ਗੁਣਾਂ ਦੀ ਖਾਨ ਹੈ ਖਰਬੂਜ਼ਾ

ਗਰਮੀਆਂ ਵਿੱਚ ਕਈ ਤਰ੍ਹਾਂ ਦੇ ਫਲ ਮਾਰਕੀਟ ਵਿੱਚ ਵਿਕਣ ਲਈ ਆ ਜਾਂਦੇ ਹਨ। ਅੰਬ ਤਾਂ ਫਲਾਂ ਦਾ ਰਾਜਾ ਹੈ ਹੀ। ਪਰ ਜਿਵੇਂ ਜਿਵੇਂ ਗਰਮੀ ਵਧਦੀ ਹੈ ਕਈ ਹੋਰ ਕਿਸਮ ਦੇ ਫਲ ਵੀ ਲੋਕਾਂ ਦਾ ਮਨ ਲਲਚਾਉਣ ਲਗਦੇ ਹਨ।ਗਰਮੀ ਦੇ ਇਨ੍ਹਾਂ ਫਲਾਂ ਵਿੱਚ ਖਰਬੂਜ਼ੇੇ ਅਤੇ ਮਤੀਰੇ ਦੀ ਸਰਦਾਰੀ ਹੈ।kharbooja 3.resizedਖਰਬੂਜ਼ਾ ਸਾਡੇ ਭਾਰਤ ਤੋਂ ਲੈ ਕੇ ਅਫ਼ਰੀਕਾ ਤੱਕ ਲਗਭਗ ਹਰ ਦੇਸ਼ ਵਿੱਚ ਉਗਾਇਆ ਅਤੇ ਖਾਇਆ ਜਾਂਦਾ ਹੈ।ਪਰ ਅਸਲ ਚ ਇਹ ਇਰਾਨ, ਅਨਾਟੋਲੀਆਂ  ਅਤੇ ਅਰਮੀਨੀਆ ਮੂਲ ਦਾ ਫਲ ਹੈ। ਖਰਬੂਜ਼ੇੇ ਦੇ ਕਈ ਤਰ੍ਹਾਂ ਦੇ ਬੀਜ ਇਜ਼ਾਦ ਹੋਣ ਕਾਰਨ ਵੱਖ ਵੱਖ ਅਕਾਰਾਂ ਦੇ ਖ਼ਰਬੂਜ਼ੇ ਵੀ ਸਾਨੂੰ ਵੇਖਣ-ਖਾਣ ਨੂੰ ਮਿਲਦੇ ਹਨ। ਆਮ ਤੌਰ ਤੇ ਇਸਦਾ ਦਾ ਸਾਈਜ਼ ਫੁੱਟਬਾਲ ਤੋਂ ਥੋੜਾ ਜਿਹਾ ਛੋਟਾ ਹੁੰਦਾ ਹੈ ਤੇ ਔਸਤ ਭਾਰ ਲੱਗਭਗ ਇਕ ਕਿੱਲੋ। ਪਰ ਇਸ ਸੀਜ਼ਨ ਵਿੱਚ ਛੋਟੇ-ਛੋਟੇ ਆਕਾਰ ਦੇ (ਲਗਭਗ ਗੇਂਦ ਤੋਂ ਥੋੜ੍ਹੇ ਜਿਹੇ ਵੱਡੇ) ਖਰਬੂਜ਼ੇ ਵੀ ਵਿਕਣ ਲਈ ਮਾਰਕੀਟ ਵਿੱਚ ਆਏ ਹਨ। ਇਸ ਦੇ ਛਿਲਕੇ ਆਮ ਤੌਰ ਤੇ ਹਰਿਆਈ ਭਾਅ ਮਾਰਦੇ ਹੁੰਦੇ ਹਨ। ਪਰ ਅੰਦਰੋਂ ਇਹ ਪੀਲੇ ਜਾਂ ਚਿੱਕੇ ਜਿਹੇ ਸੰਤਰੀ ਹੁੰਦੇ ਹਨ। ਕਈਆਂ ਦੇ ਛਿਲਕੇ ਲਾਈਨਦਾਰ ਹੁੰਦੇ ਹਨ ਅਤੇ ਕਈਆ ਦੇ ਜਾਲੀਦਾਰ।ਸੁਆਦ ਵਿੱਚ ਇਹ ਮਿੱਠਾ ਹੁੰਦਾ ਹੈ। ਕਈ ਕਿਸਮਾਂ ਤਾਂ ਸ਼ਹਿਦ ਵਰਗੀਆਂ ਮਿੱਠੀਆਂ ਹੁੰਦੀਆਂ ਹਨ।ਖੁਸ਼ਬੂ ਵੀ ਇਸਦੀ ਬਹੁਤ ਉਮਦਾ ਹੁੰਦੀ ਹੈ।

ਭਾਰਤ ਵਿਚ ਖਰਬੂਜ਼ਾ ਉਗਾਉਣ ਵਾਲੇ ਸੂਬਿਆਂ ਵਿੱਚ  ਪੰਜਾਬ, ਤਾਮਿਲਨਾਡੂ, ਮਹਾਰਾਸ਼ਟਰ, ਅਤੇ ਉੱਤਰ ਪ੍ਰਦੇਸ਼ ਪ੍ਰਮੁੱਖ ਹਨ। ਇਹ ਡੂੰਘੀ, ਉਪਜਾਊ ਅਤੇ ਜਲਦੀ ਪਾਣੀ ਦਾ ਨਿਕਾਸ ਕਰਨ ਵਾਲੀ ਮਿੱਟੀ ਵਿੱਚ ਜਲਦੀ ਵੱਧਦਾ ਹੈੈ।ਹਰਾ ਮਧੂ, ਪੰਜਾਬ ਸੁਨਹਿਰੀ ਬੌਬੀ ਅਤੇ ਪੰਜਾਬ ਹਾਈਬ੍ਰੈਡ ਇਸਦੀਆਂ ਪ੍ਰਮੁਖ ਕਿਸਮਾਂ ਹਨ। ਖਰਬੂਜ਼ੇ ਦੀ ਬਿਜਾਈ ਲਈ ਅੱਧ ਫਰਵਰੀ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ।

ਇਹ ਕੱਦੂ ਪਰਿਵਾਰ ਦੀ ਫਸਲ ਹੈ।ਜਿਸਨੂੰ ਕੁਕੂਮਿਸ ਮੇਲੋ ਵਜੋਂ ਵੀ ਜਾਣਿਆ ਜਾਂਦਾ ਹੈ। ਜਿਸ ਨੂੰ ਇੱਕ ਨਕਦ ਫਸਲ ਵਜੋਂ ਉਗਾਇਆ ਜਾਂਦਾ ਹੈ। ਇਸ ਦੇ ਪੌਦੇ ਵੇਲਾਂ ਦੇ ਰੂਪ ਵਿੱਚ ਉੱਗਦੇ ਹਨ। ਇਸ ਦੇ ਫਲ ਖਾਣ ਲਈ ਖਾਸ ਤੌਰ ਤੇ ਵਰਤੇ ਜਾਂਦੇ ਹਨ, ਜੋ ਮਿੱਠੇ ਅਤੇ ਸੁਆਦੀ ਹੁੰਦੇ ਹਨ। ਇਸ ਦੇ ਬੀਜਾਂ ਨੂੰ ਮਠਿਆਈਆਂ ਵਿੱਚ ਵਰਤਿਆ ਜਾਂਦਾ ਹੈ।ਇਸ ਦੀ ਤਾਸੀਰ ਠੰਡੀ ਹੁੰਦੀ ਹੈ।

ਖਰਬੂਜ਼ੇ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਪਾਣੀ, ਊਰਜਾ, ਫਾਸਫੋਰਸ, ਆਇਰਨ, ਪੋਟਾਸ਼ੀਅਮ, ਕੈਲੋਰੀਜ਼, ਖੁਰਾਕੀ ਫਾਈਬਰ, ਚਰਬੀ, ਮੈਗਨੀਸ਼ੀਅਮ, ਜ਼ਿੰਕ, ਸੋਡੀਅਮ, ਕਈ ਤਰ੍ਹਾਂ ਦੇ ਵਿਟਾਮਿਨ, ਥਿਆਮੀਨ ਆਦਿ ਦੀ ਭਰਪੂਰ ਹੁੰਦੀ ਹੈ।ਇਹ ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਵਧੀਆ ਸ੍ਰੋਤ  ਹੈ।ਇਸੇਲਈ ਇਹ ਊਰਜਾ ਦੇਣ ਅਤੇ ਅੰਦਰੂਨੀ ਤਾਕਤ ਵਧਾਉਣ ਵਾਲਾ ਫਲ ਮੰਨਿਆ ਜਾਂਦਾ ਹੈ।ਇਸਦੇ ਵਿੱਚ 90% ਪਾਣੀ  ਅਤੇ 9% ਕਾਰਬੋਹਾਈਡਰੇਟ ਹੁੰਦੇ ਹਨ। ਜ਼ਿਆਦਾ ਪਾਣੀ ਗਰਮੀਆਂ ਵਿੱਚ ਡੀ-ਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ।ਖਰਬੂਜ਼ਾ ਸਰੀਰ ਨੂੰ ਅੰਦਰੋਂ ਠੰਡਾ ਰੱਖਦਾ ਹੈ ਅਤੇ ਪਾਣੀ ਦੀ ਕਮੀਂ ਨਹੀਂ ਹੋਣ ਦਿੰਦਾ।ਇਸ ਵਿਚ ਮੌਜੂਦ ਐਂਟੀ ਐਕਸੀਡੈਂਟਸ, ਵਿਟਾਮਿਨ ਅਤੇ ਖਣਿਜ ਤੁਹਾਨੂੰ ਹੋਰ ਬਿਮਾਰੀਆਂ ਤੋਂ ਵੀ ਬਚਾਉਣ ਵਿਚ ਸਹਾਇਤਾ ਕਰਦੇ ਹਨ।

100 ਗ੍ਰਾਮ ਖਰਬੂਜ਼ੇ ਵਿੱਚ 34 ਕੈਲੋਰੀ ਊਰਜਾ ਹੁੰਦੀ ਹੈ।ਜੋ ਸ਼ਰੀਰ ਨੂੰ ਤੁਰੰਤ ਊਰਜਾ ਦੇਣ ਦਾ ਕਾਰਜ ਕਰਦੀ ਹੈ।ਕਾਰਬੋਹਾਈਡ੍ਰੇਟ ਦੀ ਮਾਤਰਾ 8 ਗ੍ਰਾਮ, ਪ੍ਰੋਟੀਨ 0.8 ਗ੍ਰਾਮ, ਫੈਟ 0.2 ਗ੍ਰਾਮ, ਸੋਡੀਅਮ 16 ਮਿਲੀਗ੍ਰਾਮ ਅਤੇ ਪੋਟਾਸ਼ੀਅਮ 267 ਮਿਲੀਗ੍ਰਾਮ ਹੁੰਦਾ ਹੈ।ਇਸ ਵਿੱਚ ਕੁਦਰਤੀ ਖੰਡ ਵੀ ਹੁੰਦੀ ਹੈ।ਇੰਨੀ ਜ਼ਿਆਦਾ ਨਿਊਟ੍ਰੀਸ਼ਨ ਵੈਲਯੂ ਹੋਣ ਕਰਕੇ ਇਹ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।ਕਹਿੰਦੇ ਹਨ ਕਿ ਇਹ ਕਬਜ਼ ਦੂਰ ਕਰਨ, ਆਂਤੜੀਆਂ ਦੀ ਸਫਾਈ ਕਰਨ, ਨਜ਼ਰ ਤੇਜ਼ ਕਰਨ ਅਤੇ ਇਮਊਨਟੀ ਵਧਾਉਣ ਵਿੱਚ ਸਹਾਈ ਹੈ।ਫਾਈਬਰ ਦੀ ਚੰਗੀ ਮਾਤਰਾ ਹੋਣ ਕਰਕੇ ਇਹ ਪਾਚਨ ਵਿੱਚ ਵੀ ਸੁਧਾਰ ਕਰਦਾ ਹੈ।ਕੁਝ ਵਿਦਵਾਨ ਕਹਿੰਦੇ ਹਨ ਕਿ ਇਹ ਨਜ਼ਰ ਵੀ ਤੇਜ਼ ਕਰਦਾ ਹੈ ਅਤੇ ਗੁਰਦੇ ਵਿਚਲੀ ਪਥਰੀ ਨੂੰ ਵੀ ਖੋਰਦਾ ਹੈ। ਇੰਨ੍ਹੇ ਜ਼ਿਆ ਗੁਣ ਹੋਣ ਕਰਕੇ ਇਸਨੂੰ ਗੁਣਾਂ ਦੀ ਖਾਨ ਵੀ ਕਿਹਾ ਜਾਂਦਾ ਹੈ।

ਖਾਣ ਤੋਂ ਪਹਿਲਾਂ ਇਸਨੂੰ ਕੁਝ ਦੇਰ ਪਾਣੀ ਵਿੱਚ ਭਿਓਂਕੇ ਰੱਖ ਦੇਣਾ ਚਾਹੀਦਾ ਹੈ। ਇਸ ਨਾਲ ਇਸ ਵਿਚਲੀ ਬਾਹਰੀ ਮੌਸਮੀ ਗਰਮੀ ਨਿਕਲ ਜਾਂਦੀ ਹੈ।ਜਿੰਨੀ ਵਧ ਗਰਮੀ ਪਵੇ, ਓਨ੍ਹੀ ਵਧ ਇਸ ਵਿੱਚ ਮਿਠਾਸ ਹੁੰਦੀ ਹੈ।ਠੰਡਾ ਕਰਨ ਲਈ ਇਸਨੂੰ ਫਰਿਜ਼ ਵਿੱਚ ਨਹੀਂ ਰੱਖਣਾ ਚਾਹੀਦਾ।ਕਹਿੰਦੇ ਹਨ ਕਿ ਇਸ ਨੂੰ ਖਾਣ ਉਪਰੰਤ ਕੁਝ ਦੇਰ ਪਾਣੀ ਨਹੀਂ ਪੀਣਾ ਚਾਹੀਦਾ।

ਪਰ ਫਿਰ ਵੀ, ਇੰਨੇ ਜ਼ਿਆਦਾ ਇਸ ਵਿੱਚ ਗੁਣ ਹੋਣ ਅਤੇ ਸ਼ਰੀਰ ਲਈ ਲਾਹੇਵੰਦ ਹੋਣ ਕਰਕੇ ਇਸ ਨੂੰ ਚੰਗੀ ਸਿਹਤ ਦਾ ਰਾਹਦਸੇਰਾ ਮੰਨਿਆ ਜਾਂਦਾ ਹੈ।ਆਓ ਇਹਨਾਂ ਗਰਮੀਆਂ ਵਿੱਚ ਇਸਦੀ ਵੱਧ ਤੋਂ ਵੱਧ ਵਰਤੋਂ ਕਰਕੇ ਸਿਹਤ ਨੂੰ ਚੰਗਾ ਬਣਾਈਏ, ਸ਼ਰੀਰ ਨੂੰ ਨਰੋਆ ਰੱਖੀਏ ਅਤੇ ਗਰਮੀ ਕਾਰਨ ਹੋਣ ਵਾਲੀ ਡੀ-ਹਾਈਡ੍ਰੇਸ਼ਨ ਤੋਂ ਬਚੀਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>