ਅੱਧੀ ਮੁਲਾਕਾਤ ਹੁੰਦੀਆਂ ਸਨ ਚਿੱਠੀਆਂ

ਸਿੱਖਿਆ ਦੇ ਪਸਾਰ ਨਾਲ ਚਿੱਠੀ ਭੇਜਣ ਦੀ ਰਫ਼ਤਾਰ ਵੀ ਵਧੀ।

ਚਿੱਠੀਆਂ ਭੇਜਣ ਦਾ ਦੌਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ 20ਵੀਂ ਸਦੀ ਦੇ ਅੰਤ ਤਕ ਕਾਫੀ ਤੇਜ਼ੀ ਨਾਲ ਚੱਲਿਆ।

ਚਿੱਠੀਆਂ ਵੰਡਣ ਲਈ ਸਰਕਾਰੀ ਤੌਰ ’ਤੇ ਡਾਕਖਾਨਿਆਂ ਦੀ ਸਥਾਪਨਾ ਕੀਤੀ ਗਈ। ਜਿਸਦਾ ਕੰਮ ਸੀ ਚਿੱਠੀਆਂ ਲਿਜਾਣਾ ਅਤੇ ਘਰ ਘਰ ਵੰਡਣਾ।

ਸ਼ਹਿਰਾਂ ਅਤੇ ਪਿੰਡਾਂ ’ਚ ਬਕਸੇ ਲਗਾਏ ਜਾਂਦੇ ਸਨ। ਲੋਕ ਉਨ੍ਹਾਂ ’ਚ ਚਿੱਠੀਆਂ ਪਾ ਦਿੰਦੇ। ਡਾਕੀਆ ਆਪਣੇ ਮਿੱਥੇ ਸਮੇਂ ਅਨੁਸਾਰ ਲੈ ਜਾਂਦਾ ਸੀ। ਸਿਰਨਾਵੇਂ ਅਨੁਸਾਰ ਵੰਡਦਾ ਸੀ।

ਸਿੱਖਿਆ ਦਾ ਪਸਾਰ ਘੱਟ ਹੋਣ ਕਾਰਨ। ਪੁਰਾਣੇ ਸਮਿਆਂ ਵਿੱਚ। ਸਭ ਤੋਂ ਪਹਿਲਾਂ ਪੜ੍ਹੇ-ਲਿਖੇ ਵਿਅਕਤੀ ਨੂੰ ਲੱਭਣਾ ਪੈਂਦਾ ਸੀ। ਚਿੱਠੀ ਪੜ੍ਹਾਉਣ ਲਈ।

ਜਦੋਂ ਉਨ੍ਹਾਂ ਦੇ ਘਰ ਦਾ ਕੋਈ ਮੈਂਬਰ ਦੂਰ-ਦੁਰਾਡਿਓਂ। ਉਨ੍ਹਾਂ ਨੂੰ ਚਿੱਠੀ ਪਾਉਂਦਾ ਸੀ।

ਖ਼ਤ ਚਿੱਠੀਆਂ ਮਿਲ ਕੇ ਮਾਵਾਂ, ਭੈਣਾਂ, ਬਾਪ ਅਤੇ ਵੀਰਾਂ ਦੇ ਕਾਲਜੇ ਠੰਢ ਪਾਉਂਦੀਆਂ ਸਨ।
ਸੁੱਖ ਦੇ ਸੁਨੇਹੇ ਘਰਾਂ ਵਿੱਚੋਂ ਉਦਾਸੀ ਪੂੰਝਦੇ ਸਨ।

ਦਿਲਾਂ ਦੇ ਦਰਦਾਂ ਨੂੰ ਆਰਾਮ ਮਿਲਦਾ ਸੀ। ਮਰਮਾਂ ਲਗਦੀਆਂ। ਪਿਆਰ ਦੀਆਂ ਪੱਟੀਆਂ ਬੱਝਦੀਆਂ।

ਆਪਸੀ ਸੰਪਰਕ ਦਾ ਸਾਧਨ ਸਨ।

ਚਿੱਠੀਆਂ ਕਾਗਜ਼ ਉੱਪਰ ਉੱਕਰੇ ਸੁੱਖਾਂ ਦੁੱਖਾਂ ਦੀ ਕਥਾ ਕਹਾਣੀ ਹੁੰਦੀ ਸੀ।

ਇੱਕ ਥਾਂ ਪਿੰਡ ਤੋਂ ਦੂਜੀ ਥਾਂ। ਪਿੰਡ ਸ਼ਹਿਰ ਪਹੁੰਚਦੇ ਸਨ ਜਜ਼ਬਾਤ। ਅਪਣੱਤ ਆ ਜਾ ਬਾਂਹਾਂ ਵਿਚ ਜਕੜਦੀ ਸੀ। ਘੁੱਟ ਘੁੱਟ ਕੇ।
ਜਜ਼ਬਿਆਂ, ਭਾਵਨਾਵਾਂ ਦੀ ਪੁਰਾਤਨ ਸਮਿਆਂ ਨੂੰ ਲੱਗੀ ਟੋਰ ਸੀ। ਰਾਹ ਪੈਰ ਸਨ।

ਪੈਂਡੇ ਕਰਦੇ ਅਹਿਸਾਸ ਤੇ ਜਜ਼ਬੇ। ਮੋਹ ਪਿਆਰ ਆ ਕੇ ਦਰਾਂ ਤੇ ਜਗਦੇ ਡਿਗਦੇ। ਨਮਸ਼ਕਾਰ ਕਰਦੇ। ਤੇਲ ਵਾਂਗ ਸਰਦਲਾਂ ਤੇ ਮੋਹ ਪਿਆਰ ਚੋਂਦੇ ਸਨ।ਉੱਠ ਕੇ ਗਲੀਂ ਲੱਗਦੇ। ਬਾਂਹਾਂ ਵਿਚ ਲੈਂਦੇ।
ਸਾਰੇ ਪਿੰਡ ਵਿੱਚ ਦਸਦੀਆਂ ਮਾਂਵਾਂ। ਪੁੱਤਰਾਂ ਦਾ ਪਿਆਰ ਜਾਗਦਾ ਪਿੰਡ ਘਰਾਂ ਵਿੱਚ। ਕੁੱਖਾਂ ਹਿੱਕਾਂ ਮਮਤਾ ਨੂੰ ਫਿਰ ਤੋਂ ਯਾਦ ਕਰਦੀਆਂ।

ਬੋਲਦੀਆਂ ਸਨ ਤਸਵੀਰਾਂ ਵਾਂਗ ਚਿੱਠੀਆਂ। ਚਿੱਠੀਆਂ ਵਾਰ ਵਾਰ ਚੁੰਮੀਆਂ ਜਾਂਦੀਆਂ। ਮੱਥੇ ਨੂੰ ਲਾਈਆਂ ਜਾਂਦੀਆਂ। ਸੁੱਖਾਂ ਮੰਗੀਆਂ ਜਾਂਦੀਆਂ ਪਾਉਣ ਲਿਖਣ ਵਾਲੇ ਦੀਆਂ।
ਦੁਆਵਾਂ ਦਿੱਤੀਆਂ ਜਾਂਦੀਆਂ।

ਗਲੀਆਂ ਵਿਚ ਸੁਖ ਵਸ ਜਾਂਦਾ। ਰਾਹਾਂ ਵਿਚ ਰੌਣਕਾਂ ਆ ਜਾਂਦੀਆਂ। ਪਿੰਡ ਵਿੱਚ ਇਕ ਚਿੱਠੀ ਦੇ ਆਉਣ ਨਾਲ।

ਹਿੱਕ ਨੂੰ ਅਸੀਂ ਨਹੀਂ ਸੀ ਲਾਉਂਦੇ। ਅਸਲੀਅਤ ਵਿੱਚ ਚਿੱਠੀਆਂ ਸਾਨੂੰ ਹਿੱਕ ਨਾਲ ਲਾਉਂਦੀਆਂ ਸਨ।

ਅਸੀਂ ਨਹੀਂ ਸੀ ਚਿੱਠੀਆਂ ਨੂੰ ਪੜ੍ਹਦੇ ਘੜੀ ਮੁੜੀ। ਖ਼ਤ ਚਿੱਠੀਆਂ ਸਾਨੂੰ ਪੜ੍ਹਦੀਆਂ ਸਨ ਵਾਰ ਵਾਰ ਅਸਲੋਂ।

ਚਿੱਠੀਆਂ ਅਸੀਂ ਨਹੀਂ ਸੀ ਲਿਖਦੇ।
ਚਿੱਠੀਆਂ ਅਸਲ ਵਿੱਚ ਸਾਨੂੰ ਲਿਖਦੀਆਂ ਸਨ।

ਆਧੁਨਿਕ ਡਾਕ ਪ੍ਰਣਾਲੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ। ਕਾਫ਼ੀ ਪੁਰਾਣਾ ਹੈ ਚਿੱਠੀਆਂ ਦਾ ਇਤਿਹਾਸ।

ਪਹਿਲਾਂ ਜਿਵੇਂ ਦੱਸਿਆ। ਚਿੱਠੀਆਂ ਨੂੰ ਮਨੁੱਖ ਦੁਆਰਾ। ਜਾਂ ਪਾਲਤੂ ਕਬੂਤਰਾਂ ਰਾਹੀਂ ਪਹੁੰਚਾਇਆ ਜਾਂਦਾ ਸੀ।

ਜਿਨ੍ਹਾਂ ਨੂੰ ਕਾਸਦ ਕਿਹਾ ਜਾਂਦਾ ਸੀ।

ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ। ਚਿੱਠੀਆਂ ਲਿਆਉਣ ਤੇ ਲੈ ਕੇ ਜਾਣ ਲਈ। ਘੋੜ ਸਵਾਰਾਂ ਦੀ ਵਿਵਸਥਾ ਦੇ ਪ੍ਰਮਾਣ ਵੀ ਮਿਲਦੇ ਹਨ।

ਚਿੱਠੀਆਂ ਦਾ ਮਹੱਤਵ। ਅਹਿਮੀਅਤ ਬਹੁਪਸਾਰੀ ਸੀ। ਵੱਖ ਵੱਖ ਸੰਸਕ੍ਰਿਤੀਆਂ ਸੱਭਿਆਚਾਰਾਂ ਵਿਚ। ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਾਂਗ। ਵਿਸ਼ੇਸ਼ ਮਹੱਤਵ, ਸਥਾਨ ਅਤੇ ਪਹਿਚਾਣ ਰੱਖਦੀਆਂ ਹਨ ।

ਇਹਨਾਂ ਚਿੱਠੀਆਂ ਦਾ ਵੱਖ ਵੱਖ ਪੱਖਾਂ ਤੋਂ ਪੰਜਾਬ ਦੇ ਲੋਕਗੀਤਾਂ
ਬੋਲੀਆਂ ਆਦਿ ਵਿੱਚ ਵਰਣਨ‌ ਆਮ ਆਉਂਦਾ ਹੈ।
ਪੰਜਾਬੀ ਸਾਹਿਤ। ਕਿੱਸਿਆਂ ਕਹਾਣੀਆਂ ਵਿੱਚ ਵੀ ਚਿੱਠੀਆਂ ਖ਼ਤਾਂ ਦਾ ਜ਼ਿਕਰ ਹੁੰਦਾ ਹੈ।

ਰਾਂਝੇ ਦੇ ਭਰਾਵਾਂ ਵੱਲੋਂ ਸਿਆਲਾਂ ਨੂੰ ਖ਼ਤ ਲਿਖਣ ਦਾ ਜ਼ਿਕਰ ਵਾਰਿਸ ਦੀ ਹੀਰ ਵਿੱਚ ਹੈ:

ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਖ਼ਤ ਲਿਖਿਆ
ਜ਼ਾਤਾ ਮਹਿਰਮ ਜ਼ਾਤ ਦੇ ਹਾਲ ਦੀਆਂ
ਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ
ਇਹ ਕੁਦਰਤਾਂ ਜੱਲ ਜਲਾਲ ਦੀਆਂ

ਆਧੁਨਿਕ ਸੰਚਾਰ ਸਾਧਨਾਂ ਦੀ ਅਣਹੋਂਦ ਸਮੇਂ ਰਿਸ਼ਤੇਦਾਰਾਂ ਜਾਂ ਦੂਰ ਵਸਦੇ ਨਜ਼ਦੀਕੀਆਂ ਵੱਲੋਂ ਅਕਸਰ ਸੁੱਖ ਦੁੱਖ ਨੂੰ ਬਿਆਨਦੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਸਨ।
ਚਿੱਠੀਆਂ ਜਨ ਜੀਵਨ ਦਾ ਹਿੱਸਾ ਹੁੰਦੀਆਂ ਸਨ:

ਭਾਗਾਂ ਵਾਲੇ ਹੁੰਦੇ
ਜਿਹੜੇ ਪਾਉਣ ਚਿੱਠੀਆਂ

ਵਸਦੇ ਘਰਾਂ ਵਿੱਚ
ਆਉਣ ਚਿੱਠੀਆਂ

ਜਿਹੜੇ ਦਰ ਉੱਜੜ ਜਾਂਦੇ ਹਨ। ਉਹਨਾਂ ਦਰਾਂ ਤੇ ਡਾਕੀਏ ਵੀ ਨਹੀਂ ਖੜ੍ਹਦੇ। ਭਿਖਾਰੀਆਂ ਤਾਂ ਕੀ ਖੜ੍ਹੇ ਹੋਣਾ।

ਚਿੱਠੀਆਂ ਆਉਣ ਦਾ ਚਾਅ। ਹਰ ਦਰ ਘਰ ਨੂੰ। ਘਰ ਦੇ ਸਾਰੇ ਮੈਂਬਰਾਂ ਨੂੰ ਹੁੰਦਾ ਸੀ। ਸੁਖਦ ਸਨੇਹਾ ਆਵੇ। ਹਰ ਵਿਹੜੇ ਅੰਦਰ ਖ਼ੁਸ਼ੀਆਂ ਲਿਆਉਂਦਾ ਹੈ।

ਇਸ ਤੋਂ ਵੱਡੀ ਖੁਸ਼ੀ। ਚਾਅ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ?

ਜੇ ਕਿਸੇ ਦੇ ਆਸ਼ਕ ਮਾਹੀਏ ਵੱਲੋਂ ਪਾਈ ਲਿਖੀ ਚਿੱਠੀ। ਚਿੱਠੀ ਵਿੱਚ ਉਸ ਮਹਿਬੂਬਾ ਸਾਥਣ ਬਾਲੋ ਦੀ ਸੁੰਦਰਤਾ ਦੀ ਵਡਿਆਈ ਹੋਵੇ।
ਤਾਂ ਅਗਲੀ ਅੱਡੀਆਂ ਤੇ ਖੜ੍ਹ ਅਸਮਾਨ ਨੂੰ ਛੂਹਣ ਲੱਗਦੀ ਹੈ।
ਵਿਹੜਾ ਪੱਟਣ ਲੱਗ ਜਾਂਦੀ ਹੈ। ਨੱਚ ਨੱਚ ਕੇ।
ਰਾਂਝਣ ਦੀ ਚਿੱਠੀ ਨੂੰ ਉਹ ਵਾਰ ਵਾਰ ਚੁੰਮਦੀ। ਹਿੱਕ ਨੂੰ ਲਾਉਂਦੀ ਹੈ।

ਇਹ ਲੋਕ ਬੋਲੀਆਂ ਦਸਦੀਆਂ ਗਵਾਹੀ ਦਿੰਦੀਆਂ ਹਨ :

ਕੋਠੇ ‘ਤੇ ਕਾਂ ਬੋਲੇ
ਚਿੱਠੀ ਆਈ ਮਾਹੀਏ ਦੀ
ਵਿਚ ਬਾਲੋ ਦਾ ਨਾਂ ਬੋਲੇ

ਉਹ ਗੱਲ ਫੋਨ ਤੇ ਗੱਲਬਾਤ ਨਾਲ ਨਹੀਂ ਬਣਦੀ। ਜਿਹੜਾ ਝੂਟਾ ਚਿੱਠੀਆਂ ਪੜ੍ਹ ਕੇ ਲਈਦਾ ਸੀ।

ਚਿੱਠੀਆਂ ਦੀ ਥਾਂ ਜਦ ਦੀ ਫੋਨ ਨੇ ਲੈ ਲਈ ਹੈ। ਕਾਂਵਾਂ ਦੇ ਗੀਤ ਵੀ ਬਨੇਰਿਆਂ ਤੋਂ ਅਲੋਪ ਹੋ ਗਏ ਹਨ।

ਚਿੜੀਆਂ ਦੀਆਂ ਉਡਾਰੀਆਂ। ਚੀਂ ਚੀਂ ਦੇ ਰਾਗ ਵੀ ਮਰ ਜਾਣਗੇ। ਕੋਈ ਨਹੀਂ ਜਾਣਦਾ ਸੀ।
ਓਹੀ ਦਗਾੜਾ ਚਿੱਠੀਆਂ ਨੂੰ ਲੱਗਾ ਹੈ। ਵੱਜਿਆ ਹੈ।

ਅੱਧੀ ਮੁਲਾਕਾਤ ਹੁੰਦੀਆਂ ਸਨ ਚਿੱਠੀਆਂ।
ਅਗਾਂਹ ਹੋ ਹੋ ਮਿਲਦੀਆਂ। ਬਾਂਹਾਂ ਵਿਚ ਲੈਂਦੀਆਂ।
ਕੁੱਝ ਆਪਣੀ ਦਸਦੀਆਂ। ਕੁੱਝ ਕਹਿੰਦੀਆਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>