ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰੀਆਂ…!

ਪਹਿਲਗਾਮ, ਕਸ਼ਮੀਰ ਵਿੱਚ ਹੋਈ ਇੱਕ ਦਰਦਨਾਕ ਘਟਨਾ ਨੇ ਸਾਰੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ। ਆਤੰਕਵਾਦੀਆਂ ਵੱਲੋਂ ਭਾਰਤ ਦੇ 28 ਨਿਰਦੋਸ਼ ਨਾਗਰਿਕਾਂ ਦੀ ਨਿਰਦਈ ਹੱਤਿਆ ਨੇ ਨਾ ਸਿਰਫ਼ ਲੋਕਾਂ ਦੇ ਦਿਲਾਂ ਨੂੰ ਦੁਖੀ ਕੀਤਾ, ਸਗੋਂ ਭਾਰਤ ਦੀ ਸਰਕਾਰ ਅਤੇ ਫੌਜ ਨੂੰ ਵੀ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਹੁਣ ਹਲਾਤ ਬਰਦਾਸ਼ਤ ਕਰਨ ਯੋਗ ਨਹੀਂ ਹੈ, ਜਵਾਬੀ ਕਾਰਵਾਈ ਕਰਨੀ ਪੈਣੀ ਹੈ। ਆਖਿਰਕਾਰ, ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਸੀ। ਸਾਲਾਂ ਤੋਂ ਪਾਕਿਸਤਾਨ ਵੱਲੋਂ ਆਤੰਕ ਨੂੰ ਉਕਸਾਉਣ ਅਤੇ ਭਾਰਤ ਦੇ ਅੰਦਰ ਖਲਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ, ਜਦੋਂ ਭਾਰਤ ਦੀ ਵੰਡ ਹੋਈ ਸੀ, ਤਾਂ ਪਾਕਿਸਤਾਨ ਦੇ ਨਿਰਮਾਣ ਨਾਲ ਹੀ ਭਾਰਤ ਦੀਆਂ ਮੁਸ਼ਕਲਾਂ ਦਾ ਆਰੰਭ ਹੋ ਗਿਆ ਸੀ। ਅਨੇਕਾਂ ਯੁੱਧਾਂ ਵਿੱਚ ਭਾਰਤ ਨੇ ਹਮੇਸ਼ਾ ਫੌਜੀ ਤਾਕਤ ਅਤੇ ਸੰਘਰਸ਼ ਨਾਲ ਜਿੱਤ ਹਾਸਿਲ ਕੀਤੀ, ਪਰ ਸਿਆਸੀ ਮੰਚ ਤੇ ਹਮੇਸ਼ਾ ਕੋਈ ਨਾ ਕੋਈ ਘਾਟ ਰਹੀ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ 1948, 1965, 1971 ਅਤੇ 1999 ਦੀ ਕਾਰਗਿਲ ਜੰਗ – ਹਰ ਵਾਰੀ ਭਾਰਤ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ, ਪਰ ਜੰਗਾਂ ਦੀ ਗਿਣਤੀ ਦੇਖੀ ਜਾਵੇ ਤਾਂ ਇਹ ਸੋਲਾਂ ਆਨੇ ਸੱਚ ਹੈ ਕਿ ਭਾਰਤ ਨੇ ਜਿੱਤ ਹਾਸਿਲ ਕੀਤੀ, ਪਰ ਅੰਤ ਵਿੱਚ ਹਮੇਸ਼ਾ ਸੀਜ਼ਫਾਇਰ ਜਾਂ ਅੰਤਰਰਾਸ਼ਟਰੀ ਦਬਾਅ ਤਹਿਤ ਹਟਣਾ ਪਿਆ।

ਪਹਿਲਗਾਮ ਦੀ ਘਟਨਾ ਦੇ ਤੁਰੰਤ ਬਾਅਦ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਹੁਣ ਇਨ੍ਹਾਂ ਹਮਲਾਵਰਾਂ ਦੇ ਆਕਾ ਨੂੰ ਸਿੱਧਾ ਜਵਾਬ ਦਿੱਤਾ ਜਾਵੇ। ਸਰਕਾਰ ਨੇ ਰੂਸ ਤੋਂ ਖਰੀਦੇ ਐਸ-400 ਡਿਫੈਂਸ ਸਿਸਟਮ ਨੂੰ ਤਤਕਾਲ ਤੌਰ ‘ਤੇ ਸਰਗਰਮ ਕਰ ਦਿੱਤਾ। ਜਦ ਪਾਕਿਸਤਾਨ ਵੱਲੋਂ ਮਿਜ਼ਾਈਲਾਂ, ਡਰੋਨਾਂ ਅਤੇ ਹੋਰ ਹਥਿਆਰਾਂ ਨਾਲ ਹਮਲੇ ਹੋਏ ਤਾਂ ਭਾਰਤ ਦੀ ਏਅਰ ਡਿਫੈਂਸ ਨੇ ਅਦੁੱਤੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਹਰੇਕ ਹਮਲੇ ਨੂੰ ਰਸਤੇ ਵਿੱਚ ਹੀ ਨਾਕਾਮ ਕਰ ਦਿੱਤਾ। ਜਾਨ ਮਾਲ ਦੀ ਰੱਖਿਆ ਹੋਈ ਅਤੇ ਭਾਰਤ ਦੀ ਤਿਆਰੀ ਨੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਪਾਕਿਸਤਾਨ ਦੀ ਆਰਥਿਕ ਹਾਲਤ ਪਹਿਲਾਂ ਹੀ ਤਰਸਯੋਗ ਮੰਗਤੇ ਵਾਲੀ ਹੋਈ ਪਈ ਹੈ। ਉੱਤੇ ਤੋਂ ਜੰਗ ਦੀ ਸਥਿਤੀ ਨੇ ਉਸਦੇ ਹੌਸਲੇ ਹੋਰ ਪੱਸਤ ਕਰ ਦਿੱਤੇ। ਕੋਈ ਵੀ ਦੇਸ਼ ਪਾਕਿਸਤਾਨ ਦੇ ਹੱਕ ਵਿੱਚ ਆਉਣ ਨੂੰ ਤਿਆਰ ਨਹੀਂ ਸੀ। ਇੱਥੋਂ ਤੱਕ ਕਿ ਚੀਨ, ਜੋ ਹਮੇਸ਼ਾ ਪਾਕਿਸਤਾਨ ਦਾ ਹਮਦਰਦ ਬਣਿਆ ਰਹਿੰਦਾ ਸੀ, ਉਸ ਨੇ ਵੀ ਇਸ ਵਾਰੀ ਪਾਸੇ ਹੋ ਕੇ ਖਾਮੋਸ਼ੀ ਵਰਤੀ।

ਇਸ ਵਾਰ ਭਾਰਤ ਨੂੰ ਸੰਸਾਰ ਪੱਧਰ ‘ਤੇ ਭਰਪੂਰ ਸਹਿਯੋਗ ਮਿਲਿਆ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਆਤੰਕਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਭਾਰਤ ਦਾ ਇਹ ਕਦਮ ਚੁਸਤ, ਨਿਡਰ ਅਤੇ ਸਮੇਂ ਮੁਤਾਬਿਕ ਉਚਿਤ ਸੀ। ਪਰ ਸਭ ਤੋਂ ਵੱਡਾ ਦੁਖਦਾਈ ਮੰਜ਼ਰ ਤਦ ਬਣਿਆ ਜਦ ਭਾਰਤ ਦੇ ਅੰਦਰੋਂ ਹੀ ਕੁਝ ਚਿਹਰੇ ਅਜਿਹੇ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਨਾ ਤਾਂ ਫੌਜ ਦਾ ਸਮਰਥਨ ਕੀਤਾ, ਨਾ ਹੀ ਸਰਕਾਰ ਦੇ ਫੈਸਲੇ ਦੀ ਸਲਾਘਾ ਕੀਤੀ। ਇਹ ਅਜਿਹੇ ਚਿਹਰੇ ਸਿਨੇਮਾ, ਸੰਗੀਤ ਅਤੇ ਸੋਸ਼ਲ ਮੀਡੀਆ ਦੇ ਮੱਧਮ ਰਾਹੀਂ ਲੋਕਾਂ ਦੇ ਰੋਲ ਮਾਡਲ ਬਣੇ ਹੋਏ ਹਨ, ਪਰ ਜਦੋ ਦੇਸ਼ ਨੂੰ ਉਹਨਾਂ ਦੀ ਸਭ ਤੋਂ ਵੱਧ ਲੋੜ ਸੀ, ਤਦ ਇਹ ਚੁੱਪ ਕਰ ਗਏ। ਇਹਨਾਂ ਵਿੱਚੋਂ ਕਈ ਅਜਿਹੇ ਹਨ ਜੋ “ਆਲ ਆਈਜ਼ ਆਨ ਫਲੀਸਤੀਨ”, “ਆਲ ਆਈਜ਼ ਆਨ ਗਾਜਾ” ਜਿਹੇ ਨਾਅਰੇ ਲਾਉਂਦੇ ਰਹੇ, ਪਰ “ਆਲ ਆਈਜ਼ ਆਨ ਪਹਿਲਗਾਮ” ਉਤੇ ਕੋਈ ਅਵਾਜ਼ ਨਹੀਂ ਉਠਾਈ। ਇਹ ਗੱਲ ਸਾਫ਼ ਦਰਸਾਉਂਦੀ ਹੈ ਕਿ ਅਨੇਕਾਂ ਹਸਤੀਆਂ ਲਈ ਦੇਸ਼ ਭਲਾਈ ਨਾਲੋਂ ਆਪਣੀ ਪ੍ਰਸਿੱਧੀ ਅਤੇ ਟਰੈਫਿਕ ਵੱਧ ਮਹੱਤਵਪੂਰਨ ਹੈ।

ਇੱਕ ਹੋਰ ਵਿਸ਼ੇਸ਼ ਗੱਲ ਇਹ ਵੀ ਸੀ ਕਿ ਪਾਕਿਸਤਾਨ ਦੇ ਕਈ ਅਦਾਕਾਰ, ਪੱਤਰਕਾਰ ਅਤੇ ਪ੍ਰਮੁੱਖ ਹਸਤੀਆਂ ਜੋ ਭਾਰਤ ਵਿੱਚ ਆ ਕੇ ਮੋਟੀਆਂ ਰਕਮਾਂ ਕਮਾ ਚੁੱਕੀਆਂ ਹਨ, ਉਹ ਸਾਰੇ ਵੀ ਪਾਕਿਸਤਾਨ ਦੇ ਹੱਕ ਵਿੱਚ ਟਿੱਪਣੀਆਂ ਕਰਦੇ ਹੋਏ ਭਾਰਤ ਦੇ ਵਿਰੁੱਧ ਸੋਸ਼ਲ ਮੀਡੀਆ ਉੱਤੇ ਜ਼ਹਿਰ ਉਗਲਦੇ ਰਹੇ। ਇਹਨਾਂ ਦੀ ਦੋਗਲੀ ਭੂਮਿਕਾ ਵੀ ਇਸ ਘਟਨਾ ਵਿਚ ਸਾਫ਼ ਉਭਰੀ। ਜਦ ਭਾਰਤ ਨੇ ਜੰਗ ਵਿੱਚ ਹਮੇਸ਼ਾ ਦੀ ਤਰ੍ਹਾਂ ਉਪਰ ਹੱਥ ਬਣਾਇਆ ਹੋਇਆ ਸੀ, ਉਸ ਸਮੇਂ ‘ਤੇ ਅਮਰੀਕਾ ਨੇ ਵਿਚੋਲੇ ਦੀ ਭੂਮਿਕਾ ਨਿਭਾਉਂਦਿਆਂ ਸੀਜ਼ ਫਾਇਰ ਦੀ ਘੋਸ਼ਣਾ ਕਰਵਾ ਦਿੱਤੀ। ਇਹ ਘੋਸ਼ਣਾ ਜਿਵੇਂ ਹੀ ਹੋਈ, ਤਿੰਨ ਘੰਟਿਆਂ ਵਿੱਚ ਪਾਕਿਸਤਾਨ ਨੇ ਇਸ ਦੀ ਉਲੰਘਣਾ ਕਰਦੇ ਹੋਏ ਫਿਰ ਤੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਹ ਗੱਲ ਦਰਸਾਉਂਦੀ ਹੈ ਕਿ ਪਾਕਿਸਤਾਨ ਤੇ ਨਾ ਸੀਜ਼ ਫਾਇਰ ਦਾ ਪ੍ਰਭਾਵ ਹੈ, ਨਾ ਹੀ ਅੰਤਰਰਾਸ਼ਟਰੀ ਦਬਾਅ ਹੈ।

ਉੱਥੇ ਹੀ, ਵਰਲਡ ਬੈਂਕ ਵੱਲੋਂ ਪਾਕਿਸਤਾਨ ਨੂੰ ਇੱਕ ਬਿਲੀਅਨ ਡਾਲਰ ਦੀ ਮਦਦ ਦੇਣ ਦੀ ਘੋਸ਼ਣਾ ਹੋਈ, ਜਿਸ ਉੱਤੇ ਵਾਜਿਬ ਸਵਾਲ ਉੱਠਣ ਲਗੇ। ਜਦ ਪਤਾ ਹੈ ਕਿ ਪਾਕਿਸਤਾਨ ਇਸ ਮਦਦ ਨੂੰ ਆਤੰਕ ਵਧਾਉਣ ਲਈ ਵਰਤਦਾ ਹੈ, ਤਾਂ ਫਿਰ ਇਹ ਮਦਦ ਕਿਉਂ? ਕੀ ਇਹ ਮਦਦ ਉਸਦੀ ਮਾੜੀ ਆਰਥਿਕਤਾ ਲਈ ਸੀ ਜਾਂ ਆਤੰਕ ਨੂੰ ਜਿਉਂਦਾ ਰੱਖਣ ਲਈ? ਭਾਰਤ ਨੇ ਫੌਜੀ ਤੌਰ ‘ਤੇ ਜਿੱਤ ਹਾਸਿਲ ਕੀਤੀ। ਲੋਕਾਂ ਦੇ ਹੋਂਸਲੇ ਉੱਚੇ ਸਨ। ਪਰ ਜਿਵੇਂ ਹੀ ਸੀਜ਼ਫਾਇਰ ਲਾਇਆ ਗਿਆ, ਲੋਕਾਂ ਵਿੱਚ ਨਿਰਾਸ਼ਾ ਦੀ ਲਹਿਰ ਦੌੜ ਗਈ। ਕਈ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਦੇ ਇਸ ਫੈਸਲੇ ਨੂੰ ਮਜਬੂਰੀ ਵਿੱਚ ਲਿਆ ਗਿਆ ਦੱਸਿਆ। ਸਵਾਲ ਇਹ ਨਹੀਂ ਕਿ ਸੀਜ਼ਫਾਇਰ ਹੋਇਆ ਜਾਂ ਨਹੀਂ – ਸਵਾਲ ਇਹ ਹੈ ਕਿ ਜਦੋ ਪੂਰਾ ਦੇਸ਼ ਇਕੱਠਾ ਹੋ ਕੇ ਵਿਰੋਧੀ ਨੂੰ ਮੂੰਹਤੋੜ ਜਵਾਬ ਦੇ ਰਿਹਾ ਸੀ, ਤਾਂ ਕਿਉਂ ਬਾਹਰੀ ਦਬਾਅ ਦੇ ਅੱਗੇ ਝੁਕਣਾ ਪਿਆ?

ਜੰਗਾਂ ਸਿਰਫ਼ ਹਥਿਆਰਾਂ ਨਾਲ ਨਹੀਂ, ਇਰਾਦਿਆਂ ਨਾਲ ਜਿੱਤੀਆਂ ਜਾਂਦੀਆਂ ਹਨ। ਭਾਰਤ ਨੇ ਫੌਜੀ ਤੌਰ ਤੇ, ਰਣਨੀਤਿਕ ਤੌਰ ਤੇ ਅਤੇ ਆਲਮੀ ਪੱਧਰ ਤੇ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਹਮਲੇ ਦਾ ਉਚਿਤ ਜਵਾਬ ਦੇ ਸਕਦਾ ਹੈ। ਪਰ ਜਦ ਆਪਣੀ ਜਿੱਤ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਂਦਾ ਨਾ ਜਾਵੇ ਅਤੇ ਦੁਸ਼ਮਣ ਨੂੰ ਇਕ ਵਾਰ ਫਿਰ ਤੋਂ ਜਿਉਂਦਾ ਛੱਡ ਦਿੱਤਾ ਜਾਵੇ, ਤਾਂ ਉਹ ਦੋਬਾਰਾ ਹੌਸਲਾ ਜੁਟਾਉਂਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ। ਭਾਰਤ ਇਸ ਵਾਰ ਫਿਰ ਤੋਂ ਜਿੱਤ ਦੇ ਆਖਰੀ ਮੁਕਾਮ ਤੇ ਪੁੱਜ ਚੁੱਕਾ ਸੀ, ਪਰ ਆਖ਼ਰਕਾਰ ਸੀਜ਼ਫਾਇਰ ਨੇ ਉਹ ਜਿੱਤ ਅਧੂਰੀ ਛੱਡ ਦਿੱਤੀ। ਇਸ ਸਥਿਤੀ ਲਈ ਹੀ ਕਿਹਾ ਜਾਂਦਾ ਹੈ – “ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰੀਆਂ…!”

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>