ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ

ਭਾਰਤ ਨੂੰ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਕਿਹਾ ਜਾਂਦਾ ਹੈ। ਹਰੇਕ ਤਿਉਹਾਰ ਜਾਂ ਮੇਲੇ ਦੀ ਆਪਣੀ ਮਹੱਤਤਾ ਹੈ ਅਤੇ ਹਰੇਕ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਗੱਲ/ਕਹਾਣੀ ਜੁੜੀ ਹੋਈ ਹੈ ਜੋ ਸਾਨੂੰ ਕੋਈ ਸਿੱਖਿਆ ਜਾਂ ਸੁਨੇਹਾ ਦਿੰਦੀ ਹੈ। ਦਸਹਿਰੇ ਦੇ ਤਿਉਹਾਰ ਨੂੰ ਬਦੀ ’ਤੇ ਸੱਚ ਦੀ ਜਿੱਤ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਜਿਹੜੇ ਪੁਤਲੇ ਬਣਾ ਕੇ ਇਸ ਦਿਨ ਸਾੜੇ ਜਾਂਦੇ ਹਨ, ਉਨ੍ਹਾਂ ’ਚ ਰਾਵਣ ਦੇ ਦਸ ਸਿਰ ਬਣਾਏ ਜਾਂਦੇ ਹਨ। ਬੱਚੇ ਬੜੇ ਉਤਸਾਹ ਨਾਲ ਪ੍ਰਸ਼ਨ ਕਰਦੇ ਹਨ ਕਿ ਕੀ ਰਾਵਣ ਦੇ ਦਸ ਸਿਰ ਸਨ? ਸਰੀਰਕ ਤੌਰ ’ਤੇ ਭਾਵੇਂ ਰਾਵਣ ਦੇ ਦਸ ਸਿਰ ਨਹੀਂ ਸਨ ਪਰ  ਕਹਿੰਦੇ ਹਨ ਕਿ ਭਗਵਾਨ ਸ਼ਿਵ ਦਾ ਇਹ ਮਹਾਂਭਗਤ ਦਸ ਸਿਰਾਂ ਦੇ ਬਰਾਬਰ ਦੀ ਬੁੱਧੀ, ਗਿਆਨ ਅਤੇ ਵਿਦਿਅਕ ਸੋਚ ਦਾ ਮਾਲਕ ਸੀ, ਮਹਾਂਬਹੁਬਲੀ ਸੀ ਅਤੇ ਮਹਾ ਗਿਆਨੀ ਸੀ। ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ 14 ਸਾਲਾਂ ਦੇ ਬਨਵਾਸ ਸਮੇਂ ਉਹ ਆਪਣੇ ਬਲ ਦੇ ਹੰਕਾਰ, ਰਾਜਭਾਗ ਅਤੇ ਪ੍ਰਾਪਤ ਦੈਵੀ ਸ਼ਕਤੀਆਂ ਦੇ ਨਸ਼ੇ ’ਚ ਚੂਰ ਹੋ ਕੇ ਮਾਤਾ ਸੀਤਾ ਨੂੰ ਜਬਰੀ ਚੁੱਕ ਕੇ ਲੈ ਗਿਆ ਸੀ। ਇਹ ਸੋਚ ਅਤੇ ਇਹ ਕਾਰਜ ਉਸਦਾ ਸਕਰਾਤਮਕ ਨਾ ਹੋ ਕੇ ਨਾਰਾਤਮਕ ਸੀ। ਇਥੇ ਉਸਦੇ  ਦਸ ਸਿਰਾਂ ਦੀ ਸਿਆਣਪ ਨੂੰ ਉਸ ਦੀ ਇਕ ਬੁਰਾਈ ਨੇ ਖਤਮ ਕਰ ਕੇ ਰੱਖ ਦਿੱਤਾ। ਇਸ ਬੁਰਾਈ ਦਾ ਜਨਮ ਉਸਦੇ ਹੰਕਾਰ ਅਤੇ ਬੱਲ ਦੀ ਰਿਣਾਤਮਕ ਸੋਚ ਵਿੱਚੋਂ ਹੋਇਆ ਸੀ। ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਆਪਣੀ ਫ਼ੌਜ਼ ਨਾਲ ਰਾਵਣ ਅਤੇ ਰਾਵਣਰਾਜ ਦਾ ਖਾਤਮਾ ਕਰ ਦਿੱਤਾ ਸੀ। ਇਹ ਅਸੁਰੀ ਸ਼ਕਤੀਆਂ ਅਤੇ ਰਾਕਸ਼ਰਾਜ ਦਾ ਅੰਤ ਸੀ ਭਾਵ ਅਧਰਮ ਦਾ ਅੰਤ ਸੀ। ਇਥੇ ਭਗਵਾਨ ਸ਼੍ਰੀਰਾਮ ਚੰਦਰ ਜੀ ਨੇ ਅਧਰਮ ਅਤੇ ਅਨੈਤਿਕਤਾ ਦੀ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਸੀ।

ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਵੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਹੀ ਹੈ। ਇਸ ਤਿਉਹਾਰ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਹੈ। ਅੱਜ ਅਸੀਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ  ਪੁਤਲੇ ਸਾੜ ਕੇ ਮੰਨਦੇ ਹਨ ਕਿ ਬੁਰਾਈ ਖਤਮ ਹੋ ਗਈ ਹੈ। ਪਰ ਕੀ ਅਸੀਂ ਸਮਾਜ ਵਿਚਲੀਆਂ ਕਿਸੇ ਵੀ ਕਿਸਮ ਦੀਆਂ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਬਾਰੇ ਸੋਚਦੇ ਹਾਂ, ਯਤਨ ਕਰਦੇ ਹਾਂ?

ਦਸਹਿਰਾ ਤਾਂ ਦੇਸ਼ ਭਰ ’ਚ ਹਰ ਥਾਂ ਮਨਾਇਆ ਜਾਂਦਾ ਹੈ। ਹਰ ਥਾਂ ਬੇਸ਼ੁਮਾਰ ਭੀੜ ਇਕੱਠੀ ਹੋ ਜਾਂਦੀ ਹੈ। ਇਸ ਦੁਸਹਿਰੇ ਨੂੰ ਮਨਾਉਣ ਵਾਲੀਆਂ ਕਮੇਟੀਆਂ, ਉਨ੍ਹਾਂ ਦੇ ਅਹੁਦੇਦਾਰ, ਵੇਖਣ ਆਈ ਭੀੜ ਵਿਚਲੇ ਸਾਰੇ ਬੰਦੇ ਸਭ ਜਾਣਦੇ ਹਨ ਕਿ ਦਸਹਿਰਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਝੂਠ ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ, ਅਧਰਮ ਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਇਹ ਅਨੈਤਿਕਤਾ ਤੇ ਨੈਤਿਕਤਾ, ਸਿਧਾਂਤਾਂ ਅਤੇ ਵਿਧੀ ਦਿਆਂ ਨਿਯਮਾਂ ਦੀ ਜਿੱਤ ਹੈ। ਦੁਨੀਆਂ ਜਾਣਦੀ ਹੈ, ਗ੍ਰੰਥ ਦੱਸਦੇ ਹਨ ਕਿ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਨੇ ਰਾਵਣ ਨੂੰ ਮੌਤ ਦੀ ਨੀਂਦ ਸੁਲਾਇਆ ਸੀ। ਅਸਲ ’ਚ ਇਹ ਰਾਵਣ ਦੇ ਹੰਕਾਰ ਦੀ ਮੌਤ ਸੀ। ਇਕ ਮਹਾਗਿਆਨੀ ਦੇ ਹੰਕਾਰ ਦੀ ਮੌਤ। ਤੇ ਉਸ ਨੂੰ ਮਾਰਿਆ ਕਿਸ ਨੇ? ਦੁਨੀਆਂ ਨੂੰ ਮਰਿਆਦਾਵਾਂ ’ਚ ਰਹਿਣ ਦਾ ਸਬਕ ਦੇਣ ਅਤੇ ਪਾਠ ਪੜ੍ਹਾਉਣ ਵਾਲੇ ਭਗਵਾਨ ਵਿਸ਼ਨੂੰ ਜੀ ਮਹਾਰਾਜ ਦੇ ਅਵਤਾਰ ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਨੇ।

ਪਰ ਅੱਜ ਹਰ ਪਾਸੇ ਲਾਲਚ ਦਾ ਪਸਾਰਾ ਹੈ। ਇਹ ਲਾਲਚ ਚਾਹੇ ਪੈਸੇ ਦਾ ਹੋਵੇ ਤੇ ਚਾਹੇ ਸ਼ੋਹਰਤ ਦਾ ਤੇ ਚਾਹੇ ਖੁਦਗਰਜ਼ੀ ਦਾ। ਹੰਕਾਰ ਅਤੇ ਮਹਾਬੁਰਾਈ ਦੇ ਪੁਤਲੇ ਫੂੱਕੇ ਜਾਂਦੇ ਹਨ। ਹਰ ਸਾਲ…….. । ਉਸੇ ਤਰ੍ਹਾਂ ਪ੍ਰਤੀਕ ਦੇ ਰੂਪ ’ਚ ਸ਼੍ਰੀਰਾਮ ਅਤੇ ਰਾਵਣ ਦੀਆਂ ਫੌਜਾਂ ਵਿਚਕਾਰ ਦਸਹਿਰੇ ਵਾਲੀ ਗਰਾਉਡ ’ਚ ਜੰਗ ਵਿਖਾਈ ਜਾਂਦੀ ਹੈ। ਅੰਤ ’ਚ ਭਗਵਾਨ ਸ਼੍ਰੀਰਾਮ ਜੀ ਦੇ ਤੀਰ ਨਾਲ ਰਾਵਣ ਦਾ ਅੰਤ ਹੁੰਦਾ ਹੈ। ਸਮਾਗਮਾਂ ’ਚ ਇੱਥੇ ਛਿੱਟੇਮਾਰੀ ਸ਼ੁਰੂ ਹੋ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਭਗਵਾਨ ਸ਼੍ਰੀਰਾਮ ਜੀ ਦੇ ਸਰੂਪ ਵੱਲੋਂ ਰਾਵਣ ਦੇ ਬੁੱਤ ਨੂੰ ਅੱਗ ਲਗਾਈ ਜਾਵੇ। ਪਰ ਲਗਾਉਦਾ ਕੌਣ ਹੈ? ਇਲਾਕੇ ਦਾ ਲੀਡਰ, ਮੰਤਰੀ ਜਾਂ ਅਫ਼ਸਰ। ਕਿਉ?

ਕਈ ਪ੍ਰਸ਼ਨ ਉੱਠਦੇ ਹਨ। ਇਹ ਲੀਡਰ, ਮੰਤਰੀ ਜਾਂ ਅਫ਼ਸਰ ਹੀ ਬੁੱਤਾਂ ਨੂੰ ਅੱਗ ਕਿਉ ਵਿਖਾਉਦੇ/ਲਗਾਉਦੇ ਹਨ? ਕੀ ਇਹ ਸਮਝਦੇ ਹਨ ਕਿ ਇਨ੍ਹਾਂ ਦਾ ਆਪਣਾ ਕਿਰਦਾਰ ਭਗਵਾਨ ਰਾਮ ਦੇ ਬਰਾਬਰ ਹੈ? ਕੀ ਇਹ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਨ ’ਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ? ਜੇ ਇਨ੍ਹਾਂ ਦਾ ਚਰਿਤਰ ਏਦਾ ਦਾ ਨਹੀਂ ਤਾਂ ਫ਼ਿਰ ਇਹ ਧਰਮ ਦੇ ਅਖੌਤੀ ਠੇਕੇਦਾਰ ਕਿਉ ਬਣਦੇ ਹਨ? ਮੇਰੀ ਸਮਝ ’ਚ ਇਹ ਗੱਲ ਨਹੀਂ ਆ ਰਹੀ। ਜਾਪਦਾ ਹੈ ਕਿ ਇਹ ਸਭ ਕੁੱਝ ਪਿੱਛੇ ਧਰਮ ਦੇ ਕੁਝ ਆਪੇ ਬਣੇ ਰਹਿਬਰਾਂ ਦਾ ਹੱਥ ਹੁੰਦਾ ਹੈ। ਇਹ ਰਹਿਬਰ ਆਮਤੌਰ ਤੇ ਜਾਂ ਤਾਂ ਦਸਹਿਰਾ ਮਨਾਉਣ ਵਾਲੀ ਕਮੇਟੀ ਦੇ ਮੈਂਬਰ ਹੁੰਦੇ ਹਨ ਤੇ ਜਾਂ ਫਿਰ ਸਭ ਤੋਂ ਮੂਹਰੇ ਹੋ ਕੇ ਤੁਰਨ ਵਾਲੇ ਮੋਹਤਬਰ। ਇਹੀ ਇਨ੍ਹਾਂ ਅਫ਼ਸਰਾਂ, ਲੀਡਰਾਂ, ਮੰਤਰੀਆਂ ਆਦਿ ਦੀ ਚਾਪਲੂਸੀ, ਛਿੱਟੇਮਾਰੀ ਕਰਦੇ ਹਨ। ਉਨ੍ਹਾਂ ਮੂਹਰੇ ਨੰਬਰ ਬਣਾਉਦੇ ਹਨ ਅਤੇ ਆਪਣੇ ਇਕ ਵਧਾਉਦੇ ਹਨ ਅਤੇ ਫਿਰ ਇਨ੍ਹਾਂ ਕਿਸ ਦਾ ਫਾਇਦਾ ਆਪਣੇ ਨਿਜੀ ਕੰਮ ਕਢਾਉਣ ਵਿੱਚ ਕਰਦੇ ਹਨ। ਉਨ੍ਹਾਂ ਅਫ਼ਸਰਾਂ, ਲੀਡਰਾਂ ਅਤੇ ਮੰਤਰੀਆਂ ਨੂੰ ਵਰਤਦੇ ਹਨ। ਹਾਲਾਂਕਿ ਸਾਰੀ ਥਾਂ  ਏਦਾ ਨਹੀਂ ਹੁੰਦਾ ਪਰ ਬਹੁਤੇਰੀਆਂ ਥਾਵਾਂ ਤੇ ਏਦਾਂ ਹੀ ਹੁੰਦਾ ਹੈ। ਪਤਾ ਨਹੀਂ ਕੀ ਸੋਚ ਹੁੰਦੀ ਹੈ ਇਨ੍ਹਾਂ ਅਫ਼ਸਰਾਂ, ਲੀਡਰਾਂ ਤੇ ਮੰਤਰੀਆਂ ਦੀ? ਮੰਨਿਆ ਦਸਹਿਰਾ ਮਨਾਉਣ ਵਾਲਿਆਂ ਨੇ ਅਤੇ ਅਖੌਤੀ ਮੋਹਤਬਰਾਂ ਨੇ ਇਨ੍ਹਾਂ ਨੂੰ ਪੁਤਲਿਆਂ ਨੂੰ ਅੱਗ ਲਗਾਉਣ ਦੀ ਬੇਨਤੀ ਕਰ ਦਿੱਤੀ ਪਰ ਕੀ ਇਨ੍ਹਾਂ ਦਾ ਦਿਮਾਗ ਨਹੀਂ ਹੁੰਦਾ? ਕੀ ਇਹ ਆਪਣੇ ਆਪ ਨੂੰ ਭਗਵਾਨ ਰਾਮ ਦੇ ਬਰਾਬਰ ਸਮਝਣ ਲੱਗ ਜਾਂਦੇ ਹਨ? ਭਗਵਾਨ ਰਾਮ ਨੇ ਤਾਂ ਬਥੇਰੀਆਂ ਬੁਰਾਈਆਂ ਨੂੰ ਖਤਮ ਕੀਤਾ ਪਰ ਕੀ ਇਹ ਕਿਸੇ ਇਕ ਬੁਰਾਈ ਨੂੰ ਵੀ ਖਤਮ ਕਰਨ ਦੇ ਯੋਗ ਹਨ?

ਭਗਵਾਨ ਸ਼੍ਰੀਰਾਮ ਨੇ ਰਾਵਣ ਦਾ ਨਹੀਂ, ਉਸ ਦੀਆਂ ਬੁਰਾਈਆਂ ਦਾ ਖਾਤਮਾ ਕੀਤਾ ਸੀ । ਰਾਵਣ ਭਾਵੇਂ ਉੱਚਕੋਟੀ ਦਾ ਵਿਦਵਾਨ ਸੀ ਪਰ ਉਸ ਦੀ ਇਕ ਬੁਰਾਈ ਨੇ ਉਸ ਦਾ ਸਮੂਲਨਾਸ਼ ਕਰ ਦਿੱਤਾ। ਅੱਜ ਵੀ ਭਗਵਾਨ ਸ਼੍ਰੀਰਾਮ ਦੀ ਤਰ੍ਹਾਂ ਸਾਨੂੰ ਬੁਰਾਈਆਂ ਦੇ ਖਾਤਮੇ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਪਰੰਮਪਰਾ ਅਨੁਸਾਰ ਅੱਜ ਅਸੀਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਤਾਂ ਫੂਕਦੇ ਹੀ ਹਾਂ ਪਰ ਸਾਨੂੰ ਸਮਾਜ ਵਿਚਲੀਆਂ ਨਸ਼ਿਆਂ, ਭਰੂਣ ਹੱਤਿਆ,  ਬਾਲ ਮਜ਼ਦੂਰੀ, ਦਹੇਜ ਅਤੇ ਹਰ ਤਰ੍ਹਾਂ ਦੇ ਸੋਸ਼ਨ ਵਰਗੀਆਂ ਬੁਰਾਈਆਂ ’ਦੇ ਪ੍ਰਤੀਕਾਤਮਕ ਪੁਤਲੇ ਸਾੜਨ ਦੀ ਕੋਸ਼ਿਸ ਕਰਨ ਵੱਲ ਵਧਨਾ ਚਾਹੀਦਾ ਹੈ । ਅਸੀਂ ਇਸ ਪਾਸੇ ਵੱਲ ਵੀ ਯਤਨ ਕਰਨੇ ਚਾਹੀਦੇ ਹਨ। ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>