ਗੁਰਮਤਿ ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ

ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਇਸ ਸਮੇਂ ਬਹੁਤ ਸਾਰੀਆਂ ਤਕਨੀਕੀ ਕਾਢਾਂ ਮਨੁੱਖੀ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾ ਰਹੀਆਂ ਹਨ ਅਤੇ ਭੱਵਿਖ ਵਿਚ ਹੋਰ ਜਿ਼ਆਦਾ ਸੁਖਾਲਾ ਬਣਾਉਣ ਲਈ ਨਵੀਂਆਂ ਕਾਢਾਂ ਕੱਢੀਆਂ ਵੀ ਜਾ ਰਹੀਆਂ ਹਨ। ਅਜੋਕੇ ਦੌਰ ਵਿਚ ਮਸ਼ੀਨਾਂ ਦਾ ਬੋਲਬਾਲਾ ਵੱਧ ਰਿਹਾ ਹੈ। ਖ਼ਬਰੇ! ਇਸੇ ਕਰਕੇ ਅੱਜ ਦਾ ਮਨੁੱਖ ਨੈਤਿਕ ਕਦਰਾਂ ਕੀਮਤਾਂ ਤੋਂ ਦੂਰ ਹੁੰਦਾ ਦਿਖਾਈ ਦੇ ਰਿਹਾ ਹੈ। ਅਜ ਨੌਜਵਾਨ ਤਬਕਾ ਕਰਮ/ ਧਰਮ ਨੂੰ ਸਿਰਫ਼ ਪਾਖੰਡ ਸਮਝਣ ਲੱਗਾ ਹੈ। ਇਸ ਦਾ ਮੂਲ ਕਾਰਨ ਇਹ ਹੈ ਕਿ ਅੱਜ ਧਰਮ ਦੀ ਪਰਿਭਾਸ਼ਾ ਕੇਵਲ ਬਾਹਰੀ ਸਰੂਪ ਨੂੰ ਸੰਭਾਲਣ/ ਪ੍ਰਚਾਰਨ ਤੱਕ ਸੀਮਤ ਹੋ ਕੇ ਰਹਿ ਗਈ ਹੈ। ਧਰਮ ਦੇ ਅਸਲੀ ਅਰਥ ਨੂੰ ਸਮਝਿਆ ਹੀ ਨਹੀਂ ਜਾ ਰਿਹਾ ਹੈ / ਪ੍ਰਚਾਰਿਆ ਹੀ ਨਹੀਂ ਜਾ ਰਿਹਾ। ਖ਼ੈਰ!
ਸਾਡੇ ਹੱਥਲੇ ਲੇਖ ਦਾ ਮੂਲ ਵਿਸ਼ਾਂ ‘ਗੁਰਮਤਿ ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ’ ਵਿਸ਼ੇ ਨਾਲ ਸੰਬੰਧਤ ਹੈ। ਇਸ ਲਈ ਗੁਰਮਤਿ ਵਿਚਾਰਧਾਰਾ ਅਨੁਸਾਰ ਮਨੁੱਖ ਨੂੰ ਕਿਰਤ/ ਮਿਹਨਤ ਕਰਨ ਲਈ ਦਿੱਤੀਆਂ ਸਿੱਖਿਆਵਾਂ/ ਧਰਮ ਦਾ ਅਸਲ ਅਰਥ / ਮਨੋਰਥ ਆਦਿਕ ਨੂੰ ਅਧਿਐਨ ਦਾ ਹਿੱਸਾ ਬਣਾਇਆ ਜਾਵੇਗਾ।

ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸ਼ਾਹਕਾਰ ਨਿਯਮ ਹਨ।

(1) ਕਿਰਤ ਕਰੋ। (2) ਨਾਮ ਜਪੋ। (3) ਵੰਡ ਛਕੋ।

ਇਹਨਾਂ ਨਿਯਮਾਂ ਦਾ ਅਧਿਐਨ ਕਰਨ ਤੋਂ ਪਹਿਲਾਂ ਜਿਹੜਾ ਪ੍ਰਭਾਵ ਮਨੁੱਖੀ ਮਨ ਉੱਪਰ ਸਭ ਤੋਂ ਪਹਿਲਾਂ ਅਸਰ ਕਰਦਾ ਹੈ ਉਹ ਇਹ ਹੈ ਕਿ ਗੁਰੂ ਸਾਹਿਬਾਨ ਨੇ ਕਿਰਤ ਕਰਨ ਦੇ ਸੰਕਲਪ ਨੂੰ ਸਰਵੋਤਮ ਥਾਂ ’ਤੇ ਰੱਖਿਆ ਹੈ। ਸਭ ਤੋਂ ਪਹਿਲਾਂ ਕਿਰਤ ਕਰੋ। ਫੇਰ ਨਾਮ ਜਪੋ ਅਤੇ ਆਖ਼ਰ ’ਚ ਵੰਡ ਛਕੋ। ਕਿਉਂਕਿ ਜਿਹੜਾ ਮਨੁੱਖ ਕਿਰਤ / ਮਿਹਨਤ ਕਰਦਾ ਹੈ ਉਹੀ ਦੂਜੇ ਲੋਕਾਂ ਨਾਲ ਵੰਡ ਕੇ ਛੱਕ ਸਕਦਾ ਹੈ। ਜਿਹੜਾ ਖ਼ੁਦ ਹੀ ਮੰਗ ਕੇ ਖਾ ਰਿਹਾ ਹੈ ਉਸਦੇ ਮਨ ਵਿਚ ਵੰਡ ਕੇ ਛਕਣ ਦਾ ਵਿਚਾਰ ਉਤਪੰਨ ਹੀ ਨਹੀਂ ਹੋ ਸਕਦਾ। ਦੂਜਾ; ਪਰਮਾਤਮਾ ਦਾ ਨਾਮ ਵੀ ਉਹੀ ਮਨੁੱਖ ਸ਼ੁੱਧ ਹਿਰਦੇ ਨਾਲ/ ਅੰਤਰ ਮਨ ਨਾਲ ਜੱਪ ਸਕਦਾ ਹੈ / ਸਿਮਰ ਸਕਦਾ ਹੈ ਜਿਹੜਾ ਹੱਥੀਂ ਕਿਰਤ ਕਰਨ ਦੇ ਸੰਕਲਪ ਉੱਪਰ ਚੱਲਦਾ ਹੋਵੇਗਾ।

ਗੁਰੂ ਨਾਨਕ ਦੇਵ ਜੀ ਨੇ ਜਿੱਥੇ ਆਪਣੀਆਂ ਰਚਨਾਵਾਂ ਵਿਚ ਕਿਰਤ ਨੂੰ ਸਰਵੋਤਮ ਥਾਂ ਦਿੱਤੀ ਹੈ ਉੱਥੇ ਹੀ ਹੱਥੀਂ ਖੇਤੀ ਕਰਕੇ ਲੋਕਾਈ ਨੂੰ ਕਿਰਤ ਦੇ ਰਾਹ ਪਾਉਣ ਦਾ ਯਤਨ ਵੀ ਕੀਤਾ ਹੈ। ਗੁਰਮਤਿ ਵਿਚਾਰਧਾਰਾ ਵਿਚ ਮਨੁੱਖ ਨੂੰ ਜੀਵਨ ਵਿਚ ਉੱਦਮ / ਕਿਰਤ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰੂ ਸਾਹਿਬਾਨ ਨੇ ਜੰਗਲਾਂ ਵਿਚ ਜਾ ਕੇ ਪ੍ਰਭੂ ਦੀ ਭਗਤੀ ਕਰਨ, ਪੁੱਠੇ ਲਟਕਣ, ਘਰੋਂ ਭੱਜ ਜਾਣ ਅਤੇ ਸੰਸਾਰਕ ਤਿਆਗ ਨੂੰ ਮੂਲੋਂ ਹੀ ਰੱਦ ਕੀਤਾ ਹੈ। ਜੀਵਨ ਵਿਚ ਮਨੁੱਖ ਨੂੰ ਪਰਮਾਤਮਾ ਦੇ ਮਿਲਾਪ ਦੇ ਯਤਨ ਕਰਨੇ ਚਾਹੀਦੇ ਹਨ। ਪਰੰਤੂ ਸੰਸਾਰਕ ਜਿ਼ੰਮੇਵਾਰੀਆਂ ਦਾ ਪਾਲਣ ਵੀ ਕਰਨਾ ਚਾਹੀਦਾ। ਗ੍ਰਹਿਸਥ ਜੀਵਨ ਜਿਉਂਦਿਆਂ ਪਤਨੀ, ਬੱਚਿਆਂ ਦਾ ਪਾਲਣ-ਪੋਸ਼ਣ ਵੀ ਕਰਨਾ ਹੈ ਅਤੇ ਪਰਮਾਤਮਾ ਨੂੰ ਪਾਉਣ ਦੇ ਯਤਨ ਵੀ ਕਰਨੇ ਹਨ;

‘ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥

ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ॥ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 1421)

ਗੁਰੂ ਸਾਹਿਬ ਤਾਂ ਆਪਣੇ ਕੰਮ ਆਪ ਕਰਨ ਦਾ ਸੰਦੇਸ਼ ਦਿੰਦੇ ਹਨ। ਗੁਰਮਤਿ ਅਨੁਸਾਰ ਜਿਸ ਮਨੁੱਖ ਨੂੰ ਪਰਮਾਤਮਾ ਨੇ ਤੰਦਰੁਸਤ ਸਰੀਰ ਦਿੱਤਾ ਹੈ ਉਸਨੂੰ ਦੂਜਿਆਂ ਉੱਪਰ ਨਿਰਭਰ ਨਹੀਂ ਰਹਿਣਾ ਚਾਹੀਦਾ। ਉਸਨੂੰ ਆਲਸ ਦਾ ਤਿਆਗ ਕਰਕੇ ਆਪਣੇ ਕਾਰਜ ਆਪ ਕਰਨੇ ਚਾਹੀਦੇ ਹਨ;

‘ਆਪਣ ਹੱਥੀ ਆਪਣਾ ਆਪੇ ਹੀ ਕਾਜੁ ਸਵਾਰੀਏ॥’ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 474)

ਭਾਵ ਆਪਣੇ ਕੰਮ ਆਪ ਕਰਕੇ ਆਲਸ ਦਾ ਤਿਆਗ ਕਰਨਾ ਚਾਹੀਦਾ ਹੈ। ਕਿਰਤ ਕਰਦੇ ਹੋਏ/ ਸੰਸਾਰਕ ਜੀਵਨ ਜਿਉਂਦੇ ਹੋਏ/ ਪਰਮਾਤਮਾ ਨੂੰ ਸੱਚੇ ਅਤੇ ਸ਼ੁੱਧ ਹਿਰਦੇ ਨਾਲ ਚੇਤੇ ਰੱਖਦੇ ਹੋਏ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਾਤਮਾ ਨੂੰ ਪ੍ਰਾਪਤ

ਕਰਨ ਦਾ ਕੋਈ ਹੋਰ ਰਾਹ ਨਹੀਂ ਹੈ।
‘ਜਿਨਿ ਪ੍ਰੇਮਿ ਕੀਏ ਤਿਨੁ ਹੀ ਪ੍ਰਭਿ ਪਾਇਉ॥’ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ)

ਗੁਰਮਤਿ ਵਿਚਾਰਧਾਰਾ ਮਨੁੱਖ ਨੂੰ ਸੰਸਾਰਕ ਜੀਵਨ ਜਿਉਣ ਲਈ ਪ੍ਰੇਰਿਤ ਕਰਦੀ ਹੈ। ਜਿਸ ਵਕਤ ਮਨੁੱਖ ਸੰਸਾਰਕ ਜੀਵਨ ਜਿਉਂਦਾ ਹੈ ਤਾਂ ਉਸਨੂੰ ਕਿਰਤ ਦੇ ਸੰਕਲਪ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਜਦੋਂ ਮਨੁੱਖ ਗ੍ਰਹਿਸਥ ਜੀਵਨ ਬਤੀਤ ਕਰਦਾ ਹੈ ਤਾਂ ਉਸਨੂੰ ਬਹੁਤ ਸਾਰੀਆਂ ਸੰਸਾਰਕ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਹਿੱਤ ਉਹ ਕਿਰਤ ਦੇ ਰਾਹ ਤੁਰੇਗਾ। ਇਹੀ ਰਾਹ ਗੁਰਮਤਿ ਵਿਚਾਰਧਾਰਾ ਦਾ ‘ਸ਼ਾਹਕਾਰ ਨਿਯਮ’ ਹੈ।

ਸ਼੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਜਦੋਂ ਇਹ ਵਾਕ ਦ੍ਰਿਸ਼ਟੀਗੋਚਰ ਹੁੰਦੇ ਹਨ ਤਾਂ ਸਹਿਜੇ ਹੀ ਕਿਰਤ/ ਮਿਹਨਤ ਦਾ ਮਹੱਤਵ ਸਮਝਿਆ ਜਾ ਸਕਦਾ ਹੈ।

‘ਘਾਲ ਖਾਇ ਕਿੱਛੁ ਹੱਥੋ ਦੇਇ॥
ਨਾਨਕ ਰਾਹ ਪਛਾਣੈ ਸੇਇ॥’ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 1245)

ਇੱਥੇ ‘ਘਾਲ ਖਾਇ’ ਦਾ ਮੂਲ ਭਾਵ ਪ੍ਰਯੋਜਨ ਕਿਰਤ/ ਮਿਹਨਤ ਕਰਨ ਦਾ ਹੈ। ਕਿਰਤ/ ਮਿਹਨਤ ਕਰਕੇ ਹੀ ਮਨੁੱਖ ਨੂੰ ਖਾਣਾ ਚਾਹੀਦਾ ਹੈ/ ਜੀਵਨ ਜਿਉਣਾ ਚਾਹੀਦਾ ਹੈ। ਇਹੀ ਗੁਰਮਤਿ ਵਿਚਾਰਧਾਰਾ ਦਾ ਮੂਲ ਸਿਧਾਂਤ ਹੈ।

‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥’ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 522)

ਗੁਰਮਤਿ ਵਿਚਾਰਧਾਰਾ ਦੇ ਅੰਤਰਗਤ ਕਿਰਤ ਦੇ ਸੰਕਲਪ ਨੂੰ ਤਵੱਜੋਂ ਦਿੰਦੇ ਹੋਏ ਗੁਰੂ ਸਾਹਿਬਾਨ ਨੇ ਧਰਮ ਦੇ ਨਾਮ ’ਤੇ ਹੁੰਦੇ ਵਹਿਮਾਂ- ਭਰਮਾਂ, ਪਾਖੰਡਾਂ ਅਤੇ ਆਡੰਬਰਾਂ ਨੂੰ ਵੀ ਭੰਡਿਆ ਹੈ ਤਾਂ ਕਿ ਇਹਨਾਂ ਤੋਂ ਬਚਿਆ ਜਾ ਸਕੇ ਅਤੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਪ੍ਰੇਮ-ਪੂਰਵਕ ਬਤੀਤ ਹੋ ਸਕੇ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਸਾਦਾ ਅਤੇ  ਨੇਕ ਜੀਵਨ ਜਿਉਣ ਦੀ ਤਾਕੀਦ ਕੀਤੀ ਹੈ। ਉਹਨਾਂ ਅਨੁਸਾਰ ਮਨੁੱਖ ਦਾ ਜਨਮ ਬਹੁਤ ਭਾਗਾਂ ਦੀ ਨਿਸ਼ਾਨੀ ਹੈ। ਇਸਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ। ਇਸ ਮਨੁੱਖਾ ਦੇਹੀ ਦਾ ਮੂਲ ਪ੍ਰਯੋਜਨ ਪਰਮਾਤਮਾ ਦਾ ਮਿਲਾਪ ਹੈ ਅਤੇ ਇਹ ਮਿਲਾਪ ਗ੍ਰਹਿਸਥ ਜੀਵਨ ਬਤੀਤ ਕਰਦਿਆਂ ਸੰਭਵ ਹੈ।

ਅੰਤ ਵਿਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ’ਤੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਗੁਰਮਤਿ ਵਿਚਾਰਧਾਰਾ ਵਿਚ ‘ਕਿਰਤ ਦੇ ਸੰਕਲਪ’ ਨੂੰ ਮਹਤੱਵਪੂਰਨ ਸਥਾਨ ਪ੍ਰਦਾਨ ਕੀਤਾ ਗਿਆ ਹੈ। ਕਿਰਤ/ ਮਿਹਨਤ ਕਰਨ ਨਾਲ ਮਨੁੱਖ ਜਿੱਥੇ ਸਰੀਰਿਕ ਰੂਪ ਵਿਚ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਮਾਨਸਿਕ ਰੂਪ ਵਿਚ ਵੀ ਸੁੱਖ ਦੀ ਅਨੁਭੂਤੀ ਪ੍ਰਾਪਤ ਹੁੰਦੀ ਹੈ। ਕਿਰਤ ਦੇ ਸੰਕਲਪ ਦੁਆਰਾ ਆਦਰਸ਼ਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਜਿਹੜੀ ਕਿ ਅੱਜ ਦੇ ਸਮੇਂ ਦੀ ਸਭ ਤੋਂ ਮਹਤੱਵਪੂਰਨ ਜ਼ਰੂਰਤ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>