾਤਾ ਜੀ ਦੀ ਬਾਂਹ ਫੜ੍ਹ ਇਕ ਤਰ੍ਹਾਂ ਖਿਚਦੀ ਹੋਈ ਇਕ ਪਾਸੇ ਲੈ ਗਈ। ਇਕ ਸਿਪਾਹੀ ਦੀਪੀ ਨੂੰ ਫੜ੍ਹਨ ਲੱਗਾ ਤਾਂ ਮਾਤਾ ਜੀ ਦੀ ਅਵਾਜ਼ ਸ਼ੇਰ ਦੀ ਤਰ੍ਹਾਂ ਗਰਜ਼ੀ, “ਖਬਰਦਾਰ ਜੇ ਕੁੜੀ ਨੂੰ ਤੂੰ ਹੱਥ ਲਾਇਆ।” ਜੀਪ ਵਿਚ ਬੈਠਾ ਜਵਾਨ ਉਮਰ ਦਾ ਠਾਣੇਦਾਰ ਅਵਾਜ਼ ਸੁਣ ਕੇ ਉੱਥੇ ਆ ਗਿਆ।
“ਮਾਤਾ, ਇਸ ਨੂੰ ਤਾਂ ਲੈਣ ਆਏ ਹਾਂ, ਤਾਂ ਜੋ ਇਸ ਦਾ ਖਸਮ ਆਪ ਆ ਕੇ ਆਪਣੀ ਗ੍ਰਿਫਤਾਰੀ ਦੇਵੇ।”
“ਮੈ ਆਪਣੇ- ਆਪ ਤੁਹਾਡੇ ਨਾਲ ਚਲੀ ਜਾਂਦੀ ਹਾਂ।” ਦੀਪੀ ਨੇ ਹੌਲੀ ਜਿਹੀ ਕਿਹਾ, “ਫੜ੍ਹਨ ਦੀ ਲੋੜ ਨਹੀ।”
“ਸੁਹਣੀਏ, ਸਾਨੂੰ ਤੇਰੇ ਤੇ ਭਰੋਸਾ ਨਹੀਂ।” ਸਿਪਾਹੀ ਨੇ ਟਿਚਰ ਨਾਲ ਕਿਹਾ, “ਫੜ੍ਹ ਲੈਣ ਦੇ ਮੈਨੂੰ।”
ਠਾਣੇਦਾਰ ਵਿਸ਼ਨੂ ਕਪੂਰ ਨੇ ਸਿਪਾਹੀ ਨੂੰ ਝਿੜਕਦਿਆਂ ਕਿਹਾ, “ਜੇ ਲੜਕੀ ਆਪਣੇ ਆਪ ਜਾ ਰਹੀ ਹੈ ਤਾਂ ਫਿਰ ਫੜ੍ਹਨ ਦੀ ਕੋਈ ਲੋੜ ਨਹੀਂ।”
“ਮਾਤਾ ਜੀ, ਤੁਸੀ ਵੀ ਆਪ ਹੀ ਬੈਠੋ ਜੀਪ ਵਿਚ।” ਕਪੂਰ ਨੇ ਬਹੁਤ ਹੀ ਅਦਬ ਨਾਲ ਕਿਹਾ, “ਫਿਕਰ ਨਾ ਕਰਨਾ, ਮੈਂ ਤੁਹਾਡੇ ਨਾਲ ਹਾਂ।”
ਮਾਤਾ ਜੀ ਠਾਣੇਦਾਰ ਤੇ ਹੈਰਾਨ ਹੁੰਦੇ ਬੋਲੇ, “ਤੁਹਾਡੀ ਬੋਲ-ਬਾਣੀ ਦਸਦੀ ਹੈ ਕਿ ਤੁਸੀ ਖਾਨਦਾਨੀ ਹੋ।”
“ਧੰਨਵਾਦ।” ਕਪੂਰ ਨੇ ਨਿਮਰਤਾ ਸਹਿਤ ਕਿਹਾ, “ਜ਼ਿੰਦਗੀ ਦੇ ਮੱਹਤਵ-ਪੂਰਨ ਕੰੰਮ ਮਿੱਠੇ ਬੋਲਾਂ ਨਾਲ ਹੋ ਜਾਂਦੇ ਨੇ, ਪਰ ਕਈ ਲੋਕ ਖਾਹ-ਮਖਾਹ ਹੀ ਆਪਣੀ ਕੌੜੀ ਜ਼ਬਾਨ ਨਾਲ ਕੰਮ ਨੂੰ ਵਿਗਾੜ ਦਿੰਦੇ ਨੇ।”
ਠਾਣੇਦਾਰ ਕਪੂਰ ਦੀ ਗੱਲ ਸੁਣ ਕੇ ਸਿਪਾਹੀ ਨੇ ਉਸ ਵੱਲ ਦੇਖਿਆ। ਕਪੂਰ ਨੇ ਸੁਣਾਇਆ ਵੀ ਉਸ ਨੂੰ ਹੀ ਸੀ।
“ਨਾਨਕ ਫਿਕੈ ਬੋਲਿਐ ਤਨ ਮਨੁ ਫਿਕਾ ਹੋਇ।” ਮਾਤਾ ਜੀ ਕਪੂਰ ਦੀਆਂ ਗੱਲਾਂ ਵਿਚ ਤਸੱਲੀ ਰੱਖਦੇ ਹੋਏ ਜੀਪ ਵਿਚ ਬੈਠਦੇ ਕਿਹਾ, “ਤੁਸੀ ਹਿੰਦੂ ਹੋ।”
“ਹਾਂ ਜੀ।” ਕਪੂਰ ਨੇ ਕਿਹਾ, “ਪਰ, ਬਾਬਾ ਨਾਨਕ ਤਾਂ ਸਭ ਦੇ ਸਾਂਝੇ ਹਨ।”
“ਮੇਰਾ ਮਤਲਵ।” ਮਾਤਾ ਜੀ ਨੇ ਕਿਹਾ, “ਤੁਸੀ ਨਿਆਂ ਪਸੰਦ ਤਬੀਅਤ ਦੀ ਮਾਲਕ ਲੱਗਦੇ ਹੋ।”
ਇਹ ਗੱਲ ਸੁਣ ਕੇ ਕਪੂਰ ਮੁਸਕ੍ਰਾਇਆ ਤੇ ਬੋਲਿਆ, “ਨਿਆਂ ਪਸੰਦ ਤਬੀਅਤਾਂ ਦੇ ਮਾਲਕ ਤਾਂ ਸਾਰੀਆਂ ਕੌਮਾਂ ਵਿਚ ਹੀ ਹੁੰਦੇ ਨੇ, ਗਿਣਤੀ ਭਾਵੇਂ ਘੱਟ-ਵੱਧ ਹੁੰਦੀ ਹੋਵੇਗੀ।”
ਮਾਤਾ ਜੀ ਅਤੇ ਦੀਪੀ ਨੂੰ ਕਪੂਰ ਦੀਆਂ ਗੱਲਾਂ ਚੰਗੀਆਂ ਲਗ ਰਹੀਆਂ ਸਨ। ਜਦੋਂ ਉਹ ਜੀਪ ਵਿਚ ਬੈਠ ਗਈਆਂ ਤਾਂ ਕਪੂਰ ਨੇ ਡਰਾਈਵਰ ਨੂੰ ਜੀਪ ਤੋਰਨ ਦਾ ਹੁਕਮ ਦਿੱਤਾ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>