ਹੱਕ ਲਈ ਲੜਿਆ ਸੱਚ – (ਭਾਗ-76)

ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵਿਸ਼ਨੂੰ ਕਪੂਰ ਨੇ ਸਵੇਰ ਦਾ ਪੰਜਾਬੀ ਅਖਬਾਰ ਸੰਤਰੀ ਦੇ ਹੱਥ ਦੀਪੀ ਨੂੰ ਭਿਜਵਾ ਦਿੱਤਾ। ਵਿਸ਼ਨੂੰ ਕਪੂਰ ਮਾਤਾ ਜੀ ਅਤੇ ਦੀਪੀ ਨਾਲ ਪਹਿਲਾਂ ਵਾਂਗ ਹੀ ਹਮਦਰਦੀ ਰੱਖਦਾ ਸੀ। ਉਹ ਆਪ ਅਖ਼ਬਾਰ ਬਾਅਦ ਵਿਚ ਪੜ੍ਹਦਾ ਪਹਿਲਾਂ ਮਾਤਾ ਜੀ ਅਤੇ ਦੀਪੀ ਨੂੰ ਭੇਜ ਦਿੰਦਾਂ। ਦੀਪੀ ਖ਼ਬਰਾਂ ਪੜ੍ਹ ਕੇ ਮਾਤਾ ਜੀ ਨੂੰ ਸਣਾਉਣ ਲੱਗੀ। ਖ਼ਬਰ ਪੜ੍ਹਦੀ ਪੜ੍ਹਦੀ ਚੁੱਪ ਹੋ ਗਈ ਕਿਉਂ ਕਿ ਅਖ਼ਬਾਰ ਦੇ ਦੂਸਰੇ ਪੇਜ ਉੱਪਰ ਖ਼ਬਰ ਛੱਪੀ ਸੀ ਕਿ ਦਿਲਪ੍ਰੀਤ ਅੱਤਿਵਾਦੀ ਅਤੇ ਉਸ ਦੇ ਇਕ ਸਾਥੀ ਨੂੰ ਹਰਿਆਣੇ ਦੀ ਪੁਲੀਸ ਨੇ ਕਾਬੂ ਕਰ ਲਿਆ ਹੈ ਅਤੇ ਉਸ ਦੇ ਦੋ ਸਾਥੀ ਮੁਕਾਬਲੇ ਵਿਚ ਗੋਲੀ ਲੱਗਣ ਕਰਕੇ ਮੌਤ ਦਾ ਸ਼ਿਕਾਰ ਹੋ ਗਏ। ਚੱਪ ਹੋਈ ਦੀਪੀ ਨੂੰ ਦੇਖ ਕੇ ਮਾਤਾ ਜੀ ਬੋਲੇ, “ਬੇਟਾ, ਖ਼ਬਰਾਂ ਪੜ੍ਹਦੀ ਪੜ੍ਹਦੀ ਰੁਕ ਕਿਉਂ ਗਈ, ਹੋਰ ਸੁਣਾ।”
“ਮਾਤਾ ਜੀ, ਦਿਲਪ੍ਰੀਤ ਨੂੰ ਪੁਲੀਸ ਨੇ ਫੜ ਲਿਆ ਹੈ।” ਦੀਪੀ ਨੇ ਹੌਲੀ ਜਿਹੀ ਆਖਿਆ, “ਉਹਨਾਂ ਦੇ ਦੋ ਸਾਥੀ ਪੁਲੀਸ ਦੀ ਗੋਲੀ ਲਗਣ ਕਾਰਨ…।”
“ਸ਼ਹੀਦ ਹੋ ਗਏ।” ਮਾਤਾ ਜੀ ਨੇ ਆਪਣਾ ਹੱਥ ਕਾਲਜੇ ਤੇ ਰੱਖ ਕੇ ਕਿਹਾ, “ਕੌਣ ਸਨ ਨਾਮ ਨਹੀ ਲਿਖੇ।”
“ਨਹੀ”। ਦੀਪੀ ਨੇ ਚੁੰਨੀ ਦਾ ਲੜ ਅੱਖਾਂ ਉੱਤੇ ਫੇਰਦੇ ਹੌਂਸਲੇ ਨਾਲ ਕਿਹਾ, “ਕੱਲ੍ਹ ਸਿਪਾਹੀ ਉਹਨਾਂ ਦੇ ਫੜੇ ਜਾਣ ਦੀਆ ਗੱਲਾਂ ਕਰ ਰਹੇ ਸਨ, ਮੈਂ ਤਾਂ ਸੋਚਿਆ ਉਹ ਮੈਨੂੰ ਡਰਾ ਰਹੇ ਨੇ।”
“ਦਸ਼ਮੇਸ਼ ਪਿਤਾ ਆਪਣੇ ਸਿੰਘਾਂ ਦੀ ਆਪ ਹੀ ਰੱਖਿਆ ਕਰੀਂ।” ਮਾਤਾ ਜੀ ਨੇ ਦਿਲ ਭਰਦਿਆਂ ਆਖਿਆ, “ਫੜੇ ਗਏ ਸਿੰਘਾਂ ਨੂੰ ਛੁਡਾਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਹੋਰ ਨਾ ਉਹਨਾਂ ਦਾ ਵੀ ਮੁਕਾਬਲਾ ਬਣਾ ਦਿੱਤਾ ਜਾਵੇ।” ਉਦੋਂ ਹੀ ਵਿਸ਼ਨੂੰ ਕਪੂਰ ਆ ਗਿਆ ਅਤੇ ਕਹਿਣ ਲੱਗਾ, “ਮਾਤਾ ਜੀ ਤੁਹਾਡੀ ਰਿਹਾਈ ਦੇ ਹੁਕਮ ਆ ਗਏ ਹਨ, ਤਹਾਨੂੰ ਰਿਹਾ ਕੀਤਾ ਜਾ ਰਿਹਾ ਹੈ।”
“ਪੁੱਤਰਾ, ਹੁਣ ਤਾਂ ਰਿਹਾ ਆਪ ਨੇ ਕਰਨਾ ਹੀ ਸੀ।” ਮਾਤਾ ਜੀ ਨੇ ਕਿਹਾ, “ਜਿਹਨਾਂ ਕਰਕੇ ਸਾਨੂੰ ਫੜਿਆ ਸੀ, ਉਹ ਜਿਉਂ ਤੁਹਾਡੇ ਕਾਬੂ ਆ ਗਏ।”
ਵਿਸ਼ਨੂੰ ਕਪੂਰ ਕੁਝ ਨਹੀ ਬੋਲਿਆ। ਉਸ ਨੇ ਦੀਪੀ ਵੱਲ ਦੇਖਿਆ ਜੋ ਬਿਨਾ ਕੁਝ ਕਹੇ ਅਡੋਲ ਖੜ੍ਹੀ ਸੀ।
“ਮਾਤਾ ਜੀ, ਤੁਹਾਨੂੰ ਕੋਈ ਮਿਲਣ ਵਾਲੇ ਅੱਜ ਵੀ ਆਏ ਹੋਏ ਹਨ।” ਵਿਸ਼ਨੂੰ ਕਪੂਰ ਨੇ ਦੱਸਿਆ, “ਉਹ ਬਾਹਰ ਤੁਹਾਡੀ ਉਡੀਕ ਕਰ ਰਹੇ ਨੇ।”
ਬਾਹਰ ਪਿੰਡ ਦਾ ਸਰਪੰਚ ਅਤੇ ਕੁਝ ਹੋਰ ਪੰਤਵੰਤੇ ਲੋਕੀ ਬੈਠੇ ਸਨ। ਉਹਨਾਂ ਵਿਚ ਅਕਾਲੀ ਇਸਤਰੀ ਦਲ ਦੀ ਮੈਂਬਰ ਰਣਜੀਤ ਕੌਰ ਵੀ ਸੀ। ਉਹ ਮਾਤਾ ਜੀ ਦੇ ਗਲੇ ਲਗ ਮਿਲੀ। ਜਿਹੜੀ ਗੱਡੀ ਉਹ ਲੈ ਕੇ ਆਏ ਸਨ ਮਾਤਾ ਜੀ ਨੂੰ ਅਤੇ ਦੀਪੀ ਨੂੰ ਉਸ ਵਿਚ ਹੀ ਬਿਠਾ ਲਿਆ ਗਿਆ। ਰਸਤੇ ਵਿਚ ਦੀਪੀ ਨੇ ਉਹਨਾਂ ਨੂੰ ਸਿਪਾਹੀਆਂ ਦੇ ਵਰਤਾਰੇ ਬਾਰੇ ਗੱਲ ਕੀਤੀ ਤਾਂ ਸਰਪੰਚ ਨੇ ਕਿਹਾ, “ਕਦੀ ਸੋਚਿਆ ਵੀ ਨਹੀਂ ਸੀ ਕਿ ਸਾਡੀਆਂ ਬੱਚੀਆਂ ਨੂੰ ਇਹ ਗੱਲਾਂ ਵੀ ਸਹਿਣ ਕਰਨੀਆਂ ਪੈਣਗੀਆਂ।”
“ਸਰਪੰਚ ਸਾਹਿਬ, ਇਹ ਤਾਂ ਕੁੱਛ ਵੀ ਨਹੀਂ।” ਨਾਲ੍ਹਦੇ ਪਿੰਡ ਦੇ ਅਵਤਾਰ ਸਿੰਘ ਨੇ ਕਿਹਾ, “ਜੋ ਕੁਝ ਮੈਨੂੰ ਪਤਾ ਲੱਗਾ ਹੈ, ਉਹ ਤਾਂ ਮੈਂ ਬਿਆਨ ਨਹੀਂ ਕਰ ਸਕਦਾ।”
“ਪੰਜਾਬੀ ਸੂਬੇ ਲਈ ਵੀ ਆਪਣੀ ਕੌਮ ਨੇ ਬਹੁਤ ਕੁਝ ਸਹਿਆ।” ਰਣਜੀਤ ਕੌਰ ਨੇ ਕਿਹਾ, “ੳਦੋਂ ਇਕ ਮੌਕੇ 56000 ਤੋਂ ਵੱਧ ਸਿੱਖ ਜੇਲ੍ਹਾਂ ਵਿਚ ਸਨ।”
“ਦਰਸ਼ਨ ਸਿੰਘ ਫੇਰੂਮਾਨ ਨੇ 14 ਅਗਸਤ ਤੋਂ 74 ਦਿਨ ਲੰੰਮੀ ਭੁੱਖ ਹੜਤਾਲ ਰੱਖੀ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ।” ਅਵਤਾਰ ਸਿੰਘ ਨੇ ਦੱਸਿਆ, “27 ਅਕਤੂਬਰ ਨੂੰ ਜਦੋਂ ਉਹ ਸ਼ਹੀਦ ਹੋ ਗਏ ਤਾਂ ਸਰਕਾਰ ਨੇ ਕਿਹਾ ਸੀ ਕਿ ਚੰਢੀਗੜ੍ਹ ਬਾਰੇ ਫ਼ੈਸਲਾ ਬੱਜਟ ਤੋਂ ਪਹਿਲਾਂ ਲੈ ਲਿਆ ਜਾਵੇਗਾ, ਪਰ ਅੱਜ ਤਕ ਨਹੀਂ ਕੁਝ ਕੀਤਾ।”
“ਵੱਡਾ ਫਰੇਬ ਤਾਂ ਇਹਨਾਂ 1948 ਵਿਚ ਹੀ ਸਾਡੇ ਨਾਲ ਕਰ ਲਿਆ ਸੀ।” ਰਣਜੀਤ ਕੌਰ ਕਹਿਣ ਲੱਗੀ, “ਉਦੋਂ ਅਕਾਲੀ ਦਲ ਭੰਗ ਕਰਕੇ ਸਾਰਿਆਂ ਨੂੰ ਕਾਂਗਰਸ ਵਿਚ ਸ਼ਾਮਲ ਕਰ ਲਿਆ ਸੀ।”
“1948 ਵਿਚ ਹੀ ਸਿੱਖਾਂ ਕੋਲੋਂ ਵੱਖਰੀ ਚੋਣ ਪ੍ਰਣਾਲੀ ਦਾ ਹੱਕ 30 ਦਸਬੰਰ ਨੂੰ ਖੋਹ ਲਿਆ ਸੀ।” ਅਵਤਾਰ ਸਿੰਘ ਨੇ ਕਿਹਾ, “ਇਹਨਾਂ ਵਲੋਂ ਕੀਤੇ ਗਏ ਧੋਖਿਆਂ ਦਾ ਜਿਕਰ 1947 ਤੋਂ ਹੁਣ ਤਕ ਕਰੀਏ ਤਾਂ ਸ਼ਾਇਦ ਅੰਤ ਹੀ ਨਾ ਹੋਵੇ।”
“ਇਕ ਧੋਖੇ ਦਾ ਮੈਨੂੰ ਵੀ ਪਤਾ।” ਸਰਪੰਚ ਨੇ ਕਿਹਾ, “ਦਿੱਲੀ ਵਿਖੇ ਸੀਸ ਗੰਜ ਗੁਰਦੁਆਰਾ ਸਾਹਿਬ ਵਿਚ 1931 ਨੂੰ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਲਾਹੌਰ ਸੈਸ਼ਨ ਵਿਚ ਮਤਾ ਪਾਸ ਕੀਤਾ ਹੈ ਕਿ ਉਹ ਘੱਟ ਗਿਣਤੀਆ ਦੇ ਮਾਮਲੇ ਬਾਰੇ ਕੋਈ ਅਜਿਹਾ ਸਮਝੌਤਾ ਨਹੀ ਕਰਨਗੇ ਜਿਹੜਾ ਘੱਟ ਗਿਣਤੀਆਂ ਨੂੰ ਪ੍ਰਵਾਨ ਨਹੀ ਹੋਵੇਗਾ, ਬਾਅਦ ਵਿਚ ਸੰਵਿਧਾਨ ਦੀ 25 ਧਾਰਾ ਵਿਚ ਸਿਖਾਂ ਨੂੰ ਹਿੰਦੂ ਹੀ ਲਿਖ ਦਿੱਤਾ ਗਿਆ।”
ਮਾਤਾ ਜੀ ਜੋ ਬਹੁਤ ਦੇਰ ਤੋਂ ਇਹ ਗੱਲਾਂ ਸੁਣ ਰਹੇ ਸਨ, ਬੋਲੇ, “ਭਰਾਵੋ, ਛੱਡੋ ਆਹ ਗੱਲਾਂ, ਇਹਨਾਂ ਪਿਛਲੀਆਂ ਤਾਂ ਕੀ ਸੁਧਾਰਨੀਆਂ, ਇਹ ਹੁਣ ਤਾਂ ਸਿਧਾਂ ਹੀ ਸਿੱਖਾਂ ਦੀ ਹੋਂਦ ਮਿਟਾਉਣ ਉੱਪਰ ਆ ਗਏ ਨੇ, ਪਰਮਾਤਾਮਾ ਇਹਨਾਂ ਨੂੰ ਸੁਮੱਤ ਬਖਸ਼ੇ।”
“ਐਨੇ ਸਾਲ ਹੋ ਗਏ ਅਜੇ ਤੱਕ ਤਾਂ ਸੁਮੱਤ ਬਖਸ਼ੀ ਨਹੀ।” ਅਵਤਾਰ ਸਿੰਘ ਨੇ ਕਿਹਾ, “ਮੈਨੂੰ ਤਾਂ ਲੱਗਦਾ ਹੈ ਕਿ ਇਹਨਾਂ ਫਿਰਕੂਪੁਣੇ ਵਿਚ ਸੁਦਾਈ ਹੀ ਹੋ ਜਾਣਾ ਹੈ।”
ਗੱਲ ਨੂੰ ਹੋਰ ਪਾਸੇ ਪਾਉਣ ਲਈ ਮਾਤਾ ਜੀ ਫਿਰ ਬੋਲੇ, “ਮੇਰੀ ਤਾਂ ਹੁਣ ਇਹ ਸਲਾਹ ਹੈ ਕਿ ਦੀਪੀ ਨੂੰ ਮੈਂ ਆਪਣੇ ਨਾਲ ਲਿਜਾਣ ਦੀ ਵਜਾਏ ਇਸਨੂੰ ਇਹਦੇ ਮਾਪਿਆਂ ਜਾਂ ਸਹੁਰਿਆਂ ਕੋਲ ਛੱਡ ਦਿਆਂ।”
“ਗੱਲ ਤਾਂ ਤੁਹਾਡੀ ਠੀਕ ਹੈ।” ਰਣਜੀਤ ਕੌਰ ਨੇ ਕਿਹਾ, “ਬੇਟਾ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ?”
“ਮੈ ਤਾਂ ਮਾਤਾ ਜੀ ਦੇ ਨਾਲ ਹੀ ਰਹਿਣਾ ਚਾਹੁੰਦੀ ਸਾਂ।” ਦੀਪੀ ਨੇ ਕਿਹਾ, “ਦਿਲਪ੍ਰੀਤ ਮੈਨੂੰ ਮਾਤਾ ਜੀ ਕੋਲ ਹੀ ਛੱਡ ਕੇ ਗਏ ਸਨ।”
“ਉਹ ਤਾਂ ਪੁੱਤਰਾ ਠੀਕ ਹੈ।” ਮਾਤਾ ਜੀ ਨੇ ਕਿਹਾ, “ਇਹ ਕਮੀਨਿਆ ਦਾ ਕੀ ਭਰੋਸਾ ਕਿਹੜੇ ਵੇਲੇ ਆ ਕੇ ਫਿਰ ਆਪਣੇ ਤੇ ਧਾਵਾ ਬੋਲ ਦੇਣ।”
“ਧੀ ਰਾਣੀਏ, ਮਾਤਾ ਜੀ ਠੀਕ ਕਹਿੰਦੇ ਨੇ।” ਸਰਪੰਚ ਨੇ ਕਿਹਾ, “ਅਸੀਂ ਵੀ ਹੁਣ ਮਾਤਾ ਜੀ ਨੂੰ ਵੀ ਇਕੱਲਿਆਂ ਨਹੀ ਰਹਿਣ ਦੇਣਾ।”
“ਫਿਰ ਮੈਨੂੰ ਸੁਹਰਿਆਂ ਦੇ ਪਿੰਡ ਹੀ ਛੱਡ ਦਿਉ।” ਦੀਪੀ ਨੇ ਦੱਸਿਆ, “ਉਹ ਇਥੋਂ ਲਾਗੇ ਪੈਂਦਾ ਹੈ।”
ਹਵੇਲੀ ਵਿਚ ਹਰਜਿੰਦਰ ਸਿੰਘ ਜੋ ਚਾਰੇ ਦੀ ਮਸ਼ੀਨ ਕੋਲ ਖੜ੍ਹਾ ਬਈਏ ਨਾਲ ਗੱਲਾਂ ਕਰ ਰਿਹਾ ਸੀ ਗੱਡੀ ਦੀ ਅਵਾਜ਼ ਸੁਣ ਕੇ ਉਧਰ ਦੇਖਿਆ ਤਾਂ ਹੈਰਾਨ ਹੋਇਆ ਅਤੇ ਦੀਪੀ ਅਤੇ ਨਾਲ ਆਏ ਬੰਦਿਆਂ ਨੂੰ ਦੇਖ ਕੇ ਘਬਰਾ ਵੀ ਗਿਆ। ਅੰਦਰੋ ਅੰਦਰ ਹੀ ਉਸ ਨੇ ਦਿਲਪ੍ਰੀਤ ਦੀ ਸੁੱਖ ਮੰਗੀ। ਫਿਰ ਆਏ ਸਜਨਾ ਨਾਲ ਫਤਹਿ ਸਾਂਝੀ ਕੀਤੀ। ਦੀਪੀ ਨੇ ਉਹਨਾਂ ਨਾਲ ਹਰਜਿੰਦਰ ਸਿੰਘ ਦੀ ਜਾਣ-ਪਹਿਚਾਣ ਕਰਵਾ ਦਿੱਤੀ। ਦੀਪੀ ਨੂੰ ਹਰਜਿੰਦਰ ਸਿੰਘ ਦੇ ਸੁਪਰਦ ਕਰਕੇ ਜਾਣ ਲੱਗੇ ਤਾਂ ਹਰਜਿੰਦਰ ਸਿੰਘ ਨੇ ਬੇਨਤੀ ਕੀਤੀ, “ਘਰ ਨੂੰ ਚਲੋ, ਜਲ-ਪਾਣੀ ਛੱਕ ਕੇ ਫਿਰ ਮੁੜ ਜਾਇਉ।”
“ਸਰਦਾਰ ਸਾਹਿਬ, ਹੁਣ ਸਾਨੂੰ ਮੁੜਨ ਦਿਉ।” ਅਵਤਾਰ ਸਿੰਘ ਨੇ ਕਿਹਾ, “ਨਹੀ ਤਾਂ ਪਿੰਡ ਪਹੁੰਚਣ ਨੂੰ ਬਹੁਤ ਕੁਵੇਲਾ ਹੋ ਜਾਵੇਗਾ।”
“ਇਹ ਵੀ ਤੁਹਾਡਾ ਆਪਣਾ ਪਿੰਡ ਹੀ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਕੱਲ੍ਹ ਨੂੰ ਚਲੇ ਜਾਣਾ।”
“ਉਹ ਤਾਂ ਗੱਲ ਤੁਹਾਡੀ ਠੀਕ ਹੈ।” ਸਰਪੰਚ ਨੇ ਕਿਹਾ, “ਤੁਸੀਂ ਹੁਣ ਸਾਨੂੰ ਜਾਣ ਹੀ ਦਿਉ।”
“ਅਸੀ ਫਿਰ ਕਿਤੇ ਆਵਾਂਗੇ।” ਮਾਤਾ ਜੀ ਨੇ ਕਿਹਾ, “ਮੈਨੂੰ ਤਾਂ ਆਉਣਾ ਹੀ ਪੈਣਾ ਹੈ, ਦੀਪੀ ਦੀ ਅਮਾਨਤ ਜੋ ਮੈਂ ਬੈਂਕ ਵਿਚ ਰੱਖੀ ਹੋਈ ਹੈ, ਉੁਹ ਦੇਣ ਆਵਾਂਗੀ।”
“ਮਾਤਾ ਜੀ, ਤੁਸੀਂ ਉਹਦਾ ਫਿਕਰ ਨਾ ਕਰਿਉ, ਜਦੋਂ ਸਾਨੂੰ ਲੋੜ ਹੋਈ ਅਸੀਂ ਆਪੇ ਹੀ ਜਾ ਕੇ ਲੈ ਆਵਾਂਗੇ।” ਦੀਪੀ ਨੇ ਅੱਖਾਂ ਵਿਚ ਅਥਰੂ ਲਿਆ ਕੇ ਕਿਹਾ, “ਵੈਸੇ ਤੁਸੀ ਮੈਨੂੰ ਮਿਲਣ ਜ਼ਰੂਰ ਆ ਜਾਇਆ ਕਰਿਉ।”
ਮਾਤਾ ਜੀ ਨੇ ਦੀਪੀ ਨੂੰ ਕਲ੍ਹਾਵੇ ਵਿਚ ਲੈ ਲਿਆ। ਉਹਨਾਂ ਦਾ ਮਨ ਭਰ ਗਿਆ ਪਰ ਬੋਲੇ ਕੁਝ ਨਹੀਂ ਅਤੇ ਚੁੱਪ ਚਾਪ ਗੱਡੀ ਵਿਚ ਬੈਠ ਗਏ।
ਦੀਪੀ ਨੂੰ ਦੇਖ ਕੇ ਮਿੰਦੀ ਅਤੇ ਨਸੀਬ ਕੌਰ ਖੁਸ਼ ਵੀ ਹੋਈਆਂ, ਪਰ ਦਿਲਪ੍ਰੀਤ ਬਾਰੇ ਸੋਚ ਕੇ ਮੁੜ ਉਦਾਸ ਹੋ ਗਈਆਂ। ਦੀਪੀ ਦਲਾਨ ਵੱਲ ਨੂੰ ਜਾਣ ਲੱਗੀ ਤਾਂ ਜੋ ਬੇਬੇ ਜੀ ਨੂੰ ਮਿਲ ਸਕੇ ਤਾਂ ਨਸੀਬ ਕੌਰ ਨੇ ਉਸ ਨੂੰ ਪਿਛੋਂ ਅਵਾਜ਼ ਮਾਰੀ, “ਦੀਪੀ, ਜਿਸ ਨੂੰ ਤੂੰ ਮਿਲਣ ਜਾ ਰਹੀ ਏ, ਉਹ ਰੱਬ ਕੋਲ ਚਲੀ ਗਈ ਹੈ।”
ਦੀਪੀ ਇਹ ਸੁਣ ਕੇ ਸੁੰਨ ਹੋ ਗਈ ਅਤੇ ਉੱਥੇ ਹੀ ਖੜ੍ਹ ਗਈ। ਮਿੰਦੀ ਨੇ ਉਸ ਨੂੰ ਜਾ ਕੇ ਜੱਫੀ ਵਿਚ ਲੈ ਲਿਆ, ਫਿਰ ਧਾਹ ਮਾਰ ਕੇ ਰੋ ਪਈ। ਦੀਪੀ ਦਾ ਵੀ ਰੋਣ ਨਿਕਲ ਗਿਆ। ਨਸੀਬ ਕੌਰ ਲੰਗੜਾਉਂਦੀ ਹੋਈ ਉਹਨਾਂ ਕੋਲ ਪੁੰਹਚੀ ਤਾਂ ਦੀਪੀ ਰੋਂਦੀ ਹੋਈ ਉਸ ਦੇ ਗਲ ਨੂੰ ਜਾ ਲੱਗੀ। ਤਿੰਨੇ ਜਣੀਆਂ ਰੋ ਕੇ ਆਪਣੇ ਦਿਲ ਹਲਕੇ ਕਰ ਰਹੀਆਂ ਸਨ। ਇਹ ਨਹੀਂ ਪਤਾ ਕਿ ਉਹ ਮਾਤਾ ਜੀ ਤੁਰ ਜਾਣ ਦੇ ਗਮ ਵਿਚ ਰੋ ਰਹੀਆਂ ਸਨ ਜਾਂ ਉਹਨਾ ਨੂੰ ਉਹ ਹਾਲਾਤ ਰੁਆ ਰਹੇ ਸਨ ਜਿਹਨਾਂ ਵਿਚੋਂ ਇਹਨਾ ਦਾ ਪ੍ਰੀਵਾਰ ਗੁਜ਼ਰ ਰਿਹਾ ਸੀ। ਕੋਲ ਖੜੇ੍ਹ ਹਰਜਿੰਦਰ ਸਿੰਘ ਨੇ ਆਪਣੇ ਹੁੰਝੂ ਪਰਨੇ ਦੇ ਲੜ ਨਾਲ ਸਾਫ ਕਰ ਦਿਆਂ ਕਿਹਾ, “ਨਸੀਬ ਕੌਰ, ਬਸ ਕਰੋ ਹੁਣ, ਕੁੜੀ ਨੂੰ ਕੁਝ ਖਾਣ-ਪੀਣ ਲਈ ਦੇਵੋ।”
ਨਸੀਬ ਕੌਰ ਰਸੋਈ ਵੱਲ ਨੂੰ ਮੁੜ ਪਈ। ਦੀਪੀ ਨੇ ਉਸ ਨੂੰ ਲੰਗੜਾਉਂਦਿਆ ਦੇਖ ਕੇ ਪੁੱਛਿਆ, “ਮੰਮੀ ਜੀ, ਤੁਹਾਡੀ ਲੱਤ ਨੂੰ ਕੀ ਹੋਇਆ।”
“ਪੁੱਤ, ਤੂੰ ਇਹ ਨਾਂ ਹੀ ਪੁੱਛ ਤਾਂ ਚੰਗਾ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਦਿਲਪ੍ਰੀਤ ਦੇ ਨਾਲ ਨਾਲ ਸਾਨੂੰ ਵੀ ਸਭ ਕੁਝ ਭੁਗਤਨਾ ਪੈ ਰਿਹਾ ਹੈ।”     “ਡੈਡੀ ਜੀ, ਇਹ ਸਭ ਭਾਗਾਂ ਦੀਆਂ ਗੱਲਾਂ ਹਨ।” ਦੀਪੀ ਨੇ ਕਿਹਾ, “ਫਿਰ ਵੀ ਦੱਸੋ ਤਾਂ ਸਹੀ ਕਿ ਮੰਮੀ ਦੀ ਲੱਤ ਨੂੰ ਕੀ ਹੋਇਆ।”
“ਤੇਰੀ ਮੰਮੀ ਦੀ ਲੱਤ ਦਾ ਇਹ ਹਾਲ ਪੁਲੀਸ ਨੇ ਕੀਤਾ ਹੈ।” ਹਰਜਿੰਦਰ ਸਿੰਘ ਨੇ ਹਾਉਕਾ ਲੈਂਦੇ ਕਿਹਾ, “ਜਦੋਂ ਦਿਲ ਕਰਦਾ ਹੈ ਪੁਲੀਸ ਸਾਨੂੰ ਲੈ ਜਾਂਦੀ ਹੈ, ਦਿਲ ਆਈਆਂ ਸਾਡੇ ਨਾਲ ਕਰਦੀ ਰਹਿੰਦੀ ਹੈ।”
“ਪੁਲੀਸ ਨੇ ਮੰਮੀ ਜੀ ਦੀ ਲੱਤ ਤੋੜੀ।” ਦੀਪੀ ਨੇ ਹੈਰਾਨ ਹੋ ਕੇ ਕਿਹਾ, “ਸਾਡੇ ਜਾਣ ਮਗਰੋਂ ਕੀ ਕੀ ਤੁਹਾਡੇ ਨਾਲ ਹੋਇਆ, ਸਾਨੂੰ ਕੁਝ ਵੀ ਨਹੀਂ ਪਤਾ।”
“ਆ ਜਾ ਪੁੱਤ, ਤੂੰ ਹੁਣ ਰੋਟੀ ਖਾ ਲੈ।” ਨਸੀਬ ਕੌਰ ਨੇ ਕਿਹਾ, “ਹੌਲੀ ਹੌਲੀ ਆਪਾਂ ਸਭ ਗੱਲਾਂ ਕਰਾਂਗੇ।”
ਉਦੋਂ ਹੀ ਤੋਸ਼ੀ ਅਤੇ ਕਾਕਾ ਵੀ ਆ ਗਏ। ਦੀਪੀ ਕਾਕੇ ਨੂੰ ਦੇਖ ਵੀ ਹੈਰਾਨ ਹੋਈ ਕਿਉਂਕਿ ਉਸ ਨੂੰ ਕਾਕਾ ਬਹੁਤ ਵੱਡਾ ਸਾਰਾ ਲਗ ਰਿਹਾ ਸੀ। ਤੋਸ਼ੀ ਵੀ ਦੀਪੀ ਨੂੰ ਚਾਣ ਚੱਕ ਦੇਖ ਕੇ ਹੈਰਾਨ ਰਹਿ ਗਿਆ।
ਰਾਤ ਦੇਰ ਤਕ ਬੈਠ ਕੇ ਸਾਰਾ ਪ੍ਰੀਵਾਰ ਗੱਲਾਂ ਕਰਦਾ ਰਿਹਾ। ਸਾਰਿਆ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਸੀ ਕਿ ਦਿਲਪ੍ਰੀਤ ਨੂੰ ਪੁਲੀਸ ਨੇ ਫੜ੍ਹ ਲਿਆ। ਸਾਰੇ ਉਸ ਦੀ ਸਲਾਮਤੀ ਦੀ ਅਰਦਾਸ ਆਪਣੇ ਮਨਾਂ ਵਿਚ ਕਰ ਰਹੇ ਸਨ। ਹਰਜਿੰਦਰ ਸਿੰਘ ਅਤੇ ਤੋਸ਼ੀ ਨੇ ਸਲਾਹ ਕੀਤੀ ਸਵੇਰੇ ਹੀ ਉਹ ਆਲੇ-ਦੁਆਲੇ ਦੀਆਂ ਪੰਚਾਇਤਾ ਇਕੱਠੀਆਂ ਕਰਕੇ ਦਿਲਪ੍ਰੀਤ ਨੂੰ ਛਡਵਾਉਣ ਦੀ ਕੋਸ਼ਿਸ਼ ਕਰਨਗੇ।
ਜਦੋਂ ਸਾਰੇ ਥਾਉਂ-ਥਾਈ ਸੌਣ ਲਈ ਚਲੇ ਗਏ ਤਾਂ ਹਰਜਿੰਦਰ ਸਿੰਘ ਨੇ ਨਸੀਬ ਕੌਰ ਨੂੰ ਕਿਹਾ, “ਤੂੰ ਭਾਵੇਂ ਦੀਪੀ ਕੋਲ ਹੀ ਪੈ ਜਾਂਦੀ।”
“ਮੈ ਤਾਂ ਕਿਹਾ ਸੀ, ਪਰ ਉਹ ਮੰਨੀ ਨਹੀ। ਕਹਿੰਦੀ ਕੋਈ ਨਹੀ ਮੈਂ ਚੁਬਾਰੇ ਵਿਚ ਕਿਤਾਬ ਪੜ੍ਹ ਕੇ ਸੌਂ ਜਾਣਾਂ ਹੈ।”
“ਉਸ ਵਿਚਾਰੀ ਨੂੰ ਇਹ ਵੀ ਪਤਾ ਨਹੀਂ ਕਿ ਉਸ ਦਾ ਦਾਦਾ ਜੀ ਵੀ ਪੂਰਾ ਹੋ ਚੁੱਕਾ ਹੈ।”
“ਮੈ ਤਾਂ ਮਿੰਦੀ ਨੇ ਇਹ ਸਲਾਹ ਕੀਤੀ ਹੈ ਕੱਲ ਨੂੰ ਹੀ ਇਸ ਨੂੰ ਮਾਪਿਆਂ ਦੇ ਲੈ ਚਲੀਏ ਤੇ ਰਾਹ ਵਿਚ ਹੀ ਇਸ ਨੂੰ ਦੱਸਾਂਗੇ ਇਸ ਬਾਰੇ।”
“ਇਸ ਤਰ੍ਹਾਂ ਵੀ ਠੀਕ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਮੈਨੂੰ ਮਾਸੀ ਹਰਨਾਮ ਕੌਰ ਕੋਲੋਂ ਡਰ ਲੱਗਦਾ ਹੈ, ਕੱਲ ਨੂੰ ਉਹ ਜ਼ਰੂਰ ਕੁਝ ਨਾ ਕੱਝ ਬੋਲੇਗੀ।”
“ਬੰਦੇ ਦੀ ਆਪਣੀ ਆਪਣੀ ਆਦਤ ਹੁੰਦੀ ਹੈ।” ਨਸੀਬ ਕੌਰ ਨੇ ਕਿਹਾ, “ਮਾਸੀ ਤਾਂ ਐਵੇ ਹੀ ਸਭ ਨੂੰ ਕੁਝ ਨਾ ਕੁਝ ਕਹਿੰਦੀ ਹੀ ਰਹਿੰਦੀ ਹੈ, ਸਾਨੂੰ ਉਸ ਦੀਆਂ ਗੱਲਾਂ ਦਾ ਬੁਰਾ ਨਹੀ ਮਨਾਉਣਾ ਚਾਹੀਦਾ।”
“ਮੈਨੂੰ ਤਾਂ ਕੋਈ ਫ਼ਰਕ ਨਹੀ ਪੈਂਦਾ, ਪਰ ਦੀਪੀ ਦੇ ਮੱਮੀ- ਡੈਡੀ ਸ਼ਰਮਿੰਦਗੀ ਜਿਹੀ ਮਹਿਸੂਸ ਕਰਨ ਲਗ ਪੈਂਦੇ ਨੇ।”
“ਦਿਲਪ੍ਰੀਤ ਨੂੰ ਪੁਲੀਸ ਤੰਗ ਨਾ ਕਰਦੀ ਹੋਵੇ।” ਨਸੀਬ ਕੌਰ ਨੇ ਆਪਣਾ ਧਿਆਨ ਇਕ ਦਮ ਦਿਲਪ੍ਰੀਤ ਵੱਲ ਲਿਜਾਂਦੇ ਹੋਏ ਉਦਾਸ ਅਵਾਜ਼ ਵਿਚ ਕਿਹਾ, “ਹੇ ਗੁਰੂ ਨਾਨਕ ਆਪਣੇ ਬੱਚੇ ਦੀ ਰਾਖੀ ਕਰੀਂ, ਉਸ ਨੂੰ ਤੱਤੀ ਵਾ ਨਾ ਲੱਗਣ ਦੇਈਂ।”
“ਜੇ ਤੈਨੂੰ ਗੁਰੂ ਤੇ ਪੂਰਾ ਭਰੋਸਾ ਹੈ, ਫਿਰ ਡੋਲਿਆ ਨਾ ਕਰ।”
“ਭਰੋਸਾ ਤਾਂ ਉਸ ਨੇ ਆਪਣੇ-ਆਪ ਹੀ ਦੇ ਦਿੱਤਾ।” ਨਸੀਬ ਕੌਰ ਨੇ ਡੂੰਘਾ ਸਾਹ ਖਿਚੱਦੇ ਕਿਹਾ, “ਕਿੱਥੇ ਪੁੱਤ ਇਕ ਦਿਨ ਬਾਹਰ ਗਿਆ ਨਹੀਂ ਸੀ ਸਹਾਰ ਹੁੰਦਾ ਕਿੱਥੇ ਉਹ ਹੁਣ ਜ਼ਾਲਮਾ ਦੇ ਹੱਥਾਂ ਵਿਚ ਹੈ।”
“ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਹੀ ਦੇਸ਼ ਕੌਮ ਦੇ ਲੇਖੇ ਲਾ ਦਿੱਤੇ, ਸਾਡਾ ਪੁੱਤਰ ਪਹਿਲੀ ਵਾਰੀ ਪੁਲੀਸ ਦੇ ਹੱਥ ਆਇਆ ਹੈ ਤਾਂ ਸਾਡਾ ਦਿਲ ਉਛਲ੍ਹਨ ਲੱਗ ਪਿਆ।”
ਹਰਜਿੰਦਰ ਸਿੰਘ ਦੀ ਇਹ ਗੱਲ ਸੁਣ ਕੇ ਨਸੀਬ ਕੌਰ ਰੋਂਦੀ ਹੋਈ ਕਹਿਣ ਲੱਗੀ, “ਉਹ ਤਾਂ ਗੁਰੂ ਸਨ, ਪੀਰ ਪੈਗੰਬਰ ਸਨ, ਅਸੀਂ ਥੌੜ੍ਹੀ ਉਹਨਾ ਦੀ ਰੀਸ ਕਰ ਸਕਦੇ ਹਾਂ, ਅਸੀ ਤਾਂ ਆਮ ਜਿਹੇ ਇਨਸਾਨ ਹਾਂ।”
“ਪਰ ਉਹਨਾਂ ਸਾਨੂੰ ਦੱਸਿਆ ਹੈ ਔਖੀ ਘੜੀ ਵਿਚ ਪ੍ਰਮਾਤਾਮਾ ਤੇ ਪੂਰਾ ਯਕੀਨ ਰੱਖਣਾ, ਔਖੀ ਘੜੀ ਛੇਤੀ ਹੀ ਟਲ੍ਹ ਜਾਵੇਗੀ।”
“ਹੇ ਵਹਿਗੁਰੂ ਜੀ ਸਾਨੂੰ ਆਪਣੀ ਤਾਂ ਕੋਈ ਪਰਵਾਹ ਨਹੀ।” ਨਸੀਬ ਨੇ ਦੋਨੋ ਹੱਥ ਜੋੜਦਿਆਂ ਕਿਹਾ, “ਸਾਡੇ ਪੁੱਤ ਨੂੰ ਕੁਝ ਨਾ ਹੋਵੇ।”
“ਨਸੀਬ ਕੌਰੇ ਚੜ੍ਹਦੀ ਕਲਾ ਵਿਚ ਰਹਿ, ਕਿਸੇ ਨੂੰ ਕੁਝ ਨਹੀ ਹੋਵੇਗਾ।”

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>