ਗੁਰੂ ਅਰਜਨੁ ਵਿਟਹੁ ਕੁਰਬਾਣੀ…

ਸ਼ਾਂਤੀ ਦੇ ਪੁੰਜ, ਦ੍ਰਿੜ੍ਹ ਇਰਾਦੇ ਦੇ ਮਾਲਕ, ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕਿਤੇ ਟਿਕੇ ਹੋਏ ਮਨ ਨਾਲ, ਧੁਰ ਅੰਦਰੋਂ ਚਿਤਵਣ ਦੀ ਕੋਸ਼ਿਸ਼ ਕਰੀਏ, ਤਾਂ ਮਨ ਅਨੋਖੇ ਵਿਸਮਾਦ ਵਿਚ ਆ ਜਾਂਦਾ ਏ। ਦੁਨਿਆਵੀ ਪਦਾਰਥਾਂ ਦੀ ਚਕਾਚੌਂਧ ਵਿਚ ਰੱਤਿਆ ਅਤੇ ਥੋਥੇ ਗਿਆਨ ਨਾਲ ਆਪਣੇ ਆਪ ਨੂੰ ਭਰਪੂਰ ਕਹਾਉਣ ਵਾਲਾ ਹਿਰਦਾ ਵੀ  ਭਿੱਜ ਜਾਂਦਾ ਹੈ ਅਤੇ ਸੱਚੇ ਸ਼ਬਦ ਦੀ ਕਰਾਮਾਤ ਅੱਗੇ ਸਿਰ ਝੁਕ ਜਾਂਦਾ ਹੈ। ਜਬਰ ਅਤੇ ਸਬਰ ਦੀ ਇਸ ਜੰਗ ਵਿੱਚ ਹੋਈ ਸਬਰ ਦੀ ਜਿੱਤ ਨੂੰ ਲਿਖਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰਨ ਲੱਗਿਆ ਹਾਂ ।

ਗੁਰੂ ਅਰਜਨ ਦੇਵ ਜੀ ਦਾ ਜਨਮ  ਗੋਇੰਦਵਾਲ ਸਾਹਿਬ ਵਿਖੇ ਪਿਤਾ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀਂ ਦੀ ਕੁੱਖੋਂ 15 ਅਪ੍ਰੈਲ 1563 ਨੂੰ ਹੋਇਆ ।  ਆਪ ਜੀ ਨੇ ਬਚਪਨ ਦੇ 11 ਸਾਲ ਆਪਣੇ ਨਾਨੇ ਗੁਰੂ ਅਮਰਦਾਸ ਜੀ ਦੀ ਸੰਗਤ ਵਿਚ ਬਿਤਾਏ । ਉਹਨਾਂ ਕੋਲੋਂ ਹੀ ਆਪ ਜੀ ਨੇ ਗੁਰਮੁਖੀ ਅਤੇ ਗੁਰਮਤਿ ਸਿੱਖੀ। ਪੰਡਿਤ ਬੇਣੀ ਜੀਂ ਤੋਂ ਸੰਸਕ੍ਰਿਤ ,ਮਾਮਾ ਮੋਹਰੀ ਤੋਂ ਗਣਿਤ, ਮਾਮਾ ਮੋਹਨ ਜੀਂ ਤੋਂ ਧਿਆਨ ਲਗਾਉਣਾ ਸਿੱਖਿਆ। ਘਰ ਦਾ ਗੁਰਮਤਿ ਵਾਲਾ ਵਾਤਾਵਰਣ ਆਪ ਜੀ ਦੀ ਸ਼ਖਸ਼ੀਅਤ ਦੀ ਘਾੜਤ ਵਿੱਚ ਬਹੁਤ ਸਹਾਈ ਹੋਇਆ। ਨਿਮਰਤਾ, ਬਾਣੀ ਦਾ ਪਿਆਰ, ਵੱਡਿਆਂ ਦਾ ਸਤਿਕਾਰ ਅਤੇ ਸਮਦ੍ਰਿਸ਼ਟੀ ਵਰਗੀਆਂ ਭਾਵਨਾਵਾਂ ਸ਼ੁਰੂ ਤੋਂ ਹੀ ਪੱਕਦੀਆਂ ਗਈਆਂ।

1574 ਈਸਵੀ ਵਿਚ  ਗੁਰਗੱਦੀ ਮਿਲਣ ਤੇ ਪਿਤਾ ਗੁਰੂ ਰਾਮਦਾਸ ਜੀ  ਆਪਣੀ ਪਤਨੀ ਮਾਤਾ ਭਾਨੀ ਜੀਂ ਅਤੇ ਤਿੰਨੇ ਪੁੱਤਰਾਂ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਨੂੰ ਨਾਲ ਲੈ ਕੇ ਗੁਰੂ ਕੇ ਚੱਕ  ਵਿਖੇ ਆ ਗਏ। 16 ਸਾਲ ਦੀ ਉਮਰ ਵਿੱਚ ਤਹਿਸੀਲ ਫਿਲੌਰ ਦੇ ਪਿੰਡ ਮੌ ਵਿਖੇ ਗੰਗਾ ਜੀ ਨਾਲ ਆਪ ਜੀ ਦਾ ਵਿਆਹ ਹੋਇਆ। ਅਤੇ ਆਪ ਗ੍ਰਹਿਸਥੀ ਜੀਵਨ ਨਿਭਾਉਂਦੇ ਹੋਏ ਗੁਰੂ ਘਰ ਦੀ ਸੇਵਾ ਕਰਦੇ ਰਹੇ ਅਤੇ ਨਾਮ ਸਿਮਰਨ  ਵਿਚ ਵੀ ਲੱਗੇ ਰਹੇ । 1-9-1581 ਨੂੰ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਹਰ ਪਾਸਿਓਂ ਯੋਗ ਜਾਣ ਕੇ ਗੁਰਗੱਦੀ ਦੀ ਵੱਡੀ ਜਿੰਮੇਵਾਰੀ ਸੌਂਪ ਦਿੱਤੀ। ਆਪ ਜੀ ਦੇ ਭਰਾਵਾਂ ਨੂੰ ਇਸ ਗੱਲ ਦੀ ਨਰਾਜਗੀ ਸੀ, ਖਾਸ ਕਰਕੇ ਪ੍ਰਿਥੀ ਚੰਦ ਜੋ ਵੱਡਾ ਹੋਣ ਕਰਕੇ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ, ਉਸ ਨੇ ਆਪਣੀ ਵਿਰੋਧਤਾ ਅਤੇ ਨਰਾਜਗੀ ਕਈ ਵਾਰ ਘਟੀਆ ਹਰਕਤਾਂ ਕਰਕੇ ਦਿਖਾਈ ਵੀ।

ਗੁਰੂ ਬਣਨ ਤੋਂ ਬਾਅਦ ਦੇ ਕਾਰਜ :- ਪਹਿਲਾਂ ਤਾਂ ਗੁਰੂ ਅਰਜਨ ਜੀਂ ਪਿਤਾ ਗੁਰੂ ਦੇ ਕਾਰਜਾਂ ਵਿਚ ਮੱਦਦਗਾਰ ਹੀ ਹੁੰਦੇ ਸਨ। ਪਰ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਤੇ ਗੁਰਗੱਦੀ ਦੀ ਜਿੰਮੇਵਾਰੀ ਮਿਲਣ ਤੇ ਆਪ ਹੋਰ ਵਧੇਰੇ ਕਾਰਜਾਂ ਵਿੱਚ ਰੁੱਝ ਗਏ।

1.ਬਾਣੀ ਦੀ ਸੰਭਾਲ ਅਤੇ ਖੁਦ ਬਾਣੀ ਲਿਖਣਾ :- ਚੱਲਦੀ ਮਰਯਾਦਾ ਅਨੁਸਾਰ ਹੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਦੀ ਜਿੰਮੇਵਾਰੀ ਸੌਂਪਣ ਸਮੇਂ ਹੀ ਬਾਣੀ ਦੀ ਪੋਥੀ ਵੀ ਅਰਜਨ ਜੀ ਨੂੰ ਦਿੱਤੀ ਸੀ। ਇਸ ਪੋਥੀ ਵਿਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਰਾਮਦਾਸ ਜੀ ਤੱਕ ਦੀ ਸਾਰੀ ਬਾਣੀ ਅਤੇ ਗੁਰੂ ਨਾਨਕ ਜੀ ਵਲੋਂ ਆਪਣੀਆਂ ਉਦਾਸੀਆਂ  ਦੌਰਾਨ ਇੱਕਠੀ ਕੀਤੀ ਹੋਈ ਭਗਤ ਬਾਣੀ ਵੀ ਸ਼ਾਮਲ ਸੀ । ਗੁਰੂ ਅਰਜਨ ਜੀ ਨੇ ਆਪ ਵੀ ਬਹੁਤ ਵੱਡੀ ਮਾਤਰਾ ਵਿਚ ਅਤੇ ਬਹੁਤ ਹੀ ਸ਼ਾਂਤ ਅਤੇ ਅਨੰਦਮਈ ਬਾਣੀ ਲਿਖੀ । ਆਪ ਜੀ ਦੀ ਬਾਣੀ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿਚੋਂ ਸਿਰਫ ਇੱਕ ਰਾਗ – ਜੈਜਵੰਤੀ ਨੂੰ ਛੱਡ ਕੇ ਬਾਕੀ 30 ਰਾਗਾਂ ਵਿੱਚ ਲਿਖੀ ਹੋਈ ਹੈ। ਆਪ ਜੀ ਦੁਆਰਾ ਰਚੀ ਗਈ ਬਾਣੀ ਵਿਚੋਂ ਸੁਖਮਨੀ ਸਾਹਿਬ ਜੀਂ ਨੂੰ ਆਪ ਜੀ ਦੀ ਸ਼ਾਹਕਾਰ ਰਚਨਾ ਆਖਿਆ ਜਾ ਸਕਦਾ ਹੈ। ਇਸ ਤੋਂ ਬਿਨਾਂ ਰਾਗਮਈ ਸ਼ਬਦ,  ਬਾਰਹ ਮਾਹਾ, ਬਾਵਨ ਅੱਖਰੀ, ਵਾਰਾਂ, ਗੁਣਵੰਤੀ, ਅੰਜਲੀ, ਪਹਿਰੇ, ਦਿਨ ਰੈਣ ,ਗਾਥਾ, ਫੁਨਹੇ, ਚਉਬੋਲੇ, ਸਲੋਕ ਸਹਸਕ੍ਰਿਤੀ, ਮੁੰਦਾਵਣੀ ਅਤੇ ਸਲੋਕ ਮਹਲਾ ੫ ਆਦਿ ਹਨ। ਆਪ ਜੀ ਦੀ ਬਾਣੀ ਦਾ ਪ੍ਰਧਾਨ ਰਸ ਸ਼ਾਂਤ ਰਸ ਹੈ, ਭਾਵੇਂ ਕਵਿਤਾ ਦੇ ਬਾਕੀ ਦੇ ਰਸ ਵੀ ਮੌਜੂਦ ਹਨ। ਬਾਣੀ ਵਿਚ ਵਰਤੇ ਗਏ ਬਿੰਬ, ਪ੍ਰਤੀਕ, ਅਲੰਕਾਰ, ਮੁਹਾਵਰੇ ਆਦਿ ਕਮਾਲ ਦੇ ਹਨ ਅਤੇ ਲੋਕ ਮਨ ਦੇ ਬਹੁਤ ਨੇੜੇ ਹਨ। ਵਿਸ਼ਾ ਪੱਖ ਤੋਂ ਆਪ ਜੀ ਨੇ ਨਾਮ ਜਪਣ, ਵਧੀਆ ਕਿਰਦਾਰ ਬਣਾਉਣ, ਨਿਮਰਤਾ ਅਤੇ ਸਹਿਜ ਵਿਚ ਜਿੰਦਗੀ ਜਿਊਂਦੇ ਦੂਸਰੇ ਦੇ ਕੰਮ ਆਉਣ ਵਾਲਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਹੈ। ਪ੍ਰਭੂ ਦੇ ਹੂਕਮ ਨੂੰ ਸੱਚ ਕਰਕੇ ਮੰਨਣਾ ਉਨ੍ਹਾਂ ਦਾ ਮੁੱਖ ਉਪਦੇਸ਼ ਵੀ ਰਿਹਾ ਹੈ।

2.ਆਦਿ ਗ੍ਰੰਥ ਦਾ ਸੰਕਲਨ  ਅਤੇ ਪ੍ਰਕਾਸ਼ :- ਗੁਰੂ ਘਰ  ਈਰਖਾਲੂਆਂ ਵਲੋਂ ਈਰਖਾ ਵਸ ਬਾਣੀ ਵਿਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਕਿਉਂਕਿ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਅਤੇ ਉਸ ਦਾ ਪੁੱਤਰ ਹਰਿ ਜੀ ਆਪ ਲਿਖਾਰੀ ਸਨ। ਉਨ੍ਹਾਂ ਵਲੋਂ ਨਾਨਕ ਛਾਪ ਹੇਠ ਬਾਣੀ ਲਿਖੀ ਗਈ ਸੀ। ਜਿਸ ਕਾਰਨ ਸਿੱਖ ਸੰਗਤਾਂ ਨੂੰ ਭੁਲੇਖੇ ਤੋਂ ਬਚਾਉਣ ਦੀ ਡਾਢੀ ਲੋੜ ਸੀ । ਇਸ ਲਈ ਆਪ ਜੀ ਨੇ ਭਾਈ ਗੁਰਦਾਸ ਜੀ ਦੀ ਮੱਦਦ ਨਾਲ ਸਾਰੀ ਬਾਣੀ ਨੂੰ ਬਾਕਾਇਦਾ ਇੱਕ ਤਰਕੀਬ ਅਤੇ ਨਿਯਮ ਬੱਧ ਕੀਤਾ ।  ਸੰਪਾਦਨਾ ਦਾ ਇਹ ਕਾਰਜ ਇੰਨੀ ਬਾਰੀਕੀ ਨਾਲ ਅਤੇ ਮਿਹਨਤ ਨਾਲ ਕੀਤਾ ਗਿਆ ਹੈ ਕਿ ਹੁਣ ਇਸ ਵਿਚ ਮਿਲਾਵਟ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ। ਸਾਰੇ ਸ਼ਬਦਾਂ ਨੂੰ ਰਾਗ ਅਨੁਸਾਰ ਕੀਤਾ ਗਿਆ, ਫਿਰ ਸ਼ਬਦ, ਛੰਤ, ਅਸ਼ਟਪਦੀਆਂ ਆਦਿ ਸਭ ਦੀ ਗਿਣਤੀ ਵੀ ਦਰਜ ਕਰ ਦਿੱਤੀ ਗਈ । ਸਾਡੇ ਅਜੋਕੇ ਦੁਨਿਆਵੀ ਸੰਪਾਦਕਾਂ ਤੋਂ ਉਲਟ ਇੱਕ ਵੀ ਪੰਕਤੀ ਨਾ ਤਾਂ ਕੱਟੀ ਗਈ ਹੈ ਅਤੇ ਨਾ ਹੀ ਬਦਲੀ ਗਈ ਹੈ। ਜਿੱਥੇ ਕਿਤੇ ਸਪਸ਼ਟਤਾ ਦੀ ਲੋੜ ਪਈ ਹੈ, ਉਥੇ ਨਾਲ ਆਪਣੇ ਵਲੋਂ ਸਲੋਕ ਆਦਿ ਲਿਖ ਦਿੱਤਾ ਗਿਆ ਹੈ, ਪਰ ਮੂਲ ਬਾਣੀ ਨੂੰ ਬਿਲਕੁਲ ਵੀ ਨਹੀਂ ਬਦਲਿਆ ਗਿਆ। ਭਾਈ ਗੁਰਦਾਸ ਜੀ ਵਲੋਂ ਲਿਖੀ ਇਸ ਬੀੜ ਨੂੰ ਆਦਿ ਗ੍ਰੰਥ ਆਖਿਆ ਗਿਆ। ਇਸ ਨੂੰ ਹਰਿਮੰਦਰ ਸਾਹਿਬ ਵਿਖੇ 30 ਅਗਸਤ 1604 ਨੂੰ ਪ੍ਰਕਾਸ਼ ਕੀਤਾ ਗਿਆ ਸੀ । ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ। ਉਸ ਦਿਨ ਤੋਂ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਨੂੰ ਉੱਚੀ ਥਾਂ ਰੱਖਿਆ ਅਤੇ ਆਪ ਹੇਠਾਂ ਫਰਸ਼ ਤੇ ਸੌਂਦੇ ਰਹੇ ।

3.ਸ਼ਬਦ ਬਾਣੀ ਦਾ ਪ੍ਰਵਾਹ ਅਤੇ ਕੀਰਤਨ :- ਗੁਰੂ ਅਰਜਨ ਦੇਵ ਜੀ ਨੇ ਸ਼ਬਦ ਬਾਣੀ ਦਾ ਅਟੁੱਟ ਪ੍ਰਵਾਹ ਚਲਾਇਆ। ਉਨ੍ਹਾਂ ਆਪ ਕੀਰਤਨ ਕੀਤਾ ਵੀ ਅਤੇ ਗੁਰਸਿੱਖਾਂ ਨੂੰ ਖੁਦ ਕੀਰਤਨ ਕਰਨ ਲਈ ਕਿਹਾ ਵੀ। ਉਨ੍ਹਾਂ ਸ਼ਬਦ ਅਤੇ ਸੰਗੀਤ ਦੇ ਮਾਹਰ ਹੋਣ ਤੇ ਜੋਰ ਦਿੱਤਾ, ਪਰ ਭੁੱਲ ਕੇ ਵੀ ਸੂਖਮ ਜਿਹਾ ਹੰਕਾਰ ਵੀ ਨਾ ਕਰਨਾ ਦ੍ਰਿੜ੍ਹ ਕਰਵਾਇਆ। ਇਸ ਸੰਬੰਧੀ ਇੱਕ ਵਾਰ ਪੋਥੀ ਸਾਹਿਬ ਮੋਹਨ ਜੀਂ ਤੋਂ ਲੈਣ ਵਾਲੀ ਸਾਖੀ ਅਤੇ ਦੂਜੀ ਸੱਤੇ ਬਲਵੰਡ ਦੇ ਕੀਰਤਨ ਕਰਨ ਤੋਂ ਇਨਕਾਰ ਕਰਨ ਵਾਲੀ ਸਾਖੀ ਤੋਂ ਆਪ ਜੀ ਦਾ ਸ਼ਬਦ ਅਤੇ ਸੰਗੀਤ ਪ੍ਰਤੀ ਪਿਆਰ ਦਾ ਪਤਾ ਲੱਗਦਾ ਹੈ। ਕੀਰਤਨ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਉੱਚਾ ਸਥਾਨ ਦਿੱਤਾ ਹੈ। ਹਰਿਮੰਦਰ ਸਾਹਿਬ ਵਿਚ ਲਗਾਤਾਰ ਕੀਰਤਨ, ਚੌਂਕੀਆਂ ਆਦਿ ਗੁਰੂ ਅਰਜਨ ਜੀਂ ਦੀ ਦੇਣ ਹੈ। ਸਾਰੰਦਾ ਸਾਜ ਗੁਰੂ ਜੀ ਨੇ ਆਪ ਬਣਵਾਇਆ ਅਤੇ ਸਿੱਖਾਂ ਨੂੰ ਸਿਖਾਇਆ।

4. ਹਰਿਮੰਦਰ ਸਾਹਿਬ ਦੀ ਉਸਾਰੀ :- ਗੁਰੂ ਸਾਹਿਬ ਦੇ ਮਹਾਨ ਕਾਰਜਾਂ ਵਿਚੋਂ ਇੱਕ ਕਾਰਜ ਸੀ , ਸਿੱਖੀ ਦੇ ਕੇਂਦਰੀ ਧੁਰੇ ਵਜੋਂ  ਜਾਣੇ ਜਾਂਦੇ ਦਰਬਾਰ ਸਾਹਿਬ ਦਾ ਨਿਰਮਾਣ ਕਰਵਾਉਣਾ । ਇਸ ਮਹਾਨ ਉਸਾਰੀ ਦੀ ਪੂਰੀ ਅਗਵਾਈ ਅਤੇ ਦੇਖ ਰੇਖ ਗੁਰੂ ਜੀ ਨੇ ਆਪ ਪੂਰੀ ਤਨਦੇਹੀ ਨਾਲ ਕੀਤੀ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਸਾਲੋ ਜੀਂ ਅਤੇ ਹੋਰ ਅਨੇਕਾਂ ਹੀ ਗੁਰਸਿੱਖਾਂ ਨੇ ਆਪ ਕਾਰਸੇਵਾ ਵਿਚ ਹਿੱਸਾ ਲਿਆ।  ਦਰਬਾਰ ਸਾਹਿਬ ਇਮਾਰਤਸਾਜ਼ੀ ਦਾ ਇਕ ਬਹੁਤ ਵਿਲੱਖਣ ਨਮੂਨਾ ਹੈ। ਇਸ ਦੇ ਚਾਰ ਦਰਵਾਜੇ ਚਾਰੇ ਵਰਣਾਂ ਲਈ ਸਾਂਝੇ ਹੋਣ ਦਾ ਪ੍ਰਤੀਕ ਹਨ ਅਤੇ ਗੁਰੂ ਅਰਜਨ ਜੀਂ ਨੇ ਪ੍ਰਸਿੱਧ ਸੂਫ਼ੀ ਫਕੀਰ ਸਾਈਂ ਮੀਆਂ ਮੀਰ ਜੀ ਤੋਂ ਇਸ ਦੀ ਨੀਂਹ 3-1-1588 ਨੂੰ  ਰਖਵਾ ਕੇ ਧਾਰਮਿਕ ਏਕਤਾ ਦੇ ਮੁਦਈ ਹੋਣ ਦਾ ਸਬੂਤ ਦਿੱਤਾ।

5..ਹੋਰ ਗੁਰਦੁਆਰਿਆਂ ਦਾ ਨਿਰਮਾਣ :- ਹਰਿਮੰਦਰ ਸਾਹਿਬ ਤੋਂ ਬਿਨਾਂ ਆਪ ਜੀ ਨੇ 1590 ਵਿਚ ਤਰਨਤਾਰਨ ਸਾਹਿਬ  ਅਤੇ 1593 ਵਿਚ  ਕਰਤਾਰਪੁਰ ਸਾਹਿਬ (ਜਿਲਾ ਜਲੰਧਰ) ਦਾ ਵੀ ਨਿਰਮਾਣ ਕਰਵਾਇਆ। ਇਸੇ ਤਰਾਂ ਗੁਰੂ ਕੀ ਵਡਾਲੀ ਦਾ ਵੀ ਨਿਰਮਾਣ ਕਰਵਾਇਆ। ਆਪ ਜੀ ਨੇ ਸਰੋਵਰ ਅਤੇ ਖੂਹ ਬਣਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਤਾਂ ਕਿ ਪਾਣੀ ਦੀ ਘਾਟ ਪੂਰੀ ਕੀਤੀ ਜਾ ਸਕੇ। ਆਪਣੇ ਸਾਹਿਬਜ਼ਾਦੇ ਹਰਗੋਬਿੰਦ ਦੇ ਜਨਮ ਦੀ ਖੁਸ਼ੀ ਵੀ ਖੂਹ ਲਗਵਾ ਕੇ ਹੀ ਮਨਾਈ ਸੀ । ਇਹਨਾਂ ਸਭ ਥਾਵਾਂ ਤੇ ਗੁਰਮਤਿ ਸਿਧਾਂਤਾਂ ਅਨੁਸਾਰ ਪੰਗਤ ਅਤੇ ਸੰਗਤ ਦਾ ਪ੍ਰਵਾਹ ਚਲਣਾ ਜਾਰੀ ਕੀਤਾ।

6..ਲਾਹੌਰ ਦਾ ਕਾਲ ਸਮੇ ਗੁਰੂ ਸਾਹਿਬ ਦਾ ਯੋਗਦਾਨ :- 1597 ਵਿਚ ਲਾਹੌਰ ਵਿਚ ਭੁੱਖਮਰੀ ਅਤੇ ਕਾਲ ਪੈ ਗਿਆ। ਆਪ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਰੋਕ ਕੇ ,ਉਸ ਲਈ ਦਸਵੰਧ ਦੀ ਆਈ ਸਾਰੀ ਰਕਮ ਨੂੰ ਲਾਹੌਰ ਦੇ ਕਾਲ ਪੀੜਿਤਾਂ ਦੀ ਮੱਦਦ ਤੇ ਖਰਚ ਕੀਤਾ। ਗੁਰੂ ਜੀ ਆਪ ਲਾਹੌਰ ਵਿਖੇ ਗਏ। ਦੁਖੀ ਜਨਤਾ ਦੀ ਮੱਦਦ ਕੀਤੀ। ਡੱਬੀ ਬਾਜ਼ਾਰ ਵਿਚ ਅਤੇ ਚੂਨਾ ਮੰਡੀ ਵਿਚ  ਲੰਗਰ ਚਲਾਏ ਅਤੇ ਬਾਉਲੀ ਵੀ ਬਣਵਾਈ । (ਸਾਡੇ ਅੱਜ ਦੇ ਪ੍ਰਚਾਰਕ ਇਸ ਗੱਲ ਦਾ ਪ੍ਰਚਾਰ ਕਿਉਂ ਨਹੀਂ ਕਰਦੇ ??? ਸਾਡੇ ਕਾਰ ਸੇਵਾ ਵਾਲੇ ਬਾਬੇ, ਸਾਡੀਆਂ ਸਿੱਖ ਸੰਸਥਾਵਾਂ ਜੋ ਕੌਮ ਦੀ ਮਾਇਆ ਨੂੰ ਸੰਗਮਰਮਰ ਅਤੇ ਸੋਨਾ ਲਗਾਉਣ ਤੇ ਖਰਚ ਕਰ ਰਹੀਆਂ ਹਨ, ਕੀ ਉਨ੍ਹਾਂ ਨੂੰ ਸਾਡੇ ਦੇਸ਼ ਦੇ ਲੱਖਾਂ ਦੁਖੀ ਲੋਕ ਨਜਰ ਨਹੀਂ ਆ ਰਹੇ ????)। 1598 ਵਿਚ ਜਦੋਂ ਅਕਬਰ ਗੋਇੰਦਵਾਲ ਆਇਆ  ਤਾਂ ਉਚੇਚਾ ਗੁਰੂ ਅਰਜਨ ਜੀਂ ਨੂੰ ਮਿਲਣ ਆਇਆ। ਉਸ ਨੇ ਗੁਰੂ ਸਾਹਿਬ ਵਲੋਂ ਕਾਲ ਪੀੜਿਤਾਂ ਦੀ ਮੱਦਦ ਕੀਤੇ ਜਾਣ ਤੇ ਗੁਰੂ ਜੀ ਦਾ ਧੰਨਵਾਦ ਵੀ ਕੀਤਾ। ਉਸ ਨੇ ਲੰਗਰ ਲਈ ਜਗੀਰ ਦੀ ਪੇਸ਼ਕਸ਼ ਕੀਤੀ ਜੋ ਗੁਰੂ ਜੀ ਨੇ ਪ੍ਰਵਾਨ ਨਹੀਂ ਕੀਤੀ , ਕਿਉਂਕਿ ਲੰਗਰ ਵਿੱਚ ਸਭ ਦਾ ਹਿੱਸਾ ਹੁੰਦਾ ਏ ਅਤੇ ਇਹ ਕਿਸੇ ਇੱਕ ਵਲੋਂ ਨਹੀਂ ਹੋ ਸਕਦਾ। ਗੁਰੂ ਜੀ ਨੇ ਅਕਬਰ ਦੀਆਂ ਫੌਜਾਂ ਦੇ ਉਥੇ ਰਹਿਣ ਕਾਰਨ ਆਮ ਜਨਤਾ ਦੇ ਹੋਏ ਨੁਕਸਾਨ ਦੀ ਭਰਪਾਈ ਵਜੋਂ ਅਕਬਰ ਨੂੰ ਲਗਾਨ ਮੁਆਫ ਕਰਨ ਲਈ ਕਿਹਾ, ਜੋ ਉਸ ਨੇ ਖੁਸ਼ੀ ਨਾਲ ਕਰ ਵੀ ਦਿੱਤਾ ।

ਗੁਰੂ ਜੀ ਦੀ ਸ਼ਹਾਦਤ (ਕਿਉਂ ਅਤੇ ਕਿਵੇਂ ਦਾ ਸੱਚ):-  ਗੁਰੂ ਸਾਹਿਬ ਦੀ ਸ਼ਹੀਦੀ ਦੇ ਕਿਉਂ ਅਤੇ ਕਿਵੇਂ ਬਾਰੇ ਕੁਝ ਭੁਲੇਖੇ ਜਰੂਰ ਅਜੇ ਵੀ ਚੱਲ ਰਹੇ ਹਨ। ਸ਼ਹੀਦੀ ਦੇ ਕਾਰਨਾਂ ਵਿਚੋਂ ਮੁੱਖ ਕਾਰਨ ਜਹਾਂਗੀਰ ਦੀ ਧਾਰਮਿਕ ਕੱਟੜਤਾ ਸੀ। ਸਖੀ ਸਰਵਰੀਏ ਅਤੇ ਅਹਿਮਦੀਏ ਜਮਾਤ ਦੇ  ਲੋਕ ਗੁਰਮਤਿ ਸਿਧਾਂਤਾਂ ਤੋਂ ਵਾਹਵਾ ਔਖੇ ਸਨ ।  ਕਿਹਾ ਜਾਂਦਾ ਏ ਕਿ ਚੰਦੂ ਦੀ ਬੇਟੀ ਦਾ ਸਾਕ ਹਰਗੋਬਿੰਦ ਜੀ ਲਈ ਪ੍ਰਵਾਨ ਨਾ ਕਰਨ ਤੇ ਉਹ ਬਹੁਤ ਨਾਰਾਜ਼ ਸੀ। ਇਹ ਗੱਲ ਠੀਕ ਹੈ, ਇਹ ਵੀ ਠੀਕ ਹੈ ਕਿ ਉਹ ਰਾਜੇ ਦਾ ਦਰਬਾਰੀ ਸੀ ਪਰ ਸ ਖੁਸ਼ਵੰਤ ਸਿੰਘ ਇਤਿਹਾਸਕਾਰ ਦੀ ਖੋਜ ਅਨੁਸਾਰ ਚੰਦੂ ਕਿਸੇ ਐਡੇ ਵੱਡੇ ਅਹੁਦੇ ਤੇ ਨਹੀਂ ਸੀ ਕਿ ਉਹ ਬਾਦਸ਼ਾਹ ਨੂੰ ਰਿਸ਼ਤਾ ਠੁਕਰਾਏ ਜਾਣ ਤੇ ਹੀ ਕਤਲ ਕੀਤੇ ਜਾਣ ਦਾ ਹੁਕਮ ਦੇਣ ਲਈ ਮਜਬੂਰ ਕਰਦਾ। ਆਦਿ ਗ੍ਰੰਥ ਦੀ ਸੰਪਾਦਨਾ ਵਿੱਚ ਵੱਖ ਵੱਖ ਸੰਤ ਕਵੀਆਂ ਦੀ ਰਚਨਾ ਸ਼ਾਮਲ ਕੀਤੀ ਜਾਣੀ ਅਤੇ ਜਹਾਂਗੀਰ ਦੇ ਕਹਿਣ ਤੇ ਵੀ ਗੁਰੂ ਸਾਹਿਬ ਵਲੋਂ ਉਸ ਵਿਚ ਕੋਈ ਤਬਦੀਲੀ ਨਾ ਕਰਨਾ , ਸ਼ਾਹੀ ਤਖਤ ਅਤੇ ਗੁਰੂ ਘਰ ਵਿਚ ਦੂਰੀ ਹੋਰ ਵਧਾਉਂਦਾ ਹੈ। ਪਰ ਇਹ ਵੀ ਸ਼ਹੀਦੀ ਦੇ ਮੁੱਖ ਕਾਰਨ ਵਿਚ ਨਹੀਂ ਕਹਿ ਸਕਦੇ। ਖੁਸਰੋ ਦੀ ਬਗਾਵਤ ਅਤੇ ਖੁਸਰੋ ਦੇ ਗੁਰੂ ਦਰਬਾਰ ਵਿਚ ਆਉਣ ਤੇ ਗੁਰੂ ਸਾਹਿਬ ਵਲੋਂ ਉਸਨੂੰ ਪਿਆਰ ਸਤਿਕਾਰ ਦੇਣਾ ਸ਼ਹੀਦੀ ਦਾ ਤਤਕਾਲੀ ਅਤੇ ਮੁੱਖ ਕਾਰਨ ਬਣਦਾ ਹੈ । ਜਹਾਂਗੀਰ ਦੀ ਆਪਣੀ ਲਿਖਤ ,ਜੋ ਉਹ ਤੁਜਕੇ-ਜਹਾਂਗੀਰੀ ਵਿਚ ਲਿਖਦਾ ਹੈ, ਉਸ ਨੂੰ ਅਸੀਂ ਵੱਡਾ ਅਤੇ ਵਧੀਆ ਸਬੂਤ ਮੰਨ ਸਕਦੇ ਹਾਂ। ਜਹਾਂਗੀਰ ਦੇ ਆਪਣੇ ਸ਼ਬਦ ਧਿਆਨ ਦੇਣ ਯੋਗ ਹਨ—

” ਬਿਆਸ ਦਰਿਆ ਕੰਢੇ ਗੋਇੰਦਵਾਲ ਨਗਰ ਵਿਚ ਇੱਕ ਪੀਰਾਂ ਬਜ਼ੁਰਗਾਂ ਦੇ ਭੇਸ ਵਿੱਚ ਅਰਜਨ ਨਾਮ ਦੇ ਹਿੰਦੂ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਅਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾ ਕੇ ਆਪਣੀ ਪੀਰੀ ਦਾ ਢੋਲ ਉੱਚਾ ਵਜਾਇਆ ਹੋਇਆ ਸੀ।ਲੋਕ ਉਸਨੂੰ ਗੁਰੂ ਅਰਜਨ ਆਖਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚੱਲ ਰਹੀ ਸੀ। ਚਿਰ ਤੋੰ ਮੈਂ ਸੋਚ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ। ਜਾਂ ਇਸ ਗੁਰੂ ਨੂੰ ਇਸਲਾਮ ਵਿੱਚ ਲਿਆ ਜਾਵੇ। ਇਨ੍ਹਾਂ ਦਿਨਾਂ ਵਿਚ ਹੀ ਹਕੂਮਤ ਦਾ ਬਾਗੀ ਖੁਸਰੋ ਇਧਰ ਆਇਆ ਤੇ ਇਸ ਗੁਰੂ ਨੇ ਉਸ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾ ਕੇ ਜਿੱਥੇ ਉਸਦੀ ਕਾਮਯਾਬੀ ਦੀ ਅਰਦਾਸ ਕੀਤੀ, ਉੱਥੇ ਮਾਲੀ ਸਹਾਇਤਾ ਵੀ ਕੀਤੀ।ਜਦੋ ਮੈਨੂੰ ਇਸਦਾ ਪਤਾ ਲੱਗਿਆ ਤਾਂ ਮੈਂ ਹੁਕਮ ਕੀਤਾ ਕਿ ਇਸ ਗੁਰੂ ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ। ਉਸਦਾ ਘਰ ਘਾਟ ਬੱਚੇ ਅਤੇ ਮਾਲ ਅਸਬਾਬ ਮੁਰਤਜ਼ਾ ਖਾਂ ਦੇ ਹਵਾਲੇ ਕਰ ਕੇ ਉਸ ਨੂੰ ਯਾਸਾ ਦੰਡ ਦੇ ਕੇ ਮਾਰ ਦਿੱਤਾ ਜਾਵੇ ।”

ਜਹਾਂਗੀਰ ਦੇ ਲਿਖੇ ਇਹ ਸ਼ਬਦ ਮਹੱਤਵਪੂਰਨ ਹਨ। ਇਹ ਤਾਂ ਹੋ ਸਕਦਾ ਏ ਕਿ ਉਸਨੂੰ ਖਬਰ ਦੇਣ ਵਾਲਿਆਂ ਨੇ ਟਿੱਕਾ ਲਗਾਉਣ ਵਰਗੀ ਗੱਲ ਵਧਾ ਚੜ੍ਹਾ ਕੇ ਕਹਿ ਦਿੱਤੀ ਹੋਵੇ । ਪਰ ਮੁੱਖ ਕਾਰਨ ਅਤੇ ਜਹਾਂਗੀਰ ਵੱਲੋਂ ਮਾਰੇ ਜਾਣ ਦਾ ਹੁਕਮ ਦਿੱਤੇ ਜਾਣਾ ਸਪਸ਼ਟ ਹੁੰਦਾ ਹੈ। ਉਪਰੋਕਤ ਹੁਕਮ ਅਨੁਸਾਰ ਮੁਰਤਜ਼ਾ ਖਾਂ ਨੇ 24 ਮਈ ਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਰਾਜੇ ਕੋਲ ਪੇਸ਼ ਕਰ ਦਿੱਤਾ। ਸਜਾ ਦਿੱਤੇ ਜਾਣ ਦੀ ਚੰਦੂ ਦੀ ਡਿਊਟੀ ਲਗਾਈ ਦੱਸੀ ਜਾਂਦੀ ਹੈ, ਜਿਸ ਨੇ ਰਿਸ਼ਤਾ ਠੁਕਰਾਏ ਜਾਣ ਵਾਲੀ ਗੱਲ ਦਾ ਬਦਲਾ ਲੈਣ ਲਈ ਵਧੇਰੇ ਜ਼ੁਲਮ ਕੀਤੇ ਜਾਣ ਦੀ ਸੰਭਾਵਨਾ ਸਹੀ ਸਾਬਤ ਹੁੰਦੀ ਹੈ।

ਯਾਸਾ ਸਜਾ ਉਹ ਹੁੰਦੀ ਹੈ ਜਿਸ ਵਿਚ ਮੁਲਾਜਮ ਨੂੰ ਤਸੀਹੇ ਦੇ ਕੇ ਇਸ ਤਰਾਂ ਮਾਰਿਆ ਜਾਂਦਾ ਏ ਜਿਸ ਨਾਲ ਉਸਦੇ ਖੂਨ ਦੀ ਇੱਕ ਵੀ ਤਿੱਪ ਧਰਤ ਤੇ ਨਾ ਡੁੱਲੇ।  ਪ੍ਰਚੱਲਿਤ ਕਥਾਵਾਂ ਅਨੁਸਾਰ ਅਸੀਂ ਇਹ ਹੀ ਪੜ੍ਹਦੇ ਸੁਣਦੇ ਆਏ ਹਾਂ ਕਿ ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਹੇਠਾਂ ਅੱਗ ਬਾਲੀ ਗਈ ਅਤੇ ਉਪਰੋਂ ਤੱਤਾ ਰੇਤਾ ਪਾਇਆ ਗਿਆ। ਇਸ ਦਾ ਮੁੱਖ ਸਰੋਤ ਗਿਆਨੀ ਸੰਤੋਖ ਸਿੰਘ ਜੀ ਰਚਿਤ ਸੂਰਜ ਪ੍ਰਕਾਸ਼ ਹੈ । ਪ੍ਰਸਿੱਧ ਇਤਿਹਾਸਕਾਰ ਅਤੇ ਖੋਜੀ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ ਅਨੁਸਾਰ ਪਹਿਲਾਂ  ਗੁਰੂ ਜੀ ਨੂੰ ਦੇਗ ਵਿਚ ਉਬਾਲਿਆ ਗਿਆ। ਅਤੇ ਇਸ ਮਗਰੋਂ ਉਨ੍ਹਾਂ ਦੇ ਹੱਥ ਪੈਰ ਬੰਨ੍ਹ ਕੇ ਤਪਦੀ ਰੇਤ ਵਿਚ ਸੁੱਟਿਆ ਗਿਆ। ਜੇਠ ਦੇ ਮਹੀਨੇ ਵਿਚ ਰੇਤ ਅੱਗ ਵਾਂਗ ਤਪ ਰਹੀ ਸੀ। ਉਹ  ਕੇਸਰ ਸਿੰਘ ਛਿੱਬਰ ਦੇ ਹਵਾਲੇ ਨਾਲ ਲਿਖਦੇ ਹਨ
” ਚਾਰ ਦਿਨ ਉਨ੍ਹਾਂ ਨੂੰ ਰਾਵੀ ਦੇ ਕੰਢੇ ‘ਤੱਤੀ ਤਵੀ ਵਾਂਗ’ ਤਪਦੀ ਹੋਈ ਰੇਤ ਵਿਚ ਤਰਾਂ ਤਰਾਂ ਦੇ ਤਸੀਹੇ ਦਿੱਤੇ ਗਏ। ਇਸ ਸਮੇ ਉਥੋਂ ਲੰਘਦੇ ਮੁਸਲਮਾਨ ਉਨ੍ਹਾਂ ਤੇ ਪੱਥਰ ਮਾਰਦੇ ਗਏ ਤੇ ਇਨ੍ਹਾਂ ਵਿਚੋਂ ਇੱਕ ਪੱਥਰ ਜਾਨ-ਲੇਵਾ ਸਾਬਤ ਹੋਇਆ। ਮਗਰੋਂ ਉਨ੍ਹਾਂ ਦੇ ਜਿਸਮ ਨੂੰ ਪੱਥਰਾਂ ਨਾਲ ਬੰਨ੍ਹ ਕੇ ਰਾਵੀ ਦਰਿਆ ਵਿਚ ਰੋੜ੍ਹ ਦਿੱਤਾ ਗਿਆ।” ….(ਕੇਸਰ ਸਿੰਘ ਛਿੱਬਰ,ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਚੈਪਟਰ 5, ਬੰਦ 137-39)

ਦਬਿਸਤਾਨ-ਇ-ਮਜਾਹਿਬ ਦੇ ਲੇਖਕ ਮੁਤਾਬਿਕ ਵੀ ਗੁਰੂ ਜੀ ਨੂੰ ਤਪਦੀ ਰੇਤ ਵਿਚ ਬਿਠਾ ਕੇ ਉਨ੍ਹਾਂ ਦੇ ਨੰਗੇ ਜਿਸਮ ਤੇ ਤੱਤੀ ਰੇਤ ਪਾਈ ਗਈ ਸੀ ਤੇ ਨਾਲ ਹੀ ਹੋਰ ਵੀ ਤਸ਼ੱਦਦ ਕੀਤਾ ਗਿਆ ਸੀ ਜਿਸ ਨਾਲ ਉਨ੍ਹਾਂ ਦਾ ਜਿਸਮ ਛਾਲੇ ਪੈਣ ਮਗਰੋਂ ਸੜ-ਗਲ ਗਿਆ ਤੇ ਅਖੀਰ ਉਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਦਰਿਆ ਵਿੱਚ ਰੋੜ੍ਹ ਦਿੱਤਾ ਗਿਆ।..(ਮਊਬਾਦ ਜ਼ੁਲਫਿਕਾਰ ਅਰਦਸਤਾਨੀ)

ਡਾਕਟਰ ਦਿਲਗੀਰ ਨੇ ਸੰਤੋਖ ਸਿੰਘ ਬਾਰੇ ਇਹ ਵੀ ਲਿਖਿਆ ਹੈ ਕਿ ਉਹ ਆਪ ਇੱਕ ਵਾਰੀ ਲਿਖਦੇ ਹਨ ਕਿ ਗੁਰੂ ਜੀ ਨੇ ਖੁਦ ਇਸ਼ਨਾਨ ਕਰਨ ਦੀ ਇੱਛਾ ਪ੍ਰਗਟਾਈ ਸੀ ਅਤੇ ਸੰਸਕਾਰ ਨਾ ਕੀਤੇ ਜਾਣ ਬਾਰੇ ਕਿਹਾ ਸੀ (ਚੈਪਟਰ 37, ਬੰਦ 31) ਜਦ ਕਿ ਇਸੇ ਪੁਸਤਕ ਦੇ ਇਸੇ ਚੈਪਟਰ ( ਬੰਦ 39 ਤੋਂ 48)  ਵਿਚ ਲਿਖਿਆ ਹੈ ਕਿ ਉਨ੍ਹਾਂ ਇਕ ਬ੍ਰਾਹਮਣ ਦੇ ਘਰੋਂ ਘਾਹ ਮੰਗਵਾਇਆ, ਉਸ ਉੱਪਰ ਲੇਟ ਗਏ ਅਤੇ ਫੇਰ ਦੇਵਤੇ ਉਨ੍ਹਾਂ ਦੀ ਰੂਹ ਨੂੰ ਲੈ ਗਏ।  ਰਾਸ ਚੌਥੀ ਵਿਚ ਜਲ ਪ੍ਰਵਾਹ ਲਿਖਿਆ ਹੈ ,ਜਦ ਕਿ ਇਸੇ ਸੂਰਜ ਪ੍ਰਕਾਸ਼ ਦੀ ਰਾਸ ਪੰਜਵੀ (ਚੈਪਟਰ 10,ਬੰਦ 41) ਵਿਚ ਉਹ ਗੁਰੂ ਜੀ ਦਾ ਸੰਸਕਾਰ ਵੀ ਕਰਵਾ ਦਿੰਦਾ ਹੈ। ਡਾਕਟਰ ਦਿਲਗੀਰ ਅਨੁਸਾਰ ਰਾਵੀ ਦੇ ਕੰਢੇ ਤਪਦੀ ਰੇਤ ਨੂੰ ਤੱਤੀ ਤਵੀ(ਤਵੀ ਵੀ ਤਪੀ ਤੋਂ ਬਣਿਆ ਹੈ) ਨਾਲ ਤਸ਼ਬੀਹ ਦਿੱਤੀ ਜਾਂਦੀ ਸੀ। ਇਹੋ ਜਿਹੀ ਤਵੀ ਲਾਹੌਰ ਹੀ ਨਹੀਂ, ਜੰਮੂ ਵਿਚ ਵੀ ਝਨਾਂ ਦੀ ਸਹਾਇਕ ਨਦੀ ਦੇ ਕੰਢੇ ਨੂੰ ਵੀ ਤਵੀ ਕਹਿੰਦੇ ਸਨ । ਅੱਜ ਵੀ ਜੰਮੂ ਦਾ ਉਹ ਇਲਾਕਾ “ਜੰਮੂ ਤਵੀ ” ਅਖਵਾਉਂਦਾ ਹੈ।

ਇਹ ਗੱਲ ਸਪਸ਼ਟ ਹੈ ਕਿ ਗੁਰੂ ਜੀ ਨੂੰ ਬਹੁਤ ਜਿਆਦਾ ਤਸੀਹੇ ਦਿੱਤੇ ਗਏ ਸਨ। ਸਿੱਖ ਇਤਿਹਾਸ ਵਿਚ ਸ਼ਹੀਦੀ ਦਾ ਮੁੱਢ ਬੰਨ੍ਹਿਆ ਗਿਆ ਸੀ ਅਤੇ ਇਸੇ ਹੀ ਪ੍ਰੇਰਨਾ ਸਦਕਾ ਹੋਰ ਕਿੰਨੀਆਂ ਹੀ ਸ਼ਹੀਦੀਆਂ ਇਤਿਹਾਸ ਨੇ ਦਰਜ ਕੀਤੀਆਂ ਹਨ।  ਇਹ ਵੀ ਜ਼ਿਕਰ ਆਉਂਦਾ ਏ ਕਿ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਹਰਗੋਬਿੰਦ ਜੀ ਨੂੰ ਗੁਰਗੱਦੀ ਦੇਣ ਸਮੇਂ ਆਪ ਜੀ ਨੇ ਉਨ੍ਹਾਂ ਨੂੰ ਸ਼ਕਤੀ ਧਾਰਨ ਕਰਨ ਬਾਬਤ ਵੀ ਇਸ਼ਾਰਾ ਕਰ ਦਿੱਤਾ ਸੀ ਜਿਸ ਤੇ ਅਮਲ ਕਰਦਿਆਂ ਹੀ ਗੁਰੂ ਹਰਗੋਬਿੰਦ ਜੀ ਨੇ ਭਗਤੀ ਅਤੇ ਸ਼ਕਤੀ ਦਾ ਸੰਕਲਪ ਸਾਹਮਣੇ ਲਿਆਂਦਾ ਸੀ।

ਇੱਕ ਪਾਸੇ ਭੱਟਾਂ ਨੇ ਪਹਿਲੇ ਗੁਰੂ ਸਾਹਿਬਾਨ ਸਮੇਤ ਗੁਰੂ ਅਰਜਨ ਜੀਂ ਦੀ ਸਿਫਤ ਸਲਾਹ ਲਿਖੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।  ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪ ਜੀ ਦੇ ਗੁਣਾਂ ਦਾ ਜਿਕਰ ਇੰਝ ਕੀਤਾ ਹੈ –

“ਰਹਿੰਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤ ਨਿਰਬਾਣੀ ।।
ਦਰਸ਼ਨ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ ।।
ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਜਾਣੀ ।।
ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚਿ ਰੈਣਿ ਵਿਹਾਣੀ ।।
ਗੁਰ ਉਪਦੇਸੁ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ ।।
ਗੁਰਮੁਖਿ ਸੁਖ ਫਲ ਪਿਰਮ ਰਸੁ ਸਹਜ ਸਮਾਧਿ ਸਾਧ ਸੰਗਿ ਜਾਣੀ ।।
ਗੁਰ ਅਰਜਨ ਵਿਟਹੁ ਕੁਰਬਾਣੀ ।।………….(ਭਾਈ ਗੁਰਦਾਸ ਜੀ, ਵਾਰ ੨੪, ਪਉੜੀ ੨੩)

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>