ਹੱਕ ਲਈ ਲੜਿਆ ਸੱਚ – (ਭਾਗ-81)

ਪੰਜਾਬ ਵਿਚ ਖਾੜਕੂਆਂ ਦੀਆਂ ਸਰਗਰਮੀਆਂ ਇਕ ਤਰ੍ਹਾਂ ਅਲੋਪ ਹੀ ਹੋ ਚੁੱਕੀਆਂ ਸਨ। ਕਾਲੇ ਕੱਛਿਆਂ ਵਾਲੇ ਅਜੇ ਲੁੱਟਾਂ-ਖੋਹਾਂ ਕਰ ਰਹੇ ਸਨ। ਪੁਲੀਸ ਵਲੋਂ ਸਿੱਖਾਂ ਦੀ ਫੜੋ ਫੜੀ ਹੁਣ ਵੀ ਜਾਰੀ ਸੀ। ਦੀਪੀ ਕਦੇ ਪੇਕੇ ਹੁੰਦੀ ਕਦੇ ਸਹੁਰੇ।
ਦਿਲਪ੍ਰੀਤ ਜਿਊਂਦਾ ਹੈ ਜਾਂ ਚਲ ਵਸਿਆ ਹੈ ਪ੍ਰੀਵਾਰ ਦੇ ਕਿਸੇ ਮੈਂਬਰ ਨੂੰ ਵੀ ਨਹੀ ਸੀ ਪਤਾ। ਇਕ ਵਾਰੀ ਅਖਬਾਰ ਵਿਚ ਦਿਲਪ੍ਰੀਤ ਦੇ ਪੁਲੀਸ ਵਲੋਂ ਮੁਕਾਬਲਾ ਬਣਾਏ ਜਾਣ ਦੀ ਵੀ ਖ਼ਬਰ ਆਈ ਸੀ, ਫਿਰ ਜਿਊਂਦੇ ਹੋਣ ਦੀਆਂ ਵੀ ਪੁਸ਼ਟੀਆਂ ਹੁੰਦੀਆਂ ਰਹੀਆਂ। ਇਹਨਾ ਖਬਰਾਂ ਨਾਲ ਪੁਲੀਸ ਤੇ ਜ਼ਰੂਰ ਫ਼ਰਕ ਪਿਆ। ਉਸ ਨੇ ਪ੍ਰੀਵਾਰ ਨੂੰ ਤੰਗ ਕਰਨਾ ਘੱਟ ਕਰ ਦਿੱਤਾ। ਦੀਪੀ ਦੇ ਸਹੁਰੇ ਪ੍ਰੀਵਾਰ ਨੇ ਦੀਪੀ ਨੂੰ ਅਗਾਂਹ ਪੜ੍ਹਨ ਲਾ ਦਿੱਤਾ ਸੀ। ਦੀਪੀ ਦਾ ਦਿਲ ਪੜ੍ਹਾਈ ਵਿਚ ਲੱਗ ਤਾ ਨਹੀ ਰਿਹਾ ਸੀ, ਇਕ ਆਸ ਦੇ ਅਧਾਰ ਤੇ’ ਉਹ ਕੋਸ਼ਿਸ਼ ਕਰਦੀ ਹੋਈ ਪਰਿਵਾਰ ਦਾ ਹੁਕਮ ਪਾਲ ਰਹੀ ਸੀ।
ਅੱਜ ਰਸੌਈ ਦੀ ਛੱਤ ਦੇ ਸੱਜੇ ਕੋਨੇ ਉੱਤੇ ਸਵੇਰ ਦਾ ਇਕ ਕਾਂ ਬੈਠਾ ਕਾਂ ਕਾਂ ਕਰ ਰਿਹਾ ਸੀ। ਆਦਧਰਮੀਆਂ ਦੀ ਕੁੜੀ ਸ਼ੀਲਾ ਰਸੌਈ ਦੇ ਅੱਗੇ ਭਾਡੇ ਮਾਜ਼ ਰਹੀ ਸੀ। ਨਸੀਬ ਕੌਰ ਚਾਦਰ ਲੈ ਕੇ ਕੰਧ ਨਾਲ ਡਿੱਠੇ ਮੰਜੇ ਤੇ ਲੰਮੀ ਪਈ ਹੋਈ ਅਤੇ ਕੋਲ ਹੀ ਬੈਠੀ ਮਿੰਦੀ ਸਵੈਟਰ ਬੁਣ ਰਹੀ ਸੀ। ਮੰਜੇ ਦੇ ਕੋਲ ਪਈ ਕੁਰਸੀ ਤੇ ਦੀਪੀ ਕਿਤਾਬ ਪੜ੍ਹਦੀ ਹੋਈ ਨੇ ਦੇਖਿਆ ਕਿ ਬਾਹਰੋਂ ਭਈਆਂ ਆਲੂਆਂ ਦਾ ਟੋਕਰਾ ਚੁੱਕੀ ਵਿਹੜੇ ਵਿਚ ਦਾਖਲ ਹੋਇਆ ਅਤੇ ਨਾਲ ਹੀ ਮਾਤਾ ਜੀ ਹੱਥ ਵਿਚ ਮਠਿਆਈ ਦਾ ਡੱਬਾ ਫੜੀ ਆਉਂਦੇ ਹਨ। ਉਹਨਾ ਦਾ ਪੁੱਤਰ ਹਰਦੇਵ ਸਿੰਘ ਅਤੇ ਜੀਪ ਦਾ ਡਰਾਈਵਰ ਵੀ ਨਾਲ ਹੀ ਸਨ। ਮਾਤਾ ਜੀ ਤਾਂ ਪਹਿਲਾਂ ਵੀ ਇਸ ਘਰ ਆਉਂਦੇ-ਜਾਂਦੇ ਰਹਿੰਦੇ ਸਨ, ਪਰ ਉਹਨਾਂ ਦਾ ਪੁੱਤਰ ਪਹਿਲੀ ਵਾਰੀ ਆਇਆ ਸੀ।   “ਸਤਿ ਸ੍ਰੀ ਅਕਾਲ ਮਾਤਾ ਜੀ।” ਦੀਪੀ ਨੇ ਮਾਤਾ ਜੀ ਨੂੰ ਘੁੱਟ ਕੇ ਜੱਫੀ ਪਾਉਂਦੇ ਕਿਹਾ, “ਕਈ ਦਿਨਾਂ ਤੋਂ ਆਪ ਜੀ ਦਾ ਚੇਤਾ ਆ ਰਿਹਾ ਸੀ।”
“ਧੀਏ, ਸੱਚੇ ਦਿਲ ਨਾਲ ਚੇਤੇ ਕਰੀਏ ਤਾਂ ਰੱਬ ਵੀ ਮਿਲ ਜਾਂਦਾ ਆ।” ਮਾਤਾ ਜੀ ਨੇ ਸਿਰ ਤੇ ਪਿਆਰ ਦੇਂਦੇ ਅਖਿਆ, “ਤੁਹਾਡੀਆਂ ਆਸਾਂ ਨੂੰ ਰੱਬ ਨੇ ਭਾਗ ਲਾ ਦਿੱਤੇ ਨੇ।”
ਨਸੀਬ ਕੌਰ ਨੇ ਉੱਠ ਕੇ ਮਾਤਾ ਜੀ ਦੇ ਗੋਡਿਆਂ ਨੂੰ ਹੱਥ ਲਾਏ ਤੇ ਸ਼ੀਲਾ ਵੱਲ ਦੇਖਦੇ ਉਹਨਾ ਕਿਹਾ, “ਹਰਜਿੰਦਰ ਸਿੰਘ ਹੋਰੀਂ ਨਹੀ ਦਿਸ ਰਹੇ।”
“ਸ਼ੀਲਾ, ਭਾਡੇ ਬਾਅਦ ਵਿਚ ਮਾਂਜ ਲਈਂ।” ਨਸੀਬ ਕੌਰ ਨੇ ਕਿਹਾ, “ਮੁੱਰਬੇ ਤੋਂ ਆਪਣੇ ਚਾਚੇ ਹੁਣਾ ਨੂੰ ਬੁਲਾ ਲਿਆ, ਦੱਸੀਂ ਪਈ ਘਰੇ ਪਰਾਹੁਣੇ ਆਏ ਨੇ।”
ਮਾਤਾ ਜੀ ਦੇ ਚਿਹਰੇ ਦੀ ਚਮਕ ਨੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਉਹ ਕੋਈ ਖੁਸ਼ੀ ਦੀ ਹੀ ਖ਼ਬਰ ਲੈ ਕੇ ਆਏ ਹਨ। ਸ਼ੀਲਾ ਦੇ ਜਾਣ ਤੋਂ ਬਾਅਦ ਮਾਤਾ ਜੀ ਨੇ ਪੂਰਾ ਖਿੜ ਕੇ ਕਿਹਾ, “ਤਹਾਨੂੰ ਵਧਾਈਆਂ ਹੋਣ, ਦਿਲਪ੍ਰੀਤ ਬਾਹਰ ਮੇਰੇ ਇਸ ਕਾਕੇ ਦੇ ਲਾਗੇ ਹੀ ਰਹਿੰਦਾ ਆ, ਇਹ ਆਪਸ ਵਿਚ ਭਰਾਵਾਂ ਵਾਂਗ ਹੀ ਮਿਲਦੇ- ਗਿਲਦੇ ਆ।”
ਮਾਤਾ ਜੀ ਦੀ ਇਸ ਖ਼ਬਰ ਨਾਲ ਘਰ ਦੇ ਖੂੰਜੇ ਖੂੰਜੇ ਵਿਚ ਖੁਸ਼ੀ ਦੀ ਲਹਿਰ ਦੌੜ ਪਈ। ਘਰ ਵਿਚਲੀ ਅਗੂੰਰਾਂ ਦੀ ਵੇਲ ਤੇ ਬੈਠੀਆਂ ਚਿੜੀਆਂ ਨੇ ਚਹਿਕਣਾ ਸ਼ੁਰੂ ਕਰ ਦਿੱਤਾ। ਵੇਹੜੇ ਵਿਚ ਲੱਗੇ ਤੂਤ ਦੇ ਪੱਤੇ ਝੂਮਣ ਲੱਗੇ। ਦੀਪੀ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਉਸ ਦੀਆਂ ਗੋਰੀਆਂ ਗੱਲਾਂ ਤੇ ਨੱਚਣ ਲੱਗੇ। ਨਸੀਬ ਕੌਰ ਅਤੇ ਮਿੰਦੀ ਦੀ ਜੱਫੀ ਨੇ ਇਸ ਖੁਸ਼ੀ ਨੂੰ ਆਪਣੇ ਅੰਗ ਅੰਗ ਵਿਚ ਘੁੱਟ ਲਿਆ।
“ਹੁਣ ਕਿਹੋ ਜਿਹਾ ਲੱਗਦਾ ਹੈ, ਮੇਰਾ ਪੁੱਤ?” ਨਸੀਬ ਕੌਰ ਨੇ ਆਉਣ ਵਾਲੇ ਮਹਿਮਾਨ ਤੋਂ ਅੱਖਾਂ ਭਰ ਕੇ ਪੁੱਛਿਆ, “ਉਸ ਦੀ ਢੂਹੀ ਹੁਣ ਠੀਕ ਆ, ਪਤਾ ਲੱਗਾ ਸੀ ਪੁਲੀਸ ਦੀ ਮਾਰ ਨੇ ਉਸ ਦੀ ਕਮਰ ਭੰਨ ਦਿੱਤੀ ਸੀ।”
“ਉਹ ਤਾਂ ਜੀ ਨੌਂ ਬਰ ਨੌਂ ਹੈ।” ਆਉਣ ਵਾਲੇ ਮਹਿਮਾਨ ਨੇ ਦੱਸਿਆ, “ਮੈ ਉਸ ਦੀਆਂ ਫੋਟੋ ਵੀ ਲੈ ਕੇ ਆਇਆ ਹਾਂ।”
ਮਹਿਮਾਨ ਨੇ ਬੈਗ ਵਿਚੋਂ ਫੋਟੋ ਕੱਢ ਕੇ ਨਸੀਬ ਨੂੰ ਫੜਾ ਦਿੱਤੀਆਂ ਅਤੇ ਨਾਲ ਹੀ ਇਕ ਚਿੱਟੇ ਰੰਗ ਦਾ ਲਫਾਫਾ ਦੀਪੀ ਨੂੰ। ਦੀਪੀ ਨੇ ਮਹਿਮਾਨ ਦਾ ਧੰਨਵਾਦ ਕਰਦਿਆਂ ਚਿੱਠੀ ਵਾਲਾ ਲਫਾਫਾ ਫੜ੍ਹ ਦਿਆਂ ਨਸੀਬ ਕੌਰ ਨੂੰ ਕਿਹਾ, “ਮੰਮੀ ਜੀ ਮੈਂ ਹੁਣੇ ਆਉਂਦੀ ਹਾਂ, ਗੁਰਦੁਆਰੇ ਜਾ ਰਹੀ ਹਾਂ।”
“ਪੁੱਤ, ਠਹਿਰ ਕੇ ਚਲੀ ਜਾਂਈ।” ਨਸੀਬ ਕੌਰ ਨੇ ਸਲਾਹ ਦਿੱਤੀ, “ਹੁਣੇ ਕਿਉਂ ਜਾਣਾ ਹੈ।”
“ਨਹੀ, ਮੰਮੀ ਜੀ ਮੈਨੂੰ ਹੁਣੇ ਹੀ ਜਾਣਾ ਪੈਣਾ ਹੈ।” ਦੀਪੀ ਨੇ ਕਿਹਾ, “ਮੈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਸੀ ਕਿ ਜਿਸ ਦਿਨ ਵੀ ਦਿਲਪ੍ਰੀਤ ਦੀ ਸਹੀ ਸਲਾਮਤ ਹੋਣ ਦੀ ਖ਼ਬਰ ਮਿਲੀ, ਮੈਂ ਉਸੇ ਵੇਲੇ ਹੀ ਗੁਰੂ ਜੀ ਦੇ ਚਰਨਾ ਵਿਚ ਹਾਜ਼ਰ ਹੋਵਾਂਗੀ।”
“ਮਿੰਦੀ ਨੂੰ ਨਾਲ ਲੈ ਜਾ।” ਨਸੀਬ ਕੌਰ ਨੇ ਕਿਹਾ, “ਖੁਸ਼ੀ ਦੀ ਇਹ ਖ਼ਬਰ ਮਿਲੀ ਤਾਂ ਗੁਰੂ ਜੀ ਦੀ ਮਿਹਰ ਸਦਕਾ ਹੀ ਹੈ।”
“ਆਪਾਂ ਸਾਰੇ ਹੀ ਚਲਦੇ ਹਾਂ।” ਮਾਤਾ ਜੀ ਨੇ ਕਿਹਾ, “ਅਸੀਂ ਤਾਂ ਅਜੇ ਇਕ ਹੋਰ ਸਲਾਹ ਤੁਹਾਡੇ ਨਾਲ ਸਾਂਝੀ ਕਰਨੀ ਆਂ। ਚਲੋ, ਪਹਿਲਾਂ ਗੁਰੂ ਜੀ ਦੇ ਦਰਸ਼ਨਾ ਨੂੰ ਚੱਲਦੇ ਹਾਂ, ਬਾਕੀ ਗੱਲਾਂ ਫਿਰ।”
ਗੁਰ-ਦੁਆਰੇ ਤੋਂ ਮੁੜ ਕੇ ਆਉਂਦਿਆਂ ਨੂੰ ਹਰਜਿੰਦਰ ਸਿੰਘ ਅਤੇ ਤੋਸ਼ੀ ਵੀ ਘਰ ਵਿਚ ਹਾਜ਼ਿਰ ਸਨ। ਦਿਲਪ੍ਰੀਤ ਦੀ ਜਿਊਂਦੇ ਆਉਣ ਦੀ ਖੁਸ਼ੀ ਸਾਰਿਆਂ ਕੋਲ ਸਾਂਭੀ ਨਹੀ ਜਾ ਰਹੀ ਸੀ। ☬ੰੰਮੰਦੀ ਗਰਮ ਗਰਮ ਪਕੌੜੇ ਬਣਾ ਕੇ ਸਾਰਿਆ ਨੂੰ ਖਵਾ ਰਹੀ ਸੀ। ਚਾਹ ਪੀਂਦਿਆਂ ਮਾਤਾ ਜੀ ਦਾ ਪੁੱਤਰ ਗੱਲ ਕਰ ਰਿਹਾ ਸੀ, “ਦੀਪੀ ਨੂੰ ਤੁਸੀ ਪੜ੍ਹਨ ਲਾ ਦਿੱਤਾ, ਇਹ ਬਹੁਤ ਚੰਗਾ ਕੀਤਾ, ਇਸ ਦੇ ਸਰਟੀਫਿਕੇਟਾਂ ਦੀਆਂ ਕਾਪੀਆਂ ਮੈਨੂੰ ਛੇਤੀ ਬਣਵਾ ਦੇਣੀਆ, ਪੜਾਈ ਦੇ ਬੇਸ ਤੇ ਹੀ ਇਸ ਦਾ ਅਪਲਾਈ ਕਰਾਂਗਾਂ।”
“ਇਸ ਦਾ ਜ਼ਿਕਰ ਅਜੇ ਬਾਹਰ ਕਿਸੇ ਕੋਲ ਨਾ ਕਰਿਉ।” ਮਾਤਾ ਜੀ ਨੇ ਦੱਸਿਆ, “ਦਿਲਪ੍ਰੀਤ ਬਾਰੇ ਵੀ ਕੁਝ ਨਾ ਕਿਸੇ ਨੂੰ ਦੱ☬ੱਸਉ।”
“ਇਹ ਸਭ ਕੁਝ ਕਰਨਾ ਤਾਂ ਅਸੀ ਸਿਖ ਲਿਆ।” ਹਰਜਿੰਦਰ ਸਿੰਘ ਨੇ ਦੱਸਿਆ, “ਪੁਲੀਸ ਦੇ ਕਹਿਰ ਨੇ ਸਭ ਕੁਝ ਸਿਖਾ ਦਿੱਤਾ।”
“ਇਹ ਦੋਵੇ ਇਕੱਠੇ ਹੋ ਜਾਣ।” ਮਾਤਾ ਜੀ ਨੇ ਕਿਹਾ, “ਸਾਰਾ ਦੁੱਖ ਭੁੱਲ ਜਾਣਾ ਹੈ।”
ਵਿਹੜੇ ਵਿਚ ਇਹ ਗੱਲਾਂ ਹੋ ਰਹੀਆਂ ਸਨ। ਦੀਪੀ ਦਿਲਪ੍ਰੀਤ ਦੀ ਚਿੱਠੀ ਦੁਬਾਰਾ ਫਿਰ ਪੜ੍ਹ ਰਹੀ ਸੀ। ਜਿਸ ਵਿਚ ਉਸ ਨੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਸਨ। ਬਾਹਰ ਦੀਆਂ ਸਰਕਾਰਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਸੀ ਕਿ ਕੋਈ ਵੀ ਆਪਣੇ ਖਿਆਲ ਖੁੱਲ੍ਹੇਆਮ ਪੇਸ਼ ਕਰ ਸਕਦਾ ਹੈ। ਆਪਣੇ ਖੋਹੇ ਹੋਏ ਹੱਕਾਂ ਨੂੰ ਵਾਪਸ ਲੈਣ ਦੀ ਗੱਲ ਬਾਹਰਲੇ ਗੁਰਦੁਅਰਿਆਂ ਵਿਚ ਆਮ ਚਲਦੀ ਹੈ। ਪੜ੍ਹੇ ਲਿਖੇ ਪੰਜਾਬੀ ਲੋਕ ਇਸ ਗੱਲ ਦੀ ਤਰਫਦਾਰੀ ਕਰਦੇ ਨੇ। ਬਹੁਤ ਸਾਰੇ ਸਿੰਘ ਹਨ ਜੋ ਹਿੰਦ ਸਰਕਾਰ ਦੀਆਂ ਵਧੀਕੀਆਂ ਬਾਰੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਜਾਣੂ ਕਰਵਾ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਵੇਰਵਾ ਸੀ। ਅਖੀਰ ਵਿਚ ਦੀਪੀ ਨੂੰ ਬਾਹਰ ਲੰਘਾਉਣ ਵਾਲੀ ਸਕੀਮ ਦਾ ਵੀ ਜ਼ਿਕਰ ਸੀ। ਜੋ ਦੀਪੀ ਨੂੰ ਸਭ ਤੋਂ ਜ਼ਿਆਦਾ ਪਸੰਦ ਆਈ। ਦੀਪੀ ਉੱਥੇ ਬੈਠੀ ਹੀ ਦਿਲਪ੍ਰੀਤ ਨਾਲ ਮੇਲ ਹੋਣ ਦੇ ਸੁਫਨਿਆ ਵਿਚ ਗੁਵਾਚ ਗਈ।
ਬਾਹਰ ਵੇਹੜੇ ਵਿਚੋਂ ਭਈਏ ਦੀ ਘਬਰਾਈ ਹੋਈ ਅਵਾਜ਼ ਆਈ, “ਸਰਦਾਰ ਜੀ, ਹਵੇਲੀ ਮੇ ਠਾਣੇਦਾਰ ਨੇ ਆਪ ਕੋ ਬੁਲਾਇਆ ਹੈ।
“ਹੁਣੀ ਕੀ ਆ ਪਿਆ ਉਹਨਾਂ ਨੂੰ।” ਤੋਸ਼ੀ ਨੇ ਕਿਹਾ, ਭੈਣ ਦਾ ਜਾਰ ਪੈਸੇ ਲੈਣ ਹੀ ਆਇਆ ਹੋਵੇਗਾ।”
“ਚੱਲ, ਮੈਂ ਆਇਆ।” ਇਹ ਕਹਿ ਕੇ ਹਰਜਿੰਦਰ ਸਿੰਘ ਹਵੇਲੀ ਨੂੰ ਤੁਰ ਪਿਆ, ਅੱਜ ਠਾਣੇਦਾਰ ਦਾ ਨਾਮ ਸੁੱਣ ਕੇ ਕੋਈ ਵੀ ਨਹੀ ਸੀ ਡਰਿਆ। ਹਰਜਿੰਦਰ ਸਿੰਘ ਵੀ ਤਕੜੇ ਦਿਲ ਨਾਲ ਠਾਣੇਦਾਰ ਨੂੰ ਮਿਲਿਆ, “ਸਣਾਉ, ਠਾਣੇਦਾਰ ਸਾਹਿਬ ਕੀ ਖ਼ਬਰ ਲਿਆਏ ਹੋ।”
“ਖ਼ਬਰ ਤਾਂ ਬਹੁਤ ਮਾੜੀ ਹੈ।” ਠਾਣੇਦਾਰ ਨੇ ਸਰਕਾਰੀ ਪੇਪਰ ਉਸ ਨੰੁ ਦਿੰਦੇ ਕਿਹਾ, “ਪੁਲੀਸ ਅਤੇ ਸਰਕਾਰ ਨੇ ਇਹ ਪੁਸ਼ਟੀ ਕਰ ਦਿੱਤੀ ਹੈ, ਕਿ ਦਿਲਪ੍ਰੀਤ ਫਿਲੌਰ ਦੇ ਲਾਗੇ ਪੁਲੀਸ ਦੀ ਜੀਪ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ, ਪਰ ਉਹ ਪੁਲੀਸ ਦੀ ਗ੍ਰਿਫਤ ਤੋਂ ਛੁੱਟ ਕੇ ਮੁਕਾਬਲਾ ਕਰ ਦਿਆਂ ਭੱਜ ਪਿਆ।”
“ਪੁਲੀਸ ਨੇ ਉਸ ਦਾ ਮੁਕਾਬਲਾ ਬਣਾ ਦਿੱਤਾ।” ਹਰਜਿੰਦਰ ਸਿੰਘ ਵਿਚੋਂ ਹੀ ਬੋਲ ਪਿਆ, “ਤੁਸੀ ਇਹ ਹੀ ਖ਼ਬਰ ਦੇਣ ਆਏ ਹੋ, ਚਲੋ ਤੁਹਾਡਾ ਤੇ ਸਾਡਾ ਵੀ ਹਿਸਾਬ ਖਤਮ ਹੋਇਆ।”
ਠਾਣੇਦਾਰ ਹੈਰਾਨ ਸੀ ਕਿ ਹਰਜਿੰਦਰ ਸਿੰਘ ਇਹ ਖ਼ਬਰ ਸੁਣ ਕੇ ਘਬਰਾਇਆ ਕਿਉਂ ਨਹੀ? ਸ਼ਰਮਿੰਦਾ ਹੋਇਆ ਠਾਣੇਦਾਰ ਬੋਲਿਆ, “ਤਹਾਨੂੰ ਆਪਣੇ ਪੁੱਤ ਦਾ ਦੁੱਖ ਨਹੀ ਹੋਇਆ?”
“ਤੁਹਾਡੇ ਵਰਗੇ ਤਾਂ ਆਏ ਦਿਨ ਪੰਜਾਬ ਦੇ ਪੁੱਤਰਾਂ ਨੂੰ ਗੋਲੀਆਂ ਮਾਰ ਕੇ ਮੁਕਾ ਰਹੇ ਨੇ।” ਹਰਜਿੰਦਰ ਸਿੰਘ ਨੇ ਕਿਹਾ, “ਤੇ ਸਾਡੇ ਵਰਗੇ ਦੁੱਖ ਝੱਲਣ ਦੇ ਆਦੀ ਹੋ ਗਏ ਆ।” ਠਾਣੇਦਾਰ ਨੂੰ ਅੱਗੇ ਕੋਈ ਗੱਲ ਨਹੀਂ ਆਈ ਤੇ ਉਹ ਚੁੱਪ ਕਰਕੇ ਆਪਣੇ ਸਿਪਾਹੀਆਂ ਨਾਲ ਵਾਪਿਸ ਚਲਾ ਗਿਆ।
ਘਰ ਪਹੰੁਚ ਕੇ ਹਰਜਿੰਦਰ ਸਿੰਘ ਨੇ ਇਹ ਖ਼ਬਰ ਸੁਣਾਈ ਤਾਂ ਨਸੀਬ ਕੌਰ ਦੇ ਕਾਲਜੇ ਦਾ ਰੁੱਗ ਜਿਹਾ ਭਰਿਆ ਗਿਆ। ਆਪਣੇ ਧੜਕਦੇ ਕਾਲਜ਼ੇ ਨੂੰ ਗੱਠ ਮਾਰਦੀ ਕਹਿਣ ਲੱਗੀ, “ਖਬਰੇ ਕਿਹਦਾ ਪੁੱਤ ਮਾਰ ਦਿੱਤਾ ਹੋਣਾ ਏ।”
“ਜਿੰਂਨਾ ਇਹ ਜ਼ੁਲਮ ਕਰ ਰਹੇ ਨੇ, ਬਚਣਾ ਇਹਨਾ ਦਾ ਵੀ ਕੱਖ ਨਹੀ।” ਮਾਤਾ ਜੀ ਨੇ ਕਿਸੇ ਭਰੋਸੇ ਵਿਚ ਕਿਹਾ, “ਸਾਡੇ ਪਿੰਡ ਵਾਲੇ ਸਰਪੰਚਾ ਦੇ ਮੁੰਡੇ ਨੂੰ ਇਹਨਾ ਨੇ ਇੰਨੇ ਜ਼ਿਆਦਾ ਤਸੀਹੇ ਦਿੱਤੇ ਕਿ ਜ਼ਿਕਰ ਕਰਨਾ ਵੀ ਔਖਾ ਹੈ, ਉਸ ਦੇ ਪੱਟ ਚੀਰ ਕੇ ਵਿਚ ਮਿਰਚਾਂ ਪਾਈਆਂ।”
“ਇੰਨੇ ਵੱਡੇ ਮੁਗਲ ਰਾਜ ਦੀ ਨੀਂਹ ਸਿੰਘਾਂ ਨੇ ਪੱਟ ਕੇ ਰੱਖ ਦਿੱਤੀ ਸੀ।” ਤੋਸ਼ੀ ਨੇ ਕਿਹਾ, “ਇਹ ਕਿਹੜੇ ਖੇਤ ਦੀ ਮੂਲੀ ਆ।”
“ਮੁਗਲ ਘਰਾਣੇ ਦੀ ਇਕ ਜ਼ਨਾਨੀ ਬੰਬਈ ਵਿਚ ਰੇੜੀ ਲਾ ਕੇ ਗੁਜ਼ਾਰਾ ਕਰ ਰਹੀ ਏ।” ਮਾਤਾ ਜੀ ਦੇ ਪੁੱਤਰ ਨੇ ਦੱਸਿਆ, “ਪਿੱਛੇ ਜਿਹੇ ਇਹ ਖ਼ਬਰ ਸਾਰੀਆਂ ਅਖਬਾਰਾਂ ਵਿਚ ਆਈ ਸੀ।”
“ਸੱਚਿਆਂ ਦੇ ਬੋਲ-ਬਾਲੇ ਹਮੇਸ਼ਾ ਰਹਿੰਦੇ ਨੇ।” ਮਾਤਾ ਜੀ ਨੇ ਕਿਹਾ, “ਜ਼ਾਲਮਾ ਅਤੇ ਝੂਠਿਆਂ ਦੇ ਝਟਕੇ ਨਾਲ ਹੀ ਨਾਮੋ-ਨਿਸ਼ਾਨ ਮਿਟ ਜਾਂਦੇ ਨੇ।”
“ਉਹ ਤਾਂ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਸਾਰੀ ਦੁਨੀਆਂ ਵਿਚ ਆਪਣੀ ਚੰਗੀ ਥਾਂ ਬਣਾਈ ਬੈਠੇ ਹਨ ਜਦੋਂ ਕਿ ਔਰੰਗਜੇਬ ਦਾ ਕੋਈ ਨਾਮ ਲੈਣ ਵਾਲਾ ਵੀ ਨਹੀ ਰਿਹਾ।”
“ਸਮਾਂ ਜ਼ਰੂਰ ਇਕ ਦਿਨ ਇਹਨਾਂ ਕੋਲੋ ਹਿਸਾਬ ਮੰਗੇਗਾ।” ਮਾਤਾ ਜੀ ਦੇ ਪੁੱਤਰ ਨੇ ਕਿਹਾ, “ਇਹ ਕੁਦਰਤ ਦਾ ਨੇਮ ਹੈ ਲੇਖਾ ਹਮੇਸ਼ਾ ਬਰਾਬਰ ਰਹਿੰਦਾ ਹੈ।”
ਇਸ ਤਰ੍ਹਾਂ ਦੀਆਂ ਗੱਲਾਂ ਲੰਮੀਆਂ ਹੁੰਦੀਆਂ ਗਈਆ। ਸ਼ਾਮ ਢਲਣ ਦੇ ਨਾਲ ਹੀ ਮਾਤਾ ਜੀ ਨੇ ਵਾਪਸ ਆਪਣੇ ਪਿੰਡ ਜਾਣ ਦੀ ਤਿਆਰੀ ਕਰ ਲਈ। ਦੀਪੀ ਦੇ ਸਰਟੀਫਕੇਟਾਂ ਦੀਆਂ ਫੋਟੋ ਕਾਪੀਆਂ ਛੇਤੀ ਭੇਜ ਦੇਣ ਦੀ ਤਾਕੀਦ ਕਰ ਕੇ ਮਾਤਾ ਜੀ ਅਤੇ ਉਹਨਾ ਦਾ ਪੁੱਤਰ ਆਪਣੇ ਪਿੰਡ ਨੂੰ ਰਵਾਨਾ ਹੋ ਗਏ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>