ਭੂਤ ਇਸ਼ਕ ਦਾ ਜਦੋਂ ਸਵਾਰ ਹੋ ਜਾਏ
ਨਸ਼ੇ ਵਾਂਗ ਹੀ ਸਿਰ ਤੇ ਚੜ੍ਹੀ ਜਾਂਦਾ।
ਸੁੱਧ – ਬੁੱਧ ਵੀ ਉਸ ਦੀ ਮਰ ਜਾਂਦੀ
ਸੱਪ ਇਸ਼ਕ ਦਾ ਦਿਲ ਤੇ ਲੜੀ ਜਾਂਦਾ।
ਨੀਂਦ ਰਾਤਾਂ ਦੀ ਅੱਖਾਂ ਚੋਂ ਉਡ ਜਾਵੇ
ਦਿਲ ਇੱਕੋ ਹੀ ਅੱੜੀ ਤੇ,ਅੱੜੀ ਜਾਂਦਾ।
ਖਾਣਾ-ਪੀਣਾ ਵੀ ਉਸ ਨੂੰ ਭੁੱਲ ਜਾਂਦਾ
ਆਪਣੇ ਆਪ ਦੇ ਵਿਚ ਹੈ ਸੜੀ ਜਾਂਦਾ।
ਡੁੱਬਦੇ ਇਸ਼ਕ ਦੇ ਵਿੱਚ ਨੇ ਕਈ ਵੇਖੇ
ਸੁਪਨੇ ਨਵੇਂ ਤੋਂ ਨਵੇਂ ਉਹ ਘੜੀ ਜਾਂਦਾ।
ਕੋਈ ਕੰਮ ਨਾ ਕਰਨ ਨੂੰ ਚਿੱਤ ਕਰਦਾ
ਰੂਪ ਉਸ ਦਾ ਦਿਨੋਂ ਦਿਨ ਝੜੀ ਜਾਂਦਾ।
ਭੁੱਖ – ਤੇਹ ਵੀ ਉਸ ਦੀ, ਮਰ ਜਾਂਦੀ
ਦੋਸ਼ ਆਪਣੇ , ਕਿਸੇ ਤੇ, ਮੜ੍ਹੀ ਜਾਂਦਾ।
ਮਾਂ- ਬਾਪ ਤੇ ਭੈਣ- ਭਰਾ ਭਰਾ ਛਡ ਕੇ
ਪਾਠ ਆਪਣੇ ਇਸ਼ਕ ਦਾ ਪੜ੍ਹੀ ਜਾਂਦਾ।
‘ਸੁਹਲ’ ਬਾਪੂ ਦੀ ਪੱਗ, ਵੀ ਰੋਲ ਦੇਵੇ
ਅੱਗ ਇਸ਼ਕ਼ ਦੀ ਵਿਚ ਜੋ,ਕੜ੍ਹੀ ਜਾਂਦਾ।