ਬੰਦ ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ

ਹਰ ਰੋਜ ਅਰਦਾਸ ਵਿਚ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਵਾਹਿਗੁਰੂ ਬੋਲਿਆ ਜਾਂਦਾ ਹੈ, ਕਿੰਨੀ ਮਹਾਨ ਹੋਵੇਗੀ ਉਹ ਕੁਰਬਾਨੀ ਜਿਸ ਬਾਰੇ ਇਕ ਗੁਰਸਿੱਖ ਨੂੰ ਨਿਤ ਯਾਦ ਕਰਨ ਦੀ ਤਾਕੀਦ ਹੈ। ਵਾਹਿਗੁਰੂ ਜੀ ਦੇ ਜਨਮ-ਮਰਨ ਦੇ ਅਟੱਲ ਹੁਕਮ ਸਦਕਾ ਜੋ ਵੀ ਜੰਮਿਆ ਹੈ, ਉਸ ਨੇ ਮਰ ਤਾਂ ਜਾਣਾ ਹੀ ਹੈ ਪਰ ਮਰਣਾ ਪ੍ਰਵਾਨ ਉਨ੍ਹਾਂ ਦਾ ਹੀ ਹੈ ਜਿਨ੍ਹਾਂ ਨੇ ਕਿਸੇ ਖਾਸ ਉੱਚ ਉਦੇਸ਼ ਦੀ ਪ੍ਰਾਪਤੀ ਲਈ ਆਪਣੀ ਜਿੰਦਗੀ ਵਾਰ ਦਿੱਤੀ। ਉਨ੍ਹਾਂ ਦੇ ਪਾਏ ਪੂਰਨੇ ਸਦੀਆਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰੇਰਨਾ ਸਰੋਤ ਬਣੇ ਰਹਿਣਗੇ। ਅੱਜ ਅਜਿਹੇ ਹੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਕੁਝ ਸ਼ਬਦਾਂ ਰਾਹੀਂ ਉਨ੍ਹਾਂ ਦੇ ਕਮਾਈ ਵਾਲੇ ਜੀਵਨ ਨੂੰ ਬਿਆਨਣ ਦੀ ਕੋਸ਼ਿਸ਼ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।

ਮੁਲਤਾਨ ਦੇ ਨੇੜੇ ਪਿੰਡ ਅਲੀਪੁਰ ਵਿਖੇ 10 ਜੁਲਾਈ 1644 ਈਸਵੀ ਨੂੰ ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ ਦੀ ਕੁੱਖੋਂ ਮਨੀ ਰਾਮ ਦਾ ਜਨਮ ਹੋਇਆ। ਉਸ ਦੇ ਦਾਦਾ ਜੀ ਬਲੂ ਰਾਏ ਛੇਵੇਂ ਗੁਰੂ ,ਗੁਰੂ ਹਰਗੋਬਿੰਦ ਸਿੰਘ ਜੀਂ ਦੀ ਫੌਜ ਦੇ ਜਰਨੈਲ ਸਨ ਅਤੇ ਜੰਗ ਵਿਚ ਹੀ ਸ਼ਹੀਦ ਹੋਏ ਸਨ। ਮਨੀ ਰਾਮ, ਜਿਸ ਨੂੰ ਬਚਪਨ ਵਿਚ ਮਨੀਆ ਕਰ ਕੇ ਵੀ ਬੁਲਾਇਆ ਜਾਂਦਾ ਸੀ, ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਹੋਣ ਦਾ ਮਾਣ ਪ੍ਰਾਪਤ ਹੈ। 15 ਸਾਲ ਦੀ ਉਮਰ ਵਿਚ ਭਾਈ ਲੱਖੀ ਸ਼ਾਹ ,(ਜਿਸ ਨੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ), ਦੀ ਪੁੱਤਰੀ ਸੀਤੋ ਨਾਲ ਆਪ ਜੀ ਦਾ ਵਿਆਹ ਹੋਇਆ। 1657 ਵਿਚ ਆਪਣੇ ਪਿਤਾ ਜੀ ਨਾਲ ਮਨੀ ਰਾਮ ਗੁਰੂ ਹਰਿ ਰਾਇ ਜੀ ਨੂੰ ਕੀਰਤਪੁਰ ਸਾਹਿਬ ਮਿਲੇ ਸਨ। ਉਪਰੰਤ ਗੁਰੂ ਹਰਿ ਕ੍ਰਿਸ਼ਨ ਜੀ ਨਾਲ ਦਿੱਲੀ ਚਲੇ ਗਏ ਸਨ। 1614 ਈਸਵੀ ਨੂੰ ਉਹ ਗੁਰੂ ਤੇਗ ਬਹਾਦਰ ਜੀ ਨਾਲ ਬਾਬਾ ਬਕਾਲੇ ਆ ਗਏ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇ (1675 ਈਸਵੀ), ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਵਿਖੇ ਸਨ। 1699 ਈਸਵੀ ਨੂੰ ਖਾਲਸਾ ਸਾਜਨਾ ਦਿਵਸ ਤੇ ਹੀ ਉਨ੍ਹਾਂ ਨੇ ਖੰਡੇ ਦੀ ਪਾਹੁਲ ਲਈ ਅਤੇ ਮਨੀ ਰਾਮ ਤੋਂ ਮਨੀ ਸਿੰਘ ਬਣ ਗਏ।

ਭਾਈ ਮਨੀ ਸਿੰਘ ਜੀ ਗੁਰੂ ਜੀ ਦੇ ਦਰਬਾਰ ਵਿਚ ਗੁਰਮਤਿ ਸਿਧਾਂਤਾਂ ਨੂੰ ਸਿੱਖਦੇ ਹੋਏ ਤਨੋਂ ਮਨੋਂ  ਸੇਵਾ ਕਰਦੇ ਹੁੰਦੇ ਸਨ। ਲੰਗਰ ਬਗੈਰਾ ਦੀ ਸੇਵਾ ਤੋਂ ਬਿਨਾਂ ਭਾਈ ਸਾਹਿਬ ਗੁਰਬਾਣੀ ਦੇ ਬਹੁਤ ਵਧੀਆ ਵਿਆਖਿਆਕਾਰ ਵੀ ਸਨ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਲਿਖਣ ਦੀ ਸੇਵਾ ਵੀ ਨਿਭਾਈ ਹੈ। ਉਹ ਇਕ ਸਫ਼ਲ ਪ੍ਰਬੰਧਕ ਅਤੇ ਕਥਾ ਵਾਚਕ  ਵੀ ਸਨ।

1691 ਈਸਵੀ ਦੀ ਵਿਸਾਖੀ ਦੇ ਪ੍ਰਬੰਧ ਕਰਨ ਦੀ ਜਿੰਮੇਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਦੀ ਲਗਾਈ ਸੀ ਅਤੇ ਵਧੀਆ ਪ੍ਰਬੰਧਕ ਹੋਣ ਕਾਰਨ ਆਪ ਨੂੰ ਦੀਵਾਨ ਖਿਤਾਬ ਨਾਲ ਵੀ ਨਿਵਾਜਿਆ ਸੀ। ਆਪ ਜੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ ਅਤੇ ਅਕਾਲ ਤਖਤ ਦੇ ਜੱਥੇਦਾਰ ਵੀ। ਭਾਈ ਗੁਰਦਾਸ ਜੀ ਤੋਂ ਬਾਅਦ ਬਣੇ ਜਥੇਦਾਰ ਵਜੋਂ ਆਪ ਅਕਾਲ ਤਖਤ ਦੇ ਦੂਜੇ ਸੇਵਾਦਾਰ ਸਨ। ਆਪ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਜੰਗਾਂ ਵਿਚ ਵੀ ਦਿੱਤਾ। 1688 ਈਸਵੀ ਵਿਚ ਭੰਗਾਣੀ ਦੇ ਯੁੱਧ ਵਿਚ ਵੀ ਆਪ ਲੜੇ ਸਨ ਜਿੱਥੇ ਆਪ ਜੀ ਦਾ ਭਰਾ ਹਰੀ ਚੰਦ ਸ਼ਹੀਦ ਹੋਇਆ ਸੀ।ਇਸੇ ਤਰਾਂ ਨਦੌਣ ਦੀ ਜੰਗ ਵਿਚ ਵੀ 1690 ਈਸਵੀ ਵਿਚ ਹਿੱਸਾ ਲਿਆ ਸੀ।

ਆਪ ਜੀ ਕਿਉਂਕਿ ਗੁਰਬਾਣੀ ਦੀ ਵਿਆਖਿਆ ਕਰਦੇ ਸਨ । ਇਸ ਲਈ ਆਪ ਜੀ ਦੇ ਨਾਮ ਨਾਲ ਜੁੜੀਆਂ ਕੁਝ ਪੁਸਤਕਾਂ ਵੀ ਮਿਲਦੀਆਂ ਹਨ।

* ਗਿਆਨ ਰਤਨਾਵਲੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਸਾਖੀਆਂ ਹਨ । ਇਹ ਪੁਸਤਕ ਗਿਆਨੀ ਸੂਰਤ ਸਿੰਘ  ਦੀ ਲਿਖੀ ਹੋਈ ਹੈ ਜਿਸ ਵਿਚ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਭਾਈ ਮਨੀ ਸਿੰਘ ਜੀ ਦੁਆਰਾ ਸੁਣਾਈਆਂ ਗਈਆਂ ਸਾਖੀਆਂ ਤੇ ਅਧਾਰਿਤ ਹੀ ਲਿਖੀ ਹੈ।

* ਭਗਤ ਰਤਨਾਵਲੀ ਜਿਸ ਨੂੰ ਸਿੱਖਾਂ ਦੀ ਭਗਤ ਮਾਲਾ ਵੀ ਕਿਹਾ ਜਾਂਦਾ ਹੈ। ਇਹ ਵੀ ਗਿਆਨੀ ਸੂਰਤ ਸਿੰਘ ਜੀ ਨੇ ਭਾਈ ਸਾਹਿਬ ਵਲੋਂ ਸੁਣਾਈਆਂ ਸਾਖੀਆਂ ਆਦਿ ਦੇ ਆਧਾਰ ਤੇ ਲਿਖੀ ਗਈ ਹੈ।

* ਇਸੇ ਤਰਾਂ ਗੁਰਬਿਲਾਸ ਪਾਤਸ਼ਾਹੀ ੬ ਵੀ ਆਪ ਜੀ ਦੇ ਨਾਮ ਨਾਲ ਜੋੜੀ ਜਾਂਦੀ ਹੈ। ਅਸਲ ਵਿਚ ਲਿਖੀ ਇਹ ਵੀ ਨਹੀਂ ਆਪ ਜੀਂ ਨੇ।

ਭਾਈ ਸਾਹਿਬ ਦੀ ਸ਼ਹਾਦਤ :- ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜੱਥੇਬੰਦਕ ਸੇਧ ਅਤੇ ਅਗਵਾਈ ਦਿੱਤੀ। ਬੰਦਾ ਸਿੰਘ ਬਹਾਦਰ ਤੋਂ ਬਾਅਦ ਵੱਖ ਵੱਖ ਸਿੱਖ ਦਲਾਂ ਨੂੰ ਇੱਕਠਿਆਂ ਕਰਨ ਦਾ ਕੰਮ ਵੀ ਆਪ ਜੀ ਨੇ ਕੀਤਾ। ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿਚ ਪੈਦਾ ਹੋਇਆ ਤਕਰਾਰ ਵੀ ਆਪ ਨੇ ਪੂਰੀ ਸਿਆਣਪ ਨਾਲ ਸੁਲਝਾਇਆ।

ਹਰਿਮੰਦਰ ਸਾਹਿਬ ਵਿਖੇ ਗੁਰਪੁਰਬ ਮਨਾਉਣ ਤੇ ਪਾਬੰਦੀ ਲੱਗੀ ਹੋਈ ਸੀ। ਭਾਈ ਸਾਹਿਬ ਇਸ ਬੰਦੀ ਨੂੰ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਹਾਕਮ ਜ਼ਕਰੀਆ ਖਾਨ ਵਲੋਂ 5000 ਰੁਪਏ ਦੇਣ ਦੀ ਸ਼ਰਤ ਤੇ ਗੁਰਪੁਰਬ ਮਨਾਉਣ ਦੀ ਆਗਿਆ ਦੇਣ ਦੀ ਗੱਲ ਹੋਈ ਜੋ ਭਾਈ ਸਾਹਿਬ ਜੀ ਨੇ ਪ੍ਰਵਾਨ ਕਰ ਲਈ। ਦੀਵਾਲੀ ਤੇ ਅੰਮ੍ਰਿਤਸਰ ਆਉਣ ਦੇ ਸੰਦੇਸ਼ ਭੇਜੇ ਗਏ। ਪਰ ਹਾਕਮ ਦਾ ਇਰਾਦਾ ਸੀ ਕਿ ਜਦੋਂ  ਪੂਰਨ ਇੱਕਠ ਹੋਇਆ ਤਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਵੇ। ਭਾਈ ਮਨੀ ਸਿੰਘ ਜੀ ਨੂੰ ਇਹ ਭਿਣਕ ਪੈਂਦਿਆਂ ਹੀ ਉਨ੍ਹਾਂ ਸਭ ਸਿੱਖਾਂ ਨੂੰ ਦੁਬਾਰਾ ਸੁਨੇਹੇ ਭੇਜੇ ਕਿ ਉਹ ਨਾ ਆਉਣ। ਦੀਵਾਲੀ ਤੇ ਸੰਗਤ ਘੱਟ ਇੱਕਠੀ ਹੋਈ। ਕੁਦਰਤੀ 5000 ਰੁਪਏ ਦਾ ਪ੍ਰਬੰਧ ਨਾ ਹੋ ਸਕਿਆ। ਭਾਈ ਸਾਹਿਬ ਨੇ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਰਕਮ ਕਿਸ ਗੱਲ ਦੀ ਜਦ ਇੱਕਠ ਹੀ ਨਹੀਂ ਹੋਇਆ। ਸੂਬਾ ਲਾਹੌਰ ਲੱਖਪਤ ਰਾਇ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਅਤੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਇਸਲਾਮ ਵਿੱਚ ਆਉਣ ਲਈ ਕਾਫੀ ਲਾਲਚ ਦਿੱਤੇ ਗਏ ਜੋ ਉਨ੍ਹਾਂ ਠੁਕਰਾ ਦਿੱਤੇ। 24-06-1734 ਈਸਵੀ ਨੂੰ ਨਖ਼ਾਸ ਚੌਕ ਲਾਹੌਰ ਵਿਖੇ ਆਪ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸੁਬੇਗ ਸਿੰਘ ਜੀ ਨੇ ਮਸਤੀ ਦਰਵਾਜਿਓਂ ਸ਼ਾਹੀ ਕਿਲ੍ਹੇ ਦੇ ਨੇੜੇ ਆਪ ਜੀ ਦਾ ਸੰਸਕਾਰ ਕੀਤਾ। ਆਪ ਜੀ ਦੀ ਯਾਦ ਵਿਚ ਗੁਰਦਵਾਰਾ ਸ਼ਹੀਦ ਗੰਜ ਦੂਜਾ ਲਾਹੌਰ ਵਿਚ ਸ਼ੁਸ਼ੋਭਿਤ ਹੈ।

ਸ਼ਹੀਦਾਂ ਦਾ ਪਰਿਵਾਰ :- ਆਪ ਜੀ ਦੇ ਪਰਿਵਾਰ ਨੂੰ ਜੇ ਸ਼ਹੀਦਾਂ ਦਾ ਪਰਿਵਾਰ ਕਿਹਾ ਜਾਵੇ, ਤਾਂ ਕੋਈ ਅਤਿ ਕਥਨੀ ਨਹੀਂ ਹੋਏਗੀ। ਆਪ ਜੀ ਕੁੱਲ 12 ਭਰਾ ਸਨ, ਜਿਨ੍ਹਾਂ ਵਿਚੋਂ ਆਪ ਸਮੇਤ 11 ਭਰਾ ਸਿੱਖੀ ਲਈ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਵਿਚੋਂ ਹਨ। ਬਾਰਵਾਂ ਭਰਾ ਭਾਈ ਅਮਰ ਚੰਦ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਆਪ ਦੇ ਸ਼ਹੀਦ ਹੋਏ 11 ਭਰਾਵਾਂ ਦਾ ਵੇਰਵਾ ਇਸ ਤਰਾਂ ਹੈ —

੧.ਭਾਈ ਦਿਆਲਾ ਜੀਂ , ਦਿੱਲੀ ਵਿਖੇ …1675 ਈਸਵੀ

੨.ਭਾਈ ਹਰੀ ਚੰਦ ਜੀ, ਭੰਗਾਣੀ ਦੇ ਯੁੱਧ ਵਿਚ 1688 ਈਸਵੀ

੩.ਭਾਈ ਸੋਹਣ ਚੰਦ ਜੀਂ, ਨਾਦੌਣ ਦੇ ਯੁੱਧ ਵਿਚ 1691 ਈਸਵੀ

੪.ਭਾਈ ਲਹਿਣਾ ਜੀ, ਗੁਲੇਰ ਯੁੱਧ 1696 ਈਸਵੀ

੫.ਭਾਈ ਦਾਨ ਸਿੰਘ ਜੀ ਚਮਕੌਰ ਦੀ ਜੰਗ ਵਿਚ 1704 ਈਸਵੀ

੬.ਭਾਈ ਰਾਇ ਸਿੰਘ ਜੀ  ਖਿਦਰਾਣੇ ਦੀ ਢਾਬ ਤੇ 1705 ਈਸਵੀ

੭.ਭਾਈ ਮਾਨ ਸਿੰਘ ਜੀ, ਚਿਤੌੜ ਗੜ੍ਹ ਵਿਖੇ 1708 ਈਸਵੀ

੮. ਭਾਈ ਜੇਠਾ ਸਿੰਘ ਜੀ, ਆਲੋਵਾਲ ਵਿਖੇ 1711 ਈਸਵੀ

੯. ਭਾਈ ਰੂਪ ਸਿੰਘ ਜੀ, ਆਲੋਵਾਲ ਵਿਖੇ 1711 ਈਸਵੀ

੧੦. ਭਾਈ ਮਨੀ ਸਿੰਘ ਜੀ, ਲਾਹੌਰ ਵਿਖੇ 1734 ਈਸਵੀ

੧੧.ਭਾਈ ਜਗਤ ਸਿੰਘ ਜੀ, ਲਾਹੌਰ ਵਿਖੇ 1734 ਈਸਵੀ

ਆਪ ਜੀ ਦੇ ਕੁੱਲ 10 ਪੁੱਤਰ ਸਨ, ਜਿਨ੍ਹਾਂ ਵਿਚੋਂ 8 ਪੁੱਤਰ ਕੌਮ ਦੇ ਲੇਖੇ ਲੱਗੇ। ਇਹ 8 ਹੇਠ ਲਿਖੇ ਹਨ–

੧.ਭਾਈ ਭਗਵਾਨ ਸਿੰਘ ਜੀ, ਸਟਰਗੜ੍ਹ 1700 ਈਸਵੀ

੨.ਭਾਈ ਉਦੈ ਸਿੰਘ ਜੀ ਸ਼ਾਹੀ ਟਿੱਬੀ 1704 ਈਸਵੀ

੩. ਭਾਈ ਬਚਿੱਤਰ ਸਿੰਘ ਜੀ, ਕੋਟਲਾ ਨਿਹੰਗ ਖਾਂ ,1704 ਈਸਵੀ

੪.ਭਾਈ ਅਨਿਕ ਸਿੰਘ ਜੀ, ਚਮਕੌਰ ਦੀ ਜੰਗ 1704 ਈਸਵੀ

੫.ਭਾਈ ਅਜਬ ਸਿੰਘ ਜੀ, ਚਮਕੌਰ ਦੀ ਜੰਗ 1704 ਈਸਵੀ

੬.ਭਾਈ ਅਜਾਇਬ ਸਿੰਘ ਜੀ ਚਮਕੌਰ ਦੀ ਜੰਗ 1704 ਈਸਵੀ

੭. ਭਾਈ ਚਿਤਰ ਸਿੰਘ ਜੀ ਲਾਹੌਰ ਵਿਖੇ 1734 ਈਸਵੀ (ਭਾਈ ਮਨੀ ਸਿੰਘ ਜੀ ਦੇ ਨਾਲ ਹੀ)

੮.ਭਾਈ ਗੁਰਬਖਸ਼ ਸਿੰਘ ਲਾਹੌਰ ਵਿਖੇ 1734 ਈਸਵੀ (ਭਾਈ ਮਨੀ ਸਿੰਘ ਜੀ ਦੇ ਨਾਲ ਹੀ)

ਬਾਕੀ ਬਚੇ ਦੋ ਪੁੱਤਰ ਭਾਈ  ਬਲਰਾਮ ਸਿੰਘ ਜੀ ਅਤੇ ਭਾਈ ਦੇਸਾ ਸਿੰਘ ਜੀ ਨੇ ਵੀ ਖਾਲਸਾ ਪੰਥ ਦੀ ਬਹੁਤ ਸੇਵਾ ਕੀਤੀ ਹੈ। ਭਾਈ ਦੇਸਾ ਸਿੰਘ ਜੀ ਓਹੀ ਹਨ ਜਿਹਨਾਂ ਰਹਿਤਨਾਮੇ ਲਿਖੇ ਹਨ।

ਸ਼ਹੀਦਾਂ ਦੇ ਇਸ ਪਰਿਵਾਰ ਦੀ ਇਸ ਅਨੂਠੀ ਸ਼ਹਾਦਤ ਅੱਗੇ ਸੀਸ ਝੁਕਾਉਂਦੇ ਹਾਂ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>