ਸਰਦੀਆਂ ਦੀਆਂ ਇੱਕ ਤ੍ਰਕਾਲਾਂ

ਬੱਸਾਂ ਦੇ ਭੀੜ ਭੜੱਕੇ ਵਾਲੇ ਸਫਰ ਤੋਂ ਬਚਣ ਲਈ ਜਵੰਦ ਸਿੰਘ ਕਿਤੇ ਵੀ ਜਾਣ ਵੇਲੇ ਆਪਣੇ  ਸਕੂਟਰ ਤੇ ਜਾਣ ਨੂੰ ਹੀ ਪਹਿਲ ਦੇਂਦਾ ਸੀ।ਲੰਮੇ ਸਫਰ ਵੇਲੇ ,  ਸਰਦੀਆਂ ਦੀ ਰੁੱਤ ਹੋਵੇ   ਉਹ ਰਸਤੇ ਵਿੱਚ ਕੁਝ ਸਫਰ ਕਰ ਕੇ  ਕੋਈ ਧੁੱਪ ਵਾਲੀ ਨਿੱਘੀ ਥਾਂ ਵੇਖ ਕੇ ਕੁਝ ਪਲ ਜ਼ਰੂਰ ਠਹਿਰ ਜਾਂਦਾ, ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਗਰਮੀਆਂ ਦੀ ਰੁੱਤੇ ਉਹ ਕਿਸੇ ਸੰਘਣੇ ਛਾਂ ਦਾਰ ਰੁੱਖ ਹੇਠਾਂ ਕੁਝ ਪਲ  ਰੁਕ ਕੇ  ਆਰਾਮ ਕਰਨਾ ਨਾ ਭੁੱਲਦਾ।

ਹੁਣ ਇਹ ਤਾਂ ਜਿਵੇਂ ਉਸ ਦੀ ਆਦਤ ਹੀ ਬਣ ਗਈ ਸੀ।

ਪਰ ਕਈ ਵਾਰ ਮਜਬੂਰੀ ਵੱਸ ਉਸ ਨੂੰ ਕਿਸੇ ਕੰਮ ਤੋਂ ਵਾਪਸੀ ਵੇਲੇ ਅਕਸਰ ਦੇਰੀ ਹੋ ਜਾਂਦੀ ਸੀ ਤਾਂ ਰਸਤੇ ਵਿੱਚ ਉਸ ਲਈ ਮੁਸ਼ਕਲ ਹੋ ਜਾਂਦਾ।ਇਸੇ ਤਰਾਂ ਹੀ ਨਾਲ ਦੇ ਸ਼ਹਿਰ ਵਿੱਚ ਖਰੀਦੇ ਪਲਾਟ ਦੀ ਕਿਸ਼ਤ ਜਮਾ ਕਰਵਾ ਕੇ ਘਰ ਨੂੰ ਪੋਹ ਦੇ ਠੰਡੇ ਕਕਰੀਲੇ ,ਮਹੀਨੇ ਦੀਆਂ ਤ੍ਰਕਾਲਾਂ ਨੂੰ ਜਦੋਂ ਉਹ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਪੈਰ ਪੈਰ ਤੇ ਵੱਧ ਰਹੀ ਠੰਡ ਕਰਕੇ ਉਸ ਲਈ ਔਖਾ ਹੋ ਰਿਹਾ ਸੀ।

ਅੱਜ ਉਹ ਦਸਤਾਨੇ ਵੀ ਘਰ ਹੀ ਭੁੱਲ ਆਇਆ ਸੀ।ਨਾਲ ਹੀ ਧੁੰਦ ਵੀ ਆਪਣਾ  ਰੂਪ ਵਿਖਾਂਉਂਦੀ,ਪੈਰ ਪੈਰ ਸੰਘਣੀ ਹੁੰਦੀ ਜਾ ਰਹੀ ਸੀ। ਸਕੂਟਰ ਚਲਾਉਂਦਿਆਂ ਉਸ ਦੇ ਹੱਥ ਠੰਡ ਨਾਲ ਸੁੰਨ ਹੁੰਦੇ ਜਾ ਰਹੇ ਸਨ,ਤੇ ਉਸ ਨੂੰ ਡਰ ਸੀ ਕਿ ਕਿਤੇ ਸਕੂਟਰ ਦਾ ਹੈਂਡਲ ਉਸ ਦੇ ਕਾਬੂ ਤੋਂ ਬਾਹਰ ਹੋ ਜਾਣ ਕਰਕੇ ਕੋਈ ਹੋਰ ਬਿਪਤਾ ਨਾ ਖੜੀ ਹੋ ਜਾਵੇ।

ਇਸ ਲਈ ਉਹ ਜਾਂਦਿਆਂ ਜਾਂਦਿਆਂ ਏਧਰ ਓਧਰ ਕਿਸੇ ਢਾਬੇ ਦੀ ਭਾਲ ਵਿੱਚ ਸੀ,ਜਿੱਥੇ ਕੁਝ ਪਲ ਠਹਿਰ ਕੇ ਕੁਝ ਚਾਹ ਸ਼ਾਹ ਪੀਣ ਦੇ ਬਹਾਨੇ ਆਪਣੇ ਹੱਥ ਗਰਮ ਕਰ ਲਏ,ਪਰ ਇਸ ਮੰਤਵ ਲਈ ਉਸ ਨੂੰ ਕੋਈ ਢਾਬਾ ਵੀ ਸੜਕ ਕਿਨਾਰੇ ਨਜਰ ਨਹੀਂ ਆ ਰਿਹਾ ਸੀ।

ਅਜੇ ਉਹ ਥੋੜ੍ਰੀ ਹੀ ਦੂਰ ਗਿਆ ਸੀ ਕਿ ਉਸ ਨੂੰ ਸੜਕ ਦੇ  ਕਿਨਾਰੇ ਇਕ ਸਾਦ ਮੁਰਾਦਾ ਘਰ ਨਜ਼ਰ ਆਇਆ,ਜੋ ਵੇਖਣ ਕਿਸੇ ਕਿਸਾਨ ਦਾ ਘਰ ਜਾਪਦਾ  ਸੀ।

ਸੂਰਜ ਦੀ ਟਿੱਕੀ ਲਾਲ ਆਪਣਾ ਸੂਹਾ ਰੰਗ ਵਿਖਾ ਕੇ  ਹੁਣ ਹੋਲੀ ਹੋਲੀ,ਪੱਛਮ ਦਿਸ਼ਾ ਵੱਲ ਸਰਕਦੀ ਜਾ ਰਹੀ ਸੀ।
ਸੜਕ ਦੇ ਕਿਨਾਰੇ ਘਰ ਦੇ ਬਾਹਿਰ ਕੰਧ ਦੇ ਨਾਲ ਮਿੱਟੀ ਦੇ ਚੁਲ੍ਹੇ  ਵਿੱਚ ਅੱਗ ਬਾਲ ਕੇ ਉੱਪਰ ਤਵਾ ਰੱਖ ਕੇ ਇਕ ਅਧਖੜ ਉਮਰ ਦੀ ਤੀਂਵੀਂ ਲੱਕੜ ਦੀ ਚੋਂਕੀ ਤੇ ਬੈਠੀ  ਰੋਟੀਆਂ ਪਕਾ ਰਹੀ ਸੀ,ਚੁਲ੍ਹੇ ਵਿੱਚੋਂ ਧੂਆਂ ਧੁੰਦ ਨਾਲ ਜੂਝਦੇ ਅਸਮਾਨ ਵੱਲ ਨੂੰ ਜਾ ਰਿਹਾ ਸੀ ਤੇ ਅੱਗ ਦੇ ਘਟਦੇ ਵੱਧਦੇ ਭਾਂਬੜਾਂ ਨੂੰ ਵੇਖ ਕੇ ਉਸ ਦਾ ਮਨ ਅੱਗ ਸੇਕਣ ਨੂੰ ਮਚਲ ਰਿਹਾ ਸੀ।

ਉਸ ਨੇ ਸਕੂਟਰ ਰੋਕ ਤਾਂ ਲਿਆ ਪਰ ਘਰ ਤੋਂ ਬਾਹਰ ਕੱਲੀ ਕਾਹਰੀ  ਤੀਵੀਂ ਵੇਖ ਕੇ ਉਸ ਨੂੰ ਆਪਣੀ ਸਮੱਮਿਆ ਦੱਸਣੋਂ ਵੀ ਉਹ  ਝਿਜਕ ਰਿਹਾ ਸੀ। ਆਖਰ ਆਪਣੀ ਹਾਲਤ ਵੇਖਦਿਆਂ ਉਸ ਨੇ  ਹੌਸਲਾ ਕਰ ਕੇ ਕਿਹਾ ਭੈਣ ਜੀ ਠੰਡ ਬਹੁਤ ਲੱਗ  ਰਹੀ ਹੈ ਕੀ ਮੈਂ ਏਥੇ ਕੁਝ ਪਲ ਰੁਕ ਸਕਦਾ ਹਾਂ।

ਭਲਾ ਹੋਵੇ ਉਸ ਨੇਕ ਔਰਤ ਦਾ, ਉਹ ਉਸ ਦੀ ਗੱਲ ਸੁਣ ਕੇ ਬੜੇ ਸਹਿਜ ਭਾਅ ਨਾਲ ਕਹਿਣ ਲੱਗੀ , ਕੋਈ ਗੱਲ ਨਹੀਂ ਠਹਿਰੋ ਭਰਾ ਜੀ ਮੈਂ ਹੁਣੇ ਤੁਹਾਡਾ ਅੱਗ ਸੇਕਣ ਦਾ ਪ੍ਰਬੰਧ ਕਰ ਦੇਂਦੀ ਹਾਂ, ਤੇ ਘਰ ਵੱਲ ਉੱਚੀ ਆਵਾਜ਼ ਦੇ ਕੇ ਬੋਲੀ ਵੇ ਜੀਤੂ ਜਰਾ ਬਾਹਰ ਆ ਤੇ ਅੰਕਲ ਨੂੰ ਅੱਗ ਬਾਲ ਕੇ  ਅੱਗ ਸੇਕਣ ਦਾ ਪ੍ਰਬੰਧ ਕਰ ਦੇ, ਵੇਖੇਂ ਨਾ ਕਿਵੇਂ ਠੰਡ ਨਾਲ ਸੁੰਗੜੇ ਹੋਏ ਨੇ। ਉਸ ਨੇ ਝੱਟ ਇਕ ਪਾਸੇ ਖੁਲ੍ਹੇ ਥਾਂ ਤੇ ਕੁੱਝ ਇੱਟਾਂ ਰੱਖ ਕੇ  ਵਿੱਚ ਕੁੱਝ ਬਲਦੀਆਂ ਲੱਕੜਾਂ ਕੋਲ਼ੇ ਤੇ ਪਾਥੀਆਂ ਰੱਖ ਕੇ  ਅੱਗ ਸੇਕਣ ਦਾ ਪ੍ਰਬੰਧ ਕਰ ਦਿੱਤਾ।

ਅੱਗ ਦੇ ਸੇਕ ਨਾਲ ਉਸ ਦੀ ਹਾਲਤ ਕੁਝ ਠੀਕ ਹੋਈ ਤਾਂ ਏਨੇ ਨੂੰ ਪ੍ਰੀਵਾਰ ਦੇ ਜੀ ਵੀ ਕੰਮ ਕਰਦੇ ਬਾਹਰੋਂ  ਘਰ ਆਏ, ਤੇ ਉਸ ਨੂੰ ਵੇਖ ਕੇ ਕਹਿਣ ਲੱਗੇ ਕੇ ਭਾ ਜੀ ਠੰਡ ਬਹੁਤ ਹੈ ਅੱਜ ਆਪਣਾ ਘਰ ਜਾਣ ਕੇ ਏਥੇ ਹੀ  ਰਹੋ.ਜੋ ਰੁੱਖੇ ਮਿੱਸਾ ਹੈ ਹਾਜ਼ਰ ਹੈ।ਉਹ ਉਨ੍ਹਾਂ ਦੀ ਇਸ ਫਰਾਖ ਦਿਲੀ ਤੇ ਬਹੁਤ ਖੁਸ਼ ਹੋਇਆ।

ਉਹ ਆਪਣੀ ਮਜਬੂਰੀ ਦਸ ਕੇ ਜਦ ਘਰ ਪੁੱਜਾ ਤਾਂ ਰਜਾਈ ਦੇ ਨਿੱਘ ਵਿੱਚ ਪਿਆਂ ਤੇ ਹੋਰ ਸੁੱਖ ਸਹੂਲਤਾਂ ਹੋਣ ਤੇ  ਵੀ ਉਸ ਨੂੰ ਉਸ ਸਾਦ ਮੁਰਾਦੇ ਸਿੱਧੇ ਪੱਧਰੇ ਘਰ ਪ੍ਰੀਵਾਰ ਦੇ ਜੀਆਂ ਦੇ ਨਿੱਘੇ  ਵਰਤਾਅ ਦੀ  ਯਾਦ ਵਾਰ ਵਾਰ ਆ ਰਹੀ ਸੀ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>