ਜਿੱਥੇ ਗੁਰਮਤਿ ਦੇ ਸਿਧਾਂਤ ਸੇਵਾ, ਸਿਮਰਨ, ਪ੍ਰੇਮ, ਸਾਂਝ ਅਤੇ ਕੁਰਬਾਨੀ , ਅੱਜ ਤੱਕ ਲਾਗੂ ਹੁੰਦੇ ਵੇਖਦੇ ਹਾਂ, ਉੱਥੇ ਦੂਜੇ ਪਾਸੇ ਅਣਖ, ਬਹਾਦਰੀ, ਨਿਰਭੈਤਾ, ਆਪਣੇ ਹੱਕਾਂ ਲਈ ਜ਼ੁਲਮ ਵਿਰੁੱਧ ਅੰਤ ਤੱਕ ਲੜਨਾ ਵੀ ਸਾਨੂੰ ਵਿਰਸੇ ਵਿੱਚ ਹੀ ਮਿਲਿਆ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਅਜੋਕੇ ਸਮੇਂ ਤੱਕ ਖਾਲਸੇ ਦੀ ਰਾਜ ਸ਼ਕਤੀ ਨਾਲ ਟੱਕਰ ਹੁੰਦੀ ਆਈ ਹੈ। ਤੇਗ ਦੀ ਧਾਰ ਵਿਚੋਂ ਜੰਮਿਆ ਖਾਲਸਾ “ਕਬਹੂੰ ਨ ਛਾਡੈ ਖੇਤਿ” ਦੀ ਗੁੜਤੀ ਲਈ ਹੋਣ ਕਾਰਨ ਪੁਰਜਾ ਪੁਰਜਾ ਕਟਵਾ ਕੇ ਖਤਮ ਤਾਂ ਭਾਵੇਂ ਹੋ ਜਾਵੇ, ਪਰ ਜਿੱਤ ਤੱਕ ਲੜਦੇ ਰਹਿਣਾ ਕਦੇ ਨਹੀਂ ਭੁੱਲਦਾ। ਅੱਜ ਅਸੀਂ ਸ਼ਾਂਤਮਈ ਸਿੱਖ ਸੰਘਰਸ਼ ਦੀ ਦਾਸਤਾਂ ਬਿਆਨ ਕਰਨ ਵਾਲੇ ਇੱਕ ਅਜਿਹੇ ਹੀ ਸਾਕੇ ਬਾਰੇ ਗੱਲ ਕਰਾਂਗੇ, ਜੋ ਸਿੱਖ ਇਤਿਹਾਸ ਵਿੱਚ ਮੋਰਚਾ ਗੁਰੂ ਕਾ ਬਾਗ਼ ਨਾਂ ਨਾਲ ਜਾਣਿਆ ਜਾਂਦਾ ਹੈ।
ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਸੀ। ਮਹੰਤਾਂ ਦੇ ਕਬਜੇ ਹੇਠ ਆਏ ਹੋਏ ਗੁਰਦੁਆਰੇ ਛੁਡਵਾਏ ਜਾ ਰਹੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਚੁੱਕੀ ਸੀ ਅਤੇ ਗੁਰਦੁਆਰਿਆਂ ਅੰਦਰ ਖੁੱਸੀ ਹੋਈ ਮਰਿਯਾਦਾ ਬਹਾਲ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਪਿੰਡ ਘੁਕੇਵਾਲੀ ਵਿੱਚ ਗੁਰਦੁਆਰਾ ਗੁਰੂ ਕਾ ਬਾਗ਼ ਸਥਿਤ ਹੈ ਜਿੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ। ਗੁਰਦੁਆਰੇ ਕੋਲ ਗੁਰੂ ਤੇਗ ਬਹਾਦਰ ਜੀ ਨੇ ਇੱਕ ਬਾਗ਼ ਲਗਵਾਇਆ ਸੀ, ਜਿਹੜਾ ਗੁਰੂ ਕਾ ਬਾਗ਼ ਕਰਕੇ ਜਾਣਿਆ ਜਾਣ ਲੱਗਾ।ਇਹ ਗੁਰਦੁਆਰਾ ਮਹੰਤ ਸੁੰਦਰ ਦਾਸ ਦੇ ਕਬਜੇ ਵਿੱਚ ਸੀ। ਇਹ ਮਹੰਤ ਵਿਭਚਾਰੀ ਅਤੇ ਅਯਾਸ਼ ਕਿਸਮ ਦਾ ਵਿਅਕਤੀ ਸੀ ਨਨਕਾਣਾ ਸਾਹਿਬ ਦੇ ਮਹੰਤ ਲਛਮਣ ਦਾਸ ਦਾ ਲੰਗੋਟੀਆ ਯਾਰ ਸੀ। ਸੁੰਦਰ ਦਾਸ ਨੇ ਬਿਨਾਂ ਵਿਆਹ ਕਰਵਾਏ ਤੋਂ ਦੋ ਇਸਤਰੀਆਂ ਈਸ਼ਰੋ ਅਤੇ ਜਗਦੇਈ ਰੱਖੀਆਂ ਹੋਈਆਂ ਸਨ। ਜਦੋਂ ਸੁਧਾਰ ਲਹਿਰ ਦਾ ਧਿਆਨ ਇਸ ਪਾਸੇ ਆਇਆ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਦਾਨ ਸਿੰਘ ਅਤੇ ਕਰਤਾਰ ਸਿੰਘ ਝੱਬਰ ਦੀ ਨਿਗਰਾਨੀ ਹੇਠ ਇੱਕ ਜੱਥਾ 31 ਜਨਵਰੀ 1921 ਨੂੰ ਇਸ ਮਹੰਤ ਨੂੰ ਸਮਝਾਉਣ ਲਈ ਭੇਜਿਆ ਗਿਆ। ਇਸ ਜੱਥੇ ਦੇ ਦਲੀਲਪੂਰਨ ਗੱਲ ਕਰਨ ਨਾਲ ਇਸ ਨੇ ਆਪਣੀ ਗਲਤੀ ਕਬੂਲ ਕਰ ਲਈ ਅਤੇ ਜੱਥੇ ਨਾਲ ਇਕਰਾਰ ਕੀਤਾ ਕਿ ਉਹ ਗਲਤ ਕੰਮ ਛੱਡ ਦੇਵੇਗਾ ਅਤੇ ਅੰਮ੍ਰਿਤ ਵੀ ਛਕ ਲਵੇਗਾ। ਉਸ ਨੇ ਅਕਾਲ ਤਖਤ ਤੋਂ ਅੰਮ੍ਰਿਤ ਛਕ ਵੀ ਲਿਆ। ਈਸ਼ਰੋ ਨਾਲ ਵਿਆਹ ਵੀ ਕਰਵਾ ਲਿਆ। ਕੁਝ ਦੇਰ ਲਈ ਸੁਧਰਿਆ ਵੀ ਰਿਹਾ । 23 ਅਗਸਤ 1921 ਨੂੰ ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਆਪ ਸੰਭਾਲ ਲਿਆ ਸੀ।
8 ਅਗਸਤ 1922 ਨੂੰ ਜਦੋਂ ਕੁਝ ਸਿੰਘ ਗੁਰੂ ਕੇ ਲੰਗਰ ਵਾਸਤੇ ਗੁਰੂ ਕੇ ਬਾਗ ਵਿੱਚੋਂ ਸੁੱਕੇ ਕਿੱਕਰ ਨੂੰ ਕੱਟ ਰਹੇ ਸਨ, ਤਾਂ ਮਹੰਤ ਸੁੰਦਰ ਦਾਸ ਨੇ ਪੁਲਿਸ ਕੋਲ ਸ਼ਿਕਾਇਤ ਲਗਾ ਦਿੱਤੀ। ਜਿਸ ਤੇ ਕਾਰਵਾਈ ਕਰਦੇ ਹੋਏ ਅਗਲੇ ਦਿਨ ਸਰਕਾਰ ਨੇ 5 ਸੇਵਾਦਾਰਾਂ ਨੂੰ ਚੋਰੀ ਦੇ ਦੋਸ਼ ਹੇਠ ਫੜ ਲਿਆ। ਅਤੇ ਮਿਸਟਰ ਜੈਨਕਿਨ ਦੀ ਅਦਾਲਤ ਨੇ 50 ਰੁਪਏ ਜੁਰਮਾਨਾ ਅਤੇ 6 ਮਹੀਨੇ ਦੀ ਕੈਦ ਦੀ ਸਜਾ ਸੁਣਾ ਦਿੱਤੀ। ਇਸ ਗੱਲ ਨੂੰ ਸ਼੍ਰੋਮਣੀ ਕਮੇਟੀ ਸਮੇਤ ਸਮੂਹ ਸਿੱਖਾਂ ਨੇ ਹੱਕਾਂ ਤੇ ਡਾਕਾ ਸਮਝਿਆ। ਕਿਉਂਕਿ ਗੁਰੂ ਕਾ ਬਾਗ਼ ਗੁਰਦੁਆਰੇ ਦੀ ਮਲਕੀਅਤ ਸੀ ਅਤੇ ਆਪਣੀ ਹੀ ਜਮੀਨ ਵਿਚੋਂ ਗੁਰੂ ਕੇ ਲੰਗਰ ਲਈ ਸੁੱਕੀ ਕਿੱਕਰ ਕੱਟਣੀ ਕਿਵੇਂ ਗੁਨਾਹ ਬਣ ਗਿਆ ? ਇਸ ਲਈ ਪੰਥ ਨੇ ਸੰਘਰਸ਼ ਸ਼ੁਰੂ ਕਰ ਦਿੱਤਾ।
ਹਰ ਰੋਜ ਪੰਜ ਸਿੰਘਾਂ ਦਾ ਜੱਥਾ ਅਕਾਲ ਤਖਤ ਤੋਂ ਅਰਦਾਸ ਕਰਕੇ ਗੁਰੂ ਕੇ ਬਾਗ਼ ਲਈ ਚਾਲੇ ਪਾ ਦਿੰਦਾ। ਪੁਲਿਸ ਰਸਤੇ ਵਿੱਚ ਹੀ ਕੁੱਟਣਾ ਸ਼ੁਰੂ ਕਰ ਦਿੰਦੀ। ਲਾਠੀਆਂ ਨਾਲ, ਬੂਟਾਂ ਨਾਲ ਕੁੱਟਦੀ। ਕੇਸਾਂ ਤੋਂ ਫੜ ਕੇ ਧੂੰਹਦੀ । ਅਤੇ ਹੋਰ ਕਿਸੇ ਥਾਂ ਤੇ ਲੈ ਜਾਂਦੀ। ਜਿਉ ਜਿਉ ਪੁਲਿਸ ਦੇ ਅੱਤਿਆਚਾਰ ਵਧਣ ਲੱਗੇ, ਤਿਉ ਤਿਉ ਮੋਰਚੇ ਵਿੱਚ ਜੋਸ਼ ਵੀ ਵਧਦਾ ਗਿਆ। ਗ੍ਰਿਫਤਾਰੀ ਦੇਣ ਵਾਲੇ ਜੱਥੇ ਦੀ ਗਿਣਤੀ ਵੱਧਦੀ ਵੱਧਦੀ ਪਹਿਲਾਂ 100 ਅਤੇ ਫਿਰ 200 ਤੱਕ ਪੁੱਜ ਗਈ। ਪੁਲਿਸ ਮੁਖੀ ਬੀ. ਟੀ . ਨੇ ਹੋਰ ਸਖਤੀ ਵਧਾ ਦਿੱਤੀ, ਜਿਵੇਂ ਕਿ ਆਮ ਹੀ ਹਰ ਸਰਕਾਰ ਹਰ ਵਿਰੋਧ ਨੂੰ ਸਖਤੀ ਨਾਲ ਕੁਚਲਣ ਦੀ ਸ਼ੌਕੀਨ ਹੁੰਦੀ ਹੈ। 26 ਅਗਸਤ ਨੂੰ ਲੱਕੜ ਲੈਣ ਗਏ 36 ਸਿੰਘਾਂ ਦੇ ਜੱਥੇ ਦੀ ਬੇਤਹਾਸ਼ਾ ਮਾਰ ਕੁੱਟ ਕੀਤੀ ਗਈ। ਕੇਸਾਂ ਤੋੰ ਫੜ ਫੜ ਕੇ ਖਿੱਚਿਆ ਗਿਆ। ਇਸ ਸਾਰੇ ਸੰਘਰਸ਼ ਦੀ ਇੱਕ ਖਾਸ ਗੱਲ ਇਹ ਸੀ ਕਿ ਸਿੰਘ ਪੂਰੀ ਤਰਾਂ ਸ਼ਾਂਤ ਸਨ। ਉਹ ਅਕਾਲ ਤਖਤ ਤੋਂ ਅਰਦਾਸ ਕਰਕੇ ਚੱਲਦੇ। ਬਾਕਾਇਦਾ ਸਿਰੋਪੇ ਦੇ ਕੇ ਸਨਮਾਨ ਕੀਤਾ ਜਾਂਦਾ। ਅਤੇ ਉਹ ਹਰ ਜ਼ੁਲਮ ਸਹਿੰਦੇ ਹੋਏ, ਆਪਣੀ ਸ਼ਾਂਤੀ ਬਿਲਕੁਲ ਨਾ ਗਵਾਉਂਦੇ। ਨਾ ਵਿਰੋਧ ਵਿੱਚ ਬੋਲਦੇ, ਤੇ ਨਾ ਕਿਸੇ ਤਰਾਂ ਦੀ ਜਵਾਬੀ ਕਾਰਵਾਈ। ਡੀ .ਸੀ. ਡੰਨਿਟ ਅਤੇ ਪੁਲਿਸ ਕਪਤਾਨ ਮੈਕਫਰਸਨ ਹੋਰ ਸਖਤੀ ਕਰਕੇ ਮੋਰਚੇ ਨੂੰ ਦਬਾਉਣਾ ਚਾਹੁੰਦੇ ਸਨ, ਪਰ ਸਿੰਘਾਂ ਨੂੰ ਮੀਰ ਮੰਨੂੰ ਦੇ ਕੀਤੇ ਜ਼ੁਲਮ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਯਾਦ ਸੀ। ਮੀਰ ਮੰਨੂੰ ਸਮੇਂ ਸਿੱਖ ਇਹ ਗਾਇਆ ਕਰਦੇ ਸਨ।
ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ ।।
ਜਿਉ ਜਿਉ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।।
ਅੱਜ ਵੀ ਹਾਲਤ ਉਸੇ ਤਰਾਂ ਦੇ ਬਣ ਰਹੇ ਸਨ, ਸਰਕਾਰੀ ਤਸੱਦਦ ਸਿੰਘਾਂ ਨੂੰ ਹੋਰ ਚੜ੍ਹਦੀ ਕਲਾ ਦੇ ਰਿਹਾ ਸੀ । ਉਹ ਹੋਰ ਵਧੇਰੇ ਜੋਸ਼ ਨਾਲ ਜ਼ੁਲਮ ਦਾ ਮੁਕਾਬਲਾ ਸਬਰ ਅਤੇ ਸ਼ਾਂਤੀ ਨਾਲ ਕਰਨ ਲਈ ਮਜਬੂਤ ਹੋ ਰਹੇ ਸਨ । ਕਿਸੇ ਕਵੀ ਨੇ ਸਿੰਘਾਂ ਦੀ ਮਨੋਦਸ਼ਾ ਬਾਰੇ ਲਿਖਿਆ ਹੈ -
ਸਾਡੇ ਪਾਸ ਸਾਂਤਮਈ ਖੰਡਾ, ਤੇਰੇ ਕੋਲ ਜ਼ੁਲਮ ਦਾ ਡੰਡਾ ।
ਖੰਡੇ ਖੰਡ ਖੰਡ ਕਰ ਦੇਣਾ ।ਤੇਰਾ ਪਾਪੀ ਦਾ ਸਿਰ ਫੇਹਣਾ ।
ਇਹ ਖੰਡਾ ਅੰਤ ਤੱਕ ਸ਼ਾਂਤਮਈ ਹੀ ਰਿਹਾ। ਇਸੇ ਲਈ ਇਹ ਬਹੁ ਗਿਣਤੀ ਦੀ ਹਮਦਰਦੀ ਵੀ ਹਾਸਲ ਕਰਨ ਵਿਚ ਕਾਮਯਾਬ ਰਿਹਾ। ਪ੍ਰਸਿੱਧ ਕਵੀ ਮੇਲਾ ਰਾਮ ਵਫਾ ਨੇ ਇਹਨਾਂ ਸਿੰਘਾਂ ਬਾਬਤ ਸੱਚ ਹੀ ਲਿਖਿਆ ਹੈ –
ਤੇਰੀ ਕੁਰਬਾਨੀਓ ਕੀ ਧੂਮ ਹੈ ਆਜ ਇਸ ਜਮਾਨੇ ਮੇਂ,
ਬਹਾਦਰ ਹੈ ਅਗਰ ਕੋਈ ਤੋ ਵੋਹ ਇਕ ਤੂ ਅਕਾਲੀ ਹੈ ।
ਜਾਲਮੋ ਕੀ ਲਾਠੀਓਂ ਤੂ ਨੇ ਸਹੀ ਸੀਨਾ-ਏ-ਸਪਰ ਹੋ ਕਰ,
ਲੁਤਫ਼ ਇਸ ਪੇ ਕਿ ਲਬ ਪਹਿ ਸ਼ਿਕਾਇਤ ਹੈ ਨਾ ਗਾਲੀ ਹੈ।
ਮੋਰਚੇ ਦੀ ਲਗਾਤਾਰਤਾ ਨੇ ਬਹੁਤ ਜਨਤਾ ਦਾ ਧਿਆਨ ਖਿੱਚਿਆ। ਖਬਰਾਂ ਅਖਬਾਰਾਂ ਵਿੱਚ ਛਪਦੀਆਂ। ਸਰਕਾਰ ਦੀ ਨਿੰਦਾ ਹੁੰਦੀ। ਸਰਕਾਰ ਹੋਰ ਜ਼ੁਲਮ ਵਧਾਉਂਦੀ ਪਰ ਸਿੰਘ ਟੁੱਟਦੇ ਨਾ। ਇਸ ਸਮੇਂ ਕਾਫੀ ਪ੍ਰਸਿੱਧ ਸ਼ਖਸ਼ੀਅਤਾਂ ਗੁਰੂ ਕੇ ਬਾਗ਼ ਪੁੱਜੀਆਂ । ਇਹਨਾਂ ਵਿੱਚ ਅੰਗਰੇਜ ਪਾਦਰੀ ਸੀ.ਐਫ.ਐਂਡਰਿਯੂਜ, ਪੰਡਿਤ ਮਦਨ ਮੋਹਨ ਮਾਲਵੀਆ,ਰੁਚੀ ਰਾਮ ਸਾਹਨੀ,ਹਲੀਨ ਅਜਮਲ ਖਾਂ ਅਤੇ ਸ੍ਰੀ ਮਤੀ ਸਰੋਜਨੀ ਨਾਇਡੂ ਵੀ ਸਨ। ਪਾਦਰੀ ਸੀ.ਐਫ.ਐਂਡਰਿਊਜ਼ ਤਾਂ ਜ਼ੁਲਮ ਹੁੰਦੇ ਦੇਖ ਕੇ ਰੋ ਹੀ ਉੱਠਿਆ। ਉਸਨੇ ਤਾਂ ਇੱਕ ਈਸਾ ਨੂੰ ਸੂਲੀ ਚੜ੍ਹਦੇ ਸੁਣਿਆ ਸੀ ,ਪਰ ਇੱਥੇ ਕਿੰਨੇ ਹੀ ਈਸਾ ਉਸਦੀਆਂ ਅੱਖਾਂ ਸਾਹਮਣੇ ਜ਼ੁਲਮ ਸਹਿ ਰਹੇ ਸਨ। ਉਹ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਸਰ ਮੈਕਲੇਗਨ ਨੂੰ ਮਿਲਿਆ ਅਤੇ ਇਸ ਸਭ ਕੁਝ ਨੂੰ ਬੰਦ ਕਰਨ ਲਈ ਕਿਹਾ। ਇਸ ਦੇ ਸਿੱਟੇ ਵਜੋਂ ਸਰ ਮੈਕਲੇਗਨ 13 ਸਤੰਬਰ 1922 ਨੂੰ ਆਪ ਗੁਰੂ ਕੇ ਬਾਗ਼ ਵਿਖੇ ਪੁੱਜਿਆ। ਉਸ ਦੀਆਂ ਦਿੱਤੀਆਂ ਹਦਾਇਤਾਂ ਨਾਲ ਕੁੱਟ ਮਾਰ ਤਾਂ ਬੰਦ ਹੋ ਗਈ ਪਰ ਗ੍ਰਿਫਤਾਰੀਆਂ ਜਾਰੀ ਰਹੀਆਂ।
ਹੁਣ ਮੋਰਚੇ ਵਿੱਚ ਸੇਵਾ ਮੁਕਤ ਫੌਜੀ ਵੀ ਸ਼ਾਮਲ ਹੋ ਗਏ ਸਨ। ਸਰਕਾਰ ਦੀ ਨਿੰਦਾ ਪਹਿਲਾਂ ਹੀ ਬਹੁਤ ਹੋ ਰਹੀ ਸੀ। ਉਧਰੋਂ ਉਸ ਨੂੰ ਇਹ ਡਰ ਪੈ ਗਿਆ ਕਿ ਕਿਧਰੇ ਸਿੱਖ ਰੈਜਮੈਂਟ ਫੌਜ ਵਿੱਚ ਹੀ ਬਗਾਵਤ ਨਾ ਕਰ ਦੇਵੇ। ਉਸ ਨੇ ਸਰ ਗੰਗਾ ਰਾਮ ਜੋ ਇਕ ਸੇਵਾ ਮੁਕਤ ਇੰਜੀਨੀਅਰ ਸੀ, ਉਸ ਨੂੰ ਮਨਾਇਆ ਅਤੇ ਉਸਨੇ ਬਾਗ਼ ਦੀ ਜਮੀਨ ਪਟੇ ਤੇ ਲੈ ਲਈ। ਸਿੱਖਾਂ ਨੂੰ ਲੱਕੜਾਂ ਕੱਟਣ ਦੀ ਮਨਜ਼ੂਰੀ ਮਿਲ ਗਈ। ਓਧਰ ਸਰਕਾਰ ਨੇ ਬਾਗ਼ ਤੋਂ ਪੁਲਿਸ ਵਾਪਸ ਬੁਲਾ ਲਈ । ਬੰਦੀ ਸਿੱਖ ਰਿਹਾ ਕਰ ਦਿੱਤੇ । ਇਸ ਤਰਾਂ 7 ਨਵੰਬਰ 1922 ਨੂੰ ਤਿੰਨ ਮਹੀਨੇ ਬਾਅਦ ਇਹ ਮੋਰਚਾ ਸਮਾਪਤ ਹੋਇਆ। ਗੁਰੂ ਕੇ ਬਾਗ਼ ਦੀ ਜਮੀਨ ਉੱਪਰ ਸਿੱਖਾਂ ਦਾ ਕਬਜਾ ਹੋ ਗਿਆ ਅਤੇ ਇਹ ਮੋਰਚਾ ਜਿੱਤ ਦੇ ਰੂਪ ਵਿੱਚ ਸਮਾਪਤ ਹੋਇਆ। ਪਰ ਇਸ ਅਰਸੇ ਦੌਰਾਨ 1500 ਸਿੰਘ ਜਖਮੀ ਹੋਏ ਅਤੇ 5605 ਗ੍ਰਿਫਤਾਰੀਆਂ ਹੋਈਆਂ ਸਨ। ਜਬਰ ਦਾ ਟਾਕਰਾ ਸਬਰ ਨਾਲ ਕਰਕੇ ਅਤੇ ਪੂਰੇ ਸ਼ਾਂਤ ਰਹਿ ਕੇ ਜਿੱਤ ਆਪਣੇ ਹਿੱਸੇ ਵਿੱਚ ਲਿਖਾ ਕੇ ਇੱਕ ਵਾਰੀ ਫੇਰ ਖਾਲਸੇ ਨੇ ਇਤਿਹਾਸ ਸਿਰਜ ਦਿੱਤਾ ਸੀ। ਅਜਿਹਾ ਇਤਿਹਾਸ ਸਦੀਆਂ ਤੀਕ ਸਿੱਖਾਂ ਨੂੰ ਮਾਣ ਦਿਵਾਉਂਦਾ ਰਹੇਗਾ ਅਤੇ ਆਪਣੀਆਂ ਸਿੱਖੀ ਰਵਾਇਤਾਂ ਕਾਇਮ ਰੱਖਣ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।