ਹੱਕ ਲਈ ਲੜਿਆ ਸੱਚ – (ਭਾਗ-83)

ਦੀਪੀ ਦੇ ਪਿੰਡ ਵਾਲਾ ਚੜ੍ਹਦੇ ਪਾਸੇ ਦਾ ਸਵਰਨ ਸਿੰਘ ਜੋ ਕਾਫੀ ਪੜਿ੍ਹਆ ਲਿਖਿਆ ਅਤੇ ਸਕੂਲ ਬੋਰਡ ਵਿਚ ਨੌਕਰੀ ਕਰਨ ਕਰਕੇ ਚੰਡੀਗੜ੍ਹ ਹੀ ਰਹਿੰਦਾ ਸੀ। ਉਸ ਦਾ ਮੁਖਤਿਆਰ ਦੇ ਟੱਬਰ ਨਾਲ ਕਾਫੀ ਸਨੇਹ ਹੋਣ ਕਾਰਨ ਉਹ ਜਦੋਂ ਵੀ ਪਿੰਡ ਆਉਂਦਾ, ਮੁਖਤਿਆਰ ਦੇ ਪਰਿਵਾਰ ਨੂੰ ਜ਼ਰੂਰ ਮਿਲਦਾ, ਕਿੳਂਕਿ ਉਹ ਮੁਖਤਿਆਰ ਨਾਲ ਹੀ ਪੜ੍ਹਦਾ ਹੁੰਦਾ ਸੀ। ਘਰੋਂ ਗਰੀਬ ਹੋਣ ਕਾਰਨ ਕਈ ਵਾਰ ਮੁਖਤਿਆਰ ਉਸ ਦੀ ਸਕੂਲ ਦੀ ਫੀਸ ਵੀ ਦੇ ਦਿੰਦਾ ਸੀ। ਅੱਜ ਵੀ ਆਪਣੀ ਪਤਨੀ ਨਾਲ ਆਇਆ ਤਾਂ ਸਹੁਰੇ ਤੋਂ ਪੇਕੇ ਘਰ ਆਈ ਦੀਪੀ ਨੂੰ ਦੇਖ ਕੇ ਖੁਸ਼ ਹੁੰਦਾ ਹੋਇਆ ਬੋਲਿਆ, “, ਪੁੱਤ, ਕੀ ਹਾਲ ਹੈ ਤੁਹਾਡਾ?”
“ਠੀਕ ਹੈ, ਚਾਚਾ ਜੀ।”
ਦੀਪੀ ਨੂੰ ਦੇਖ ਕੇ ਉਸ ਦੀ ਪਤਨੀ ਦਾ ਪਤਾ ਨਹੀ ਕਿਉਂ ਦਿਲ ਭਰ ਆਇਆ। ਉਹ ਬੋਲੀ ਤਾਂ ਕੁਝ ਨਹੀ, ਚੁੱਪ-ਚਾਪ ਦੀਪੀ ਨੂੰ ਆਪਣੇ ਨਾਲ ਲਾ ਲਿਆ। ਉਸ ਨੇ ਹਰਨਾਮ ਕੌਰ ਨੂੰ ਜ਼ਰੂਰ ਪੁੱਛਿਆ, “ਤਾਈ ਜੀ, ਆਪ ਦੇ ਗੋਡੇ ਹੁਣ ਕਿਵੇਂ ਨੇ?”
“ਸੋਜ ਤਾਂ ਪਹਿਲੇ ਨਾਲੋ ਘੱਟ ਹੈ, ਪਰ ਦੁਖਣੋ ਨਹੀ ਹੱਟਦੇ।”
“ਧੀਏ, ਮੈਂ ਤਾਂ ਇਹਨੂੰ ਰੋਜ਼ ਕਹਿੰਦੀ ਹਾਂ ਕਿ ਕਾਲੀ ਦਵਾਈ ਸੌਣ ਲੱਗੀ ਮਲਿ੍ਹਆ ਕਰ।” ਗਿਆਨ ਕੌਰ ਕੋਲ ਹੀ ਮੰਜੇ ਤੇ ਬੈਠੀ ਬੋਲੀ, “ਫਿਰ ਉੱਪਰ ਦੀ ਸੇਕ ਦਿਆ ਕਰ, ਪਰ ਕਈ ਵਾਰੀ ਇਹ ਘੌਲ ਕਰ ਜਾਂਦੀ ਹੈ।”
“ਤੁਸੀ ਵੀ ਮੈਨੂੰ ਅੱਗੇ ਨਾਲੋ ਕਮਜ਼ੋਰ ਹੀ ਲੱਗਦੇ ਹੋ।” ਸਵਰਨ ਸਿੰਘ ਨੇ ਕਿਹਾ, “ਹਰੀਆਂ ਸਬਜ਼ੀਆਂ, ਸਾਗ ਬਗੈਰਾ ਜ਼ਿਆਦਾ ਖਾਇਆ ਕਰੋ।”
“ਅਗਾਂਹ ਅਗਾਂਹ ਮਾੜੇ ਹੀ ਹੋਣਾ ਆ। ਹੋਰ ਕਿਤੇ ਤਕੜੇ ਹੋਣਾ ਆ।” ਗਿਆਨ ਕੌਰ ਨੇ ਕਿਹਾ, “ਸਾਗ ਤਾਂ ਸਾਡੇ ਅੱਜ ਵੀ ਬਣਿਆ ਆ।”
ਉਦੋਂ ਹੀ ਸੁਰਜੀਤ ਚਾਹ ਧਰਨ ਲਈ ਰਸੌਈ ਵੱਲ ਚਲੀ ਸੀ ਤਾਂ ਸਵਰਨ ਸਿੰਘ ਨੇ ਸਾਫ ਹੀ ਕਹਿ ਦਿੱਤਾ, “ਭਾਬੀ ਜੀ, ਜੇ ਸਾਗ ਬਣਿਆ ਹੈ ਤਾਂ ਚਾਹ ਰਹਿਣ ਦਿਉ, ਸਾਗ ਨਾਲ ਮੱਕੀ ਦੀ ਰੋਟੀ ਖਾਵਾਂਗੇ।
“ਰੋਟੀ ਤਾਂ ਹੁਣੇ ਹੀ ਬਣਾ ਦਿੰਦੇ ਹਾਂ।”
ਮੁਖਤਿਆਰ ਵੀ ਖੂਹ ਤੋਂ ਮੁੜ ਆਇਆ। ਸਵਰਨ ਸਿੰਘ ਨੂੰ ਦੇਖ ਕੇ ਕਿਸੇ ਚਾਅ ਵਿਚ ਆ ਗਿਆ। ਰੋਟੀ ਖਾਣ ਤੋਂ ਬਾਅਦ ਸਵਰਨ ਸਿੰਘ ਨੇ ਹੀ ਗੱਲ ਛੇੜੀ, “ਜਦੋਂ ਦੀਪੀ ਦੀ ਐਮ’ਏ ਪੂਰੀ ਹੋ ਜਾਵੇ ਤਾਂ ਦੱਸਣਾ, ਕੋਸ਼ਿਸ਼ ਕਰਾਂਗਾ ਇਸ ਨੂੰ ਬੋਰਡ ਵਿਚ ਹੀ ਨੌਕਰੀ ਮਿਲ ਜਾਵੇ।”
ਅੱਜ ਤੱਕ ਮੁਖਤਿਆਰ ਨੇ ਕਿਸੇ ਕੋਲ ਵੀ ਜਿਕਰ ਨਹੀ ਸੀ ਕੀਤਾ ਕਿ ਦੀਪੀ ਦਾ ਬਾਹਰਲਾ ਕੰੰਮ ਬਣ ਰਿਹਾ ਹੈ, ਅੱਜ ਪਹਿਲੀ ਵਾਰ ਉਸ ਨੇ ਸਵਰਨ ਸਿੰਘ ਦੇ ਕੰਨ ਕੋਲ ਜਾ ਕੇ ਕਿਹਾ, “ਦੀਪੀ ਦੇ ਬਾਹਰ ਜਾਣ ਦਾ ਕੰਮ ਬਣ ਰਿਹਾ ਹੈ, ਲੱਗਦਾ ਹੈ ਛੇਤੀ ਹੀ ਗੱਲ ਬਣ ਜਾਵੇਗੀ।”
“ਪਰਾਹੁਣੇ ਬਾਰੇ ਕੁਝ ਪਤਾ ਲੱਗਾ।” ਸਵਰਨ ਸਿੰਘ ਦੀ ਜ਼ਨਾਨੀ ਵਿਚੋਂ ਹੀ ਬੋਲ ਪਈ, “ਸਾਨੂ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਪਰਾਹੁਣਾ ਖਾੜਕੂ ਨਿਕਲਿਆ।”
“ਖਾੜਕੂ ਹੋਣ ਦਾ ਦੁੱਖ ਲੱਗਾ ਜਾਂ।” ਗਿਆਨ ਕੌਰ ਵਿਚੋਂ ਹੀ ਬੋਲੀ, “ਜੋ ਦੁੱਖ ਸਿੰਘਾਂ ਦੇ ਪ੍ਰੀਵਾਰ ਸਹਾਰ ਰਹੇ ਨੇ ਉਹਨਾ ਨਾਲ ਹਮਦਰਦੀ ਆਈ।”
“ਮੁੰਡੇ ਤਾਂ ਆਪਣੇ ਵਲੋਂ ਤੁਰੇ ਸਨ ਕਿ ਪੰਜਾਬ ਨਾਲ ਜੋ ਪੱਖ-ਪਾਤ ਪਹਿਲਾਂ ਹੋਇਆ ਜਾਂ ਹੁਣ ਹੋ ਰਿਹਾ ਹੈ।” ਮੁਖਤਿਆਰ ਵਿਚੋਂ ਹੀ ਬੋਲਿਆ, “ਉਹ ਨਾ ਹੋਵੇ।”
“ਪੱਖ-ਪਾਤ ਛੇਤੀ ਕਿਤੇ ਹੱਟ ਜਾਵੇਗਾ। ਇਹ ਦਿਮਾਗ ਵਿਚੋਂ ਕੱਢ ਦਿਉ।” ਸਵਰਨ ਸਿੰਘ ਨੇ ਦੱਸਿਆ, “1947 ਤੋਂ ਲੈ ਕੇ ਹੁਣ ਤੱਕ ਜਿਸ ਸਾਜਿਸ਼ ਵਿਚ ਪੰਜਾਬ ਨੂੰ ਲੇਪੇਟਿਆ ਗਿਆ ਹੈ, ਉਸ ਵਿਚੋਂ ਪੰਜਾਬੀ ਸਹਿਜੇ ਕੀਤੇ ਬਾਹਰ ਨਹੀ ਨਿਕਲ ਸਕਦੇ।”
“ਧੰਨ ਹਨ ਇਹ ਖਾੜਕੂ ਅਤੇ ਧੰਨ ਨੇ ਇਹਨਾਂ ਦੇ ਮਾਪੇ।” ਸਵਰਨ ਸਿੰਘ ਦੀ ਪਤਨੀ ਫਿਰ ਬੋਲੀ, “ਸਾਡੇ ਪਿੰਡ ਦੇ ਮੀਕੇ ਦਾ ਅੰਗ ਅੰਗ ਪੁਲੀਸ ਨੇ ਵੱਢ ਦਿੱਤਾ, ਕਹਿੰਦੇ ਨੇ ਉਹ ਟੱਸ ਤੋਂ ਮਸ ਨਹੀਂ ਹੋਇਆ। ਜੋ ਪੁਲੀਸ ਉਸ ਕੋਲੋ ਭੇਦ ਪੁੱਛਦੀ ਸੀ, ਉਹ ਭੇਦ ਆਪਣੇ ਨਾਲ ਹੀ ਲੈ ਗਿਆ। ਉਸ ਦਾ ਘਰ-ਬਾਰ ਉਜਾੜ ਦਿੱਤਾ, ਮਾਪੇ ਫਿਰ ਵੀ ਕਹਿੰਦੇ ਨੇ ਵਾਹਿਗੁਰੂ ਦਾ ਧੰਨਵਾਦ ਸਾਡੇ ਪੁੱਤ ਦੀ ਜਿੰਦ ਕੌਮ ਦੇ ਲੇਖੇ ਲੱਗੀ।”
“ਮੁੰਡੇ ਤਾਂ ਭੋਲੇ ਆ।” ਸਵਰਨ ਸਿੰਘ ਨੇ ਕਿਹਾ, “ਰਾਏਸ਼ੁਮਾਰੀ ਵੇਲੇ ਜੋ ਕੁਝ ਹੋਇਆ, ਉਹ ਸਾਨੂੰ ਹੀ ਪਤਾ ਹੈ।”
“ਪੰਜਾਬੀ ਹਿੰਦੂ ਭਰਾਵਾ ਨੇ ਆਪਣੀ ਬੋਲੀ ਹਿੰਦੀ ਹੀ ਲਖਵਾਈ।” ਮੁਖਤਿਆਰ ਨੇ ਕਿਹਾ, “ਸਾਨੂੰ ਤਾਂ ਇਹ ਹੀ ਪਤਾ ਹੈ, ਇਸੇ ਕਰਕੇ ਪੰਜਾਬ ਦੀ ਪੰਜਾਬੀ ਸੂਬੀ ਬਣਾ ਕੇ ਰੱਖ ਦਿੱਤੀ।।”
“ਚਲੋ ਉਹ ਤਾਂ ਗੱਲ ਹੋਈ ਹੀ ਸੀ, ਜੋ ਕੁਝ ਹੋਰ ਹੋਇਆ ਉਹ ਵੀ ਸੁਣੋ।” ਸਵਰਨ ਸਿੰਘ ਨੇ ਦੱਸਿਆ, “ਰਾਏਸ਼ੁਮਾਰੀ ਕਰਨ ਵਾਲੇ ਸਾਰੇ ਦੇ ਸਾਰੇ ਬਾਰਾਂ ਸੋ ਹਿੰਦੂ ਸਨ। ਬਹੁਤੇ ਪਿੰਡਾਂ ਵਿਚ ਘਰਾਂ ਦੇ ਮੁਖੀਆਂ ਦੇ ਦਸਖੱਤ ਵੀ ਨਹੀ ਕਰਵਾਏ ਗਏ, ਪੰਜਾਬੀ ਦੀ ਆਮ ਕਟਿੰਗ ਫਾਰਮਾਂ ਵਿਚ ਦੇਖੀ ਗਈ, ਭਜਨ ਲਾਲ ਨੇ ਹਰਿਆਣੇ ਦੇ ਰਾਏ ਸਿੱਖਾ ਨੂੰ ਵੀ ਪੰਜ ਪੰਜ ਕਿਲੇ ਹਿੰਦੀ ਜ਼ਬਾਨ ਲਿਖਾਵਾਉਣ ਲਈ ਦਿੱਤੇ।”
“ਅੱਛਾ ਜੀ।” ਮੁਖਤਿਆਰ ਨੇ ਕਿਹਾ, “ਭਜਨ ਲਾਲ ਦੇ ਮੂੰਹ ਵਿਚ ਰਾਮ ਰਾਮ ਹੈ ਤੇ ਬਗਲ ਵਿਚ ਛੁਰੀ।”
“ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਗੁਵਾਂਢੀ ਸੂਬਿਆਂ ਵਿਚ ਜਾ ਕੇ ਜ਼ਮੀਨ ਨਹੀ ਖ੍ਰੀਦ ਸਕਦਾ।” ਸਵਰਨ ਸਿੰਘ ਨੇ ਕਿਹਾ, “ਪਰ ਉਹ ਪੰਜਾਬ ਵਿਚ ਜ਼ਮੀਨ ਖ੍ਰੀਦ ਸਕਦੇ ਹਨ, ਪਰ ਅਸੀ ਕਰ ਵੀ ਕੀ ਸਕਦੇ ਹਾਂ।”
“ਜਿਹੜੇ ਕਰਨ ਲਈ ਤੁਰੇ ਸਨ, ਉਹਨਾਂ ਨੂੰ ਰਾਹ ਵਿਚ ਹੀ ਰੋਕ ਦਿੱਤਾ ਗਿਆ ” ਗਿਆਨ ਕੌਰ ਨੇ ਮੁੰਡਿਆ ਦਾ ਪੱਖ ਲੈਂਦੇ ਕਿਹਾ, “ਅੱਜਕਲ ਤਾਂ ਆਪਣੇ ਵੀ ਮੁੰਡਿਆਂ ਦੇ ਮਗਰ ਪਏ ਹੋਏ ਨੇ।”
“ਸਾਡੇ ਪਰਾਹੁਣੇ ਦੇ ਮਗਰ ਸੜ ਜਾਣੇ ਪਤਾ ਨਹੀ ਕਿਉਂ ਪਏ ਹੋਏ ਆ।” ਚਿਰ ਤੋਂ ਖਾਮੌਸ਼ ਬੈਠੀ ਹਰਨਾਮ ਕੌਰ ਬੋਲੀ, “
ਕੁੜੀ ਸਾਡੀ ਨੇ ਤਾਂ ਇਕ ਦਿਨ ਵੀ ਚੰਗਾ ਉਹਦੇ ਨਾਲ ਵਸ ਕੇ ਨਹੀ ਦੇਖਿਆ।”
ਚਾਹ ਦੇ ਕੱਪ ਟਰੇ ਵਿਚ ਰੱਖੀ ਆਉਂਦੀ ਦੀਪੀ ਨੇ ਇਹ ਗੱਲ ਸੁਣ ਲਈ ਸੀ, ਪਰ ਉਸ ਨੇ ਜ਼ਾਹਰ ਨਹੀ ਹੋਣ ਦਿੱਤਾ। ਉਸ ਦੇ ਪਿੱਛੇ ਹੀ ਚਾਹ ਦੀ ਕੇਟਲੀ ਚੁੱਕੀ ਆਉਂਦੀ ਸੁਰਜੀਤ ਨੇ ਜ਼ਰੂਰ ਕਹਿ ਦਿੱਤਾ, “ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰੋ, ਇਹ ਸਭ ਆਪਣੇ ਆਪਣੇ ਭਾਗਾਂ ਦੀਆਂ ਗੱਲਾਂ ਹੁੰਦੀਆਂ ਨੇ।”
“ਉਸ ਤਰ੍ਹਾਂ ਤਾਂ ਜੇ ਜ਼ਵਾਨ ਕੁੜੀ ਬੂਹੇ ਤੇ ਇਸ ਤਰ੍ਹਾਂ ਬੈਠੀ ਹੋਵੇ ਤਾਂ ਹਰ ਇਕ ਨੂੰ ਫਿਕਰ ਹੋਈ ਜਾਂਦਾ ਹੈ।” ਸਵਰਨ ਸਿੰਘ ਦੀ ਪਤਨੀ ਨੇ ਕਿਹਾ, “ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਪਰਾਹੁਣੇ ਦਾ ਪਤਾ ਹੀ ਨਹੀ ਲੱਗ ਰਿਹਾ ਕਿ ਉਹ ਹੈ ਜਾਂ….।”
“ਪਰ ਮੇਰੇ ਦਿਲ ਨੂੰ ਪਤਾ।” ਦੀਪੀ ਨੇ ਉਸ ਦੀ ਗੱਲ ਪੂਰੀ ਨਹੀ ਹੋਣ ਦਿੱਤੀ ਅਤੇ ਵਿਚ ਹੀ ਬੋਲ ਪਈ, “ਉਹਨਾਂ ਦਾ ਵਾਲ ਵੀ ਵਿੰਗਾ ਨਹੀ ਹੋਇਆ ਅਤੇ ਉਹ ਠੀਕ ਨੇ।”
“ਜੇ ਪੁੱਤ ਤੇਰਾ ਇਹ ਵਿਸ਼ਵਾਸ ਹੈ ਤੇ ਉਹ ਠੀਕ ਹੀ ਹੋਵੇਗਾ।” ਸਵਰਨ ਸਿੰਘ ਨੇ ਕਿਹਾ, ” ਇਸ ਵਿਸ਼ਵਾਸ ਨੂੰ ਇਸ ਤਰ੍ਹਾਂ ਹੀ ਪੱਕਾ ਰੱਖੀ।”
ਲੱਗ-ਪੱਗ ਘਰ ਦੇ ਸਾਰੇ ਜੀਆਂ ਨੂੰ ਪਤਾ ਸੀ ਕਿ ਦਿਲਪ੍ਰੀਤ ਹੁਣ ਕਿੱਥੇ ਹੈ, ਪਰ ਕਿਸੇ ਨੇ ਵੀ ਉਹਨਾਂ ਨੂੰ ਕੁਝ ਨਾ ਕਿਹਾ। ਸਵਰਨ ਸਿੰਘ ਨੇ ਵੀ ਪਿੰਡ ਦੀਆਂ ਗੱਲਾਂ ਛੇੜ ਲਈਆਂ। ਸਾਰੇ ਚਾਹ ਦਾ ਘੁੱਟ ਭਰਦੇ ਉਸੇ ਤਰ੍ਹਾਂ ਦੀਆਂ ਗੱਲਾਂ ਵਿਚ ਹੁੰਗਾਰਾ ਭਰਨ ਲੱਗੇ।

This entry was posted in ਹੱਕ ਲਈ ਲੜਿਆ ਸੱਚ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>