ਹੱਕ ਲਈ ਲੜਿਆ ਸੱਚ – (ਭਾਗ-80)

ਦਿਲਪ੍ਰੀਤ ਨੂੰ ਬਾਹਰ ਕੱਢਣ ਦਾ ਮਸ਼ਵਰਾ ਭਾਵੇਂ ਪੱਕਾ ਹੋ ਗਿਆ ਸੀ, ਪਰ ਇਹ ਕੰੰਮ ਇਨਾਂ ਸੁਖਾਲਾ ਨਹੀਂ ਸੀ। ਕਿਉਂਕਿ ਸਭ ਤੋ ਪਹਿਲਾ ਕੰੰਮ ਦਿਲਪ੍ਰੀਤ ਦਾ ਪਾਸਪੋਰਟ ਬਣਾਉਣਾ ਹੀ ਔਖਾ ਸੀ। ਫਿਰ ਯੋਗੀ ਦੇ ਜੱਥੇ ਵਿਚ ਰਲਾਉਣਾ ਵੀ ਔਖਾ ਹੀ ਕੰਮ ਸੀ।
ਸ਼ਰਮੇ ਦੇ ਮਾਂ-ਬਾਪ ਤਾਂ ਯੋਗੀ ਦੇ ਚੰਗੇ ਸ਼ਰਧਾਲੂ ਸਨ। ਇਸ ਕਰਕੇ ਯੋਗੀ ਸ਼ਰਮੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜਿਸ ਦਿਨ ਸ਼ਰਮਾ ਦਿਲਪ੍ਰੀਤ ਨੂੰ ਯੋਗੀ ਦੀ ਧਰਮਸ਼ਾਲਾ ਲੈ ਕੇ ਗਿਆ ਤਾਂ ਯੋਗੀ ਨੇ ਉਸ ਨੂੰ ਪਹਿਚਾਨਦੇ ਹੋਏ ਕਿਹਾ, “ਜੋਸ਼ੀ ਕੇ ਬੇਟੇ ਯੇ ਆਪ ਕੇ ਸਾਥ ਕੌਣ ਹੈ?”
“ਮੇਰੇ ਬਚਪਨ ਕਾ ਦੋਸਤ ਹੈ।” ਸ਼ਰਮੇ ਨੇ ਦਿਲਪ੍ਰੀਤ ਨੂੰ ਚੁੱਪ ਰਹਿਣ ਦੇ ਇਸ਼ਾਰੇ ਨਾਲ ਕਿਹਾ, “ਇਸ ਕੀ ਕੋਈ ਤਮੰਨਾ ਹੈ, ਜੋ ਇਸ ਕੋ ਬੇਚੈਨ ਕੀਯੇ ਰੱਖਤੀ ਹੈ।”
“ਕੋਣ ਸੀ ਤਮੰਨਾ?”
“ਆਪ ਇਸ ਕੋ ਆਪਣਾ ਸ਼ਿਸ਼ ਬਣਾ ਲੀਜੀਏ।” ਸ਼ਰਮੇ ਨੇ ਕਿਹਾ, “ਯੇ ਬਹੁਤ ਹੀ ਸੱਚਾ ਤੇ ਇਮਾਨਦਾਰ ਇਨਸਾਨ ਹੈ।”
“ਵੋਹ ਤੋ ਇਸ ਕੀ ਵੇਸ-ਬੂਸ਼ਾ ਹੀ ਬਤਾ ਰਹੀ ਹੈ।” ਯੋਗੀ ਨੇ ਦਿਲਪ੍ਰੀਤ ਦੇ ਖੁੱਲ਼੍ਹੇ ਕੇਸਾਂ ਅਤੇ ਦਾਹੜੀ ਵੱਲ ਦੇਖ ਕੇ ਕਿਹਾ, “ਇਸ ਕੋ ਦਿਨ-ਰਾਤ ਹਮਾਰੀ ਧਰਮਸ਼ਾਲਾ ਮੇ ਰਹਿਣਾ ਪੜੇਗਾ।”
“ਆਪ ਜੋ ਵੀ ਕਹੇਗੇ, ਯੇ ਮਾਨੇਗਾ।” ਸ਼ਰਮੇ ਨੇ ਦਿਲਪ੍ਰੀਤ ਵੱਲ ਦੇਖ ਕੇ ਪੁੱਛਿਆ, “ਮਾਨੇਗਾ ਨਾ।”
“ਮਾਨੂੰਗਾ।” ਦਿਲਪ੍ਰੀਤ ਨੇ ਕਿਹਾ, “ਮੈ ਆਪਣੀ ਜ਼ਿੰਦਗੀ ਭਗਵਾਨ ਕੇ ਨਾਮ ਕਾ ਅਧਾਰ ਲੈ ਕਰ ਗੁਜ਼ਾਰਨਾ ਚਾਹਤਾਾ ਹੂੰ।”
“ਯੇ ਯੋਗਾ ਵੀ ਸਿਖਨਾ ਚਾਹਤਾ ਹੈ।” ਸ਼ਰਮੇ ਨੇ ਕਿਹਾ, “ਯੇ ਕਭੀ ਵੀ ਆਪ ਕੋ ਸ਼ਕਾਇਤ ਕਾ ਮੌਕਾ ਨਹੀ ਦੇਗਾ।”
“ਅਗਰ ਯੇ ਹਮਾਰੀ ਉਮੀਦੋਂ ਮੇ ਪੂਰਾ ੳੇੁਤਰਾ ਤੋ ਇਸੇ ਕੇਵਲ ਯੋਗਾ ਹੀ ਨਹੀ, ਬਲਕਿ ਦੇਸ਼-ਬਦੇਸ਼ੋਂ ਕੀ ਯਾਤਰਾ ਵੀ ਕਰਵਾ ਦੇਂ ਗੇ।”
ਯੋਗੀ ਦੀ ਗੱਲ ਨਾਲ ਦਿਲਪ੍ਰੀਤ ਦੀ ਤਾਂ ਤਸੱਲੀ ਹੋਈ ਸਗੋਂ ਸ਼ਰਮੇ ਦੀਆਂ ਅੱਖਾ ਵਿਚ ਚਮਕ ਆ ਗਈ, ਪਰ ਯੋਗੀ ਨੇ ਜੋ ਸ਼ਰਤਾ ਉਹਨਾਂ ਅੱਗੇ ਰੱਖੀਆਂ ਸਨ, ਉਹ ਕਠਨ ਹੋਣ ਦੇ ਨਾਲ ਨਾਲ ਪੂਰੀਆਂ ਕਰਨੀਆਂ ਵੀ ਔਖੀਆਂ ਸਨ। ਇਕ ਤਰ੍ਹਾਂ ਯੋਗਾ ਦੇ ਆਸ਼ਰਮ ਨੂੰ ਆਪਣਾ ਆਪ ਅਰਪਣ ਕਰਨਾ ਸੀ। ਯੋਗੀ ਨੇ ਦੱਸਿਆ ਕਿ ਦਿਨ ਵਿਚ ਇਕ ਵਾਰ ਆਸ਼ਰਮ ਵਿਚ ਲੱਗੇ ਚਿਪਸ ਦੇ ਫਰਸ਼ ਨੂੰ ਹੱਥਾਂ ਨਾਲ ਪੋਚਾ ਫੜ੍ਹ ਕੇ ਰਗੜਨਾ ਵੀ ਪੈਣਾ ਸੀ, ਤਾਂ ਜੋ ਤੁਹਾਡੇ ਮਨ ਅਤੇ ਤਨ ਵਿਚ ਨਿੱਮਰਤਾ ਸਮਾ ਜਾਵੇ। ਹੋਰ ਵੀ ਕਈ ਤਰ੍ਹਾਂ ਦੀਆ ਕਈ ਅਜਿਹੀਆਂ ਗੱਲਾਂ ਸਨ ਜੋ ਇਨਸਾਨ ਨੂੰ ਕਈ ਗੁਣਾ ਵਿਚ ਪਰਪੱਕ ਵੀ ਕਰਦੀਆਂ ਸਨ। ਇਕ ਗੱਲ ਜੋ ਦਿਲਪ੍ਰੀਤ ਨੂੰ ਆਸ਼ਰਮ ਦੀ ਪਸੰਦ ਆਈ ਸੀ, ਉਹ ਸੀ ਕਿ ਇਸ ਵਿਚ ਸਿਰਫ ਪ੍ਰਮਾਤਮਾ ਦੀ ਅਰਾਧਨਾ ਨੂੰ ਹੀ ਸਭ ਤੋਂ ਉੱਪਰ ਮੰਨਿਆ ਜਾਂਦਾ ਸੀ। ਯੋਗੀ ਵੀ ਕਥਾ-ਬਚਨ ਕਰਦਾ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਜ਼ਰੂਰ ਕਰਦਾ ਕਦੇ ਕਦੇ ਜਪੁਜੀ ਸਾਹਿਬ ਦੀਆਂ ਤੁਕਾਂ ਵੀ ਬੋਲਦਾ।
ਯੋਗੀ ਨੂੰ ਵੀ ਸ਼ਰਮੇ ਉੱਪਰ ਭੋਰਸਾ ਸੀ ਜਿਸ ਕਰਕੇ ਉਸ ਨੇ ਕੋਈ ਸ਼ੱਕ ਕੀਤੇ ਬਗੈਰ ਦਿਲਪ੍ਰੀਤ ਨੂੰ ਆਪਣਾ ਸ਼ਿਸ਼ ਬਣਾ ਲਿਆ। ਸ਼ਰਮੇ ਨੇ ਕਈ ਗੱਲਾਂ ਜੋ ਉਸ ਨੇ ਯੋਗੀ ਨੂੰ ਦੱਸੀਆਂ ਸਨ ਝੂਠ ਵੀ ਸੀ। ਜਿਵੇ ੳੇੁਸ ਦਾ ਨਾਮ ਬਦਲ ਕੇ ਦੱਸਿਆ। ਦਿਲਪ੍ਰੀਤ ਅੰਦਰੋਂ ਇਹਨਾ ਗੱਲਾਂ ਨਾਲ ਸਹਿਮਤ ਨਹੀ ਸੀ। ਯੋਗੀ ਨਾਲ ਮਿਲਣ ਤੋਂ ਬਾਅਦ, ਉਸ ਨੇ ਸ਼ਰਮੇ ਨੂੰ ਕਿਹਾ ਵੀ, “ਜੋ ਕੁਝ ਆਪਾਂ ਕਰ ਰਹੇ ਹਾਂ, ਮੇਰੀ ਜ਼ਮੀਰ ਇਸ ਨਾਲ ਸਹਿਮਤ ਨਹੀ।”
“ਤੂੰ ਸਹਿਮਤ ਹੋ ਜਾ ਨਾ ਹੋ, ਪਰ ਤੈਨੂੰ ਏਰੀਆ ਕਮਾਡਰ ਦਾ ਹੁਕਮ ਤਾਂ ਮੰਨਣਾ ਹੀ ਪੈਣਾ।”
“ਇਹਦੇ ਨਾਲੋ ਮੈਂ ਸ਼ਹੀਦ ਹੋ ਜਾਦਾਂ ਤਾਂ ਚੰਗਾ ਸੀ।”
“ਅੱਗੇ ਥੋੜੇ ਸ਼ਹੀਦ ਹੋਏ ਨੇ, ਕਿੰਨਾ ਕੁ ਮੁੱਲ ਪਿਆ ਸ਼ਹੀਦੀਆਂ ਦਾ।”
“ਮੁੱਲ ਤਾਂ 1947 ਦੇ ਵੇਲੇ ਹੋਈਆਂ ਸ਼ਹੀਦੀਆਂ ਦਾ ਵੀ ਨਹੀ ਪਿਆ।”
“ਨਾਲੇ ਤੇਰਾ ਕੀ ਮਤਲਬ ਹੈ, ਸ਼ਹੀਦ ਹੋਣ ਨਾਲ ਕੌਮ ਦਾ ਮਕਸਦ ਪੂਰਾ ਹੋ ਜਾਦਾਂ ਹੈ, “ਸ਼ਰਮੇ ਨੇ ਸਿੱਧਾ ਹੀ ਕਿਹਾ, “ਤੂੰ ਸੱਚ ਪੁੱਛੇ ਤਾਂ ਇਸ ਵੇਲੇ ਸ਼ਹੀਦੀਆਂ ਨਾਲੋ ਸਿੱਖਾਂ ਦੇ ਮੁੰਡਿਆਂ ਦੀ ਜਾਨ ਬਚਾਉਣੀ ਜ਼ਿਆਦਾ ਜ਼ਰੂਰੀ ਹੈ।”
“ਸ਼ਹੀਦੀਆਂ ਨਾ ਵੀ ਹੋਣ ਤਾਂ ਤੇਰਾ ਕੀ ਖਿਆਲ ਹੈ ਕਿ ਕੌਮ ਦਾ ਮਕਸਦ ਪੂਰਾ ਹੋ ਜਾਂਦਾ ਹੈ।”
“ਜਾਨ ਬਚੀ ਸੌ ਉਪਾਅ’ ਸਾਰੇ ਹੀ ਸ਼ਹੀਦੀ ਵੱਲ ਨੂੰ ਤੁਰ ਪਏ ਤਾਂ ਮਕਸਦ ਪੂਰਾ ਕਰਨ ਲਈ ਕੌਣ ਤੁਰੇਗਾ?”
ਦਿਲਪ੍ਰੀਤ ਕੁਝ ਨਾ ਬੋਲਿਆ, ਕੁਝ ਕਹਿਣ ਲਈ ਸੋਚ ਹੀ ਰਿਹਾ ਸੀ ਕਿ ਸ਼ਰਮੇ ਨੇ ਫਿਰ ਕਿਹਾ, “ਸਾਡੇ ਪਿੰਡ ਵਾਲੇ ਚੰਨਣ ਸਿੰਘ ਦੇ ਦੋਨੋ ਮੁੰਡੇ ਹੀ ਪੁਲੀਸ ਨੇ ਸ਼ਹੀਦ ਕਰ ਦਿੱਤੇ, ਤੂੰ ਕੀ ਸੋਚਦਾ ਹੈ ਕਿ ਹੁਣ ਬਜ਼ੁਰਗ ਚੰਨਣ ਸਿੰਘ ਕੌਮ ਦਾ ਮਕਸਦ ਲੈ ਕੇ ਅੱਗੇ ਤੁਰੇਗਾ?”
ਦਿਲਪ੍ਰੀਤ ਫਿਰ ਵੀ ਕੁਝ ਨਹੀਂ ਬੋਲਿਆ। ਕਿਸੇ ਡੂੰਘੀ ਸੋਚ ਵਿਚ ਡੁੱਬਿਆ ਰਿਹਾ। ਸ਼ਰਮੇ ਨੇ ਫਿਰ ਕਿਹਾ, “ਤੂੰ ਯੋਗੀ ਰਾਮਾ-ਨੰਦ ਦੇ ਬਚਨਾਂ ਤੇ ਫੁੱਲ ਚੜ੍ਹਾਈ ਜਾਂਈ, ਅਸੀ ਵੀ ਯੋਗੀ ਜੀ ਤੇ ਪੂਰਾ ਦਬਾਅ ਪਾਵਾਂਗੇ, ਜਦੋਂ ਬਾਹਰ ਦੇ ਟੂਰ ਤੇ ਜਾਣ ਤੈਨੂੰ ਆਪਣੇ ਚੇਲਿਆ ਵਿਚ ਲੈ ਕੇ ਜਾਣ।”
“ਬਾਹਰ ਜਾ ਕੇ ਯੋਗੀ ਜੀ ਨੂੰ ਧੋਖਾ ਦੇ ਜਾਵਾਂ।” ਦਿਲਪ੍ਰੀਤ ਨੇ ਕਿਹਾ, “ਤਾਂ ਜੋ ਤੁਹਾਡੇ ਪਰਿਵਾਰ ਤੋਂ ਵੀ ਯੋਗੀ ਜੀ ਦਾ ਵਿਸ਼ਵਾਸ ਉੱਠ ਜਾਵੇ।”
“ਇਹਨਾ ਗੱਲਾਂ ਦੀ ਚਿੰਤਾ ਨਾ ਕਰ, ਇਹ ਗੱਲਾਂ ਸਾਡੇ ਅਤੇ ਯੋਗੀ ਵਿਚਕਾਰ ਹੀ ਰਹਿਣ ਦੇ।” ਸ਼ਰਮੇ ਨੇ ਦੱਸਿਆ, “ਇਹ ਸਾਰੀਆਂ ਗੱਲਾਂ ਮੈਂ ਪਹਿਲਾਂ ਹੀ ਸੋਚ ਕੇ ਤੈਨੂੰ ਯੋਗੀ ਦਾ ਚੇਲਾ ਬਣਾ ਕੇ ਬਾਹਰ ਕੱਢਣ ਦੀ ਗੱਲ ਕੀਤੀ ਆ।”
“ਪਹਿਲਾਂ ਤਾਂ ਪਾਸਪੋਰਟ ਬਣਾਉਣਾ ਹੀ ਕੋਈ ਖਾਲਾ ਜੀ ਦਾ ਵਾੜਾ ਨਹੀ।” ਦਿਲਪ੍ਰੀਤ ਨੇ ਕਿਹਾ, “ਇਸ ਤਰ੍ਹਾਂ ਬਾਹਰ ਨਿਕਲਣਾ ਕਿਤੇ ਖੇਲ ਆ।”
“ਮੈ ਤੈਨੂੰ ਕਿਹਾ ਨਾ ਕਿ ਤੂੰ ਇਹ ਗੱਲਾਂ ਛੱਡ ਦੇ।” ਸ਼ਰਮੇ ਨੇ ਉਸ ਦੇ ਮੋਢੇ ਤੇ ਹੱਥ ਰੱਖਦੇ ਕਿਹਾ, “ਪਾਸਪੋਰਟ ਕਿਸੇ ਹੋਰ ਦਾ ਹੁੰਦਾ ਹੈ ਬੰਦਾ ਅਸੀ ਕੋਈ ਹੋਰ ਚੜ੍ਹਾ ਦਈਦਾ ਹੈ।”
“ਚੱਲ ਮਿਤਰਾ ਕਰ ਲੈਂਦੇ ਹਾਂ ਤੇਰੇ ਤੇ ਯਕੀਨ।” ਦਿਲਪ੍ਰੀਤ ਨੇ ਥੋੜ੍ਹਾ ਜਿਹੇ ਉਦਾਸ ਹੁੰਦੇ ਕਿਹਾ, “ਜਾਣ ਤੋਂ ਪਹਿਲਾਂ ਘਰਦਿਆਂ ਨੂੰ ਮਿਲਣਾ ਚਾਹੁੰਦਾ ਸੀ।”
“ਜਿੱਥੇ ਘਰਦਿਆਂ ਨੂੰ ਪਹਿਲਾਂ ਭੁੱਲਿਆ ਰਿਹਾ, ਹੁਣ ਵੀ ਰਹਿ, “ਸ਼ਰਮੇ ਨੇ ਜ਼ਵਾਬ ਦਿੱਤਾ, “ਈਸ਼ਵਰ ਕਰੇ ਤੂੰ ਬਾਹਰ ਲੰਘ ਜਾਏ, ਹੌਲੀ ਹੌਲੀ ਸਭ ਠੀਕ ਹੋ ਜਾਵੇਗਾ।”
“ਦੀਪੀ, ਪਤਾ ਨਹੀ ਕਿਸ ਤਰ੍ਹਾਂ ਹੋਵੇਗੀ?”
“ਕਿਹੜਿਆ ਭਾਵਾਂ ਵੱਲ ਹੋ ਗਿਆ।” ਸ਼ਰਮੇ ਨੇ ਦੱਸਿਆ, “ਦੀਪੀ ਭਾਬੀ ਨੂੰ ਜਾਂ ਆਪਣੇ ਘਰਦਿਆਂ ਨੂੰ ਮਿਲਣ ਦਾ ਕੋਈ ਵੀ ਉਪਰਾਲਾ ਨਾ ਕਰੀਂ, ਬਣਿਆ ਬਣਾਇਆ ਕੰਮ ਵਿਗਾੜ ਕੇ ਨਾ ਬਹਿ ਜਾਈਂ।”
“ਪਤਾ ਨਹੀ ਕਿਸ ਤਰ੍ਹਾਂ ਦਿਨ ਕੱਢਦੇ ਹੋਣਗੇ।”
“ਜਿਸ ਤਰ੍ਹਾਂ ਵੀ ਕੱਢਦੇ ਹਨ, ਕੱਢ ਲੈਣ ਦੇ।” ਸ਼ਰਮੇ ਨੇ ਪਿਆਰ ਭਰੀ ਝਿੱੜਕ ਵਿਚ ਕਿਹਾ, “ਤੁਹਾਡੇ ਘਰ ਵਿਚ ਕਿਸ ਨੇ ਨਿੱਛ ਮਾਰੀ ਹੈ, ਪੁਲੀਸ ਵਾਲੇ ਇਹ ਵੀ ਪਤਾ ਰੱਖਦੇ ਨੇ।”
ਅਖੀਰ ਵਿਚ ਦਿਲਪ੍ਰੀਤ ਨੇ ਬਾਹਰ ਨਿਕਲਣ ਦੀ ਆਸ ਵਿਚ ਯੋਗੀ ਦੇ ਆਸ਼ਰਮ ਵਿਚ ਰਹਿਣਾ ਮਨਜ਼ੂਰ ਕਰ ਲਿਆ। ਸ਼ਰਮਾ ਵੀ ਆਸ਼ਰਮ ਵਿਚ ਛੇਤੀ ਗੇੜਾ ਮਾਰ ਲੈਂਦਾ ਅਤੇ ਉਦੋਂ ਤੱਕ ਉਸ ਨੇ ਆਪਣੇ ਗੇੜੇ ਜਾਰੀ ਰੱਖੇ ਜਦੋਂ ਤਕ ਦਿਲਪ੍ਰੀਤ ਦਾ ਬਾਹਰ ਜਾਣ ਦਾ ਕੰੰਮ ਪੱਕਾ ਹੋ ਗਿਆ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>