ਧਰਮੀ ਬੰਦਾ

ਦਫਤਰ ਪਹੁੰਚ ਕੇ ਹਾਜਰੀ ਰਜਿਸਟਰ ਵਿੱਚ ਹਾਜਰੀ ਲਗਾ, ਫੇਰ ਸਾਥੀਆਂ ਸੰਗ ਚਾਹ ਦੀਆਂ ਚੁਸਕੀਆਂ ਭਰ, ਫਟਾਫਟ ਪੈਂਡਿੰਗ ਕੰਮ ਨਿਪਟਾ ਲਿਆ ਫੇਰ ਅੱਧੇ ਦਿਨ ਦੀ ਛੁੱਟੀ ਲਗਾ ਕੇ, ਸਰਕਾਰੀ ਡਿਊਟੀ ਨਾਲ ਸਬੰਧਤ ਸਭੇ ਜਰੂਰੀ ਧਰਮ ਨਿਭਾ ਲਏ ਸੀ। ਬਰਾਂਚ ਵਿੱਚੋਂ ਜਾਣ ਲੱਗਿਆਂ, ਸਾਥੀ ਰਛਪਾਲ ਨੂੰ ਆਪਣੀ ਸੀਟ ਨਾਲ ਸਬੰਧਤ ਕੰਮ ਦੀ ਦੇਖ ਰੇਖ ਕਰਨ ਨੂੰ ਕਹਿ ਦਫਤਰ ਦੀ ਬੇਸਮੈਂਟ ਵਿਚ ਬਣੀ ਪਾਰਕਿੰਗ ਵਿੱਚ ਹੇਠਾਂ ਆਇਆ।

ਅੱਜ ਐਮ.ਏ ਦਾ ਪੇਪਰ ਸੀ। ਦੁਪਹਿਰ ਨੂੰ ਦੋ ਤੋਂ ਪੰਜ ਵਜੇ ਤੱਕ ਪੇਪਰ ਦਾ ਸਮਾਂ ਸੀ। ਖੁਸ਼ੀ ਵੀ ਸੀ ਕਿ ਪੋਸਟਗਰੇਜੂਏਟ ਦੀ ਡਿਗਰੀ ਕੰਪਲੀਟ ਹੋ ਰਹੀ ਸੀ ਤੇ ਫਿਕਰ ਵੀ ਸੀ ਕਿ ਕਿਤੇ ਲੇਟ ਨਾ ਹੋ ਜਾਵਾਂ। ਪੇਪਰ ਦਾ ਸੈਂਟਰ ਵੀ ਦਫਤਰ ਤੋਂ ਦੂਰ ਸੀ ਤੇ ਦਫਤਰ ਵੀ ਸ਼ਹਿਰ ਤੋਂ ਬਾਹਰ ਸੀ ਯਾਨਿ ਸਾਰੇ ਬੰਨੇ ਸਮੇਂ ਤੋਂ ਪਹਿਲਾਂ ਪੁੱਜਣ ਦੀ ਭੱਜੋ -ਦੌੜ।

ਦਸਤਾਨੇ ਪਾ ਕੇ, ਸਿਰ-ਮੂੰਹ ਗਰਮ ਮਫਲਰ ਨਾਲ ਚੰਗੀ ਤਰਾਂ ਲਪੇਟ ਕੇ, ਕਾਲੀ ਐਨਕ ਵੀ ਲਾ ਲਈ, ਜੈਕਟ ਦੀਆਂ ਜਿੱਪਾਂ ਚੰਗੀ ਤਰਾਂ ਘੁੱਟ ਲਈਆਂ, ਇੱਕ ਤਾਂ ਦਸੰਬਰ ਦਾ ਮਹੀਨਾ ਚੱਲ ਰਿਹਾ ਸੀ, ਬਾਹਰ ਠੰਡ ਹੱਡ ਚੀਰਵੀਂ ਸੀ ਕੋਈ ਵੀ ਹਿੱਸਾ ਚੇਹਰੇ ਦਾ ਜਾਂ ਸਰੀਰ ਦਾ ਨੰਗਾ ਰਹਿਣਾ ਮਤਲਬ ਠੰਡ ਦੀਆਂ ਛੁਰੀਆਂ ਸਹਿਣਾ ਤੇ ਉੱਤੋ ਕਾਂਬੇ ਨਾਲ ਮੋਟਰ ਸਾਇਕਲ ਨੂੰ ਚਲਾਉਣਾ, ਦੂਣੀ-ਤੀਣਾ ਯੱਬ,, ਐਹੋ ਜਿਹੋ ਮੌਸਮ ਚ’ ਤਾਂ ਬੰਦਾ ਅਰਦਾਸ ਕਰਦਾ, “ ਬਈ ਰੱਬਾ… ਸਾਰੇ ਕੰਮ ਆਪੇ ਹੀ ਹੋਈ ਜਾਣ। ” ਮੇਰਾ ਵੀ ਇਹੋ ਹਾਲ ਸੀ ਅੱਜ। ਇਸ ਸਭ ਤਿਆਰੀ ਦਾ ਤੇ ਚੋਰੀ ਨਿਕਲਣ ਦਾ ਦੂਜਾ ਵੱਡਾ ਬਚਾਅ ਵੀ ਸੀ ਕਿ ਕੋਈ ਦਫਤਰ ਦਾ ਸਟਾਫ ਮੈਂਬਰ ਹੀ ਨਾ ਵੇਖ ਲਵੇ, ਜੇ ਵੇਖ ਲਿਆ ਫੇਰ ਸਮਝੋ ਵੰਗਾਰਾਂ ਹੀ ਵੰਗਾਰਾਂ ਮੇਰਾ ਬਜਾਰੋਂ ਐਹ ਲੈ ਆਵੀਂ, ਔਹ ਫੜੀਂ ਆਵੀਂ,,। ਸਾਲਾ.. ਆਪਣੇ ਕੰਮ ਹੀ ਸਮੇਂ ਤੇ ਪੂਰੇ ਹੁੰਦੇ ਨੇ ਮਸਾਂ..ਦੂਜਿਆਂ ਦੇ ਕੰਮ  ਹਿੰਮਤ ਕਿੱਥੋ ਆਉਣੀ ਸੀ।

ਬੇਸਮੈਂਟ ਵਿੱਚ ਕੋਈ ਨਹੀ ਸੀ, ਵੀਰਾਨ ਸੀ। ਸਭ ਪਾਸੇ ਗੱਡੀਆਂ ਤੇ ਮੋਟਰ ਸਾਇਕਲ ਲੱਗੇ ਸੀ। ਅਜੇ ਮੈਂ ਬਚ-ਬਚਾ ਕੇ ਨਿਕਲਣ ਦੀ ਤਿਆਰੀ ਕਰਕੇ ਤੁਰਨ ਲੱਗਾ। ਮੋਟਰਸਾਇਕਲ ਤੇ ਬੈਠ ਅਜੇ ਕਿੱਕ ਮਾਰੀ ਹੀ ਸੀ ਕਿ ਮਗਰੋਂ ਕਿਸੇ ਨੇ ਮੋਢੇ ਤੇ ਪੋਲੇ ਜਿਹੇ ਹੱਥ ਰੱਖਿਆ, “ ਪੁੱਤਰ ਜੀ..?” ਮੈਂ ਹੈਰਾਨੀ ਨਾਲ ਮੋਢੇ ਤੋਂ ਮੂੰਹ ਪਿਛਾਂਹ ਘੁੰਮਾਂ, ਮਗਰ ਵੇਖਿਆ, ਇੱਕ ਸੱਤਰ-ਬਹੱਤਰ ਸਾਲ ਦਾ ਅੰਮ੍ਰਿਤਧਾਰੀ ਬਜੁਰਗ, ਚਿੱਟੀ ਲੰਮੀ ਦਾੜੀ, ਚਿੱਟਾ ਕੁੜਤਾ ਪੰਜਾਮਾ, ਗਾਤਰਾ ਪਾਈ, ਲੋਈ ਦੀ ਬੁੱਕਲ ਮਾਰੀ ਖੜਾ ਸੀ।

ਮੇਰਾ ਦਿਮਾਗ ਦੌੜਿਆ, ਕੋਈ ਦਫਤਰੀ ਕੰਮ ਜਾਂ ਬਰਾਂਚ ਦਾ ਪਤਾ ਪੁੱਛਣ ਲਈ ਆਇਆ ਹੋਣਾਂ, ਚਲੋ ਕੋਈ ਗੱਲ ਨਹੀ। “ਹਾਂਜੀ, ਬਾਬਾ ਜੀ?“  ਮੈਂ ਪੁੱਛਿਆ। ਪੁੱਤਰ ਜੀ,  “ ਮੈਂ ਦਰਬਾਰ ਸਾਹਿਬ ਜਾਣਾ ਹੈ, ਦਫਤਰ ਆਇਆ ਸੀ, ਜਿਸ ਕੰਮ ਆਇਆ ਸੀ, ਕੰਮ ਹੋਇਆ ਨਹੀ। ਸੋ ਸੋਚਿਆ ਕਿ ਚਲੋ, ਗੁਰੂ ਮਾਰਾਜ ਦੇ ਦਰਸ਼ਨ ਕਰਨ ਦਾ ਧਰਮ ਨਿਭਾ ਆਵਾਂ, ਤੁਸੀਂ ਮੈਨੂੰ ਸ਼ਹਿਰ ਤੱਕ ਲੈ ਚੱਲੋਗੇ, ਪੁੱਤਰ ਜੀ”। ਮੈਂ ਆਸੇ ਪਾਸੇ ਦੇਖਿਆ, ਚਲੋ ਕਿਸੇ ਹੋਰ ਨਾਲ ਬਿਠਾ ਦੇਵਾਂ ਪਰ ਕੋਈ ਨਜਰੀ ਨਾ ਪਿਆ। ਮੇਰੇ ਅੱਕੇ ਕੋਲੋਂ ਕਾਹਲੀ ਕਾਹਲੀ ਬੋਲ ਹੋ ਗਿਆ, “ ਬਾਬਾ ਜੀ, ਮੈਂ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਤੋਂ ਥੋੜੀ ਪਹਿਲਾਂ ਹੀ ਬਾਜਾਰ ਵਿੱਚ ਪਿਤਾ ਜੀ ਦੀ ਦਵਾਈ ਲੈਣ ਲਈ ਬਜਾਰ ਵਿੱਚ ਮੈਡੀਕਲ ਸਟੋਰ ਤੇ ਰੁਕਣਾ ਹੈ ਜੀ ਤੇ ਸ਼ਾਇਦ ਮੈਨੂੰ ਥੋੜੀ ਦੇਰ ਵੀ ਲੱਗ ਜਾਵੇ ਕਿਉਕਿ ਉਸ ਮੈਡੀਕਲ ਸਟੋਰ ਤੇ ਭੀੜ ਵੀ ਹੁੰਦੀ ਹੈ ਤੇ ਬਾਬਾ ਜੀ ਹੋ ਸਕਦਾ ਮੈਂ ਸ੍ਰੀ ਦਰਬਾਰ ਸਾਹਿਬ ਵਾਲੇ ਰਸਤੇ ਤੋਂ ਸ਼ਾਇਦ ਪਹਿਲਾਂ ਹੀ ਮੁੜ ਜਾਵਾਂ। ਮੈਂ ਸੋਚਿਆ ਸ਼ਾਇਦ ਆਪੇ ਬਾਬਾ ਜਾਣ ਤੋਂ ਨਾ ਕਰ ਦੇਵੇਗਾ ਤੇ ਕੋਈ ਹੋਰ ਸਵਾਰੀ ਲੱਭ ਲਵੇਗਾ।

ਪਰ ਬਾਬਾ ਬੋਲਿਆ, “ ਕੋਈ ਗੱਲ ਨਹੀ, ਪੁੱਤਰ ਜੀ, ਤੁਸੀ ਮੈਨੂੰ ਲੈ ਚੱਲੋ ਨਾਲ, ਬੜੀ ਇੱਛਾ ਹੈ ਗੁਰੂ ਘਰ ਜਾਣ ਦੀ, ਮੈਂ ਨਾਲ ਚੱਲ ਕੇ, ਤੁਸੀ ਜਿੱਥੇ ਰੁਕੋਗੇ, ਮੈਂ ਵੀ ਰੁੱਕ ਜਾਵਾਂਗਾ ਤੇ ਤੁਹਾਡੇ ਦਵਾਈ ਲੈਣ ਦੀ ਇੰਤਜਾਰ ਕਰ ਲਵਾਂਗਾ।“ ਹੁਣ ਦਵਾਈ ਖ੍ਰੀਦਣ ਲਈ ਮੈਨੂੰ ਮੈਡੀਕਲ ਸਟੋਰ ਤੇ ਰੁੱਕਣਾ ਹੀ ਪੈਣਾ ਸੀ ਤੇ ਦਵਾਈ ਵੀ ਲੈਣੀ ਪੈਣੀ ਸੀ। ਪਤਾ ਨਹੀ, ਪਰ ਓਸ ਬਾਬੇ ਦੇ ਨਿਮਰਤਾ ਤੇ ਹਲੀਮੀ ਭਰੇ ਵਤੀਰੇ ਤੇ ਗੁਰੂ ਘਰ ਜਾਣ ਦੇ ਦ੍ਰਿੜ ਇਰਾਦੇ ਸਾਹਵੇਂ ਮੇਰਾ ਲਾਇਆ ਹਰ ਪੱਜ ਹਾਰ ਰਿਹਾ ਸੀ ਕਿਉਂਕਿ ਦਵਾਈ ਤਾਂ ਪਿਤਾ ਜੀ ਦੀ ਮੈਂ ਦੋ ਦਿਨ ਪਹਿਲਾਂ ਹੀ ਲੈ ਆਇਆ ਸੀ, ਓਹ ਵੀ ਦੋ ਹਫਤੇ ਦੀ। ਪਿਤਾ ਜੀ ਦੀ ਬੀਪੀ ਤੇ ਸ਼ੂਗਰ ਦੀ ਦਵਾਈ ਆਉਂਦੀ ਸੀ ਚੀਪ ਮੈਡੀਕਲ ਸਟੋਰ ਤਰਨ ਤਾਰਨ ਤੋਂ।

“ ਖੌਰੇ ਬਾਬਾ ਕਿੱਥੇ ਆ ਧਮਕਿਆ ਸੀ” , ਮੈਂ ਗੁੱਸੇ ਵਿੱਚ ਵਿੱਚ ਦੰਦ ਕਰੀਚ ਰਿਹਾ ਸੀ ਤੇ ਮੱਥਾ ਤਿਊਂੜੀਆਂ ਨਾਲ ਭਰ ਰਿਹਾ ਸੀ। ਪਰ ਮਫਲਰ ਤੇ ਐਨਕ ਦੇ ਓਹਲੇ ਉਸ ਬਾਬੇ ਨੂੰ ਕੁਝ ਨਾ ਦਿਖਣ ਕਾਰਨ ਹੋ ਵੀ ਅੰਦਰੋ-ਅੰਦਰੀਂ ਪੇਪਰ ਤੋਂ ਲੇਟ ਨਾ ਹੋ ਜਾਵਣ ਦੇ ਫਿਕਰ ਦਾ ਅੱਕ ਵੀ ਚੱਬ ਰਿਹਾ ਸੀ। ਦੂਜਾ ਇਸ ਕੜਾਕੇ ਦੀ ਠੰਡ ਵਿੱਚ ਬਾਬੇ ਦਾ ਭਾਰ ਵੀ ਢੋਣਾ ਪੈ ਰਿਹਾ ਸੀ।
ਚੱਲੋ ਜੀ, ਮੇਰੇ ਕੁਝ ਹਾਂ ਜਾਂ ਨਾਂਹ ਕਰਨ ਤੋਂ ਪਹਿਲਾਂ ਹੀ ਬਾਬਾ ਜੀ ਮੇਰੇ ਮਗਰ ਬਿਰਾਜ ਹੋ ਗਏ ਤੇ ਮੇਰੇ ਸਾਰੇ ਧਰੇ ਧਰਾਏ ਵਿਚਾਰ ਧਰੇ ਹੀ ਰਹਿ ਗਏ।

ਮੈਂ ਅੱਕਿਆ ਬੋਲਣ ਤੋਂ ਪਰਹੇਜ ਕਰ ਰਿਹਾ ਸੀ, ਪਰ ਬਾਬਾ ਸ਼ੁਰੂ ਹੋ ਗਿਆ, “ ਪੁੱਤਰ ਜੀ ਤੁਸੀਂ ਕੀ ਕੰਮ ਕਰਦੇ ਹੋ ? ਮੈਂ ਤਾਂ ਪੇਪਰ ਲਈ ਦੂਰ ਜਾਣ, ਲੇਟ ਹੋਣ ਕਾਰਨ, ਦਵਾਈ ਲਈ ਲਾਏ ਪੱਜ, ਮੁਫਤ ਦਾ ਸਮਾਂ ਗੁਆਉਣ ਲਈ ਰਸਤੇ ਦੇ ਮੈਡੀਕਲ ਸਟੋਰ ਤੇ ਰੁੱਕਣ, ਬਾਬੇ ਨੂੰ ਦਿਖਾਵੇ ਲਈ ਕਿਹੜੀ ਦਵਾਈ ਲੈਣੀ ਹੈ, ਪੈਸੇ ਵੀ ਮੁਫਤ ਦੇ ਖਰਚਣੇ ਪੈਣਗੇ ਆਦਿ ਸੋਚਾਂ ਦੀਆਂ ਗੁੰਝਲਾਂ ਵਿੱਚ ਗੁੱਥਮ-ਗੁੱਥਾ ਹੋ ਰਿਹਾ, ਕੁਝ ਨਾ ਬੋਲਿਆ। ਪਰ ਫੇਰ ਬਾਬੇ ਨੇ ਆਪ ਹੀ ਜੁਆਬ ਘੜ ਲਿਆ। ਪੁੱਤਰ ਜੀ, “ ਤੁਸੀਂ ਮੈਨੂੰ ਬਾਊ ਲੱਗਦੇ ਓ? ਇਸ ਦਫਤਰ ਵਿੱਚ।“ ਮੈਂ ਬੁੱਝੇ ਜਿਹੇ ਸੁਰ ਚ ਇੱਕੋ ਉੱਤਰ ਦਿੱਤਾ, “ ਆਹੋ ।“

ਸ਼ਾਇਦ ਉਹ ਬਾਬਾ ਮੇਰੇ ਲਹਿਜੋ-ਵਤੀਰਾ ਭਾਂਪ ਰਿਹਾ ਸੀ ਤੇ ਹੁਣ ਚੁੱਪ ਜਿਹਾ ਹੋ ਗਿਆ ਸੀ। ਮੂੰਹ ਵਿੱਚ ਕੁਝ ਬੁੜ-ਬੁੜਾ ਰਿਹਾ ਸੀ। ਮੈਨੂੰ ਮਫਲਰ ਦੀ ਘੁੱਟਣ ਵਿੱਚੋ ਕੁਝ ਸਾਫ ਤਾਂ ਸੁਣ ਨਹੀਂ ਰਿਹਾ ਸੀ। ਪਰ ਸਾਇਡ ਦੇ ਮੋਟਰਸਾਇਕਲ ਦੇ ਸ਼ੀਸ਼ੇ ਵਿੱਚੋ ਦਿਸ ਸਾਫ ਰਿਹਾ ਸੀ। ਬਾਬੇ ਸ਼ਾਇਦ ਰੱਬ ਦਾ ਨਾਮ ਜਪਦਾ, ਪਾਠ ਕਰ ਰਿਹਾ ਸੀ। ਦੂਜੇ ਪਾਸੇ ਮੈਂ ਮੁਫਤ ਦਾ ਫਸਿਆ ਹੋਣ ਕਰਕੇ, ਪੇਪਰ ਤੋਂ ਲੇਟ ਹੋਣੋ ਡਰ ਦਾ ਗੁੱਸਾਇਆ, ਮੋਟਰਸਾਇਕਲ ਚਲਦੇ ਤੇ ਵਰ ਰਹੀ ਠੰਡੀ ਸ਼ੀਤ ਹਵਾ ਨਾਲ ਕਾਂਬੇ ਤੇ ਠਾਰ ਨੂੰ ਵੀ ਭੁੱਲ ਰਿਹਾ ਸੀ।

ਇਨਾਂ ਵਿਚਾਰਾਂ ਵਿੱਚ ਗਲਤਾਣ ਹੋਏ ਕਦੇ ਤਰਨ ਤਾਰਨ ਸ਼ਹਿਰ ਵਿੱਚ ਆ ਪਹੁੰਚੇ ਪਤਾ ਹੀ ਨਾ ਲੱਗਾ, ਸ਼ਹਿਰ ਸ਼ੁਰੂ ਹੋ ਗਿਆ। ਮੈਡੀਕਲ ਸਟੋਰ ਦੀ ਗਲੀ ਮੇਨ ਬਾਜਾਰ ਤੋਂ ਥੋੜੀ ਹਟਵੀਂ ਸੱਜੇ ਬੰਨੇ ਸੀ। ਮੈਂ ਮੋਟਰ ਸਾਇਕਲ ਰੋਕ ਕੇ ਬਾਬਾ ਜੀ ਨੂੰ ਮੋਟਰ ਸਾਇਕਲ ਦੇ ਕੋਲ ਉਡੀਕਣ ਵਾਸਤੇ ਕਿਹਾ ਤੇ ਦਵਾਈ ਲੈਣ ਲਈ ਚਲਾ ਗਿਆ।

ਮੈਡੀਕਲ ਸਟੋਰ ਵੱਲ ਨੂੰ ਮੇਰੇ ਕਦਮ ਹੌਲ ਹੌਲੀ ਚਲ ਰਹੇ ਸਨ ਭਾਵੇਂ ਮੈਨੂੰ ਕਾਹਲੀ ਬਹੁਤ ਸੀ ਕਿਉਂਕਿ ਦਿਮਾਗ ਤੇਜੀ ਨਾਲ ਸੋਚ ਰਿਹਾ ਸੀ ਕਿ ਦਵਾਈ ਸਸਤੀ ਤੇ ਆਮ ਵਰਤੋ ਦੀ ਕਿਹੜੀ ਲਈ ਜਾਵੇ। ਪਿਤਾ ਜੀ ਲਈ ਮੈਂ ਖਰੀਦ ਨਹੀ ਸਕਦਾ ਸੀ ਕਿਉਂਕਿ ਪਿਤਾ ਜੀ ਦੀ ਦਵਾਈ ਮੈਂ ਪਹਿਲਾਂ ਹੀ ਲੈ ਆਇਆ ਸੀ, ਉਤੋਂ ਪੇਪਰ ਲਈ ਲੇਟ ਵੀ ਹੋ ਰਿਹਾ ਸੀ। ਅਚਾਨਕ ਮੈਂ ਸੋਚਣ ਲੱਗਾ ਕਿ ਦਫਤਰੀ ਬਾਊਆਂ ਨੂੰ ਕਿਸ ਦਵਾਈ ਦੀ ਆਮੂਮਨ ਲੋੜ ਪੈਂਦੀ ਹੈ। ਫੇਰ ਖਿਆਲ ਆਇਆ ਕਿ ਕੱਲ ਹੀ ਤਾਂ ਰਛਪਾਲ ਤੇ ਅਭਿਸ਼ੇਕ (ਦਫਤਰੀ ਸਾਥੀ) ਸਿਰਦਰਦ ਦੀ ਦਵਾਈ ਬਰਾਂਚ ਦੇ ਦਰਾਜਾਂ ਚੋਂ ਭਾਲ ਰਹੇ ਸੀ ਜੋ ਕੁਝ ਦਿਨ ਪਹਿਲਾਂ ਹੀ ਰਛਪਾਲ ਆਪਣੇ ਖਾਣ ਲਈ ਘਰੋਂ ਨਾਲ ਲਿਆਇਆ ਸੀ। ਦਫਤਰੀ ਕੰਮ ਤੇ ਰੋਜਾਨਾ ਪਬਲਿਕ ਨੂੰ ਡੀਲ ਕਰਦੇ ਸਿਰਦਰਦ ਹੋਣਾ ਲਾਜਮੀ ਹੀ ਐ, ਇਹੋ ਲੈ ਲੈਨੇ ਹਾਂ, ਚਲੋ ਦਵਾਈ ਦਾ ਫੈਸਲਾ ਹੋ ਗਿਆ ਸੀ।

ਮੈਂ ਦੁਕਾਨ ਤੋਂ ਡਿਸਪਰਿਨ (ਸਿਰਪੀੜ ਦੀ ਦਵਾਈ) ਦਾ ਪੂਰਾ ਪੱਤਾ ਲੈ ਲਿਆ ਕਿ ਚਲੋ ਦਫਤਰ ਵਿੱਚ ਕਿਸੇ ਦੇ ਕੰਮ ਆ ਜਾਵੇਗਾ ਤੇ ਬਾਬਾ ਜੀ ਦੀ ਨਜਰ ਵਿੱਚ ਵੀ ਮਨ ਹੀ ਮਨ ਸੱਚਾ ਜਿਹਾ ਹੋ ਗਿਆ ਸੀ।

ਹੱਥ ਵਿੱਚ ਦਵਾਈ ਦਾ ਪੱਤਾ ਲਈ ਮੈਂ ਮੋਟਰ ਸਾਇਕਲ ਦੇ ਕੋਲ ਆਇਆ ਤੇ ਕਿਹਾ, “ ਚਲੋ ਬਾਬਾ ਜੀ, ਚੱਲਿਏ ” ਤੁਹਾਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰੀ ਗੇਟ ਤੱਕ ਛੱਡ ਆਵਾਂ।

ਬਾਬਾ ਬੋਲਿਆ, “ ਨਹੀ ਪੁੱਤਰ ਜੀ, ਲੋੜ ਨਹੀਂ। “ ਮੈਂ ਬਾਬੇ ਦੀ ਅਗਲੀ ਸੁਣੇ ਬਿਨਾਂ ਹੀ ਹੈਰਾਨੀ ਨਾਲ ਭਰਿਆ ਬੋਲ ਉੱਠਿਆ, ਕਿਉਂ ਬਾਬਾ ਜੀ, “ਲੋੜ ਨਹੀ, ਕਿਉਂ ?”  ਅੱਗੇ ਥੋੜਾ ਹੀ ਤਾਂ ਰਸਤਾ ਰਹਿ ਗਿਆ ਹੈ, ਮੇਨ ਗੇਟ ਸੜਕ ਦੇ ਉੱਪਰ ਹੀ ਹੈ, ਮੈਂ ਲੈ ਜਾਨਾਂ ਥੋਨੂੰ ਉੱਥੇ ।

ਬਾਬਾ ਬੋਲਿਆ, “ ਪੁੱਤਰ ਜੀ, ਤੁਸੀਂ ਲੇਟ ਨਾ ਹੋ ਜਾਣਾ, ਜਿਸ ਵੀ ਕੰਮ ਜਾਣਾ ਹੈ, ਤੁਸੀਂ ਜਾਓ, ਮੈਂ ਪਹਿਲਾਂ ਵੀ ਆਉਂਣਾ ਰਹਿੰਨਾਂ, ਨਾਲ ਦੀ ਗਲੀ ਵਿੱਚੋਂ ਸ਼ੌਟ-ਕੱਟ ਰਸਤਾ ਹੈ ਜੋ ਸਿੱਧਾ ਗੁਰੂ ਘਰ ਜਾਂਦਾ ਹੈ। ਗੁਰੂ ਘਰ ਦੇ ਚਾਰ ਦਰਵਾਜਿਆਂ ਚੋਂ ਇੱਕ ਦਰਵਾਜਾ ਇਸ ਗਲੀ ਵੱਲ ਵੀ ਹੈ। ਫਿਕਰ ਨਾ ਕਰੋ ਪੁੱਤਰ ਜੀ, ਮੈਂ ਹੁਣ ਚਲਾ ਜਾਵਾਂਗਾ। “

ਮੈਂ ਦੋਵੇਂ ਹੱਥ ਜੋੜ ਸਿਰ ਝੁਕਾ ਕੇ ਬੋਲਿਆ, “ ਚੰਗਾ ਬਾਬਾ ਜੀ, ਸਤਿ ਸ੍ਰੀ ਅਕਾਲ “ ਬਾਬੇ ਨੇ ਪਿੱਠ ਤੇ ਥਾਪੀ ਦਿੱਤੀ ਤੇ ਅਸੀਸਾਂ ਦੀ ਝੜੀ ਲਾ ਦਿੱਤੀ, “ ਜਿਉਂਦਾ ਰਹਿ ਪੁੱਤਰ, ਜਵਾਨੀ ਮਾਣ, ਜਿਉਂਦਾ-ਵੱਸਦਾ ਰਹਿ, ਰੱਬ ਲੰਬੀ ਉਮਰ ਕਰੇ, ਬਰਕਤਾਂ ਕਰੇ, ਤੂੰ ਬਜੁਰਗਾਂ ਦੀ ਸੇਵਾ ਕਰਦੈਂ, ਨੇਕ ਬੰਦਾ ਵਾਂ ਰੱਬ ਦਾ।“  ਜਲਦੀ ਹੀ ਬਾਬਾ ਗੁਰੂ ਘਰ ਨੂੰ ਜਾਣ ਵਾਲੀ ਗਲੀ ਦੇ ਰਾਹ ਨੂੰ ਪੈ ਗਿਆ।

ਓ ਬਾਬਾ, ਓ ਧਰਮੀ ਇਨਸਾਨ, ਧਰਮ ਨਿਭਾਉਣ ਗੁਰੂ ਘਰ ਨੂੰ ਜਾ ਰਿਹਾ ਸੀ ਤੇ ਮੈਂ ਕਿਸੇ ਬੇਈਮਾਨ, ਕਸੂਰਵਾਰ ਦੀ ਤਰਾਂ ਬੁੱਤ ਬਣੀ ਕਦੇ ਬਾਬੇ ਵੱਲ ਤੇ ਕਦੇ ਹੱਥ ਚ ਫੜੀ ਸਿਰਪੀੜ ਦੀ ਦਵਾਈ ਦੇ ਪੱਤੇ ਵੱਲ ਵੇਖੀ ਜਾ ਰਿਹਾ ਸੀ।

ਗੁਰੂ ਘਰ ਵੱਲ ਨੂੰ ਜਾਂਦੇ ਬਾਬੇ ਨੇ ਇੱਕ ਵਾਰੀ ਵੀ ਮੁੜ ਕੇ ਮੇਰੇ ਵੱਲ਼ ਨਾ ਤੱਕਿਆ, ਹੌਲੀ-ਹੌਲੀ ਉਹ ਮੇਰੀਆਂ ਨਜਰਾਂ ਤੋਂ ਓਹਲੇ ਹੋ ਗਿਆ ਪਰ ਹਾਂ ਉਸ ਵਲੋਂ ਮੇਰੀ ਪਿੱਠ ਤੇ ਦਿੱਤੀ ਥਾਪੀ ਦੀ ਥਾਪ ਮੈਨੂੰ ਅਜੇ ਵੀ ਮਹਿਸੂਸ ਹੋ ਰਹੀ ਸੀ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>