ਹੱਕ ਲਈ ਲੜਿਆ ਸੱਚ – (ਭਾਗ-74)

ਥੋੜ੍ਹੀ ਦੇਰ ਬਾਅਦ ਸਾਰੇ ਪਾਸੇ ਖ਼ਬਰਾਂ ਫੈਲ ਗਈਆਂ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਬਹੁਤ ਹੀ ਔਖੇ ਸਮੇਂ ਵਿਚੋਂ ਲੰਘਣਾ ਪੈ ਰਿਹਾ ਹੈ। ਦਿਲੀ ਵਿਚ ਸਿੱਖਾਂ ਦੀਆਂ ਜਾਈਦਾਦਾਂ ਨੂੰ ਅੱਗਾਂ ਲਾ ਲਾ ਕੇ ਸਾੜਿਆ ਜਾ ਰਿਹਾ ਸੀ। ਜਿਊਂਦਿਆਂ ਦੇ ਗਲ੍ਹਾਂ ਵਿਚ ਟਾਇਰ ਪਾ ਕੇ ਅੱਗਾਂ ਲਾ ਰਹੇ ਸਨ। ਇਸ ਬਾਰੇ ਭਾਰਤੀ ਮੀਡੀਆ ਤਾਂ ਚੁੱਪ ਸੀ, ਪਰ ਬਾਹਰਲੇ ਦੇਸ਼ਾਂ ਤੋਂ ਇਹ ਸਭ ਖਬਰਾਂ ਪਹੁੰਚ ਰਹੀਆਂ ਸਨ, ਖਾਸ ਕਰਕੇ ਬੀ .ਬੀ .ਸੀ ਇੰਗਲੈਂਡ ਤੋਂ ਹਰ ਖਬਰ ਪੰਜਾਬ ਦੇ ਘਰ ਘਰ ਪਹੁੰਚ ਰਹੀ ਸੀ। ਬਹੁਤੇ ਲੋਕੀ ਇਹ ਸੋਚ ਕੇ ਡਰ ਰਹੇ ਸਨ ਕਿ 1947 ਵਾਲਾ ਕਹਿਰ ਮੁੜ ਨਾ ਦੁਹਰਾਇਆ ਜਾਏ। ਬੇਸ਼ੱਕ ਪੰਜਾਬ ਤੋਂ ਬਾਹਰ ਸ਼ਹਿਰਾਂ ਵਲੋਂ ਇਹ ਖ਼ਬਰਾਂ ਆ ਰਹੀਆਂ ਸਨ ਕਿ ਸਿੱਖਾਂ ਨਾਲ ਕੀ ਸਲੂਕ ਹੋ ਰਿਹਾ ਹੈ, ਪਰ ਧੰਨ ਨੇ ਪੰਜਾਬ ਦੇ ਸਿੱਖ ਜਿਨਾਂ ਸ਼ਾਂਤੀ ਬਣਾਈ ਰੱਖੀ ਅਤੇ ਆਪਣੇ ਕਿਸੇ ਵੀ ਹਿੰਦੂ ਵੀਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇਹ ਪ੍ਰਮਾਤਮਾ ਦੀ ਅਪਾਰ ਕ੍ਰਿਪਾ ਅਤੇ ਗੁਰੂਆਂ ਦੀ ਬਖਸ਼ਿਸ ਹੀ ਸਮਝੀ ਜਾਣੀ ਚਾਹੀਦੀ ਹੈ ਜਿਸ ਨੇ ਪੰਜਾਬੀਆਂ ਨੂੰ ਸੁਮੱਤ ਦੇ ਰੱਖੀ ਅਤੇ ਬਹੁਤ ਵੱਡਾ ਕਹਿਰ ਟਲ੍ਹ ਗਿਆ।
ਉੱਪਰ ਵਾਲੀਆਂ ਸਾਰੀਆਂ ਗੱਲਾਂ ਮੁਖਤਿਆਰ ਦੇ ਘਰ ਬੈਠੇ ਲੋਕ ਕਰ ਰਹੇ ਸਨ। ਜੋ ਇੰਦਰ ਸਿੰਘ ਦੇ ਭੋਗ ਤੇ ਆਏ ਸਨ। ਇੰਦਰ ਸਿੰਘ ਦੇ ਭੋਗ ਤੇ ਬਹੁਤ ਵੱਡਾ ਇਕੱਠ ਹੋਇਆ। ਬਹੁਤ ਸਾਰੇ ਧਾਰਮਿਕ ਅਤੇ ਰਾਜਨੀਤਕ ਲੋਕ ਪਹੁੰਚੇ ਸਨ। ਕਿਉਂਕਿ ਇੰਦਰ ਸਿੰਘ ਲੋਕਾਂ ਦੀਆਂ ਮੰਗਾਂ ਕਰਕੇ ਹੀ ਜੇਹਲ ਵਿਚ ਗਿਆ ਸੀ ਜਿਸ ਕਾਰਨ ਹਰ ਕੋਈ ਇਸ ਗੱਲ ਨੂੰ ਮਹੱਤਤਾ ਦੇ ਰਿਹਾ ਸੀ
“ਸਰਦਾਰ ਇੰਦਰ ਸਿੰਘ ਨੇ ਕੌਮ ਨੂੰ ਬਹੁਤ ਸਹਿਯੋਗ ਦਿੱਤਾ।” ਇਹ ਗੱਲ ਇਕ ਰਾਜਨਿਤਕ ਲੀਡਰ ਕਹਿ ਰਿਹਾ ਸੀ, “ਉਹਨਾਂ ਘਰ ਦਾ ਸੁੱਖ ਛੱਡ ਕੇ ਕਿੰਨਾ ਸਮਾਂ ਜੇਹਲ ਵਿਚ ਗੁਜ਼ਾਰਿਆ।”
“ਪਰ ਤੁਸੀਂ ਕਦੇ ਆਪਣਾ ਕੋਈ ਸੁੱਖ ਛੱਡਣਾ ਨਹੀ।” ਅਮਲੀ ਨੇ ਇਹ ਗੱਲ ਹੌਲੀ ਜਿਹੀ ਸੂਬੇਦਾਰ ਦਰਸ਼ਨ ਸਿੰਘ ਅਤੇ ਲੰਬਰਦਾਰ ਨੂੰ ਕਹੀ, “ਇਹ ਲੀਡਰ ਤਾਂ ਲੂੰਬੜੀ ਦੀ ਨਸਲ ਵਿਚੋਂ ਆ।”
ਸੂਬੇਦਾਰ ਨੇ ਅਮਲੀ ਨੂੰ ਕੂਹਣੀ ਮਾਰੀ ਤੇ ਇਸ਼ਾਰਾ ਕੀਤ ਕਿ ਚੁੱਪ ਰਹੇ। ਪਿੰਡ ਵਿਚ ਹਰ ਇਕ ਨੂੰ ਪਤਾ ਸੀ ਕਿ ਮੁਖਤਿਆਰ ਦੇ ਜਵਾਈ ਦੇ ਮਗਰ ਪੁਲੀਸ ਲੱਗੀ ਰਹਿੰਦੀ ਹੈ। ਦੀਪੀ ਨੂੰ ਤਾਂ ਆਪਣੇ ਦਾਦੇ ਦੇ ਅਕਾਲ ਚਲਾਣੇ ਦਾ ਪਤਾ ਵੀ ਨਹੀਂ ਸੀ। ਦੀਪੀ ਦਾ ਸਹੁਰਾ ਹਰਜਿੰਦਰ ਸਿੰਘ ਬਾਕੀ ਸਾਰੇ ਪ੍ਰੀਵਾਰ ਨੂੰ ਲੈ ਕੇ ਜ਼ਰੂਰ ਪਹੁੰਚਿਆ ਹੋਇਆ ਸੀ। ਦੀਪੀ ਦੇ ਨਾ ਆਉਣ ਬਾਰੇ ਪਿੰਡ ਦੀਆਂ ਜ਼ਨਾਨੀਆਂ ਪਿੱਠ ਪਿੱਛੇ ਇਕ ਦੂਜੇ ਨਾਲ ਤਾਂ ਗੱਲਾਂ ਕਰ ਰਹੀਆਂ ਸਨ, ਪਰ ਕਿਸੇ ਨੇ ਵੀ ਪ੍ਰੀਵਾਰ ਕੋਲੋ ਇਹ ਗੱਲ ਨਹੀਂ ਪੁੱਛੀ। ਭੋਗ ਦੇ ਮਗਰੋਂ ਸਾਰਾ ਇਕੱਠ ਜਦੋਂ ਛਿੜ ਗਿਆ ਤਾਂ ਗਿਆਨ ਕੌਰ ਨੇ ਜ਼ਰੂਰ ਹਰਜਿੰਦਰ ਸਿੰਘ ਨੂੰ ਪੁੱਛਿਆ, “ਪੁੱਤ, ਦੀਪੀ ਅਤੇ ਦਿਲਪ੍ਰੀਤ ਹੁਣ ਕਿੱਥੇ ਨੇ?”
ਹਰਜਿੰਦਰ ਸਿੰਘ ਨੂੰ ਪਤਾ ਨਾ ਲੱਗੇ ਕਿ ਉਹ ਕੀ ਜਵਾਬ ਦੇਵੇ। ਉਸ ਨੂੰ ਤਾਂ ਆਪ ਨਹੀਂ ਸੀ ਪਤਾ ਕਿ ਉਹ ਕਿੱਥੇ ਨੇ? ਤੋਸ਼ੀ ਨੇ ਇੱਕਦਮ ਕਿਹਾ, “ਭੂਆ ਜੀ, ਉਹ ਜਿੱਥੇ ਨੇ ਪ੍ਰਮਾਤਮਾ ਦੀ ਮਿਹਰ ਨਾਲ ਠੀਕ ਨੇ।”
“ਕਰਮਾਂ ਦੀਆਂ ਗੱਲਾਂ ਨੇ।” ਹਰਨਾਮ ਕੌਰ ਨੇ ਅੱਖਾਂ ਭਰ ਕੇ ਕਿਹਾ, “ਲੋਕੀ ਵੀ ਧੀਆਂ ਵਿਆਹਉਂਦੇ ਆ, ਪਰ ਏਦਾਂ ਨਹੀ ਕਿਸੇ ਨਾਲ ਹੋਈ ਕਿ ਵਿਆਹੀ ਧੀ ਨੇ ਮੁੜ ਮਾਪਿਆ ਦੇ ਪੈਰ ਹੀ ਨਾ ਪਾਇਆ ਹੋਵੇ।”
ਹਰਨਾਮ ਕੌਰ ਦੀ ਗੱਲ ਸੁਣ ਕੇ ਹਰਜਿੰਦਰ ਸਿੰਘ ਦੇ ਸਾਰੇ ਪ੍ਰੀਵਾਰ ਨੇ ਸ਼ਰਮਿੰਦਗੀ ਜਿਹੀ ਮਹਿਸੂਸ ਕੀਤੀ। ਮੁਖਤਿਆਰ ਨੇ ਉਹਨਾਂ ਦੀ ਸ਼ਰਮਿੰਦਗੀ ਨੂੰ ਭਾਂਪ ਦਿਆਂ ਕਿਹਾ, “ਬੀਬੀ, ਤੁਸੀਂ ਕਿਉਂ ਏਦਾਂ ਕਰਨ ਲਗ ਜਾਂਦੇ ਹੋ, ਦੀਪੀ ਇਹਨਾਂ ਦੀ, ਇਹ ਦੀਪੀ ਦੇ, ਫਿਕਰ ਕਰਨ ਦੀ ਤਾਂ ਕੋਈ ਲੋੜ ਹੀ ਨਹੀਂ।”
“ਧੀਆਂ ਵਾਲਿਆਂ ਨੂੰ ਫਿਕਰ ਤਾਂ ਹੋਈ ਹੀ ਜਾਂਦਾ ਹੈ।” ਨਸੀਬ ਕੌਰ ਨੇ ਕਿਹਾ, “ਤੁਹਾਡੇ ਸਾਹਮਣੇ ਪੁਲੀਸ ਨੇ ਸਾਨੂੰ ਇੰਨਾ ਚਿਰ ਅੰਦਰ ਰੱਖਿਆ। ਰੋਜ਼ ਤੰਗ ਕਰਦੇ ਸਨ ਕਿ ਦੱਸੋ, ਦਿਲਪ੍ਰੀਤ ਕਿੱਥੇ ਆ?”
“ਉਹ ਤਾ ਪੁੱਤ ਸਾਨੂੰ ਸਭ ਪਤਾ।” ਗਿਆਨ ਕੌਰ ਨੇ ਕਿਹਾ, “ਜਦੋਂ ਦੀ ਇੰਦਰਾ ਮਾਰ ਦਿੱਤੀ ੳਦੋਂ ਦੇ ਤਾਂ ਇਹ ਸਿੱਖਾਂ ਦੇ ਪੱਕੇ ਦੁਸ਼ਮਨ ਬਣ ਗਏ ਆ।”
“ਪਹਿਲਾਂ ਵੀ ਇਹ ਕਿਹੜੇ ਘੱਟ ਸਨ, ਹੁਣ ਤਾਂ ਹੋਰ ਬਹਾਨਾ ਮਿਲ ਗਿਆ।” ਤੋਸ਼ੀ ਨੇ ਭਾਵਕ ਹੁੰਦੇ ਕਿਹਾ, “ਅਜੇ ਪਤਾ ਨਹੀ ਇਹਨਾਂ ਕੀ ਕੀ ਕਰਨਾ।”
ਉਦੋਂ ਹੀ ਸੁਰਜੀਤ ਜਲੇਬੀਆਂ ਵਾਲਾ ਲਿਫਾਫਾ ਲੈ ਕੇ ਆਈ ਅਤੇ ਮਿੰਦੀ ਨੂੰ ਫੜਾਉਂਦੀ ਕਹਿਣ ਲੱਗੀ, “ਆ ਲੈ ਜਾਉ ਨਿਆਣੇ ਖਾ ਲੈਣਗੇ।”
ਮਿੰਦੀ ਲਿਫਾਫਾ ਫੜ੍ਹਦੀ ਆਪਣੇ ਮੁੰਡੇ ਵੱਲ ਦੇਖ ਕੇ ਕਹਿਣ ਲੱਗੀ, “ਇਕ ਨਿਆਣਾ ਤਾਂ ਸਾਡੇ ਨਾਲ ਹੀ ਆ। ਦੂਜੇ ਨਿਆਣਿਆ ਦਾ ਪਤਾ ਨਹੀ ਕਿਸ ਹਾਲ ਵਿਚ ਹੋਣਗੇ?”
“ਮਿੰਦੀ ਭੈਣ, ਛੱਡੋ ਇਹ ਗੱਲਾਂ।” ਮੁਖਤਿਆਰ ਨੇ ਦਿਲ ਕਰੜਾ ਕਰਕੇ ਕਿਹਾ, “ਸਾਰੇ ਜਣੇਂ ਸਗੋਂ ਇਹ ਹੀ ਅਰਦਾਸ ਕਰੋ ਕਿ ਉਹ ਜਿੱਥੇ ਵੀ ਹੋਣ ਪ੍ਰਮਾਤਮਾ ਉਹਨਾਂ ਦੀ ਰੱਖਿਆ ਕਰੇ।”
ਸੁਰਜੀਤ ਦਾ ਦਿਲ ਦੀਪੀ ਨੂੰ ਚੇਤੇ ਕਰਕੇ ਉੱਛਲ ਆਇਆ ਅਤੇ ਉਹ ਬਹਾਨੇ ਨਾਲ ਇੰਦਰ ਸਿੰਘ ਦੀਆਂ ਗੱਲਾਂ ਕਰਕੇ ਰੋ ਪਈ।
ਛੇਤੀ ਹੀ ਸਾਰੇ ਪਰਾਹੁਣੇ ਤੁਰ ਗਏ। ਇੰਦਰ ਸਿੰਘ ਦੀ ਹੋਂਦ ਤੋਂ ਬਗੈਰ ਮੁਖਤਿਆਰ ਨੂੰ ਘਰ ਖਾਲੀ ਖਾਲੀ ਲੱਗਾ। ਉਹ ਉਦਾਸ ਹੋ ਗਿਆ। ਉਸ ਦਾ ਮਨ ਭਰ ਆਇਆ। ਉਹ ਆਪਣੇ ਮਨ ਦਾ ਗੁਬਾਰ ਕੱਢਣ ਲਈ ਖੇਤਾਂ ਵਲ ਨੂੰ ਚਲ ਪਿਆ। ਸੱਥ ਕੋਲ ਦੀ ਲੰਘਣ ਲੱਗਾ ਤਾਂ ਦੇਖਿਆ ਬਹੁਤ ਸਾਰੇ ਲੋਕ ਇੱਕਠੇ ਹੋਏ ਗੱਲਾਂ ਕਰ ਰਹੇ ਸਨ।
ਮਾਸਟਰ ਲੋਕਾਂ ਨੂੰ ਦੱਸ ਰਿਹਾ ਸੀ, “ਮੁੰਬਈ ਰਾਜਧਾਨੀ ਗੱਡੀ ਜੋ ਬੰਬਈ ਤੋਂ ਚਲੀ ਜਿਸ ਨੇ ਦਿਲੀ ਪਹੁੰਚਣਾ ਸੀ, ਭੂਤਰੀ ਭੀੜ ਵਲੋਂ ਉਸ ਨੂੰ ਤੁਗਲਕਾਬਾਦ ਸਟੇਸ਼ਨ ਤੇ ਰੋਕ ਲਿਆ ਗਿਆ, ਉਸ ਵਿਚੋਂ 18 ਯਾਤਰੀਆਂ ਨੂੰ ਖਿਚ ਕੇ ਕੁੱਟ ਕੁੱਟ ਮਾਰ ਦਿੱਤਾ ਗਿਆ।”
“ਇਹ ਯਾਤਰੀ ਸਾਰੇ ਸਿੱਖ ਹੀ ਸਨ।” ਲੰਮਿਆਂ ਦਾ ਸਰਬੀ ਜੋ ਪੜਿ੍ਹਆ ਲਿਖਿਆ ਸੀ, ਕਹਿਣ ਲੱਗਾ, “ਮਾਸਟਰ ਜੀ ਕਿੰਨਾ ਕੁ ਚਿਰ ਆਪਾਂ ਇਹੋ ਅਜਿਹੀਆਂ ਗੱਲਾਂ ਲੁਕਾ ਸਕਦੇ ਹਾਂ। ਤੁਹਾਨੂੰ ਪਤਾ ਦੂਰਦਰਸ਼ਨ ਅਤੇ ਰੇਡੀਉ ਵਾਲੇ ਤਾਂ ਇਸ ਖ਼ਬਰ ਨੂੰ ਝੂਠੀ ਹੀ ਦਸ ਰਹੇ ਨੇ।”
“ਰੇਡੀਉ ਸਰਕਾਰ ਦਾ ਦੂਰਦਰਸ਼ਨ ਸਰਕਾਰ ਦਾ ਜੋ ਮਰਜ਼ੀ ਦੱਸੀ ਜਾਣ।” ਵਿਚੋਂ ਹੀ ਕਿਸੇ ਨੇ ਕਿਹਾ, “ਚੋਰ ਨੂੰ ਆਪਣਾ ਹੀ ਪਾਲ੍ਹਾ ਹੁੰਦਾ ਹੈ ਇਸ ਲਈ ਆਪਣੀਆਂ ਕੀਤੀਆਂ ਤੇ ਪੜ੍ਹਦਾ ਪਾੳਂਦੇ ਨੇ।”
ਸਰਬੀ ਫਿਰ ਬੋਲਿਆ, “ਮੈਨੂੰ ਤਾਂ ਪਤਾ ਲੱਗਾ ਹੈ ਲੈਫਟੀਨੈਟ ਜਨਰਲ ਜੇ: ਐਸ ਅੋਰੜਾ ਨੇ ਜਦੋਂ ਗਿਆਨੀ ਜੈਲ ਸਿੰਘ ਨੂੰ ਪੁੱਛਿਆ ਕਿ ਸਿੱਖਾਂ ਦਾ ਕਤਲੇਆਮ ਰੋਕਣ ਲਈ ਪੁਲੀਸ ਕਦੋਂ ਸੱਦੀ ਜਾਵੇਗੀ ਤਾਂ ਗਿਆਨੀ ਨੇ ਸਾਫ ਹੀ ਕਹਿ ਦਿੱਤਾ ਕਿ “ਮੈ ਗ੍ਰਹਿ ਮੰਤਰੀ ਦੇ ਸੰਪਰਕ ਵਿਚ ਨਹੀ ਹਾਂ’। ਬੰਗਲਾ ਦੇਸ਼ ਦੀ ਲੜਾਈ ਵੇਲੇ 90, 000 ਪਾਕਸਤਾਨੀ ਫੌਜੀਆਂ ਕੋਲੋਂ ਹਥਿਆਰ ਸਟਾਉਣ ਵਾਲਾ ਇਹ ਹੀਰੋ ਰਾਸ਼ਟਰਪਤੀ ਦਾ ਜ਼ਵਾਬ ਸੁਣ ਕੇ ਹੈਰਾਨ ਰਹਿ ਗਿਆ।”
“ਪੱਤਰਕਾਰ ਪਤਵੰਤ ਸਿੰਘ ਨੇ ਵੀ ਜਦੋਂ ਗਿਆਨੀ ਜੀ ਨੂੰ ਹਿੰਸਾ ਰੁਕਵਾਉਣ ਲਈ ਕਿਹਾ।” ਮਾਸਟਰ ਨੇ ਦੱਸਿਆ, “ਤਾਂ ਜਵਾਬ ਸੀ ਕਿ “ਮੈਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।”
“ਮੈਨੂੰ ਤਾਂ ਸਮਝ ਨਹੀ ਆਉਂਦੀ ਕਿ ਗਿਆਨੀ ਜੈਲ ਸਿੰਘ ਰਸ਼ਟਰਪਤੀ ਹੈਗਾ ਵੀ ਕਿ ਨਹੀਂ।” ਅਮਲੀ ਵਿਚੋਂ ਹੀ ਬੋਲ ਪਿਆ, “ਉਹ ਆਪ ਸਭ ਕੁਝ ਸਾਂਭਦਾ, ਉਸ ਨੂੰ ਕਾਹਲ ਕਾਹਦੀ ਪਈ ਸੀ ਰਜੀਵ ਗਾਂਧੀ ਨੂੰ ਛੇਤੀ ਨਾਲ ਪ੍ਰਧਾਨ ਮੰਤਰੀ ਬਣਾਉਣ ਦੀ।”
“ਅਮਲੀਆਂ, ਅਸੀ ਪਿੰਡ ਵਾਲੇ ਤੈਂਨੂੰ ਸਮਝਦੇ ਤਾਂ ਨਿੰਕਮਾ ਆਂ।” ਲੰਬਦਾਰ ਨੇ ਕਿਹਾ, “ਪਰ ਗੱਲ ਤੂੰ ਕਈ ਵਾਰੀ ਐਸੀ ਕਰ ਜਾਂਦਾ ਹੈਂ ਕਿ ਅਸੀ ਹੈਰਾਨ ਹੋ ਜਾਂਦੇ ਹਾਂ।”
“ਕੋਈ ਨਹੀ ਲੰਬਦਾਰ ਜੀ।” ਅਮਲੀ ਨੇ ਕਿਹਾ, “ਸਾਰੇ ਇਹ ਹੀ ਸੋਚਦੇ ਆ ਕਿਉਂਕਿ ਘਰ ਦਾ ਜੋਗੀ ਜੋਗ ਨਾ ਤੇ ਬਾਹਰਲਾ ਜੋਗੀ ਸਿੱਧ।”
“ਅਮਲੀਆ, ਇਹ ਸਾਰਾ ਕੁਝ ਪੁਲੀਸ ਅਤੇ ਸਰਕਾਰ ਨੇ ਮਿਲ ਕੇ ਕਰਵਾਇਆ।” ਸਾਬੀ ਨੇ ਕਿਹਾ, “ਸਿੱਖਾਂ ਨੂੰ ਤਬਾਹ ਕਰਨ ਲਈ ਇਹ ਗੁੰਡੇ ਸਰਕਾਰੀ ਬਸਾਂ ਵਿਚ ਹੀ ਲਿਆਂਦੇ ਗਏ ਨੇ।”
“ਹੋਇਆਂ ਤਾਂ ਇਸ ਤਰ੍ਹਾਂ ਹੀ ਹੈ।” ਮਾਸਟਰ ਫਿਰ ਬੋਲਿਆ, “ਜਦੋਂ ਇਹ ਭਿਆਨਕ ਕਤਲੋਗਾਰਤ ਹਿੰਸਾ ਦਾ ਦੌਰ ਚੱਲ ਰਿਹਾ ਸੀ ਤਾਂ ਪਤਾ ਨਹੀ ਫੌਜ ਅਤੇ ਪੁਲੀਸ ਕਿੱਥੇ ਸੀ?”
“ਜਦੋਂ ਕਿ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਤਿੰਨ ਦਿਨ ਤੀਨ ਮੂਰਤੀ ਹਾਊਸ ਵਿਚ ਟਿਕਾ ਕੇ ਰੱਖਿਆ ਸੀ।” ਸਾਬੀ ਨੇ ਦੱਸਿਆ, “ਉਥੇ ਸੁਰੱਖਿਆ ਲਈ ਦਸ ਹਜ਼ਾਰ ਦੀ ਸੰਖਿਆ ਵਿਚ ਪੁਲੀਸ ਤੈਨਾਤ ਕੀਤੀ ਗਈ ਸੀ।”
“ਤੁਹਾਡੀਆਂ ਗੱਲਾਂ ਤੋਂ ਤਾਂ ਇਹ ਲੱਗਦਾ ਹੈ ਕਿ ਸਿੱਖਾ ਤੇ ਹੋ ਰਹੀ ਹਿੰਸਾ ਨੂੰ ਰੋਕਣ ਵਿਚ।” ਲੰਬੜਦਾਰ ਬੋਲਿਆ, “ਨਾ ਤਾਂ ਪੁਲੀਸ ਨੇ ਕੋਈ ਰੁਚੀ ਲਈ ਅਤੇ ਨਾ ਹੀ ਸਰਕਾਰ ਜਾਂ ਫੋਜ ਨੇ।”
“ਰੁਚੀ ਤਾਂ ਇਕ ਪਾਸੇ।” ਸਾਬੀ ਫਿਰ ਬੋਲ ਪਿਆ, “ਉਹ ਤਾ ਸਗੋਂ ਭੂਤਰੇ ਹੋਏ ਹਜ਼ੂਮ ਨੂੰ ਹੱਲਾ-ਸ਼ੇਰੀ ਦੇ ਰਹੇ ਸਨ ਕਿ ਸਿੱਖਾਂ ਦਾ ਜਿਨਾ ਨੁਕਸਾਨ ਕਰ ਸਕਦੇ ਹੋ ਕਰ ਦਿਉ।”
“1947 ਵਿਚ ਵੀ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ, ਜਾਇਦਾਦਾਂ ਮਹੱਲਾਂ ਵਰਗੇ ਘਰ ਪਾਕਿਸਤਾਨ ਵਿਚ ਰਹਿ ਗਏ।” ਲੰਬੜਦਾਰ ਨੇ ਦੱਸਿਆ, “ਕਿੰਨੇ ਪੰਜਾਬੀ ਮੌਤ ਦੀ ਮੂੰਹ ਜਾ ਪਏ, ਜੋ ਬਚੇ ਉਹਨਾਂ ਨੂੰ ਹਿੰਦੋਂਸਤਾਨ ਵਾਲੇ ਪੰਜਾਬ ਵਿਚ ਧੱਕ ਦਿੱਤਾ।”
“ਜਿਹਨਾਂ ਕੋਲ ਪੱਕਾ ਟਿਕਾਣਾ ਜਾਂ ਘਰ- ਘਾਟ ਨਹੀ ਹੁੰਦਾ।” ਸਾਬੀ ਗੁੱਸੇ ਵਿਚ ਬੋਲਿਆ, “ਉਹਨਾਂ ਨੂੰ ਇਸ ਤਰ੍ਹਾਂ ਹੀ ਧੱਕੇ ਪੈਂਦੇ ਹੁੰਦੇ ਆ।”
ਪਿੰਡ ਦੇ ਇਹ ਬੰਦੇ ਇਹਨਾਂ ਫਿਕਰ ਵਾਲੀਆਂ ਖਬਰਾਂ ਵਿਚ ਇੰਨੇ ਖੁੱਭੇ ਪਏ ਸਨ ਕਿ ਕਿਸੇ ਦਾ ਵੀ ਧਿਆਨ ਮੁਖਤਿਆਰ ਸਿੰਘ ਵੱਲ ਨਹੀਂ ਗਿਆ, ਜੋ ਚੁੱਪ-ਚਾਪ ਪਿੱਛੇ ਆ ਕੇ ਖਲੋ ਗਿਆ ਸੀ। ਪਿੰਡ ਵਾਸੀਆਂ ਦੀਆਂ ਗੱਲਾਂ ਸੁਣ ਕੇ ਉਹ ਇੰਨਾ ਉਦਾਸ ਹੋ ਗਿਆ ਕਿ ਉਸ ਕੋਲੋ ਅਗਾਂਹ ਗੱਲਾਂ ਸੁਣ ਦੀ ਸੱਮਰਥਾ ਨਹੀ ਸੀ ਅਤੇ ਉਹ ਬਿਨਾਂ ਕਿਸੇ ਨੂੰ ਕੁਝ ਕਹੇ ਫਿਰ ਖੇਤਾਂ ਵਾਲੇ ਰਾਹ ਪੈ ਗਿਆ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>